ਪ੍ਰਧਾਨ ਮੰਤਰੀ ਦਫਤਰ
ਕੱਛ ਅਤੇ ਸੌਰਾਸ਼ਟਰ ਖੇਤਰ ਲਈ ਆਯੋਜਿਤ ਵਾਈਬ੍ਰੈਂਟ ਗੁਜਰਾਤ ਰੀਜਨਲ ਕਾਨਫ਼ਰੰਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
11 JAN 2026 6:00PM by PIB Chandigarh
ਕੇਮ ਛੋ।
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਉਪ ਮੁੱਖ ਮੰਤਰੀ ਹਰਸ਼ ਸੰਘਵੀ, ਗੁਜਰਾਤ ਸਰਕਾਰ ਦੇ ਹੋਰ ਮੰਤਰੀ, ਸਾਂਸਦ ਅਤੇ ਵਿਧਾਇਕ, ਮਹਾਮਹਿਮ, ਉਦਯੋਗ ਜਗਤ ਦੇ ਨੁਮਾਇੰਦੇ, ਹੋਰ ਪਤਵੰਤੇ, ਦੇਵੀਓ ਅਤੇ ਸੱਜਣੋ।
2026 ਦੀ ਸ਼ੁਰੂਆਤ ਤੋਂ ਬਾਅਦ ਇਹ ਮੇਰਾ ਗੁਜਰਾਤ ਦਾ ਪਹਿਲਾ ਦੌਰਾ ਹੈ। ਅਤੇ ਸੁਖਦ ਇਸ ਲਈ ਵੀ ਹੈ ਕਿਉਂਕਿ 2026 ਦੀ ਮੇਰੀ ਯਾਤਰਾ ਸੋਮਨਾਥ ਦਾਦਾ ਦੇ ਚਰਨਾਂ ਵਿੱਚ ਸਿਰ ਝੁਕਾਅ ਕੇ ਹੋਈ ਹੈ।ਅਤੇ ਹੁਣ ਮੈਂ ਰਾਜਕੋਟ ਵਿੱਚ ਇਸ ਸ਼ਾਨਦਾਰ ਸਮਾਗਮ ਵਿੱਚ ਹਿੱਸਾ ਲੈ ਰਿਹਾ ਹਾਂ। ਯਾਨੀ ਵਿਕਾਸ ਵੀ, ਵਿਰਾਸਤ ਵੀ, ਇਹ ਮੰਤਰ ਹਰ ਪਾਸੇ ਗੂੰਜ ਰਿਹਾ ਹੈ। ਮੈਂ ਦੇਸ਼ ਅਤੇ ਦੁਨੀਆ ਭਰ ਤੋਂ ਇੱਥੇ ਆਏ ਸਾਰਿਆਂ ਦਾ ਵਾਈਬ੍ਰੈਂਟ ਗੁਜਰਾਤ ਰੀਜਨਲ ਸਮਿਟ ਵਿੱਚ ਸਵਾਗਤ ਕਰਦਾ ਹਾਂ, ਵਧਾਈ ਦਿੰਦਾ ਹਾਂ।
ਸਾਥੀਓ,
ਜਦੋਂ ਵੀ ਵਾਈਬ੍ਰੈਂਟ ਗੁਜਰਾਤ ਸਮਿਟ ਦਾ ਮੰਚ ਸੱਜਦਾ ਹੈ, ਤਾਂ ਮੈਨੂੰ ਸਿਰਫ਼ ਇੱਕ ਸਮਿਟ ਨਹੀਂ ਦਿਖਦੀ, ਮੈਨੂੰ 21ਵੀਂ ਸਦੀ ਦੇ ਆਧੁਨਿਕ ਭਾਰਤ ਦੀ ਉਹ ਯਾਤਰਾ ਨਜ਼ਰ ਆਉਂਦੀ ਹੈ, ਜੋ ਇੱਕ ਸੁਪਨੇ ਨਾਲ ਸ਼ੁਰੂ ਹੋਈ ਅਤੇ ਅੱਜ ਇੱਕ ਅਟੁੱਟ ਭਰੋਸੇ ਤੱਕ ਪਹੁੰਚ ਚੁੱਕੀ ਹੈ। ਦੋ ਦਹਾਕਿਆਂ ਵਿੱਚ ਵਾਈਬ੍ਰੈਂਟ ਗੁਜਰਾਤ ਦੀ ਇਹ ਯਾਤਰਾ ਇੱਕ ਗਲੋਬਲ ਬੈਂਚਮਾਰਕ ਬਣ ਗਈ ਹੈ। ਹੁਣ ਤੱਕ ਇਸਦੇ 10 ਐਡੀਸ਼ਨ ਹੋ ਚੁੱਕੇ ਹਨ, ਅਤੇ ਹਰ ਐਡੀਸ਼ਨ ਦੇ ਨਾਲ ਇਸ ਸਮਿਟ ਦੀ ਪਹਿਚਾਣ ਅਤੇ ਭੂਮਿਕਾ ਦੋਵੇਂ ਮਜ਼ਬੂਤ ਹੁੰਦੀਆਂ ਰਹੀਆਂ ਹਨ।
ਸਾਥੀਓ,
ਮੈਂ ਵਾਈਬ੍ਰੈਂਟ ਗੁਜਰਾਤ ਸਮਿਟ ਦੇ ਵਿਜ਼ਨ ਨਾਲ ਪਹਿਲੇ ਦਿਨ ਤੋਂ ਜੁੜਿਆ ਰਿਹਾ ਹਾਂ। ਸ਼ੁਰੂਆਤੀ ਦੌਰ ਵਿੱਚ ਸਾਡਾ ਮਕਸਦ ਸੀ ਕਿ ਗੁਜਰਾਤ ਦੀ ਸਮਰੱਥਾ ਨਾਲ ਦੁਨੀਆ ਜਾਣੂ ਹੋਵੇ, ਲੋਕ ਇੱਥੇ ਆਉਣ ਅਤੇ ਇੱਥੇ ਨਿਵੇਸ਼ ਕਰਨ ਅਤੇ ਇਸ ਨਾਲ ਭਾਰਤ ਨੂੰ ਫ਼ਾਇਦਾ ਹੋਵੇ, ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਵੀ ਫ਼ਾਇਦਾ ਹੋਵੇ। ਪਰ ਅੱਜ ਇਹ ਸਮਿਟ ਨਿਵੇਸ਼ ਤੋਂ ਵੀ ਅੱਗੇ ਵਧ ਕੇ ਗਲੋਬਲ ਗ੍ਰੋਥ, ਅੰਤਰਰਾਸ਼ਟਰੀ ਕਾਰਪੋਰੇਸ਼ਨ ਅਤੇ ਸਾਂਝੇਦਾਰੀ ਦਾ ਇੱਕ ਮਜ਼ਬੂਤ ਮੰਚ ਬਣ ਗਈ ਹੈ। ਬੀਤੇ ਸਾਲਾਂ ਵਿੱਚ ਗਲੋਬਲ ਭਾਈਵਾਲਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਹੈ ਅਤੇ ਸਮੇਂ ਦੇ ਨਾਲ ਇਹ ਸਮਿਟ ਸਮਾਵੇਸ਼ ਦਾ ਵੀ ਬਹੁਤ ਵੱਡਾ ਉਦਾਹਰਣ ਬਣ ਗਈ ਹੈ। ਇੱਥੇ ਕਾਰਪੋਰੇਟ ਸਮੂਹਾਂ ਦੇ ਨਾਲ-ਨਾਲ, ਸਹਿਕਾਰੀ, ਐੱਮਐੱਸਐੱਮਈ, ਸਟਾਰਟ-ਅੱਪਸ, ਬਹੁ-ਪੱਖੀ ਅਤੇ ਦੋ-ਪੱਖੀ ਸੰਗਠਨ, ਅੰਤਰਰਾਸ਼ਟਰੀ ਵਿੱਤੀ ਅਦਾਰੇ, ਸਾਰੇ ਇਕੱਠੇ ਸੰਵਾਦ ਕਰਦੇ ਹਨ, ਚਰਚਾ ਕਰਦੇ ਹਨ, ਗੁਜਰਾਤ ਦੇ ਵਿਕਾਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਹਨ।
ਸਾਥੀਓ,
ਬੀਤੇ ਦੋ ਦਹਾਕਿਆਂ ਵਿੱਚ ਵਾਈਬ੍ਰੈਂਟ ਗੁਜਰਾਤ ਸਮਿਟ ਨੇ ਲਗਾਤਾਰ ਕੁਝ ਨਵਾਂ, ਕੁਝ ਖ਼ਾਸ ਕੀਤਾ ਹੈ। ਵਾਈਬ੍ਰੈਂਟ ਗੁਜਰਾਤ ਦੀ ਇਹ ਰੀਜਨਲ ਸਮਿਟ ਵੀ ਇਸਦਾ ਇੱਕ ਉਦਾਹਰਣ ਬਣ ਗਈ ਹੈ। ਇਸਦਾ ਫੋਕਸ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਦੀ ਅਣਵਰਤੀ ਸੰਭਾਵਨਾ ਨੂੰ ਪ੍ਰਦਰਸ਼ਨ ਵਿੱਚ ਬਦਲਣ ਦਾ ਹੈ। ਜਿਵੇਂ ਕਿਸੇ ਖੇਤਰ ਵਿੱਚ ਤੱਟਵਰਤੀ ਰੇਖਾ ਦੀ ਤਾਕਤ ਹੈ, ਤਾਂ ਕਿਤੇ ਇੱਕ ਲੰਬੀ ਕਬਾਇਲੀ ਪੱਟੀ ਹੈ, ਕਿਤੇ ਉਦਯੋਗਿਕ ਕਲੱਸਟਰਾਂ ਦਾ ਇੱਕ ਵੱਡਾ ਈਕੋਸਿਸਟਮ ਹੈ, ਤਾਂ ਕਿਤੇ, ਖੇਤੀਬਾੜੀ ਅਤੇ ਪਸ਼ੂ ਪਾਲਣ ਦੀ ਅਮੀਰ ਰਵਾਇਤ ਹੈ। ਯਾਨੀ, ਗੁਜਰਾਤ ਦੇ ਵੱਖ-ਵੱਖ ਖੇਤਰਾਂ ਦੀ ਆਪਣੀ ਤਾਕਤ ਹੈ। ਵਾਈਬ੍ਰੈਂਟ ਗੁਜਰਾਤ ਦੀ ਰੀਜਨਲ ਸਮਿਟ, ਗੁਜਰਾਤ ਦੀਆਂ ਇਨ੍ਹਾਂ ਹੀ ਖੇਤਰੀ ਤਾਕਤਾਂ 'ਤੇ ਕੇਂਦ੍ਰਿਤ ਕਰਦੇ ਹੋਏ ਅੱਗੇ ਵਧ ਰਹੀ ਹੈ।
ਸਾਥੀਓ,
21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਿਆ ਹੈ। ਬੀਤੇ ਸਾਲਾਂ ਵਿੱਚ ਭਾਰਤ ਨੇ ਬਹੁਤ ਤੇਜ਼ ਤਰੱਕੀ ਵੀ ਕੀਤੀ ਹੈ। ਅਤੇ ਇਸ ਵਿੱਚ ਗੁਜਰਾਤ ਦੀ, ਤੁਹਾਡੀ ਸਾਰਿਆਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਭਾਰਤ ਦੁਨੀਆ ਦੀ ਤੀਜੀ ਵੱਡੀ ਅਰਥ-ਵਿਵਸਥਾ ਬਣਨ ਵੱਲ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਅਤੇ ਜੋ ਅੰਕੜੇ ਆ ਰਹੇ ਹਨ, ਉਸ ਨਾਲ ਇਹ ਸਾਫ਼ ਹੈ ਕਿ ਭਾਰਤ ਤੋਂ ਦੁਨੀਆ ਦੀਆਂ ਉਮੀਦਾਂ ਲਗਾਤਾਰ ਵਧ ਰਹੀਆਂ ਹਨ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥ-ਵਿਵਸਥਾ ਹੈ, ਮਹਿੰਗਾਈ ਕਾਬੂ ਵਿੱਚ ਹੈ, ਖੇਤੀਬਾੜੀ ਉਤਪਾਦਨ ਵਿੱਚ ਭਾਰਤ ਨਵੇਂ ਰਿਕਾਰਡ ਬਣਾ ਰਿਹਾ ਹੈ, ਭਾਰਤ ਦੁੱਧ ਉਤਪਾਦਨ ਵਿੱਚ ਪਹਿਲੇ ਨੰਬਰ 'ਤੇ ਹੈ, ਜੇਨਰਿਕ ਮੈਡੀਸਨ ਉਤਪਾਦਨ ਦੇ ਮਾਮਲੇ ਵਿੱਚ ਭਾਰਤ ਪਹਿਲੇ ਨੰਬਰ 'ਤੇ ਹੈ, ਦੁਨੀਆ ਵਿੱਚ ਜੋ ਦੇਸ਼ ਸਭ ਤੋਂ ਜ਼ਿਆਦਾ ਵੈਕਸੀਨਜ਼ ਬਣਾਉਂਦਾ ਹੈ, ਉਸ ਦੇਸ਼ ਦਾ ਨਾਮ ਭਾਰਤ ਹੈ।
ਸਾਥੀਓ,
ਭਾਰਤ ਦੀ ਗ੍ਰੋਥ ਨਾਲ ਜੁੜੀ ਫੈਕਟ ਸ਼ੀਟ, ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ ਦੇ ਮੰਤਰ ਦੀ ਸਕਸੈਸ ਸਟੋਰੀ ਹੈ। ਬੀਤੇ 11 ਸਾਲਾਂ ਵਿੱਚ ਭਾਰਤ, ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਡੇਟਾ ਕੰਜਿਊਮਰ ਬਣਿਆ ਹੈ, ਸਾਡਾ ਯੂਪੀਆਈ, ਦੁਨੀਆ ਦਾ ਨੰਬਰ ਇੱਕ ਰੀਅਲ-ਟਾਈਮ ਡਿਜੀਟਲ ਟ੍ਰਾਂਜੈਕਸ਼ਨ ਪਲੇਟਫਾਰਮ ਬਣਿਆ ਹੈ। ਕਦੇ ਅਸੀਂ 10 ਵਿੱਚੋਂ 9 ਮੋਬਾਈਲ ਫੋਨ ਬਾਹਰੋਂ ਮੰਗਵਾਉਂਦੇ ਸੀ। ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਮੈਨੁਫੈਕਚਰਰ ਹੈ। ਅੱਜ ਭਾਰਤ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਸੂਰਜੀ ਊਰਜਾ ਉਤਪਾਦਨ ਦੇ ਮਾਮਲੇ ਵਿੱਚ ਵੀ ਚੋਟੀ ਦੇ ਤਿੰਨ ਦੇਸ਼ਾਂ ਵਿੱਚੋਂ ਭਾਰਤ ਇੱਕ ਹੈ। ਅਸੀਂ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਜ਼ਾਰ ਹਾਂ, ਅਤੇ ਮੈਟ੍ਰੋ ਦੇ ਮਾਮਲੇ ਵਿੱਚ ਵੀ ਅਸੀਂ ਦੁਨੀਆ ਦੇ ਚੋਟੀ ਦੇ ਤਿੰਨ ਨੈੱਟਵਰਕ ਵਿੱਚ ਸ਼ਾਮਲ ਹੋ ਗਏ ਹਾਂ।
ਸਾਥੀਓ,
ਅੱਜ ਹਰ ਗਲੋਬਲ ਮਾਹਰ, ਗਲੋਬਲ ਅਦਾਰੇ, ਭਾਰਤ ਨੂੰ ਲੈ ਕੇ ਆਸ਼ਾਵਾਦੀ ਹਨ। ਆਈਐੱਮਐੱਫ, ਭਾਰਤ ਨੂੰ ਗਲੋਬਲ ਗ੍ਰੋਥ ਦਾ ਇੰਜਣ ਦੱਸਦਾ ਹੈ। ਐੱਸ ਐਂਡ ਪੀ, ਅਠਾਰਾਂ ਸਾਲਾਂ ਬਾਅਦ, ਭਾਰਤ ਦੀ ਰੇਟਿੰਗ ਅੱਪਗ੍ਰੇਡ ਕਰਦੀ ਹੈ। ਫਿਟਚ ਰੇਟਿੰਗਸ ਭਾਰਤ ਦੀ ਮੈਕਰੋ ਸਥਿਰਤਾ ਅਤੇ ਫਿਸਕਲ ਕ੍ਰੈਡਿਬਿਲਿਟੀ ਦੀ ਸ਼ਲਾਘਾ ਕਰਦੀ ਹੈ। ਭਾਰਤ ’ਤੇ ਦੁਨੀਆ ਦਾ ਇਹ ਭਰੋਸਾ ਇਸ ਲਈ ਹੈ, ਕਿਉਂਕਿ ਵੱਡੀ ਵਿਸ਼ਵ-ਵਿਆਪੀ ਅਨਿਸ਼ਚਿਤਤਾ ਦੇ ਵਿੱਚ, ਭਾਰਤ ਵਿੱਚ ਅਸੀਂ ਇੱਕ ਬੇਮਿਸਾਲ ਨਿਸ਼ਚਤਤਾ ਦਾ ਦੌਰ ਦੇਖ ਰਹੇ ਹਾਂ। ਅੱਜ ਭਾਰਤ ਵਿੱਚ ਰਾਜਨੀਤਿਕ ਸਥਿਰਤਾ ਹੈ, ਨੀਤੀ ਵਿੱਚ ਲਗਾਤਾਰਤਾ ਹੈ। ਭਾਰਤ ਵਿੱਚ ਨਿਊ-ਮਿਡਲ ਕਲਾਸ ਦਾ ਦਾਇਰਾ ਵਧ ਰਿਹਾ ਹੈ, ਉਸਦੀ ਖ਼ਰੀਦ ਸ਼ਕਤੀ ਵਧ ਰਹੀ ਹੈ, ਅਤੇ ਇਨ੍ਹਾਂ ਕਾਰਕਾਂ ਨੇ ਭਾਰਤ ਨੂੰ ਅਥਾਹ ਸੰਭਾਵਨਾਵਾਂ ਦਾ ਦੇਸ਼ ਬਣਾ ਦਿੱਤਾ ਹੈ। ਮੈਂ ਲਾਲ ਕਿਲ੍ਹੇ ਤੋਂ ਕਿਹਾ ਸੀ: ਇਹੀ ਸਮਾਂ ਹੈ, ਸਹੀ ਸਮਾਂ ਹੈ। ਦੇਸ਼ ਅਤੇ ਦੁਨੀਆ ਦੇ ਹਰ ਨਿਵੇਸ਼ਕ ਕੋਲ ਇਨ੍ਹਾਂ ਸੰਭਾਵਨਾਵਾਂ ਦਾ ਲਾਭ ਲੈਣ ਦਾ ਇਹੀ ਸਮਾਂ ਹੈ, ਸਹੀ ਸਮਾਂ ਹੈ। ਅਤੇ ਵਾਈਬ੍ਰੈਂਟ ਗੁਜਰਾਤ ਰੀਜਨਲ ਸਮਿਟ ਵੀ, ਤੁਹਾਨੂੰ ਸਾਰੇ ਨਿਵੇਸ਼ਕਾਂ ਨੂੰ ਇਹੀ ਸੁਨੇਹਾ ਦੇ ਰਹੀ ਹੈ - ਸੌਰਾਸ਼ਟਰ-ਕੱਛ ਵਿੱਚ ਨਿਵੇਸ਼ ਦਾ ਇਹੀ ਸਮਾਂ ਹੈ, ਸਹੀ ਸਮਾਂ ਹੈ।
ਸਾਥੀਓ,
ਤੁਸੀਂ ਸਾਰੇ ਜਾਣਦੇ ਹੋ, ਸੌਰਾਸ਼ਟਰ ਅਤੇ ਕੱਛ, ਇਹ ਗੁਜਰਾਤ ਦੇ ਉਹ ਖੇਤਰ ਹਨ, ਜੋ ਸਾਨੂੰ ਸਿਖਾਉਂਦੇ ਹਨ ਕਿ ਚੁਣੌਤੀ ਚਾਹੇ ਕਿੰਨੀ ਹੀ ਵੱਡੀ ਕਿਉਂ ਨਾ ਹੋਵੇ, ਜੇਕਰ ਇਮਾਨਦਾਰੀ ਨਾਲ, ਮਿਹਨਤ ਨਾਲ ਡਟਿਆ ਜਾਵੇ, ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਇਹ ਉਹੀ ਕੱਛ ਹੈ, ਜਿਸਨੇ ਇਸ ਸਦੀ ਦੀ ਸ਼ੁਰੂਆਤ ਵਿੱਚ ਵਿਨਾਸ਼ਕਾਰੀ ਭੂਚਾਲ ਝੱਲਿਆ ਸੀ, ਇਹ ਉਹੀ ਸੌਰਾਸ਼ਟਰ ਹੈ ਜਿੱਥੇ ਸਾਲਾਂ ਤੱਕ ਸੋਕਾ ਪੈਂਦਾ ਸੀ। ਪੀਣ ਦੇ ਪਾਣੀ ਲਈ ਮਾਵਾਂ-ਭੈਣਾਂ ਨੂੰ ਕਈ-ਕਈ ਕਿਲੋਮੀਟਰ ਤੁਰਕੇ ਜਾਣਾ ਪੈਂਦਾ ਸੀ। ਬਿਜਲੀ ਦਾ ਕੋਈ ਟਿਕਾਣਾ ਨਹੀਂ ਸੀ, ਹਰ ਪਾਸੇ ਮੁਸ਼ਕਲਾਂ ਹੀ ਮੁਸ਼ਕਲਾਂ ਸਨ।
ਸਾਥੀਓ,
ਅੱਜ ਜੋ 20-25 ਸਾਲ ਦੇ ਨੌਜਵਾਨ ਹਨ, ਉਨ੍ਹਾਂ ਨੇ ਉਸ ਦੌਰ ਦੀਆਂ ਸਿਰਫ਼ ਕਹਾਣੀਆਂ ਸੁਣੀਆਂ ਹਨ। ਸਚਾਈ ਇਹ ਸੀ ਕਿ ਲੋਕ ਕੱਛ ਵਿੱਚ, ਸੌਰਾਸ਼ਟਰ ਵਿੱਚ ਲੰਬੇ ਸਮੇਂ ਤੱਕ ਰਹਿਣ ਲਈ ਤਿਆਰ ਨਹੀਂ ਹੁੰਦੇ ਸੀ। ਉਸ ਕਾਲਖੰਡ ਵਿੱਚ ਲਗਦਾ ਸੀ ਕਿ ਇਹ ਹਾਲਤਾਂ ਕਦੇ ਵੀ ਨਹੀਂ ਬਦਲਣਗੀਆਂ। ਪਰ ਇਤਿਹਾਸ ਗਵਾਹ ਹੈ, ਸਮਾਂ ਬਦਲਦਾ ਹੈ ਅਤੇ ਜ਼ਰੂਰ ਬਦਲਦਾ ਹੈ। ਸੌਰਾਸ਼ਟਰ-ਕੱਛ ਦੇ ਲੋਕਾਂ ਨੇ ਆਪਣੀ ਮਿਹਨਤ ਨਾਲ ਆਪਣੀ ਕਿਸਮਤ ਬਦਲ ਦਿੱਤੀ ਹੈ।
ਸਾਥੀਓ,
ਅੱਜ ਸੌਰਾਸ਼ਟਰ ਅਤੇ ਕੱਛ, ਸਿਰਫ਼ ਮੌਕਿਆਂ ਦਾ ਹੀ ਖੇਤਰ ਨਹੀਂ ਹੈ, ਸਗੋਂ ਇਹ ਖੇਤਰ ਭਾਰਤ ਦੀ ਗ੍ਰੋਥ ਦਾ ‘ਐਂਕਰ ਰੀਜਨ’ ਬਣ ਚੁੱਕਿਆ ਹੈ। ਇਹ ਖੇਤਰ ਆਤਮ-ਨਿਰਭਰ ਭਾਰਤ ਮੁਹਿੰਮ ਨੂੰ ਗਤੀ ਦੇਣ ਵਾਲਾ ਬਹੁਤ ਵੱਡਾ ਕੇਂਦਰ ਬਣ ਰਿਹਾ ਹੈ। ਭਾਰਤ ਨੂੰ ਗਲੋਬਲ ਮੈਨੁਫੈਕਚਰਿੰਗ ਹੱਬ ਬਣਾਉਣ ਵਿੱਚ, ਸੌਰਾਸ਼ਟਰ ਅਤੇ ਕੱਛ ਦੀ ਬਹੁਤ ਵੱਡੀ ਭੂਮਿਕਾ ਹੈ। ਅਤੇ ਇਹ ਭੂਮਿਕਾ ਬਜ਼ਾਰ-ਸੰਚਾਲਿਤ ਹੈ। ਅਤੇ ਇਹੀ ਗੱਲ ਨਿਵੇਸ਼ਕਾਂ ਲਈ ਸਭ ਤੋਂ ਵੱਡਾ ਭਰੋਸਾ ਬਣਦੀ ਹੈ। ਇੱਥੇ ਰਾਜਕੋਟ ਵਿੱਚ ਹੀ, ਢਾਈ ਲੱਖ ਤੋਂ ਵੱਧ ਐੱਮਐੱਸਐੱਮਈ ਹਨ, ਇੱਥੇ ਵੱਖ-ਵੱਖ ਉਦਯੋਗਿਕ ਕਲੱਸਟਰਾਂ ਵਿੱਚ, ਪੇਚਕੱਸ ਤੋਂ ਲੈ ਕੇ ਆਟੋ ਪਾਰਟਸ, ਮਸ਼ੀਨ ਟੂਲਸ, ਲਗਜ਼ਰੀ ਕਾਰ ਦੇ ਲਾਈਨਰਸ, ਹਵਾਈ ਜਹਾਜ਼, ਲੜਾਕੂ ਜਹਾਜ਼ ਅਤੇ ਰਾਕੇਟ ਤੱਕ ਦੇ ਪਾਰਟਸ ਬਣਦੇ ਹਨ। ਮਤਲਬ ਇਹ ਖੇਤਰ ਘੱਟ-ਲਾਗਤ ਮੈਨੁਫੈਕਚਰਿੰਗ ਤੋਂ ਲੈ ਕੇ ਉੱਚ-ਸ਼ੁੱਧਤਾ, ਉੱਚ-ਟੈਕਨੋਲੋਜੀ ਮੈਨੁਫੈਕਚਰਿੰਗ ਤੱਕ, ਪੂਰੀ ਵੈਲੀਉ ਚੇਨ ਨੂੰ ਸਮਰਥਨ ਕਰਦਾ ਹੈ। ਅਤੇ ਇੱਥੇ ਦਾ ਗਹਿਣਾ ਉਦਯੋਗ ਤਾਂ ਆਪਣੇ ਆਪ ਵਿੱਚ ਦੁਨੀਆ ਪ੍ਰਸਿੱਧ ਹੈ। ਇਹ ਖੇਤਰ, ਪੈਮਾਨੇ, ਹੁਨਰ ਅਤੇ ਗਲੋਬਲ ਲਿੰਕੇਜ ਤਿੰਨਾਂ ਦਾ ਉਦਾਹਰਣ ਹੈ।
ਸਾਥੀਓ,
ਅਲੰਗ, ਦੁਨੀਆ ਦਾ ਸਭ ਤੋਂ ਵੱਡਾ ਸ਼ਿਪ-ਬ੍ਰੇਕਿੰਗ ਯਾਰਡ ਹੈ, ਦੁਨੀਆ ਦੇ ਇੱਕ-ਤਿਹਾਈ ਸਮੁੰਦਰੀ ਜਹਾਜ਼ ਇੱਥੇ ਹੀ ਰੀਸਾਈਕਲ ਹੁੰਦੇ ਹਨ। ਇਹ ਸਰਕੂਲਰ ਅਰਥਵਿਵਸਥਾ ਵਿੱਚ ਭਾਰਤ ਦੀ ਅਗਵਾਈ ਦਾ ਵੀ ਸਬੂਤ ਹੈ। ਭਾਰਤ ਟਾਈਲਾਂ ਦੇ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ, ਇਸ ਵਿੱਚ ਵੀ ਮੋਰਬੀ ਜ਼ਿਲ੍ਹੇ ਦਾ ਯੋਗਦਾਨ ਬਹੁਤ ਵੱਡਾ ਹੈ। ਇੱਥੇ ਮੈਨੁਫੈਕਚਰਿੰਗ ਲਾਗਤ-ਪ੍ਰਤਿਯੋਗੀ ਵੀ ਹੈ ਅਤੇ ਇਹ ਦੁਨੀਆ ਪੱਧਰ 'ਤੇ ਮਾਪਦੰਡ ਵੀ ਹੈ। ਅਤੇ ਮੈਨੂੰ ਯਾਦ ਹੈ, ਸੌਰਾਸ਼ਟਰ ਦੇ ਅਖ਼ਬਾਰਾਂ ਦੇ ਲੋਕ ਇੱਥੇ ਮੌਜੂਦ ਹੋਣਗੇ, ਉਹ ਮੇਰੇ ਵਾਲ ਖਿੱਚ ਲੈਂਦੇ ਸੀ, ਇੱਕ ਵਾਰ ਮੈਂ ਇੱਥੇ ਸੌਰਾਸ਼ਟਰ ਵਿੱਚ ਭਾਸ਼ਣ ਵਿੱਚ ਕਿਹਾ ਸੀ। ਮੈਂ ਅਜਿਹਾ ਕਿਹਾ ਸੀ ਕਿ ਮੈਂ ਦੇਖ ਸਕਦਾ ਹਾਂ ਕਿ ਇੱਕ ਸਮਾਂ ਅਜਿਹਾ ਆਵੇਗਾ ਕਿ ਮੋਰਬੀ, ਜਾਮਨਗਰ ਅਤੇ ਰਾਜਕੋਟ, ਇਹ ਤਿਕੋਣ ਮਿੰਨੀ-ਜਪਾਨ ਬਣੇਗਾ। ਓਦੋਂ ਮੇਰਾ ਬਹੁਤ ਮਜ਼ਾਕ ਉਡਾਇਆ ਗਿਆ ਸੀ, ਅੱਜ ਮੈਂ ਮੇਰੀਆਂ ਅੱਖਾਂ ਦੇ ਸਾਹਮਣੇ ਹਕੀਕਤ ਦੇਖ ਰਿਹਾ ਹਾਂ। ਸਾਨੂੰ ਧੋਲੇਰਾ ਖ਼ਾਸ ਨਿਵੇਸ਼ ਖੇਤਰ 'ਤੇ ਵੀ ਬਹੁਤ ਮਾਣ ਹੈ। ਅੱਜ ਇਹ ਸ਼ਹਿਰ ਆਧੁਨਿਕ ਮੈਨੁਫੈਕਚਰਿੰਗ ਦਾ ਬਹੁਤ ਵੱਡਾ ਕੇਂਦਰ ਬਣ ਰਿਹਾ ਹੈ। ਧੋਲੇਰਾ ਵਿੱਚ ਭਾਰਤ ਦੀ ਪਹਿਲੀ ਸੈਮੀਕੰਡਕਟਰ ਫੈਬਰੀਕੇਸ਼ਨ ਸਹੂਲਤ ਤਿਆਰ ਹੋ ਰਹੀ ਹੈ। ਇਹ ਖੇਤਰ ਭਵਿੱਖ ਦੀਆਂ ਟੈਕਨੋਲੋਜੀਆਂ ਲਈ ਅਰਲੀ-ਮੂਵਰ ਅਡਵਾਂਟੇਜ ਦੇ ਰਿਹਾ ਹੈ। ਮਤਲਬ ਤੁਹਾਡਾ ਨਿਵੇਸ਼ ਵਧਾਉਣ ਲਈ ਇਸ ਖੇਤਰ ਵਿੱਚ ਜ਼ਮੀਨ ਪੂਰੀ ਤਰ੍ਹਾਂ ਤਿਆਰ ਹੈ। ਬੁਨਿਆਦੀ ਢਾਂਚਾ ਤਿਆਰ ਹੈ, ਨੀਤੀ ਅਨੁਮਾਨਯੋਗ ਹੈ ਅਤੇ ਵਿਜ਼ਨ ਲੰਬੇ ਸਮੇਂ ਦਾ ਹੈ।
ਸਾਥੀਓ,
ਸੌਰਾਸ਼ਟਰ ਅਤੇ ਕੱਛ, ਭਾਰਤ ਦੀ ਗ੍ਰੀਨ ਗ੍ਰੋਥ ਦਾ, ਗ੍ਰੀਨ ਮੋਬਿਲਿਟੀ ਦਾ ਅਤੇ ਊਰਜਾ ਸੁਰੱਖਿਆ ਦਾ ਵੀ ਇੱਕ ਵੱਡਾ ਕੇਂਦਰ ਬਣ ਰਿਹਾ ਹੈ। ਕੱਛ ਵਿੱਚ 30 ਗੀਗਾਵਾਟ ਸਮਰੱਥਾ ਦਾ ਨਵਿਆਉਣਯੋਗ ਊਰਜਾ ਪਾਰਕ ਬਣ ਰਿਹਾ ਹੈ, ਇਹ ਦੁਨੀਆ ਦਾ ਸਭ ਤੋਂ ਵੱਡਾ ਹਾਈਬ੍ਰਿਡ ਊਰਜਾ ਪਾਰਕ ਹੋਵੇਗਾ। ਤੁਸੀਂ ਕਲਪਨਾ ਕਰ ਸਕਦੇ ਹੋ, ਇਹ ਪਾਰਕ ਪੈਰਿਸ ਸ਼ਹਿਰ ਨਾਲੋਂ ਵੀ ਪੰਜ ਗੁਣਾ ਵੱਡਾ ਹੈ। ਮਤਲਬ ਇਸ ਖੇਤਰ ਵਿੱਚ ਸਾਫ਼ ਊਰਜਾ, ਇੱਕ ਵਚਨਬੱਧਤਾ ਦੇ ਨਾਲ-ਨਾਲ, ਵਪਾਰਕ ਪੱਧਰ ਦੀ ਹਕੀਕਤ ਵੀ ਹੈ। ਤੁਸੀਂ ਸਾਰੇ ਗ੍ਰੀਨ ਹਾਈਡ੍ਰੋਜਨ ਦੀ ਸੰਭਾਵਨਾ ਤੋਂ ਜਾਣੂ ਹੋ, ਭਾਰਤ ਵਿੱਚ ਇਸ ਦਿਸ਼ਾ ਵਿੱਚ ਬੇਮਿਸਾਲ ਗਤੀ ਅਤੇ ਪੈਮਾਨੇ 'ਤੇ ਕੰਮ ਚੱਲ ਰਿਹਾ ਹੈ। ਇੱਥੇ ਕੱਛ ਅਤੇ ਜਾਮਨਗਰ ਗ੍ਰੀਨ ਹਾਈਡ੍ਰੋਜਨ ਉਤਪਾਦਨ ਦੇ ਵੱਡੇ ਕੇਂਦਰ ਬਣ ਰਹੇ ਹਨ। ਕੱਛ ਵਿੱਚ ਇੱਕ ਵੱਡਾ ਬੈਟਰੀ ਊਰਜਾ ਸਟੋਰੇਜ ਸਿਸਟਮ (ਬੀਈਐੱਸਐੱਸ) ਵੀ ਸਥਾਪਤ ਕੀਤਾ ਜਾ ਰਿਹਾ ਹੈ। ਮਤਲਬ ਨਵਿਆਉਣਯੋਗ ਊਰਜਾ ਦੇ ਨਾਲ ਗਰਿੱਡ ਸਥਿਰਤਾ ਅਤੇ ਭਰੋਸੇਯੋਗਤਾ ਵੀ ਯਕੀਨੀ ਬਣਾਈ ਜਾ ਰਹੀ ਹੈ।
ਸਾਥੀਓ,
ਕੱਛ ਅਤੇ ਸੌਰਾਸ਼ਟਰ ਦੀ ਇੱਕ ਹੋਰ ਬਹੁਤ ਵੱਡੀ ਤਾਕਤ ਹੈ। ਇਹ ਖੇਤਰ ਭਾਰਤ ਦੀਆਂ ਦੁਨੀਆ-ਪੱਧਰੀ ਬੰਦਰਗਾਹਾਂ ਨਾਲ ਲੈਸ ਹੈ। ਭਾਰਤ ਦੇ ਨਿਰਯਾਤ ਦਾ ਬਹੁਤ ਵੱਡਾ ਹਿੱਸਾ ਇੱਥੋਂ ਲੰਘਦਾ ਹੈ। ਪਿਪਾਵਾਵ ਅਤੇ ਮੁੰਦਰਾ ਵਰਗੀਆਂ ਬੰਦਰਗਾਹਾਂ, ਭਾਰਤ ਦੇ ਆਟੋਮੋਬਾਈਲ ਨਿਰਯਾਤ ਦੇ ਪ੍ਰਮੁੱਖ ਕੇਂਦਰ ਬਣ ਚੁੱਕੇ ਹਨ। ਪਿਛਲੇ ਸਾਲ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਤਕਰੀਬਨ ਪੌਣੇ 2 ਲੱਖ ਵਾਹਨ ਨਿਰਯਾਤ ਹੋਏ ਹਨ। ਲੌਜਿਸਟਿਕਸ ਹੀ ਨਹੀਂ, ਇੱਥੇ ਬੰਦਰਗਾਹ-ਅਧਾਰਿਤ ਵਿਕਾਸ ਦੇ ਹਰ ਪਹਿਲੂ ਵਿੱਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ। ਇਸਦੇ ਨਾਲ ਹੀ ਗੁਜਰਾਤ ਸਰਕਾਰ ਮੱਛੀ ਪਾਲਣ ਖੇਤਰ ਨੂੰ ਵੀ ਖ਼ਾਸ ਤਰਜੀਹ ਦੇ ਰਹੀ ਹੈ। ਮੱਛੀ ਪਾਲਣ ਦੇ ਬੁਨਿਆਦੀ ਢਾਂਚੇ 'ਤੇ ਇੱਥੇ ਵੱਡੇ ਪੈਮਾਨੇ ’ਤੇ ਕੰਮ ਹੋਇਆ ਹੈ। ਸਮੁੰਦਰੀ ਭੋਜਨ ਪ੍ਰੋਸੈਸਿੰਗ ਨਾਲ ਜੁੜੇ ਨਿਵੇਸ਼ਕਾਂ ਲਈ ਇੱਥੇ ਮਜ਼ਬੂਤ ਈਕੋਸਿਸਟਮ ਤਿਆਰ ਹੈ।
ਸਾਥੀਓ,
ਬੁਨਿਆਦੀ ਢਾਂਚੇ ਦੇ ਨਾਲ-ਨਾਲ, ਇੰਡਸਟਰੀ-ਰੈਡੀ ਵਰਕਫੋਰਸ ਅੱਜ ਸਭ ਤੋਂ ਵੱਡੀ ਜ਼ਰੂਰਤ ਹੈ। ਅਤੇ ਗੁਜਰਾਤ ਇਸ ਮੋਰਚੇ 'ਤੇ ਨਿਵੇਸ਼ਕਾਂ ਨੂੰ ਪੂਰੀ ਨਿਸ਼ਚਤਤਾ ਦਿੰਦਾ ਹੈ। ਇੱਥੇ ਸਿੱਖਿਆ ਅਤੇ ਹੁਨਰ ਵਿਕਾਸ ਦਾ ਅੰਤਰਰਾਸ਼ਟਰੀ ਈਕੋਸਿਸਟਮ ਮੌਜੂਦ ਹੈ। ਗੁਜਰਾਤ ਸਰਕਾਰ ਦੀ ਸਕਿੱਲ ਯੂਨੀਵਰਸਿਟੀ, ਭਵਿੱਖ ਲਈ ਤਿਆਰ ਹੁਨਰਾਂ ਵਿੱਚ ਨੌਜਵਾਨਾਂ ਨੂੰ ਤਿਆਰ ਕਰ ਰਹੀ ਹੈ। ਇਹ ਆਸਟ੍ਰੇਲੀਆ ਅਤੇ ਸਿੰਗਾਪੁਰ ਦੀਆਂ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਵਿੱਚ ਕੰਮ ਕਰ ਰਹੀ ਹੈ। ਨੈਸ਼ਨਲ ਡਿਫੈਂਸ ਯੂਨੀਵਰਸਿਟੀ ਭਾਰਤ ਦੀ ਪਹਿਲੀ ਰਾਸ਼ਟਰ-ਪੱਧਰੀ ਰੱਖਿਆ ਯੂਨੀਵਰਸਿਟੀ ਹੈ। ਗਤੀਸ਼ਕਤੀ ਯੂਨੀਵਰਸਿਟੀ, ਸੜਕ, ਰੇਲਵੇ, ਹਵਾਈ ਮਾਰਗ, ਜਲ ਮਾਰਗ ਅਤੇ ਲੌਜਿਸਟਿਕਸ, ਹਰ ਖੇਤਰ ਲਈ, ਹੁਨਰਮੰਦ ਮਨੁੱਖੀ ਤਾਕਤ ਤਿਆਰ ਕਰ ਰਹੀ ਹੈ। ਮਤਲਬ ਨਿਵੇਸ਼ ਦੇ ਨਾਲ-ਨਾਲ ਇੱਥੇ ਪ੍ਰਤਿਭਾ ਪਾਈਪਲਾਈਨ ਵੀ ਯਕੀਨੀ ਬਣਾਈ ਗਈ ਹੈ। ਅੱਜ ਬਹੁਤ ਸਾਰੀਆਂ ਵਿਦੇਸ਼ੀ ਯੂਨੀਵਰਸਿਟੀਆਂ ਭਾਰਤ ਵਿੱਚ ਨਵੇਂ-ਨਵੇਂ ਮੌਕੇ ਦੇਖ ਰਹੀਆਂ ਹਨ। ਅਤੇ ਗੁਜਰਾਤ ਉਨ੍ਹਾਂ ਲਈ ਪਸੰਦੀਦਾ ਜਗ੍ਹਾ ਬਣ ਰਹੀ ਹੈ। ਗੁਜਰਾਤ ਵਿੱਚ ਆਸਟ੍ਰੇਲੀਆ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਆਪਣੇ ਕੈਂਪਸ ਸ਼ੁਰੂ ਕਰ ਚੁੱਕੀਆਂ ਹਨ। ਆਉਣ ਵਾਲੇ ਸਮੇਂ ਵਿੱਚ ਇਹ ਗਿਣਤੀ ਹੋਰ ਵਧਣ ਵਾਲੀ ਹੈ।
ਸਾਥੀਓ,
ਗੁਜਰਾਤ ਵਿੱਚ ਨੇਚਰ ਵੀ ਹੈ, ਅਡਵੈਂਚਰ ਵੀ ਹੈ, ਕਲਚਰ ਵੀ ਹੈ ਅਤੇ ਹੈਰੀਟੇਜ ਤਾਂ ਹੈ ਹੀ ਹੈ। ਮਤਲਬ ਟੂਰਿਜ਼ਮ ਦਾ ਜੋ ਵੀ ਤਜਰਬਾ ਚਾਹੀਦਾ ਹੈ, ਉਹ ਇੱਥੇ ਮਿਲੇਗਾ। ਲੋਥਲ, ਭਾਰਤ ਦੀ 4,500 ਸਾਲ ਪੁਰਾਣੀ ਸਮੁੰਦਰੀ ਵਿਰਾਸਤ ਦਾ ਪ੍ਰਤੀਕ ਹੈ। ਇੱਥੇ ਦੁਨੀਆ ਦਾ ਸਭ ਤੋਂ ਪੁਰਾਣਾ ਮਨੁੱਖ ਵੱਲੋਂ ਬਣਾਇਆ ਡੌਕਯਾਰਡ ਮਿਲਿਆ ਹੈ। ਇੱਥੇ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ ਤਿਆਰ ਹੋ ਰਿਹਾ ਹੈ। ਕੱਛ ਵਿੱਚ ਅੱਜਕੱਲ੍ਹ ਰਣ ਉਤਸਵ ਦਾ ਆਯੋਜਨ ਵੀ ਹੋ ਰਿਹਾ ਹੈ। ਇੱਥੇ ਦੀ ਟੈਂਟ ਸਿਟੀ ਵਿੱਚ ਰੁਕਣਾ ਇੱਕ ਅਲੱਗ ਅਹਿਸਾਸ ਹੁੰਦਾ ਹੈ।
ਸਾਥੀਓ,
ਜੋ ਜੰਗਲਾਂ ਦਾ, ਵਾਇਲਡ ਲਾਈਫ ਦਾ ਸ਼ੌਕੀਨ ਹੈ, ਉਸਦੇ ਲਈ ਗਿਰ ਜੰਗਲ ਵਿੱਚ ਏਸ਼ੀਆਈ ਸ਼ੇਰ ਦੇ ਦਰਸ਼ਨ ਤੋਂ ਬਿਹਤਰ ਭਲਾ ਕੀ ਅਹਿਸਾਸ ਹੋ ਸਕਦਾ ਹੈ? ਇੱਥੇ ਹਰ ਸਾਲ 9 ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ। ਜਿਨ੍ਹਾਂ ਨੂੰ ਸਮੁੰਦਰ ਦਾ ਸਾਥ ਚੰਗਾ ਲਗਦਾ ਹੈ, ਉਨ੍ਹਾਂ ਦੇ ਲਈ ਸ਼ਿਵਰਾਜਪੁਰ ਬੀਚ ਹੈ, ਜੋ ਬਲੂ ਫਲੈਗ ਪ੍ਰਮਾਣਿਤ ਹੈ। ਇਸ ਤੋਂ ਇਲਾਵਾ ਮਾਂਡਵੀ, ਸੋਮਨਾਥ ਅਤੇ ਦਵਾਰਕਾ ਵਿੱਚ ਵੀ ਬੀਚ ਟੂਰਿਜ਼ਮ ਲਈ ਅਪਾਰ ਸੰਭਾਵਨਾਵਾਂ ਹਨ। ਇੱਥੇ ਨੇੜੇ ਹੀ ਦੀਵ ਵੀ ਹੈ, ਦੀਵ ਵੀ ਵਾਟਰ ਸਪੋਰਟਸ ਦੀ, ਬੀਚ ਗੇਮਸ ਦੀ ਬਿਹਤਰੀਨ ਮੰਜ਼ਲ ਬਣ ਰਿਹਾ ਹੈ। ਮਤਲਬ ਤੁਹਾਡੇ ਨਿਵੇਸ਼ਕਾਂ ਲਈ ਤਾਕਤ ਅਤੇ ਸੰਭਾਵਨਾਵਾਂ ਨਾਲ ਭਰਿਆ ਇਹ ਪੂਰਾ ਖੇਤਰ ਹੈ। ਤੁਸੀਂ ਜ਼ਰੂਰ ਇਸਦਾ ਪੂਰਾ ਲਾਭ ਚੁੱਕੋ। ਅਤੇ ਮੈਂ ਬਹੁਤ ਪਹਿਲਾਂ ਤੋਂ ਕਹਿੰਦਾ ਆਇਆ ਹਾਂ - ਜੇਕਰ ਤੁਸੀਂ ਦੇਰੀ ਕਰੋਂਗੇ ਤਾਂ ਮੈਨੂੰ ਦੋਸ਼ ਨਾ ਦਿਓ। ਸੌਰਾਸ਼ਟਰ-ਕੱਛ ਵਿੱਚ ਤੁਹਾਡਾ ਹਰ ਨਿਵੇਸ਼, ਗੁਜਰਾਤ ਦੇ ਵਿਕਾਸ ਨੂੰ ਗਤੀ ਦੇਵੇਗਾ, ਦੇਸ਼ ਦੇ ਵਿਕਾਸ ਨੂੰ ਗਤੀ ਦੇਵੇਗਾ।
ਸੌਰਾਸ਼ਟਰ ਦੀ ਤਾਕਤ ਵਿਦੇਸ਼ਾਂ ਵਿੱਚ ਵੀ ਦੇਖੀ ਜਾਂਦੀ ਹੈ। ਹੁਣੇ ਰਵਾਂਡਾ ਦੇ ਹਾਈ ਕਮਿਸ਼ਨਰ ਦੱਸ ਰਹੇ ਸਨ ਕਿ ਜਦੋਂ ਮੈਂ ਰਵਾਂਡਾ ਗਿਆ, ਤਾਂ ਮੈਂ ਉੱਥੇ 200 ਗਾਵਾਂ ਤੋਹਫ਼ੇ ਵਜੋਂ ਦਿੱਤੀਆਂ ਸਨ। ਇਹ 200 ਗਾਵਾਂ ਸਾਡੀਆਂ ਗਿਰ ਗਾਵਾਂ ਸਨ। ਪਰ ਉੱਥੇ ਦੀ ਇੱਕ ਖ਼ਾਸੀਅਤ ਹੈ, ਜਦੋਂ ਅਸੀਂ ਉੱਥੇ ਪੇਂਡੂ ਅਰਥਵਿਵਸਥਾ ਲਈ 200 ਗਾਵਾਂ ਦਿੱਤੀਆਂ, ਤਾਂ ਉਸ ਵਿੱਚ ਇੱਕ ਨਿਯਮ ਹੈ, ਕਿ ਗਾਂ ਤਾਂ ਤੁਹਾਨੂੰ ਦੇਵਾਂਗੇ, ਪਰ ਉਸਦੀ ਜੋ ਪਹਿਲੀ ਵੱਛੀ ਹੋਵੇਗੀ, ਉਹ ਤੁਹਾਨੂੰ ਵਾਪਸ ਮੋੜਨੀ ਹੋਵੇਗੀ, ਅਤੇ ਉਹ ਅਸੀਂ ਦੂਜੇ ਪਰਿਵਾਰ ਨੂੰ ਦਿੰਦੇ ਹਾਂ। ਮਤਲਬ ਉਨ੍ਹਾਂ 200 ਗਊਆਂ ਤੋਂ ਸ਼ੁਰੂ ਹੋ ਕੇ ਅੱਜ ਹਜ਼ਾਰਾਂ ਪਰਿਵਾਰਾਂ ਕੋਲ ਗਊਆਂ ਪਹੁੰਚ ਚੁੱਕੀਆਂ ਹਨ, ਉਹ ਰਵਾਂਡਾ ਦੀ ਪੇਂਡੂ ਅਰਥ-ਵਿਵਸਥਾ ਨੂੰ ਬਹੁਤ ਵੱਡੀ ਤਾਕਤ ਦੇ ਰਹੀਆਂ ਹਨ ਅਤੇ ਹਰ ਘਰ ਵਿੱਚ ਗਿਰ ਗਾਂ ਨਜ਼ਰ ਆ ਰਹੀ ਹੈ, ਇਹ ਹੈ ਮੇਰਾ ਸੌਰਾਸ਼ਟਰ।
ਸਾਥੀਓ,
ਅੱਜ ਦਾ ਭਾਰਤ, ਵਿਕਸਿਤ ਹੋਣ ਦੇ ਟੀਚੇ ’ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਅਤੇ ਸਾਡੇ ਇਸ ਟੀਚੇ ਦੀ ਪ੍ਰਾਪਤੀ ਵਿੱਚ ਰਿਫਾਰਮ ਐਕਸਪ੍ਰੈੱਸ ਦੀ ਬਹੁਤ ਵੱਡੀ ਭੂਮਿਕਾ ਹੈ। ਰਿਫਾਰਮ ਐਕਸਪ੍ਰੈੱਸ ਮਤਲਬ ਹਰ ਖੇਤਰ ਵਿੱਚ ਅਗਲੀ ਪੀੜ੍ਹੀ ਦੇ ਸੁਧਾਰ, ਜਿਵੇਂ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਦੇਸ਼ ਨੇ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ ਲਾਗੂ ਕੀਤੇ ਸੀ। ਹਰ ਖੇਤਰ ‘ਤੇ ਇਸਦਾ ਚੰਗਾ ਅਸਰ ਦਿਖਿਆ, ਖ਼ਾਸ ਤੌਰ ‘ਤੇ ਸਾਡੇ ਐੱਮਐੱਸਐੱਮਈ ਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ। ਰਿਫਾਰਮ ਐਕਸਪ੍ਰੈੱਸ 'ਤੇ ਸਵਾਰ ਭਾਰਤ ਨੇ ਬਹੁਤ ਵੱਡਾ ਸੁਧਾਰ, ਬੀਮਾ ਖੇਤਰ ਵਿੱਚ ਕੀਤਾ ਹੈ। ਭਾਰਤ ਨੇ ਬੀਮਾ ਖੇਤਰ ਵਿੱਚ 100 ਫ਼ੀਸਦੀ ਐੱਫਡੀਆਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਦੇਸ਼ਵਾਸੀਆਂ ਨੂੰ 100 ਫ਼ੀਸਦੀ ਬੀਮਾ ਕਵਰੇਜ ਦੇਣ ਦੀ ਮੁਹਿੰਮ ਨੂੰ ਗਤੀ ਮਿਲੇਗੀ। ਇਸ ਤਰ੍ਹਾਂ, ਲਗਭਗ ਛੇ ਦਹਾਕਿਆਂ ਬਾਅਦ ਆਮਦਨ ਟੈਕਸ ਕਾਨੂੰਨ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਇਸ ਨਾਲ ਕਰੋੜਾਂ ਟੈਕਸਦਾਤਾਵਾਂ ਨੂੰ ਫ਼ਾਇਦਾ ਹੋਵੇਗਾ। ਭਾਰਤ ਨੇ ਇਤਿਹਾਸਕ ਕਿਰਤ ਸੁਧਾਰਾਂ ਨੂੰ ਵੀ ਲਾਗੂ ਕਰ ਦਿੱਤਾ ਹੈ। ਇਸ ਨਾਲ ਤਨਖਾਹਾਂ, ਸਮਾਜਿਕ ਸੁਰੱਖਿਆ ਅਤੇ ਉਦਯੋਗ, ਤਿੰਨਾਂ ਨੂੰ ਇੱਕ ਏਕੀਕ੍ਰਿਤ ਢਾਂਚਾ ਮਿਲਿਆ ਹੈ। ਮਤਲਬ ਕਾਮੇ ਹੋਣ ਜਾਂ ਫਿਰ ਉਦਯੋਗ, ਸਾਰਿਆਂ ਨੂੰ ਇਸਦਾ ਫ਼ਾਇਦਾ ਹੈ।
ਸਾਥੀਓ,
ਅੱਜ, ਭਾਰਤ ਡੇਟਾ ਅਧਾਰਿਤ ਇਨੋਵੇਸ਼ਨ ਦਾ, ਏਆਈ ਰਿਸਰਚ ਦਾ, ਸੈਮੀਕੰਡਕਟਰ ਮੈਨੁਫੈਕਚਰਿੰਗ ਦਾ, ਇੱਕ ਗਲੋਬਲ ਹੱਬ ਬਣਦਾ ਜਾ ਰਿਹਾ ਹੈ। ਮਤਲਬ ਭਾਰਤ ਦੀ ਬਿਜਲੀ ਮੰਗ ਲਗਾਤਾਰ ਵਧ ਰਹੀ ਹੈ। ਭਾਰਤ ਨੂੰ ਯਕੀਨੀ ਊਰਜਾ ਦੀ ਬਹੁਤ ਜ਼ਰੂਰਤ ਹੈ ਅਤੇ ਇਸਦਾ ਬਹੁਤ ਵੱਡਾ ਸਰੋਤ ਪ੍ਰਮਾਣੂ ਊਰਜਾ ਹੈ। ਇਸ ਨੂੰ ਦੇਖਦੇ ਹੋਏ, ਅਸੀਂ ਪ੍ਰਮਾਣੂ ਊਰਜਾ ਖੇਤਰ ਵਿੱਚ ਵੀ ਅਗਲੀ ਪੀੜ੍ਹੀ ਦੇ ਸੁਧਾਰ ਕੀਤੇ ਹਨ। ਭਾਰਤ ਨੇ ਪਿਛਲੇ ਸੰਸਦੀ ਸੈਸ਼ਨ ਵਿੱਚ ਸ਼ਾਂਤੀ ਐਕਟ ਜ਼ਰੀਏ, ਸਿਵਲ ਪ੍ਰਮਾਣੂ ਊਰਜਾ ਨੂੰ ਨਿੱਜੀ ਸਾਂਝੇਦਾਰੀ ਲਈ ਖੋਲ੍ਹ ਦਿੱਤਾ ਹੈ। ਇਹ ਨਿਵੇਸ਼ਕਾਂ ਲਈ ਬਹੁਤ ਵੱਡਾ ਮੌਕਾ ਹੈ।
ਸਾਥੀਓ,
ਇੱਥੇ ਮੌਜੂਦ ਸਾਰੇ ਨਿਵੇਸ਼ਕਾਂ ਨੂੰ ਮੈਂ ਭਰੋਸਾ ਦਿਵਾਉਂਦਾ ਹਾਂ, ਸਾਡੀ ਰਿਫਾਰਮ ਐਕਸਪ੍ਰੈੱਸ, ਹੁਣ ਰੁਕਣ ਵਾਲੀ ਨਹੀਂ ਹੈ। ਭਾਰਤ ਦੀ ਸੁਧਾਰ ਯਾਤਰਾ, ਸੰਸਥਾਗਤ ਤਬਦੀਲੀ ਦੀ ਦਿਸ਼ਾ ਵੱਲ ਵਧ ਚੁੱਕੀ ਹੈ।
ਸਾਥੀਓ,
ਤੁਸੀਂ ਸਾਰੇ ਇੱਥੇ, ਸਿਰਫ਼ ਇੱਕ ਐੱਮਓਯੂ ਨਾਲ ਨਹੀਂ ਆਏ ਹੋ; ਤੁਸੀਂ ਇੱਥੇ ਸੌਰਾਸ਼ਟਰ-ਕੱਛ ਦੇ ਵਿਕਾਸ ਅਤੇ ਵਿਰਾਸਤ ਨਾਲ ਜੁੜਨ ਲਈ ਆਏ ਹੋ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਤੁਹਾਡੇ ਨਿਵੇਸ਼ ਦੀ ਪਾਈ-ਪਾਈ ਇੱਥੋਂ ਸ਼ਾਨਦਾਰ ਰਿਟਰਨ ਦੇ ਕੇ ਜਾਵੇਗੀ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਮੈਂ ਗੁਜਰਾਤ ਸਰਕਾਰ ਨੂੰ, ਗੁਜਰਾਤ ਦੀ ਟੀਮ ਨੂੰ ਵੀ ਉਨ੍ਹਾਂ ਦੇ ਯਤਨਾਂ ਲਈ, ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। 2027 ਵਿੱਚ ਸ਼ਾਇਦ ਉਨ੍ਹਾਂ ਦਾ ਵਾਈਬ੍ਰੈਂਟ ਸਮਿਟ ਹੋਵੇਗਾ, ਉਸ ਤੋਂ ਪਹਿਲਾਂ ਇਹ ਖੇਤਰੀ ਸਮਿਟ ਇੱਕ ਚੰਗਾ ਪ੍ਰਯੋਗ ਹੋ ਰਿਹਾ ਹੈ, ਅਤੇ ਮੈਨੂੰ ਖ਼ੁਸ਼ੀ ਹੋ ਰਹੀ ਹੈ ਕਿ ਜਿਸ ਕੰਮ ਨੂੰ ਸ਼ੁਰੂ ਕਰਦੇ ਸਮੇਂ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ, ਅੱਜ ਜਦੋਂ ਮੇਰੇ ਸਾਥੀਆਂ ਵੱਲੋਂ ਉਸਦਾ ਵਿਸਤਾਰ ਹੋ ਰਿਹਾ ਹੈ, ਉਸਨੂੰ ਨਵੀਂ ਊਰਜਾ ਮਿਲ ਰਹੀ ਹੈ, ਤਾਂ ਖ਼ੁਸ਼ੀ ਕਈ ਗੁਣਾ ਵਧ ਜਾਂਦੀ ਹੈ। ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ!
****
ਐੱਮਜੇਪੀਐੱਸ/ ਵੀਜੇ
(रिलीज़ आईडी: 2213656)
आगंतुक पटल : 5
इस विज्ञप्ति को इन भाषाओं में पढ़ें:
Telugu
,
English
,
Urdu
,
हिन्दी
,
Manipuri
,
Assamese
,
Bengali
,
Gujarati
,
Odia
,
Kannada
,
Malayalam