ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਪੱਛਮੀ ਏਸ਼ੀਆ ਵਿੱਚ ਹਾਲ ਹੀ ਦੇ ਘਟਨਾਕ੍ਰਮਾਂ ’ਤੇ ਅੰਤਰ-ਮੰਤਰਾਲਾ ਬ੍ਰੀਫਿੰਗ


ਘਰੇਲੂ ਗੈਸ ਸਿਲੰਡਰਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਖ਼ਿਲਾਫ਼ ਕਾਰਵਾਈ ਵਿੱਚ 12 ਹਜ਼ਾਰ ਤੋਂ ਵੱਧ ਛਾਪੇ ਮਾਰੇ ਗਏ; 15,000 ਤੋਂ ਵੱਧ ਐੱਲਪੀਜੀ ਸਿਲੰਡਰ ਜ਼ਬਤ

ਸ਼ਹਿਰੀ ਖੇਤਰਾਂ ਵਿੱਚ ਵਪਾਰਕ ਐੱਲਪੀਜੀ ਖ਼ਪਤਕਾਰਾਂ ਨੂੰ ਪੀਐੱਨਜੀ ਸਪਲਾਈ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ

ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਟੀ ਗੈਸ ਡਿਸਟ੍ਰਿਬਿਊਸ਼ਨ ਪਾਈਪਲਾਈਨ ਵਿਛਾਉਣ ਲਈ ਪ੍ਰਵਾਨਗੀਆਂ ਤੇਜ਼ ਕਰਨ ਨੂੰ ਕਿਹਾ ਗਿਆ

ਔਨਲਾਈਨ ਐੱਲਪੀਜੀ ਬੁਕਿੰਗ ਲਗਭਗ 94 ਫ਼ੀਸਦੀ ਤੱਕ ਵਧੀ

ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜ਼ਰੂਰੀ ਵਸਤੂਆਂ ਐਕਟ ਤਹਿਤ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖਣ ਨੂੰ ਕਿਹਾ ਗਿਆ

ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਕਈ ਸੂਬਿਆਂ ਵਿੱਚ ਵਪਾਰਕ ਐੱਲਪੀਜੀ ਸਪਲਾਈ ਸ਼ੁਰੂ

ਨਾਗਰਿਕਾਂ ਨੂੰ ਘਬਰਾਹਟ ਵਿੱਚ ਬੁਕਿੰਗ ਤੋਂ ਬਚਣ ਅਤੇ ਐੱਲਪੀਜੀ ਸਿਲੰਡਰ ਬੁੱਕ ਕਰਨ ਲਈ ਡਿਜੀਟਲ ਸਾਧਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ

ਐੱਲਪੀਜੀ ਕੈਰੀਅਰ ਜਹਾਜ਼ ਸ਼ਿਵਾਲਿਕ ਕੱਲ੍ਹ ਅਤੇ ਨੰਦਾ ਦੇਵੀ ਜਹਾਜ਼ ਅੱਜ ਦੇਸ਼ ਪਹੁੰਚਿਆ, ਮਾਲ ਉਤਾਰਨ ਦਾ ਕੰਮ ਜਾਰੀ

ਅਰਮੇਨੀਆ ਵਿੱਚ ਦਾਖ਼ਲ ਹੋ ਚੁੱਕੇ ਲਗਭਗ 130 ਭਾਰਤੀ ਸ਼ਰਧਾਲੂਆਂ ਦੇ ਅੱਜ ਸਵਦੇਸ਼ ਪਹੁੰਚਣ ਦੀ ਸੰਭਾਵਨਾ

ਭਾਰਤੀ ਦੂਤਾਵਾਸ ਚੌਵੀ ਘੰਟੇ ਕੰਮ ਕਰ ਰਹੇ ਹਨ, ਸਮੁੱਚੇ ਖੇਤਰ ਭਰ ਵਿੱਚ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਿਯੋਗ ਪ੍ਰਦਾਨ ਕਰ ਰਹੇ ਹਨ

Posted On: 17 MAR 2026 5:31PM by PIB Chandigarh

ਪੱਛਮੀ ਏਸ਼ੀਆ ਵਿੱਚ ਤਾਜ਼ਾ ਘਟਨਾਕ੍ਰਮਾਂ ’ਤੇ ਅੱਜ ਰਾਸ਼ਟਰੀ ਮੀਡੀਆ ਕੇਂਦਰ ਵਿੱਚ ਅੰਤਰ-ਮੰਤਰਾਲਾ ਮੀਡੀਆ ਬ੍ਰੀਫਿੰਗ ਆਯੋਜਿਤ ਕੀਤੀ ਗਈ। ਹਾਲਤ ਦੀ ਤਾਜ਼ਾ ਜਾਣਕਾਰੀ ਦੇਣ ਲਈ ਨਿਯਮਿਤ ਤੌਰ ’ਤੇ ਬ੍ਰੀਫਿੰਗ ਆਯੋਜਿਤ ਕੀਤੀ ਜਾ ਰਹੀ ਹੈਅੱਜ ਦੀ ਪ੍ਰੈੱਸ ਬ੍ਰਿਫਿੰਗ ਵਿੱਚ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ, ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੇ ਬਾਲਣ ਸਪਲਾਈ, ਸਮੁੰਦਰੀ ਸੰਚਾਲਨ, ਖੇਤਰ ਵਿੱਚ ਭਾਰਤੀ ਨਾਗਰਿਕਾਂ ਦੀ ਸਥਿਤੀ ਅਤੇ ਜਨਤਕ ਜਾਣਕਾਰੀ ਦੇ ਯਤਨਾਂ ਦੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ।

ਊਰਜਾ ਸਪਲਾਈ ਅਤੇ ਬਾਲਣ ਉਪਲਬਧਤਾ

ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਟ੍ਰੇਟ ਆਫ਼ ਹੋਰਮੁਜ਼ ਨਾਲ ਸਬੰਧਿਤ ਹਾਲਤ ਨੂੰ ਦੇਖਦੇ ਹੋਏ, ਬਾਲਣ ਸਪਲਾਈ ਦੀ ਵਰਤਮਾਨ ਸਥਿਤੀ ਅਤੇ ਪੈਟ੍ਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣ ਦੇ ਉਪਾਵਾਂ ਦੀ ਜਾਣਕਾਰੀ ਦਿੱਤੀਮੰਤਰਾਲੇ ਨੇ ਕਿਹਾ:

ਕੱਚਾ ਤੇਲ ਅਤੇ ਰਿਫਾਇਨਰੀਆਂ

  • ਸਾਰੀਆਂ ਰਿਫਾਇਨਰੀਆਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਕੋਲ ਕੱਚੇ ਤੇਲ ਦੇ ਢੁਕਵੇਂ ਭੰਡਾਰ ਹਨ। ਮੰਤਰਾਲੇ ਨੇ ਕਿਹਾ ਕਿ ਭਾਰਤ ਪੈਟ੍ਰੋਲ ਅਤੇ ਡੀਜ਼ਲ ਉਤਪਾਦਨ ਵਿੱਚ ਸਵੈ-ਨਿਰਭਰ ਹੈ ਅਤੇ ਘਰੇਲੂ ਮੰਗ ਪੂਰੀ ਕਰਨ ਲਈ ਇਨ੍ਹਾਂ ਦੇ ਆਯਾਤ ਦੀ ਜ਼ਰੂਰਤ ਨਹੀਂ ਹੈ।

ਰਿਟੇਲ ਆਊਟਲੇਟ

  • ਤੇਲ ਮਾਰਕਿਟਿੰਗ ਕੰਪਨੀਆਂ ਵੱਲੋਂ ਪ੍ਰਚੂਨ ਦੁਕਾਨਾਂ 'ਤੇ ਬਾਲਣ ਦੀ ਕੋਈ ਕਮੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਪੈਟ੍ਰੋਲ ਅਤੇ ਡੀਜ਼ਲ ਦੀ ਸਪਲਾਈ ਨਿਯਮਿਤ ਤੌਰ 'ਤੇ ਜਾਰੀ ਹੈ।
  • ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਬਰਾਹਟ ਵਿੱਚ ਖ਼ਰੀਦਦਾਰੀ ਨਾ ਕਰਨ ਕਿਉਂਕਿ ਢੁਕਵੀਂ ਮਾਤਰਾ ਵਿੱਚ ਸਟਾਕ ਉਪਲਬਧ ਹੈ।

ਕੁਦਰਤੀ ਗੈਸ

  • ਤਰਜੀਹ ਵਾਲੇ ਖੇਤਰਾਂ ਨੂੰ ਸੁਰੱਖਿਅਤ ਗੈਸ ਸਪਲਾਈ ਪ੍ਰਦਾਨ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਪੀਐੱਨਜੀ ਅਤੇ ਸੀਐੱਨਜੀ ਦੀ 100 ਫ਼ੀਸਦੀ ਸਪਲਾਈ ਸ਼ਾਮਿਲ ਹੈ। ਉਦਯੋਗਿਕ ਅਤੇ ਵਪਾਰਕ ਖ਼ਪਤਕਾਰਾਂ ਨੂੰ ਸਪਲਾਈ ਲਗਭਗ 80 ਫ਼ੀਸਦੀ 'ਤੇ ਨਿਯੰਤ੍ਰਿਤ ਕੀਤੀ ਜਾ ਰਹੀ ਹੈ।
  • ਸ਼ਹਿਰੀ ਖੇਤਰਾਂ ਵਿੱਚ ਵਪਾਰਕ ਐੱਲਪੀਜੀ ਖ਼ਪਤਕਾਰਾਂ ਨੂੰ ਪੀਐੱਨਜੀ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਅਤੇ ਹੋਟਲ, ਰੈਸਟੋਰੈਂਟ, ਹਸਪਤਾਲ ਅਤੇ ਹੋਸਟਲ ਜਿਹੇ ਅਦਾਰੇ ਅਧਿਕਾਰਤ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਸੰਸਥਾਵਾਂ ਜ਼ਰੀਏ ਪੀਐੱਨਜੀ ਕਨੈਕਸ਼ਨ ਲੈ ਸਕਦੇ ਹਨ।
  • ਇੰਦਰਪ੍ਰਸਥ ਗੈਸ ਲਿਮਟਿਡ-ਆਈਜੀਐੱਲ, ਮਹਾਨਗਰ ਗੈਸ ਲਿਮਟਿਡ-ਐੱਮਜੀਐੱਲ, ਗੇਲ ਗੈਸ ਅਤੇ ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਟਿਡ-ਬੀਪੀਸੀਐੱਲ ਸਮੇਤ ਸ਼ਹਿਰੀ ਗੈਸ ਵੰਡ ਕੰਪਨੀਆਂ ਨੇ ਘਰੇਲੂ ਅਤੇ ਵਪਾਰਕ ਪੀਐੱਨਜੀ ਕਨੈਕਸ਼ਨਾਂ ਲਈ ਪ੍ਰੋਤਸਾਹਨ ਰਕਮ ਦੀ ਪੇਸ਼ਕਸ਼ ਕੀਤੀ ਹੈ।
  • ਸਰਕਾਰ ਸ਼ਹਿਰੀ ਗੈਸ ਵੰਡ-ਸੀਜੀਡੀ ਨੈੱਟਵਰਕ ਦਾ ਵਿਸਤਾਰ ਕਰ ਰਹੀ ਹੈ ਅਤੇ ਉਸਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸਦੇ ਪਾਈਪਲਾਈਨ ਵਿਛਾਉਣ ਦੀਆਂ ਲੰਬਿਤ ਅਰਜ਼ੀਆਂ ਦੀ ਪ੍ਰਵਾਨਗੀ ਵਿੱਚ ਤੇਜ਼ੀ ਲਿਆਉਣ ਅਤੇ ਆਟੋਮੈਟਿਕ ਮਨਜ਼ੂਰੀ ਜਾਰੀ ਕਰਨ, ਸੜਕ ਮੁਰੰਮਤ ਅਤੇ ਮਨਜ਼ੂਰੀ ਚਾਰਜਿਜ ਮੁਆਫ਼ ਕਰਨ, ਕੰਮ ਕਰਨ ਦੀਆਂ ਹਾਲਤਾਂ ਵਿੱਚ ਢਿੱਲ ਦੇਣ ਅਤੇ ਤੇਜ਼ੀ ਨਾਲ ਲਾਗੂਕਰਨ ਵਿੱਚ ਸਹਾਇਤਾ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕਰਨ ਨੂੰ ਕਿਹਾ ਹੈ।

ਰਸੋਈ ਗੈਸ

  • ਮੌਜੂਦਾ ਭੂ-ਰਾਜਨੀਤਕ ਹਾਲਤ ਨੂੰ ਦੇਖਦੇ ਹੋਏ ਘਰੇਲੂ ਗੈਸ ਸਿਲੰਡਰ-ਐੱਲਪੀਜੀ ਸਪਲਾਈ ਦੀ ਨਿਗਰਾਨੀ ਲਗਾਤਾਰ ਜਾਰੀ ਹੈ।
  • ਐੱਲਪੀਜੀ ਡਿਸਟ੍ਰਿਬਿਊਟਰਾਂ ਦੀ ਸਪਲਾਈ ਬੰਦ ਹੋਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।
  • ਰਿਫਾਇਨਰੀਆਂ ਵਿੱਚ ਘਰੇਲੂ ਐੱਲਪੀਜੀ ਉਤਪਾਦਨ ਵਿੱਚ ਲਗਭਗ 38 ਫ਼ੀਸਦੀ ਦਾ ਵਾਧਾ ਹੋਇਆ ਹੈ।
  • ਔਨਲਾਈਨ ਐੱਲਪੀਜੀ ਬੁਕਿੰਗ ਵਿੱਚ ਲਗਭਗ 94 ਫ਼ੀਸਦੀ ਵਧੀ ਹੈ, ਇਸਦੀ ਹੋਰ ਵਰਤੋਂ ਨੂੰ ਰੋਕਣ ਲਈ ਡਿਲੀਵਰੀ ਪ੍ਰਮਾਣੀਕਰਨ ਕੋਡ ਕਵਰੇਜ ਸੰਕਟ ਤੋਂ ਪਹਿਲਾਂ ਦੇ 53 ਫ਼ੀਸਦੀ ਤੋਂ ਵਧ ਕੇ ਲਗਭਗ 76 ਫ਼ੀਸਦੀ ਹੋ ਗਈ ਹੈ।
  • ਘਰੇਲੂ ਐੱਲਪੀਜੀ ਸਿਲੰਡਰ ਦੀ ਸਪਲਾਈ ਆਮ ਤੌਰ ’ਤੇ ਜਾਰੀ ਹੈ।
  • ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਮਣੀਪੁਰ, ਰਾਜਸਥਾਨ ਅਤੇ ਉੱਤਰਾਖੰਡ ਜਿਹੇ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਰ-ਘਰੇਲੂ ਐੱਲਪੀਜੀ ਦੇ ਵੰਡ ਆਦੇਸ਼ ਜਾਰੀ ਕੀਤੇ ਹਨ ਅਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਪਾਰਕ ਐੱਲਪੀਜੀ ਦੀ ਸਪਲਾਈ ਉਪਲਬਧ ਕਰਵਾਈ ਜਾ ਰਹੀ ਹੈ।

ਮਿੱਟੀ ਦਾ ਤੇਲ

  • ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 48,000 ਕਿਲੋਲੀਟਰ ਮਿੱਟੀ ਦਾ ਤੇਲ ਵਾਧੂ ਅਲੋਕੇਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਸਦੀ ਵੰਡ ਕਰਨ ਲਈ ਜਗ੍ਹਾਵਾਂ ਦੀ ਪਹਿਚਾਣ ਕਰਨ ਨੂੰ ਕਿਹਾ ਗਿਆ।
  • ਬਿਹਾਰ, ਛੱਤੀਸਗੜ੍ਹ, ਮਣੀਪੁਰ, ਕੇਰਲ, ਤਮਿਲਨਾਡੂ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਸਮੇਤ ਕਈ ਸੂਬਿਆਂ ਨੇ ਜਨਤਕ ਵੰਡ ਪ੍ਰਣਾਲੀ ਅਧੀਨ ਮਿੱਟੀ ਦੇ ਤੇਲ ਦੀ ਵੰਡ ਅਤੇ ਵਿਕਰੀ ਦੇ ਆਦੇਸ਼ ਜਾਰੀ ਕੀਤੇ ਹਨ।

ਸੂਬਾ ਸਰਕਾਰਾਂ ਵੱਲੋਂ ਆਯੋਜਿਤ ਬੈਠਕਾਂ

  • ਜ਼ਰੂਰੀ ਵਸਤੂਆਂ ਐਕਟ, 1955 ਅਤੇ ਐੱਲਪੀਜੀ ਕੰਟਰੋਲ ਆਰਡਰ, 2000 ਦੇ ਤਹਿਤ, ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਖ਼ਿਲਾਫ਼ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
  • ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮੁੱਖ ਜ਼ਿੰਮੇਵਾਰੀ ਪੈਟ੍ਰੋਲ, ਡੀਜ਼ਲ ਅਤੇ ਐੱਲਪੀਜੀ ਦੀ ਸਪਲਾਈ ਦੀ ਨਿਗਰਾਨੀ ਅਤੇ ਨਿਯਮਿਤ ਕਰਨ ਦੀ ਹੈ।
  • ਕੇਂਦਰ ਸਰਕਾਰ ਨੇ ਮਿਤੀ 13 ਮਾਰਚ, 2026 ਦੇ ਲਿਖੇ ਪੱਤਰ ਵਿੱਚ ਮੁੱਖ ਸਕੱਤਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਜ਼ਿਲ੍ਹਾ ਕਮਿਸ਼ਨਰਾਂ/ਕਲੈਕਟਰਾਂ ਅਤੇ ਲਾਗੂਕਰਨ ਏਜੰਸੀਆਂ ਨੂੰ ਨਿਰੀਖਣ ਅਤੇ ਅਚਾਨਕ ਜਾਂਚ ਕਰਨ ਦਾ ਨਿਰਦੇਸ਼ ਦੇਣ।
  • 27 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਕੰਟਰੋਲ ਰੂਮ ਸਥਾਪਤ ਕੀਤੇ ਹਨ ਅਤੇ ਪ੍ਰੈਸ ਬ੍ਰਿਫਿੰਗਸ ਆਯੋਜਿਤ ਕਰ ਰਹੇ ਹਨ।
  • ਰਾਜਸਥਾਨ, ਤੇਲੰਗਾਨਾ, ਗੋਆ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮਹਾਰਾਸ਼ਟਰ, ਓਡੀਸ਼ਾ ਅਤੇ ਤਮਿਲਨਾਡੂ ਸਮੇਤ ਕਈ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਜ਼ਿਲ੍ਹਾ ਪੱਧਰੀ ਨਿਗਰਾਨੀ ਕਮੇਟੀਆਂ ਬਣਾਈਆਂ ਹਨ; ਹੋਰ ਸੂਬਿਆਂ ਨੂੰ ਵੀ ਇਸ ਤਰ੍ਹਾਂ ਦੀਆਂ ਕਮੇਟੀਆਂ ਸਥਾਪਤ ਕਰਨ ਨੂੰ ਕਿਹਾ ਗਿਆ ਹੈ।

ਲਾਗੂਕਰਨ ਦੀ ਕਾਰਵਾਈ

  • ਦੇਸ਼ ਭਰ ਵਿੱਚ ਘਰੇਲੂ ਗੈਸ ਸਿਲੰਡਰ-ਐੱਲਪੀਜੀ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ’ਤੇ ਰੋਕ ਲਗਾਉਣ ਲਈ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ।
  • ਹੁਣ ਤੱਕ 12,000 ਤੋਂ ਵੱਧ ਛਾਪੇ ਮਾਰੇ ਗਏ ਹਨ ਅਤੇ 15,000 ਤੋਂ ਵੱਧ ਸਿਲੰਡਰ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਕਾਰਵਾਈਆਂ ਦਿੱਲੀ, ਗੋਆ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਕੇਰਲ ਅਤੇ ਮੱਧ ਪ੍ਰਦੇਸ਼ ਵਿੱਚ ਹੋਈਆਂ ਹਨ।
  • ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਸੁਚਾਰੂ ਸਪਲਾਈ ਯਕੀਨੀ ਬਣਾਉਣ ਅਤੇ ਬੇਨਿਯਮੀਆਂ ਨੂੰ ਰੋਕਣ ਲਈ ਪ੍ਰਚੂਨ ਦੁਕਾਨਾਂ ਅਤੇ ਐੱਲਪੀਜੀ ਡਿਸਟ੍ਰਿਬਿਊਟਰਾਂ ਦੇ 2,500 ਤੋਂ ਵੱਧ ਅਚਾਨਕ ਨਿਰੀਖਣ ਕੀਤੇ ਹਨ।

ਸਰਕਾਰ ਵੱਲੋਂ ਕੀਤੇ ਜਾ ਰਹੇ ਹੋਰ ਉਪਾਅ

  • ਸਰਕਾਰ ਦੀ ਸਰਬਉੱਚ ਤਰਜੀਹ ਖ਼ਾਸ ਤੌਰ ’ਤੇ ਘਰਾਂ, ਹਸਪਤਾਲਾਂ ਅਤੇ ਵਿੱਦਿਅਕ ਅਦਾਰਿਆਂ ਜਿਹੇ ਤਰਜੀਹ ਵਾਲੇ ਖੇਤਰਾਂ ਵਿੱਚ ਨਿਰਵਿਘਨ ਐੱਲਪੀਜੀ ਸਪਲਾਈ ਯਕੀਨੀ ਬਣਾਉਣਾ ਹੈ।
  • ਐੱਲਪੀਜੀ ਸਪਲਾਈ 'ਤੇ ਦਬਾਅ ਘੱਟ ਕਰਨ ਲਈ, 14 ਮਾਰਚ 2026 ਦੇ ਐੱਲਪੀਜੀ ਕੰਟਰੋਲ ਆਰਡਰ ਸੋਧ ਦੇ ਤਹਿਤ ਪੀਐੱਨਜੀ ਖ਼ਪਤਕਾਰਾਂ ਨੂੰ ਐੱਲਪੀਜੀ ਕਨੈਕਸ਼ਨ ਛੱਡਣ ਨੂੰ ਕਿਹਾ ਗਿਆ ਹੈ।
  • ਬਰਾਬਰ ਵੰਡ ਯਕੀਨੀ ਬਣਾਉਣ ਲਈ ਸ਼ਹਿਰੀ ਖੇਤਰਾਂ ਵਿੱਚ ਬੁਕਿੰਗ ਅੰਤਰਾਲ ਨੂੰ ਸੋਧ ਕੇ 25 ਦਿਨ ਅਤੇ ਪੇਂਡੂ ਖੇਤਰਾਂ ਵਿੱਚ 45 ਦਿਨ ਕਰ ਦਿੱਤਾ ਗਿਆ ਹੈ।
  • ਐੱਲਪੀਜੀ ਦੀ ਮੰਗ 'ਤੇ ਦਬਾਅ ਘੱਟ ਕਰਨ ਲਈ ਮਿੱਟੀ ਦੇ ਤੇਲ ਅਤੇ ਕੋਲੇ ਜਿਹੇ ਵਿਕਲਪਕ ਬਾਲਣ ਉਪਲਬਧ ਕਰਵਾਏ ਗਏ ਹਨ।
  • ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਡਿਜੀਟਲ ਬੁਕਿੰਗ ਨੂੰ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਔਨਲਾਈਨ ਬੁਕਿੰਗ ਪ੍ਰਣਾਲੀ ਬਿਹਤਰ ਢੰਗ ਨਾਲ ਅਪਣਾਉਣ ਦੇ ਨਾਲ ਹੀ ਘਬਰਾਹਟ ਵਿੱਚ ਕੀਤੀਆਂ ਜਾਣ ਵਾਲੀਆਂ ਬੁਕਿੰਗਸ ਨੂੰ ਘੱਟ ਕਰ ਰਹੀਆਂ ਹਨ।
  • ਕਈ ਸੂਬਿਆਂ ਵਿੱਚ ਉੱਥੇ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਵਪਾਰਕ ਐੱਲਪੀਜੀ ਸਪਲਾਈ ਸ਼ੁਰੂ ਕੀਤੀ ਗਈ ਹੈ।

ਜਨਤਕ ਸਲਾਹ

  • ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਬਰਾਉਣ ਨਾ, ਕਿਉਂਕਿ ਘਰਾਂ ਅਤੇ ਜ਼ਰੂਰੀ ਖੇਤਰਾਂ ਲਈ ਲੋੜੀਂਦੀ ਐੱਲਪੀਜੀ ਸਪਲਾਈ ਬਣਾਈ ਰੱਖੀ ਜਾ ਰਹੀ ਹੈ।
  • ਐੱਲਪੀਜੀ ਸਿਲੰਡਰ ਦੀ ਬੁਕਿੰਗ ਇੰਟਰਐਕਟਿਵ ਵੌਇਸ ਰਿਸਪਾਂਸ ਸਿਸਟਮ, ਐੱਸਐੱਮਐੱਸ, ਵਟਸਐਪ, ਮੋਬਾਇਲ ਐਪਲੀਕੇਸ਼ਨਾਂ ਅਤੇ ਈ-ਕਾਮਰਸ ਪਲੈਟਫਾਰਮਾਂ ਜਿਹੇ ਡਿਜੀਟਲ ਪਲੈਟਫਾਰਮਾਂ ਜ਼ਰੀਏ ਕੀਤੀ ਜਾ ਸਕਦੀ ਹੈ।
  • ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਹਟ ਵਿੱਚ ਬੁਕਿੰਗ ਨਾ ਕਰਨ, ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰਨ ਅਤੇ ਐੱਲਪੀਜੀ ਡਿਸਟ੍ਰਿਬਿਊਟਰਾਂ ਕੋਲ ਗੈਰ-ਜ਼ਰੂਰੀ ਤੌਰ ‘ਤੇ ਜਾਣ ਤੋਂ ਬਚਣ।
  • ਖ਼ਪਤਕਾਰਾਂ ਨੂੰ ਬਦਲਵੇਂ ਬਾਲਣ ਜਿਵੇਂ ਪੀਐੱਨਜੀ ਅਤੇ ਇਲੈਕਟ੍ਰਿਕ ਜਾਂ ਇੰਡਕਸ਼ਨ ਕੁੱਕਟੌਪ ਦੀ ਵਰਤੋਂ ਕਰਨ ਅਤੇ ਊਰਜਾ ਬਚਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
  • ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਟੀਕ ਜਾਣਕਾਰੀ ਲਈ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ ਅਤੇ ਅਫ਼ਵਾਹਾਂ ਤੋਂ ਬਚਣ।

ਸਮੁੰਦਰੀ ਸੁਰੱਖਿਆ ਅਤੇ ਸ਼ਿਪਿੰਗ ਸੰਚਾਲਨ

ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਨੇ ਫ਼ਾਰਸ ਦੀ ਖਾੜੀ ਵਿੱਚ ਸਮੁੰਦਰੀ ਗਤੀਵਿਧੀਆਂ ਦੀ ਤਾਜ਼ਾ ਸਥਿਤੀ ਅਤੇ ਭਾਰਤੀ ਜਹਾਜ਼ਾਂ ਅਤੇ ਚਾਲਕ ਦਲ ਦੀ ਸੁਰੱਖਿਆ ਲਈ ਚੁੱਕੇ ਗਏ ਉਪਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਮੰਤਰਾਲੇ ਨੇ ਦੱਸਿਆ ਕਿ:

  • ਇਸ ਖੇਤਰ ਵਿੱਚ ਸਾਰੇ ਭਾਰਤੀ ਨਾਵਿਕ ਸੁਰੱਖਿਅਤ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਭਾਰਤੀ ਨਾਵਿਕਾਂ ਨਾਲ ਜੁੜੀ ਜਹਾਜ਼ ਸਬੰਧੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।
  • ਹਾਲੇ ਪੱਛਮੀ ਫ਼ਾਰਸ ਦੀ ਖਾੜੀ ਖੇਤਰ ਵਿੱਚ ਭਾਰਤੀ ਝੰਡੇ ਵਾਲੇ 22 ਜਹਾਜ਼ ਅਤੇ 611 ਭਾਰਤੀ ਨਾਵਿਕ ਮੌਜੂਦ ਹਨ। ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ, ਜਹਾਜ਼ ਮਾਲਕਾਂ, ਆਰਪੀਐੱਸਐੱਲ ਏਜੰਸੀਆਂ ਅਤੇ ਭਾਰਤੀ ਮਿਸ਼ਨਾ ਦੇ ਤਾਲਮੇਲ ਨਾਲ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।
  • ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਕੰਟਰੋਲ ਰੂਮ ਦੇ ਸਰਗਰਮ ਹੋਣ ਤੋਂ ਬਾਅਦ, 3,180 ਫ਼ੋਨ ਕਾਲਾਂ ਅਤੇ 5,875 ਈਮੇਲ ਮਿਲੇ ਹਨ, ਜਿਨ੍ਹਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਨਾਵਿਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮੁੰਦਰੀ ਹਿਤਧਾਰਕਾਂ ਦੇ 150 ਕਾਲ ਅਤੇ 378 ਈਮੇਲ ਸ਼ਾਮਿਲ ਹਨ।
  • ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਨੇ ਖਾੜੀ ਖੇਤਰ ਦੇ ਹਵਾਈ ਅੱਡਿਆਂ ਅਤੇ ਖੇਤਰੀ ਸਥਾਨਾਂ ਤੋਂ 447 ਤੋਂ ਵੱਧ ਭਾਰਤੀ ਨਾਵਿਕਾਂ ਦੀ ਸੁਰੱਖਿਅਤ ਵਾਪਸੀ ਵਿੱਚ ਸਹਾਇਤਾ ਕੀਤੀ ਹੈ, ਜਿਨ੍ਹਾਂ ਵਿੱਚੋਂ 161 ਨੂੰ ਪਿਛਲੇ 24 ਘੰਟਿਆਂ ਵਿੱਚ ਵਾਪਸ ਲਿਆਂਦਾ ਗਿਆ ਹੈ।
  • ਐੱਲਪੀਜੀ ਕੈਰੀਅਰ ਜਹਾਜ਼ ਸ਼ਿਵਾਲਿਕ ਮੁੰਦ੍ਰਾ ਬੰਦਰਗਾਹ 'ਤੇ ਪਹੁੰਚ ਗਿਆ ਹੈ ਅਤੇ ਮਾਲ ਉਤਾਰਨ ਦਾ ਕੰਮ ਜਾਰੀ ਹੈ, ਜਦੋਂ ਕਿ ਨੰਦਾ ਦੇਵੀ ਜਹਾਜ਼ ਅੱਜ ਸਵੇਰੇ ਕਾਂਡਲਾ ਪਹੁੰਚਿਆ ਅਤੇ ਐਨੋਰ ਅਤੇ ਹਲਦੀਆ ਸਮੇਤ ਪੂਰਬੀ ਤੱਟ ਵੱਲ ਅੱਗੇ ਭੇਜਣ ਲਈ ਮਾਲ ਉਤਾਰਨਾ ਸ਼ੁਰੂ ਕਰ ਦਿੱਤਾ ਹੈ।
  • ਤਰਜੀਹ ਦੇ ਅਧਾਰ ’ਤੇ ਜਹਾਜ਼ ਨੂੰ ਠਹਿਰਾਉਣ ਅਤੇ ਤੇਜ਼ੀ ਨਾਲ ਮਾਲ ਉਤਾਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਦਸਤਾਵੇਜ਼ੀਕਰਨ ਅਤੇ ਆਉਣ ਤੋਂ ਪਹਿਲਾਂ ਦੀਆਂ ਰਸਮਾਂ ਪਹਿਲਾਂ ਹੀ ਪੂਰੀਆਂ ਕੀਤੀਆਂ ਗਈਆਂ ਹਨ।
  • ਪ੍ਰਮੁੱਖ ਬੰਦਰਗਾਹ ਜਹਾਜ਼ਾਂ ਦੀ ਆਵਾਜਾਈ ਅਤੇ ਮਾਲ ਢੁਆਈ ਦੇ ਕੰਮ ‘ਤੇ ਸਖ਼ਤ ਨਿਗਰਾਨੀ ਰੱਖ ਰਹੇ ਹਨ ਅਤੇ ਵਾਧੂ ਭੰਡਾਰਨ ਉਪਲਬਧ ਕਰਾਉਣ ਸਮੇਤ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੇ ਹਨਚਿਦੰਬਰਾਨਾਰ ਬੰਦਰਗਾਹ ਅਥਾਰਟੀ ਨੇ ਟ੍ਰਾਂਸਸ਼ਿਪਮੈਂਟ ਕੰਟੇਨਰਾਂ ਲਈ ਲਗਭਗ 90 ਹਜ਼ਾਰ ਵਰਗ ਮੀਟਰ ਜਗ੍ਹਾ ਉਪਲਬਧ ਕਰਵਾਈ ਹੈ।
  • ਜਵਾਹਰ ਲਾਲ ਨਹਿਰੂ ਬੰਦਰਗਾਹ ਅਥਾਰਟੀ-ਜੇਐੱਨਪੀਏ ਦੇ ਬਾਹਰ ਸੜਕਾਂ 'ਤੇ ਕੰਟੇਨਰਾਂ ਦੇ ਪਏ ਹੋਣ ਦੀਆਂ ਖ਼ਬਰਾਂ ਗਲਤ ਹਨ। ਕੰਟੇਨਰ ਫਿਲਹਾਲ ਆਮ ਸੰਚਾਲਨ ਦੇ ਤਹਿਤ ਕੰਟੇਨਰ ਫ੍ਰੇਟ ਸਟੇਸ਼ਨਾਂ, ਗੋਦਾਮਾਂ ਜਾਂ ਕੰਪਲੈਕਸਾਂ ਵਿੱਚ ਮੌਜੂਦ ਹਨ।
  • ਜੇਐੱਨਪੀਏ ਵਿੱਚ ਭੀੜ ਘੱਟ ਹੋ ਰਹੀ ਹੈ। ਉੱਥੇ ਖ਼ਰਾਬ ਹੋਣ ਵਾਲੇ ਸਮਾਨਾਂ ਦੇ ਕੰਟੇਨਰਾਂ ਦੀ ਗਿਣਤੀ ਲਗਭਗ 2,000 ਤੋਂ ਘਟ ਕੇ ਲਗਭਗ 1,000 ਰਹਿ ਗਈ ਹੈ।
  • ਸਲਾਲਾਹ ਅਤੇ ਖੋਰ ਫੱਕਨ ਜਿਹੀਆਂ ਬੰਦਰਗਾਹਾਂ ਲਈ ਜਹਾਜ਼ ਰਵਾਨਾ ਹੋਏ ਹਨ। ਅੱਜ ਇੱਕ ਹੋਰ ਜਹਾਜ਼ ਲਗਭਗ 200 ਕੰਟੇਨਰ ਲੈ ਕੇ ਰਵਾਨਾ ਹੋਣ ਵਾਲਾ ਹੈ। ਅਗਲੇ 24 ਤੋਂ 48 ਘੰਟਿਆਂ ਵਿੱਚ ਭਾਰਤ ਦੇ ਫ਼ਸੇ ਹੋਏ ਕੰਟੇਨਰਾਂ ਦੀ ਗਿਣਤੀ ਘਟ ਕੇ ਲਗਭਗ 600 ਹੋਣ ਦੀ ਸੰਭਾਵਨਾ ਹੈ।
  • ਪੱਛਮੀ ਏਸ਼ੀਆ ਵਿੱਚ ਬਦਲਦੀ ਹਾਲਤ ਨੂੰ ਦੇਖਦੇ ਹੋਏ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲਾ ਜਹਾਜ਼ਰਾਨੀ ਗਤੀਵਿਧੀਆਂ, ਬੰਦਰਗਾਹ ਸੰਚਾਲਨ, ਭਾਰਤੀ ਨਾਵਿਕਾਂ ਦੀ ਸੁਰੱਖਿਆ ਅਤੇ ਸਮੁੰਦਰੀ ਵਪਾਰ ਦੀ ਲਗਾਤਾਰਤਾ 'ਤੇ ਲਗਾਤਾਰ ਨੇੜਿਓਂ ਨਜ਼ਰ ਰੱਖ ਰਿਹਾ ਹੈ।

ਖੇਤਰ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ

ਖੇਤਰ ਨਾਲ ਸਬੰਧਿਤ ਘਟਨਾਕ੍ਰਮਾਂ ’ਤੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਭਾਰਤੀ ਦੂਤਾਵਾਸਾਂ ਜ਼ਰੀਏ ਜਾਰੀ ਸਹਾਇਤਾ ਅਤੇ ਸੰਪਰਕ ਯਤਨਾਂ ਦੇ ਵੇਰਵੇ ਸ਼ਾਮਿਲ ਹਨ। ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ:

  • ਇਹ ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਦੀ ਸਥਿਤੀ ’ਤੇ ਨਿਰੰਤਰ ਨਜ਼ਰ ਰੱਖ ਰਿਹਾ ਹੈ। ਭਾਰਤੀ ਭਾਈਚਾਰੇ ਦੀ ਸੁਰੱਖਿਆ, ਭਲਾਈ ਅਤੇ ਬਚਾਅ ਨੂੰ ਸਰਬਉੱਚ ਤਰਜੀਹ ਦਿੱਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦਾ ਇੱਕ ਖ਼ਾਸ ਕੰਟਰੋਲ ਰੂਮ ਕਾਰਜਸ਼ੀਲ ਹੈ ਅਤੇ ਉਸਦਾ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਲਗਾਤਾਰ ਤਾਲਮੇਲ ਜਾਰੀ ਹੈ।
  • ਯੂਰਪੀਅਨ ਕਮਿਸ਼ਨ ਦੀ ਉੱਚ ਪ੍ਰਤੀਨਿਧੀ ਅਤੇ ਉਪ-ਪ੍ਰਧਾਨ ਸ਼੍ਰੀਮਤੀ ਕਾਜਾ ਕੈਲਾਸ ਦੇ ਸੱਦੇ 'ਤੇ ਵਿਦੇਸ਼ ਮੰਤਰੀ ਨੇ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਦੀ ਪ੍ਰੀਸ਼ਦ ਵਿੱਚ ਹਿੱਸਾ ਲੈਣ ਲਈ ਬੈਲਜੀਅਮ ਦਾ ਦੌਰਾ ਕੀਤਾ।
  • ਬੈਠਕ ਦੇ ਦੌਰਾਨ, ਭਾਰਤ-ਯੂਰਪੀ ਯੂਨੀਅਨ ਦੇ ਸਬੰਧਾਂ ਅਤੇ ਅਹਿਮ ਵਿਸ਼ਵਵਿਆਪੀ ਚੁਣੌਤੀਆਂ, ਖ਼ਾਸ ਕਰਕੇ ਪੱਛਮੀ ਏਸ਼ੀਆ ਦੀ ਸਥਿਤੀ ਅਤੇ ਊਰਜਾ ਸੁਰੱਖਿਆ 'ਤੇ ਇਸਦੇ ਪੈ ਰਹੇ ਪ੍ਰਭਾਵਾਂ 'ਤੇ ਚਰਚਾ ਹੋਈ, ਜਿਸ ਵਿੱਚ ਸੰਵਾਦ ਅਤੇ ਕੂਟਨੀਤੀ 'ਤੇ ਜ਼ੋਰ ਦਿੱਤਾ ਗਿਆ।
  • ਕੌਂਸਲ ਦੀ ਕਾਰਵਾਈ ਦੌਰਾਨ, ਵਿਦੇਸ਼ ਮੰਤਰੀ ਨੇ ਯੂਰਪੀਅਨ ਯੂਨੀਅਨ ਦੇ ਉੱਚ ਪ੍ਰਤੀਨਿਧੀਆਂ ਅਤੇ ਉਪ-ਪ੍ਰਧਾਨ ਅਤੇ ਬੈਲਜੀਅਮ, ਸਾਈਪ੍ਰਸ, ਜਰਮਨੀ, ਨੀਦਰਲੈਂਡ ਅਤੇ ਸਲੋਵਾਕੀਆ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ ਅਤੇ ਅੰਤਰਰਾਸ਼ਟਰੀ ਘਟਨਾਕ੍ਰਮਾਂ 'ਤੇ ਚਰਚਾ ਕੀਤੀ।
  • ਈਰਾਨ ਤੋਂ ਲਗਭਗ 700 ਭਾਰਤੀ ਨਾਗਰਿਕ ਅਰਮੇਨੀਆ (ਲਗਭਗ 600) ਅਤੇ ਅਜ਼ਰਬੈਜਾਨ ਵਿੱਚ ਦਾਖ਼ਲ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਕੱਲ੍ਹ ਅਰਮੇਨੀਆ ਵਿੱਚ ਦਾਖ਼ਲ ਕਰਨ ਵਾਲੇ ਲਗਭਗ 50 ਵਾਧੂ ਵਿਅਕਤੀ ਸ਼ਾਮਿਲ ਹਨ।
  • ਅਰਮੇਨੀਆ ਵਿੱਚ ਦਾਖ਼ਲ ਕਰਨ ਵਾਲੇ 284 ਭਾਰਤੀ ਸ਼ਰਧਾਲੂਆਂ ਵਿੱਚੋਂ ਲਗਭਗ 130 ਦੇ ਅੱਜ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ।
  • ਵਿਦੇਸ਼ ਮੰਤਰਾਲੇ ਦਾ ਕੰਟਰੋਲ ਰੂਮ ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਿਹਾ ਹੈ। ਕੰਟਰੋਲ ਰੂਮ ਵਿੱਚ ਆਉਣ ਵਾਲੀਆਂ ਕਾਲਾਂ ਅਤੇ ਈਮੇਲਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਕੱਲ੍ਹ 22 ਕਾਲਾਂ ਅਤੇ 6 ਈਮੇਲਾਂ ਪ੍ਰਾਪਤ ਹੋਈਆਂ ਅਤੇ ਉਨ੍ਹਾਂ ‘ਤੇ ਤੁਰੰਤ ਕਾਰਵਾਈ ਕੀਤੀ ਗਈ।
  • ਪੱਛਮੀ ਏਸ਼ੀਆਈ ਖੇਤਰ ਵਿੱਚ ਭਾਰਤੀ ਦੂਤਾਵਾਸ ਅਤੇ ਮਿਸ਼ਨ 24/7 ਘੰਟੇ ਕੰਮ ਕਰ ਰਹੇ ਹਨ, ਲਗਾਤਾਰ ਹੈਲਪਲਾਈਨ ਸੇਵਾ ਪ੍ਰਦਾਨ ਕਰ ਰਹੇ ਹਨ। ਉਹ ਭਾਰਤੀ ਭਾਈਚਾਰਕ ਸੰਗਠਨਾਂ ਨਾਲ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਨਿਯਮਿਤ ਤੌਰ ’ਤੇ ਸਲਾਹ ਜਾਰੀ ਕਰ ਰਹੇ ਹਨ। ਦੂਤਾਵਾਸ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ ਅਤੇ ਫ਼ਸੇ ਹੋਏ ਭਾਰਤੀਆਂ, ਵਿਦਿਆਰਥੀਆਂ, ਨਾਵਿਕਾਂ ਅਤੇ ਥੋੜ੍ਹੇ ਸਮੇਂ ਦੇ ਸੈਲਾਨੀਆਂ ਨੂੰ ਵੀਜ਼ਾ ਸਹਾਇਤਾ, ਸੰਚਾਲਨ ਸਹਾਇਤਾ ਅਤੇ ਆਵਾਜਾਈ ਸਹੂਲਤ ਸਮੇਤ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ।
  • 28 ਫ਼ਰਵਰੀ ਤੋਂ ਹੁਣ ਤੱਕ ਇਸ ਖੇਤਰ ਤੋਂ ਲਗਭਗ 244,000 ਯਾਤਰੀ ਭਾਰਤ ਵਾਪਸ ਪਹੁੰਚੇ ਹਨ।
  • ਸੰਯੁਕਤ ਅਰਬ ਅਮੀਰਾਤ ਵਿੱਚ ਅੱਜ ਸਵੇਰੇ ਹਵਾਈ ਖੇਤਰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਫਿਰ ਤੋਂ ਖੋਲ੍ਹ ਦਿੱਤਾ ਗਿਆ। ਸੀਮਤ ਗਿਣਤੀ ਵਿੱਚ ਗੈਰ-ਨਿਰਧਾਰਤ ਉਡਾਨਾਂ ਜਾਰੀ ਹਨ, ਜਿਨ੍ਹਾਂ ਵਿੱਚ 16 ਮਾਰਚ 2026 ਨੂੰ ਲਗਭਗ 55 ਉਡਾਨਾਂ ਅਤੇ ਅੱਜ ਅਮੀਰਾਤ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਭਾਰਤ ਲਈ ਲਗਭਗ 70 ਉਡਾਨਾਂ ਦੀ ਉਮੀਦ ਹੈਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਏਅਰਲਾਈਨਾਂ ਤੋਂ ਨਵੀਂ ਸਮਾਂ-ਸਾਰਣੀ ਦੀ ਜਾਣਕਾਰੀ ਲੈਣ ਅਤੇ ਸਹਾਇਤਾ ਲਈ ਭਾਰਤੀ ਦੂਤਾਵਾਸਾਂ ਨਾਲ ਸੰਪਰਕ ਕਰਨ।
  • ਸਾਊਦੀ ਅਰਬ ਅਤੇ ਓਮਾਨ ਤੋਂ ਭਾਰਤ ਦੇ ਵੱਖ-ਵੱਖ ਸਥਾਨਾਂ ਲਈ ਉਡਾਨਾਂ ਜਾਰੀ ਹਨ।
  • ਕਤਰ ਦਾ ਹਵਾਈ ਖੇਤਰ ਅੰਸ਼ਕ ਤੌਰ 'ਤੇ ਖੁੱਲ੍ਹਾ ਹੈ। ਉੱਥੋਂ 16 ਮਾਰਚ, 2026 ਨੂੰ ਭਾਰਤ ਲਈ ਤਿੰਨ ਉਡਾਨਾਂ ਸੰਚਾਲਿਤ ਹੋਈਆਂ ਅਤੇ ਅੱਜ ਵੀ ਤਿੰਨ ਹੋਰ ਉਡਾਨਾਂ ਦੇ ਸੰਚਾਲਨ ਦੀ ਸੰਭਾਵਨਾ ਹੈ।
  • ਕੁਵੈਤ ਦਾ ਹਵਾਈ ਖੇਤਰ 28 ਫ਼ਰਵਰੀ, 2026 ਤੋਂ ਬੰਦ ਹੈ। ਸਾਊਦੀ ਅਰਬ ਦੇ ਅਲ ਕੈਸੁਮਾਹ ਹਵਾਈ ਅੱਡੇ ਤੋਂ ਭਾਰਤ ਲਈ ਜਜ਼ੀਰਾ ਏਅਰਵੇਜ਼ ਦੀ ਖ਼ਾਸ ਗੈਰ-ਨਿਰਧਾਰਤ ਉਡਾਨਾਂ ਸੰਚਾਲਿਤ ਹੋਣ ਦੀ ਸੰਭਾਵਨਾ ਹੈ।
  • ਬਹਿਰੀਨ ਅਤੇ ਇਰਾਕ ਵਿੱਚ ਹਵਾਈ ਖੇਤਰ ਹਾਲੇ ਵੀ ਬੰਦ ਹੈ ਅਤੇ ਉੱਥੇ ਮੌਜੂਦ ਭਾਰਤੀ ਨਾਗਰਿਕਾਂ ਲਈ ਸਾਊਦੀ ਅਰਬ ਦੇ ਰਸਤੇ ਆਵਾਜਾਈ ਦੀ ਸਹੂਲਤ ਜਾਰੀ ਹੈ।
  • 13 ਮਾਰਚ, 2026 ਨੂੰ ਸੋਹਾਰ ਘਟਨਾ ਵਿੱਚ ਜਾਨ ਗੁਆਉਣ ਵਾਲੇ ਦੋ ਭਾਰਤੀ ਨਾਗਰਿਕਾਂ ਦੇ ਮ੍ਰਿਤਕ ਸਰੀਰ ਜੈਪੁਰ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ ਹਨ। ਭਾਰਤ ਸਰਕਾਰ ਨੇ ਇਸ ਘਟਨਾ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।
  • ਭਾਰਤੀ ਦੂਤਾਵਾਸ ਜ਼ਖ਼ਮੀ ਭਾਰਤੀ ਨਾਗਰਿਕਾਂ ਦੀ ਸਥਿਤੀ ‘ਤੇ ਨਜ਼ਰ ਰੱਖਣ ਲਈ ਹਸਪਤਾਲ ਅਧਿਕਾਰੀਆਂ ਅਤੇ ਸਬੰਧਿਤ ਕੰਪਨੀ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਵਿੱਚੋਂ ਕੋਈ ਵੀ ਗੰਭੀਰ ਤੌਰ ’ਤੇ ਜ਼ਖ਼ਮੀ ਨਹੀਂ ਹੈ।
  • ਬਸਰਾ ਵਿੱਚ ਦੂਤਾਵਾਸ ਦੀ ਟੀਮ ਉਨ੍ਹਾਂ 15 ਭਾਰਤੀ ਚਾਲਕ ਦਲ ਦੇ ਮੈਂਬਰਾਂ ਦੀ ਸਹਾਇਤਾ ਜਾਰੀ ਰੱਖ ਰਹੀ ਹੈ, ਜਿਨ੍ਹਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਅਤੇ ਜੋ ਹਾਲੇ ਇੱਕ ਹੋਟਲ ਵਿੱਚ ਰੁਕੇ ਹੋਏ ਹਨ। ਉਨ੍ਹਾਂ ਦੀ ਜਲਦੀ ਭਾਰਤ ਵਾਪਸੀ ਦੇ ਯਤਨ ਜਾਰੀ ਹਨ।
  • ਦੂਤਾਵਾਸ ਮ੍ਰਿਤਕ ਭਾਰਤੀ ਨਾਗਰਿਕ ਦੇ ਸਰੀਰ ਜਲਦੀ ਸਵਦੇਸ਼ ਵਾਪਸ ਲਿਆਉਣ ਲਈ ਇਰਾਕੀ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ।
  • ਹਾਲ ਹੀ ਦੀਆਂ ਘਟਨਾਵਾਂ ਵਿੱਚ ਪੰਜ ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ ਅਤੇ ਇੱਕ ਹਾਲੇ ਵੀ ਲਾਪਤਾ ਹੈ। ਓਮਾਨ ਤੋਂ ਦੋ ਭਾਰਤੀ ਨਾਗਰਿਕਾਂ ਦੇ ਮ੍ਰਿਤਕ ਸਰੀਰ ਅੱਜ ਭਾਰਤ ਵਾਪਸ ਲਿਆਂਦੇ ਗਏ।
  • ਓਮਾਨ, ਇਰਾਕ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਸਥਿਤ ਭਾਰਤੀ ਦੂਤਾਵਾਸ ਲਾਪਤਾ ਵਿਅਕਤੀ ਦੇ ਬਾਰੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ ਅਤੇ ਜ਼ਰੂਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਬਾਕੀ ਮ੍ਰਿਤਕ ਸਰੀਰਾਂ ਨੂੰ ਜਲਦ ਸਵਦੇਸ਼ ਵਾਪਸ ਭੇਜਣ ਲਈ ਕੰਮ ਕਰ ਰਹੇ ਹਨ।

ਸਰਕਾਰ ਨੇ ਫਿਰ ਕਿਹਾ ਹੈ ਕਿ ਉਹ ਪੱਛਮੀ ਏਸ਼ੀਆ ਦੇ ਘਟਨਾਕ੍ਰਮਾਂ ਨੂੰ ਲੈ ਕੇ ਚੌਕਸ ਹੈ ਅਤੇ ਸਬੰਧਿਤ ਮੰਤਰਾਲਿਆਂ ਅਤੇ ਏਜੰਸੀਆਂ ਵਿਚਕਾਰ ਨਜ਼ਦੀਕੀ ਤਾਲਮੇਲ ਬਣਾਈ ਰੱਖ ਰਹੀ ਹੈ। ਨਾਲ ਹੀ ਪ੍ਰਮੁੱਖ ਖੇਤਰਾਂ ਅਤੇ ਰਾਸ਼ਟਰੀ ਹਿਤਾਂ ਦੀ ਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

************

ਐੱਮਐੱਨ


(Release ID: 2241595) ਵਿਜ਼ੀਟਰ ਕਾਊਂਟਰ : 7