ਪ੍ਰਧਾਨ ਮੰਤਰੀ ਦਫਤਰ
ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਕਰਵਾਏ ਭਾਰਤ-ਈਯੂ ਬਿਜ਼ਨਸ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
27 JAN 2026 8:05PM by PIB Chandigarh
ਮਹਾਮਹਿਮ,
ਮੈਡਮ ਪ੍ਰੈਜ਼ੀਡੈਂਟ, ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਬਿਜ਼ਨਸ ਲੀਡਰਜ਼, ਤੁਹਾਨੂੰ ਸਾਰਿਆਂ ਨੂੰ ਮੇਰਾ ਨਮਸਕਾਰ।
ਭਾਰਤ-ਯੂਰਪੀਅਨ ਯੂਨੀਅਨ ਬਿਜ਼ਨਸ ਫੋਰਮ ਵਿੱਚ ਹਿੱਸਾ ਲੈ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਯੂਰਪੀਅਨ ਯੂਨੀਅਨ ਕੌਂਸਲ ਅਤੇ ਕਮਿਸ਼ਨ ਦੇ ਪ੍ਰੈਜ਼ੀਡੈਂਟ ਦੀ ਇਹ ਭਾਰਤ ਫੇਰੀ ਕੋਈ ਸਾਧਾਰਨ ਕੂਟਨੀਤਕ ਦੌਰਾ ਨਹੀਂ ਹੈ, ਇਹ ਭਾਰਤ-ਯੂਰਪੀਅਨ ਯੂਨੀਅਨ ਰਿਸ਼ਤਿਆਂ ਵਿੱਚ ਇੱਕ ਨਵੇਂ ਯੁੱਗ ਦਾ ਆਗਾਜ਼ ਹੈ। ਪਹਿਲੀ ਵਾਰ ਯੂਰਪੀਅਨ ਯੂਨੀਅਨ ਦੇ ਲੀਡਰਜ਼, ਉਨ੍ਹਾਂ ਦਾ ਭਾਰਤ ਦੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ, ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਐੱਫਟੀਏ ਸੰਪੰਨ ਹੋਣਾ ਅਤੇ ਅੱਜ ਇੰਨੇ ਸਾਰੇ ਸੀਈਓਜ਼ ਨਾਲ, ਇੰਨੇ ਵੱਡੇ ਪੱਧਰ 'ਤੇ ਭਾਰਤ-ਯੂਰਪੀਅਨ ਯੂਨੀਅਨ ਬਿਜ਼ਨਸ ਫੋਰਮ ਆਯੋਜਿਤ ਹੋਣਾ, ਇਹ ਸਾਰੀਆਂ ਪ੍ਰਾਪਤੀਆਂ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਰੀ ਸ਼ਕਤੀਆਂ, ਇਨ੍ਹਾਂ ਵਿਚਕਾਰ ਹੋ ਰਹੇ ਬੇਮਿਸਾਲ ਤਾਲਮੇਲ ਦਾ ਪ੍ਰਤੀਕ ਹੈ।
ਦੋਸਤੋ,
ਇਹ ਤਾਲਮੇਲ ਕੋਈ ਇਤਫ਼ਾਕ ਨਹੀਂ ਹੈ, ਬਾਜ਼ਾਰ ਅਰਥ-ਵਿਵਸਥਾਵਾਂ ਹੋਣ ਦੇ ਨਾਤੇ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਹਨ। ਵਿਸ਼ਵ ਸਥਿਰਤਾ ਪ੍ਰਤੀ ਸਾਡੀਆਂ ਸਾਂਝੀਆਂ ਤਰਜੀਹਾਂ ਹਨ ਅਤੇ ਖੁੱਲ੍ਹੇ ਸਮਾਜਾਂ ਵਜੋਂ ਸਾਡੇ ਲੋਕਾਂ ਦਰਮਿਆਨ ਕੁਦਰਤੀ ਜੁੜਾਅ ਵੀ ਹੈ। ਇਸੇ ਮਜ਼ਬੂਤ ਆਧਾਰ 'ਤੇ ਅਸੀਂ ਆਪਣੀ ਭਾਈਵਾਲੀ ਨੂੰ ਨਵੀਂ ਉਚਾਈ ਦੇ ਰਹੇ ਹਾਂ। ਅਸੀਂ ਇਸ ਨੂੰ ਦੁਨੀਆ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਭਾਈਵਾਲੀਆਂ ਵਿੱਚੋਂ ਸਥਾਪਿਤ ਕਰ ਰਹੇ ਹਾਂ ਅਤੇ ਇਸ ਦੇ ਨਤੀਜੇ ਵੀ ਸਾਨੂੰ ਸਾਫ਼ ਦਿਸ ਰਹੇ ਹਨ। ਪਿਛਲੇ 10 ਸਾਲਾਂ ਵਿੱਚ ਸਾਡਾ ਵਪਾਰ ਦੁੱਗਣਾ ਹੋ ਕੇ 180 ਬਿਲੀਅਨ ਯੂਰੋ ਤੱਕ ਪਹੁੰਚ ਗਿਆ ਹੈ। ਭਾਰਤ ਵਿੱਚ 6000 ਤੋਂ ਵੱਧ ਯੂਰਪੀ ਕੰਪਨੀਆਂ ਕੰਮ ਕਰ ਰਹੀਆਂ ਹਨ। ਯੂਰਪੀਅਨ ਯੂਨੀਅਨ ਤੋਂ ਭਾਰਤ ਵਿੱਚ 120 ਬਿਲੀਅਨ ਯੂਰੋ ਤੋਂ ਵੱਧ ਦਾ ਨਿਵੇਸ਼ ਹੈ। ਭਾਰਤ ਦੀਆਂ 1500 ਕੰਪਨੀਆਂ ਯੂਰਪੀਅਨ ਯੂਨੀਅਨ ਵਿੱਚ ਮੌਜੂਦ ਹਨ ਅਤੇ ਉੱਥੇ ਭਾਰਤੀ ਨਿਵੇਸ਼ ਲਗਭਗ 40 ਬਿਲੀਅਨ ਯੂਰੋ ਤੱਕ ਪਹੁੰਚ ਚੁੱਕਾ ਹੈ। ਅੱਜ ਭਾਰਤ ਅਤੇ ਯੂਰਪੀਅਨ ਕੰਪਨੀਆਂ ਵਿਚਾਲੇ ਖੋਜ ਤੇ ਵਿਕਾਸ, ਨਿਰਮਾਣ ਅਤੇ ਸੇਵਾਵਾਂ, ਹਰ ਖੇਤਰ ਵਿੱਚ ਡੂੰਘਾ ਸਹਿਯੋਗ ਹੈ। ਅਤੇ ਤੁਹਾਡੇ ਵਰਗੇ ਬਿਜ਼ਨਸ ਲੀਡਰਜ਼ ਇਸ ਦੇ ਕਰਤਾ ਵੀ ਹਨ ਅਤੇ ਲਾਭਪਾਤਰੀ ਵੀ ਹਨ।
ਦੋਸਤੋ,
ਹੁਣ ਸਮਾਂ ਹੈ ਕਿ ਅਸੀਂ ਇਸ ਭਾਈਵਾਲੀ ਨੂੰ ‘ਹੋਲ ਆਫ਼ ਦਿ ਸੁਸਾਇਟੀ ਪਾਰਟਨਰਸ਼ਿਪ’ (ਸਮੁੱਚੇ ਸਮਾਜ ਦੀ ਭਾਈਵਾਲੀ) ਬਣਾਈਏ। ਇਸੇ ਸੋਚ ਨਾਲ ਅਸੀਂ ਅੱਜ ਇੱਕ ਵਿਆਪਕ ਐੱਫਟੀਏ ਪੂਰਾ ਕੀਤਾ ਹੈ। ਇਸ ਨਾਲ ਭਾਰਤ ਦੇ ਕਿਰਤ-ਪ੍ਰਧਾਨ ਉਤਪਾਦਾਂ ਨੂੰ ਯੂਰਪੀਅਨ ਯੂਨੀਅਨ ਬਾਜ਼ਾਰ ਵਿੱਚ ਆਸਾਨ ਪਹੁੰਚ ਮਿਲੇਗੀ। ਇਸ ਵਿੱਚ ਖ਼ਾਸ ਤੌਰ 'ਤੇ ਕੱਪੜਾ, ਰਤਨ ਅਤੇ ਗਹਿਣੇ, ਆਟੋ ਪਾਰਟਸ ਅਤੇ ਇੰਜੀਨੀਅਰਿੰਗ ਸਾਮਾਨ ਸ਼ਾਮਲ ਹੈ। ਫਲ਼ਾਂ, ਸਬਜ਼ੀਆਂ, ਪ੍ਰੋਸੈੱਸਡ ਫੂਡ ਅਤੇ ਸਮੁੰਦਰੀ ਉਤਪਾਦਾਂ ਵਿੱਚ ਨਵੇਂ ਮੌਕੇ ਬਣਨਗੇ। ਇਸ ਦਾ ਸਿੱਧਾ ਲਾਭ ਸਾਡੇ ਕਿਸਾਨਾਂ ਨੂੰ, ਸਾਡੇ ਮਛੇਰਿਆਂ ਨੂੰ ਮਿਲੇਗਾ, ਸਾਡੇ ਸੇਵਾ ਖੇਤਰ ਨੂੰ ਵੀ ਇਸ ਤੋਂ ਫ਼ਾਇਦਾ ਹੋਵੇਗਾ। ਖ਼ਾਸ ਤੌਰ 'ਤੇ ਆਈਟੀ, ਸਿੱਖਿਆ, ਰਵਾਇਤੀ ਦਵਾਈਆਂ ਅਤੇ ਬਿਜ਼ਨਸ ਸਰਵਿਸ ਨੂੰ ਲਾਭ ਹੋਵੇਗਾ।
ਦੋਸਤੋ,
ਅੱਜ ਗਲੋਬਲ ਬਿਜ਼ਨਸ ਵਿੱਚ ਵੱਡੀ ਉਥੱਲ-ਪੁਥਲ ਹੈ। ਹਰ ਕੰਪਨੀ ਆਪਣੀ ਬਾਜ਼ਾਰ ਰਣਨੀਤੀ ਅਤੇ ਭਾਈਵਾਲੀ ਨੂੰ ਨਵੇਂ ਸਿਰੇ ਤੋਂ ਦੇਖ ਰਹੀ ਹੈ। ਅਜਿਹੇ ਸਮੇਂ ਵਿੱਚ ਇਹ ਐੱਫਟੀਏ ਬਿਜ਼ਨਸ ਜਗਤ ਲਈ ਇੱਕ ਸਾਫ਼ ਅਤੇ ਸਕਾਰਾਤਮਕ ਸੁਨੇਹਾ ਹੈ। ਇਹ ਦੋਵਾਂ ਪੱਖਾਂ ਦੇ ਵਪਾਰਕ ਭਾਈਚਾਰੇ ਲਈ ਸਮਰੱਥ, ਭਰੋਸੇਮੰਦ ਅਤੇ ਭਵਿੱਖ-ਮੁਖੀ ਭਾਈਵਾਲੀ ਬਣਾਉਣ ਦਾ ਸਪਸ਼ਟ ਸੱਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਸਾਰੇ ਇਸ ਐੱਫਟੀਏ ਦੇ ਮੌਕਿਆਂ ਦਾ ਪੂਰਾ-ਪੂਰਾ ਲਾਭ ਉਠਾਓਗੇ।
ਦੋਸਤੋ,
ਭਾਰਤ ਅਤੇ ਯੂਰਪੀਅਨ ਯੂਨੀਅਨ ਦੀਆਂ, ਕਈ ਤਰਜੀਹਾਂ ਦੀਆਂ, ਉਸ ਤੋਂ ਤੁਹਾਡੀ ਵਪਾਰਕ ਭਾਈਵਾਲੀ ਨੂੰ ਵੀ ਲਾਭ ਮਿਲ ਸਕਦਾ ਹੈ। ਮੈਂ ਇਸ ਸੰਦਰਭ ਵਿੱਚ ਤਿੰਨ ਤਰਜੀਹਾਂ ਦੀ ਗੱਲ ਕਰਾਂਗਾ। ਪਹਿਲਾ- ਅੱਜ ਦੁਨੀਆ ਵਿੱਚ ਵਪਾਰ, ਤਕਨਾਲੋਜੀ ਅਤੇ ਮਹੱਤਵਪੂਰਨ ਖਣਿਜਾਂ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਸਾਨੂੰ ਨਾਲ ਮਿਲ ਕੇ ਆਪਣੀ ਨਿਰਭਰਤਾ ਦੇ ਜੋਖ਼ਮ ਘਟਾਉਣ ਦੀ ਲੋੜ ਹੈ। ਕੀ ਸਾਡਾ ਵਪਾਰਕ ਭਾਈਚਾਰਾ ਮਿਲ ਕੇ ਈਵੀਜ਼, ਬੈਟਰੀਆਂ, ਚਿਪਸ ਅਤੇ ਏਪੀਆਈਜ਼ ਵਿੱਚ ਬਾਹਰੀ ਨਿਰਭਰਤਾ ਘਟਾ ਸਕਦਾ ਹੈ? ਕੀ ਅਸੀਂ ਭਰੋਸੇਮੰਦ ਸਪਲਾਈ ਚੇਨ ਦਾ ਸਾਂਝਾ ਬਦਲ ਖੜ੍ਹਾ ਕਰ ਸਕਦੇ ਹਾਂ? ਦੂਜਾ- ਭਾਰਤ ਅਤੇ ਯੂਰਪੀਅਨ ਯੂਨੀਅਨ ਦੋਵਾਂ ਦਾ ਧਿਆਨ ਰੱਖਿਆ ਉਦਯੋਗਾਂ ਅਤੇ ਆਧੁਨਿਕ ਤਕਨਾਲੋਜੀ 'ਤੇ ਰਿਹਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਰੱਖਿਆ, ਪੁਲਾੜ, ਦੂਰਸੰਚਾਰ ਅਤੇ ਏਆਈ ਵਰਗੇ ਖੇਤਰਾਂ ਵਿੱਚ ਭਾਈਵਾਲੀ ਵਧਾਓ। ਤੀਜਾ- ਸਾਫ਼ ਅਤੇ ਟਿਕਾਊ ਭਵਿੱਖ ਦੋਵਾਂ ਦੀ ਤਰਜੀਹ ਹੈ। ਗ੍ਰੀਨ ਹਾਈਡ੍ਰੋਜਨ ਤੋਂ ਲੈ ਕੇ ਸੋਲਰ ਐਨਰਜੀ ਅਤੇ ਸਮਾਰਟ ਗ੍ਰਿਡ, ਹਰ ਖੇਤਰ ਵਿੱਚ ਸਾਨੂੰ ਸਾਂਝੀ ਖੋਜ ਅਤੇ ਨਿਵੇਸ਼ ਵਧਾਉਣਾ ਚਾਹੀਦਾ ਹੈ। ਦੋਵਾਂ ਉਦਯੋਗਾਂ ਨੂੰ ਮਿਲ ਕੇ ਛੋਟੇ ਮਾਡਿਊਲਰ ਰਿਐਕਟਰਾਂ ਅਤੇ ਟਿਕਾਊ ਗਤੀਸ਼ੀਲਤਾ 'ਤੇ ਵੀ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਪਾਣੀ ਪ੍ਰਬੰਧਨ, ਸਰਕੁਲਰ ਅਰਥ-ਵਿਵਸਥਾ ਅਤੇ ਟਿਕਾਊ ਖੇਤੀਬਾੜੀ, ਹਰ ਖੇਤਰ ਵਿੱਚ ਮਿਲ ਕੇ ਹੱਲ ਵਿਕਸਿਤ ਕਰਨੇ ਚਾਹੀਦੇ ਹਨ।
ਦੋਸਤੋ,
ਅੱਜ ਦੇ ਇਨ੍ਹਾਂ ਇਤਿਹਾਸਕ ਫ਼ੈਸਲਿਆਂ ਤੋਂ ਬਾਅਦ ਹੁਣ ਵਿਸ਼ੇਸ਼ ਜ਼ਿੰਮੇਵਾਰੀ ਤੁਹਾਡੇ ਸਾਰਿਆਂ 'ਤੇ ਹੈ। ਹੁਣ ਅਗਲਾ ਕਦਮ ਵਪਾਰਕ ਭਾਈਚਾਰੇ ਨੂੰ ਚੁੱਕਣਾ ਹੈ, ਗੇਂਦ ਹੁਣ ਤੁਹਾਡੇ ਪਾਲੇ ਵਿੱਚ ਹੈ। ਤੁਹਾਡੇ ਆਪਸੀ ਸਹਿਯੋਗ ਨਾਲ ਹੀ ਸਾਡੀ ਭਾਈਵਾਲੀ ਨੂੰ ਭਰੋਸਾ, ਪਹੁੰਚ ਅਤੇ ਪੈਮਾਨਾ ਮਿਲੇਗਾ। ਤੁਹਾਡੇ ਯਤਨਾਂ ਨਾਲ ਅਸੀਂ ਸਾਂਝੀ ਖ਼ੁਸ਼ਹਾਲੀ ਹਾਸਲ ਕਰ ਸਕਾਂਗੇ। ਆਓ ਅਸੀਂ ਆਪਣੀਆਂ-ਆਪਣੀਆਂ ਸਮਰੱਥਾਵਾਂ ਜੋੜੀਏ ਅਤੇ ਪੂਰੀ ਦੁਨੀਆ ਲਈ ਵਿਕਾਸ ਦਾ ਡਬਲ ਇੰਜਣ ਬਣੀਏ।
ਬਹੁਤ-ਬਹੁਤ ਧੰਨਵਾਦ।
*********
ਐੱਮਜੇਪੀਐੱਸ/ਵੀਜੇ
(रिलीज़ आईडी: 2219484)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
हिन्दी
,
Bengali
,
Assamese
,
Manipuri
,
Gujarati
,
Odia
,
Odia
,
Telugu
,
Kannada
,
Malayalam