ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਾਈਬਰ, ਮਹੱਤਵਪੂਰਨ ਤਕਨਾਲੋਜੀਆਂ ਅਤੇ ਸਪਲਾਈ ਲੜੀਆਂ ਬਾਰੇ ਆਸਟ੍ਰੇਲੀਆ-ਭਾਰਤ ਭਾਈਵਾਲੀ (ਪੈਕਟਸ)

प्रविष्टि तिथि: 09 JUL 2026 11:04AM by PIB Chandigarh

ਆਸਟ੍ਰੇਲੀਆ ਅਤੇ ਭਾਰਤ ਨੇ ਆਪਣੀ ਵਿਆਪਕ ਰਣਨੀਤਕ ਭਾਈਵਾਲੀ, ਸਾਲ 2020 ਦੇ ਸਾਈਬਰ ਅਤੇ ਸਾਈਬਰ-ਸਮਰੱਥ ਮਹੱਤਵਪੂਰਨ ਤਕਨਾਲੋਜੀ ਸਹਿਯੋਗ ਲਈ ਫਰੇਮਵਰਕ ਪ੍ਰਬੰਧ (2020 ਫਰੇਮਵਰਕ) ਅਤੇ ਦੋ ਦਹਾਕਿਆਂ ਤੋਂ ਚੱਲ ਰਹੇ ਸਾਂਝੇ ਖੋਜ ਕਾਰਜਾਂ, ਸੰਚਾਲਨਾਤਮਕ ਤਾਲਮੇਲ ਅਤੇ ਨੀਤੀਗਤ ਭਾਗੀਦਾਰੀ ਦੇ ਆਧਾਰ 'ਤੇ ਸਾਈਬਰ ਅਤੇ ਮਹੱਤਵਪੂਰਨ ਤਕਨਾਲੋਜੀਆਂ ਦੇ ਖੇਤਰ ਵਿੱਚ ਇੱਕ ਸਥਾਈ ਭਾਈਵਾਲੀ ਦਾ ਨਿਰਮਾਣ ਕੀਤਾ ਹੈ।

ਇਸ ਗੱਲ ਨੂੰ ਮਾਨਤਾ ਦਿੰਦਿਆਂ ਕਿ ਸਪਲਾਈ ਲੜੀਆਂ, ਮਹੱਤਵਪੂਰਨ ਤਕਨਾਲੋਜੀਆਂ ਅਤੇ ਸਾਈਬਰ ਸੁਰੱਖਿਆ ਆਰਥਿਕ ਵਿਕਾਸ ਨੂੰ ਗਤੀ ਦਿੰਦੀਆਂ ਹਨ, ਰਾਸ਼ਟਰੀ ਸੁਰੱਖਿਆ ਦਾ ਕੇਂਦਰੀ ਆਧਾਰ ਹਨ ਅਤੇ ਕਦਰਾਂ-ਕੀਮਤਾਂ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਨੂੰ ਆਕਾਰ ਦੇਣ ਲਈ ਵਰਤੀਆਂ ਜਾ ਸਕਦੀਆਂ ਹਨ, ਆਸਟ੍ਰੇਲੀਆ ਅਤੇ ਭਾਰਤ ਆਪਣੀ ਪਹਿਲਾਂ ਤੋਂ ਮੌਜੂਦ ਬੁਨਿਆਦ ਨੂੰ ਹੋਰ ਮਜ਼ਬੂਤ ਕਰਨਗੇ ਅਤੇ 'ਸਾਈਬਰ, ਮਹੱਤਵਪੂਰਨ ਤਕਨਾਲੋਜੀਆਂ ਅਤੇ ਸਪਲਾਈ ਲੜੀਆਂ ਬਾਰੇ ਆਸਟ੍ਰੇਲੀਆ-ਭਾਰਤ ਭਾਈਵਾਲੀ (ਪੈਕਟਸ)' ਦੇ ਤਹਿਤ ਆਪਣੀ ਦੁਵੱਲੀ ਅਭਿਲਾਸ਼ਾ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਣਗੇ, ਜੋ ਸਾਲ 2020 ਦੇ ਫਰੇਮਵਰਕ ਦੀ ਥਾਂ ਲਵੇਗੀ ਅਤੇ ਉਸ ਦਾ ਤਬਾਦਲਾ ਕਰੇਗੀ।

ਪੈਕਟਸ ਦਾ ਮੰਤਵ ਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਵਿੱਚ ਸਾਡੀ ਸਾਂਝੀ ਦਿਲਚਸਪੀ ਨੂੰ ਸਮਰਥਨ ਦੇਣਾ, ਆਪਣੇ ਭਾਈਵਾਲਾਂ ਨੂੰ ਵਧੇਰੇ ਡਿਜੀਟਲ ਬਦਲ ਪ੍ਰਦਾਨ ਕਰਨਾ, ਮਹੱਤਵਪੂਰਨ ਸਪਲਾਈ ਲੜੀਆਂ ਨੂੰ ਹੋਰ ਲਚਕੀਲਾ ਬਣਾਉਣਾ ਅਤੇ ਵਿਸ਼ਵ ਪੱਧਰ 'ਤੇ ਸਾਈਬਰ ਲਚਕਤਾ ਨੂੰ ਮਜ਼ਬੂਤ ਕਰਨਾ ਹੈ। ਸੁਰੱਖਿਆ, ਸੇਫਟੀ, ਲਚਕੀਲੇਪਣ, ਸਾਰਿਆਂ ਲਈ ਸਮਾਵੇਸ਼ਤਾ ਅਤੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਇਸ ਭਾਈਵਾਲੀ ਅਧੀਨ ਸਾਡੇ ਹਰ ਯਤਨ ਦੇ ਹਰ ਪੜਾਅ ਵਿੱਚ ਸ਼ਾਮਲ ਕੀਤਾ ਜਾਵੇਗਾ, ਜੋ ਜ਼ਿੰਮੇਵਾਰ ਤਕਨਾਲੋਜੀ ਮੋਹਰੀਆਂ ਵਜੋਂ ਸਾਡੇ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇੱਕ ਸਮੁੱਚੇ ਏਕੀਕ੍ਰਿਤ ਰਣਨੀਤਕ ਦ੍ਰਿਸ਼ਟੀਕੋਣ ਤਹਿਤ ਇਨ੍ਹਾਂ ਯਤਨਾਂ ਨੂੰ ਸੁਚਾਰੂ ਬਣਾਉਣ ਨਾਲ ਸਾਨੂੰ ਸਹਿਯੋਗ ਦੇ ਪੰਜ ਥੰਮ੍ਹਾਂ ਅਧੀਨ ਨਿਸ਼ਾਨਾਬੱਧ ਗਤੀਵਿਧੀਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ।

ਸਹਿਯੋਗ ਦੇ ਥੰਮ੍ਹ

ਆਪਸ ਵਿੱਚ ਜੁੜੇ ਹਰੇਕ ਥੰਮ੍ਹ ਤਹਿਤ ਭਾਰਤ ਅਤੇ ਆਸਟ੍ਰੇਲੀਆ ਨਿੱਜੀ ਖੇਤਰ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਮੌਕਿਆਂ ਅਤੇ ਵਿਸ਼ੇਸ਼ ਪ੍ਰੋਜੈਕਟਾਂ ਦੀ ਪਛਾਣ ਕਰਨਗੇ। ਇਸ ਨਾਲ ਸਰਕਾਰ-ਤੋਂ-ਸਰਕਾਰ ਸਹਿਯੋਗ ਨੂੰ ਮਜ਼ਬੂਤੀ ਅਤੇ ਵਿਸਤਾਰ ਮਿਲੇਗਾ, ਨਵੀਆਂ ਤਕਨਾਲੋਜੀਆਂ ਵਿੱਚ ਦੋ-ਪੱਖੀ ਨਿਵੇਸ਼ ਵਧੇਗਾ ਅਤੇ ਬੌਧਿਕ ਅਸਾਸਿਆਂ ਨੂੰ ਅਜਿਹੇ ਉਤਪਾਦਾਂ ਵਿੱਚ ਬਦਲਣ ਵਿੱਚ ਸਹਾਇਤਾ ਮਿਲੇਗੀ ਜੋ ਆਰਥਿਕ ਵਿਕਾਸ ਨੂੰ ਗਤੀ ਦੇਣ।

ਥੰਮ੍ਹ 1 : ਸਪਲਾਈ ਲੜੀ ਲਚਕਤਾ ਅਤੇ ਵਿਭਿੰਨਤਾ

ਆਸਟ੍ਰੇਲੀਆ ਅਤੇ ਭਾਰਤ ਆਪਣੀਆਂ ਵਧ ਰਹੀਆਂ ਤਕਨੀਕੀ ਉਦਯੋਗਾਂ ਨੂੰ ਸਮਰਥਨ ਦੇਣ ਲਈ ਸੁਰੱਖਿਅਤ, ਲਚਕੀਲੀਆਂ ਅਤੇ ਭਰੋਸੇਯੋਗ ਸਪਲਾਈ ਲੜੀਆਂ ਦੇ ਨਿਰਮਾਣ ਵੱਲ ਕੰਮ ਕਰਨਗੇ। ਇਸ ਵਿੱਚ ਡਿਜ਼ਾਈਨ ਪੱਧਰ ਤੋਂ ਹੀ ਸੁਰੱਖਿਆ ਅਤੇ ਸੇਫਟੀ ਨੂੰ ਉਤਸ਼ਾਹਿਤ ਕਰਨਾ, ਸੁਰੱਖਿਆਤਮਕ ਨਿਯਮਕ ਢਾਂਚੇ ਵਿਕਸਿਤ ਕਰਨਾ ਅਤੇ ਨਿਯਮ-ਆਧਾਰਤ ਦੁਵੱਲੇ ਤਕਨਾਲੋਜੀ ਵਪਾਰ ਅਤੇ ਸਪਲਾਈ ਲੜੀਆਂ ਨੂੰ ਹੋਰ ਮਜ਼ਬੂਤ ਬਣਾਉਣਾ ਸ਼ਾਮਲ ਹੈ।

  • ਭਰੋਸੇਯੋਗ ਵਿਕਰੇਤਾ ਢਾਂਚਿਆਂ 'ਤੇ ਸਹਿਯੋਗ ਲਈ ਇੱਕ ਦੁਵੱਲੀ ਵਿਵਸਥਾ ਵਿਕਸਿਤ ਕੀਤੀ ਜਾਵੇਗੀ।

  • ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਅਤ, ਭਰੋਸੇਮੰਦ, ਵਿਸ਼ਵਾਸਯੋਗ ਅਤੇ ​​ਸਮੁੰਦਰ ਦੇ ਹੇਠਾਂ ਮਜ਼ਬੂਤ ਕੇਬਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਲਈ ਭਾਰਤ-ਆਸਟ੍ਰੇਲੀਆ ਸਹਿਯੋਗ ਨੂੰ ਅੱਗੇ ਵਧਾਉਣਾ, ਜਿਸ ਵਿੱਚ 'ਕੇਬਲ ਕਨੈਕਟੀਵਿਟੀ ਅਤੇ ਲਚਕਤਾ ਲਈ ਕਵਾਡ ਭਾਈਵਾਲੀ' ਸ਼ਾਮਲ ਹੈ। ਅਸੀਂ ਸਰਵੋਤਮ ਅਭਿਆਸਾਂ ਦੀ ਸਾਂਝ, ਜਾਣਕਾਰੀ ਸਾਂਝੀ ਕਰਨ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਸਮੁੰਦਰ ਹੇਠਲੀ ਕੇਬਲ ਬੁਨਿਆਦੀ ਢਾਂਚੇ ਨੂੰ ਦਰਪੇਸ਼ ਖਤਰਿਆਂ ਅਤੇ ਤੋੜ-ਭੰਨ੍ਹ ਸਮੇਤ ਜੋਖਮਾਂ ਨਾਲ ਨਜਿੱਠਣ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕਰਾਂਗੇ।

  • ਸੈਮੀਕੰਡਕਟਰ ਸਪਲਾਈ ਲੜੀਆਂ ਦੀ ਸੁਰੱਖਿਆ 'ਤੇ ਕੇਂਦਰਿਤ ਆਸਟ੍ਰੇਲੀਆਈ ਅਤੇ ਭਾਰਤੀ ਖੋਜ ਸੰਸਥਾਵਾਂ ਵਿਚਕਾਰ ਸਹਿਯੋਗ ਵਿਕਸਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਸਹਿ-ਵਿਕਾਸ ਅਤੇ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

  • ਤਾਲਮੇਲ ਵਾਲੇ ਨਿਵੇਸ਼, ਨਿਯਮਕ ਇਕਸਾਰਤਾ ਅਤੇ ਰੀਸਾਈਕਲਿੰਗ ਅਤੇ ਰਿਕਵਰੀ ਰਾਹੀਂ ਸੁਰੱਖਿਅਤ ਮਹੱਤਵਪੂਰਨ ਖਣਿਜ ਸਪਲਾਈ ਲੜੀਆਂ ਦੇ ਵਿਕਾਸ ਵਿੱਚ ਸਹਿਯੋਗ ਕੀਤਾ ਜਾਵੇਗਾ।

  • ਆਸਟ੍ਰੇਲੀਆਈ ਅਤੇ ਭਾਰਤੀ ਕਾਰੋਬਾਰਾਂ ਵਿਚਕਾਰ ਵਪਾਰਕ ਸਹਿਯੋਗ ਅਤੇ ਵਪਾਰਕ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਸਬੰਧਤ ਸਿਖਰ ਸੰਸਥਾਵਾਂ ਵਿਚਕਾਰ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਜਾਵੇਗਾ, ਜਿਸ ਵਿੱਚ ਮੌਜੂਦਾ ਪਹਿਲਕਦਮੀਆਂ ਨੂੰ ਇਸ ਥੰਮ੍ਹ ਨਾਲ ਜੋੜਨਾ ਵੀ ਸ਼ਾਮਲ ਹੋਵੇਗਾ।

ਥੰਮ੍ਹ 2 : ਅਹਿਮ ਤਕਨਾਲੋਜੀ

ਆਸਟ੍ਰੇਲੀਆ ਅਤੇ ਭਾਰਤ ਤਰਜੀਹੀ ਮਹੱਤਵਪੂਰਨ ਤਕਨਾਲੋਜੀਆਂ ਦੀ ਸੁਰੱਖਿਆ, ਮਜ਼ਬੂਤੀ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਅਤੇ ਮਸਨੂਈ ਬੁੱਧੀ (ਏਆਈ), ਪੁਲਾੜ ਤਕਨਾਲੋਜੀਆਂ, ਦੂਰਸੰਚਾਰ, ਜੈਵ-ਤਕਨਾਲੋਜੀ ਅਤੇ ਉੱਨਤ ਸਮੱਗਰੀਆਂ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਨਵੀਆਂ ਤਕਨਾਲੋਜੀਆਂ 'ਤੇ ਨਵੀਨਤਾ ਲਿਆਉਣ ਲਈ ਮਿਲ ਕੇ ਕੰਮ ਕਰਨਗੇ। ਅਸੀਂ ਜ਼ਰੂਰੀ ਡਿਜੀਟਲ ਅਤੇ ਭੌਤਿਕ ਬੁਨਿਆਦੀ ਢਾਂਚੇ ਦੀ ਸੁਰੱਖਿਆ, ਨਵੀਨਤਾ ਅਤੇ ਖੋਜ ਨੂੰ ਤੇਜ਼ ਕਰਨ ਅਤੇ ਪਰਸਪਰ ਅਨੁਕੂਲ, ਸਹਿਮਤੀ-ਆਧਾਰਤ ਅੰਤਰਰਾਸ਼ਟਰੀ ਮਿਆਰਾਂ ਨੂੰ ਰੂਪ ਦੇਣ ਦਾ ਯਤਨ ਕਰਾਂਗੇ, ਤਾਂ ਜੋ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਲੰਬੇ ਸਮੇਂ ਦੀ ਆਰਥਿਕ ਸੁਰੱਖਿਆ ਅਤੇ ਖੇਤਰੀ ਸਥਿਰਤਾ ਨੂੰ ਸਮਰਥਨ ਮਿਲ ਸਕੇ।

  • ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਆਧਾਰਤ ਸਹਿਮਤੀ, ਬਹੁ-ਹਿੱਸੇਦਾਰ ਢਾਂਚੇ ਵਿਕਸਿਤ ਕਰਕੇ ਭਰੋਸੇਯੋਗ, ਸੁਰੱਖਿਅਤ ਏਆਈ ਲਈ ਅੰਤਰਰਾਸ਼ਟਰੀ ਮਾਪਦੰਡਾਂ ਅਤੇ ਬੈਂਚਮਾਰਕਾਂ ਨੂੰ ਅੱਗੇ ਵਧਾਉਣ ਵਾਲੇ ਵਿਸ਼ਵ ਯਤਨਾਂ ਦਾ ਲਾਭ ਉਠਾਇਆ ਜਾਵੇਗਾ। ਇਸ ਵਿੱਚ ਭਾਰਤੀ ਅਤੇ ਆਸਟ੍ਰੇਲੀਆਈ ਅਕਾਦਮਿਕ ਸੰਸਥਾਵਾਂ ਅਤੇ ਨਿੱਜੀ ਖੇਤਰਾਂ ਵਿਚਕਾਰ ਪਹਿਲਕਦਮੀਆਂ ਨੂੰ ਸਮਰਥਨ ਦੇਣਾ ਸ਼ਾਮਲ ਹੈ, ਜੋ ਸਾਡੇ ਨਾਗਰਿਕਾਂ ਨੂੰ ਲਾਭ ਪਹੁੰਚਾਉਣ, ਏਆਈ ਖੋਜਕਰਤਾਵਾਂ, ਪ੍ਰੈਕਟੀਸ਼ਨਰਾਂ, ਨੀਤੀ-ਨਿਰਮਾਤਾਵਾਂ ਅਤੇ ਪੇਸ਼ੇਵਰਾਂ ਨੂੰ ਏਆਈ ਤਕਨਾਲੋਜੀਆਂ ਦੇ ਸੁਰੱਖਿਅਤ ਵਿਕਾਸ ਅਤੇ ਵਰਤੋਂ ਲਈ ਇਕਸਾਰ ਸਿਧਾਂਤਾਂ ਅਤੇ ਸਰਵੋਤਮ ਅਭਿਆਸਾਂ ਨੂੰ ਅੱਗੇ ਵਧਾਉਣ ਵਾਸਤੇ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਸਮਰੱਥ ਬਣਾਉਣ; ਕੰਪਿਊਟ ਸਮਰੱਥਾ, ਵੱਡੇ ਭਾਸ਼ਾਈ ਮਾਡਲਾਂ, ਏਆਈ ਅਤੇ ਇਸ ਨਾਲ ਸਬੰਧਤ ਬੁਨਿਆਦੀ ਢਾਂਚੇ ਤੱਕ ਸੁਰੱਖਿਅਤ ਪਹੁੰਚ ਯਕੀਨੀ ਬਣਾਉਣ ਸਬੰਧੀ ਢੰਗ-ਤਰੀਕਿਆਂ ਦੀ ਆਪਸੀ ਸਾਂਝ ਸ਼ਾਮਲ ਹੈ।

  • ਉੱਨਤ ਸਮੱਗਰੀਆਂ, ਦੂਰਸੰਚਾਰ ਅਤੇ ਜੈਵ-ਤਕਨਾਲੋਜੀ ਸਮੇਤ ਤਰਜੀਹੀ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਲਈ ਆਸਟ੍ਰੇਲੀਆ-ਭਾਰਤ ਖੋਜ, ਨਵੀਨਤਾ ਅਤੇ ਨਿਵੇਸ਼ ਭਾਈਵਾਲੀਆਂ ਨੂੰ ਮੁੜ ਕੇਂਦਰਿਤ ਅਤੇ ਤੇਜ਼ ਕੀਤਾ ਜਾਵੇਗਾ। ਇਸ ਵਿੱਚ ਮੌਜੂਦਾ ਪ੍ਰਬੰਧਾਂ ਅਧੀਨ ਸਥਾਪਿਤ ਪ੍ਰੋਗਰਾਮਾਂ ਨੂੰ ਇਸ ਤਰ੍ਹਾਂ ਮੁੜ ਵਿਵਸਥਿਤ ਕਰਨਾ ਸ਼ਾਮਲ ਹੋਵੇਗਾ ਕਿ ਉਹ ਅਜਿਹੇ ਖੋਜ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਜੋ ਦੁਵੱਲੇ ਪੱਧਰ 'ਤੇ ਅਤੇ ਵਿਆਪਕ ਹਿੰਦ-ਪ੍ਰਸ਼ਾਂਤ ਖੇਤਰ ਲਈ ਠੋਸ ਲਾਭ ਪ੍ਰਦਾਨ ਕਰਨ।

  • ਦੋਵੇਂ ਦੇਸ਼ਾਂ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਪੁਲਾੜ ਖੇਤਰਾਂ ਅਤੇ ਪਰਿਪੱਕ ਹੋ ਰਹੀ ਪੁਲਾੜ ਭਾਈਵਾਲੀ ਨੂੰ ਧਿਆਨ ਵਿੱਚ ਰੱਖਦਿਆਂ, ਸਾਂਝੀਆਂ ਵਪਾਰਕ ਅਤੇ ਸਰਕਾਰ ਦੀ ਅਗਵਾਈ ਵਾਲੀਆਂ ਪੁਲਾੜ ਖੇਤਰ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇਗਾ।

ਥੰਮ੍ਹ 3 : ਸਾਈਬਰ ਸੁਰੱਖਿਆ

ਆਸਟ੍ਰੇਲੀਆ ਅਤੇ ਭਾਰਤ ਸਾਈਬਰ ਅਤੇ ਡਿਜੀਟਲ ਖੇਤਰ ਦੀ ਸੇਫਟੀ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਇਸ ਵਿੱਚ ਸਾਈਬਰ ਅਪਰਾਧ ਦਾ ਮੁਕਾਬਲਾ ਕਰਨਾ, ਖਤਰਨਾਕ ਸਾਈਬਰ ਗਤੀਵਿਧੀਆਂ ਨੂੰ ਰੋਕਣਾ, ਸਾਈਬਰ ਅਤੇ ਤਕਨਾਲੋਜੀ ਸੁਰੱਖਿਆ ਨਾਲ ਸਬੰਧਤ ਮਾਪਦੰਡਾਂ ਬਾਰੇ ਗਿਆਨ ਅਤੇ ਤਜਰਬਿਆਂ ਦਾ ਆਦਾਨ-ਪ੍ਰਦਾਨ ਕਰਨਾ ਅਤੇ ਮਹੱਤਵਪੂਰਨ ਰਾਸ਼ਟਰੀ ਬੁਨਿਆਦੀ ਢਾਂਚੇ ਦੀ ਸੁਰੱਖਿਆ ਕਰਨਾ ਸ਼ਾਮਲ ਹੈ।

  • ਸਮਰੱਥਾ ਨਿਰਮਾਣ ਪਹਿਲਕਦਮੀਆਂ, ਖੇਤਰੀ ਅਤੇ ਬਹੁਪੱਖੀ ਸਹਿਯੋਗ ਦੇ ਮੌਕਿਆਂ ਨੂੰ ਸੁਚਾਰੂ ਬਣਾਉਣ, ਨੀਤੀਗਤ ਇਕਸਾਰਤਾ ਨੂੰ ਯਕੀਨੀ ਬਣਾਉਣ ਅਤੇ ਵੱਖ-ਵੱਖ ਕਾਰਜਕਾਰੀ ਚੈਨਲਾਂ ਵਿੱਚ ਦੁਹਰਾਅ ਤੋਂ ਬਚਣ ਲਈ ਸਾਈਬਰ ਅਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ) ਖੇਤਰਾਂ ਵਿੱਚ ਇੱਕ ਏਕੀਕ੍ਰਿਤ ਅਤੇ ਤਰਕਸੰਗਤ ਦੁਵੱਲੀ ਵਿਵਸਥਾ ਸਥਾਪਤ ਕਰਨ ਲਈ ਕੰਮ ਕੀਤਾ ਜਾਵੇਗਾ।

  • ਸੰਯੁਕਤ ਰਾਸ਼ਟਰ ਦੇ ਆਦੇਸ਼ ਅਧੀਨ ਸਾਈਬਰ ਨਾਲ ਸਬੰਧਤ ਪ੍ਰਕਿਰਿਆਵਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਦੂਰਸੰਚਾਰ ਖੇਤਰ ਵਿੱਚ ਸਾਈਬਰ ਸੁਰੱਖਿਆ ਨਾਲ ਨਜਿੱਠਣ ਲਈ ਡਾਟਾ ਗਵਰਨੈਂਸ ਢਾਂਚੇ ਅਤੇ ਅੰਤਰਰਾਸ਼ਟਰੀ ਸਹਿਯੋਗ ਸਬੰਧੀ ਸੰਵਾਦ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

  • ਸਾਈਬਰ ਸੁਰੱਖਿਆ ਅਤੇ ਤਕਨਾਲੋਜੀ ਉੱਦਮਾਂ ਦੇ ਖੇਤਰ ਵਿੱਚ ਆਸਟ੍ਰੇਲੀਆਈ ਅਤੇ ਭਾਰਤੀ ਕਾਰੋਬਾਰਾਂ ਵਿਚਕਾਰ ਪਹੁੰਚ, ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਵਿੱਚ ਵਾਧਾ ਕੀਤਾ ਜਾਵੇਗਾ।

  • ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਆਸਟ੍ਰੇਲੀਆਈ ਅਤੇ ਭਾਰਤੀ ਸਰਕਾਰੀ ਏਜੰਸੀਆਂ ਅਤੇ ਹੋਰ ਹਿੱਸੇਦਾਰਾਂ ਨੂੰ ਇਕੱਠੇ ਲਿਆਉਣ ਲਈ ਵਿਹਾਰਕ ਸਾਂਝੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ।

  • ਮਹੱਤਵਪੂਰਨ ਹੁਨਰਾਂ ਦੇ ਵਿਕਾਸ ਅਤੇ ਆਦਾਨ-ਪ੍ਰਦਾਨ ਲਈ ਇੱਕ ਸਾਈਬਰ ਟੈਕ ਹੁਨਰ ਇਨਕਿਊਬੇਟਰ ਹੱਬ ਸਥਾਪਤ ਕੀਤਾ ਜਾਵੇਗਾ।

ਥੰਮ੍ਹ 4 : ਡਿਜੀਟਲ ਲਚਕਤਾ

ਆਸਟ੍ਰੇਲੀਆ ਅਤੇ ਭਾਰਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਡਿਜੀਟਲ ਅਰਥ-ਵਿਵਸਥਾਵਾਂ ਨੂੰ ਸਮਰਥਨ ਦੇਣ ਲਈ ਭਰੋਸੇਯੋਗ ਅਤੇ ਵਿਸਤਾਰਯੋਗ ਤਕਨਾਲੋਜੀ ਹੱਲ ਮੁਹੱਈਆ ਕਰਵਾਉਣ ਦਾ ਯਤਨ ਕਰਨਗੇ। ਅਸੀਂ ਉਨ੍ਹਾਂ ਵਿਸ਼ੇਸ਼ ਪ੍ਰੋਜੈਕਟਾਂ ਦੀ ਪਛਾਣ ਕਰਕੇ ਵਿਕਾਸ ਸਬੰਧੀ ਚੁਣੌਤੀਆਂ ਦਾ ਹੱਲ ਕਰਨ ਵਾਲੇ ਹੱਲ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਾਂਗੇ, ਜੋ ਖੇਤਰੀ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ।

  • ਭਾਰਤ ਦੇ ਡਿਜੀਟਲ ਜਨਤਕ ਢਾਂਚੇ (ਡੀਪੀਆਈ) ਦੇ ਸਿਧਾਂਤਾਂ ਸਬੰਧੀ ਹਿੰਦ-ਪ੍ਰਸ਼ਾਂਤ ਦੇਸ਼ਾਂ ਨਾਲ ਨਵੀਆਂ ਭਾਈਵਾਲੀ ਆਦਾਨ-ਪ੍ਰਦਾਨ ਪਹਿਲਕਦਮੀਆਂ ਨੂੰ ਸਮਰਥਨ ਦਿੱਤਾ ਜਾਵੇਗਾ।

  • ਕਿਫਾਇਤੀ ਡਿਜੀਟਲ ਜਨਤਕ ਢਾਂਚੇ (ਡੀਪੀਆਈ) ਹੱਲਾਂ ਦਾ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵਿਸਤਾਰ ਅਤੇ ਪ੍ਰਸਾਰ ਕੀਤਾ ਜਾਵੇਗਾ। ਇਸ ਵਿੱਚ ਸਵੱਛ ਅਤੇ ਅਖੁੱਟ ਊਰਜਾ, ਲਚਕਤਾ ਮਹੱਤਵਪੂਰਨ ਬੁਨਿਆਦੀ ਢਾਂਚਾ, ਸੰਪਰਕ, ਡਿਜੀਟਲ ਰੂਪਾਂਤਰਨ, ਸਿਹਤ, ਸਮਾਜਿਕ ਸੁਰੱਖਿਆ, ਹੁਨਰ ਵਿਕਾਸ, ਸਿੱਖਿਆ ਅਤੇ ਖੋਜ ਵਰਗੇ ਖੇਤਰ ਸ਼ਾਮਲ ਹਨ।

  • ਡਿਜੀਟਲ ਖੇਤਰ ਵਿੱਚ ਮਜ਼ਬੂਤ ਡਿਜੀਟਲ ਜਨਤਕ ਢਾਂਚੇ (ਡੀਪੀਆਈ) ਦੀ ਵਰਤੋਂ ਦੇ ਮਾਡਲਾਂ ਦਾ ਵਿਸਤਾਰ ਕਰਕੇ ਭਾਰਤ ਅਤੇ ਆਸਟ੍ਰੇਲੀਆ ਦੀ ਡਿਜੀਟਲ ਲਚਕੀਲੇਪਣ ਸਬੰਧੀ ਮੁਹਾਰਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਵੱਖ-ਵੱਖ ਸਮਰੱਥਾ ਨਿਰਮਾਣ ਪਹਿਲਕਦਮੀਆਂ ਰਾਹੀਂ ਬੁਨਿਆਦੀ ਡਿਜੀਟਲ ਹੱਲਾਂ 'ਤੇ ਕੇਂਦਰਿਤ ਹਿੰਦ-ਪ੍ਰਸ਼ਾਂਤ ਪਾਇਲਟ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਵਿੱਚ ਸਥਾਨਕ ਲੋੜਾਂ ਅਨੁਸਾਰ ਅਨੁਕੂਲ ਡਿਜੀਟਲ ਈਕੋਸਿਸਟਮ ਵਿਕਸਿਤ ਕਰਨ ਲਈ ਸਾਂਝੇ ਪ੍ਰੋਜੈਕਟ ਵੀ ਸ਼ਾਮਲ ਹੋਣਗੇ।

ਥੰਮ੍ਹ 5 : ਰੱਖਿਆ ਖੋਜ ਸਹਿਯੋਗ

ਆਸਟ੍ਰੇਲੀਆ ਅਤੇ ਭਾਰਤ ਬਹੁ-ਖੇਤਰੀ ਰੱਖਿਆ ਚੁਣੌਤੀਆਂ ਅਤੇ ਸਮਰੱਥਾਵਾਂ ਬਾਰੇ ਸਾਂਝੀ ਸਮਝ ਨੂੰ ਅੱਗੇ ਵਧਾਉਣ ਲਈ ਰੱਖਿਆ ਖੋਜ ਭਾਈਵਾਲੀਆਂ ਦਾ ਲਾਭ ਉਠਾਉਣ ਵਾਸਤੇ ਮਿਲ ਕੇ ਕੰਮ ਕਰਨਗੇ। ਅਸੀਂ ਪਿਛਲੇ ਸਾਂਝੇ ਖੋਜ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਸਾਂਝੇ ਹਿੱਤਾਂ ਅਨੁਸਾਰ ਭਵਿੱਖੀ ਪ੍ਰੋਜੈਕਟਾਂ ਦੀ ਰੂਪ-ਰੇਖਾ ਤਿਆਰ ਕਰਾਂਗੇ ਅਤੇ ਰੱਖਿਆ ਸਹਿਯੋਗ ਬਾਰੇ ਸਮਝੌਤਾ ਸਮਝੌਤਾ-ਪੱਤਰ ਦੇ ਤਹਿਤ ਰੱਖਿਆ ਵਿਗਿਆਨ ਅਤੇ ਤਕਨਾਲੋਜੀ ਵਿੱਚ ਸਹਿਯੋਗ ਸਬੰਧੀ ਅਮਲ ਵਿਵਸਥਾ ਅਧੀਨ ਆਪਣੀਆਂ ਰੱਖਿਆ ਵਿਗਿਆਨ ਸੰਸਥਾਵਾਂ ਵਿਚਕਾਰ ਆਦਾਨ-ਪ੍ਰਦਾਨ ਨੂੰ ਹੋਰ ਵਧਾਵਾਂਗੇ।

  • ਰੱਖਿਆ ਮੰਤਰੀਆਂ ਦੇ ਸੰਵਾਦ, ਰੱਖਿਆ ਨੀਤੀ ਵਾਰਤਾਵਾਂ ਅਤੇ ਰੱਖਿਆ ਉਦਯੋਗ, ਖੋਜ ਅਤੇ ਰੱਖਿਆ ਸਮੱਗਰੀ ਬਾਰੇ ਸਾਂਝੇ ਕਾਰਜ ਸਮੂਹ ਰਾਹੀਂ ਰੱਖਿਆ ਵਿਗਿਆਨ ਅਤੇ ਤਕਨਾਲੋਜੀ ਸਬੰਧੀ ਤਰਜੀਹਾਂ 'ਤੇ ਆਪਣੇ ਸੰਵਾਦ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

  • ਆਸਟ੍ਰੇਲੀਆ ਦੇ ਡਿਫੈਂਸ ਸਾਇੰਸ ਐਂਡ ਟੈਕਨਾਲੋਜੀ ਗਰੁੱਪ ਅਤੇ ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਚਕਾਰ ਸੰਸਥਾਗਤ ਸੰਪਰਕ ਮਜ਼ਬੂਤ ਕੀਤੇ ਜਾਣਗੇ ਅਤੇ ਖੋਜ ਸਹਿਯੋਗ ਨੂੰ ਤੇਜ਼ ਕਰਨ ਲਈ ਕਾਰਜਕਾਰੀ ਪੱਧਰ ਦੇ ਨਿਯਮਤ ਆਦਾਨ-ਪ੍ਰਦਾਨ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ।

  • ਆਪੋ-ਆਪਣੇ ਰੱਖਿਆ ਨਵੀਨਤਾ ਅਤੇ ਸਟਾਰਟ-ਅੱਪ ਈਕੋਸਿਸਟਮਾਂ ਵਿਚਕਾਰ ਡੂੰਘੇ ਸਬੰਧਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਵਿੱਚ ਕਾਰੋਬਾਰ-ਤੋਂ-ਕਾਰੋਬਾਰ ਭਾਗੀਦਾਰੀ ਵੀ ਸ਼ਾਮਲ ਹੈ।

  • ਰੱਖਿਆ ਉਪਯੋਗਾਂ ਲਈ ਨਵੀਨਤਾਕਾਰੀ ਸਮੁੰਦਰੀ ਵਿਗਿਆਨ ਅਤੇ ਤਕਨਾਲੋਜੀ ਸਮਰੱਥਾਵਾਂ (ਜਿਨ੍ਹਾਂ ਵਿੱਚ ਸਮੁੰਦਰੀ ਨਿਗਰਾਨੀ ਅਤੇ ਉੱਨਤ ਸਮੱਗਰੀਆਂ ਸ਼ਾਮਲ ਹਨ) 'ਤੇ ਸਹਿਯੋਗ ਨੂੰ ਕੇਂਦਰਿਤ ਕੀਤਾ ਜਾਵੇਗਾ।

ਢਾਂਚਾ ਅਤੇ ਸੰਚਾਲਨ

ਦੁਵੱਲੀ ਨਿਗਰਾਨੀ

ਇਸ ਭਾਈਵਾਲੀ ਦੀ ਸਹਿ-ਪ੍ਰਧਾਨਗੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਕੈਬਨਿਟ ਵਿਭਾਗ ਦੇ ਅੰਤਰਰਾਸ਼ਟਰੀ ਅਤੇ ਸੁਰੱਖਿਆ ਸਮੂਹ ਦੇ ਉਪ ਸਕੱਤਰ ਅਤੇ ਭਾਰਤ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੱਲੋਂ ਸੀਨੀਅਰ ਪੱਧਰ 'ਤੇ ਕੀਤੀ ਜਾਵੇਗੀ। ਸਹਿ-ਪ੍ਰਧਾਨ ਸਾਈਬਰ ਅਤੇ ਮਹੱਤਵਪੂਰਨ ਤਕਨਾਲੋਜੀਆਂ ਦੇ ਖੇਤਰ ਵਿੱਚ ਤਰਜੀਹੀ ਖੇਤਰਾਂ ਨੂੰ ਨਿਰਧਾਰਤ ਕਰਨਗੇ ਅਤੇ ਆਪਸੀ ਲਾਭਦਾਇਕ ਸਹਿਯੋਗ ਦੇ ਮੌਕਿਆਂ ਦੀ ਪਛਾਣ ਕਰਨਗੇ।

ਸੀਨੀਅਰ ਅਧਿਕਾਰੀਆਂ ਦੀ ਮੀਟਿੰਗ (ਸਾਲਾਨਾ): ਹਰੇਕ ਥੰਮ੍ਹ ਅਧੀਨ ਜ਼ਿੰਮੇਵਾਰ ਸੀਨੀਅਰ ਅਧਿਕਾਰੀ ਤਾਲਮੇਲ ਕਰਨਗੇ ਅਤੇ ਸਹਿ-ਪ੍ਰਧਾਨਾਂ ਨੂੰ ਰਿਪੋਰਟ ਪੇਸ਼ ਕਰਨਗੇ। ਉਹ ਤਰਜੀਹਾਂ ਦੀ ਸਮੀਖਿਆ ਕਰਨਗੇ, ਹੁਣ ਤੱਕ ਹੋਈ ਪ੍ਰਗਤੀ ਦਾ ਮੁਲਾਂਕਣ ਕਰਨਗੇ, ਸਾਈਬਰ ਅਤੇ ਮਹੱਤਵਪੂਰਨ ਤਕਨਾਲੋਜੀ ਖੇਤਰ ਵਿੱਚ ਨਵੇਂ ਅਤੇ ਉਭਰ ਰਹੇ ਜੋਖਮਾਂ ਦਾ ਅਨੁਮਾਨ ਲਗਾਉਣਗੇ ਅਤੇ ਸਹਿਯੋਗ ਦੇ ਹਰੇਕ ਥੰਮ੍ਹ ਅਧੀਨ ਵਿਸ਼ੇਸ਼ ਪ੍ਰੋਜੈਕਟਾਂ ਦੀ ਆਪਸੀ ਪਛਾਣ ਵੱਲ ਕੰਮ ਕਰਨਗੇ।

 

ਥੰਮ੍ਹ

ਭਾਰਤੀ ਲੀਡਰਸ਼ਿਪ

ਆਸਟ੍ਰੇਲੀਅਨ ਲੀਡਰਸ਼ਿਪ

1

ਸਪਲਾਈ ਲੜੀ ਲਚਕਤਾ

ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ (ਐੱਨਐੱਸਸੀਐੱਸ)

ਸਾਈਬਰ ਮਾਮਲਿਆਂ ਅਤੇ ਅਹਿਮ ਤਕਨਾਲੋਜੀ ਲਈ ਰਾਜਦੂਤ ਦੇ ਦਫ਼ਤਰ ਨਾਲ ਤਾਲਮੇਲ ਕੀਤਾ ਗਿਆ

2

ਅਹਿਮ ਤਕਨਾਲੋਜੀ

ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ (ਐੱਨਐੱਸਸੀਐੱਸ)

ਸਾਈਬਰ ਮਾਮਲਿਆਂ ਅਤੇ ਅਹਿਮ ਤਕਨਾਲੋਜੀ ਲਈ ਰਾਜਦੂਤ ਦਾ ਦਫ਼ਤਰ

3

ਸਾਈਬਰ ਸੁਰੱਖਿਆ

ਸਾਈਬਰ ਡਿਪਲੋਮੇਸੀ ਡਿਵੀਜ਼ਨ, ਵਿਦੇਸ਼ ਮੰਤਰਾਲਾ

ਸਾਈਬਰ ਮਾਮਲਿਆਂ ਅਤੇ ਅਹਿਮ ਤਕਨਾਲੋਜੀ ਲਈ ਰਾਜਦੂਤ ਦਾ ਦਫ਼ਤਰ

4

ਡਿਜੀਟਲ ਲਚਕਤਾ

ਓਸ਼ੀਨੀਆ ਡਿਵੀਜ਼ਨ, ਵਿਦੇਸ਼ ਮੰਤਰਾਲਾ

ਸਾਈਬਰ ਮਾਮਲਿਆਂ ਅਤੇ ਅਹਿਮ ਤਕਨਾਲੋਜੀ ਲਈ ਰਾਜਦੂਤ ਦਾ ਦਫ਼ਤਰ

5

ਰੱਖਿਆ ਖੋਜ ਅਤੇ ਸਹਿਯੋਗ

ਰੱਖਿਆ ਮੰਤਰਾਲਾ

ਰੱਖਿਆ ਵਿਭਾਗ

 

************


ਐਮਜੇਪੀਐਸ/ਐਸਐਸ/ਐਸਟੀ


(रिलीज़ आईडी: 2283155) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Marathi , Assamese , Manipuri , Bengali , Bengali-TR , Gujarati , Tamil , Telugu , Kannada , Malayalam