ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦੇ ਸੰਦਰਭ ਵਿੱਚ ਉਠਾਏ ਜਾ ਰਹੇ ਕਦਮਾਂ ਦੀ ਸਮੀਖਿਆ ਲਈ ਸੀਸੀਐੱਸ ਦੀ ਬੈਠਕ ਦੀ ਪ੍ਰਧਾਨਗੀ ਕੀਤੀ
ਖੇਤੀਬਾੜੀ, ਖਾਦ, ਸ਼ਿਪਿੰਗ, ਹਵਾਬਾਜ਼ੀ, ਲੌਜਿਸਟਿਕਸ ਅਤੇ ਐੱਮਐੱਸਐੱਮਈ ਖੇਤਰਾਂ ਵਿੱਚ ਉੱਭਰ ਰਹੀਆਂ ਚੁਣੌਤੀਆਂ ਨੂੰ ਘੱਟ ਕਰਨ ਦੇ ਉਪਾਵਾਂ ’ਤੇ ਚਰਚਾ ਕੀਤੀ ਗਈ
ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਸਥਿਰਤਾ ਯਕੀਨੀ ਬਣਾਉਣ ਲਈ ਐੱਲਪੀਜੀ ਅਤੇ ਐੱਲਐੱਨਜੀ ਦੀ ਸਪਲਾਈ ਵਿੱਚ ਵਿਭਿੰਨਤਾ ਲਿਆਉਣ, ਈਂਧਣ ਡਿਊਟੀ ਵਿੱਚ ਕਟੌਤੀ ਅਤੇ ਬਿਜਲੀ ਖੇਤਰ ਦੇ ਉਪਾਵਾਂ ਦੀ ਸਮੀਖਿਆ ਕੀਤੀ ਗਈ
ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਸਥਿਰਤਾ ਯਕੀਨੀ ਬਣਾਉਣ ਅਤੇ ਜਮ੍ਹਾਖ਼ੋਰੀ ਤੇ ਕਾਲਾਬਾਜ਼ਾਰੀ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ
ਕੀਮਤਾਂ ਅਤੇ ਜ਼ਰੂਰੀ ਵਸਤਾਂ ਐਕਟ ਦੀ ਪਾਲਣਾ ’ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਲਗਾਤਾਰ ਨਿਗਰਾਨੀ ਅਤੇ ਗੱਲਬਾਤ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ
ਖਾਦ ਦੀ ਸਪਲਾਈ ਯਕੀਨੀ ਬਣਾਉਣ ਦੇ ਉਦੇਸ਼ ਨਾਲ ਯੂਰੀਆ ਦਾ ਉਤਪਾਦਨ ਬਰਕਰਾਰ ਰੱਖਣਾ ਅਤੇ ਡੀਏਪੀ/ਐੱਨਪੀਕੇਐੱਸ ਲਈ ਵਿਦੇਸ਼ੀ ਸਪਲਾਇਰਾਂ ਨਾਲ ਤਾਲਮੇਲ ਸਥਾਪਿਤ ਕਰਨ ਵਰਗੇ ਕਈ ਯਤਨ ਕੀਤੇ ਜਾ ਰਹੇ ਹਨ
ਪ੍ਰਧਾਨ ਮੰਤਰੀ ਨੇ ਆਮ ਆਦਮੀ ਲਈ ਜ਼ਰੂਰੀ ਵਸਤਾਂ ਦੀ ਉਪਲਬਧਤਾ ਦਾ ਜਾਇਜ਼ਾ ਲਿਆ
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਖਾਦਾਂ ਦੀ ਉਪਲਬਧਤਾ ਅਤੇ ਖ਼ਰੀਫ਼ ਤੇ ਰਬੀ ਦੇ ਸੀਜ਼ਨਾਂ ਵਿੱਚ ਇਨ੍ਹਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ’ਤੇ ਚਰਚਾ ਕੀਤੀ
ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਇਸ ਸੰਘਰਸ਼ ਦੇ ਪ੍ਰਭਾਵ ਤੋਂ ਨਾਗਰਿਕਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ
ਪ੍ਰਧਾਨ ਮੰਤਰੀ ਨੇ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ, ਜਨਤਾ ਤੱਕ ਸਹੀ ਜਾਣਕਾਰੀ ਸਮੇਂ ਸਿਰ ਅਤੇ ਸੁਚਾਰੂ ਰੂਪ ਵਿੱਚ ਪਹੁੰਚਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ
ਕੋਲੇ ਦਾ ਲੋੜੀਂਦਾ ਭੰਡਾਰ ਮੌਜੂਦ ਹੈ, ਜੋ ਆਉਣ ਵਾਲੇ ਮਹੀਨਿਆਂ ਵਿੱਚ ਬਿਜਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ
Posted On:
01 APR 2026 10:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ਵਿਖੇ ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀਸੀਐੱਸ) ਦੀ ਇੱਕ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਵੱਲੋਂ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਗਈ ਅਤੇ ਨਾਲ ਹੀ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦੇ ਸੰਦਰਭ ਵਿੱਚ ਅੱਗੇ ਚੁੱਕੇ ਜਾਣ ਵਾਲੇ ਕਦਮਾਂ ’ਤੇ ਵੀ ਚਰਚਾ ਹੋਈ। ਇਸ ਮੁੱਦੇ ’ਤੇ ਸੀਸੀਐੱਸ ਦੀ ਇਹ ਦੂਜੀ ਵਿਸ਼ੇਸ਼ ਬੈਠਕ ਸੀ।
ਕੈਬਨਿਟ ਸਕੱਤਰ ਨੇ ਪੈਟਰੋਲੀਅਮ ਉਤਪਾਦਾਂ, ਵਿਸ਼ੇਸ਼ ਤੌਰ ’ਤੇ ਐੱਲਐੱਨਜੀ/ਐੱਲਪੀਜੀ ਦੀ ਸਪਲਾਈ ਅਤੇ ਲੋੜੀਂਦੀ ਬਿਜਲੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਐੱਲਪੀਜੀ ਦੀ ਖ਼ਰੀਦ ਲਈ ਸਰੋਤਾਂ ਵਿੱਚ ਵਿਭਿੰਨਤਾ ਲਿਆਂਦੀ ਜਾ ਰਹੀ ਹੈ, ਜਿਸ ਦੇ ਤਹਿਤ ਵੱਖ-ਵੱਖ ਦੇਸ਼ਾਂ ਤੋਂ ਨਵੀਂ ਸਪਲਾਈ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਤਰਲੀਕ੍ਰਿਤ ਕੁਦਰਤੀ ਗੈਸ (ਐੱਲਐੱਨਜੀ) ਵੀ ਵੱਖ-ਵੱਖ ਦੇਸ਼ਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਘਰੇਲੂ ਖਪਤਕਾਰਾਂ ਲਈ ਐੱਲਪੀਜੀ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ ਅਤੇ ਐੱਲਪੀਜੀ ਦੀ ਜਮ੍ਹਾਖ਼ੋਰੀ ਤੇ ਕਾਲਾਬਾਜ਼ਾਰੀ ’ਤੇ ਨਕੇਲ ਕੱਸਣ ਲਈ 'ਐਂਟੀ-ਡਾਇਵਰਸ਼ਨ' (ਗ਼ਲਤ ਵਰਤੋਂ ਰੋਕਣ ਸਬੰਧੀ) ਇਨਫੋਰਸਮੈਂਟ ਮੁਹਿੰਮਾਂ ਨਿਯਮਿਤ ਰੂਪ ਵਿੱਚ ਚਲਾਈਆਂ ਜਾ ਰਹੀਆਂ ਹਨ।
ਪਾਈਪ ਰਾਹੀਂ ਕੁਦਰਤੀ ਗੈਸ ਦੇ ਕਨੈੱਕਸ਼ਨਾਂ ਦਾ ਵਿਸਤਾਰ ਕਰਨ ਲਈ ਵੀ ਪਹਿਲ ਕੀਤੀ ਗਈ ਹੈ। ਭਾਰੀ ਗਰਮੀ ਦੇ ਮਹੀਨਿਆਂ ਦੌਰਾਨ ਬਿਜਲੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ, 7-8 ਜੀਡਬਲਿਊ ਸਮਰੱਥਾ ਵਾਲੇ ਗੈਸ-ਅਧਾਰਿਤ ਬਿਜਲੀ ਪਲਾਂਟਾਂ ਨੂੰ ਗੈਸ ਪੂਲਿੰਗ ਤੰਤਰ ਤੋਂ ਛੋਟ ਦੇਣ ਅਤੇ ਥਰਮਲ ਪਾਵਰ ਸਟੇਸ਼ਨਾਂ ’ਤੇ ਵੱਧ ਕੋਲਾ ਪਹੁੰਚਾਉਣ ਲਈ ਰੇਕਾਂ ਦੀ ਗਿਣਤੀ ਵਧਾਉਣ ਵਰਗੇ ਉਪਾਅ ਵੀ ਕੀਤੇ ਗਏ ਹਨ।
ਇਸ ਤੋਂ ਇਲਾਵਾ, ਖੇਤੀਬਾੜੀ, ਨਾਗਰਿਕ ਹਵਾਬਾਜ਼ੀ, ਸ਼ਿਪਿੰਗ ਅਤੇ ਲੌਜਿਸਟਿਕਸ ਵਰਗੇ ਵੱਖ-ਵੱਖ ਹੋਰ ਖੇਤਰਾਂ ਵਿੱਚ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰਸਤਾਵਿਤ ਉਪਾਵਾਂ ’ਤੇ ਵੀ ਚਰਚਾ ਕੀਤੀ ਗਈ।
ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ, ਜ਼ਰੂਰਤਾਂ ਨੂੰ ਪੂਰਾ ਕਰਨ ਹਿਤ ਯੂਰੀਆ ਦਾ ਉਤਪਾਦਨ ਬਰਕਰਾਰ ਰੱਖਣ ਅਤੇ ਡੀਏਪੀ/ਐੱਨਪੀਕੇਐੱਸ ਸਪਲਾਇਰਾਂ ਲਈ ਵਿਦੇਸ਼ੀ ਸਪਲਾਇਰਾਂ ਨਾਲ ਤਾਲਮੇਲ ਕਰਨ ਵਰਗੇ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ। ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਰੋਜ਼ਾਨਾ ਨਿਗਰਾਨੀ, ਛਾਪੇਮਾਰੀ ਅਤੇ ਸਖ਼ਤ ਕਾਰਵਾਈ ਦੇ ਮਾਧਿਅਮ ਰਾਹੀਂ ਖਾਦਾਂ ਦੀ ਕਾਲਾਬਾਜ਼ਾਰੀ, ਜਮ੍ਹਾਖ਼ੋਰੀ ਅਤੇ ਗ਼ਲਤ ਵਰਤੋਂ ’ਤੇ ਰੋਕ ਲਗਾਉਣ।
ਪਿਛਲੇ ਇੱਕ ਮਹੀਨੇ ਤੋਂ ਖਾਧ ਪਦਾਰਥਾਂ ਦੀਆਂ ਪ੍ਰਚੂਨ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ। ਕੀਮਤਾਂ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਗੱਲਬਾਤ ਕਰਨ, ਅਤੇ ਜ਼ਰੂਰੀ ਵਸਤਾਂ ਐਕਟ ਨੂੰ ਲਾਗੂ ਕਰਨ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਖੇਤੀਬਾੜੀ ਉਤਪਾਦਾਂ, ਸਬਜ਼ੀਆਂ ਅਤੇ ਫਲ਼ਾਂ ਦੀਆਂ ਕੀਮਤਾਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ।
ਊਰਜਾ, ਖਾਦਾਂ ਅਤੇ ਹੋਰ ਸਪਲਾਈ ਲੜੀਆਂ ਲਈ ਸਾਡੇ ਸਰੋਤਾਂ ਵਿੱਚ ਵਿਸ਼ਵ ਪੱਧਰ ’ਤੇ ਵਿਭਿੰਨਤਾ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ; ਨਾਲ ਹੀ, ਹੋਰਮੁਜ਼ ਜਲਡਮਰੂਮੱਧ ਤੋਂ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਪਹਿਲਕਦਮੀਆਂ ਅਤੇ ਨਿਰੰਤਰ ਕੂਟਨੀਤਕ ਯਤਨ ਵੀ ਕੀਤੇ ਜਾ ਰਹੇ ਹਨ।
ਸੰਕਟ ਵਿੱਚ ਵਾਧੇ ਦੇ ਦਰਮਿਆਨ ਪ੍ਰਭਾਵਸ਼ਾਲੀ ਜਾਣਕਾਰੀ ਦੇ ਪ੍ਰਸਾਰ ਅਤੇ ਜਨਤਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ, ਰਾਜ ਅਤੇ ਜ਼ਿਲ੍ਹਾ ਪੱਧਰਾਂ ’ਤੇ ਬਿਹਤਰ ਤਾਲਮੇਲ, ਰੀਅਲ-ਟਾਈਮ ਸੰਚਾਰ ਅਤੇ ਸਰਗਰਮ ਉਪਾਅ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਆਮ ਆਦਮੀ ਲਈ ਜ਼ਰੂਰੀ ਵਸਤਾਂ ਦੀ ਉਪਲਬਧਤਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੇਸ਼ ਵਿੱਚ ਖਾਦਾਂ ਦੀ ਉਪਲਬਧਤਾ ਅਤੇ ਖ਼ਰੀਫ਼ ਤੇ ਰਬੀ ਦੇ ਸੀਜ਼ਨਾਂ ਵਿੱਚ ਇਨ੍ਹਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸੰਘਰਸ਼ ਦੇ ਪ੍ਰਭਾਵ ਤੋਂ ਨਾਗਰਿਕਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਨੂੰ ਰੋਕਣ ਲਈ ਜਨਤਾ ਤੱਕ ਸਹੀ ਜਾਣਕਾਰੀ ਦੇ ਸੁਚਾਰੂ ਪ੍ਰਵਾਹ ’ਤੇ ਵੀ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮੌਜੂਦਾ ਵਿਸ਼ਵ-ਵਿਆਪੀ ਸਥਿਤੀ ਤੋਂ ਪ੍ਰਭਾਵਿਤ ਨਾਗਰਿਕਾਂ ਅਤੇ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਹਰ ਸੰਭਵ ਉਪਾਅ ਕਰਨ।
************
ਐੱਮਜੇਪੀਐੱਸ/ਪੀਆਰਕੇ
(Release ID: 2249418)
ਵਿਜ਼ੀਟਰ ਕਾਊਂਟਰ : 47
Read this release in:
English
,
Urdu
,
हिन्दी
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Telugu
,
Kannada
,
Malayalam