ਪ੍ਰਧਾਨ ਮੰਤਰੀ ਦਫਤਰ
ਆਈਬੀਐੱਸਏ ਆਗੂਆਂ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ
प्रविष्टि तिथि:
23 NOV 2025 2:29PM by PIB Chandigarh
Your Excellency ਰਾਸ਼ਟਰਪਤੀ ਰਾਮਾਫੋਸਾ,
Your Excellency ਰਾਸ਼ਟਰਪਤੀ ਲੂਲਾ,
ਦੋਸਤੋ,
ਨਮਸਕਾਰ!
“ਜੋਹੈੱਨਸ-ਬਰਗ” ਜਿਹੇ ਜੀਵਿਤ ਖ਼ੂਬਸੂਰਤ ਸ਼ਹਿਰ ਵਿੱਚ ਆਈਬੀਐੱਸਏ ਆਗੂਆਂ ਦੀ ਬੈਠਕ ਵਿੱਚ ਹਿੱਸਾ ਲੈਣਾ ਮੇਰੇ ਲਈ ਬੇਹੱਦ ਖ਼ੁਸ਼ੀ ਦਾ ਵਿਸ਼ਾ ਹੈ। ਇਸ ਪਹਿਲ ਲਈ ਮੈਂ ਇਬਸਾ ਦੇ ਚੇਅਰ, ਰਾਸ਼ਟਰਪਤੀ ਲੂਲਾ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਅਤੇ ਰਾਸ਼ਟਰਪਤੀ ਰਾਮਾਫੋਸਾ ਨੂੰ ਮਹਿਮਾਨਨਿਵਾਜ਼ੀ ਅਤੇ ਸਤਿਕਾਰ ਲਈ ਧੰਨਵਾਦ ਕਰਦਾ ਹਾਂ।
ਇਬਸਾ ਸਿਰਫ਼ ਤਿੰਨ ਦੇਸ਼ਾਂ ਦਾ ਸਮੂਹ ਨਹੀਂ ਹੈ, ਇਹ ਤਿੰਨ ਮਹਾਦੀਪਾਂ ਨੂੰ ਜੋੜਨ ਵਾਲਾ, ਤਿੰਨ ਵੱਡੀਆਂ ਲੋਕ-ਤੰਤਰੀ ਤਾਕਤਾਂ, ਤਿੰਨ ਵੱਡੀਆਂ ਅਰਥ-ਵਿਵਸਥਾਵਾਂ ਦਾ ਅਹਿਮ ਮੰਚ ਹੈ। ਇਹ ਇੱਕ ਡੂੰਘਾ ਅਤੇ ਆਤਮਿਕ ਸਬੰਧ ਵੀ ਹੈ, ਜਿਸ ਵਿੱਚ ਵਖਰੇਵੇਂ ਵੀ ਹਨ, ਸਾਂਝੀਆਂ ਕਦਰਾਂ-ਕੀਮਤਾਂ, ਸਾਂਝੀਆਂ ਉਮੀਦਾਂ ਵੀ ਹਨ।
ਦੋਸਤੋ,
ਅੱਜ ਦੀ ਇਹ ਆਈਬੀਐੱਸਏ ਆਗੂਆਂ ਦੀ ਬੈਠਕ ਇਤਿਹਾਸਕ ਵੀ ਹੈ, ਵੇਲੇ ਸਿਰ ਵੀ ਹੈ। ਅਫ਼ਰੀਕਾ ਮਹਾਂਦੀਪ ’ਤੇ ਪਹਿਲਾ ਜੀ20 ਸੰਮੇਲਨ, ਗਲੋਬਲ ਸਾਊਥ ਦੇਸ਼ਾਂ ਦੀਆਂ ਚਾਰ ਲਗਾਤਾਰ ਜੀ20 ਪ੍ਰਧਾਨਗੀਆਂ ਦਾ ਆਖ਼ਰੀ ਹੈ। ਆਈਬੀਐੱਸਏ ਦੇ ਤਿੰਨ ਦੇਸ਼, ਪਿਛਲੇ ਤਿੰਨ ਸਾਲਾਂ ਵਿੱਚ ਇੱਕ ਤੋਂ ਬਾਅਦ ਇੱਕ ਜੀ20 ਪ੍ਰਧਾਨ ਰਹਿ ਚੁੱਕੇ ਹਨ। ਇਨ੍ਹਾਂ ਤਿੰਨ ਸੰਮੇਲਨਾਂ ਵਿੱਚ ਅਸੀਂ ਮਨੁੱਖ ਕੇਂਦ੍ਰਿਤ ਵਿਕਾਸ, ਬਹੁਪੱਖੀ ਸੁਧਾਰ ਅਤੇ ਟਿਕਾਊ ਵਿਕਾਸ ਜਿਹੀਆਂ ਸਾਂਝੀਆਂ ਤਰਜੀਹਾਂ ਵਿੱਚ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਪਹਿਲਕਦਮੀਆਂ ਨੂੰ ਅਸੀਂ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਈਏ। ਇਸਦੇ ਲਈ ਸਾਡੇ ਸਹਿਯੋਗ ਨੂੰ ਲੈ ਕੇ ਮੈਂ ਕੁਝ ਸੁਝਾਅ ਦੇਣਾ ਚਾਹਾਂਗਾ।
ਦੋਸਤੋ,
ਸਭ ਤੋਂ ਪਹਿਲਾਂ, ਅਸੀਂ ਤਿੰਨੇ ਦੇਸ਼ ਇਸ ਗੱਲ ’ਤੇ ਸਹਿਮਤ ਹਾਂ ਕਿ ਗਲੋਬਲ ਅਦਾਰੇ 21ਵੀਂ ਸਦੀ ਦੀਆਂ ਹਕੀਕਤਾਂ ਤੋਂ ਬਹੁਤ ਦੂਰ ਹਨ। ਯੂਐੱਨ ਸੁਰੱਖਿਆ ਕਾਊਂਸਲ ਵਿੱਚ ਸਾਡੇ ਵਿੱਚੋਂ ਕੋਈ ਵੀ ਦੇਸ਼ ਸਥਾਈ ਮੈਂਬਰ ਨਹੀਂ ਹੈ। ਇਸ ਨਾਲ ਸਪਸ਼ਟ ਹੈ ਕਿ ਗਲੋਬਲ ਅਦਾਰੇ ਅੱਜ ਦੀ ਦੁਨੀਆ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਲਈ ਇਬਸਾ ਨੂੰ ਇੱਕ ਸੁਰ ਵਿੱਚ ਪੂਰੇ ਸੰਸਾਰ ਨੂੰ ਸੁਨੇਹਾ ਦੇਣਾ ਚਾਹੀਦਾ ਹੈ ਕਿ ਅਦਾਰਿਆਂ ਵਿੱਚ ਸੁਧਾਰ ਹੁਣ ਵਿਕਲਪ ਨਹੀਂ, ਲਾਜ਼ਮੀ ਹੈ।
ਉਸੇ ਤਰ੍ਹਾਂ ਨਾਲ ਅੱਤਵਾਦ ਦੇ ਖ਼ਿਲਾਫ਼ ਲੜਾਈ ਵਿੱਚ ਵੀ ਸਾਨੂੰ ਕਰੀਬੀ ਤਾਲਮੇਲ ਨਾਲ ਅੱਗੇ ਵਧਣਾ ਹੋਵੇਗਾ। ਅਜਿਹੇ ਗੰਭੀਰ ਵਿਸ਼ੇ ’ਤੇ ਕਿਸੇ ਵੀ ਤਰ੍ਹਾਂ ਦੇ ਦੋਹਰੇ ਮਾਪਦੰਡ ਦੀ ਕੋਈ ਜਗ੍ਹਾ ਨਹੀਂ ਹੈ। ਸੰਸਾਰ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ, ਸਾਨੂੰ ਇਸ ਵਿਸ਼ੇ ’ਤੇ ਇਕਜੁੱਟ ਹੋ ਕੇ ਕਦਮ ਚੁੱਕਣੇ ਚਾਹੀਦੇ ਹਨ।
2021 ਵਿੱਚ ਭਾਰਤ ਦੀ ਇਬਸਾ ਪ੍ਰਧਾਨਗੀ ਵਿੱਚ ਤਿੰਨ ਦੇਸ਼ਾਂ ਦੇ ਐੱਨਐੱਸਏ ਦੀ ਪਹਿਲੀ ਬੈਠਕ ਕੀਤੀ ਗਈ। ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਅਸੀਂ ਇਸ ਨੂੰ ਸੰਸਥਾਗਤ ਰੂਪ ਦੇ ਸਕਦੇ ਹਾਂ।
ਦੋਸਤੋ,
ਮਨੁੱਖ ਕੇਂਦ੍ਰਿਤ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਟੈਕਨਾਲੋਜੀ ਦੀ ਅਹਿਮ ਭੂਮਿਕਾ ਹੈ। ਨਵੀਂਆਂ ਟੈਕਨਾਲੋਜੀਆਂ, ਖ਼ਾਸ ਤੌਰ ‘ਤੇ ਡੀਪੀਆਈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਵਿੱਚ, ਇਬਸਾ ਇੱਕ ਅਹਿਮ ਭੂਮਿਕਾ ਨਿਭਾ ਸਕਦਾ ਹੈ। ਅਸੀਂ ਇੱਕ “ਆਈਬੀਐੱਸਏ ਡਿਜੀਟਲ ਇਨੋਵੇਸ਼ਨ ਅਲਾਇੰਸ” ਸਥਾਪਿਤ ਕਰ ਸਕਦੇ ਹਾਂ, ਜਿਸ ਵਿੱਚ ਯੂਪੀਆਈ ਜਿਹੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਕੋਵਿਨ ਵਰਗੇ ਸਿਹਤ ਮੰਚ, ਸਾਈਬਰ ਸੁਰੱਖਿਆ ਢਾਂਚੇ ਅਤੇ ਮਹਿਲਾ ਦੀ ਅਗਵਾਈ ਹੇਠ ਤਕਨੀਕੀ ਪਹਿਲਕਦਮੀਆਂ ਨੂੰ ਤਿੰਨਾਂ ਦੇਸ਼ਾਂ ਦੇ ਵਿੱਚ ਸਾਂਝਾ ਕੀਤਾ ਜਾਵੇ। ਇਸ ਨਾਲ ਸਾਡੀਆਂ ਡਿਜੀਟਲ ਅਰਥ-ਵਿਵਸਥਾਵਾਂ ਤੇਜ਼ੀ ਨਾਲ ਅੱਗੇ ਵਧ ਸਕਣਗੀਆਂ ਅਤੇ ਗਲੋਬਲ ਸਾਊਥ ਲਈ ਵੱਡੇ ਪੈਮਾਨੇ ’ਤੇ ਹੱਲ ਤਿਆਰ ਹੋ ਸਕਣਗੇ। ਅਸੀਂ ਮਿਲ ਕੇ ਸੁਰੱਖਿਅਤ, ਭਰੋਸੇਯੋਗ ਅਤੇ ਮਨੁੱਖ-ਕੇਂਦ੍ਰਿਤ ਏਆਈ ਮਾਪਦੰਡਾਂ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਾਂ। ਅਗਲੇ ਸਾਲ ਭਾਰਤ ਵਿੱਚ ਹੋਣ ਜਾ ਰਹੀ ਏਆਈ ਇੰਪੈਕਟ ਸਮਿਟ ਵਿੱਚ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ।
ਦੋਸਤੋ,
ਸਸਟੇਨੇਬਲ ਗ੍ਰੋਥ ਲਈ, ਇਬਸਾ ਤਿੰਨਾਂ ਦੇਸ਼ਾਂ ਦੇ ਵਿਕਾਸ ਵਿੱਚ ਇੱਕ-ਦੂਜੇ ਦੇ ਪੂਰਕ ਹੀ ਨਹੀਂ, ਪੂਰੀ ਦੁਨੀਆ ਲਈ ਮਿਸਾਲ ਬਣ ਸਕਦਾ ਹੈ। ਮੋਟਾ ਅਨਾਜ ਹੋਵੇ ਜਾਂ ਕੁਦਰਤੀ ਖੇਤੀ, ਡਿਜਾਸਟਰ ਰਿਜ਼ਿਲੀਐਂਸ ਹੋਵੇ ਜਾਂ ਗ੍ਰੀਨ ਐਨਰਜੀ, ਰਿਵਾਇਤੀ ਦਵਾਈਆਂ ਹੋਣ ਜਾਂ ਸਿਹਤ ਸੁਰੱਖਿਆ, ਸਾਰੇ ਵਿਸ਼ਿਆਂ ਵਿੱਚ ਆਪਣੀਆਂ ਤਾਕਤਾਂ ਨੂੰ ਜੋੜ ਕੇ ਸੰਸਾਰ ਭਲਾਈ ਸਿੱਧ ਕਰ ਸਕਦੇ ਹਾਂ।
ਇਸ ਭਾਵਨਾ ਨਾਲ ਅਸੀਂ ਇਬਸਾ ਫੰਡ ਦੀ ਸਥਾਪਨਾ ਕੀਤੀ ਸੀ। ਇਸ ਦੀ ਮਦਦ ਨਾਲ ਅਸੀਂ ਹਾਲੇ ਤੱਕ 40 ਦੇਸ਼ਾਂ ਵਿੱਚ ਲਗਭਗ ਪੰਜਾਹ ਪ੍ਰੋਜੈਕਟ ਕੀਤੇ ਹਨ। ਸਿੱਖਿਆ, ਸਿਹਤ, ਮਹਿਲਾ ਸਸ਼ਕਤੀਕਰਨ, ਸੂਰਜੀ ਊਰਜਾ, ਜਿਹੇ ਖੇਤਰਾਂ ਵਿੱਚ ਕੀਤੇ ਗਏ ਪ੍ਰੋਜੈਕਟ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ’ਤੇ ਅਧਾਰਿਤ ਰਹੇ ਹਨ। ਇਸ ਭਾਵਨਾ ਨੂੰ ਹੋਰ ਸਮਰੱਥ ਬਣਾਉਣ ਲਈ, ਅਸੀਂ ਆਈਬੀਐੱਸਏ ਫੰਡ ਫਾਰ ਕਲਾਈਮੇਟ ਰਿਜ਼ਿਲੀਐਂਟ ਐਗਰੀਕਲਚਰ ਦੀ ਸਥਾਪਨਾ ਕਰ ਸਕਦੇ ਹਾਂ।
ਦੋਸਤੋ,
ਅੱਜ ਦੀ ਦੁਨੀਆ ਕਈ ਦਿਸ਼ਾਵਾਂ ਵਿੱਚ ਬਿਖਰੀ ਹੋਈ ਅਤੇ ਵੰਡੀ ਦਿਖਾਈ ਦਿੰਦੀ ਹੈ ਅਜਿਹੇ ਸਮੇਂ ਵਿੱਚ ਇਬਸਾ ਏਕਤਾ, ਸਹਿਯੋਗ ਅਤੇ ਮਨੁੱਖਤਾ ਦਾ ਸੁਨੇਹਾ ਦੇ ਸਕਦਾ ਹੈ। ਸਾਡੀ ਤਿੰਨੇ ਲੋਕਤੰਤਰ ਦੇਸ਼ਾਂ ਦੀ ਇਹ ਜ਼ਿੰਮੇਵਾਰੀ ਵੀ ਹੈ ਅਤੇ ਤਾਕਤ ਵੀ।
ਬਹੁਤ-ਬਹੁਤ ਧੰਨਵਾਦ।
DISCLAIMER: ਇਹ ਪ੍ਰਧਾਨ ਮੰਤਰੀ ਦੇ ਬਿਆਨ ਦਾ ਲਗਭਗ ਅਨੁਵਾਦ ਹੈ। ਮੂਲ ਬਿਆਨ ਹਿੰਦੀ ਵਿੱਚ ਦਿੱਤਾ ਗਿਆ ਸੀ।
***************
ਐੱਮਜੇਪੀਐੱਸ/ ਐੱਸਆਰ/ ਏਕੇ
(रिलीज़ आईडी: 2193445)
आगंतुक पटल : 21
इस विज्ञप्ति को इन भाषाओं में पढ़ें:
English
,
हिन्दी
,
Gujarati
,
Urdu
,
Marathi
,
Assamese
,
Bengali
,
Manipuri
,
Odia
,
Tamil
,
Telugu
,
Kannada
,
Malayalam