ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭੂਟਾਨ ਦੇ ਸਰਕਾਰੀ ਦੌਰੇ 'ਤੇ ਸੰਯੁਕਤ ਪ੍ਰੈੱਸ ਰਿਲੀਜ਼

Posted On: 12 NOV 2025 9:59AM by PIB Chandigarh

ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯੇਲ ਵਾਂਗਚੱਕ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11-12 ਨਵੰਬਰ, 2025 ਤੱਕ ਭੂਟਾਨ ਦਾ ਦੋ ਰੋਜ਼ਾ ਸਰਕਾਰੀ ਦੌਰਾ ਕੀਤਾ।
 

ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ 11 ਨਵੰਬਰ, 2025 ਨੂੰ ਚਾਂਗਲਿਮਥਾਂਗ ਵਿਖੇ ਮਹਾਮਹਿਮ ਚੌਥੇ ਡਰੁਕ ਗਿਆਲਪੋਸ ਦੇ 70ਵੇਂ ਜਨਮ ਦਿਨ ਮੌਕੇ ’ਤੇ ਭੂਟਾਨ ਦੇ ਲੋਕਾਂ ਨਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਥਿੰਫੂ ਵਿੱਚ ਚੱਲ ਰਹੇ ਗਲੋਬਲ ਸ਼ਾਂਤੀ ਪ੍ਰਾਰਥਨਾ ਉਤਸਵ ਵਿੱਚ ਵੀ ਹਿੱਸਾ ਲਿਆ। ਭੂਟਾਨ ਦੇ ਰਾਜਾ ਨੇ ਤਿਉਹਾਰ ਦੌਰਾਨ ਜਨਤਕ ਪੂਜਾ ਲਈ ਥਿੰਫੂ ਵਿੱਚ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਮੌਜੂਦਗੀ ਦੀ ਸ਼ਲਾਘਾ ਕੀਤੀ।
 

ਪ੍ਰਧਾਨ ਮੰਤਰੀ ਮੋਦੀ ਨੇ ਮਹਾਮਹਿਮ ਰਾਜਾ ਅਤੇ ਮਹਾਮਹਿਮ ਚੌਥੇ ਡਰੁਕ ਗਿਆਲਪੋਸ ਦੇ ਨਾਲ ਮੌਜੂਦ ਇਕੱਠ ਨਾਲ ਭੇਟ ਕਰਦੇ ਹੋਏ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਦਾਸ਼ੋ ਸ਼ੇਰਿੰਗ ਟੋਬਗੇ ਨਾਲ ਗੱਲਬਾਤ ਕੀਤੀ। ਦੋਵੇਂ ਆਗੂਆਂ ਦਰਮਿਆਨ ਹੋਈ ਚਰਚਾ ਵਿੱਚ ਦੁਵੱਲੇ ਸਹਿਯੋਗ ਦੇ ਪ੍ਰਮੁੱਖ ਖੇਤਰਾਂ ਅਤੇ ਆਪਸੀ ਹਿਤ ਦੇ ਖੇਤਰੀ ਅਤੇ ਵਿਸ਼ਵ-ਵਿਆਪੀ ਮੁੱਦਿਆਂ 'ਤੇ ਚਰਚਾ ਹੋਈ।

ਮਹਾਮਹਿਮ ਰਾਜਾ ਨੇ 10 ਨਵੰਬਰ ਨੂੰ ਦਿੱਲੀ ਵਿੱਚ ਹੋਏ ਧਮਾਕੇ ਵਿੱਚ ਕੀਮਤੀ ਜਾਨ-ਮਾਲ ਦੇ ਦੁਖਦਾਈ ਨੁਕਸਾਨ ‘ਤੇ ਭੂਟਾਨ ਦੀ ਸ਼ਾਹੀ ਸਰਕਾਰ ਅਤੇ ਜਨਤਾ ਵੱਲੋਂ ਦਿਲੋਂ ਸੰਵੇਦਨਾ ਪ੍ਰਗਟ ਕਰਦੇ ਹੋਏ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਭਾਰਤ ਨੇ ਭੂਟਾਨ ਦੇ ਸਮਰਥਨ ਅਤੇ ਏਕਤਾ ਦੇ ਸੰਦੇਸ਼ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ।
 

ਪ੍ਰਧਾਨ ਮੰਤਰੀ ਮੋਦੀ ਨੇ ਆਰਥਿਕ ਉਤਸ਼ਾਹ ਪ੍ਰੋਗਰਾਮ ਸਮੇਤ ਭੂਟਾਨ ਦੀ 13ਵੀਂ ਪੰਜ ਵਰ੍ਹਿਆਂ ਯੋਜਨਾ ਦੇ ਪ੍ਰਤੀ ਭਾਰਤ ਦੇ ਨਿਰੰਤਰ ਸਮਰਥਨ ਦੀ ਪੁਸ਼ਟੀ ਕੀਤੀ ਅਤੇ ਭੂਟਾਨ ਨੂੰ ਉਸ ਦੀਆਂ ਪ੍ਰਮੁੱਖ ਵਿਕਾਸ ਤਰਜੀਹਾਂ ਨੂੰ ਹਾਸਲ ਕਰਨ ਅਤੇ ਸਾਰੇ ਖੇਤਰਾਂ ਵਿੱਚ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਸਰਗਰਮੀ ਨਾਲ ਸਹਾਇਤਾ ਕਰਨ ਦੀ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਭੂਟਾਨੀ ਵਫ਼ਦ ਨੇ ਭੂਟਾਨ ਦੀ 13ਵੀਂ ਪੰਜ ਵਰ੍ਹਿਆਂ ਯੋਜਨਾ ਦੀ ਮਿਆਦ ਦੌਰਾਨ ਭੂਟਾਨ ਵਿੱਚ ਲਾਗੂ ਕੀਤੇ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਭਾਰਤ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਗੇਲੇਫੂ ਮਾਈਂਡਫੁਲਨੈੱਸ ਸਿਟੀ ਲਈ ਮਹਾਮਹਿਮ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਦਾ ਪੂਰਾ ਸਮਰਥਨ ਪ੍ਰਗਟ ਕੀਤਾ। ਉਨ੍ਹਾਂ ਨੇ ਗੇਲੇਫੂ ਵਿੱਚ ਨਿਵੇਸ਼ਕਾਂ ਅਤੇ ਸੈਲਾਨੀਆਂ ਦੀ ਸੁਚਾਰੂ ਆਵਾਜਾਈ ਲਈ ਅਸਾਮ ਦੇ ਹਟੀਸਾਰ ਵਿਖੇ ਇੱਕ ਇਮੀਗ੍ਰੇਸ਼ਨ ਚੈੱਕਪੁਆਇੰਟ ਸਥਾਪਤ ਕਰਨ ਦੇ ਫੈਸਲੇ ਦਾ ਐਲਾਨ ਕੀਤਾ। ਮਹਾਮਹਿਮ ਨੇ ਗਿਆਲਸੁੰਗ ਅਕੈਡਮੀਆਂ ਦੇ ਨਿਰਮਾਣ ਲਈ ਭਾਰਤ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ।


 

ਮਹਾਮਹਿਮ ਰਾਜਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ 11 ਨਵੰਬਰ, 2025 ਨੂੰ ਭਗਵਾਨ ਬੁੱਧ ਦੇ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਗਰਿਮਾਮਈ ਮੌਜੂਦਗੀ ਵਿੱਚ, 1020 ਮੈਗਾਵਾਟ ਦੇ ਪੁਨਾਤਸਾਂਗਛੂ-II ਪਣ-ਬਿਜਲੀ ਪ੍ਰੋਜੈਕਟ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ। ਇਹ ਪ੍ਰੋਜੈਕਟ ਪਣ-ਬਿਜਲੀ ਦੇ ਖੇਤਰ ਵਿੱਚ ਭੂਟਾਨ ਅਤੇ ਭਾਰਤ ਦਰਮਿਆਨ ਦੋਸਤੀ ਅਤੇ ਮਿਸਾਲੀ ਸਹਿਯੋਗ ਦਾ ਪ੍ਰਮਾਣ ਹੈ। ਉਨ੍ਹਾਂ ਨੇ ਪੁਨਾਤਸਾਂਗਛੂ-II ਤੋਂ ਭਾਰਤ ਨੂੰ ਬਿਜਲੀ ਦੇ ਨਿਰਯਾਤ ਦੀ ਸ਼ੁਰੂਆਤ ਦਾ ਸਵਾਗਤ ਕੀਤਾ। ਦੋਵਾਂ ਧਿਰਾਂ ਨੇ ਮਾਰਚ, 2024 ਦੇ ਊਰਜਾ ਭਾਈਵਾਲੀ 'ਤੇ ਸੰਯੁਕਤ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ 'ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ।
 

ਦੋਵਾਂ ਆਗੂਆਂ ਨੇ 1200 ਮੈਗਾਵਾਟ ਦੇ ਪੁਨਾਤਸਾਂਗਛੂ-1 ਪਣ-ਬਿਜਲੀ ਪ੍ਰੋਜੈਕਟ ਦੇ ਪ੍ਰਮੁੱਖ ਡੈਮ ਢਾਂਚੇ 'ਤੇ ਕੰਮ ਮੁੜ ਸ਼ੁਰੂ ਕਰਨ ਦੇ ਸਬੰਧ ਵਿੱਚ ਬਣੀ ਸਹਿਮਤੀ ਦਾ ਸਵਾਗਤ ਕੀਤਾ ਅਤੇ ਪ੍ਰੋਜੈਕਟ ਨੂੰ ਜਲਦੀ ਮੁਕੰਮਲ ਕਰਨ ਲਈ ਕੰਮ ਕਰਨ 'ਤੇ ਸਹਿਮਤੀ ਪ੍ਰਗਟਾਈ। ਪੁਨਾਤਸਾਂਗਛੂ-1 ਪਣ-ਬਿਜਲੀ ਪ੍ਰੋਜੈਕਟ ਦਾ ਕੰਮ ਪੂਰਾ ਹੋਣ ‘ਤੇ ਇਹ ਦੋਵਾਂ ਦੇਸ਼ਾਂ ਦੁਆਰਾ ਸਾਂਝੇ ਤੌਰ 'ਤੇ ਵਿਕਸਿਤ ਸਭ ਤੋਂ ਵੱਡਾ ਪ੍ਰੋਜੈਕਟ ਹੋਵੇਗਾ।

ਉਨ੍ਹਾਂ ਨੇ ਭੂਟਾਨ ਵਿੱਚ ਪਣ-ਬਿਜਲੀ ਪ੍ਰੋਜੈਕਟਾਂ ਵਿੱਚ ਭਾਰਤੀ ਕੰਪਨੀਆਂ ਦੀ ਸਰਗਰਮ ਭਾਗੀਦਾਰੀ ਦਾ ਸਵਾਗਤ ਕੀਤਾ। ਭੂਟਾਨੀ ਪੱਖ ਨੇ ਭੂਟਾਨ ਵਿੱਚ ਊਰਜਾ ਪ੍ਰੋਜੈਕਟਾਂ ਨੂੰ ਵਿੱਤ ਦੇਣ ਲਈ ਭਾਰਤ ਸਰਕਾਰ ਵੱਲੋਂ 40 ਬਿਲੀਅਨ ਰੁਪਏ ਦੀ ਰਿਆਇਤੀ ਲਾਈਨ ਆਫ਼ ਕ੍ਰੈਡਿਟ ਦੇ ਐਲਾਨ ਦੀ ਸ਼ਲਾਘਾ ਕੀਤੀ।

ਦੋਵਾਂ ਧਿਰਾਂ ਨੇ ਏਕੀਕ੍ਰਿਤ ਚੈੱਕ ਪੋਸਟਾਂ ਦੀ ਸਥਾਪਨਾ ਸਮੇਤ ਸਰਹੱਦ ਪਾਰ ਸੰਪਰਕ ਵਿੱਚ ਸੁਧਾਰ ਅਤੇ ਸਰਹੱਦੀ ਬੁਨਿਆਦੀ ਢਾਂਚੇ ਦੇ ਵਿਸਥਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਨਵੰਬਰ 2024 ਵਿੱਚ ਦਰੰਗਾ ਵਿਖੇ ਇਮੀਗ੍ਰੇਸ਼ਨ ਚੈੱਕ ਪੋਸਟ ਅਤੇ ਮਾਰਚ 2025 ਵਿੱਚ ਜੋਗੀਗੋਫਾ ਵਿੱਚ ਅੰਦਰੂਨੀ ਜਲ ਮਾਰਗ ਟਰਮੀਨਲ ਅਤੇ ਮਲਟੀਮੌਡਲ ਲੌਜਿਸਟਿਕਸ ਪਾਰਕ ਦੇ ਸੰਚਾਲਨ ਦਾ ਸਵਾਗਤ ਕੀਤਾ। ਦੋਵਾਂ ਧਿਰਾਂ ਨੇ ਸਤੰਬਰ, 2025 ਵਿੱਚ ਸਰਹੱਦ ਪਾਰ ਰੇਲ ਲਿੰਕ (ਗੇਲੇਫੂ-ਕੋਕਰਾਝਾਰ ਅਤੇ ਸਮਤਸੇ-ਬਨਾਰਹਾਟ) ਦੀ ਸਥਾਪਨਾ 'ਤੇ ਸਮਝੌਤਾ ਪੱਤਰ (ਐੱਮਓਯੂ) 'ਤੇ ਦਸਤਖਤ ਅਤੇ ਪ੍ਰੋਜੈਕਟ ਲਾਗੂ ਕਰਨ ਲਈ ਪ੍ਰੋਜੈਕਟ ਸਟੀਅਰਿੰਗ ਕਮੇਟੀ ਦੀ ਸਥਾਪਨਾ ਦਾ ਵੀ ਸਵਾਗਤ ਕੀਤਾ।

ਭੂਟਾਨੀ ਪੱਖ ਨੇ ਭੂਟਾਨ ਨੂੰ ਜ਼ਰੂਰੀ ਵਸਤੂਆਂ ਅਤੇ ਖਾਦਾਂ ਦੀ ਨਿਰਵਿਘਨ ਸਪਲਾਈ ਲਈ ਸੰਸਥਾਗਤ ਪ੍ਰਬੰਧ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਦੋਵਾਂ ਧਿਰਾਂ ਨੇ ਨਵੀਂ ਵਿਵਸਥਾ ਦੇ ਤਹਿਤ ਭਾਰਤ ਤੋਂ ਖਾਦਾਂ ਦੀ ਪਹਿਲੀ ਖੇਪ ਦੇ ਆਉਣ ਦਾ ਸਵਾਗਤ ਕੀਤਾ।

ਦੋਵਾਂ ਧਿਰਾਂ ਨੇ ਐੱਸਟੀਈਐੱਮ, ਫਿਨਟੇਕ ਅਤੇ ਸਪੇਸ ਦੇ ਨਵੇਂ ਖੇਤਰਾਂ ਵਿੱਚ ਵਧ ਰਹੇ ਸਹਿਯੋਗ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਯੂਪੀਆਈ ਦੇ ਦੂਜੇ ਪੜਾਅ 'ਤੇ ਚੱਲ ਰਹੇ ਕੰਮ ਦਾ ਸਵਾਗਤ ਕੀਤਾ, ਜੋ ਭਾਰਤ ਆਉਣ ਵਾਲੇ ਭੂਟਾਨੀ ਸੈਲਾਨੀਆਂ ਨੂੰ  ਕਿਊ.ਆਰ. ਕੋਡ ਸਕੈਨ ਕਰਕੇ ਸਥਾਨਕ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹੋਏ ਭੁਗਤਾਨ ਕਰਨ ਵਿੱਚ ਯੋਗ ਬਣਾਏਗਾ। ਉਨ੍ਹਾਂ ਨੇ ਸਪੇਸ ਸਹਿਯੋਗ 'ਤੇ ਸੰਯੁਕਤ ਕਾਰਜ ਯੋਜਨਾ ਦੇ ਲਾਗੂ ਕਰਨ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਦੋਵਾਂ ਧਿਰਾਂ ਨੇ ਭੂਟਾਨ ਵਿੱਚ ਐੱਸਟੀਈਐੱਮ ਸਿੱਖਿਆ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਵਧਾਉਣ ਵਿੱਚ ਭਾਰਤੀ ਅਧਿਆਪਕਾਂ ਅਤੇ ਨਰਸਾਂ ਦੇ ਵਡਮੁੱਲੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ।

ਦੋਵਾਂ ਆਗੂਆਂ ਨੇ ਰਾਜਗੀਰ ਵਿੱਚ ਰਾਇਲ ਭੂਟਾਨ ਮੰਦਿਰ ਦੇ ਅਭਿਸ਼ੇਕ ਅਤੇ ਭੂਟਾਨੀ ਮੰਦਿਰ ਅਤੇ ਗੈਸਟ ਹਾਊਸ ਦੇ ਨਿਰਮਾਣ ਲਈ ਵਾਰਾਣਸੀ ਵਿੱਚ ਜ਼ਮੀਨ ਦੇਣ ਦੇ ਭਾਰਤ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ।

ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਹੇਠਾਂ ਲਿਖੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ:

a. ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਸਹਿਯੋਗ 'ਤੇ ਊਰਜਾ ਅਤੇ ਕੁਦਰਤੀ ਸਰੋਤ ਮੰਤਰਾਲੇ, ਭੂਟਾਨ ਦੀ ਰਾਇਲ ਸਰਕਾਰ (ਆਰਜੀਓਬੀ) ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ, ਭਾਰਤ ਸਰਕਾਰ (ਜੀਓਆਈ) ਵਿਚਕਾਰ ਸਮਝੌਤਾ ਪੱਤਰ;

b. ਸਿਹਤ ਮੰਤਰਾਲੇ, ਆਰਜੀਓਬੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵਿਚਕਾਰ ਸਿਹਤ ਅਤੇ ਦਵਾਈ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ;

c. ਪੀਈਐੱਮਏ ਸਕੱਤਰੇਤ ਅਤੇ ਭਾਰਤ ਸਰਕਾਰ ਦੇ ਨੈਸ਼ਨਲ ਇੰਸਟੀਚਿਉਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸਜ਼ ਵਿਚਕਾਰ ਸੰਸਥਾਗਤ ਸਬੰਧ ਨਿਰਮਾਣ ’ਤੇ ਸਮਝੌਤਾ ਪੱਤਰ।

ਭੂਟਾਨ-ਭਾਰਤ ਭਾਈਵਾਲੀ ਹਰ ਪੱਧਰ 'ਤੇ ਮਜ਼ਬੂਤ ਵਿਸ਼ਵਾਸ, ਨਿੱਘੀ ਦੋਸਤੀ, ਆਪਸੀ ਸਨਮਾਨ ਅਤੇ ਸਮਝ 'ਤੇ ਅਧਾਰਿਤ ਹੈ ਅਤੇ ਲੋਕਾਂ ਵਿਚਕਾਰ ਦ੍ਰਿੜ੍ਹ ਸਬੰਧਾਂ ਦੇ ਨਾਲ-ਨਾਲ ਮਜ਼ਬੂਤ ਆਰਥਿਕ ਅਤੇ ਵਿਕਾਸਸ਼ੀਲ ਸਹਿਯੋਗ ਨਾਲ ਹੋਰ ਵੀ ਮਜ਼ਬੂਤ ਹੁੰਦਾ ਹੈ। ਇਸ ਦੌਰੇ ਨੇ ਦੋਵਾਂ ਦੇਸ਼ਾਂ ਵਿਚਕਾਰ ਨਿਯਮਿਤ ਉੱਚ-ਪੱਧਰੀ ਆਦਾਨ-ਪ੍ਰਦਾਨ ਦੀ ਪਰੰਪਰਾ ਦੀ ਪੁਸ਼ਟੀ ਕੀਤੀ ਅਤੇ ਦੋਵੇਂ ਧਿਰਾਂ ਭਵਿੱਖ ਵਿੱਚ ਇਸ ਨੂੰ ਜਾਰੀ ਰੱਖਣ ’ਤੇ ਸਹਿਮਤ ਹੋਈਆਂ।

************

ਐੱਮਜੇਪੀਐੱਸ/ਐੱਸਆਰ


(Release ID: 2189544) Visitor Counter : 3