ਪ੍ਰਧਾਨ ਮੰਤਰੀ ਦਫਤਰ
"ਵਿਕਸਿਤ ਭਾਰਤ ਲਈ ਤਕਨਾਲੋਜੀ, ਸੁਧਾਰ ਅਤੇ ਵਿੱਤ" ਵਿਸ਼ੇ ’ਤੇ ਬਜਟ ਤੋਂ ਬਾਅਦ ਆਯੋਜਿਤ ਵੈਬਿਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
27 FEB 2026 1:01PM by PIB Chandigarh
ਨਮਸਕਾਰ !
ਇਸ ਸਾਲ ਦੇ ਪਹਿਲੇ ਬਜਟ ਵੈਬਿਨਾਰ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਪਿਛਲੇ ਕੁਝ ਸਾਲਾਂ ਵਿੱਚ ਬਜਟ ਵੈਬਿਨਾਰ ਇਸ ਦੀ ਇੱਕ ਮਜ਼ਬੂਤ ਪਰੰਪਰਾ ਬਣ ਗਈ ਹੈ। ਅਕਸਰ ਬਜਟ ਦਾ ਮੁਲਾਂਕਣ ਵੱਖ-ਵੱਖ ਮਾਪਦੰਡਾਂ ’ਤੇ ਕੀਤਾ ਜਾਂਦਾ ਹੈ, ਕਦੇ ਸਟਾਕ ਮਾਰਕਿਟ ਦੀਆਂ ਗਤੀਵਿਧੀਆਂ ’ਤੇ ਗੱਲ ਹੁੰਦੀ ਹੈ, ਕਦੇ ਆਮਦਨ ਟੈਕਸ ਪ੍ਰਸਤਾਵਾਂ ’ਤੇ ਚਰਚਾ ਕੇਂਦ੍ਰਿਤ ਹੋ ਜਾਂਦੀ ਹੈ। ਸਚਾਈ ਇਹ ਹੈ ਕਿ ਰਾਸ਼ਟਰੀ ਬਜਟ ਇੱਕ ਛੋਟੀ ਮਿਆਦ ਦਾ ਵਪਾਰਕ ਦਸਤਾਵੇਜ਼ ਨਹੀਂ ਹੁੰਦਾ, ਇਹ ਇੱਕ ਨੀਤੀਗਤ ਰੋਡਮੈਪ ਹੁੰਦਾ ਹੈ। ਇਸ ਲਈ, ਬਜਟ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਠੋਸ ਮਾਪਦੰਡਾਂ ’ਤੇ ਵੀ ਕੀਤਾ ਜਾਣਾ ਚਾਹੀਦਾ ਹੈ। ਅਜਿਹੀਆਂ ਨੀਤੀਆਂ ਜੋ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ, ਜੋ ਕ੍ਰੈਡਿਟ ਪ੍ਰਵਾਹ ਨੂੰ ਸੁਵਿਧਾਜਨਕ ਬਣਾਉਣ, ਜੋ ਕਾਰੋਬਾਰ ਕਰਨ ਵਿੱਚ ਆਸਾਨੀ ਵਧਾਉਣ, ਸ਼ਾਸਨ ਵਿੱਚ ਪਾਰਦਰਸ਼ਤਾ ਵਧਾਉਣ, ਜੋ ਜਨਤਾ ਲਈ ਜੀਵਨ ਨੂੰ ਆਸਾਨ ਬਣਾਉਣ ਅਤੇ ਉਨ੍ਹਾਂ ਲਈ ਨਵੇਂ ਮੌਕੇ ਬਣਾਉਣ। ਬਜਟ ਵਿੱਚ ਇਸ ਨਾਲ ਜੁੜੇ ਫ਼ੈਸਲੇ ਹੀ ਅਰਥਵਿਵਸਥਾ ਨੂੰ ਸਥਾਈ ਮਜ਼ਬੂਤੀ ਦਿੰਦੇ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਵੀ ਬਜਟ ਨੂੰ ਅਲੱਗ-ਥਲੱਗ, ਇਕੱਲੇ ਨਹੀਂ ਦੇਖਿਆ ਜਾਣਾ ਚਾਹੀਦਾ। ਰਾਸ਼ਟਰ ਨਿਰਮਾਣ, ਇਹ ਇੱਕ ਨਿਰੰਤਰ ਪ੍ਰਕਿਰਿਆ ਹੁੰਦੀ ਹੈ। ਹਰ ਬਜਟ ਇੱਕ ਵੱਡੇ ਟੀਚੇ ਵੱਲ ਵਧਣ ਦਾ ਇੱਕ ਪੜਾਅ ਹੁੰਦਾ ਹੈ ਅਤੇ ਸਾਡੇ ਸਾਹਮਣੇ ਉਹ ਵੱਡਾ ਟੀਚਾ ਹੈ ਸਾਲ 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ।
ਹਰ ਸੁਧਾਰ, ਹਰ ਵੰਡ, ਹਰ ਤਬਦੀਲੀ ਨੂੰ ਇਸ ਲੰਬੀ ਯਾਤਰਾ ਦੇ ਹਿੱਸੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਅਤੇ ਇਸ ਲਈ ਬਜਟ ਤੋਂ ਬਾਅਦ ਹਰ ਸਾਲ ਆਯੋਜਿਤ ਹੋਣ ਵਾਲੇ ਇਹ ਵੈਬਿਨਾਰ ਬਹੁਤ ਮਹੱਤਵਪੂਰਨ ਹੁੰਦੇ ਹਨ। ਮੈਨੂੰ ਉਮੀਦ ਹੈ ਕਿ ਇਹ ਵੈਬਿਨਾਰ ਸਿਰਫ਼ ਵਿਚਾਰਾਂ ਦੇ ਆਦਾਨ-ਪ੍ਰਦਾਨ ਤੱਕ ਸੀਮਤ ਨਾ ਰਹਿਣ, ਸਗੋਂ ਇੱਕ ਪ੍ਰਭਾਵਸ਼ਾਲੀ ਦਿਮਾਗ਼ੀ ਅਭਿਆਸ ਬਣਨ। ਤੁਹਾਡੇ ਤਜਰਬਿਆਂ ਅਤੇ ਵਿਹਾਰਕ ਚੁਣੌਤੀਆਂ ’ਤੇ ਅਧਾਰਿਤ ਸੁਝਾਅ ਆਰਥਿਕ ਰਣਨੀਤੀਆਂ ਨੂੰ ਹੋਰ ਬਿਹਤਰ ਬਣਾਉਣ ਅਤੇ ਹੱਲ ਲੱਭਣ ਵਿੱਚ ਜ਼ਰੂਰ ਮਦਦ ਕਰਨਗੇ। ਜਦੋਂ ਉਦਯੋਗ, ਸਿੱਖਿਆ, ਵਿਸ਼ਲੇਸ਼ਕ ਅਤੇ ਨੀਤੀ ਨਿਰਮਾਤਾ ਇਕੱਠੇ ਮਿਲ ਕੇ ਸੋਚਦੇ ਹਨ, ਤਾਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸੁਧਾਰ ਹੁੰਦਾ ਹੈ ਅਤੇ ਨਤੀਜੇ ਵਧੇਰੇ ਸਹੀ ਮਿਲਦੇ ਹਨ। ਇਨ੍ਹਾਂ ਵੈਬਿਨਾਰਾਂ ਦੀ ਇਸ ਲੜੀ ਦੇ ਪਿੱਛੇ ਇਹੀ ਇੱਕ ਭਾਵਨਾ ਹੈ।
ਸਾਥੀਓ,
21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਿਆ ਹੈ। ਜੇਕਰ ਤੁਸੀਂ ਖ਼ੁਦ ਦੇ ਵਿਸ਼ੇ ਬਾਰੇ ਸੋਚੋ, ਤਾਂ ਤੁਹਾਡੀ ਜ਼ਿੰਦਗੀ ਦਾ ਬਹੁਤ ਚੰਗਾ ਅਤੇ ਮਹੱਤਵਪੂਰਨ ਦੌਰ ਬੀਤ ਚੁੱਕਿਆ ਹੈ। ਅਸੀਂ ਹੁਣ ਦੇਸ਼ ਦੀ ਵਿਕਾਸ ਯਾਤਰਾ ਦੇ ਇੱਕ ਮਹੱਤਵਪੂਰਨ ਸਮੇਂ ਵਿੱਚ ਹਾਂ। ਇਹ ਉਹ ਸਮਾਂ ਹੈ ਜਦੋਂ ਸਾਡੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਨਾਲ ਹੀ ਪਿਛਲੇ ਦਹਾਕੇ ਵਿੱਚ, ਭਾਰਤ ਨੇ ਅਸਧਾਰਨ ਲਚਕੀਲਾਪਣ ਦਾ ਪ੍ਰਦਰਸ਼ਨ ਕੀਤਾ ਹੈ। ਇਹ ਕੋਈ ਇਤਫ਼ਾਕ ਨਹੀਂ ਹੈ, ਸਾਡੀ ਲਚਕੀਲਾਪਣ ਦ੍ਰਿੜ੍ਹਤਾ-ਅਧਾਰਿਤ ਸੁਧਾਰਾਂ ਦਾ ਨਤੀਜਾ ਹੈ। ਅਸੀਂ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਹੈ, ਕਾਰੋਬਾਰ ਕਰਨ ਦੀ ਸੌਖ ਵਿੱਚ ਸੁਧਾਰ ਕੀਤਾ ਹੈ, ਤਕਨਾਲੋਜੀ-ਅਗਵਾਈ ਵਾਲੇ ਸ਼ਾਸਨ ਦਾ ਵਿਸਤਾਰ ਕੀਤਾ ਹੈ, ਸੰਸਥਾਵਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਅੱਜ ਵੀ, ਇਹ ਦੇਸ਼ ਸੁਧਾਰ ਐਕਸਪ੍ਰੈੱਸ ’ਤੇ ਸਵਾਰ ਹੈ। ਇਸ ਗਤੀ ਨੂੰ ਬਣਾਈ ਰੱਖਣ ਲਈ, ਸਾਨੂੰ ਨਾ ਸਿਰਫ਼ ਨੀਤੀਗਤ ਇਰਾਦੇ ’ਤੇ ਧਿਆਨ ਦੇਣਾ ਹੈ, ਸਗੋਂ ਡਿਲੀਵਰੀ ਉੱਤਮਤਾ ’ਤੇ ਵੀ ਧਿਆਨ ਕੇਂਦ੍ਰਿਤ ਕਰਨਾ ਹੈ। ਸੁਧਾਰਾਂ ਦਾ ਮੁਲਾਂਕਣ ਸਿਰਫ਼ ਘੋਸ਼ਣਾਵਾਂ ਨਾਲ ਨਹੀਂ, ਸਗੋਂ ਜ਼ਮੀਨ ’ਤੇ ਉਨ੍ਹਾਂ ਦੇ ਪ੍ਰਭਾਵ ਨਾਲ ਕੀਤਾ ਜਾਣਾ ਚਾਹੀਦਾ ਹੈ। ਸਾਨੂੰ ਏਆਈ, ਬਲਾਕਚੈਨ ਅਤੇ ਡੇਟਾ ਵਿਸ਼ਲੇਸ਼ਣ ਦੀ ਵਿਆਪਕ ਵਰਤੋਂ ਨਾਲ ਪਾਰਦਰਸ਼ਤਾ, ਗਤੀ ਅਤੇ ਜਵਾਬਦੇਹੀ ਵਧਾਉਣੀ ਚਾਹੀਦੀ ਹੈ ਅਤੇ ਨਾਲ ਹੀ ਸ਼ਿਕਾਇਤ ਨਿਵਾਰਨ ਪ੍ਰਣਾਲੀਆਂ ਤੋਂ ਪ੍ਰਭਾਵ ਦੀ ਨਿਰੰਤਰ ਨਿਗਰਾਨੀ ਵੀ ਕਰਨੀ ਚਾਹੀਦੀ ਹੈ।
ਸਾਥੀਓ,
ਪਿਛਲੇ ਇੱਕ ਦਹਾਕੇ ਵਿੱਚ ਬੁਨਿਆਦੀ ਢਾਂਚੇ ’ਤੇ ਸਾਡਾ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਰਿਹਾ ਹੈ। ਅਸੀਂ ਸੋਚ-ਸਮਝ ਕੇ ਇਹ ਫ਼ੈਸਲਾ ਕੀਤਾ ਹੈ ਕਿ ਭਾਰਤ ਦਾ ਵਿਕਾਸ ਸਿਰਫ਼ ਹਾਈਵੇਅ, ਰੇਲਵੇ, ਬੰਦਰਗਾਹਾਂ, ਡਿਜੀਟਲ ਨੈੱਟਵਰਕ, ਬਿਜਲੀ ਪ੍ਰਣਾਲੀਆਂ, ਅਜਿਹੇ ਕਈ, ਹੁਣ ਜਿਹੀਆਂ ਠੋਸ ਸੰਪਤੀਆਂ ਨੂੰ ਤਿਆਰ ਕਰਕੇ ਹੀ ਹੋਵੇਗਾ। ਇਹ ਆਉਣ ਵਾਲੇ ਦਹਾਕਿਆਂ ਤੱਕ ਉਤਪਾਦਕਤਾ ਪੈਦਾ ਕਰਦੇ ਰਹਿਣਗੇ। ਇਸ ਨਾਲ ਅਤੇ ਇਸੇ ਕਾਰਨ ਕਰਕੇ, ਜਨਤਕ ਪੂੰਜੀ ਖ਼ਰਚ ਵਿੱਚ ਨਿਰੰਤਰ ਵਾਧਾ ਹੋਇਆ ਹੈ। 11 ਸਾਲ ਪਹਿਲਾਂ, ਜਨਤਕ ਕੈਪੈਕਸ ਲਈ ਬਜਟ ਲਗਭਗ 2 ਲੱਖ ਕਰੋੜ ਰੁਪਏ ਸੀ, ਮੌਜੂਦਾ ਬਜਟ ਵਿੱਚ, ਇਹ ਵਧ ਕੇ ਲਗਭਗ 12 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ। ਇੰਨੇ ਵੱਡੇ ਪੈਮਾਨੇ ’ਤੇ ਸਰਕਾਰੀ ਨਿਵੇਸ਼ ਹੋਣਾ ਨਿੱਜੀ ਖੇਤਰ ਦੇ ਲਈ ਵੀ ਇੱਕ ਸਪਸ਼ਟ ਸੁਨੇਹਾ ਹੈ।
ਸਾਥੀਓ,
ਹੁਣ ਸਮਾਂ ਹੈ ਕਿ ਉਦਯੋਗ ਅਤੇ ਵਿੱਤੀ ਸੰਸਥਾਵਾਂ ਵੀ ਨਵੀਂ ਊਰਜਾ ਨਾਲ ਅੱਗੇ ਆਉਣ। ਸਾਨੂੰ ਬੁਨਿਆਦੀ ਢਾਂਚੇ ਵਿੱਚ ਵਧੇਰੇ ਭਾਗੀਦਾਰੀ ਚਾਹੀਦੀ ਹੈ, ਵਿੱਤ ਮਾਡਲਾਂ ਵਿੱਚ ਵਧੇਰੇ ਨਵੀਨਤਾ ਚਾਹੀਦੀ ਹੈ ਅਤੇ ਉੱਭਰ ਰਹੇ ਖੇਤਰਾਂ ਵਿੱਚ ਮਜ਼ਬੂਤ ਸਹਿਯੋਗ ਚਾਹੀਦਾ ਹੈ। ਇਸ ਦਿਸ਼ਾ ਵਿੱਚ ਮੇਰਾ ਇੱਕ ਹੋਰ ਸੁਝਾਅ ਹੈ: ਸਾਨੂੰ ਪ੍ਰੋਜੈਕਟ ਪ੍ਰਵਾਨਗੀ ਵਿਧੀ ਅਤੇ ਮੁਲਾਂਕਣ ਗੁਣਵੱਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਸਾਨੂੰ ਲਾਗਤ-ਲਾਭ ਵਿਸ਼ਲੇਸ਼ਣ ਅਤੇ ਜੀਵਨ ਚੱਕਰ ਲਾਗਤ ਨੂੰ ਤਰਜੀਹ ਦੇ ਕੇ ਬਰਬਾਦੀ ਅਤੇ ਦੇਰੀ ਨੂੰ ਰੋਕਣਾ ਹੀ ਹੋਵੇਗਾ।
ਸਾਥੀਓ,
ਅਸੀਂ ਵਿਦੇਸ਼ੀ ਨਿਵੇਸ਼ ਢਾਂਚੇ ਨੂੰ ਹੋਰ ਸਰਲ ਬਣਾ ਰਹੇ ਹਾਂ। ਸਾਡੀ ਕੋਸ਼ਿਸ਼ ਸਿਸਟਮ ਨੂੰ ਹੋਰ ਅਨੁਮਾਨਯੋਗ ਅਤੇ ਨਿਵੇਸ਼ਕ-ਅਨੁਕੂਲ ਬਣਾਉਣ ਦੀ ਹੈ। ਅਸੀਂ ਲੰਬੇ ਸਮੇਂ ਦੇ ਵਿੱਤ ਨੂੰ ਬਿਹਤਰ ਬਣਾਉਣ ਅਤੇ ਬਾਂਡ ਬਾਜ਼ਾਰਾਂ ਨੂੰ ਹੋਰ ਸਰਗਰਮ ਬਣਾਉਣ ਲਈ ਵੀ ਕਦਮ ਚੁੱਕ ਰਹੇ ਹਾਂ। ਬਾਂਡ ਖ਼ਰੀਦਣ ਅਤੇ ਵੇਚਣ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾ ਰਿਹਾ ਹੈ।
ਸਾਥੀਓ,
ਸਾਨੂੰ ਬਾਂਡ ਮਾਰਕਿਟ ਸੁਧਾਰਾਂ ਨੂੰ ਲੰਬੇ ਸਮੇਂ ਦੇ ਵਿਕਾਸ ਦੇ ਸਮਰੱਥਕ ਵਜੋਂ ਦੇਖਣਾ ਹੋਵੇਗਾ, ਸਾਨੂੰ ਭਵਿੱਖਵਾਣੀ ਨੂੰ ਯਕੀਨੀ ਬਣਾਉਣਾ ਹੋਵੇਗਾ, ਤਰਲਤਾ ਨੂੰ ਡੂੰਘਾ ਕਰਨਾ ਹੋਵੇਗਾ, ਨਵੇਂ ਯੰਤਰ ਲਿਆਉਣੇ ਹੋਣਗੇ ਅਤੇ ਜੋਖਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨਾ ਹੋਵੇਗਾ। ਕੇਵਲ ਤਦ ਹੀ ਅਸੀਂ ਟਿਕਾਊ ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ਕਰ ਪਾਵਾਂਗੇ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਵਿਸ਼ਵ-ਵਿਆਪੀ ਸਭ ਤੋਂ ਵਧੀਆ ਅਭਿਆਸਾਂ ਤੋਂ ਸਿੱਖੋਗੇ, ਵਿਦੇਸ਼ੀ ਨਿਵੇਸ਼ ਢਾਂਚੇ ਅਤੇ ਬਾਂਡ ਬਾਜ਼ਾਰਾਂ ਨੂੰ ਮਜ਼ਬੂਤ ਕਰਨ ਲਈ ਸਪਸ਼ਟ ਅਤੇ ਠੋਸ ਸੁਝਾਅ ਪ੍ਰਦਾਨ ਕਰੋਗੇ।
ਸਾਥੀਓ,
ਕੋਈ ਵੀ ਨੀਤੀਗਤ ਢਾਂਚਾ ਤਿਆਰ ਕਰ ਸਕਦਾ ਹੈ, ਪਰ ਇਸ ਦੀ ਸਫਲਤਾ ਤੁਹਾਡੇ ਸਾਰਿਆਂ ’ਤੇ ਨਿਰਭਰ ਕਰਦੀ ਹੈ। ਉਦਯੋਗ ਜਗਤ ਨੂੰ ਨਵੇਂ ਨਿਵੇਸ਼ ਅਤੇ ਨਵੀਨਤਾ ਨਾਲ ਅੱਗੇ ਆਉਣਾ ਹੋਵੇਗਾ। ਵਿੱਤੀ ਸੰਸਥਾਵਾਂ ਅਤੇ ਵਿਸ਼ਲੇਸ਼ਕਾਂ ਨੂੰ ਵਿਹਾਰਕ ਹੱਲ ਤਿਆਰ ਕਰਨ ਅਤੇ ਬਾਜ਼ਾਰ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨੀ ਹੋਵੇਗੀ। ਸੁਧਾਰ ਉਦੋਂ ਨਤੀਜਿਆਂ ਵਿੱਚ ਬਦਲ ਜਾਂਦੇ ਹਨ ਜਦੋਂ ਸਰਕਾਰ, ਉਦਯੋਗ ਅਤੇ ਗਿਆਨ ਭਾਈਵਾਲ ਇਕੱਠੇ ਅੱਗੇ ਵਧਦੇ ਹਨ। ਕੇਵਲ ਤਦ ਹੀ ਘੋਸ਼ਣਾਵਾਂ ਜ਼ਮੀਨੀ ਪ੍ਰਾਪਤੀਆਂ ਬਣ ਜਾਂਦੀਆਂ ਹਨ। ਮੇਰਾ ਸੁਝਾਅ ਹੈ ਕਿ ਅਸੀਂ ਇੱਕ ਸਪਸ਼ਟ ਸੁਧਾਰ ਭਾਈਵਾਲੀ ਚਾਰਟਰ ਵਿਕਸਿਤ ਕਰੀਏ। ਇਹ ਸਰਕਾਰ, ਉਦਯੋਗ, ਵਿੱਤੀ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਦਾ ਸਾਂਝਾ ਸੰਕਲਪ ਹੋਵੇ। ਇਹ ਚਾਰਟਰ, ਵਿਕਸਿਤ ਭਾਰਤ ਦੀ ਯਾਤਰਾ ਦਾ ਬਹੁਤ ਮਹੱਤਵਪੂਰਨ ਦਸਤਾਵੇਜ਼ ਬਣੇਗਾ।
ਸਾਥੀਓ,
ਮੈਂ ਸਾਰੇ ਹਿੱਸੇਦਾਰਾਂ, ਵਿੱਤੀ ਸੰਸਥਾਵਾਂ, ਬਾਜ਼ਾਰਾਂ, ਉਦਯੋਗ, ਪੇਸ਼ਾਵਰਾਂ ਅਤੇ ਨਵੀਨਤਾਕਾਰਾਂ ਕਹਾਂਗਾ, ਇਸ ਬਜਟ ਨੇ ਜੋ ਨਵੇਂ ਮੌਕੇ ਦਿੱਤੇ ਹਨ, ਉਨ੍ਹਾਂ ਦਾ ਫ਼ਾਇਦਾ ਉਠਾਉਣ, ਬਜਟ ਵੱਲੋਂ ਖੋਲ੍ਹੇ ਗਏ ਨਵੇਂ ਮੌਕਿਆਂ ਨਾਲ ਡੂੰਘਾਈ ਨਾਲ ਜੁੜਨ। ਤੁਹਾਡੀ ਭਾਗੀਦਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਹੋਰ ਸੁਧਾਰ ਕਰੇਗੀ ਅਤੇ ਤੁਹਾਡੇ ਫੀਡਬੈਕ ਅਤੇ ਸਹਿਯੋਗ ਨਾਲ ਬਿਹਤਰ ਨਤੀਜੇ ਨਿਕਲਣਗੇ। ਆਓ, ਅਸੀਂ ਸਾਰੇ ਮਿਲ ਕੇ ਸੁਧਾਰ ਕਰੀਏ, ਵਿਕਾਸ ਕਰੀਏ ਅਤੇ ਅਜਿਹਾ ਭਵਿੱਖ ਬਣਾਈਏ, ਜੋ ਵਿਕਸਿਤ ਭਾਰਤ ਦਾ ਸੁਪਨਾ ਜਲਦੀ ਤੋਂ ਜਲਦੀ ਸਾਕਾਰ ਹੋਵੇ।
ਮੈਨੂੰ ਵਿਸ਼ਵਾਸ ਹੈ, ਅੱਜ ਤੁਸੀਂ ਸਾਰੇ ਇਸ ਵਿੱਚ ਡੂੰਘਾਈ ਨਾਲ ਜਾਓਗੇ, ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ’ਤੇ ਤੁਹਾਡਾ ਧਿਆਨ ਕੇਂਦ੍ਰਿਤ ਹੋਵੇਗਾ ਅਤੇ ਅਸੀਂ ਇਹ ਗ਼ਲਤੀ ਨਾ ਕਰੀਏ, ਬਜਟ ਤੋਂ ਪਹਿਲਾਂ ਵੀ ਤੁਹਾਡੇ ਸਾਰਿਆਂ ਨਾਲ ਸਲਾਹ-ਮਸ਼ਵਰਾ ਕਰਦੇ ਹਾਂ, ਉਸ ਦਾ ਉਦੇਸ਼ ਵੱਖਰਾ ਹੈ, ਉਸ ਦਾ ਉਦੇਸ਼ ਹੁੰਦਾ ਹੈ ਬਜਟ ਨੂੰ ਹੋਰ ਬਿਹਤਰ ਬਣਾਉਣਾ। ਪਰ ਹੁਣ ਜਦੋਂ ਬਜਟ ਬਣ ਚੁੱਕਿਆ ਹੈ, ਤਾਂ ਬਜਟ ਦੀ ਚਰਚਾ ਦੇ ਲਈ ਪ੍ਰੋਗਰਾਮ ਨਹੀਂ ਹੈ। ਹੁਣ, ਬਜਟ ਵਿੱਚ ਜੋ ਵੀ ਹੈ ਉਸ ਨੂੰ ਜ਼ਮੀਨ ’ਤੇ ਜਿੰਨੀ ਜਲਦੀ ਹੋ ਸਕੇ, ਸਰਲ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਹਰ ਕੋਈ, ਸਾਰੇ ਹਿੱਸੇਦਾਰ, ਇਸ ਦਾ ਲਾਭ ਉਠਾਉਣ ਅਤੇ ਉਨ੍ਹਾਂ ਦੀ ਭਾਗੀਦਾਰੀ ਹੋਵੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਚਰਚਾ ਕਰੋਗੇ, ਵਿਚਾਰ-ਵਟਾਂਦਰਾ ਕਰੋਗੇ, ਤਾਂ ਇਹ ਵੈਬਿਨਾਰ ਸੱਚਮੁੱਚ ਵਾਇਬ੍ਰੈਂਟ ਇਕੋਨੌਮੀ ਦਾ ਦਰਵਾਜ਼ਾ ਖੋਲ੍ਹ ਦੇਣਗੇ।
ਬਹੁਤ- ਬਹੁਤ ਧੰਨਵਾਦ!
ਨਮਸਕਾਰ!
************
ਐੱਮਜੇਪੀਐੱਸ/ਐੱਸਐੱਸ/ਆਰਕੇ
(Release ID: 2233510)
ਵਿਜ਼ੀਟਰ ਕਾਊਂਟਰ : 7