ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ ਆਈਆਈਟੀ (ਆਈਐੱਸਐੱਮ) ਧਨਬਾਦ ਦੇ ਸ਼ਤਾਬਦੀ ਸਥਾਪਨਾ ਹਫ਼ਤੇ ਨੂੰ ਸੰਬੋਧਨ ਕੀਤਾ
ਡਾ. ਪੀ. ਕੇ. ਮਿਸ਼ਰਾ ਨੇ ਆਈਆਈਟੀ ਧਨਬਾਦ ਨੂੰ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ
ਵਿਸ਼ਵ-ਵਿਆਪੀ ਉਥੱਲ-ਪੁਥਲ ਦੇ ਬਾਵਜੂਦ ਭਾਰਤ ਦੀ ਆਰਥਿਕ ਬੁਨਿਆਦ ਮਜ਼ਬੂਤ ਹੈ: ਡਾ. ਪੀ. ਕੇ. ਮਿਸ਼ਰਾ
ਕਈ ਦੇਸ਼, ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚੋਂ, ਹੁਣ ਭਾਰਤ ਨੂੰ ਵਿਸ਼ਵ ਬੰਧੂ - ਆਧੁਨਿਕ ਸਮਰੱਥਾ ਨੂੰ ਸਭਿਅਤਾ ਦੀ ਬੁੱਧੀ ਨਾਲ ਮਿਲਾਉਣ ਵਾਲੇ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖਦੇ ਹਨ: ਡਾ. ਪੀ.ਕੇ. ਮਿਸ਼ਰਾ
ਡਾ. ਪੀ.ਕੇ. ਮਿਸ਼ਰਾ ਨੇ ਆਈਆਈਟੀ ਧਨਬਾਦ ਨੂੰ ਭਾਰਤ ਦੀ ਮਹੱਤਵਪੂਰਨ ਖਣਿਜ ਰਣਨੀਤੀ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ
प्रविष्टि तिथि:
03 DEC 2025 3:08PM by PIB Chandigarh
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਅੱਜ ਧਨਬਾਦ ਦੇ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਇੰਡੀਅਨ ਸਕੂਲ ਆਫ਼ ਮਾਈਨਜ਼) ਦੇ ਸ਼ਤਾਬਦੀ ਸਥਾਪਨਾ ਹਫ਼ਤੇ ਵਿੱਚ ਉਦਘਾਟਨੀ ਭਾਸ਼ਣ ਦਿੱਤਾ। ਫੈਕਲਟੀ, ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਵਿਸ਼ੇਸ਼ ਮਹਿਮਾਨਾਂ ਨਾਲ ਗੱਲ ਕਰਦੇ ਹੋਏ, ਡਾ. ਮਿਸ਼ਰਾ ਨੇ 2047 ਤੱਕ ਵਿਕਸਿਤ ਭਾਰਤ ਬਣਨ ਦੀ ਭਾਰਤ ਦੀ ਯਾਤਰਾ ਵਿੱਚ ਆਈਆਈਟੀ ਧਨਬਾਦ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ।
ਡਾ. ਪੀ.ਕੇ. ਮਿਸ਼ਰਾ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਆਈਆਈਟੀ (ਆਈਐੱਸਐੱਮ) ਧਨਬਾਦ ਵੱਲੋਂ ਡਾਕਟਰ ਆਫ਼ ਸਾਇੰਸ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਸੰਸਥਾ ਦੇ 100 ਸਾਲ ਦੀ ਵਿਰਾਸਤ ਦੇ ਜਸ਼ਨ ਦਾ ਹਿੱਸਾ ਬਣਨ 'ਤੇ ਆਪਣੀ ਖ਼ੁਸ਼ੀ ਪ੍ਰਗਟ ਕਰਦੇ ਹੋਏ, ਮਾਈਨਿੰਗ, ਊਰਜਾ, ਧਰਤੀ ਵਿਗਿਆਨ ਅਤੇ ਅਪਲਾਈਡ ਇੰਜੀਨੀਅਰਿੰਗ ਵਿੱਚ ਇਸ ਦੇ ਅਥਾਹ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾ. ਮਿਸ਼ਰਾ ਨੇ ਯਾਦ ਦਵਾਇਆ ਕਿ ਆਈਆਈਟੀ ਧਨਬਾਦ ਏਸ਼ੀਆ ਵਿੱਚ ਮਾਈਨਿੰਗ ਸਿੱਖਿਆ ਵਿੱਚ ਇੱਕ ਮੋਹਰੀ ਰਿਹਾ ਹੈ ਅਤੇ ਇਸ ਨੇ ਕੋਲ ਇੰਡੀਆ, ਓਐੱਨਜੀਸੀ, ਜੀਐੱਸਆਈ, ਸੀਐੱਮਪੀਡੀਆਈ ਅਤੇ ਐੱਨਟੀਪੀਸੀ ਵਰਗੇ ਰਾਸ਼ਟਰੀ ਸੰਸਥਾਨਾਂ ਨੂੰ ਲਗਾਤਾਰ ਮੁਹਾਰਤ ਦਿੱਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਖੋਜ ਦੇ ਨਤੀਜਿਆਂ ਨੇ ਖਾਣ ਸੁਰੱਖਿਆ, ਕੋਲਾ ਕੱਢਣ, ਤੇਲ ਅਤੇ ਗੈਸ ਅਤੇ ਖਣਿਜ ਨੂੰ ਲਾਭਕਾਰੀ ਬਣਾਉਣ ਵਿੱਚ ਰਾਸ਼ਟਰੀ ਮਿਆਰਾਂ ਨੂੰ ਆਕਾਰ ਦਿੱਤਾ ਹੈ। ਡਾ. ਮਿਸ਼ਰਾ ਨੇ ਕਿਹਾ, "ਇੱਕ ਸ਼ਤਾਬਦੀ ਸਿਰਫ਼ ਇੱਕ ਮੀਲ ਪੱਥਰ ਨਹੀਂ ਹੈ, ਸਗੋ ਇਹ ਯਾਦ ਦਿਵਾਉਂਦੀ ਹੈ ਕਿ ਜਦੋਂ ਗਿਆਨ ਦੀ ਵਰਤੋ ਸਕਾਰਾਤਮਕ ਸਮਾਜਿਕ ਨਤੀਜਿਆਂ ਲਈ ਜਨਤਕ ਭਲਾਈ ਲਈ ਕੀਤੀ ਜਾਂਦੀ ਹੈ ਤਾਂ ਦ੍ਰਿੜ੍ਹਤਾ ਨਾਲ ਕੀ ਪ੍ਰਾਪਤ ਕੀਤਾ ਜਾ ਸਕਦਾ ਹੈ।" ਉਨ੍ਹਾਂ ਨੇ ਸੰਸਥਾ ਨੂੰ ਭਾਰਤ ਦੇ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਆਪਣੀ ਭੂਮਿਕਾ ਨੂੰ ਦਰਸਾਉਣ ਲਈ ਕਿਹਾ।
ਪ੍ਰਧਾਨ ਮੰਤਰੀ ਦੇ 2047 ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ, ਡਾ. ਮਿਸ਼ਰਾ ਨੇ ਕਿਹਾ ਕਿ ਸਾਡਾ ਟੀਚਾ ਕੁਦਰਤ ਅਤੇ ਸਭਿਆਚਾਰ ਦਰਮਿਆਨ ਸੰਤੁਲਨ ਬਣਾਉਂਦੇ ਹੋਏ ਇੱਕ ਵਿਕਸਿਤ ਰਾਸ਼ਟਰ ਦਾ ਦਰਜਾ ਪ੍ਰਾਪਤ ਕਰਨਾ ਹੈ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਦੁਨੀਆ ਭਰ ਵਿੱਚ ਅੱਗੇ ਰਹਿਣਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਾਰੇ ਖੇਤਰਾਂ ਵਿੱਚ ਆਤਮ-ਨਿਰਭਰ ਹੋਵੇਗਾ, ਔਰਤਾਂ ਵਿਕਾਸ ਦੀ ਕਹਾਣੀ ਨੂੰ ਅੱਗੇ ਵਧਾਉਣਗੀਆਂ, ਅਰਥਵਿਵਸਥਾ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਅਤੇ ਨਵੀਨਤਾਕਾਰੀ ਹੋਵੇਗੀ ਅਤੇ ਰਾਸ਼ਟਰੀ ਜੀਵਨ ਵਿੱਚ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਫ਼ਿਰਕਾਪ੍ਰਸਤੀ ਦਾ ਕੋਈ ਸਥਾਨ ਨਹੀਂ ਹੋਵੇਗਾ।
ਪਿਛਲੇ 11 ਸਾਲਾਂ ਵਿੱਚ ਭਾਰਤ ਦੀ ਆਰਥਿਕ ਪ੍ਰਗਤੀ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਨਵੀਨਤਾ ਅਤੇ ਖੋਜ 'ਤੇ ਅਧਾਰਿਤ ਦੱਸਿਆ। ਉਨ੍ਹਾਂ ਨੇ ਇਸ ਦ੍ਰਿਸ਼ਟੀਕੋਣ ਦੇ ਚਾਰ ਥੰਮ੍ਹ ਦੱਸੇ: ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨਾ, ਤਕਨਾਲੋਜੀ ਦਾ ਲਾਭ ਉਠਾਉਣਾ, ਵਿਸ਼ਵ-ਵਿਆਪੀ ਚੁਣੌਤੀਆਂ ਦਾ ਹੱਲ ਕਰਨਾ ਅਤੇ ਆਖ਼ਰੀ-ਮੀਲ ਤੱਕ ਲਾਭਾਂ ਨੂੰ ਯਕੀਨੀ ਬਣਾਉਣਾ। ਉਨ੍ਹਾਂ ਨੇ ਇਹ ਸਵੀਕਾਰ ਕੀਤਾ ਕਿ ਮਹਾਮਾਰੀ, ਵਪਾਰ ਯੁੱਧ, ਭੂ-ਰਾਜਨੀਤਿਕ ਤਣਾਅ, ਜਲਵਾਯੂ ਪਰਿਵਰਤਨ ਅਤੇ ਸਪਲਾਈ ਲੜੀ ਵਿੱਚ ਵਿਘਨ ਦੇ ਕਾਰਨ ਵਿਸ਼ਵ ਅਰਥਵਿਵਸਥਾ ਵਿੱਚ ਉਥਲ-ਪੁਥਲ ਹੋਈ। ਫਿਰ ਵੀ, ਉਨ੍ਹਾਂ ਨੇ ਭਾਰਤ ਦੀ ਮਜ਼ਬੂਤੀ ਦਾ ਜ਼ਿਕਰ ਕਰਦੇ ਹੋਏ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਜੀਡੀਪੀ ਵਿੱਚ 8.2 ਪ੍ਰਤੀਸ਼ਤ ਦੇ ਮਜ਼ਬੂਤ ਵਾਧੇ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਕਿਹਾ, "ਅਨਿਸ਼ਚਿਤਤਾ ਦੇ ਦਰਮਿਆਨ ਵੀ, ਭਾਰਤ ਅੰਮ੍ਰਿਤ ਕਾਲ ਵਿੱਚ ਹਿੰਮਤ ਅਤੇ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ।"
ਡਾ. ਮਿਸ਼ਰਾ ਨੇ ਭਵਿੱਖ ਨੂੰ ਆਕਾਰ ਦੇਣ ਵਿੱਚ ਤਕਨਾਲੋਜੀ ਦੇ ਬਦਲਾਅ ਲਿਆਉਣ ਵਾਲੀ ਭੂਮਿਕਾ 'ਤੇ ਜ਼ੋਰ ਦਿੱਤਾ। ਸਮਾਰਟਫੋਨ ਅਤੇ ਵੱਡੇ ਡੇਟਾ ਤੋ ਲੈ ਕੇ ਰੋਬੋਟਿਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ, ਉਨ੍ਹਾਂ ਨੇ ਕਿਹਾ ਕਿ ਬਦਲਾਅ ਹਰ ਥਾਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 100 ਤੋ ਵੱਧ ਯੂਨੀਕੌਰਨ ਅਤੇ 2 ਲੱਖ ਤੋ ਵੱਧ ਸਟਾਰਟਅੱਪ ਉੱਦਮਾਂ ਦੇ ਨਾਲ ਇੱਕ ਗਲੋਬਲ ਇਨੋਵੇਸ਼ਨ ਪਾਵਰਹਾਊਸ ਵਜੋਂ ਉੱਭਰਿਆ ਹੈ, ਜਿਸ ਨਾਲ ਇਹ ਦੁਨੀਆ ਦਾ ਤੀਜਾ ਸਭ ਤੋ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਉਨ੍ਹਾਂ ਨੇ ਨਵੀਨਤਾ ਦੇ ਪਾੜੇ ਨੂੰ ਦੂਰ ਕਰਨ ਲਈ ਸਰਕਾਰੀ ਪਹਿਲਕਦਮੀਆਂ ਨੂੰ ਉਜਾਗਰ ਕੀਤਾ, ਜਿਸ ਵਿੱਚ ਬੁਨਿਆਦੀ ਖੋਜ ਅਤੇ ਪ੍ਰੋਟੋਟਾਈਪਿੰਗ ਲਈ 1 ਲੱਖ ਕਰੋੜ ਰੁਪਏ ਦਾ ਰਾਸ਼ਟਰੀ ਖੋਜ ਫ਼ੰਡ, ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਲੀਡਰਸ਼ਿਪ ਬਣਾਉਣ ਲਈ ਇੰਡੀਆ-ਏਆਈ ਮਿਸ਼ਨ ਅਤੇ ਬਦਲਾਅ ਲਿਆਉਣ ਵਾਲੇ ਸਟਾਰਟਅੱਪ ਉੱਦਮਾਂ ਦਾ ਸਮਰਥਨ ਕਰਨ ਲਈ ਇੱਕ ਖ਼ਾਸ ਡੀਪ ਟੈੱਕ ਫ਼ੰਡ ਆਫ਼ ਫ਼ੰਡ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਕਿਹਾ, "ਇਹ ਭਵਿੱਖ ਲਈ ਤਿਆਰ ਨਵੀਨਤਾ ਪ੍ਰਣਾਲੀ ਬਣਾਉਣ ਵੱਲ ਜ਼ਰੂਰੀ ਸ਼ੁਰੂਆਤੀ ਕਦਮ ਹਨ।"
ਪ੍ਰਧਾਨ ਮੰਤਰੀ ਦੇ "4ਐੱਸ" ਮੰਤਰ - ਦਾਇਰਾ, ਪੈਮਾਨਾ, ਗਤੀ ਅਤੇ ਹੁਨਰ - ਨੂੰ ਸ਼ਾਸਨ ਦੇ ਮਾਰਗ-ਦਰਸ਼ਕ ਸਿਧਾਂਤ ਵਜੋਂ ਸਮਝਾਉਂਦੇ ਹੋਏ, ਡਾ. ਮਿਸ਼ਰਾ ਨੇ ਆਯੁਸ਼ਮਾਨ ਭਾਰਤ, ਡਿਜੀਟਲ ਇੰਡੀਆ, ਯੂਪੀਆਈ, ਅਤੇ ਮਿਸ਼ਨ ਕਰਮਯੋਗੀ ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਦਾ ਹਵਾਲਾ ਦਿੱਤਾ ਕਿ ਕਿਵੇਂ ਤਕਨਾਲੋਜੀ ਅਤੇ ਮੁੱਲ ਸਮਾਵੇਸ਼ੀ, ਨਾਗਰਿਕ-ਕੇਂਦ੍ਰਿਤ ਸੇਵਾਵਾਂ ਨੂੰ ਸੰਭਵ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਧਾਰ, ਕੋ-ਵਿਨ, ਅਤੇ ਰਾਸ਼ਟਰੀ ਡਿਜੀਟਲ ਸਿੱਖਿਆ ਆਰਕੀਟੈਕਚਰ ਵਰਗੇ ਪਲੇਟਫ਼ਾਰਮ ਦਰਸਾਉਂਦੇ ਹਨ ਕਿ ਕਿਵੇਂ ਸਮਾਵੇਸ਼ ਅਤੇ ਕੁਸ਼ਲਤਾ ਇਕੱਠੇ ਰਹਿ ਸਕਦੀ ਹੈ। ਡਾ. ਮਿਸ਼ਰਾ ਨੇ ਕਿਹਾ, "ਇਹ ਸੁਭਾਵਿਕ ਹੈ ਕਿ ਕਈ ਦੇਸ਼, ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚੋਂ, ਹੁਣ ਭਾਰਤ ਨੂੰ ਇੱਕ ਵਿਸ਼ਵ-ਵਿਆਪੀ ਭਾਈਵਾਲ ਵਜੋਂ ਦੇਖਦੇ ਹਨ।" ਡਾ ਮਿਸ਼ਰਾ ਨੇ ਕਿਹਾ, "ਵਿਸ਼ਵ ਬੰਧੂ - ਇੱਕ ਭਰੋਸੇਮੰਦ ਭਾਈਵਾਲ ਹੈ ਜੋ ਆਧੁਨਿਕ ਸਮਰੱਥਾਵਾਂ ਨੂੰ ਸਭਿਅਤਾ ਦੀ ਸਮਝ ਨਾਲ ਮਿਲਾਉਂਦਾ ਹੈ।" ਉਨ੍ਹਾਂ ਨੇ ਰਾਸ਼ਟਰੀ ਕੁਆਂਟਮ ਮਿਸ਼ਨ, ਚੰਦਰਯਾਨ-3 ਅਤੇ ਆਦਿੱਤਿਆ-ਐੱਲ-1 ਵਰਗੀਆਂ ਪੁਲਾੜ ਪ੍ਰਾਪਤੀਆਂ, ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਨਾਲ 200 ਗੀਗਾਵਾਟ ਤੋ ਵੱਧ ਨਵਿਆਉਣਯੋਗ ਊਰਜਾ ਸਮਰੱਥਾ ਅਤੇ ਵਿਗਿਆਨਕ ਖੋਜ ਲਈ ਸਵਦੇਸ਼ੀ ਪਣਡੁੱਬੀਆਂ ਬਣਾਉਣ ਵਾਲੇ ਡੀਪ ਓਸ਼ਨ ਮਿਸ਼ਨ ਵਰਗੇ ਮੋਹਰੀ ਖੇਤਰਾਂ ਵਿੱਚ ਤਰੱਕੀ ਵੱਲ ਵੀ ਇਸ਼ਾਰਾ ਕੀਤਾ।
ਡਾ. ਮਿਸ਼ਰਾ ਨੇ ਇਸ ਮਾਹੌਲ ਵਿੱਚ ਆਈਆਈਟੀ ਧਨਬਾਦ ਦੀ ਖ਼ਾਸ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ। ਆਧੁਨਿਕ ਪ੍ਰਯੋਗਸ਼ਾਲਾਵਾਂ, ਸੁਪਰਕੰਪਿਊਟਿੰਗ ਕਲੱਸਟਰ, ਸਿਸਮਿਕ ਔਬਜ਼ਰਵੇਟਰੀ ਅਤੇ ਵਧਦੇ ਇਨਕਿਊਬੇਸ਼ਨ ਈਕੋਸਿਸਟਮ ਦੇ ਨਾਲ, ਇਹ ਸੰਸਥਾ ਦੇਸ਼ ਦੀਆਂ ਜ਼ਰੂਰਤਾਂ ਵਿੱਚ ਯੋਗਦਾਨ ਪਾਉਣ ਲਈ ਚੰਗੀ ਸਥਿਤੀ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਦੇ ਤਹਿਤ ਸੈਂਟਰ ਆਫ਼ ਐਕਸੀਲੈਂਸ ਵਜੋਂ ਇਸ ਦਾ ਨਾਮ ਮਿਲਣਾ, ਭਾਰਤ ਦੀ ਕ੍ਰਿਟੀਕਲ ਖਣਿਜ ਰਣਨੀਤੀ ਨੂੰ ਆਕਾਰ ਦੇਣ ਦੀ ਇਸ ਦੀ ਸਮਰੱਥਾ ਵਿੱਚ ਦੇਸ਼ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਸੰਸਥਾ ਨੂੰ ਜਲਵਾਯੂ, ਖਣਿਜਾਂ, ਊਰਜਾ ਪਰਿਵਰਤਨ, ਸਮਗਰੀ ਅਤੇ ਉੱਨਤ ਨਿਰਮਾਣ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਜਨਤਾ ਨੂੰ ਲਾਭ ਪਹੁੰਚਾਉਣ ਵਾਲੀ ਖੋਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ, "ਤਕਨੀਕੀ ਹੁਨਰ ਜ਼ਰੂਰੀ ਤਾਂ ਹੈ, ਪਰ ਕਾਫ਼ੀ ਨਹੀਂ ਹੈ। ਰਵੱਈਆ, ਟੀਮ ਵਰਕ, ਨਿਮਰਤਾ ਅਤੇ ਨੈਤਿਕਤਾ ਵੀ ਬਰਾਬਰ ਮਹੱਤਵਪੂਰਨ ਹਨ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮੂਹਿਕ ਯਤਨ, ਪਾਰਦਰਸ਼ਤਾ ਅਤੇ ਸਤਿਕਾਰ ਦੇਸ਼ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਹਨ।
ਡਾ. ਮਿਸ਼ਰਾ ਨੇ ਅੰਤ ਵਿੱਚ ਕਿਹਾ ਕਿ ਆਈਆਈਟੀ ਧਨਬਾਦ ਆਪਣੀ ਦੂਜੀ ਸਦੀ ਵਿੱਚ ਅਜਿਹੇ ਸਮੇਂ ਵਿੱਚ ਕਦਮ ਰੱਖ ਰਿਹਾ ਹੈ, ਜਦੋਂ ਭਾਰਤ ਕੋਲ ਇੱਕ ਸਪੱਸ਼ਟ ਲੰਬੇ ਸਮੇਂ ਦੀ ਦਿਸ਼ਾ ਅਤੇ ਇਸ ਨੂੰ ਅੱਗੇ ਵਧਾਉਣ ਦਾ ਆਰਕੀਟੈਕਚਰ ਹੈ। ਉਨ੍ਹਾਂ ਨੇ ਕਿਹਾ, "ਸੰਸਥਾਗਤ ਤਾਕਤ ਅਤੇ ਵਿਕਸਿਤ ਭਾਰਤ 2047 ਦੇ ਰਾਸ਼ਟਰੀ ਟੀਚਿਆਂ ਦਰਮਿਆਨ ਸਪੱਸ਼ਟ ਤਾਲਮੇਲ ਹੈ। ਅਗਲੇ 25 ਸਾਲ ਇਹ ਤੈਅ ਕਰਨਗੇ ਕਿ ਭਾਰਤ ਇੱਕ ਵਧੇਰੇ ਸਮਰੱਥ, ਮਾਣਮੱਤਾ ਅਤੇ ਬਰਾਬਰੀ ਵਾਲਾ ਰਾਸ਼ਟਰ ਬਣਾਉਣ ਲਈ ਗਿਆਨ, ਤਕਨਾਲੋਜੀ ਅਤੇ ਮਨੁੱਖੀ ਪੂੰਜੀ ਦੀ ਵਰਤੋ ਕਿਵੇਂ ਕਰਦਾ ਹੈ।" ਉਨ੍ਹਾਂ ਨੇ ਸੰਸਥਾ ਦੇ ਡਾਇਰੈਕਟਰ, ਪ੍ਰੋਫੈਸਰ ਸੁਕੁਮਾਰ ਮਿਸ਼ਰਾ ਅਤੇ ਪ੍ਰਬੰਧਕੀ ਟੀਮ ਦਾ ਉਨ੍ਹਾਂ ਨੂੰ ਸੰਬੋਧਨ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ ਅਤੇ ਫੈਕਲਟੀ, ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
***
ਐੱਮਜੇਪੀਐੱਸ/ਐੱਸਆਰ
(रिलीज़ आईडी: 2198751)
आगंतुक पटल : 21
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam