ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਭਗਵਾਨ ਬੁੱਧ ਨਾਲ ਸਬੰਧਿਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰ-ਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ


ਭਾਰਤ ਲਈ, ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ ਸਿਰਫ਼ ਕਲਾਕ੍ਰਿਤੀਆਂ ਨਹੀਂ ਹਨ; ਇਹ ਸਾਡੀ ਸਤਿਕਾਰਯੋਗ ਵਿਰਾਸਤ ਦਾ ਅਤੇ ਸਾਡੀ ਸਭਿਅਤਾ ਦਾ ਅਨਿੱਖੜਵਾਂ ਹਿੱਸਾ ਹਨ: ਪ੍ਰਧਾਨ ਮੰਤਰੀ

ਭਗਵਾਨ ਬੁੱਧ ਵੱਲੋਂ ਦਿਖਾਏ ਗਏ ਗਿਆਨ ਅਤੇ ਮਾਰਗ ਸਮੁੱਚੀ ਮਨੁੱਖਤਾ ਲਈ ਹਨ: ਪ੍ਰਧਾਨ ਮੰਤਰੀ

ਭਗਵਾਨ ਬੁੱਧ ਸਾਰਿਆਂ ਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਕਰਦੇ ਹਨ: ਪ੍ਰਧਾਨ ਮੰਤਰੀ

ਭਾਰਤ ਨਾ ਸਿਰਫ਼ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦਾ ਨਾ ਸਿਰਫ਼ ਰਖਵਾਲਾ ਹੈ, ਸਗੋਂ ਇਸ ਸਦੀਵੀ ਪਰੰਪਰਾ ਦਾ ਇੱਕ ਜੀਵਤ ਧਾਰਨੀ ਵੀ ਹੈ: ਪ੍ਰਧਾਨ ਮੰਤਰੀ

ਭਾਰਤ ਨੇ ਦੁਨੀਆ ਭਰ ਦੇ ਬੋਧੀ ਵਿਰਾਸਤੀ ਸਥਾਨਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਲਗਾਤਾਰ ਯਤਨ ਕੀਤੇ ਹਨ: ਪ੍ਰਧਾਨ ਮੰਤਰੀ

ਭਗਵਾਨ ਬੁੱਧ ਦੀਆਂ ਸਿੱਖਿਆਵਾਂ ਮੂਲ ਰੂਪ ਵਿੱਚ ਪਾਲੀ ਭਾਸ਼ਾ ਵਿੱਚ ਹਨ, ਸਾਡਾ ਯਤਨ ਹੈ ਕਿ ਪਾਲੀ ਭਾਸ਼ਾ ਨੂੰ ਵੱਡੇ ਪੱਧਰ ’ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਇਸ ਦੇ ਲਈ ਪਾਲੀ ਨੂੰ ਪ੍ਰਾਚੀਨ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ: ਪ੍ਰਧਾਨ ਮੰਤਰੀ

प्रविष्टि तिथि: 03 JAN 2026 1:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਰਾਏ ਪਿਥੌਰਾ ਕਲਚਰਲ ਕੰਪਲੈਕਸ ਵਿੱਚ ਭਗਵਾਨ ਬੁੱਧ ਨਾਲ ਸਬੰਧਿਤ ਪਿਪਰਾਹਵਾ ਦੇ ਪਵਿੱਤਰ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰ-ਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜਿਸਦਾ ਸਿਰਲੇਖ ਹੈ, “ਦਿ ਲਾਈਟ ਐਂਡ ਦਿ ਲੋਟਸ: ਰੈਲਿਕਸ ਆਫ਼ ਦਿ ਅਵੇਕਨਡ ਵਨ।” ਇਸ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 125 ਸਾਲਾਂ ਦੀ ਉਡੀਕ ਤੋਂ ਬਾਅਦ ਭਾਰਤ ਦੀ ਧਰੋਹਰ ਵਾਪਸ ਪਰਤ ਆਈ ਹੈ, ਭਾਰਤ ਦੀ ਵਿਰਾਸਤ ਵਾਪਸ ਆ ਗਈ ਹੈ। ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਅੱਜ ਤੋਂ ਭਾਰਤ ਦੇ ਲੋਕ ਭਗਵਾਨ ਬੁੱਧ ਦੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਦੇਖ ਸਕਣਗੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਣਗੇ। ਸ਼੍ਰੀ ਮੋਦੀ ਨੇ ਇਸ ਸ਼ੁਭ ਮੌਕੇ 'ਤੇ ਮੌਜੂਦ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬੋਧੀ ਰਵਾਇਤ ਨਾਲ ਜੁੜੇ ਸੰਤ ਅਤੇ ਧਾਰਮਿਕ ਆਚਾਰਿਆ ਵੀ ਮੌਜੂਦ ਹਨ। ਉਨ੍ਹਾਂ ਨੇ ਉਨ੍ਹਾਂ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਇਸ ਸਮਾਗਮ ਨੂੰ ਨਵੀਂ ਊਰਜਾ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਉਜਾਗਰ ਕੀਤਾ ਕਿ 2026 ਦੀ ਸ਼ੁਰੂਆਤ ਵਿੱਚ ਇਹ ਸ਼ੁਭ ਜਸ਼ਨ ਬੇਹੱਦ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਇੱਛਾ ਪ੍ਰਗਟ ਕੀਤੀ ਕਿ ਭਗਵਾਨ ਬੁੱਧ ਦੇ ਅਸ਼ੀਰਵਾਦ ਨਾਲ ਸਾਲ 2026 ਦੁਨੀਆ ਲਈ ਸ਼ਾਂਤੀ, ਖ਼ੁਸ਼ਹਾਲੀ ਅਤੇ ਸਦਭਾਵਨਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਇਹ ਪ੍ਰਦਰਸ਼ਨੀ ਲਗਾਈ ਗਈ ਹੈ, ਉਹ ਆਪਣੇ ਆਪ ਵਿੱਚ ਖ਼ਾਸ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਿਲ੍ਹਾ ਰਾਏ ਪਿਥੌਰਾ ਭਾਰਤ ਦੇ ਸ਼ਾਨਦਾਰ ਇਤਿਹਾਸ ਦੀ ਧਰਤੀ ਹੈ, ਜਿੱਥੇ ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਸ਼ਾਸਕਾਂ ਨੇ ਇੱਕ ਸ਼ਹਿਰ ਦੀ ਸਥਾਪਨਾ ਕੀਤੀ ਸੀ, ਜਿਸ ਨੂੰ ਮਜ਼ਬੂਤ ਅਤੇ ਸੁਰੱਖਿਅਤ ਕੰਧਾਂ ਨਾਲ ਬਣਾਇਆ ਗਿਆ ਸੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਅੱਜ ਇਸੇ ਇਤਿਹਾਸਕ ਸ਼ਹਿਰ ਕੰਪਲੈਕਸ ਵਿੱਚ ਇਤਿਹਾਸ ਦਾ ਇੱਕ ਅਧਿਆਤਮਿਕ ਅਤੇ ਪਵਿੱਤਰ ਅਧਿਆਇ ਜੋੜਿਆ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਇਤਿਹਾਸਕ ਪ੍ਰਦਰਸ਼ਨੀ ਨੂੰ ਬਰੀਕੀ ਨਾਲ ਦੇਖਿਆ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡੇ ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਹੋਣ ਨਾਲ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਮਿਲਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਭਾਰਤ ਤੋਂ ਜਾਣਾ ਅਤੇ ਅੰਤ ਨੂੰ ਵਾਪਸੀ, ਦੋਵੇਂ ਹੀ ਆਪਣੇ ਆਪ ਵਿੱਚ ਅਹਿਮ ਸਬਕ ਹਨ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਬਕ ਇਹ ਹੈ ਕਿ ਗ਼ੁਲਾਮੀ ਸਿਰਫ਼ ਰਾਜਨੀਤਕ ਅਤੇ ਆਰਥਿਕ ਹਿਤਾਂ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦੀ ਹੈ, ਸਗੋਂ ਇਹ ਸਾਡੀ ਵਿਰਾਸਤ ਨੂੰ ਵੀ ਤਬਾਹ ਕਰ ਦਿੰਦੀ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਹੀ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਨਾਲ ਹੋਇਆ, ਜਿਨ੍ਹਾਂ ਨੂੰ ਗ਼ੁਲਾਮੀ ਦੇ ਸਮੇਂ ਦੇਸ਼ ਤੋਂ ਬਾਹਰ ਲਿਜਾਇਆ ਗਿਆ ਅਤੇ ਲਗਭਗ 125 ਸਾਲਾਂ ਤੱਕ ਅਵਸ਼ੇਸ਼ ਵਿਦੇਸ਼ ਵਿੱਚ ਰਹੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੋ ਲੋਕਾਂ ਉਨ੍ਹਾਂ ਨੂੰ ਲੈ ਕੇ ਗਏ, ਉਨ੍ਹਾਂ ਦੇ ਅਤੇ ਉਨ੍ਹਾਂ ਦੇ ਵੰਸ਼ਾਂ ਲਈ, ਇਹ ਅਵਸ਼ੇਸ਼ ਸਿਰਫ਼ ਬੇਜਾਨ ਪੁਰਾਤਨ ਵਸਤੂਆਂ ਸਨ। ਇਸੇ ਕਾਰਨ ਉਨ੍ਹਾਂ ਨੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਅੰਤਰ-ਰਾਸ਼ਟਰੀ ਬਜ਼ਾਰ ਵਿੱਚ ਨਿਲਾਮੀ ਲਈ ਪੇਸ਼ ਕਰਨ ਦਾ ਯਤਨ ਕੀਤਾ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਭਾਰਤ ਲਈ ਇਹ ਅਵਸ਼ੇਸ਼ ਸਾਡੇ ਪੂਜਣਯੋਗ ਦੇਵਤਾ ਦਾ ਹਿੱਸਾ ਹਨ, ਸਾਡੀ ਸਭਿਅਤਾ ਦਾ ਅਟੁੱਟ ਹਿੱਸਾ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤ ਨੇ ਤੈਅ ਕੀਤਾ ਕਿ ਉਨ੍ਹਾਂ ਦੀ ਜਨਤਕ ਨਿਲਾਮੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼੍ਰੀ ਮੋਦੀ ਨੇ ਗੋਦਰੇਜ ਸਮੂਹ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੇ ਸਹਿਯੋਗ ਨਾਲ ਭਗਵਾਨ ਬੁੱਧ ਨਾਲ ਜੁੜੇ ਇਹ ਪਵਿੱਤਰ ਅਵਸ਼ੇਸ਼ ਉਨ੍ਹਾਂ ਦੀ ਕਰਮ-ਭੂਮੀ, ਉਨ੍ਹਾਂ ਦੀ ਚਿੰਤਨ ਭੂਮੀ, ਉਨ੍ਹਾਂ ਦੀ ਮਹਾਬੋਧੀ ਭੂਮੀ ਅਤੇ ਉਨ੍ਹਾਂ ਦੀ ਮਹਾ-ਪਰਿਨਿਰਵਾਣ ਭੂਮੀ ਵਿੱਚ ਵਾਪਸ ਪਰਤ ਆਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ, "ਭਗਵਾਨ ਬੁੱਧ ਦਾ ਗਿਆਨ ਅਤੇ ਉਨ੍ਹਾਂ ਵੱਲੋਂ ਦਿਖਾਇਆ ਗਿਆ ਮਾਰਗ ਸਮੁੱਚੀ ਮਨੁੱਖਤਾ ਦਾ ਹੈ" ਅਤੇ ਇਸ ਭਾਵਨਾ ਦਾ ਅਹਿਸਾਸ ਪਿਛਲੇ ਕੁਝ ਮਹੀਨਿਆਂ ਵਿੱਚ ਵਾਰ-ਵਾਰ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਜਿੱਥੇ-ਜਿੱਥੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ ਪਹੁੰਚੇ ਹਨ, ਉੱਥੇ ਸ਼ਰਧਾ ਅਤੇ ਭਗਤੀ ਦੀ ਭਾਵਨਾ ਉੱਠੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਥਾਈਲੈਂਡ ਵਿੱਚ, ਜਿੱਥੇ ਇਹ ਪਵਿੱਤਰ ਅਵਸ਼ੇਸ਼ਾਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖਿਆ ਗਿਆ ਸੀ, ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ 40 ਲੱਖ ਤੋਂ ਵੱਧ ਸ਼ਰਧਾਲੂ ਇਨ੍ਹਾਂ ਦੇ ਦਰਸ਼ਨ ਕਰਨ ਆਏ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵੀਅਤਨਾਮ ਵਿੱਚ, ਲੋਕਾਂ ਦੀ ਭਾਵਨਾ ਇੰਨੀ ਮਜ਼ਬੂਤ ਸੀ ਕਿ ਪ੍ਰਦਰਸ਼ਨੀ ਦੀ ਮਿਆਦ ਵਧਾਉਣੀ ਪਈ, ਅਤੇ ਨੌਂ ਸ਼ਹਿਰਾਂ ਵਿੱਚ ਲਗਭਗ 1.75 ਕਰੋੜ ਲੋਕਾਂ ਨੇ ਅਵਸ਼ੇਸ਼ਾਂ ਪ੍ਰਤੀ ਸ਼ਰਧਾਂਜਲੀ ਪ੍ਰਗਟ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੰਗੋਲੀਆ ਵਿੱਚ, ਹਜ਼ਾਰਾਂ ਲੋਕ ਗੰਦਨ ਮੱਠ ਦੇ ਬਾਹਰ ਘੰਟਿਆਂ ਤੱਕ ਇੰਤਜ਼ਾਰ ਕਰਦੇ ਰਹੇ, ਅਤੇ ਕਈ ਲੋਕ ਸਿਰਫ਼ ਇਸ ਲਈ ਭਾਰਤੀ ਪ੍ਰਤੀਨਿਧੀਆਂ ਨੂੰ ਛੂਹਣਾ ਚਾਹੁੰਦੇ ਸੀ, ਕਿਉਂਕਿ ਉਹ ਬੁੱਧ ਦੀ ਧਰਤੀ ਤੋਂ ਆਏ ਸਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਰੂਸ ਦੇ ਕਿਲਮਿਕਿਆ ਖੇਤਰ ਵਿੱਚ, ਸਿਰਫ਼ ਇੱਕ ਹਫ਼ਤੇ ਵਿੱਚ ਹੀ 1.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਅਵਸ਼ੇਸ਼ਾਂ ਨੂੰ ਦੇਖਿਆ, ਜੋ ਸਥਾਨਕ ਆਬਾਦੀ ਦੇ ਅੱਧੇ ਤੋਂ ਵੱਧ ਹੈ। ਵੱਖ-ਵੱਖ ਦੇਸ਼ਾਂ ਵਿੱਚ ਇਨ੍ਹਾਂ ਆਯੋਜਨਾਂ ਵਿੱਚ, ਭਾਵੇਂ ਆਮ ਨਾਗਰਿਕ ਹੋਣ ਜਾਂ ਸਰਕਾਰ ਦੇ ਮੁਖੀ, ਸਾਰੇ ਬਰਾਬਰ ਸ਼ਰਧਾ ਨਾਲ ਇੱਕਜੁੱਟ ਸੀ, ਇਸ ਗੱਲ ਵੱਲ ਧਿਆਨ ਖਿੱਚਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਬੁੱਧ ਸਾਰਿਆਂ ਦੇ ਹਨ ਅਤੇ ਸਾਰਿਆਂ ਨੂੰ ਆਪਸ ਵਿੱਚ ਜੋੜਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦੇ ਹਨ, ਕਿਉਂਕਿ ਭਗਵਾਨ ਬੁੱਧ ਦਾ ਉਨ੍ਹਾਂ ਦੇ ਜੀਵਨ ਵਿੱਚ ਡੂੰਘਾ ਅਸਰ ਹੈ, ਉਨ੍ਹਾਂ ਨੇ ਯਾਦ ਕੀਤਾ ਕਿ ਉਨ੍ਹਾਂ ਦਾ ਜਨਮ-ਸਥਾਨ ਵਡਨਗਰ, ਬੌਧ ਅਧਿਐਨ ਦਾ ਇੱਕ ਪ੍ਰਮੁੱਖ ਕੇਂਦਰ ਸੀ, ਅਤੇ ਸਾਰਨਾਥ, ਜਿੱਥੇ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ, ਉਨ੍ਹਾਂ ਦੀ ਕਰਮਭੂਮੀ ਹੈ। ਉਨ੍ਹਾਂ ਨੇ ਸਾਂਝਾ ਕੀਤਾ ਕਿ ਜਦੋਂ ਵੀ ਉਹ ਸਰਕਾਰੀ ਜ਼ਿੰਮੇਵਾਰੀਆਂ ਤੋਂ ਦੂਰ ਹੁੰਦੇ ਸਨ, ਤਾਂ ਉਹ ਬੋਧੀ ਸਥਾਨਾਂ ਦਾ ਯਾਤਰਾ ਇੱਕ ਤੀਰਥ ਯਾਤਰੀ ਵਜੋਂ ਕਰਦੇ ਸੀ, ਅਤੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਬੋਧੀ ਤੀਰਥ ਸਥਾਨਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਨੇਪਾਲ ਦੇ ਲੁੰਬਿਨੀ ਵਿੱਚ ਪਵਿੱਤਰ ਮਾਇਆ ਦੇਵੀ ਮੰਦਰ ਵਿੱਚ ਮੱਥਾ ਟੇਕਣ ਦਾ ਅਹਿਸਾਸ ਸਾਂਝਾ ਕੀਤਾ ਅਤੇ ਇਸਨੂੰ ਇੱਕ ਅਸਾਧਾਰਨ ਅਹਿਸਾਸ ਦੱਸਿਆ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਜਪਾਨ ਵਿੱਚ ਤੋ-ਜੀ ਮੰਦਰ ਅਤੇ ਕਿੰਕਾਕੁ-ਜੀ ਵਿੱਚ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਬੁੱਧ ਦੇ ਉਪਦੇਸ਼ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਂਦੇ ਹਨ। ਉਨ੍ਹਾਂ ਨੇ ਚੀਨ ਦੇ ਸ਼ੀਆਨ ਵਿੱਚ ਜਾਇੰਟ ਵਾਈਲਡ ਗੂਸ ਪਗੋਡਾ ਵਿੱਚ ਆਪਣੀ ਯਾਤਰਾ ਦਾ ਜ਼ਿਕਰ ਕੀਤਾ, ਜਿੱਥੋਂ ਬੋਧੀ ਗ੍ਰੰਥ ਪੂਰੇ ਏਸ਼ੀਆ ਵਿੱਚ ਫੈਲੇ ਸਨ, ਅਤੇ ਜਿੱਥੇ ਭਾਰਤ ਦੀ ਭੂਮਿਕਾ ਹਾਲੇ ਵੀ ਯਾਦ ਕੀਤੀ ਜਾਂਦੀ ਹੈ। ਉਨ੍ਹਾਂ ਨੇ ਮੰਗੋਲੀਆ ਵਿੱਚ ਗੰਦਨ ਮੱਠ ਦੀ ਆਪਣੀ ਯਾਤਰਾ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ਬੁੱਧ ਦੀ ਵਿਰਾਸਤ ਨਾਲ ਲੋਕਾਂ ਦੇ ਡੂੰਘੇ ਭਾਵਨਾਤਮਕ ਸਬੰਧ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਸ਼੍ਰੀਲੰਕਾ ਦੇ ਅਨੁਰਾਧਾਪੁਰਾ ਵਿੱਚ ਜੈ ਸ਼੍ਰੀ ਮਹਾਬੋਧੀ ਨੂੰ ਦੇਖਣਾ ਸਮਰਾਟ ਅਸ਼ੋਕ, ਭਿਕਸ਼ੁ ਮਹਿੰਦਾ ਅਤੇ ਸੰਘਮਿੱਤ੍ਰਾ ਵੱਲੋਂ ਬੀਜੀ ਗਈ ਰਵਾਇਤ ਨਾਲ ਜੁੜਨ ਦਾ ਅਹਿਸਾਸ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਥਾਈਲੈਂਡ ਵਿੱਚ ਵਾਟ ਫੋ ਅਤੇ ਸਿੰਗਾਪੁਰ ਵਿੱਚ ਬੁੱਧ ਟੂਥ ਰਿਲਿਕ ਮੰਦਰ ਦੀਆਂ ਉਨ੍ਹਾਂ ਦੀਆਂ ਯਾਤਰਾਵਾਂ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਨੂੰ ਸਮਝਣ ਵਿੱਚ ਉਨ੍ਹਾਂ ਦੇ ਅਹਿਸਾਸ ਨੂੰ ਹੋਰ ਡੂੰਘਾ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਉਹ ਯਾਤਰਾ ਕਰਦੇ ਹਨ, ਉਹ ਭਗਵਾਨ ਬੁੱਧ ਦੀ ਵਿਰਾਸਤ ਦਾ ਇੱਕ ਪ੍ਰਤੀਕ ਲਿਆਉਣ ਦਾ ਯਤਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਚੀਨ, ਜਪਾਨ, ਕੋਰੀਆ ਅਤੇ ਮੰਗੋਲੀਆ ਵਿੱਚ ਬੋਧੀ ਰੁੱਖ ਦੇ ਬੂਟੇ ਨਾਲ ਲੈ ਕੇ ਗਏ। ਉਨ੍ਹਾਂ ਨੇ ਇਸ ਗੱਲ 'ਤੇ ਇਹ ਜ਼ੋਰ ਦਿੱਤਾ ਕਿ ਕੋਈ ਵੀ ਮਨੁੱਖਤਾ ਲਈ ਇਸਦੇ ਡੂੰਘੇ ਸੁਨੇਹੇ ਦੀ ਕਲਪਨਾ ਕਰ ਸਕਦਾ ਹੈ, ਜਦੋਂ ਹਿਰੋਸ਼ਿਮਾ ਦੇ ਬੋਟੈਨੀਕਲ ਗਾਰਡਨ ਵਿੱਚ ਇੱਕ ਬੋਧੀ ਰੁੱਖ ਮੌਜੂਦ ਹੋਵੇ, ਜੋ ਪਰਮਾਣੂ ਬੰਬ ਨਾਲ ਪ੍ਰਭਾਵਿਤ ਸ਼ਹਿਰ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਭਗਵਾਨ ਬੁੱਧ ਦੀ ਇਹ ਸਾਂਝੀ ਵਿਰਾਸਤ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਸਿਰਫ਼ ਰਾਜਨੀਤੀ, ਕੂਟਨੀਤੀ ਅਤੇ ਅਰਥ-ਵਿਵਸਥਾ ਦੇ ਮਾਧਿਅਮ ਨਾਲ ਨਹੀਂ ਜੁੜਿਆ ਹੈ, ਸਗੋਂ ਡੂੰਘੇ ਸਬੰਧਾਂ ਦੇ ਮਾਧਿਅਮ ਨਾਲ ਵੀ ਜੁੜਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਮਨ ਅਤੇ ਭਾਵਨਾਵਾਂ, ਆਸਥਾ ਅਤੇ ਅਧਿਆਤਮਿਕਤਾ ਦੇ ਮਾਧਿਅਮ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਉਤਸ਼ਾਹਿਤ ਹੋ ਕੇ ਕਿਹਾ, "ਭਾਰਤ ਨਾ ਸਿਰਫ਼ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦਾ ਰਖਵਾਲਾ ਹੈ, ਸਗੋਂ ਉਨ੍ਹਾਂ ਦੀ ਰਵਾਇਤ ਦਾ ਜੀਵਤ ਵਾਹਕ ਵੀ ਹੈ।" ਉਨ੍ਹਾਂ ਨੇ ਕਿਹਾ ਕਿ ਪਿਪਰਾਹਵਾ, ਵੈਸ਼ਾਲੀ, ਦੇਵਨੀ ਮੋਰੀ ਅਤੇ ਨਾਗਾਰਜੁਨਕੋਂਡਾ ਵਿੱਚ ਪਾਏ ਗਏ ਭਗਵਾਨ ਬੁੱਧ ਦੇ ਅਵਸ਼ੇਸ਼ ਬੁੱਧ ਦੇ ਸੁਨੇਹੇ ਦੀ ਜੀਵਤ ਮੌਜੂਦਗੀ ਹਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਭਾਰਤ ਨੇ ਇਨ੍ਹਾਂ ਅਵਸ਼ੇਸ਼ਾਂ ਨੂੰ ਹਰ ਰੂਪ ਵਿੱਚ - ਵਿਗਿਆਨ ਅਤੇ ਅਧਿਆਤਮਿਕਤਾ - ਦੋਵਾਂ ਦੇ ਜ਼ਰੀਏ ਸੁਰੱਖਿਅਤ ਕੀਤਾ ਅਤੇ ਬਚਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਦੁਨੀਆ ਭਰ ਵਿੱਚ ਬੋਧੀ ਵਿਰਾਸਤੀ ਸਥਾਨਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਜਦੋਂ ਨੇਪਾਲ ਵਿੱਚ ਭਿਆਨਕ ਭੂਚਾਲ ਨੇ ਇੱਕ ਪ੍ਰਾਚੀਨ ਸਤੂਪ ਨੂੰ ਨੁਕਸਾਨ ਪਹੁੰਚਾਇਆ ਸੀ, ਤਾਂ ਭਾਰਤ ਨੇ ਇਸਦੇ ਪੁਨਰ-ਨਿਰਮਾਣ ਲਈ ਸਮਰਥਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਿਆਂਮਾਰ ਦੇ ਬਾਗਨ ਵਿੱਚ ਭੂਚਾਲ ਤੋਂ ਬਾਅਦ, ਭਾਰਤ ਨੇ ਗਿਆਰਾਂ ਤੋਂ ਵੱਧ ਬੋਧੀ ਸਥਾਨਾਂ ਦੀ ਸੰਭਾਲ ਦਾ ਕੰਮ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਅਜਿਹੀਆਂ ਕਈ ਉਦਾਹਰਣਾਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਅੰਦਰ ਵੀ, ਬੋਧੀ ਰਵਾਇਤ ਨਾਲ ਜੁੜੇ ਸਥਾਨਾਂ ਅਤੇ ਅਵਸ਼ੇਸ਼ਾਂ ਦੀ ਖੋਜ ਅਤੇ ਸੰਭਾਲ ਦਾ ਕੰਮ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਉਨ੍ਹਾਂ ਦਾ ਜਨਮ ਸਥਾਨ, ਗੁਜਰਾਤ ਦਾ ਵਡਨਗਰ ਬੋਧੀ ਰਵਾਇਤ ਦਾ ਇੱਕ ਪ੍ਰਮੁੱਖ ਕੇਂਦਰ ਸੀ ਅਤੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਉੱਥੇ ਬੁੱਧ ਧਰਮ ਨਾਲ ਜੁੜੇ ਹਜ਼ਾਰਾਂ ਅਵਸ਼ੇਸ਼ਾਂ ਦੀ ਖੋਜ ਕੀਤੀ ਗਈ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਸਰਕਾਰ ਉਨ੍ਹਾਂ ਦੀ ਸੰਭਾਲ ਵੱਲ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਮੌਜੂਦਾ ਪੀੜ੍ਹੀ ਨੂੰ ਉਨ੍ਹਾਂ ਨਾਲ ਜੋੜ ਰਹੀ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਉੱਥੇ ਇੱਕ ਸ਼ਾਨਦਾਰ ਅਨੁਭਵ ਅਜਾਇਬ ਘਰ ਬਣਾਇਆ ਗਿਆ ਹੈ, ਜੋ ਲਗਭਗ 2,500 ਸਾਲਾਂ ਦੇ ਇਤਿਹਾਸ ਦਾ ਅਹਿਸਾਸ ਕਰਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਕੁਝ ਮਹੀਨੇ ਪਹਿਲਾਂ, ਜੰਮੂ ਅਤੇ ਕਸ਼ਮੀਰ ਦੇ ਬਾਰਾਮੁਲਾ ਵਿੱਚ ਬੋਧੀ ਯੁੱਗ ਦੇ ਇੱਕ ਪ੍ਰਮੁੱਖ ਬੋਧੀ ਸਥਾਨ ਦੀ ਖੋਜ ਹੋਈ ਸੀ ਅਤੇ ਹੁਣ ਉਸਦੀ ਸੰਭਾਲ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

ਪਿਛਲੇ ਦਸ ਤੋਂ ਗਿਆਰਾਂ ਸਾਲਾਂ ਵਿੱਚ ਭਾਰਤ ਨੇ ਬੋਧੀ ਸਥਾਨਾਂ ਨੂੰ ਆਧੁਨਿਕਤਾ ਨਾਲ ਜੋੜਨ ਦਾ ਵੀ ਯਤਨ ਕੀਤਾ ਹੈ, ਇਸ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਦੱਸਿਆ ਕਿ ਬੋਧ ਗਯਾ ਵਿੱਚ ਇੱਕ ਸੰਮੇਲਨ ਕੇਂਦਰ ਅਤੇ ਇੱਕ ਧਿਆਨ ਅਤੇ ਅਨੁਭਵ ਕੇਂਦਰ ਸਥਾਪਤ ਕੀਤੇ ਗਏ ਹਨ। ਸਾਰਨਾਥ ਵਿੱਚ ਧਮੇਕ ਸਤੂਪ ’ਤੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਇੱਕ ਬੋਧੀ ਥੀਮ ਪਾਰਕ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰਾਵਸਤੀ, ਕਪਿਲਵਸਤੁ ਅਤੇ ਕੁਸ਼ੀਨਗਰ ਵਿੱਚ ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਤੇਲੰਗਾਨਾ ਦੇ ਨਲਗੋਂਡਾ ਵਿੱਚ ਇੱਕ ਡਿਜੀਟਲ ਅਨੁਭਵ ਕੇਂਦਰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੈਲਾਨੀਆਂ ਲਈ ਨਵੀਆਂ ਸਹੂਲਤਾਂ ਸਾਂਚੀ, ਨਾਗਾਰਜੁਨ ਸਾਗਰ ਅਤੇ ਅਮਰਾਵਤੀ ਵਿੱਚ ਵਿਕਸਿਤ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਇੱਕ ਬੋਧੀ ਸਰਕਟ ਬਣਾਇਆ ਜਾ ਰਿਹਾ ਹੈ ਤਾਂਕਿ ਭਾਰਤ ਦੇ ਸਾਰੇ ਬੋਧੀ ਤੀਰਥ ਸਥਾਨਾਂ ਵਿਚਕਾਰ ਬਿਹਤਰ ਆਵਾਜਾਈ-ਸੰਪਰਕ ਯਕੀਨੀ ਬਣਾਇਆ ਜਾ ਸਕੇ ਅਤੇ ਦੇਸ਼ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਤੀਰਥ ਯਾਤਰੀਆਂ ਨੂੰ ਆਸਥਾ ਅਤੇ ਅਧਿਆਤਮਿਕਤਾ ਦਾ ਡੂੰਘਾ ਅਹਿਸਾਸ ਹਾਸਲ ਹੋ ਸਕੇ।

ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, "ਭਾਰਤ ਦਾ ਯਤਨ ਇਹ ਯਕੀਨੀ ਬਣਾਉਣਾ ਹੈ ਕਿ ਬੋਧੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਕੁਦਰਤੀ ਤਰੀਕੇ ਨਾਲ ਪਹੁੰਚੇ।" ਉਨ੍ਹਾਂ ਨੇ ਇਹ ਉਜਾਗਰ ਕੀਤਾ ਕਿ ਗਲੋਬਲ ਬੋਧੀ ਸੰਮੇਲਨ ਅਤੇ ਵੈਸ਼ਾਖ ਅਤੇ ਆਸ਼ਾਧ ਪੂਰਨਿਮਾ ਜਿਹੇ ਅੰਤਰ-ਰਾਸ਼ਟਰੀ ਆਯੋਜਨ ਇਸੇ ਵਿਚਾਰ ਤੋਂ ਪ੍ਰੇਰਿਤ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਗਵਾਨ ਬੁੱਧ ਦਾ ਅਭਿਧੰਮ, ਉਨ੍ਹਾਂ ਦੇ ਸ਼ਬਦ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਮੂਲ ਰੂਪ ਵਿੱਚ ਪਾਲੀ ਭਾਸ਼ਾ ਵਿੱਚ ਸਨ, ਭਾਰਤ ਆਮ ਲੋਕਾਂ ਲਈ ਪਾਲੀ ਨੂੰ ਪਹੁੰਚਯੋਗ ਬਣਾਉਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸੇ ਕਾਰਨ ਪਾਲੀ ਨੂੰ ਇੱਕ ਪ੍ਰਾਚੀਨ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ, ਜਿਸ ਨਾਲ ਧੰਮ ਨੂੰ ਉਸਦੇ ਮੂਲ ਤੱਤ ਵਿੱਚ ਸਮਝਣਾ ਅਤੇ ਸਮਝਾਉਣਾ ਸੌਖਾ ਹੋਵੇਗਾ ਅਤੇ ਬੋਧੀ ਰਵਾਇਤ ਨਾਲ ਸਬੰਧਿਤ ਖੋਜ ਨੂੰ ਵੀ ਮਜ਼ਬੂਤ ਕੀਤਾ ਜਾ ਸਕੇਗਾ।

ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦਾ ਸਬੰਧ ਭਗਵਾਨ ਬੁੱਧ ਨਾਲ ਹੈ ਅਤੇ ਇਹ ਭਾਰਤ ਦੀ ਵਿਰਾਸਤ ਹਨ ਅਤੇ ਇੱਕ ਸਦੀ ਲੰਬੀ ਉਡੀਕ ਤੋਂ ਬਾਅਦ, ਇਹ ਦੇਸ਼ ਵਿੱਚ ਵਾਪਸ ਆਏ ਹਨ। ਉਨ੍ਹਾਂ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਦੇਖਣ, ਭਗਵਾਨ ਬੁੱਧ ਦੇ ਵਿਚਾਰਾਂ ਨਾਲ ਜੁੜਨ ਅਤੇ ਘੱਟੋ-ਘੱਟ ਇੱਕ ਵਾਰ ਉਨ੍ਹਾਂ ਨੂੰ ਦੇਖਣ ਲਈ ਆਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਕੂਲੀ ਬੱਚਿਆਂ, ਕਾਲਜ ਦੇ ਵਿਦਿਆਰਥੀਆਂ, ਨੌਜਵਾਨ ਸਾਥੀਆਂ ਅਤੇ ਪੁੱਤਰਾਂ-ਧੀਆਂ ਨੂੰ ਇਸ ਪ੍ਰਦਰਸ਼ਨੀ ਨੂੰ ਜ਼ਰੂਰ ਦੇਖਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਸਾਡੇ ਅਤੀਤ ਦੀ ਮਹਿਮਾ ਨੂੰ ਸਾਡੇ ਭਵਿੱਖ ਦੇ ਸੁਪਨਿਆਂ ਨਾਲ ਜੋੜਨ ਦਾ ਇੱਕ ਅਹਿਮ ਮਾਧਿਅਮ ਹੈ। ਉਨ੍ਹਾਂ ਨੇ ਸਾਰੇ ਦੇਸ਼-ਵਾਸੀਆਂ ਨੂੰ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਇਸ ਅਪੀਲ ਦੇ ਨਾਲ ਉਨ੍ਹਾਂ ਨੇ ਸਾਰਿਆਂ ਨੂੰ ਇਸ ਸਮਾਗਮ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਸ਼੍ਰੀ ਕਿਰੇਨ ਰਿਜਿਜੂ, ਸ਼੍ਰੀ ਰਾਮਦਾਸ ਅਠਾਵਲੇ, ਸ਼੍ਰੀ ਰਾਓ ਇੰਦਰਜੀਤ ਸਿੰਘ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਸਕਸੈਨਾ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

ਪਿਛੋਕੜ

ਇਸ ਪ੍ਰਦਰਸ਼ਨੀ ਵਿੱਚ ਪਹਿਲੀ ਵਾਰ, ਪਿਪਰਾਹਵਾ ਅਵਸ਼ੇਸ਼ਾਂ ਨੂੰ, ਜਿਨ੍ਹਾਂ ਨੂੰ ਇੱਕ ਸਦੀ ਤੋਂ ਵੱਧ ਸਮੇਂ ਬਾਅਦ ਦੇਸ਼ ਵਾਪਸ ਲਿਆਂਦਾ ਗਿਆ ਹੈ, ਪਿਪਰਾਹਵਾ ਨਾਲ ਸਬੰਧਿਤ ਅਸਲੀ ਅਵਸ਼ੇਸ਼ਾਂ ਅਤੇ ਪੁਰਾਤੱਤਵ ਸਮਗਰੀ ਦੇ ਨਾਲ ਪੇਸ਼ ਕੀਤਾ ਗਿਆ ਹੈ, ਜੋ ਰਾਸ਼ਟਰੀ ਅਜਾਇਬ ਘਰ, ਨਵੀਂ ਦਿੱਲੀ ਅਤੇ ਭਾਰਤੀ ਅਜਾਇਬ ਘਰ, ਕੋਲਕਾਤਾ ਦੇ ਸੰਗ੍ਰਹਿ ਵਿੱਚ ਸੁਰੱਖਿਅਤ ਹਨ।

1898 ਵਿੱਚ ਲੱਭੇ ਗਏ ਪਿਪਰਾਹਵਾ ਅਵਸ਼ੇਸ਼ਾਂ ਦਾ ਮੁੱਢਲੇ ਬੁੱਧ ਧਰਮ ਦੇ ਪੁਰਾਤਤਵ ਅਧਿਐਨ ਵਿੱਚ ਕੇਂਦਰੀ ਥਾਂ ਹੈ। ਇਹ ਸਭ ਤੋਂ ਸ਼ੁਰੂਆਤੀ ਅਤੇ ਇਤਿਹਾਸਕ ਪੱਖੋਂ ਅਹਿਮ ਅਵਸ਼ੇਸ਼ਾਂ ਵਿੱਚੋਂ ਇੱਕ ਹਨ ਜੋ ਸਿੱਧੇ ਭਗਵਾਨ ਬੁੱਧ ਨਾਲ ਜੁੜੇ ਹਨ। ਪੁਰਾਤੱਤਵ ਸਬੂਤ ਪਿਪਰਾਹਵਾ ਸਥਾਨ ਨੂੰ ਪ੍ਰਾਚੀਨ ਕਪਿਲਵਸਤੁ ਨਾਲ ਜੋੜਦੇ ਹਨ, ਜਿਸ ਦੀ ਵਿਆਪਕ ਤੌਰ 'ਤੇ ਉਸ ਸਥਾਨ ਵਜੋਂ ਪਹਿਚਾਣ ਕੀਤੀ ਗਈ ਹੈ ਜਿੱਥੇ ਭਗਵਾਨ ਬੁੱਧ ਨੇ ਸੰਸਾਰ ਦੇ ਤਿਆਗ ਤੋਂ ਪਹਿਲਾਂ ਆਪਣੇ ਮੁੱਢਲੇ ਜੀਵਨ ਦਾ ਜ਼ਿਆਦਾਤਰ ਹਿੱਸਾ ਬਿਤਾਇਆ ਸੀ।

ਪ੍ਰਦਰਸ਼ਨੀ ਭਾਰਤ ਦੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨਾਲ ਡੂੰਘੇ ਅਤੇ ਲਗਾਤਾਰ ਸਭਿਅਕ ਸਬੰਧ ਨੂੰ ਉਜਾਗਰ ਕਰਦੀ ਹੈ ਅਤੇ ਭਾਰਤ ਦੀ ਅਮੀਰ ਅਧਿਆਤਮਕ ਅਤੇ ਸਭਿਆਚਾਰਕ ਵਿਰਾਸਤ ਨੂੰ ਸਾਂਭਣ ਪ੍ਰਤੀ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਦਰਸਾਉਂਦੀ ਹੈ। ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦੀ ਹਾਲ ਹੀ ਵਿੱਚ ਵਾਪਸੀ; ਲਗਾਤਾਰ ਸਰਕਾਰੀ ਯਤਨ, ਸੰਸਥਾਗਤ ਸਹਿਯੋਗ ਅਤੇ ਨਿਵੇਕਲੇ ਜਨਤਕ-ਨਿੱਜੀ ਭਾਈਵਾਲੀ ਦਾ ਜ਼ਰੀਏ ਹਾਸਲ ਕੀਤੀ ਗਈ ਹੈ।

ਪ੍ਰਦਰਸ਼ਨੀ ਵਿਸ਼ਿਆਂ ਮੁਤਾਬਕ ਆਯੋਜਿਤ ਕੀਤੀ ਗਈ ਹੈ। ਇਸ ਦੇ ਕੇਂਦਰ ਵਿੱਚ ਸਾਂਚੀ ਸਤੂਪ ਤੋਂ ਪ੍ਰੇਰਿਤ ਇੱਕ ਮੁੜ-ਉਸਾਰਿਆ ਵਿਆਖਿਆਤਮਿਕ ਮਾਡਲ ਹੈ, ਜੋ ਰਾਸ਼ਟਰੀ ਸੰਗ੍ਰਹਿ ਤੋਂ ਅਸਲੀ ਅਵਸ਼ੇਸ਼ਾਂ ਨੂੰ ਅਤੇ ਵਾਪਸ ਲਿਆਂਦੇ ਗਏ ਰਤਨਾਂ ਨੂੰ ਇਕੱਠਾ ਕਰਦਾ ਹੈ। ਹੋਰ ਹਿੱਸਿਆਂ ਵਿੱਚ ‘ਪਿਪਰਾਹਵਾ ਰੀਵਿਜ਼ਿਟਿਡ’, ‘ਬੁੱਧ ਦੇ ਜੀਵਨ ਦੀਆਂ ਝਲਕੀਆਂ’, ‘ਮੂਰਤ ਵਿੱਚ ਅਮੂਰਤ: ਬੋਧੀ ਸਿੱਖਿਆਵਾਂ ਦੀ ਸੁਹਜਮਈ ਭਾਸ਼ਾ’, ‘ਸਰਹੱਦਾਂ ਤੋਂ ਪਾਰ ਬੋਧੀ ਕਲਾ ਅਤੇ ਆਦਰਸ਼ਾਂ ਦਾ ਵਿਸਤਾਰ’ ਅਤੇ ਸਭਿਆਚਾਰਕ ਕਲਾਕ੍ਰਿਤੀਆਂ ਦੀ ਵਾਪਸੀ: ਲਗਾਤਾਰ ਯਤਨ’ ਸ਼ਾਮਲ ਹਨ।

ਜਨਤਕ ਸਮਝ ਵਧਾਉਣ ਲਈ, ਇਸ ਪ੍ਰਦਰਸ਼ਨੀ ਨੂੰ ਇੱਕ ਵਿਆਪਕ ਆਡੀਓ-ਵਿਜ਼ੂਅਲ ਹਿੱਸੇ ਦੇ ਜ਼ਰੀਏ ਸਮਰਥਨ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਇਮਰਸਿਵ ਫ਼ਿਲਮਾਂ, ਡਿਜੀਟਲ ਰੀਕੰਸਟ੍ਰਕਸ਼ਨ, ਇੰਟਰਪ੍ਰਿਟਿਵ ਪ੍ਰੋਜੈਕਸ਼ਨ ਅਤੇ ਮਲਟੀਮੀਡੀਆ ਪੇਸ਼ਕਾਰੀਆਂ ਸ਼ਾਮਲ ਹਨ। ਇਹ ਤੱਤ ਭਗਵਾਨ ਬੁੱਧ ਦੇ ਜੀਵਨ, ਪਿਪਰਾਹਵਾ ਅਵਸ਼ੇਸ਼ਾਂ ਦੀ ਖੋਜ, ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਅਤੇ ਉਨ੍ਹਾਂ ਨਾਲ ਜੁੜੀਆਂ ਕਲਾਤਮਕ ਰਵਾਇਤਾਂ ਬਾਰੇ ਆਸਾਨ ਜਾਣਕਾਰੀ ਪ੍ਰਦਾਨ ਕਰਦੇ ਹਨ।

************

ਐੱਮਜੇਪੀਐੱਸ/ ਐੱਸਆਰ


(रिलीज़ आईडी: 2211280) आगंतुक पटल : 8
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Bengali-TR , Assamese , Gujarati , Odia , Tamil , Telugu , Kannada , Malayalam