ਪ੍ਰਧਾਨ ਮੰਤਰੀ ਦਫਤਰ
ਕੇਰਲ ਦੇ ਆਰਿਆ ਵੈਦਿਆ ਸ਼ਾਲਾ ਚੈਰੀਟੇਬਲ ਹਸਪਤਾਲ ਦੇ ਸ਼ਤਾਬਦੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
28 JAN 2026 2:39PM by PIB Chandigarh
ਨਮਸਕਾਰਮ!
ਕੇਰਲ ਦੇ ਮਾਣਯੋਗ ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ ਜੀ, ਆਰਿਆ ਵੈਦਿਆ ਸ਼ਾਲਾ ਨਾਲ ਜੁੜੀਆਂ ਸਾਰੀਆਂ ਸਤਿਕਾਰਯੋਗ ਹਸਤੀਆਂ, ਦੇਵੀਓ ਅਤੇ ਸੱਜਣੋ!
ਅੱਜ ਇਸ ਗੌਰਵਮਈ ਮੌਕੇ ’ਤੇ ਤੁਹਾਡੇ ਸਭ ਨਾਲ ਜੁੜਨਾ ਮੇਰੇ ਲਈ ਖ਼ੁਸ਼ੀ ਅਤੇ ਅਨੰਦ ਦਾ ਵਿਸ਼ਾ ਹੈ। ਆਰਿਆ ਵੈਦਿਆ ਸ਼ਾਲਾ ਨੇ ਆਯੁਰਵੇਦ ਨੂੰ ਸੰਭਾਲਣ, ਸੁਰੱਖਿਅਤ ਰੱਖਣ ਅਤੇ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਆਪਣੇ 125 ਸਾਲਾਂ ਦੇ ਯਾਤਰਾ ਪਥ ਵਿੱਚ, ਇਸ ਸੰਸਥਾ ਨੇ ਆਯੁਰਵੇਦ ਨੂੰ ਇੱਕ ਸ਼ਕਤੀਸ਼ਾਲੀ ਚਕਿਤਸਾ ਪ੍ਰਣਾਲੀ ਵਜੋਂ ਸਥਾਪਿਤ ਕੀਤਾ ਹੈ। ਅੱਜ ਦੇ ਇਸ ਮੌਕੇ ’ਤੇ, ਮੈਂ ਆਰਿਆ ਵੈਦਿਆ ਸ਼ਾਲਾ ਦੇ ਸੰਸਥਾਪਕ ਵੈਦਯਰਤਨਮ ਪੀ.ਐੱਸ. ਵਾਰੀਅਰ ਜੀ ਦੇ ਯੋਗਦਾਨ ਨੂੰ ਯਾਦ ਕਰਦਾ ਹਾਂ। ਆਯੁਰਵੇਦ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਲੋਕ-ਭਲਾਈ ਲਈ ਉਨ੍ਹਾਂ ਦਾ ਨਿਸ਼ਕਾਮ ਸਮਰਪਣ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।
ਦੋਸਤੋ,
ਕੇਰਲ ਦੀ ਆਰਿਆ ਵੈਦਿਆ ਸ਼ਾਲਾ ਉਸ ਭਾਰਤੀ ਚਕਿਤਸਾ ਪਰੰਪਰਾ ਦੀ ਜੀਵਿਤ ਪ੍ਰਤੀਕ ਹੈ, ਜਿਸ ਨੇ ਸਦੀਆਂ ਤੋ ਮਨੁੱਖਤਾ ਦੀ ਸੇਵਾ ਕੀਤੀ ਹੈ। ਭਾਰਤ ਵਿੱਚ ਆਯੁਰਵੇਦ ਕਿਸੇ ਇੱਕ ਸਮੇਂ ਜਾਂ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਰਿਹਾ। ਹਰ ਯੁੱਗ ਵਿੱਚ, ਇਸ ਪ੍ਰਾਚੀਨ ਚਕਿਤਸਾ ਵਿਧੀ ਨੇ ਜੀਵਨ ਨੂੰ ਸਮਝਣ, ਸੰਤੁਲਨ ਬਣਾਉਣ ਅਤੇ ਕੁਦਰਤ ਨਾਲ ਸਾਂਝ ਅਤੇ ਸੁਰਤਾਲ ਸਥਾਪਿਤ ਕਰਨ ਦਾ ਮਾਰਗ ਦਰਸਾਇਆ ਹੈ। ਅੱਜ ਆਰਿਆ ਵੈਦਿਆ ਸ਼ਾਲਾ 600 ਤੋ ਵੱਧ ਆਯੁਰਵੈਦਿਕ ਦਵਾਈਆਂ ਦਾ ਨਿਰਮਾਣ ਕਰਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਦੇ ਚਿਕਿਤਸਾਲਿਆਂ ਰਾਹੀਂ ਆਯੁਰਵੈਦਿਕ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਦੁਨੀਆ ਦੇ 60 ਤੋ ਵੱਧ ਦੇਸ਼ਾਂ ਦੇ ਮਰੀਜ਼ ਸ਼ਾਮਲ ਹਨ। ਆਰਿਆ ਵੈਦਿਆ ਸ਼ਾਲਾ ਨੇ ਆਪਣੇ ਕੰਮਾਂ ਰਾਹੀਂ ਇਹ ਭਰੋਸਾ ਕਾਇਮ ਕੀਤਾ ਹੈ। ਜਦੋਂ ਲੋਕ ਸੰਕਟ ਵਿੱਚ ਹੁੰਦੇ ਹਨ, ਤਾਂ ਤੁਸੀਂ ਉਨ੍ਹਾਂ ਲਈ ਇੱਕ ਵੱਡੀ ਆਸ ਬਣਦੇ ਹੋ।
ਦੋਸਤੋ ,
ਆਰਿਆ ਵੈਦਿਆ ਸ਼ਾਲਾ ਲਈ ਸੇਵਾ ਸਿਰਫ਼ ਇੱਕ ਵਿਚਾਰ ਨਹੀਂ ਹੈ; ਇਹ ਭਾਵਨਾ ਉਸ ਦੀ ਕਾਰਵਾਈ, ਉਸ ਦੇ ਦ੍ਰਿਸ਼ਟੀਕੋਣ ਅਤੇ ਉਸ ਦੀਆਂ ਸੰਸਥਾਵਾਂ ਵਿੱਚ ਸਾਫ਼ ਦਿਖਾਈ ਦਿੰਦੀ ਹੈ। ਸੰਸਥਾ ਦਾ ਚੈਰੀਟੇਬਲ ਹਸਪਤਾਲ ਪਿਛਲੇ 100 ਸਾਲਾਂ ਤੋ ਨਿਰੰਤਰ ਲੋਕਾਂ ਦੀ ਸੇਵਾ ਕਰ ਰਿਹਾ ਹੈ—100 ਸਾਲ ਕੋਈ ਘੱਟ ਸਮਾਂ ਨਹੀਂ ਹੁੰਦਾ। ਇਸ ਵਿੱਚ ਹਸਪਤਾਲ ਨਾਲ ਜੁੜੇ ਹਰ ਵਿਅਕਤੀ ਦਾ ਯੋਗਦਾਨ ਸ਼ਾਮਲ ਹੈ। ਮੈਂ ਵੈਦਿਆ, ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹਸਪਤਾਲ ਦੇ ਹੋਰ ਸਾਰੇ ਕਰਮਚਾਰੀਆਂ ਨੂੰ ਵੀ ਵਧਾਈ ਦਿੰਦਾ ਹਾਂ। ਚੈਰੀਟੇਬਲ ਹਸਪਤਾਲ ਦੀ 125 ਸਾਲਾਂ ਦੀ ਯਾਤਰਾ ਪੂਰੀ ਕਰਨ ’ਤੇ ਤੁਸੀਂ ਸਭ ਵਧਾਈ ਦੇ ਪਾਤਰ ਹੋ। ਕੇਰਲ ਦੇ ਲੋਕਾਂ ਨੇ ਸਦੀਆਂ ਤੋ ਆਯੁਰਵੇਦ ਦੀਆਂ ਪਰੰਪਰਾਵਾਂ ਨੂੰ ਜਿਊਂਦਾ ਰੱਖਿਆ ਹੈ—ਤੁਸੀਂ ਉਨ੍ਹਾਂ ਪਰੰਪਰਾਵਾਂ ਦੀ ਰਾਖੀ ਵੀ ਕਰ ਰਹੇ ਹੋ ਅਤੇ ਉਨ੍ਹਾਂ ਦੀ ਪਾਲਣਾ ਵੀ ਕਰ ਰਹੇ ਹੋ।
ਦੋਸਤੋ ,
ਦੇਸ਼ ਵਿੱਚ ਲੰਮੇ ਸਮੇਂ ਤੱਕ ਪ੍ਰਾਚੀਨ ਚਿਕਿਤਸਾ ਪ੍ਰਣਾਲੀਆਂ ਨੂੰ ਵੱਖ-ਵੱਖ ਹਿੱਸਿਆਂ ਵਜੋਂ ਦੇਖਿਆ ਜਾਂਦਾ ਰਿਹਾ ਹੈ। ਪਿਛਲੇ 10–11 ਸਾਲਾਂ ਵਿੱਚ ਇਸ ਦ੍ਰਿਸ਼ਟੀਕੋਣ ਵਿੱਚ ਵੱਡਾ ਬਦਲਾਅ ਆਇਆ ਹੈ। ਹੁਣ ਸਿਹਤ ਸੇਵਾਵਾਂ ਨੂੰ ਸਮੂਹਿਕ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਆਯੁਰਵੇਦ, ਯੂਨਾਨੀ, ਹੋਮਿਓਪੈਥੀ, ਸਿੱਧ ਅਤੇ ਯੋਗ—ਇਹ ਸਾਰੀਆਂ ਪ੍ਰਣਾਲੀਆਂ ਨੂੰ ਇੱਕ ਛਤਰੀ ਹੇਠ ਲਿਆਂਦਾ ਗਿਆ ਹੈ, ਅਤੇ ਇਸ ਲਈ ਖ਼ਾਸ ਤੌਰ ’ਤੇ ਆਯੂਸ਼ ਮੰਤਰਾਲਾ ਸਥਾਪਤ ਕੀਤਾ ਗਿਆ। ਅਸੀਂ ਰੋਕਥਾਮੀ ਸਿਹਤ ’ਤੇ ਲਗਾਤਾਰ ਧਿਆਨ ਦਿੱਤਾ ਹੈ। ਇਸ ਸੋਚ ਨਾਲ ਰਾਸ਼ਟਰੀ ਆਯੂਸ਼ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ, 12 ਹਜ਼ਾਰ ਤੋ ਵੱਧ ਆਯੂਸ਼ ਵੈਲਨੈੱਸ ਕੇਂਦਰ ਖੋਲੇ ਗਏ, ਜਿੱਥੇ ਯੋਗ, ਰੋਕਥਾਮੀ ਇਲਾਜ ਅਤੇ ਕਮਿਊਨਿਟੀ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਦੇਸ਼ ਦੇ ਹੋਰ ਹਸਪਤਾਲਾਂ ਨੂੰ ਵੀ ਆਯੂਸ਼ ਸੇਵਾਵਾਂ ਨਾਲ ਜੋੜਿਆ ਗਿਆ ਹੈ ਅਤੇ ਆਯੂਸ਼ ਦਵਾਈਆਂ ਦੀ ਨਿਰੰਤਰ ਸਪਲਾਈ ’ਤੇ ਵੀ ਧਿਆਨ ਦਿੱਤਾ ਗਿਆ ਹੈ। ਇਸ ਦਾ ਮੰਤਵ ਬਿਲਕੁਲ ਸਪਸ਼ਟ ਹੈ—ਭਾਰਤ ਦੀ ਪ੍ਰੰਪਰਾਗਤ ਚਕਿਤਸਾ ਦੀ ਇਹ ਵਿਦਿਆ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇ।
ਦੋਸਤੋ ,
ਸਰਕਾਰ ਦੀਆਂ ਨੀਤੀਆਂ ਦਾ ਸਾਫ਼ ਅਸਰ ਆਯੂਸ਼ ਖੇਤਰ ਵਿੱਚ ਦਿੱਖ ਰਿਹਾ ਹੈ। ਆਯੂਸ਼ ਨਿਰਮਾਣ ਖੇਤਰ ਤੇਜ਼ੀ ਨਾਲ ਅੱਗੇ ਵਧਿਆ ਹੈ ਅਤੇ ਇਸ ਦਾ ਵਿਸਥਾਰ ਹੋਇਆ ਹੈ। ਭਾਰਤੀ ਪ੍ਰੰਪਰਾਗਤ ਤੰਦਰੁਸਤੀ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਆਯੂਸ਼ ਨਿਰਯਾਤ ਪ੍ਰੋਤਸਾਹਨ ਕੌਂਸਲ ਦੀ ਸਥਾਪਨਾ ਕੀਤੀ ਗਈ ਹੈ। ਸਾਡਾ ਯਤਨ ਹੈ ਕਿ ਆਯੂਸ਼ ਉਤਪਾਦ ਅਤੇ ਸੇਵਾਵਾਂ ਆਲਮੀ ਬਾਜ਼ਾਰਾਂ ਵਿੱਚ ਪ੍ਰਚਾਰਿਤ ਹੋਣ। ਇਸ ਦਾ ਬਹੁਤ ਸਕਾਰਾਤਮਕ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ। ਸਾਲ 2014 ਵਿੱਚ ਭਾਰਤ ਤੋ ਲਗਭਗ 3 ਹਜ਼ਾਰ ਕਰੋੜ ਰੁਪਏ ਦੇ ਆਯੂਸ਼ ਅਤੇ ਜੜੀ-ਬੂਟੀ ਉਤਪਾਦ ਨਿਰਯਾਤ ਹੁੰਦੇ ਸਨ, ਜਦਕਿ ਹੁਣ ਇਹ ਅੰਕੜਾ 6,500 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਵੀ ਵੱਡਾ ਲਾਭ ਹੋ ਰਿਹਾ ਹੈ।
ਦੋਸਤੋ,
ਭਾਰਤ ਅੱਜ ਆਯੂਸ਼-ਅਧਾਰਤ 'ਮੈਡੀਕਲ ਵੈਲਯੂ ਟ੍ਰੈਵਲ' ਲਈ ਇੱਕ ਭਰੋਸੇਯੋਗ ਟਿਕਾਣੇ ਵਜੋਂ ਉੱਭਰ ਰਿਹਾ ਹੈ। ਇਸ ਲਈ ਆਯੂਸ਼ ਵੀਜ਼ਾ ਵਰਗੇ ਕਦਮ ਵੀ ਚੁੱਕੇ ਗਏ ਹਨ, ਜਿਸ ਨਾਲ ਵਿਦੇਸ਼ਾਂ ਤੋ ਆਉਣ ਵਾਲੇ ਲੋਕਾਂ ਨੂੰ ਆਯੂਸ਼ ਇਲਾਜ ਲਈ ਵਧੀਆ ਸਹੂਲਤਾਂ ਮਿਲ ਰਹੀਆਂ ਹਨ।
ਦੋਸਤੋ ,
ਆਯੁਰਵੇਦ ਵਰਗੀ ਪ੍ਰਾਚੀਨ ਚਕਿਤਸਾ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਹਰ ਵੱਡੇ ਅੰਤਰਰਾਸ਼ਟਰੀ ਮੰਚ ’ਤੇ ਇਸ ਨੂੰ ਮਾਣ ਨਾਲ ਪੇਸ਼ ਕਰ ਰਹੀ ਹੈ। ਭਾਵੇਂ ਬ੍ਰਿਕਸ ਦੇਸ਼ਾਂ ਦੀ ਬੈਠਕ ਹੋਵੇ ਜਾਂ ਜੀ-20 ਦੀ ਸਿਖਰ ਬੈਠਕ—ਜਿੱਥੇ ਵੀ ਮੌਕਾ ਮਿਲਿਆ, ਮੈਂ ਆਯੁਰਵੇਦ ਨੂੰ ਸਮੂਹਿਕ ਸਿਹਤ ਦੇ ਮਾਧਿਅਮ ਵਜੋਂ ਪੇਸ਼ ਕੀਤਾ। ਵਿਸ਼ਵ ਸਿਹਤ ਸੰਗਠਨ ਦਾ 'ਗਲੋਬਲ ਟ੍ਰੈਡੀਸ਼ਨਲ ਮੈਡੀਸਨ ਸੈਂਟਰ' ਗੁਜਰਾਤ ਦੇ ਜਾਮਨਗਰ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ। ਜਾਮਨਗਰ ਵਿੱਚ ਹੀ ਆਯੁਰਵੇਦ ਸਿੱਖਿਆ ਅਤੇ ਖੋਜ ਸੰਸਥਾ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਆਯੁਰਵੈਦਿਕ ਦਵਾਈਆਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਗੰਗਾ ਨਦੀ ਦੇ ਕੰਢਿਆਂ ’ਤੇ ਔਸ਼ਧੀ ਖੇਤੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਦੋਸਤੋ ,
ਅੱਜ ਮੈਂ ਤੁਹਾਡੇ ਨਾਲ ਦੇਸ਼ ਦੀ ਇੱਕ ਹੋਰ ਪ੍ਰਾਪਤੀ ਸਾਂਝੀ ਕਰਨਾ ਚਾਹੁੰਦਾ ਹਾਂ। ਤੁਸੀਂ ਜਾਣਦੇ ਹੋ ਕਿ ਹਾਲ ਹੀ ਵਿੱਚ ਯੂਰਪੀ ਸੰਘ ਨਾਲ ਇੱਕ ਵਪਾਰ ਸਮਝੌਤਾ ਕੀਤਾ ਗਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਇਹ ਸਮਝੌਤਾ ਭਾਰਤੀ ਪ੍ਰੰਪਰਾਗਤ ਚਕਿਤਸਾ ਸੇਵਾਵਾਂ ਅਤੇ ਚਕਿਤਸਕਾਂ ਨੂੰ ਵੱਡਾ ਉਤਸ਼ਾਹ ਦੇਵੇਗਾ। ਜਿਹੜੇ ਯੂਰਪੀ ਦੇਸ਼ਾਂ ਵਿੱਚ ਨਿਯਮ ਮੌਜੂਦ ਨਹੀਂ ਹਨ, ਉੱਥੇ ਸਾਡੇ ਆਯੂਸ਼ ਚਿਕਿਤਸਕ ਭਾਰਤ ਵਿੱਚ ਪ੍ਰਾਪਤ ਆਪਣੀਆਂ ਪੇਸ਼ੇਵਰ ਯੋਗਤਾਵਾਂ ਦੇ ਆਧਾਰ ’ਤੇ ਸੇਵਾਵਾਂ ਦੇ ਸਕਣਗੇ। ਇਸ ਨਾਲ ਆਯੁਰਵੇਦ ਅਤੇ ਯੋਗ ਨਾਲ ਜੁੜੇ ਸਾਡੇ ਨੌਜਵਾਨਾਂ ਨੂੰ ਵੱਡਾ ਲਾਭ ਹੋਵੇਗਾ। ਇਹ ਸਮਝੌਤਾ ਯੂਰਪ ਵਿੱਚ ਆਯੂਸ਼ ਵੈਲਨੈੱਸ ਕੇਂਦਰਾਂ ਦੀ ਸਥਾਪਨਾ ਵਿੱਚ ਵੀ ਸਹਾਇਕ ਹੋਵੇਗਾ। ਮੈਂ ਆਯੁਰਵੇਦ–ਆਯੂਸ਼ ਨਾਲ ਜੁੜੇ ਸਾਰੇ ਮਾਣਯੋਗ ਵਿਅਕਤੀਆਂ ਨੂੰ ਇਸ ਸਮਝੌਤੇ ਲਈ ਵਧਾਈ ਦਿੰਦਾ ਹਾਂ।
ਦੋਸਤੋ ,
ਭਾਰਤ ਵਿੱਚ ਸਦੀਆਂ ਤੋ ਆਯੁਰਵੇਦ ਰਾਹੀਂ ਇਲਾਜ ਹੁੰਦਾ ਆ ਰਿਹਾ ਹੈ, ਪਰ ਇਹ ਵੀ ਸੱਚ ਹੈ ਕਿ ਅਕਸਰ ਸਾਨੂੰ ਦੇਸ਼ ਅੰਦਰ ਅਤੇ ਵਿਦੇਸ਼ਾਂ ਵਿੱਚ ਆਯੁਰਵੇਦ ਦੀ ਮਹੱਤਤਾ ਸਮਝਾਉਣੀ ਪੈਂਦੀ ਹੈ। ਇਸ ਦਾ ਇੱਕ ਵੱਡਾ ਕਾਰਨ ਸਬੂਤ-ਅਧਾਰਤ ਖੋਜ ਅਤੇ ਖੋਜ ਪੱਤਰਾਂ ਦੀ ਘਾਟ ਰਹੀ ਹੈ। ਜਦੋਂ ਆਯੁਰਵੇਦ ਨੂੰ ਵਿਗਿਆਨ ਦੇ ਮਾਪਦੰਡਾਂ ’ਤੇ ਪਰਖਿਆ ਜਾਂਦਾ ਹੈ, ਤਾਂ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਆਰਿਆ ਵੈਦਿਆ ਸ਼ਾਲਾ ਨੇ ਆਯੁਰਵੇਦ ਨੂੰ ਲਗਾਤਾਰ ਵਿਗਿਆਨ ਅਤੇ ਖੋਜ ਦੀ ਕਸੌਟੀ ’ਤੇ ਪਰਖਿਆ ਹੈ। ਇਹ ਸੀਐੱਸਆਈਆਰ ਅਤੇ ਆਈਆਈਟੀ ਵਰਗੀਆਂ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਦਵਾਈ ਖੋਜ, ਕਲੀਨੀਕਲ ਖੋਜ ਅਤੇ ਕੈਂਸਰ ਇਲਾਜ ’ਤੇ ਵੀ ਇਸ ਦਾ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਆਯੂਸ਼ ਮੰਤਰਾਲੇ ਦੇ ਸਹਿਯੋਗ ਨਾਲ ਕੈਂਸਰ ਖੋਜ ਲਈ ਉੱਤਮਤਾ ਕੇਂਦਰ ਦੀ ਸਥਾਪਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਦੋਸਤੋ,
ਸਮੇਂ ਦੇ ਨਾਲ ਕਦਮ ਮਿਲਾਉਂਦੇ ਹੋਏ ਹੁਣ ਸਾਨੂੰ ਆਯੁਰਵੇਦ ਵਿੱਚ ਆਧੁਨਿਕ ਤਕਨਾਲੋਜੀ ਅਤੇ ਮਸਨੂਈ ਬੁੱਧੀ ਦੀ ਵਰਤੋ ਵੀ ਵਧਾਉਣੀ ਚਾਹੀਦੀ ਹੈ। ਬਿਮਾਰੀਆਂ ਦੀ ਸੰਭਾਵਨਾ ਦੀ ਪੜਚੋਲ ਅਤੇ ਇਲਾਜ ਲਈ ਨਵੇਂ ਤੇ ਨਵੀਨ ਤਰੀਕਿਆਂ ਦੀਆਂ ਬਹੁਤ ਸੰਭਾਵਨਾਵਾਂ ਹਨ।
ਦੋਸਤੋ ,
ਆਰਿਆ ਵੈਦਿਆ ਸ਼ਾਲਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਰੰਪਰਾ ਅਤੇ ਆਧੁਨਿਕਤਾ ਇਕੱਠੇ ਚੱਲ ਸਕਦੀਆਂ ਹਨ ਅਤੇ ਸਿਹਤ ਸੇਵਾ ਲੋਕਾਂ ਦੀ ਜ਼ਿੰਦਗੀ ਵਿੱਚ ਵਿਸ਼ਵਾਸ ਦੀ ਬੁਨਿਆਦ ਬਣ ਸਕਦੀ ਹੈ। ਆਯੁਰਵੇਦ ਦੇ ਪ੍ਰਾਚੀਨ ਗਿਆਨ ਨੂੰ ਸੰਭਾਲਦੇ ਹੋਏ, ਇਸ ਸੰਸਥਾ ਨੇ ਆਧੁਨਿਕ ਲੋੜਾਂ ਨੂੰ ਅਪਣਾਇਆ ਹੈ। ਇਲਾਜ ਨੂੰ ਵਿਵਸਥਾ ਦਿੱਤੀ ਹੈ ਅਤੇ ਸੇਵਾਵਾਂ ਮਰੀਜ਼ਾਂ ਤੱਕ ਪਹੁੰਚਾਈਆਂ ਗਈਆਂ ਹਨ। ਮੈਂ ਆਰਿਆ ਵੈਦਿਆ ਸ਼ਾਲਾ ਨੂੰ ਇਸ ਪ੍ਰੇਰਕ ਯਾਤਰਾ ਲਈ ਮੁੜ ਵਧਾਈ ਦਿੰਦਾ ਹਾਂ। ਮੇਰੀ ਕਾਮਨਾ ਹੈ ਕਿ ਇਹ ਸੰਸਥਾ ਆਉਣ ਵਾਲੇ ਸਾਲਾਂ ਵਿੱਚ ਵੀ ਇਸੇ ਸਮਰਪਣ ਅਤੇ ਸੇਵਾ ਭਾਵਨਾ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਂਦੀ ਰਹੇ।
ਬਹੁਤ-ਬਹੁਤ ਧੰਨਵਾਦ।
ਨਮਸਕਾਰਮ।
************
ਐੱਮਜੇਪੀਐੱਸ/ਵੀਜੇ
(Release ID: 2219893)
ਵਿਜ਼ੀਟਰ ਕਾਊਂਟਰ : 5
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Telugu
,
Kannada
,
Malayalam