ਰੇਲ ਮੰਤਰਾਲਾ
azadi ka amrit mahotsav

ਵਾਤਾਵਰਨ ਦੇ ਅਨੁਕੂਲ ਅਤੇ ਵਧੇਰੇ ਊਰਜਾ-ਕੁਸ਼ਲ ਪਹਿਲੀ ਸਵਦੇਸ਼ੀ ਹਾਈਡ੍ਰੋਜਨ ਟਰੇਨ ਪਟੜੀਆਂ ’ਤੇ ਦੌੜਨ ਲਈ ਤਿਆਰ


ਭਾਰਤੀ ਰੇਲਵੇ ਨੇ ਜੀਂਦ-ਸੋਨੀਪਤ ਸੈਕਸ਼ਨ ਉੱਤੇ 75 ਕਿੱਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਨਾਲ ਚੱਲਣ ਲਈ 1200 ਕਿੱਲੋਵਾਟ ਇੰਜਣ ਵਾਲੀ 10 ਡੱਬਿਆਂ ਦੀ ਟਰੇਨ ਨੂੰ ਮਨਜ਼ੂਰੀ ਦਿੱਤੀ

ਇਸ ਦੇ ਨਾਲ ਹੀ, ਭਾਰਤ ਸਵੱਛ ਅਤੇ ਟਿਕਾਊ ਰੇਲ ਸੰਚਾਲਨ ਲਈ ਹਾਈਡ੍ਰੋਜਨ ਫਿਊਲ ਸੈੱਲ ਟੈਕਨੋਲੋਜੀ ਦੀ ਵਰਤੋਂ ਕਰਨ ਵਾਲੇ ਚੋਣਵੇਂ ਦੇਸ਼ਾਂ ਦੇ ਗਰੁੱਪ ਵਿੱਚ ਸ਼ਾਮਲ ਹੋਇਆ

प्रविष्टि तिथि: 27 MAY 2026 2:20PM by PIB Chandigarh

ਹਰੀ ਅਤੇ ਟਿਕਾਊ ਆਵਾਜਾਈ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਭਾਰਤੀ ਰੇਲਵੇ ਨੇ ਉੱਤਰੀ ਰੇਲਵੇ ਦੇ ਜੀਂਦ-ਸੋਨੀਪਤ ਸੈਕਸ਼ਨ ਉੱਤੇ ਹਾਈਡ੍ਰੋਜਨ ਫਿਊਲ ਸੈੱਲ ਉੱਤੇ ਆਧਾਰਿਤ 10 ਡੱਬਿਆਂ ਵਾਲੀ ਇੱਕ ਰੇਲਗੱਡੀ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਰੇਲਗੱਡੀ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ ਅਤੇ 1200 ਕਿੱਲੋਵਾਟ ਹਾਈਡ੍ਰੋਜਨ ਫਿਊਲ ਸੈੱਲ ਪ੍ਰੋਪਲਸ਼ਨ ਸਿਸਟਮ ਰਾਹੀਂ ਚੱਲ ਕੇ ਵੱਧ ਤੋਂ ਵੱਧ 75 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜੇਗੀ।

ਹਾਈਡ੍ਰੋਜਨ ਫਿਊਲ ਸੈੱਲ ਟੈਕਨੀਕ, ਹਾਈਡ੍ਰੋਜਨ ਦੀ ਵਰਤੋਂ ਕਰਕੇ ਰਸਾਇਣਕ ਪ੍ਰਤੀਕਿਰਿਆ (ਕੈਮੀਕਲ ਰਿਐਕਸ਼ਨ) ਰਾਹੀਂ ਬਿਜਲੀ ਪੈਦਾ ਕਰਦੀ ਹੈ, ਜਿਸ ਵਿੱਚੋਂ ਸਿਰਫ਼ ਪਾਣੀ ਦੀ ਭਾਫ਼ ਹੀ ਨਿਕਲਦੀ ਹੈ। ਇਸ ਤਰ੍ਹਾਂ, ਇਹ ਰਵਾਇਤੀ ਜੈਵਿਕ ਈਂਧਣ (ਫੌਸਿਲ ਫਿਊਲ) ਉੱਤੇ ਆਧਾਰਿਤ ਰੇਲ ਪ੍ਰਣਾਲੀਆਂ ਦਾ ਇੱਕ ਸਵੱਛ ਬਦਲ ਹੈ। ਹਾਈਡ੍ਰੋਜਨ ਆਧਾਰਿਤ ਰੇਲ ਪ੍ਰਣਾਲੀਆਂ ਨੂੰ ਟਿਕਾਊ ਆਵਾਜਾਈ ਲਈ ਆਸਵੰਦ ਹੱਲ ਵਜੋਂ ਆਲਮੀ ਪੱਧਰ ਉੱਤੇ ਮਾਨਤਾ ਮਿਲ ਰਹੀ ਹੈ। ਇਸ ਪਹਿਲਕਦਮੀ ਨਾਲ, ਭਾਰਤ ਜਰਮਨੀ, ਜਪਾਨ, ਚੀਨ ਅਤੇ ਅਮਰੀਕਾ ਵਰਗੇ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ ਜੋ ਸਵੱਛ ਰੇਲ ਆਵਾਜਾਈ ਲਈ ਹਾਈਡ੍ਰੋਜਨ ਦੀ ਵਰਤੋਂ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਕਿਉਂਕਿ ਇਹ ਤਕਨੀਕ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ, ਇਸ ਲਈ ਮੌਜੂਦਾ ਸਮੇਂ ਸਿਰਫ਼ ਕੁਝ ਹੀ ਦੇਸ਼ ਅਜਿਹੀਆਂ ਪ੍ਰਣਾਲੀਆਂ ਚਲਾ ਰਹੇ ਹਨ ਜਾਂ ਉਨ੍ਹਾਂ ਦਾ ਟੈਸਟ ਕਰ ਰਹੇ ਹਨ।

ਹਰਿਆਣਾ ਦੇ ਜੀਂਦ-ਸੋਨੀਪਤ ਸੈਕਸ਼ਨ ਨੂੰ ਇਨ੍ਹਾਂ ਸੰਚਾਲਨਾਂ ਲਈ ਪਾਇਲਟ ਰੂਟ ਵਜੋਂ ਚੁਣਿਆ ਗਿਆ ਹੈ। ਇਸ ਲਈ ਜੀਂਦ ਵਿੱਚ ਇੱਕ ਸਵਦੇਸ਼ੀ ਹਾਈਡ੍ਰੋਜਨ ਸਟੋਰੇਜ ਅਤੇ ਈਂਧਣ ਭਰਨ ਦੀ ਸਹੂਲਤ ਸਥਾਪਤ ਕੀਤੀ ਗਈ ਹੈ। ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐੱਸਓ) ਨੇ ਇਸ ਜਗ੍ਹਾ ਉੱਤੇ ਕੰਪ੍ਰੈਸਡ (ਦਬਾਅ ਵਾਲੀ) ਹਾਈਡ੍ਰੋਜਨ ਗੈਸ ਨੂੰ ਸਟੋਰ ਕਰਨ ਅਤੇ ਵੰਡਣ ਲਈ ਲੋੜੀਂਦਾ ਲਾਇਸੈਂਸ ਜਾਰੀ ਕਰ ਦਿੱਤਾ ਹੈ।

ਈਂਧਣ ਭਰਨ ਲਈ ਹਾਈਡ੍ਰੋਜਨ ਕੰਪ੍ਰੈਸ਼ਨ ਸਿਸਟਮ, ਲੋੜੀਂਦੀ ਤਕਨੀਕੀ ਸਹਾਇਤਾ ਅਤੇ ਅਹਿਮ ਪੁਰਜ਼ੇ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਭਰੋਸੇਮੰਦ ਅਤੇ ਨੁਕਸ-ਰਹਿਤ ਸੰਚਾਲਨ ਯਕੀਨੀ ਬਣਾਇਆ ਜਾ ਸਕੇ। ਕਿਸੇ ਵੀ ਹੰਗਾਮੀ (ਐਮਰਜੈਂਸੀ) ਸਥਿਤੀ ਲਈ ਵੱਖਰੇ ਤੌਰ ਉੱਤੇ ਇੱਕ ਕੰਪ੍ਰੈਸਰ ਯੂਨਿਟ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਹਾਈਡ੍ਰੋਜਨ ਉਤਪਾਦਨ, ਸਟੋਰੇਜ ਅਤੇ ਵੰਡ ਕੇਂਦਰ ਵਿੱਚ ਲਾਏ ਗਏ ਹਾਈਡ੍ਰੋਜਨ ਲੀਕੇਜ ਅਤੇ ਅੱਗ ਦਾ ਪਤਾ ਲਗਾਉਣ ਵਾਲੇ ਵੱਖ-ਵੱਖ ਸੁਰੱਖਿਆ ਸੈਂਸਰਾਂ ਦੀ ਨਿਯਮਤ ਤੌਰ ਉੱਤੇ ਜਾਂਚ ਅਤੇ ਸਫ਼ਾਈ ਕੀਤੀ ਜਾਵੇਗੀ ਤਾਂ ਜੋ ਧੂੜ ਜਮ੍ਹਾਂ ਨਾ ਹੋਵੇ ਅਤੇ ਸੁਰੱਖਿਅਤ ਸੰਚਾਲਨ ਯਕੀਨੀ ਬਣ ਸਕੇ।

ਆਰਡੀਐੱਸਓ ਵੱਲੋਂ ਬਕਾਇਦਾ ਮਨਜ਼ੂਰਸ਼ੁਦਾ ਹਾਈਡ੍ਰੋਜਨ ਟਰੇਨ-ਸੈੱਟ ਅਤੇ ਹਾਈਡ੍ਰੋਜਨ ਪਲਾਂਟ ਦੇ ਸੰਚਾਲਨ ਅਤੇ ਰੱਖ-ਰਖਾਅ ਦੇ ਨਿਯਮ (ਮੈਨੂਅਲ) ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਸ਼ਕੂਰਬਸਤੀ ਵਿੱਚ ਪ੍ਰਸਤਾਵਿਤ ਰੱਖ-ਰਖਾਅ ਸਹੂਲਤ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ, ਨਿਯਮਤ ਆਡਿਟ ਅਤੇ ਸਟੈਂਡਰਡ ਆਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀ) ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।

ਇਸ ਮਨਜ਼ੂਰੀ ਵਿੱਚ ਵਿਆਪਕ ਸੁਰੱਖਿਆ ਅਤੇ ਅਪਰੇਸ਼ਨਲ ਪ੍ਰੋਟੋਕੋਲ ਦੀ ਪਾਲਣਾ ਕਰਨਾ ਵੀ ਲਾਜ਼ਮੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਹਾਈਡ੍ਰੋਜਨ ਈਂਧਣ ਭਰਨ ਵਾਲੀ ਪ੍ਰਣਾਲੀ ਦੀ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਨਿਗਰਾਨੀ, ਅਹਿਮ ਕੰਮਾਂ ਲਈ ਸਿਖਲਾਈ ਪ੍ਰਾਪਤ ਅਤੇ ਸਰਟੀਫਾਈਡ ਕਾਮਿਆਂ ਦੀ ਤਾਇਨਾਤੀ ਅਤੇ ਨਿਯਮਤ ਚੈਕਿੰਗ ਅਤੇ ਰੱਖ-ਰਖਾਅ ਪ੍ਰੋਗਰਾਮ ਸ਼ਾਮਲ ਹਨ। ਸੰਚਾਲਨ ਦੇ ਸ਼ੁਰੂਆਤੀ ਪੜਾਅ ਵਿੱਚ, ਸੁਚਾਰੂ ਸੰਚਾਲਨ ਯਕੀਨੀ ਬਣਾਉਣ ਲਈ ਸਿਖਲਾਈ ਪ੍ਰਾਪਤ ਤਕਨੀਕੀ ਸਟਾਫ਼ ਟਰੇਨ ਦੇ ਨਾਲ ਰਹੇਗਾ।

ਇਹ ਪ੍ਰੋਜੈਕਟ ਨਵੀਨਤਾ, ਊਰਜਾ ਕੁਸ਼ਲਤਾ ਅਤੇ ਵਾਤਾਵਰਨ ਪੱਖੋਂ ਟਿਕਾਊ ਆਵਾਜਾਈ ਪ੍ਰਤੀ ਭਾਰਤੀ ਰੇਲਵੇ ਦੀ ਵਿਆਪਕ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਭਾਰਤ ਦੇ ਰਾਸ਼ਟਰੀ ਸਵੱਛ ਊਰਜਾ ਅਤੇ ਜ਼ੀਰੋ ਕਾਰਬਨ ਨਿਕਾਸੀ ਟੀਚਿਆਂ ਦੇ ਅਨੁਕੂਲ ਹੈ।

************

ਧਰਮੇਂਦਰ ਤਿਵਾੜੀ/ ਡਾ. ਨਯਨ ਸੋਲੰਕੀ/ ਰਿਤੂ ਰਾਜ/ ਮਾਨਿਕ ਸ਼ਰਮਾ


(रिलीज़ आईडी: 2266526) आगंतुक पटल : 67
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Gujarati , Odia , Tamil , Telugu , Kannada , Malayalam