ਪ੍ਰਧਾਨ ਮੰਤਰੀ ਦਫਤਰ
ਇਥੋਪੀਆ ਦੀ ਸੰਸਦ ਦੇ ਸਾਂਝੇ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
प्रविष्टि तिथि:
17 DEC 2025 3:08PM by PIB Chandigarh
ਮਹਾਮਹਿਮ, ਇਥੋਪੀਆ ਦੇ ਪ੍ਰਧਾਨ ਮੰਤਰੀ,
ਸੰਸਦ ਦੇ ਦੋਹਾਂ ਸਦਨਾਂ ਦੇ ਮਾਣਯੋਗ ਸਪੀਕਰ,
ਮਾਣਯੋਗ ਮੈਂਬਰ ਸਾਹਿਬਾਨ, ਇਥੋਪੀਆ ਦੇ ਮੇਰੇ ਪਿਆਰੇ ਭੈਣੋ ਅਤੇ ਭਰਾਵੋ,
ਅੱਜ ਤੁਹਾਡੇ ਸਾਰਿਆਂ ਸਾਹਮਣੇ ਹਾਜ਼ਰ ਹੋਣਾ ਮੇਰੇ ਲਈ ਬਹੁਤ ਵੱਡੇ ਸੁਭਾਗ ਵਾਲਾ ਪਲ ਹੈ। ਸ਼ੇਰਾਂ ਦੀ ਧਰਤੀ ਇਥੋਪੀਆ ਵਿੱਚ ਹੋਣਾ ਸ਼ਾਨਦਾਰ ਅਹਿਸਾਸ ਹੈ। ਮੈਨੂੰ ਇੱਥੇ ਘਰ ਵਰਗਾ ਮਹਿਸੂਸ ਹੋ ਰਿਹਾ ਹੈ, ਕਿਉਂਕਿ ਭਾਰਤ ਵਿੱਚ ਮੇਰਾ ਆਪਣਾ ਰਾਜ ਗੁਜਰਾਤ ਵੀ ਸ਼ੇਰਾਂ ਦੀ ਧਰਤੀ ਹੈ।
ਪ੍ਰਾਚੀਨ ਗਿਆਨ ਅਤੇ ਆਧੁਨਿਕ ਉਮੀਦਾਂ ਨਾਲ ਭਰਪੂਰ ਦੇਸ਼ ਦੇ ਦਿਲ ਵਿੱਚ, ਲੋਕਤੰਤਰ ਦੇ ਇਸ ਮੰਦਿਰ ਵਿੱਚ ਮੌਜੂਦ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਤੁਹਾਡੀ ਸੰਸਦ, ਤੁਹਾਡੇ ਲੋਕਾਂ ਅਤੇ ਤੁਹਾਡੇ ਲੋਕਤੰਤਰੀ ਸਫ਼ਰ ਪ੍ਰਤੀ ਸਤਿਕਾਰ ਪ੍ਰਗਟ ਕਰਦਾ ਹਾਂ। ਭਾਰਤ ਦੇ 1.4 ਬਿਲੀਅਨ ਲੋਕਾਂ ਵੱਲੋਂ, ਮੈਂ ਦੋਸਤੀ, ਸਦਭਾਵਨਾ ਅਤੇ ਭਾਈਚਾਰੇ ਦਾ ਸੁਨੇਹਾ ਲੈ ਕੇ ਆਇਆ ਹਾਂ।
ਮੈਂ ਦੋਸਤੀ, ਸਦਭਾਵਨਾ ਅਤੇ ਭਾਈਚਾਰੇ ਦਾ ਸੁਨੇਹਾ ਲੈ ਕੇ ਆਇਆ ਹਾਂ।
तेना इस्तील्लीन
सलाम
ਮਾਣਯੋਗ ਮੈਂਬਰ ਸਾਹਿਬਾਨ,
ਇਸ ਮਹਾਨ ਭਵਨ ਵਿੱਚ ਤੁਹਾਡੇ ਕਾਨੂੰਨ ਬਣਦੇ ਹਨ। ਇੱਥੇ ਲੋਕਾਂ ਦੀ ਉਮੀਦ ਰਾਜ ਦੀ ਉਮੀਦ ਬਣ ਜਾਂਦੀ ਹੈ। ਅਤੇ ਜਦੋਂ ਰਾਜ ਦੀ ਇੱਛਾ ਲੋਕਾਂ ਦੀ ਇੱਛਾ ਦੇ ਮੁਤਾਬਕ ਹੁੰਦੀ ਹੈ, ਤਾਂ ਤਰੱਕੀ ਦਾ ਪਹੀਆ ਆਸ ਅਤੇ ਮਕਸਦ ਨਾਲ ਅੱਗੇ ਵਧਦਾ ਹੈ।
ਤੁਹਾਡੇ ਰਾਹੀਂ, ਮੈਂ ਖੇਤਾਂ ਵਿੱਚ ਕੰਮ ਕਰ ਰਹੇ ਤੁਹਾਡੇ ਕਿਸਾਨਾਂ ਨਾਲ, ਨਵੇਂ ਵਿਚਾਰਾਂ ਨੂੰ ਸਾਕਾਰ ਕਰ ਰਹੇ ਉੱਦਮੀਆਂ ਨਾਲ, ਭਾਈਚਾਰਿਆਂ ਅਤੇ ਸੰਸਥਾਵਾਂ ਦੀ ਅਗਵਾਈ ਕਰ ਰਹੀਆਂ ਮਾਣਮੱਤੀਆਂ ਔਰਤਾਂ ਨਾਲ ਅਤੇ ਭਵਿੱਖ ਸਵਾਰ ਰਹੇ ਇਥੋਪੀਆ ਦੇ ਨੌਜਵਾਨਾਂ ਨਾਲ ਵੀ ਗੱਲ ਕਰ ਰਿਹਾ ਹਾਂ। ਇਸ ਬੇਮਿਸਾਲ ਮੌਕੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ।
ਕੱਲ੍ਹ, ਮੈਨੂੰ ਆਪਣੇ ਪਿਆਰੇ ਦੋਸਤ ਪ੍ਰਧਾਨ ਮੰਤਰੀ ਡਾ. ਅਬੀ ਅਹਿਮਦ ਤੋਂ ਗ੍ਰੈਂਡ ਆਨਰ, ਨਿਸ਼ਾਨ ਆਫ ਇਥੋਪੀਆ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਭਾਰਤ ਦੇ ਲੋਕਾਂ ਵੱਲੋਂ ਨਿਮਰਤਾ ਨਾਲ, ਹੱਥ ਜੋੜ ਕੇ ਇਸ ਸਨਮਾਨ ਨੂੰ ਕਬੂਲ ਕਰਦਾ ਹਾਂ।
आम सग्नालो
ਮਾਣਯੋਗ ਮੈਂਬਰ ਸਾਹਿਬਾਨ,
ਇਥੋਪੀਆ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿੱਚੋਂ ਇੱਕ ਹੈ। ਇੱਥੇ, ਇਤਿਹਾਸ ਪਹਾੜਾਂ ਵਿੱਚ, ਵਾਦੀਆਂ ਵਿੱਚ ਅਤੇ ਇਥੋਪਿਆਈ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਜਾਗਦਾ ਹੈ। ਅੱਜ, ਇਥੋਪੀਆ ਆਪਣੀਆਂ ਡੂੰਘੀਆਂ ਜੜ੍ਹਾਂ ਕਾਰਨ ਮਾਣ ਮਹਿਸੂਸ ਕਰਦਾ ਹੈ। ਇਥੋਪੀਆ ਵਿੱਚ ਖੜ੍ਹੇ ਹੋਣ ਦਾ ਮਤਲਬ ਹੈ ਉਸ ਥਾਂ 'ਤੇ ਖੜ੍ਹੇ ਹੋਣਾ ਜਿੱਥੇ ਅਤੀਤ ਦਾ ਸਤਿਕਾਰ ਕੀਤਾ ਜਾਂਦਾ ਹੈ, ਵਰਤਮਾਨ ਮਕਸਦ ਭਰਪੂਰ ਹੈ ਅਤੇ ਭਵਿੱਖ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਂਦਾ ਹੈ।
ਪੁਰਾਣੇ ਅਤੇ ਨਵੇਂ ਦਾ ਇਹ ਸੁਮੇਲ... ਪ੍ਰਾਚੀਨ ਗਿਆਨ ਅਤੇ ਆਧੁਨਿਕ ਲਾਲਸਾ ਵਿਚਾਲੇ ਇਹ ਸੰਤੁਲਨ... ਇਹੀ ਇਥੋਪੀਆ ਦੀ ਅਸਲੀ ਤਾਕਤ ਹੈ।
ਭਾਰਤ ਵਿੱਚ ਅਸੀਂ ਸਾਰੇ ਮੇਡੇਮਰ ਭਾਵ ਸਹਿਯੋਗ ਦੀ ਇਸ ਭਾਵਨਾ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਲਾਲੀਬੇਲਾ ਦੇ ਵਿਸ਼ਾਲ ਗਿਰਜਾਘਰਾਂ ਵਾਂਗ, ਤਾਮਿਲਨਾਡੂ ਦੇ ਪ੍ਰਾਚੀਨ ਪੱਥਰ ਦੇ ਮੰਦਰ ਵੀ ਪੱਥਰਾਂ ਵਿੱਚ ਉੱਕਰੀਆਂ ਹੋਈਆਂ ਪ੍ਰਾਰਥਨਾਵਾਂ ਵਾਂਗ ਹਨ। ਅਸੀਂ ਵੀ ਇੱਕ ਪ੍ਰਾਚੀਨ ਸਭਿਅਤਾ ਹਾਂ, ਜੋ ਆਤਮ-ਵਿਸ਼ਵਾਸ ਨਾਲ ਭਵਿੱਖ ਵੱਲ ਵਧ ਰਹੇ ਹਾਂ।
‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' ਦੇ ਸੱਦੇ ਨਾਲ। ਮਾਤ ਭੂਮੀ ਪ੍ਰਤੀ ਸਾਡੀਆਂ ਭਾਵਨਾਵਾਂ ਵੀ ਸਾਡੇ ਸਾਂਝੇ ਨਜ਼ਰੀਏ ਨੂੰ ਦਰਸਾਉਂਦੀਆਂ ਹਨ।
ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਅਤੇ ਇਥੋਪੀਆ ਦਾ ਰਾਸ਼ਟਰੀ ਗੀਤ, ਦੋਵੇਂ ਹੀ ਸਾਡੀ ਧਰਤੀ ਨੂੰ ਮਾਂ ਦੇ ਰੂਪ ਵਿੱਚ ਸੰਬੋਧਨ ਕਰਦੇ ਹਨ। ਇਹ ਸਾਨੂੰ ਆਪਣੀ ਵਿਰਾਸਤ, ਸਭਿਆਚਾਰ, ਕੁਦਰਤੀ ਸੁੰਦਰਤਾ 'ਤੇ ਮਾਣ ਕਰਨ ਅਤੇ ਮਾਤ ਭੂਮੀ ਦੀ ਰਾਖੀ ਕਰਨ ਲਈ ਪ੍ਰੇਰਿਤ ਕਰਦੇ ਹਨ।
ਮਾਣਯੋਗ ਮੈਂਬਰ ਸਾਹਿਬਾਨ,
ਵਿਗਿਆਨ ਨੇ ਇਥੋਪੀਆ ਵਿੱਚ ਸਾਡੀ ਪ੍ਰਜਾਤੀ ਦੇ ਕੁਝ ਸਭ ਤੋਂ ਪੁਰਾਣੇ ਨਿਸ਼ਾਨ ਲੱਭੇ ਹਨ। ਜਦੋਂ ਦੁਨੀਆ ਲੂਸੀ ਜਾਂ ਦਿਨ ਦਿਨਕਿਨੇਸ਼ ਦੀ ਗੱਲ ਕਰਦੀ ਹੈ, ਤਾਂ ਉਹ ਸਿਰਫ਼ ਪਥਰਾਟ (ਫਾਸਿਲ) ਦੀ ਗੱਲ ਨਹੀਂ ਕਰ ਰਹੇ ਹੁੰਦੇ। ਉਹ ਇੱਕ ਸ਼ੁਰੂਆਤ ਦੀ ਗੱਲ ਕਰ ਰਹੇ ਹੁੰਦੇ ਹਨ। ਇੱਕ ਅਜਿਹੀ ਸ਼ੁਰੂਆਤ ਜੋ ਸਾਡੀ ਸਾਰਿਆਂ ਦੀ ਹੈ, ਚਾਹੇ ਅਸੀਂ ਅਦੀਸ ਅਬਾਬਾ ਵਿੱਚ ਰਹੀਏ ਜਾਂ ਅਯੁੱਧਿਆ ਵਿੱਚ।
ਭਾਰਤ ਵਿੱਚ ਅਸੀਂ ਵਸੁਧੈਵ ਕੁਟੁੰਬਕਮ ਕਹਿੰਦੇ ਹਾਂ, ਯਾਨੀ ਦੁਨੀਆ ਇੱਕ ਪਰਿਵਾਰ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਰਾਜਨੀਤੀ ਤੋਂ ਪਰੇ, ਸਰਹੱਦਾਂ ਤੋਂ ਪਰੇ, ਮਤਭੇਦਾਂ ਤੋਂ ਪਰੇ, ਸਾਡਾ ਮੁੱਢ ਇੱਕ ਹੀ ਹੈ। ਜੇ ਸਾਡੀ ਸ਼ੁਰੂਆਤ ਸਾਂਝੀ ਸੀ, ਤਾਂ ਸਾਡੀ ਕਿਸਮਤ ਵੀ ਸਾਂਝੀ ਹੋਣੀ ਚਾਹੀਦੀ ਹੈ।
ਮਾਣਯੋਗ ਮੈਂਬਰ ਸਾਹਿਬਾਨ,
ਭਾਰਤ ਅਤੇ ਇਥੋਪੀਆ ਜਲਵਾਯੂ ਦੇ ਨਾਲ-ਨਾਲ ਭਾਵਨਾਵਾਂ ਵਿੱਚ ਵੀ ਇੱਕ ਦੂਜੇ ਨਾਲ ਮਿਲਦੇ-ਜੁਲਦੇ ਹਨ। ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਵਿਸ਼ਾਲ ਸਮੁੰਦਰੀ ਰਸਤਿਆਂ ਰਾਹੀਂ ਸਬੰਧ ਕਾਇਮ ਕੀਤੇ ਸਨ। ਹਿੰਦ ਮਹਾਸਾਗਰ ਦੇ ਪਾਰ, ਵਪਾਰੀ ਮਸਾਲੇ, ਕਪਾਹ, ਕੌਫੀ ਅਤੇ ਸੋਨੇ ਨਾਲ ਯਾਤਰਾ ਕਰਦੇ ਸਨ। ਪਰ ਉਹ ਸਿਰਫ਼ ਚੀਜ਼ਾਂ ਦਾ ਹੀ ਵਪਾਰ ਨਹੀਂ ਕਰਦੇ ਸਨ। ਉਨ੍ਹਾਂ ਨੇ ਵਿਚਾਰਾਂ, ਕਹਾਣੀਆਂ ਅਤੇ ਜੀਵਨ-ਢੰਗ ਦਾ ਆਦਾਨ-ਪ੍ਰਦਾਨ ਕੀਤਾ। ਅਦੂਲਿਸ ਅਤੇ ਧੋਲੇਰਾ ਵਰਗੀਆਂ ਬੰਦਰਗਾਹਾਂ ਸਿਰਫ਼ ਵਪਾਰਕ ਕੇਂਦਰ ਹੀ ਨਹੀਂ ਸਨ, ਸਗੋਂ ਸਭਿਅਤਾਵਾਂ ਵਿਚਾਲੇ ਪੁਲ ਵੀ ਸਨ।
ਆਧੁਨਿਕ ਯੁੱਗ ਵਿੱਚ ਸਾਡੇ ਸਬੰਧ ਨਵੇਂ ਦੌਰ ਵਿੱਚ ਦਾਖਲ ਹੋ ਗਏ। 1941 ਵਿੱਚ ਇਥੋਪੀਆ ਦੀ ਆਜ਼ਾਦੀ ਲਈ ਭਾਰਤੀ ਫ਼ੌਜੀਆਂ ਨੇ ਇਥੋਪੀਆ ਲੋਕਾਂ ਨਾਲ ਮਿਲ ਕੇ ਲੜਾਈ ਲੜੀ। ਭਾਰਤ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਸਾਡੇ ਰਸਮੀ ਕੂਟਨੀਤਕ ਸਬੰਧ ਸ਼ੁਰੂ ਹੋਏ।
ਪਰ, ਦੂਤਘਰ ਕਾਇਮ ਹੋਣ ਤੋਂ ਪਹਿਲਾਂ ਹੀ, ਸਾਡੇ ਲੋਕਾਂ ਨੇ ਮਿਲ ਕੇ ਇੱਕ ਨਵਾਂ ਅਧਿਆਏ ਲਿਖਣਾ ਸ਼ੁਰੂ ਕਰ ਦਿੱਤਾ ਸੀ। ਹਜ਼ਾਰਾਂ ਭਾਰਤੀ ਅਧਿਆਪਕ ਇਥੋਪੀਆ ਆਏ। ਉਨ੍ਹਾਂ ਨੇ ਅਦੀਸ ਅਬਾਬਾ, ਡਾਇਰ ਡਾਵਾ, ਬਹਿਰ ਡਾਰ ਤੋਂ ਲੈ ਕੇ ਮੈਕਲੇ ਤੱਕ ਦੇ ਬੱਚਿਆਂ ਨੂੰ ਪੜ੍ਹਾਇਆ। ਉਹ ਇਥੋਪੀਆਈ ਸਕੂਲਾਂ ਤੱਕ ਪਹੁੰਚੇ ਅਤੇ ਇਥੋਪੀਆਈ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ। ਅੱਜ ਵੀ ਕਈ ਇਥੋਪਿਆਈ ਮਾਪੇ ਉਨ੍ਹਾਂ ਭਾਰਤੀ ਅਧਿਆਪਕਾਂ ਬਾਰੇ ਪਿਆਰ ਨਾਲ ਗੱਲ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸਵਾਰਿਆ।
ਜਿਸ ਤਰ੍ਹਾਂ ਭਾਰਤੀ ਅਧਿਆਪਕ ਇੱਥੇ ਆਏ, ਉਸੇ ਤਰ੍ਹਾਂ ਇਥੋਪਿਆਈ ਵਿਦਿਆਰਥੀ ਵੀ ਗਿਆਨ ਅਤੇ ਦੋਸਤੀ ਦੀ ਭਾਲ ਵਿੱਚ ਭਾਰਤ ਗਏ। ਉਹ ਵਿਦਿਆਰਥੀ ਵਜੋਂ ਭਾਰਤ ਗਏ ਅਤੇ ਆਧੁਨਿਕ ਇਥੋਪੀਆ ਦੇ ਨਿਰਮਾਤਾ ਬਣ ਕੇ ਘਰ ਪਰਤੇ। ਮੈਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਵਿੱਚੋਂ ਕੁਝ ਇਸ ਵੇਲੇ ਮਾਣਯੋਗ ਸਪੀਕਰ ਤਾਗੇਸੇ ਚਾਫੋ ਸਮੇਤ ਇਸ ਸੰਸਦ ਵਿੱਚ ਵੀ ਮੌਜੂਦ ਹਨ!
ਉਨ੍ਹਾਂ ਨੇ ਸਾਡੇ ਆਪਸੀ ਸਬੰਧਾਂ ਮਜ਼ਬੂਤ ਕਰਨ ਵਿੱਚ ਵੀ ਖ਼ਾਸ ਭੂਮਿਕਾ ਨਿਭਾਈ ਹੈ। ਕਿਉਂਕਿ ਉਨ੍ਹਾਂ ਨੇ ਹੀ ਭਾਰਤ ਵਿੱਚ ਇਥੋਪਿਆਈ ਖਾਣਿਆਂ ਦੀ ਪਛਾਣ ਕਰਵਾਈ। ਭਾਰਤ ਵਿੱਚ ਵੀ ਅਸੀਂ ਰਾਗੀ ਅਤੇ ਬਾਜਰਾ ਵਰਗੇ "ਸ਼੍ਰੀ ਅੰਨ" ਅਨਾਜ ਖਾਣਾ ਪਸੰਦ ਕਰਦੇ ਹਾਂ। ਇਸ ਲਈ ਇਥੋਪਿਆਈ ਟੈਫ ਦਾ ਸੁਆਦ ਸਾਨੂੰ ਬਹੁਤ ਸਕੂਨ ਦਿੰਦਾ ਹੈ। ਕਿਉਂਕਿ ਅਸੀਂ ਭਾਰਤੀ ਥਾਲੀ ਦਾ ਅਨੰਦ ਲੈਂਦੇ ਹਾਂ, ਇਸ ਲਈ ਇਥੋਪਿਆਈ ਬੇਯਾ-ਨੈਤੂ ਵੀ ਸਾਨੂੰ ਬਹੁਤ ਜਾਣਿਆ-ਪਛਾਣਿਆ ਲੱਗਦਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
ਅੱਜ ਭਾਰਤੀ ਕੰਪਨੀਆਂ ਇਥੋਪੀਆ ਵਿੱਚ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਕਾਂ ਵਿੱਚੋਂ ਹਨ। ਉਨ੍ਹਾਂ ਨੇ ਕੱਪੜਾ, ਨਿਰਮਾਣ, ਖੇਤੀਬਾੜੀ, ਸਿਹਤ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਪੰਜ ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ 75 ਹਜ਼ਾਰ ਤੋਂ ਵੱਧ ਸਥਾਨਕ ਰੁਜ਼ਗਾਰ ਪੈਦਾ ਕੀਤੇ ਹਨ।
ਪਰ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵਾਂਗੇ ਕਿ ਸਾਡੀ ਭਾਈਵਾਲੀ ਵਿੱਚ ਬੇਅੰਤ ਸੰਭਾਵਨਾਵਾਂ ਹਨ। ਇਸੇ ਲਈ ਪ੍ਰਧਾਨ ਮੰਤਰੀ ਡਾ. ਅਬੀ ਅਹਿਮਦ ਅਤੇ ਮੈਂ ਕੱਲ੍ਹ ਇੱਕ ਅਹਿਮ ਕਦਮ ਚੁੱਕਿਆ। ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਨਾਲ ਤਕਨਾਲੋਜੀ, ਨਵੀਨਤਾ, ਖਣਨ, ਟਿਕਾਊ ਵਿਕਾਸ ਅਤੇ ਸਾਫ਼ ਊਰਜਾ ਦੇ ਖੇਤਰ ਵਿੱਚ ਸਹਿਯੋਗ ਰਾਹੀਂ ਸਾਡੀਆਂ ਅਰਥਵਿਵਸਥਾਵਾਂ ਦੀ ਬਹੁਤ ਵੱਡੀ ਸਮਰੱਥਾ ਦਾ ਵਿਕਾਸ ਹੋਵੇਗਾ। ਖ਼ੁਰਾਕ ਸੁਰੱਖਿਆ, ਸਿਹਤ ਸੁਰੱਖਿਆ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਸਹਿਯੋਗ ਰਾਹੀਂ ਸਾਡੇ ਲੋਕਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ ਅਸੀਂ ਵਪਾਰ ਅਤੇ ਨਿਵੇਸ਼ ਸਹਿਯੋਗ ਦੇ ਨਾਲ-ਨਾਲ ਰੱਖਿਆ ਤੇ ਸੁਰੱਖਿਆ ਮਾਮਲਿਆਂ ਵਿੱਚ ਵੀ ਸਹਿਯੋਗ ਵਧਾਵਾਂਗੇ।
ਮਾਣਯੋਗ ਮੈਂਬਰ ਸਾਹਿਬਾਨ,
ਵਿਕਾਸਸ਼ੀਲ ਦੇਸ਼ਾਂ ਵਜੋਂ, ਅਸੀਂ ਇੱਕ-ਦੂਜੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਇੱਕ-ਦੂਜੇ ਨੂੰ ਬਹੁਤ ਕੁਝ ਦੇ ਸਕਦੇ ਹਾਂ। ਖੇਤੀਬਾੜੀ ਸਾਡੇ ਦੋਹਾਂ ਦੇਸ਼ਾਂ ਦੀ ਰੀੜ੍ਹ ਦੀ ਹੱਡੀ ਹੈ। ਇਹ ਸਾਡੇ ਲੋਕਾਂ ਨੂੰ ਭੋਜਨ ਦਿੰਦੀ ਹੈ। ਇਹ ਸਾਡੇ ਕਿਸਾਨਾਂ ਦਾ ਪਾਲਣ-ਪੋਸ਼ਣ ਕਰਦੀ ਹੈ। ਇਹ ਪਰੰਪਰਾ ਨੂੰ ਨਵੀਨਤਾ ਨਾਲ ਜੋੜਦੀ ਹੈ। ਅਸੀਂ ਬਿਹਤਰ ਬੀਜ, ਸਿੰਚਾਈ ਪ੍ਰਣਾਲੀ ਅਤੇ ਮਿੱਟੀ ਦੀ ਸਿਹਤ ਤਕਨਾਲੋਜੀਆਂ ਵਿਕਸਤ ਕਰਨ ਲਈ ਮਿਲ ਕੇ ਕੰਮ ਕਰ ਸਕਦੇ ਹਾਂ।
ਜਲਵਾਯੂ ਤਬਦੀਲੀ ਮੀਂਹ ਅਤੇ ਫ਼ਸਲ ਚੱਕਰਾਂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਅਸੀਂ ਜਲਵਾਯੂ-ਅਨੁਕੂਲ ਖੇਤੀਬਾੜੀ ਦੇ ਖੇਤਰ ਵਿੱਚ ਗਿਆਨ ਸਾਂਝਾ ਕਰ ਸਕਦੇ ਹਾਂ। ਦੁੱਧ ਉਤਪਾਦਨ ਤੋਂ ਲੈ ਕੇ ਖੇਤੀਬਾੜੀ ਮਸ਼ੀਨੀਕਰਨ ਤੱਕ, ਬਾਜਰਾ ਖੋਜ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਤੱਕ, ਅਸੀਂ ਸਭ ਮਿਲ ਕੇ ਆਪਣੇ ਕਿਸਾਨਾਂ ਦੀ ਖ਼ੁਸ਼ਹਾਲੀ ਵਿੱਚ ਯੋਗਦਾਨ ਪਾ ਸਕਦੇ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
ਭਾਰਤ ਵਿੱਚ ਅਸੀਂ ਇੱਕ ਮਜ਼ਬੂਤ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਇਸ ਨੇ ਸੇਵਾਵਾਂ ਦੇਣ ਅਤੇ ਲੋਕਾਂ ਵੱਲੋਂ ਉਨ੍ਹਾਂ ਤੱਕ ਪਹੁੰਚਣ ਦਾ ਤਰੀਕਾ ਬਦਲ ਦਿੱਤਾ ਹੈ। ਅੱਜ ਭਾਰਤ ਦਾ ਹਰ ਨਾਗਰਿਕ ਭੁਗਤਾਨ, ਪਛਾਣ ਅਤੇ ਸਰਕਾਰੀ ਸੇਵਾਵਾਂ ਲਈ ਤਕਨਾਲੋਜੀ ਦੀ ਵਰਤੋਂ ਕਰ ਸਕਦਾ ਹੈ। ਦੁਨੀਆ ਦੇ ਅੱਧੇ ਤੋਂ ਵੱਧ ਤਤਕਾਲ ਡਿਜੀਟਲ ਭੁਗਤਾਨ ਹੁਣ ਭਾਰਤ ਵਿੱਚ ਹੁੰਦੇ ਹਨ।
500 ਬਿਲੀਅਨ ਡਾਲਰ ਤੋਂ ਵੱਧ ਮੁੱਲ ਦੇ ਭਲਾਈ ਲਾਭ ਬਿਨਾਂ ਕਿਸੇ ਲੀਕੇਜ ਜਾਂ ਭ੍ਰਿਸ਼ਟਾਚਾਰ ਦੇ ਸਿੱਧੇ ਕਰੋੜਾਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਚੁੱਕੇ ਹਨ। ਸਾਲ ਵਿੱਚ ਤਿੰਨ ਵਾਰ, ਤਕਰੀਬਨ 100 ਮਿਲੀਅਨ ਕਿਸਾਨ ਇੱਕ ਬਟਨ ਦਬਾਉਣ ਨਾਲ ਵਿੱਤੀ ਸਹਾਇਤਾ ਪ੍ਰਾਪਤ ਕਰਦੇ ਹਨ।
ਜਿਵੇਂ ਹੀ ਤੁਸੀਂ ਡਿਜੀਟਲ ਇਥੋਪੀਆ 2025 ਰਣਨੀਤੀ ਨੂੰ ਲਾਗੂ ਕਰਦੇ ਹੋ, ਅਸੀਂ ਇਥੋਪੀਆ ਨਾਲ ਆਪਣੀ ਮੁਹਾਰਤ ਅਤੇ ਤਜਰਬਾ ਸਾਂਝਾ ਕਰਨ ਲਈ ਤਿਆਰ ਹਾਂ। ਅਤੇ ਸਾਨੂੰ ਮਾਣ ਹੈ ਕਿ ਤੁਸੀਂ ਆਪਣੇ ਵਿਦੇਸ਼ ਮੰਤਰਾਲੇ ਲਈ ਡਾਟਾ ਸੈਂਟਰ ਵਿਕਸਤ ਕਰਨ ਵਾਸਤੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਵਜੋਂ ਚੁਣਿਆ ਹੈ।
ਮਾਣਯੋਗ ਮੈਂਬਰ ਸਾਹਿਬਾਨ,
ਭਾਰਤ ਨੂੰ ਦੁਨੀਆ ਦੀ ਫਾਰਮੇਸੀ ਵਜੋਂ ਜਾਣਿਆ ਜਾਂਦਾ ਹੈ। ਕੋਵਿਡ ਮਹਾਮਾਰੀ ਦੌਰਾਨ ਪੂਰੀ ਦੁਨੀਆ ਫਿਕਰਮੰਦ ਸੀ। ਇਹ ਬਹੁਤ ਔਖਾ ਸਮਾਂ ਸੀ। ਸੀਮਤ ਸਾਧਨਾਂ ਦੇ ਬਾਵਜੂਦ, ਅਸੀਂ ਇਨਸਾਨੀਅਤ ਪ੍ਰਤੀ ਆਪਣਾ ਪਵਿੱਤਰ ਫ਼ਰਜ਼ ਸਮਝਿਆ ਕਿ ਅਸੀਂ ਦੂਜਿਆਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰੀਏ।
ਭਾਰਤ ਨੇ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਟੀਕੇ ਭੇਜੇ। ਇਥੋਪੀਆ ਨੂੰ 40 ਲੱਖ ਤੋਂ ਵੱਧ ਟੀਕੇ ਦੇਣਾ ਭਾਰਤ ਲਈ ਮਾਣ ਵਾਲੀ ਗੱਲ ਸੀ। ਇਹ ਸਾਡਾ ਸੁਭਾਗ ਸੀ ਕਿ ਅਸੀਂ ਇਹ ਕੰਮ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨਾਲ ਸਾਂਝੇਦਾਰੀ ਵਿੱਚ ਕੀਤਾ, ਜਿਸ ਦੀ ਅਗਵਾਈ ਡਾਕਟਰ ਟੈਡਰੋਸ ਨੇ ਕੀਤੀ, ਜੋ ਇਥੋਪੀਆ ਦੇ ਸਪੂਤ ਹਨ ਅਤੇ ਭਾਰਤ ਵਿੱਚ ਤੁਲਸੀ ਭਾਈ ਦੇ ਨਾਂ ਨਾਲ ਜਾਣੇ ਜਾਂਦੇ ਹਨ।
ਮੈਨੂੰ ਖ਼ੁਸ਼ੀ ਹੈ ਕਿ ਫਾਰਮਾਸਿਊਟੀਕਲ ਤੋਂ ਲੈ ਕੇ ਹਸਪਤਾਲਾਂ ਤੱਕ ਅਤੇ ਰਵਾਇਤੀ ਇਲਾਜ ਤੋਂ ਲੈ ਕੇ ਟੈਲੀਮੈਡੀਸਨ ਤੱਕ, ਸਿਹਤ ਸੇਵਾ ਖੇਤਰ ਵਿੱਚ ਸਾਡਾ ਸਹਿਯੋਗ ਵਧ ਰਿਹਾ ਹੈ। ਅਸੀਂ ਹਸਪਤਾਲਾਂ ਵਿੱਚ ਨਵੇਂ ਉਪਕਰਣਾਂ ਦੀ ਸਪਲਾਈ ਤੋਂ ਲੈ ਕੇ ਸਿਹਤ ਖੇਤਰ ਦੇ ਪੇਸ਼ੇਵਰਾਂ ਦੀ ਸਮਰੱਥਾ ਨਿਰਮਾਣ ਤੱਕ, ਆਪਣੇ ਸਿਹਤ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
ਇਥੋਪੀਆ ਅਫ਼ਰੀਕਾ ਦੇ ਇੱਕ ਅਹਿਮ ਕੇਂਦਰ ਵਿੱਚ ਸਥਿਤ ਹੈ। ਭਾਰਤ ਹਿੰਦ ਮਹਾਸਾਗਰ ਦੇ ਕੇਂਦਰ ਵਿੱਚ ਸਥਿਤ ਹੈ। ਅਸੀਂ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸੰਪਰਕ ਦੇ ਕੁਦਰਤੀ ਭਾਈਵਾਲ ਹਾਂ।
ਇਸ ਸਾਲ ਦੀ ਸ਼ੁਰੂਆਤ ਵਿੱਚ ਰੱਖਿਆ ਸਹਿਯੋਗ ਸਮਝੌਤੇ 'ਤੇ ਦਸਤਖ਼ਤ ਨਾਲ, ਆਪਸੀ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ। ਇਹ ਸਮਝੌਤਾ ਨੇੜਲੇ ਫ਼ੌਜੀ ਸਹਿਯੋਗ 'ਤੇ ਕੇਂਦਰਿਤ ਹੈ। ਇਸ ਵਿੱਚ ਸਾਈਬਰ ਸੁਰੱਖਿਆ, ਰੱਖਿਆ ਉਦਯੋਗਾਂ, ਸਾਂਝੀ ਖੋਜ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਸ਼ਾਮਲ ਹੈ।
ਮੈਂ ਇਸ ਮੌਕੇ ਅਪ੍ਰੈਲ ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਥੋਪੀਆ ਵੱਲੋਂ ਦਿਖਾਈ ਗਈ ਇੱਕਜੁੱਟਤਾ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਸਾਡੇ ਸਰਬ-ਪਾਰਟੀ ਸੰਸਦੀ ਵਫ਼ਦ ਦਾ ਇੰਨੇ ਗਰਮਜੋਸ਼ੀ ਨਾਲ ਸਵਾਗਤ ਕਰਨ ਅਤੇ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਵੀ ਤੁਹਾਡਾ ਧੰਨਵਾਦ ਕਰਦਾ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
ਜੀਵਿਤ ਅਤੇ ਵੰਨ-ਸੁਵੰਨੇ ਲੋਕਤੰਤਰਾਂ ਵਜੋਂ, ਅਸੀਂ ਦੋਵੇਂ ਸਮਝਦੇ ਹਾਂ ਕਿ ਲੋਕਤੰਤਰ ਜੀਵਨ ਦਾ ਇੱਕ ਢੰਗ ਹੈ, ਅਤੇ ਇਹ ਇੱਕ ਸਫ਼ਰ ਹੈ। ਇਸ ਦਾ ਸਰੂਪ ਕਦੇ ਬਹਿਸ ਨਾਲ, ਕਦੇ ਅਸਹਿਮਤੀ ਨਾਲ, ਪਰ ਹਮੇਸ਼ਾ ਕਾਨੂੰਨ ਦੇ ਰਾਜ ਅਤੇ ਲੋਕ ਮਨਾਂ ਵਿੱਚ ਪੱਕੇ ਵਿਸ਼ਵਾਸ ਨਾਲ ਤੈਅ ਹੁੰਦਾ ਹੈ।
ਸਾਡੇ ਦੋਹਾਂ ਦੇ ਸੰਵਿਧਾਨ ਵੀ ਇਸੇ ਭਾਵਨਾ ਨੂੰ ਦਰਸਾਉਂਦੇ ਹਨ। ਭਾਰਤ ਦਾ ਸੰਵਿਧਾਨ "ਅਸੀਂ, ਭਾਰਤ ਦੇ ਲੋਕ" ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ। ਇਥੋਪੀਆ ਦਾ ਸੰਵਿਧਾਨ "We, the Nations, Nationalities and Peoples of Ethiopia" ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ। ਦੋਹਾਂ ਦਾ ਸੁਨੇਹਾ ਇੱਕ ਹੀ ਹੈ: ਸਾਡਾ ਭਵਿੱਖ ਸਾਡੇ ਹੱਥਾਂ ਵਿੱਚ ਹੈ।
ਅੱਜ ਸਵੇਰੇ ਮੈਨੂੰ ਆਡਵਾ ਜਿੱਤ ਸਮਾਰਕ 'ਤੇ ਸ਼ਰਧਾਂਜਲੀ ਭੇਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਸਮਾਰਕ ਇਸ ਗੱਲ ਦਾ ਅਮਰ ਸਬੂਤ ਹੈ ਕਿ ਕਿਵੇਂ ਇਥੋਪੀਆ ਦੀ ਜਿੱਤ ਨੇ ਪੂਰੇ ਗ਼ੁਲਾਮ ਸੰਸਾਰ ਨੂੰ ਮਾਣ ਅਤੇ ਆਜ਼ਾਦੀ ਦੀ ਖੋਜ ਵਿੱਚ ਪ੍ਰੇਰਿਤ ਕੀਤਾ। ਸੰਘਰਸ਼ ਅਤੇ ਬੇਯਕੀਨੀ ਦੇ ਇਨ੍ਹਾਂ ਸਮਿਆਂ ਵਿੱਚ, ਇਹ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਆਪਣੇ ਲਈ ਖੜ੍ਹੇ ਹੋ ਸਕਦੇ ਹਨ।
ਮਾਣਯੋਗ ਮੈਂਬਰ ਸਾਹਿਬਾਨ,
ਮਹਾਤਮਾ ਗਾਂਧੀ ਨੇ ਸਾਨੂੰ ਟਰੱਸਟੀਸ਼ਿਪ (ਅਮਾਨਤਦਾਰੀ) ਦਾ ਵਿਚਾਰ ਦਿੱਤਾ। ਅਸੀਂ ਇਸ ਸੁੰਦਰ ਧਰਤੀ ਅਤੇ ਇਸ ਦੇ ਵਸੀਲਿਆਂ ਦੇ ਮਾਲਕ ਨਹੀਂ ਹਾਂ। ਸਗੋਂ, ਅਸੀਂ ਟਰੱਸਟੀ ਹਾਂ ਜਿਨ੍ਹਾਂ ਨੇ ਇਨ੍ਹਾਂ ਦੀ ਸੰਭਾਲ ਕਰਨੀ ਹੈ ਅਤੇ ਇਨ੍ਹਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪਣਾ ਹੈ। ਭਾਰਤ ਦੀ "ਇੱਕ ਪੇੜ ਮਾਂ ਕੇ ਨਾਮ" ਪਹਿਲ ਵਿੱਚ ਸ਼ਾਮਲ ਟਰੱਸਟੀਸ਼ਿਪ ਦੀ ਭਾਵਨਾ ਇਥੋਪੀਆ ਦੀ ਗ੍ਰੀਨ ਲੈਗੇਸੀ ਇਨੀਸ਼ੀਏਟਿਵ ਵਿੱਚ ਵੀ ਦਿਖਾਈ ਦਿੰਦੀ ਹੈ।
ਸਾਡੇ ਦੋਵੇਂ ਰਾਸ਼ਟਰ ਧਰਤੀ ਮਾਂ ਦੀ ਸੰਭਾਲ ਵਿੱਚ ਵਿਸ਼ਵਾਸ ਰੱਖਦੇ ਹਨ। ਦੋਵੇਂ ਕੁਦਰਤ ਨੂੰ ਵਾਪਸ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ। ਆਓ, ਮਿਲ ਕੇ ਨਵਿਆਉਣਯੋਗ ਊਰਜਾ ਅਤੇ ਹਰਿਤ ਰੁਜ਼ਗਾਰਾਂ 'ਤੇ ਕੰਮ ਕਰੀਏ। ਆਓ, ਆਫ਼ਤ-ਰੋਕੂ ਬੁਨਿਆਦੀ ਢਾਂਚੇ ਅਤੇ ਜੈਵਿਕ-ਬਾਲਣ 'ਤੇ ਕੰਮ ਕਰੀਏ। ਆਓ, ਜਲਵਾਯੂ ਸਬੰਧੀ ਇਨਸਾਫ਼ ਲਈ ਇੱਕ ਮਜ਼ਬੂਤ ਆਵਾਜ਼ ਉਠਾਈਏ। ਭਾਰਤ, 2027 ਵਿੱਚ ਸੀਓਪੀ-32 ਵਿੱਚ ਗਲੋਬਲ ਸਾਊਥ ਨੂੰ ਮਜ਼ਬੂਤ ਆਵਾਜ਼ ਦੇਣ ਦੇ ਇਥੋਪੀਆ ਦੇ ਯਤਨਾਂ ਦਾ ਸਮਰਥਨ ਕਰਨ ਵਿੱਚ ਖ਼ੁਸ਼ੀ ਮਹਿਸੂਸ ਕਰੇਗਾ।
ਮਾਣਯੋਗ ਮੈਂਬਰ ਸਾਹਿਬਾਨ,
ਮੈਨੂੰ ਦੱਸਿਆ ਗਿਆ ਹੈ ਕਿ ਇਥੋਪੀਆ ਵਿੱਚ ਇੱਕ ਕਹਾਵਤ ਹੈ, "ਜਦੋਂ ਮੱਕੜੀ ਦੇ ਜਾਲੇ ਆਪਸ ਵਿੱਚ ਜੁੜ ਜਾਂਦੇ ਹਨ, ਤਾਂ ਉਹ ਸ਼ੇਰ ਨੂੰ ਵੀ ਬੰਨ੍ਹ ਸਕਦੇ ਹਨ।" ਭਾਰਤ ਵਿੱਚ ਵੀ ਅਸੀਂ ਮੰਨਦੇ ਹਾਂ ਕਿ ਮਨ ਮਿਲਣ ਤਾਂ ਪਹਾੜ ਵੀ ਰਸਤਾ ਦੇ ਦਿੰਦੇ ਹਨ।
ਅਸਲ ਵਿੱਚ, ਏਕਤਾ ਵਿੱਚ ਤਾਕਤ ਹੈ ਅਤੇ ਸਹਿਯੋਗ ਵਿੱਚ ਸਮਰੱਥਾ ਹੈ। ਅਤੇ ਅੱਜ, ਗਲੋਬਲ ਸਾਊਥ ਦੇ ਰਾਸ਼ਟਰਾਂ ਵਜੋਂ, ਪ੍ਰਾਚੀਨ ਸਭਿਅਤਾਵਾਂ ਵਜੋਂ, ਦੋਸਤਾਂ ਵਜੋਂ, ਭਾਰਤ ਅਤੇ ਇਥੋਪੀਆ ਇਕੱਠੇ ਖੜ੍ਹੇ ਹਨ। ਅਸੀਂ ਇੱਕ ਪਰਿਵਾਰ ਦੇ ਮੈਂਬਰਾਂ ਵਜੋਂ ਇਕੱਠੇ ਖੜ੍ਹੇ ਹਨ। ਅਸੀਂ ਇੱਕ ਅਜਿਹੀ ਦੁਨੀਆ ਲਈ ਕੰਮ ਕਰਦੇ ਹਾਂ ਜੋ ਵਧੇਰੇ ਨਿਆਂਪੂਰਨ, ਵਧੇਰੇ ਬਰਾਬਰ ਅਤੇ ਵਧੇਰੇ ਸ਼ਾਂਤਮਈ ਹੋਵੇ।
ਇੱਥੇ ਹੀ, ਅਦੀਸ ਅਬਾਬਾ ਵਿੱਚ ਅਫ਼ਰੀਕੀ ਏਕਤਾ ਦੇ ਸੁਪਨਿਆਂ ਨੂੰ ਘਰ ਮਿਲਿਆ। ਮੈਨੂੰ ਦੱਸਿਆ ਗਿਆ ਹੈ ਕਿ ਇਸ ਸ਼ਾਨਦਾਰ ਸ਼ਹਿਰ ਦੀਆਂ ਕਈ ਸੜਕਾਂ ਦਾ ਨਾਮ ਅਫ਼ਰੀਕੀ ਦੇਸ਼ਾਂ ਦੇ ਨਾਮ 'ਤੇ ਰੱਖਿਆ ਗਿਆ ਹੈ!
ਹਿੰਦ ਮਹਾਸਾਗਰ ਦੇ ਦੂਜੇ ਪਾਸੇ, ਨਵੀਂ ਦਿੱਲੀ ਵਿੱਚ, ਭਾਰਤ ਨੂੰ ਅਫ਼ਰੀਕੀ ਸੰਘ ਦਾ ਜੀ-20 ਦੇ ਸਥਾਈ ਮੈਂਬਰ ਵਜੋਂ ਸਵਾਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪਿਛਲੇ ਸਾਲ ਅਸੀਂ ਬ੍ਰਿਕਸ ਵਿੱਚ ਇਥੋਪੀਆ ਨੂੰ ਪੂਰਨ ਮੈਂਬਰ ਵਜੋਂ ਸ਼ਾਮਲ ਕਰਕੇ ਇੱਕ ਹੋਰ ਇਤਿਹਾਸਕ ਕਦਮ ਚੁੱਕਿਆ।
ਅਸਲ ਵਿੱਚ, ਮੇਰੀ ਸਰਕਾਰ ਦੇ 11 ਸਾਲਾਂ ਵਿੱਚ ਭਾਰਤ ਅਤੇ ਅਫ਼ਰੀਕਾ ਵਿਚਾਲੇ ਸਬੰਧ ਕਈ ਗੁਣਾ ਵਧ ਗਏ ਹਨ। ਇਸ ਅਰਸੇ ਦੌਰਾਨ ਅਸੀਂ ਰਾਸ਼ਟਰ ਮੁਖੀਆਂ ਅਤੇ ਸਰਕਾਰ ਮੁਖੀਆਂ ਦੇ ਪੱਧਰ 'ਤੇ 100 ਤੋਂ ਵੱਧ ਦੌਰਿਆਂ ਦਾ ਆਦਾਨ-ਪ੍ਰਦਾਨ ਕੀਤਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
ਵਿਕਾਸਸ਼ੀਲ ਦੇਸ਼ ਆਪਣਾ ਭਵਿੱਖ ਖ਼ੁਦ ਲਿਖ ਰਹੇ ਹਨ। ਭਾਰਤ ਅਤੇ ਇਥੋਪੀਆ ਇਸ ਲਈ ਇੱਕ ਸਾਂਝਾ ਨਜ਼ਰੀਆ ਰੱਖਦੇ ਹਨ। ਸਾਡਾ ਨਜ਼ਰੀਆ ਅਜਿਹੀ ਦੁਨੀਆ ਦਾ ਹੈ ਜਿੱਥੇ ਵਿਕਾਸਸ਼ੀਲ ਦੇਸ਼ ਕਿਸੇ ਦੇ ਵਿਰੁੱਧ ਨਹੀਂ, ਸਗੋਂ ਸਭ ਦੇ ਲਈ ਅੱਗੇ ਵਧਣ।
ਇੱਕ ਅਜਿਹੀ ਦੁਨੀਆ ਜਿੱਥੇ ਵਿਕਾਸ ਨਿਰਪੱਖ ਹੋਵੇ, ਜਿੱਥੇ ਤਕਨਾਲੋਜੀ ਪਹੁੰਚਯੋਗ ਹੋਵੇ ਅਤੇ ਜਿੱਥੇ ਪ੍ਰਭੂਸੱਤਾ ਦਾ ਸਤਿਕਾਰ ਹੋਵੇ। ਇੱਕ ਅਜਿਹੀ ਦੁਨੀਆ ਜਿੱਥੇ ਖ਼ੁਸ਼ਹਾਲੀ ਸਾਂਝੀ ਹੋਵੇ ਅਤੇ ਸ਼ਾਂਤੀ ਦੀ ਰੱਖਿਆ ਕੀਤੀ ਜਾਵੇ ਅਤੇ ਇੱਕ ਅਜਿਹੀ ਦੁਨੀਆ ਜਿੱਥੇ ਫ਼ੈਸਲਾ ਪ੍ਰਕਿਰਿਆ ਅੱਜ ਦੀ ਹਕੀਕਤ ਨੂੰ ਦਰਸਾਵੇ, ਨਾ ਕਿ 1945 ਦੀ ਦੁਨੀਆ ਨੂੰ। ਕਿਉਂਕਿ ਜੇ ਦੁਨੀਆ ਦੇ ਢਾਂਚੇ ਅਤੀਤ ਵਿੱਚ ਅਟਕੇ ਰਹਿਣਗੇ ਤਾਂ ਉਹ ਅੱਗੇ ਨਹੀਂ ਵਧ ਸਕਦੀ।
ਇਹੀ ਕਾਰਨ ਹੈ ਕਿ ਭਾਰਤ ਨੇ ਗਲੋਬਲ ਵਿਕਾਸ ਸਮਝੌਤੇ 'ਤੇ ਜ਼ੋਰ ਦਿੱਤਾ ਹੈ। ਇਹ ਟਿਕਾਊ ਵਿਕਾਸ ਲਈ ਤਕਨਾਲੋਜੀ ਸਾਂਝੀ ਕਰਨ, ਕਿਫ਼ਾਇਤੀ ਵਿੱਤਪੋਸ਼ਣ, ਸਮਰੱਥਾ ਨਿਰਮਾਣ ਅਤੇ ਵਪਾਰ ਨੂੰ ਪਹਿਲ ਦੇਵੇਗਾ। ਇਹੀ ਕਾਰਨ ਹੈ ਕਿ ਨਵੰਬਰ ਵਿੱਚ ਜੀ-20 ਸੰਮੇਲਨ ਵਿੱਚ, ਮੈਂ ਦਸ ਲੱਖ ਸਿੱਖਿਆਰਥੀਆਂ ਨੂੰ ਸਿਖਲਾਈ ਦੇਣ ਲਈ "ਅਫ਼ਰੀਕਾ ਹੁਨਰ ਗੁਣਕ ਪਹਿਲ" ਦਾ ਸੱਦਾ ਦਿੱਤਾ ਸੀ। ਇਹ ਸਥਾਨਕ ਸਮਰੱਥਾਵਾਂ ਦਾ ਨਿਰਮਾਣ ਕਰੇਗਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਅਤੇ ਟਿਕਾਊ ਵਿਕਾਸ ਵੱਲ ਤੁਹਾਡੇ ਯਤਨਾਂ ਵਿੱਚ ਸਹਾਇਤਾ ਕਰੇਗਾ।
ਮਾਣਯੋਗ ਮੈਂਬਰ ਸਾਹਿਬਾਨ,
ਚਾਹ ਨਾਲ ਮੇਰਾ ਨਿੱਜੀ ਲਗਾਅ ਜੱਗ-ਜ਼ਾਹਰ ਹੈ ਪਰ, ਇਥੋਪੀਆ ਆ ਕੇ ਕੌਫੀ ਦਾ ਜ਼ਿਕਰ ਨਾ ਕਰਨਾ ਨਾਮੁਮਕਿਨ ਹੈ! ਇਹ ਦੁਨੀਆ ਨੂੰ ਦਿੱਤਾ ਗਿਆ ਤੁਹਾਡਾ ਸਭ ਤੋਂ ਵੱਡਾ ਤੋਹਫ਼ਾ ਹੈ!
ਇਥੋਪਿਆਈ ਕੌਫੀ ਸੈਰੇਮਨੀ ਵਿੱਚ ਲੋਕ ਇਕੱਠੇ ਬੈਠਦੇ ਹਨ, ਸਮਾਂ ਰੁਕ ਜਿਹਾ ਜਾਂਦਾ ਹੈ ਅਤੇ ਦੋਸਤੀ ਗੂੜ੍ਹੀ ਹੁੰਦੀ ਜਾਂਦੀ ਹੈ। ਭਾਰਤ ਵਿੱਚ ਵੀ ਇੱਕ ਕੱਪ ਚਾਹ ਗੱਲਬਾਤ ਕਰਨ, ਸਾਂਝ ਪਾਉਣ ਅਤੇ ਜੁੜਨ ਦਾ ਸੱਦਾ ਹੈ ਅਤੇ ਠੀਕ ਇਥੋਪਿਆਈ ਕੌਫੀ ਅਤੇ ਭਾਰਤੀ ਚਾਹ ਵਾਂਗ, ਸਾਡੀ ਦੋਸਤੀ ਵੀ ਹੋਰ ਮਜ਼ਬੂਤ ਹੋ ਰਹੀ ਹੈ!
ਅੱਜ, ਮੈਂ ਭੈਣਾਂ ਅਤੇ ਭਰਾਵਾਂ ਵਿਚਕਾਰ, ਡੂੰਘੇ ਧੰਨਵਾਦ ਅਤੇ ਭਵਿੱਖ ਲਈ ਉੱਜਵਲ ਉਮੀਦਾਂ ਨਾਲ ਤੁਹਾਡੇ ਸਾਹਮਣੇ ਖੜ੍ਹਾ ਹਾਂ। ਭਵਿੱਖ ਪੁਕਾਰ ਰਿਹਾ ਹੈ। ਭਾਰਤ ਅਤੇ ਇਥੋਪੀਆ ਜਵਾਬ ਦੇਣ ਲਈ ਤਿਆਰ ਹਨ।
ਮਾਣਯੋਗ ਮੈਂਬਰ ਸਾਹਿਬਾਨ,
ਅਖੀਰ ਵਿੱਚ, ਮੈਂ ਤੁਹਾਨੂੰ ਵਚਨ ਦਿੰਦਾ ਹਾਂ ਕਿ ਅਸੀਂ ਬਰਾਬਰੀ ਨਾਲ ਮਿਲ ਕੇ ਚੱਲਾਂਗੇ। ਅਸੀਂ ਭਾਈਵਾਲ ਬਣ ਕੇ ਨਾਲ ਮਿਲ ਕੇ ਨਿਰਮਾਣ ਕਰਾਂਗੇ। ਅਸੀਂ ਦੋਸਤ ਬਣ ਕੇ ਨਾਲ ਮਿਲ ਕੇ ਸਫਲਤਾ ਹਾਸਲ ਕਰਾਂਗੇ।
ਇਸ ਸੰਸਦ ਨੂੰ ਸੰਬੋਧਨ ਕਰਨ ਦਾ ਮਾਣ ਦੇਣ ਲਈ ਧੰਨਵਾਦ। ਤੁਹਾਡੀ ਦੋਸਤੀ ਲਈ ਧੰਨਵਾਦ। ਤੁਹਾਡੇ ਵਿਸ਼ਵਾਸ ਲਈ ਧੰਨਵਾਦ।
तब्बारकु
देना हुन्नु
आम सग्नालो
ਧੰਨਵਾਦ।
************
ਐੱਮਜੇਪੀਐੱਸ/ਐੱਸਟੀ
(रिलीज़ आईडी: 2205907)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Bengali-TR
,
Manipuri
,
Gujarati
,
Odia
,
Telugu
,
Kannada
,
Malayalam