ਗ੍ਰਹਿ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਰੇਜੇਪਿਲ : ਐੱਨਸੀਬੀ ਨੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ; ਮੱਧ ਪੂਰਬ ਵਿੱਚ ਵਰਤੇ ਜਾਣ ਵਾਲੇ ਇੱਕ ਮਨੋਰੋਗੀ ਪਦਾਰਥ ਕੈਪਟਾਗਨ ਦੀ ਭਾਰਤ ਵਿੱਚ ਪਹਿਲੀ ਖੇਪ ਜ਼ਬਤ ਕੀਤੀ


ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 'ਆਪ੍ਰੇਸ਼ਨ ਰੇਜੇਪਿਲ (Operation RAGEPILL)' ਨੂੰ ਸਫਲਤਾਪੂਰਵਕ ਅੰਜਾਮ ਦੇਣ ਲਈ ਐੱਨਸੀਬੀ ਦੇ ਬਹਾਦਰ ਅਤੇ ਸੁਚੇਤ ਜਵਾਨਾਂ ਨੂੰ ਵਧਾਈ ਦਿੱਤੀ

'ਆਪ੍ਰੇਸ਼ਨ ਰੇਜੇਪਿਲ' ਰਾਹੀਂ, ਸਾਡੀਆਂ ਏਜੰਸੀਆਂ ਨੇ ਪਹਿਲੀ ਵਾਰ "ਜਿਹਾਦੀ ਡਰੱਗ" ਕੈਪਟਾਗਨ ਦੀ ਖੇਪ ਜ਼ਬਤ ਕੀਤੀ ਹੈ

ਮੱਧ ਪੂਰਬ ਭੇਜੇ ਜਾਣ ਵਾਲੇ ਡਰੱਗ ਖੇਪ ਦਾ ਪਰਦਾਫਾਸ਼ ਮੋਦੀ ਸਰਕਾਰ ਦੀ ਡਰੱਗਸ ਦੇ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਦੀ ਇੱਕ ਪ੍ਰਮੁੱਖ ਉਦਾਹਰਣ ਹੈ

ਅਸੀਂ ਆਪਣੇ ਖੇਤਰ ਨੂੰ ਟ੍ਰਾਂਜ਼ਿਟ ਰੂਟ ਵਜੋਂ ਉਪਯੋਗ ਕਰਕੇ ਭਾਰਤ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਹਰ ਗ੍ਰਾਮ ਡਰੱਗਸ ਦੇ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ

ਐੱਨਸੀਬੀ ਨੇ ਖਰੀਦ ਸਰੋਤ, ਹਵਾਲਾ ਲਿੰਕ, ਲੌਜਿਸਟਿਕਸ ਚੇਨ, ਅੰਤਰਰਾਸ਼ਟਰੀ ਪ੍ਰਾਪਤਕਰਤਾਵਾਂ ਅਤੇ ਵਿਆਪਕ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦੀ ਵਿਆਪਕ ਜਾਂਚ ਸ਼ੁਰੂ ਕੀਤੀ ਹੈ

182 ਕਰੋੜ ਰੁਪਏ ਮੁੱਲ ਦੀਆਂ 227.7 ਕਿਲੋਗ੍ਰਾਮ ਕੈਪਟਾਗਨ ਟੈਬਲੇਟ/ਪਾਊਡਰ ਜ਼ਬਤ ਕੀਤਾ ਗਿਆ; ਸਿੰਡੀਕੇਟ ਨਾਲ ਜੁੜੇ ਇੱਕ ਸੀਰੀਆਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ

प्रविष्टि तिथि: 16 MAY 2026 2:06PM by PIB Chandigarh

ਅੰਤਰਰਾਸ਼ਟਰੀ ਆਰਟੀਫਿਸ਼ੀਅਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦੇ ਖਿਲਾਫ ਇੱਕ ਵੱਡੀ ਸਫ਼ਲਤਾ ਵਿੱਚ, ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸਬੀ) ਨੇ ਆਪ੍ਰੇਸ਼ਨ RAGEPILL ਦੇ ਤਹਿਤ ਕੈਪਟਾਗਨ ਦੀ ਤਸਕਰੀ ਵਿੱਚ ਸ਼ਾਮਲ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ । ਇਸ ਆਪ੍ਰੇਸ਼ਨ ਦੇ ਤਹਿਤ ਲਗਭਗ 227.7 ਕਿਲੋਗ੍ਰਾਮ ਕੈਪਟਾਗਨ ਟੈਬਲੇਟ/ਪਾਊਡਰ ਜ਼ਬਤ ਕੀਤਾ ਗਿਆ ਹੈ ਅਤੇ ਸਿੰਡੀਕੇਟ ਦੇ ਇੱਕ ਮੈਂਬਰ, ਜੋ ਗੈਰ-ਕਾਨੂੰਨੀ ਤੌਰ ‘ਤੇ ਦੇਸ਼ ਵਿੱਚ ਰਹਿ ਰਿਹਾ ਸੀ, ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਪਟਾਗਨ ਵਿੱਚ ਮੁੱਖ ਤੌਰ 'ਤੇ ਫੈਨੇਟਾਈਲਾਈਨ ਅਤੇ ਐੱਮਫੇਟਾਮਾਈਨ ਹੁੰਦੇ ਹਨ, ਜੋ ਐੱਨਡੀਪੀਐੱਸ ਐਕਟ ਦੇ ਤਹਿਤ ਮਨੋਵਿਕਾਰਕਾਰੀ ਪਦਾਰਥ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 'ਆਪ੍ਰੇਸ਼ਨ ਰੇਜੇਪਿਲ ' ਨੂੰ ਸਫਲਤਾਪੂਰਵਕ ਅੰਜਾਮ ਦੇਣ ਲਈ ਐੱਨਸੀਬੀ ਦੇ ਬਹਾਦਰ ਅਤੇ ਸੁਚੇਤ ਜਵਾਨਾਂ ਨੂੰ ਵਧਾਈ ਦਿੱਤੀ । ਸ਼੍ਰੀ ਸ਼ਾਹ ਨੇ ਕਿਹਾ ਕਿ 'ਆਪ੍ਰੇਸ਼ਨ ਰੇਜੇਪਿਲ' ਰਾਹੀਂ ਸਾਡੀਆਂ ਏਜੰਸੀਆਂ ਨੇ ਪਹਿਲੀ ਵਾਰ "ਜਿਹਾਦੀ ਡਰੱਗ"  ਕੈਪਟਾਗਨ ਨੂੰ ਜ਼ਬਤ ਕੀਤਾ ਹੈ ।

ਸ਼੍ਰੀ ਅਮਿਤ ਸ਼ਾਹ ਨੇ X 'ਤੇ ਪੋਸਟ ਕੀਤਾ , " ਮੋਦੀ ਸਰਕਾਰ 'ਡਰੱਗ ਫ੍ਰੀ ਇੰਡੀਆ' ਲਈ ਵਚਨਬੱਧ ਹੈ। ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 'ਆਪ੍ਰੇਸ਼ਨ ਰੇਜੇਪਿਲ' ਰਾਹੀਂ  ਸਾਡੀਆਂ ਏਜੰਸੀਆਂ ਨੇ ਪਹਿਲੀ ਵਾਰ  "ਜਿਹਾਦੀ ਡਰੱਗ", ਕੈਪਟਾਗਨ ਦੀ 182 ਕਰੋੜ ਰੁਪਏ ਦੀ ਖੇਪ ਜ਼ਬਤ ਕੀਤੀ ਹੈ। ਮੱਧ ਪੂਰਬ ਭੇਜੀ ਜਾਣ ਵਾਲੀ ਡਰੱਗ ਖੇਪ ਦਾ ਪਰਦਾਫਾਸ਼ ਅਤੇ ਇੱਕ ਵਿਦੇਸ਼ੀ ਨਾਗਰਿਕ ਦੀ ਗ੍ਰਿਫਤਾਰੀ, ਡਰੱਗਸ ਦੇ ਵਿਰੁੱਧ ਸਾਡੀ ਜ਼ੀਰੋ ਟੌਲਰੈਂਸ ਦੀ ਵਚਨਬੱਧਤਾ ਦੀਆਂ ਸ਼ਾਨਦਾਰ ਉਦਾਹਰਣਾਂ ਹਨ। ਮੈਂ ਦੁਹਰਾਉਂਦਾ ਹਾਂ ਕਿ ਅਸੀਂ ਆਪਣੇ ਖੇਤਰ ਨੂੰ ਟ੍ਰਾਂਜ਼ਿਟ ਰੂਟ ਵਜੋਂ ਉਪਯੋਗ ਕਰਕੇ ਭਾਰਤ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਹਰ ਗ੍ਰਾਮ ਡਰੱਗਸ ਦੇ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ। ਐੱਨਸੀਬੀ ਦੇ ਬਹਾਦਰ ਅਤੇ ਸੁਚੇਤ ਜਵਾਨਾਂ ਨੂੰ ਬਹੁਤ-ਬਹੁਤ ਵਧਾਈਆਂ ।"

ਫੋਰਨ ਡਰੱਗ ਲਾਅ ਇਨਫੋਰਸਮੈਂਟ ਏਜੰਸੀ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਕਿ ਭਾਰਤ ਦੀ ਵਰਤੋਂ ਕੈਪਟਾਗਨ ਦੀ ਤਸਕਰੀ ਲਈ ਟ੍ਰਾਂਜ਼ਿਟ ਪੁਆਇੰਟ ਦੇ ਰੂਪ ਵਿੱਚ ਕੀਤੀ ਜਾ ਰਹੀ ਸੀ, ਨਵੀਂ ਦਿੱਲੀ ਦੇ ਨੇਬਸਰਾਏ ਵਿੱਚ ਇੱਕ ਘਰ ਦੀ ਪਛਾਣ ਕੀਤੀ ਗਈ ਅਤੇ 11 ਮਈ, 2026 ਨੂੰ, ਘਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਵਿੱਚ ਲਗਭਗ 31.5 ਕਿਲੋਗ੍ਰਾਮ  ਕੈਪਟਾਗਨ ਟੈਬਲੇਟ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਨੂੰ ਇੱਕ ਵਪਾਰਕ ਚਪਾਤੀ ਕੱਟਣ ਦੀ ਮਸ਼ੀਨ ਵਿੱਚ ਸਾਵਧਾਨੀਪੂਰਵਕ ਛੁਪਾ ਕੇ ਰੱਖਿਆ ਗਿਆ ਸੀ। ਮੁੱਢਲੀ ਜਾਂਚ ਦੇ ਅਨੁਸਾਰ, ਇਹ ਮਸ਼ੀਨ ਸਾਊਦੀ ਅਰਬ ਜੇਦਾਹ ਤੋਂ ਨਿਰਯਾਤ ਲਈ ਰੱਖੀ ਗਈ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੀਰੀਆਈ ਨਾਗਰਿਕ 15.11.2024 ਨੂੰ ਟੂਰਿਸਟ ਵੀਜ਼ਾ 'ਤੇ ਭਾਰਤ ਵਿੱਚ ਆਇਆ ਸੀ, ਪਰ ਉਸ ਦਾ ਵੀਜ਼ਾ 12.01.2025 ਨੂੰ ਖਤਮ ਹੋ ਗਿਆ ਸੀ ਅਤੇ ਉਹ ਗੈਰ-ਕਾਨੂੰਨੀ ਤੌਰ 'ਤੇ ਭਾਰਤ ਵਿੱਚ ਵੱਧ ਸਮੇਂ ਤੱਕ ਰੁਕਿਆ ਰਿਹਾ ਅਤੇ ਉਸ ਨੇ ਨੇਬਸਰਾਏ ਵਿੱਚ ਉਕਤ ਘਰ ਕਿਰਾਏ 'ਤੇ ਲਿਆ ਸੀ।

ਮੁਲਜ਼ਮ ਤੋਂ ਪੁੱਛਗਿੱਛ ਦੇ ਅਧਾਰ ‘ਤੇ 14 ਮਈ, 2026 ਨੂੰ ਗੁਜਰਾਤ ਦੇ ਮੁੰਦਰਾ ਵਿਖੇ ਕੰਟੇਨਰ ਫੈਸਿਲੀਟੇਸ਼ਨ ਸਟੇਸ਼ਨ (ਸੀਐੱਫਐੱਸ) ਵਿੱਚ ਇੱਕ ਕੰਟੇਨਰ ਤੋਂ ਲਗਭਗ 196.2 ਕਿਲੋਗ੍ਰਾਮ ਕੈਪਟਾਗਨ ਪਾਊਡਰ ਬਰਾਮਦ ਕੀਤਾ ਗਿਆ । ਇਹ ਕੰਟੇਨਰ ਸੀਰੀਆ ਤੋਂ ਆਯਾਤ ਕੀਤਾ ਗਿਆ ਸੀ , ਜਿਸ ਵਿੱਚ ਭੇਡਾਂ ਦੀ ਉੱਨ ਨੂੰ ਘੋਸ਼ਿਤ ਖੇਪ ਵਜੋਂ ਦਿਖਾਇਆ ਗਿਆ ਸੀ । ਕੰਟੇਨਰ ਦੀ ਗਹਿਣ ਤਲਾਸ਼ੀ ਵਿੱਚ 196.2 ਕਿਲੋਗ੍ਰਾਮ ਕੈਪਟਾਗਨ ਪਾਊਡਰ ਨਾਲ ਭਰੇ 3 ਬੈਗ ਮਿਲੇ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਬਤ ਕੀਤੀ ਗਈ ਮਾਤਰਾ ਖਾੜੀ ਖੇਤਰ, ਖਾਸ ਕਰਕੇ ਸਾਊਦੀ ਅਰਬ ਅਤੇ ਗੁਆਂਢੀ ਮੱਧ ਪੂਰਬੀ ਦੇਸ਼ਾਂ ਵਿੱਚ ਟ੍ਰਾਂਸਸ਼ਿਪਮੈਂਟ ਲਈ ਭੇਜਿਆ ਜਾਣਾ ਸੀ, ਜਿੱਥੇ ਕੈਪਟਾਗਨ ਦੀ ਦੁਰਵਰਤੋਂ ਕਾਨੂੰਨ ਲਾਗੂਕਰਨ ਅਤੇ ਜਨਤਕ ਸਿਹਤ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਆਪ੍ਰੇਸ਼ਨ ਰੇਜੇਪਿਲ ਦੌਰਾਨ ਜਬਤ ਕੀਤੀ ਗਈ ਕੁੱਲ ਸਮੱਗਰੀ ਲਗਭਗ 227.7 ਕਿਲੋਗ੍ਰਾਮ ਕੈਪਟਾਗਨ ਟੈਬਲੇਟ/ਪਾਊਡਰ ਹੈ, ਜਿਸ ਦਾ ਖਾੜੀ ਅਤੇ ਮੱਧ ਪੂਰਬ ਦੇ ਟੀਚਾਬੱਧ ਬਜ਼ਾਰਾਂ ਵਿੱਚ ਅਨੁਮਾਨਿਤ ਗੈਰ-ਕਾਨੂੰਨੀ ਅੰਤਰਰਾਸ਼ਟਰੀ ਬਜ਼ਾਰ ਮੁੱਲ ਲਗਭਗ 182 ਕਰੋੜ ਰੁਪਏ ਹੈ।

ਇਹ ਆਪ੍ਰੇਸ਼ਨ ਭਾਰਤ ਵਿੱਚ ਕੈਪਟਾਗਨ ਦੀ ਪਹਿਲੀ ਜ਼ਬਤੀ ਹੈ ਅਤੇ ਭਾਰਤ ਨੂੰ ਟ੍ਰਾਂਜ਼ਿਟ ਹੱਬ ਵਜੋਂ ਵਰਤਣ ਦੇ ਅੰਤਰਰਾਸ਼ਟਰੀ ਸਿੰਡੀਕੇਟਾਂ ਦੇ ਯਤਨਾਂ ਨੂੰ ਉਜਾਗਰ ਕਰਦਾ ਹੈ। ਇਹ ਇਸ ਗੱਲ ਦੀ ਵੀ ਉਦਾਹਰਣ ਪੇਸ਼ ਕਰਦੀ ਹੈ ਕਿ ਕਿਵੇਂ ਅੰਤਰਰਾਸ਼ਟਰੀ ਖੁਫੀਆ ਜਾਣਕਾਰੀ ਸਾਂਝੀ ਕਰਨਾ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਸਹਿਯੋਗ ਕਈ ਅਧਿਕਾਰ ਖੇਤਰਾਂ ਵਿੱਚ ਸਰਗਰਮ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਤਬਾਹ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਅਤੇ ਕਿਵੇਂ ਦੁਨੀਆ ਭਰ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੋਧੀ ਏਜੰਸੀਆਂ ਅੰਤਰਰਾਸ਼ਟਰੀ ਗਿਰੋਹਾਂ ਨੂੰ ਖਤਮ ਕਰਨ ਲਈ ਇਕੱਠੇ ਹੋ ਸਕਦੀਆਂ ਹਨ।

ਇਹ ਜ਼ਬਤ ਮੁੰਬਈ ਵਿੱਚ ਐੱਨਸੀਬੀ ਦੁਆਰਾ ਹਾਲ ਹੀ ਵਿੱਚ ਕੀਤੀ ਗਈ ਇੱਕ ਹੋਰ ਵੱਡੀ ਕਾਰਵਾਈ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਿਸ ਵਿੱਚ ਇਕਵਾਡੋਰ ਤੋਂ ਆਉਣ ਵਾਲੇ ਕੰਟੇਨਰਾਂ ਵਿੱਚ ਛੁਪਾਈ ਗਈ 349 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਸੀ। ਇਹ ਅੰਤਰਰਾਸ਼ਟਰੀ ਡਰੱਗ ਸਿੰਡੀਕੇਟਾਂ ਦੁਆਰਾ ਵਪਾਰਕ ਕਾਰਗੋ ਅਤੇ ਕੰਟੇਨਰਾਈਜ਼ਡ ਵਪਾਰਕ ਰੂਟਾਂ ਦੀ ਦੁਰਵਰਤੋਂ ਕਰਕੇ ਵੱਖ-ਵੱਖ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਦੇ ਵਧਦੇ ਰੁਝਾਨ ਨੂੰ ਦਰਸਾਉਂਦੀ ਹੈ।

ਐੱਨਸੀਬੀ ਨੇ ਸਪਲਾਈ ਦੇ ਸਰੋਤ, ਵਿੱਤੀ ਅਤੇ ਫੰਡ ਟ੍ਰਾਂਸਫਰ ਸਬੰਧਾਂ, ਲੌਜਿਸਟਿਕਸ ਸੁਵਿਧਾਕਰਤਾਵਾਂ , ਅੰਤਰਰਾਸ਼ਟਰੀ ਪ੍ਰਾਪਤਕਰਤਾਵਾਂ ਅਤੇ ਇਸ ਸਿੰਡੀਕੇਟ ਨਾਲ ਜੁੜੇ ਵਿਆਪਕ ਅੰਤਰਰਾਸ਼ਟਰੀ ਨੈੱਟਵਰਕ ਦੀ ਪਛਾਣ ਕਰਨ ਲਈ ਇੱਕ ਵਿਸਤ੍ਰਿਤ ਜਾਂਚ ਸ਼ੁਰੂ ਕੀਤੀ ਹੈ । ਭਾਰਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦੁਰਵਰਤੋਂ ਦੀ ਵਿਸ਼ਵਵਿਆਪੀ ਸਮੱਸਿਆ ਦਾ ਸਮੂਹਿਕ ਸਮਾਧਾਨ ਯਕੀਨੀ ਬਣਾਉਣ ਲਈ ਖੁਫੀਆ ਜਾਣਕਾਰੀ ਸਾਂਝੀ ਕਰਨ , ਨਸ਼ੀਲੇ ਪਦਾਰਥਾਂ ਦੇ ਸਰਗਨਾਵਾਂ ਦੀ ਹਵਾਲਗੀ ਅਤੇ ਨਾਰਕੋ-ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੇ ਕਾਰਟੈਲਾਂ ਵਿਰੁੱਧ ਤਾਲਮੇਲ ਵਾਲੀ ਕਾਰਵਾਈ ਰਾਹੀਂ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ, ਐੱਨਸੀਬੀ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਅਤੇ ਸਰਹੱਦਾਂ ਪਾਰ ਸਰਗਰਮ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਸਿੰਡੀਕੇਟਾਂ ਨੂੰ ਖਤਮ ਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਦਾ ਹੈ। ਐੱਨਸੀਬੀ ਨਾਗਰਿਕਾਂ ਨੂੰ ਮਾਨਸ ਹੈਲਪਲਾਈਨ (ਟੋਲ-ਫ੍ਰੀ: 1933) ਰਾਹੀਂ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਜਾਣਕਾਰੀ ਦੇਣ ਦੀ ਵੀ ਅਪੀਲ ਕਰਦਾ ਹੈ । ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।

 

*****

ਆਰਕੇ/ਪੀਆਰ/ਪੀਐੱਸ/ਏਕੇ


(रिलीज़ आईडी: 2262083) आगंतुक पटल : 45
इस विज्ञप्ति को इन भाषाओं में पढ़ें: English , Urdu , Marathi , Bengali , Bengali-TR , Assamese , Gujarati , Odia , Tamil , Telugu , Kannada , Malayalam