ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਬਜਟ 2026-27 ਵਿੱਚ ਨਿਰਮਾਣ, ਖੋਜ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਖੇਡਾਂ ਦੇ ਸਾਮਾਨ ਵਾਸਤੇ ਵਿਸ਼ੇਸ਼ ਪਹਿਲਕਦਮੀ ਦੀ ਤਜਵੀਜ਼


ਇਹ ਪਹਿਲਕਦਮੀ ਉੱਚ ਗੁਣਵੱਤਾ ਵਾਲੇ ਅਤੇ ਕਿਫ਼ਾਇਤੀ ਖੇਡ ਸਾਮਾਨ ਲਈ ਭਾਰਤ ਦੇ ਵਿਸ਼ਵ ਪੱਧਰੀ ਕੇਂਦਰ ਵਜੋਂ ਉੱਭਰਨ ਦੀ ਸਮਰੱਥਾ 'ਤੇ ਅਧਾਰਿਤ ਹੈ

ਅਗਲੇ ਦਹਾਕੇ ਦੌਰਾਨ ਖੇਡ ਖੇਤਰ ਦੀ ਕਾਇਆ ਕਲਪ ਕਰਨ ਲਈ 'ਖੇਲੋ ਇੰਡੀਆ ਮਿਸ਼ਨ' ਦਾ ਐਲਾਨ

'ਖੇਲੋ ਇੰਡੀਆ ਪ੍ਰੋਗਰਾਮ' ਰਾਹੀਂ ਸ਼ੁਰੂ ਕੀਤੀ ਖੇਡ ਪ੍ਰਤਿਭਾ ਨਿਖਾਰਨ ਦੀ ਯੋਜਨਾਬੱਧ ਪ੍ਰਕਿਰਿਆ ਨੂੰ 'ਖੇਲੋ ਇੰਡੀਆ ਮਿਸ਼ਨ' ਅੱਗੇ ਵਧਾਏਗਾ

Posted On: 01 FEB 2026 12:43PM by PIB Chandigarh

ਉੱਚ ਗੁਣਵੱਤਾ ਵਾਲੇ ਅਤੇ ਕਿਫ਼ਾਇਤੀ ਖੇਡ ਸਾਮਾਨ ਲਈ ਵਿਸ਼ਵ ਪੱਧਰੀ ਕੇਂਦਰ (ਗਲੋਬਲ ਹੱਬ) ਵਜੋਂ ਉੱਭਰਨ ਦੀ ਭਾਰਤ ਦੀ ਸਮਰੱਥਾ ਦਾ ਲਾਹਾ ਲੈਂਦਿਆਂ ਦੇਸ਼ ਵਿੱਚ ਖੇਡਾਂ ਦੇ ਸਾਮਾਨ ਲਈ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕੀਤੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕਰਦਿਆਂ ਦਿੱਤੀ।

ਖੇਡਾਂ ਦੇ ਸਾਮਾਨ ਬਾਰੇ ਐਲਾਨ ਇਸ ਸਾਲ ਦੇ ਬਜਟ ਦੇ ਥੰਮ੍ਹ ਬਣਨ ਵਾਲੇ ਤਿੰਨ 'ਕਰਤੱਵਾਂ' ਵਿੱਚੋਂ ਪਹਿਲੇ 'ਤੇ ਕੇਂਦਰਿਤ ਹੈ, ਭਾਵ, 'ਉਤਪਾਦਕਤਾ ਅਤੇ ਮੁਕਾਬਲੇਬਾਜ਼ੀ ਵਧਾ ਕੇ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਤੇ ਕਾਇਮ ਰੱਖਣਾ ਅਤੇ ਉਥੱਲ-ਪੁਥਲ ਵਾਲੇ ਸੰਸਾਰਕ ਹਾਲਾਤ ਪ੍ਰਤੀ ਲਚਕੀਲਾਪਨ ਪੈਦਾ ਕਰਨਾ'। ਖੇਡ ਸਾਮਾਨ ਦੀ ਇਸ ਪਹਿਲਕਦਮੀ ਦਾ ਮਕਸਦ ਸਾਜ਼ੋ-ਸਾਮਾਨ ਦੇ ਡਿਜ਼ਾਈਨ ਅਤੇ ਪਦਾਰਥ ਵਿਗਿਆਨ (ਮੈਟੀਰੀਅਲ ਸਾਇੰਸਿਜ਼) ਦੋਵਾਂ ਵਿੱਚ ਨਿਰਮਾਣ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।

ਕੇਂਦਰੀ ਬਜਟ ਵਿੱਚ ਇੱਕ ਹੋਰ ਅਹਿਮ ਤਜਵੀਜ਼ ਪੇਸ਼ ਕੀਤੀ ਗਈ ਹੈ, ਜੋ ਭਾਰਤ ਦੇ ਖੇਡ ਢਾਂਚੇ (ਈਕੋਸਿਸਟਮ) ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਆਪਣੇ ਬਜਟ ਭਾਸ਼ਣ ਵਿੱਚ ਸ਼੍ਰੀਮਤੀ ਸੀਤਾਰਮਨ ਨੇ ਕਿਹਾ, "ਖੇਡ ਖੇਤਰ ਰੁਜ਼ਗਾਰ, ਹੁਨਰ ਅਤੇ ਨੌਕਰੀਆਂ ਦੇ ਕਈ ਸਾਧਨ ਪ੍ਰਦਾਨ ਕਰਦਾ ਹੈ। 'ਖੇਲੋ ਇੰਡੀਆ ਪ੍ਰੋਗਰਾਮ' ਰਾਹੀਂ ਸ਼ੁਰੂ ਕੀਤੀ ਗਈ ਖੇਡ ਪ੍ਰਤਿਭਾ ਨਿਖਾਰਨ ਦੀ ਯੋਜਨਾਬੱਧ ਪ੍ਰਕਿਰਿਆ ਨੂੰ ਅੱਗੇ ਵਧਾਉਂਦਿਆਂ ਮੈਂ ਅਗਲੇ ਦਹਾਕੇ ਦੌਰਾਨ ਖੇਡ ਖੇਤਰ ਦੀ ਕਾਇਆ ਕਲਪ ਕਰਨ ਲਈ 'ਖੇਲੋ ਇੰਡੀਆ ਮਿਸ਼ਨ' ਸ਼ੁਰੂ ਕਰਨ ਦੀ ਤਜਵੀਜ਼ ਰੱਖਦੀ ਹਾਂ।" ਇਹ ਕਦਮ ਬਜਟ ਵਿੱਚ ਦੱਸੇ ਗਏ ਦੂਜੇ 'ਕਰਤੱਵ' ਨਾਲ ਮੇਲ ਖਾਂਦਾ ਹੈ, ਭਾਵ 'ਸਾਡੇ ਲੋਕਾਂ ਦੀਆਂ ਉਮੰਗਾਂ ਪੂਰੀਆਂ ਕਰਨੀਆਂ ਅਤੇ ਉਨ੍ਹਾਂ ਦੀ ਸਮਰੱਥਾ ਦਾ ਨਿਰਮਾਣ ਕਰਨਾ, ਤਾਂ ਜੋ ਉਨ੍ਹਾਂ ਨੂੰ ਭਾਰਤ ਦੇ ਖ਼ੁਸ਼ਹਾਲੀ ਦੇ ਰਾਹ ਵਿੱਚ ਮਜ਼ਬੂਤ ਭਾਈਵਾਲ ਬਣਾਇਆ ਜਾ ਸਕੇ'।

ਵਿੱਤ ਮੰਤਰੀ ਦੇ ਬਿਆਨ ਅਨੁਸਾਰ, 'ਖੇਲੋ ਇੰਡੀਆ ਮਿਸ਼ਨ' ਹੇਠ ਲਿਖੀਆਂ ਗੱਲਾਂ ਵਿੱਚ ਮਦਦਗਾਰ ਹੋਵੇਗਾ:

*   ਬੁਨਿਆਦੀ, ਦਰਮਿਆਨੇ ਅਤੇ ਉੱਚ ਪੱਧਰਾਂ 'ਤੇ ਸਿਖਲਾਈ ਕੇਂਦਰਾਂ ਵੱਲੋਂ ਸਹਿਯੋਗ ਪ੍ਰਾਪਤ ਏਕੀਕ੍ਰਿਤ ਪ੍ਰਤਿਭਾ ਵਿਕਾਸ ਮਾਰਗ,

*   ਕੋਚਾਂ ਅਤੇ ਸਹਾਇਕ ਸਟਾਫ਼ ਦਾ ਯੋਜਨਾਬੱਧ ਵਿਕਾਸ,

*   ਖੇਡ ਵਿਗਿਆਨ ਅਤੇ ਤਕਨਾਲੋਜੀ ਦਾ ਸੁਮੇਲ,

*   ਖੇਡ ਸਭਿਆਚਾਰ ਉਤਸ਼ਾਹਿਤ ਕਰਨ ਤੇ ਮੰਚ ਪ੍ਰਦਾਨ ਕਰਨ ਲਈ ਮੁਕਾਬਲੇ ਤੇ ਲੀਗ; ਅਤੇ,

*   ਸਿਖਲਾਈ ਤੇ ਮੁਕਾਬਲਿਆਂ ਲਈ ਖੇਡ ਬੁਨਿਆਦੀ ਢਾਂਚੇ ਦਾ ਵਿਕਾਸ।

 

*********


ਐੱਨਬੀ/ਐੱਸਆਰ/ਆਰਸੀ


(Release ID: 2221697) ਵਿਜ਼ੀਟਰ ਕਾਊਂਟਰ : 25