ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ 8140 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਅੱਜ ਉੱਤਰਾਖੰਡ ਜਿਸ ਉਚਾਈ 'ਤੇ ਪਹੁੰਚਿਆ ਹੈ, ਉਸ ਨੂੰ ਦੇਖ ਕੇ ਇਸ ਖ਼ੂਬਸੂਰਤ ਸੂਬੇ ਦੇ ਨਿਰਮਾਣ ਲਈ ਸੰਘਰਸ਼ ਕਰਨ ਵਾਲੇ ਹਰ ਵਿਅਕਤੀ ਦਾ ਖ਼ੁਸ਼ ਹੋਣਾ ਸੁਭਾਵਿਕ ਹੈ: ਪ੍ਰਧਾਨ ਮੰਤਰੀ

ਇਹ ਸੱਚਮੁੱਚ ਉੱਤਰਾਖੰਡ ਦੇ ਉੱਤਮ ਅਤੇ ਤਰੱਕੀ ਦਾ ਨਿਰਨਾਇਕ ਯੁੱਗ ਹੈ: ਪ੍ਰਧਾਨ ਮੰਤਰੀ

ਦੇਵ-ਭੂਮੀ ਉੱਤਰਾਖੰਡ ਭਾਰਤ ਦੇ ਅਧਿਆਤਮਿਕ ਜੀਵਨ ਦੀ ਧੜਕਣ ਹੈ: ਪ੍ਰਧਾਨ ਮੰਤਰੀ

ਉੱਤਰਾਖੰਡ ਦੀ ਅਸਲ ਪਛਾਣ ਇਸ ਦੀ ਅਧਿਆਤਮਿਕ ਸ਼ਕਤੀ ਵਿੱਚ ਵੱਸਦੀ ਹੈ: ਪ੍ਰਧਾਨ ਮੰਤਰੀ

Posted On: 09 NOV 2025 2:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 8140 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ ਦੇਵ-ਭੂਮੀ ਉੱਤਰਾਖੰਡ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਦਾ ਸਵਾਗਤ ਕਰਦਿਆਂ ਸਨਮਾਨ ਅਤੇ ਸੇਵਾ ਦਾ ਸੰਦੇਸ਼ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ 9 ਨਵੰਬਰ ਲੰਬੇ ਅਤੇ ਸਮਰਪਿਤ ਸੰਘਰਸ਼ ਦਾ ਨਤੀਜਾ ਹੈ ਅਤੇ ਇਹ ਦਿਨ ਸਾਡੇ ਸਾਰਿਆਂ ਵਿੱਚ ਮਾਣ ਦੀ ਡੂੰਘੀ ਭਾਵਨਾ ਜਗਾਉਂਦਾ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ ਦੀ ਦੇਵਤਿਆਂ ਵਰਗੀ ਜਨਤਾ ਨੇ ਇੱਕ ਸੁਪਨਾ ਦੇਖਿਆ ਸੀ ਜੋ 25 ਸਾਲ ਪਹਿਲਾਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਦੀ ਅਗਵਾਈ ਹੇਠ ਪੂਰਾ ਹੋਇਆ। ਪਿਛਲੇ 25 ਸਾਲਾਂ ਦੀ ਯਾਤਰਾ 'ਤੇ ਵਿਚਾਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਉੱਤਰਾਖੰਡ ਜਿਸ ਉਚਾਈ 'ਤੇ ਪਹੁੰਚਿਆ ਹੈ, ਉਸ ਨੂੰ ਦੇਖ ਕੇ ਇਸ ਸੁੰਦਰ ਸੂਬੇ ਦੇ ਨਿਰਮਾਣ ਲਈ ਸੰਘਰਸ਼ ਕਰਨ ਵਾਲੇ ਹਰ ਵਿਅਕਤੀ ਦਾ ਖ਼ੁਸ਼ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਪਹਾੜਾਂ ਨਾਲ ਪਿਆਰ ਕਰਦੇ ਹਨ, ਉੱਤਰਾਖੰਡ ਦੀ ਸੰਸਕ੍ਰਿਤੀ, ਇਸ ਦੀ ਕੁਦਰਤੀ ਸੁੰਦਰਤਾ ਨੂੰ ਸੰਭਾਲਦੇ ਹਨ ਅਤੇ ਦੇਵ-ਭੂਮੀ ਦੇ ਲੋਕਾਂ ਨਾਲ ਸਨੇਹ ਰੱਖਦੇ ਹਨ, ਉਹ ਅੱਜ ਅਨੰਦ ਅਤੇ ਖ਼ੁਸ਼ੀ ਨਾਲ ਭਰ ਗਏ ਹਨ।

ਉੱਤਰਾਖੰਡ ਦੀ ਸਮਰੱਥਾ ਨੂੰ ਨਵੀਂਆਂ ਉਚਾਈਆਂ ਤੱਕ ਪਹੁੰਚਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਵਚਨਬੱਧਤਾ 'ਤੇ ਤਸੱਲੀ ਪ੍ਰਗਟਾਉਂਦਿਆਂ ਸ਼੍ਰੀ ਮੋਦੀ ਨੇ ਉੱਤਰਾਖੰਡ ਦੀ ਸਿਲਵਰ ਜੁਬਲੀ 'ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਸਮੇਂ ਦੇ ਸਾਰੇ ਅੰਦੋਲਨਕਾਰੀਆਂ ਨੂੰ ਨਮਨ ਕੀਤਾ।

ਉੱਤਰਾਖੰਡ ਨਾਲ ਆਪਣਾ ਡੂੰਘਾ ਭਾਵਨਾਤਮਕ ਜੁੜਾਅ ਸਾਂਝਾ ਕਰਦਿਆਂ ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਇਸ ਖੇਤਰ ਦੀਆਂ ਆਪਣੀਆਂ ਅਧਿਆਤਮਿਕ ਯਾਤਰਾਵਾਂ ਦੌਰਾਨ ਪਹਾੜਾਂ ਵਿੱਚ ਰਹਿਣ ਵਾਲੇ ਆਪਣੇ ਭਰਾਵਾਂ-ਭੈਣਾਂ ਦੇ ਸੰਘਰਸ਼, ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨੇ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉੱਤਰਾਖੰਡ ਵਿੱਚ ਬਿਤਾਏ ਦਿਨਾਂ ਨੇ ਉਨ੍ਹਾਂ ਨੂੰ ਸੂਬੇ ਦੀ ਬੇਅੰਤ ਸਮਰੱਥਾ ਦਾ ਸਿੱਧਾ ਤਜਰਬਾ ਕਰਵਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਦ੍ਰਿੜ੍ਹ ਵਿਸ਼ਵਾਸ ਸਦਕਾ ਉਨ੍ਹਾਂ ਨੇ ਬਾਬਾ ਕੇਦਾਰ ਦੇ ਦਰਸ਼ਨਾਂ ਤੋਂ ਬਾਅਦ ਐਲਾਨ ਕੀਤਾ ਕਿ ਇਹ ਦਹਾਕਾ ਉੱਤਰਾਖੰਡ ਦਾ ਹੈ। ਸੂਬੇ ਦੇ 25 ਸਾਲ ਪੂਰੇ ਹੋਣ 'ਤੇ ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਉੱਤਰਾਖੰਡ ਦੇ ਉਥਾਨ ਅਤੇ ਤਰੱਕੀ ਦਾ ਨਿਰਨਾਇਕ ਯੁੱਗ ਹੈ।

25 ਸਾਲ ਪਹਿਲਾਂ ਉੱਤਰਾਖੰਡ ਦੇ ਨਵੇਂ-ਗਠਨ ਵੇਲੇ ਦੀਆਂ ਚੁਣੌਤੀਆਂ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਾਧਨ ਸੀਮਤ ਸਨ, ਸੂਬੇ ਦਾ ਬਜਟ ਛੋਟਾ ਸੀ, ਆਮਦਨ ਦੇ ਸਰੋਤ ਘੱਟ ਸਨ ਅਤੇ ਜ਼ਿਆਦਾਤਰ ਲੋੜਾਂ ਕੇਂਦਰੀ ਸਹਾਇਤਾ ਨਾਲ ਪੂਰੀਆਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ। ਪ੍ਰੋਗਰਾਮ ਵਿੱਚ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਸਿਲਵਰ ਜੁਬਲੀ ਸਮਾਗਮ 'ਤੇ ਲਾਈ ਗਈ ਸ਼ਾਨਦਾਰ ਪ੍ਰਦਰਸ਼ਨੀ ਦਾ ਦੌਰਾ ਕੀਤਾ, ਜਿਸ ਵਿੱਚ ਪਿਛਲੇ 25 ਸਾਲਾਂ ਦੀ ਉੱਤਰਾਖੰਡ ਦੀ ਯਾਤਰਾ ਦੀਆਂ ਝਲਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ, ਸਿੱਖਿਆ, ਉਦਯੋਗ, ਸੈਰ-ਸਪਾਟਾ, ਸਿਹਤ, ਬਿਜਲੀ ਅਤੇ ਪੇਂਡੂ ਵਿਕਾਸ ਵਰਗੇ ਖੇਤਰਾਂ ਵਿੱਚ ਸਫ਼ਲਤਾ ਦੀਆਂ ਕਹਾਣੀਆਂ ਸੱਚਮੁੱਚ ਪ੍ਰੇਰਨਾਦਾਇਕ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਸਾਲ ਪਹਿਲਾਂ ਉੱਤਰਾਖੰਡ ਦਾ ਬਜਟ ਸਿਰਫ਼ 4,000 ਕਰੋੜ ਰੁਪਏ ਸੀ, ਜੋ ਹੁਣ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਸਮੇਂ ਦੌਰਾਨ ਸੂਬੇ ਵਿੱਚ ਬਿਜਲੀ ਉਤਪਾਦਨ ਚਾਰ ਗੁਣਾ ਵਧਿਆ ਹੈ ਅਤੇ ਸੜਕਾਂ ਦੀ ਲੰਬਾਈ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਛੇ ਮਹੀਨਿਆਂ ਵਿੱਚ ਸਿਰਫ਼ 4,000 ਹਵਾਈ ਯਾਤਰੀ ਇੱਥੇ ਆਉਂਦੇ ਸਨ, ਜਦਕਿ ਅੱਜ ਇੱਕ ਦਿਨ ਵਿੱਚ 4,000 ਤੋਂ ਵੱਧ ਯਾਤਰੀ ਹਵਾਈ ਯਾਤਰਾ ਕਰਦੇ ਹਨ।

ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 25 ਸਾਲਾਂ ਵਿੱਚ ਉੱਤਰਾਖੰਡ ਵਿੱਚ ਇੰਜੀਨੀਅਰਿੰਗ ਕਾਲਜਾਂ ਦੀ ਗਿਣਤੀ ਦਸ ਗੁਣਾ ਤੋਂ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਸਿਰਫ਼ ਇੱਕ ਮੈਡੀਕਲ ਕਾਲਜ ਸੀ, ਜਦੋਂ ਕਿ ਅੱਜ ਦਸ ਹਨ। ਉਨ੍ਹਾਂ ਕਿਹਾ ਕਿ 25 ਸਾਲ ਪਹਿਲਾਂ ਟੀਕਾਕਰਨ ਦਾ ਦਾਇਰਾ 25 ਫ਼ੀਸਦੀ ਤੋਂ ਵੀ ਘੱਟ ਸੀ, ਪਰ ਹੁਣ ਉੱਤਰਾਖੰਡ ਦਾ ਲਗਭਗ ਹਰ ਪਿੰਡ ਟੀਕਾਕਰਨ ਦੇ ਦਾਇਰੇ ਵਿੱਚ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਨੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਹੈ। ਉਨ੍ਹਾਂ ਨੇ ਵਿਕਾਸ ਦੀ ਇਸ ਯਾਤਰਾ ਨੂੰ ਜ਼ਿਕਰਯੋਗ ਦੱਸਿਆ ਅਤੇ ਇਸ ਬਦਲਾਅ ਦਾ ਸਿਹਰਾ ਸਮਾਵੇਸ਼ੀ ਵਿਕਾਸ ਦੀ ਨੀਤੀ ਅਤੇ ਉੱਤਰਾਖੰਡ ਦੇ ਹਰੇਕ ਨਾਗਰਿਕ ਦੇ ਸਮੂਹਿਕ ਸੰਕਲਪ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਪਹਾੜਾਂ ਦੀ ਖੜ੍ਹੀ ਚੜ੍ਹਾਈ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣਦੀ ਸੀ, ਪਰ ਹੁਣ ਨਵੇਂ ਰਾਹ ਖੁੱਲ੍ਹਣ ਲੱਗੇ ਹਨ।

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਨੌਜਵਾਨਾਂ ਅਤੇ ਉੱਦਮੀਆਂ ਨਾਲ ਆਪਣੀ ਪਿਛਲੀ ਗੱਲਬਾਤ ਬਾਰੇ ਚਰਚਾ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਨੂੰ ਲੈ ਕੇ ਸਾਰੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਅੱਜ ਉੱਤਰਾਖੰਡ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਗੜ੍ਹਵਾਲੀ ਵਿੱਚ ਇਸ ਤਰ੍ਹਾਂ ਪ੍ਰਗਟ ਕੀਤਾ ਜਾ ਸਕਦਾ ਹੈ। ‘2047 ਤੱਕ, ਜਦੋਂ ਭਾਰਤ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਜਾਵੇਗਾ, ਉਦੋਂ ਤੱਕ ਮੇਰਾ ਉੱਤਰਾਖੰਡ, ਮੇਰੀ ਦੇਵ-ਭੂਮੀ, ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੋਵੇਗੀ।’

ਉੱਤਰਾਖੰਡ ਦੀ ਵਿਕਾਸ ਯਾਤਰਾ ਨੂੰ ਗਤੀ ਦੇਣ ਲਈ ਅੱਜ ਕਈ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ। ਇਸ ਦਾ ਐਲਾਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਿੱਖਿਆ, ਸਿਹਤ, ਸੈਰ-ਸਪਾਟਾ ਅਤੇ ਖੇਡਾਂ ਨਾਲ ਜੁੜੀਆਂ ਇਹ ਯੋਜਨਾਵਾਂ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੀਆਂ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਮਰਾਨੀ ਅਤੇ ਸੋਂਗ ਬੰਨ੍ਹ ਯੋਜਨਾਵਾਂ ਦੇਹਰਾਦੂਨ ਅਤੇ ਹਲਦਵਾਨੀ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਇਨ੍ਹਾਂ ਯੋਜਨਾਵਾਂ 'ਤੇ 8,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਇਨ੍ਹਾਂ ਪਹਿਲਕਦਮੀਆਂ ਲਈ ਉੱਤਰਾਖੰਡ ਦੇ ਲੋਕਾਂ ਨੂੰ ਵਧਾਈ ਦਿੱਤੀ।

ਉੱਤਰਾਖੰਡ ਸਰਕਾਰ ਵੱਲੋਂ ਸੇਬ ਅਤੇ ਕੀਵੀ ਕਿਸਾਨਾਂ ਨੂੰ ਡਿਜੀਟਲ ਮੁਦਰਾ ਵਿੱਚ ਸਬਸਿਡੀ ਦੇਣ ਦੀ ਸ਼ੁਰੂਆਤ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਧੁਨਿਕ ਤਕਨਾਲੋਜੀ ਰਾਹੀਂ ਹੁਣ ਦਿੱਤੀ ਜਾ ਰਹੀ ਵਿੱਤੀ ਸਹਾਇਤਾ 'ਤੇ ਪੂਰੀ ਤਰ੍ਹਾਂ ਨਜ਼ਰ ਰੱਖਣਾ ਸੰਭਵ ਹੈ। ਪ੍ਰਧਾਨ ਮੰਤਰੀ ਨੇ ਇਸ ਪਹਿਲਕਦਮੀ ਵਿੱਚ ਸ਼ਾਮਲ ਸੂਬਾ ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਸਾਰੇ ਹਿੱਸੇਦਾਰਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਸ਼੍ਰੀ ਮੋਦੀ ਨੇ ਕਿਹਾ ਕਿ ਦੇਵ-ਭੂਮੀ ਉੱਤਰਾਖੰਡ ਭਾਰਤ ਦੇ ਅਧਿਆਤਮਿਕ ਜੀਵਨ ਦੀ ਧੜਕਣ ਹੈ। ਉਨ੍ਹਾਂ ਨੇ ਗੰਗੋਤਰੀ, ਯਮੁਨੋਤਰੀ, ਕੇਦਾਰਨਾਥ, ਬਦਰੀਨਾਥ, ਜਾਗੇਸ਼ਵਰ ਅਤੇ ਆਦਿ ਕੈਲਾਸ਼ ਨੂੰ ਸਾਡੀ ਆਸਥਾ ਦੇ ਪ੍ਰਤੀਕ ਪਵਿੱਤਰ ਤੀਰਥ ਸਥਾਨਾਂ ਵਜੋਂ ਸੂਚੀਬੱਧ ਕੀਤਾ। ਹਰ ਸਾਲ ਲੱਖਾਂ ਸ਼ਰਧਾਲੂ ਇਨ੍ਹਾਂ ਪਵਿੱਤਰ ਤੀਰਥ ਸਥਾਨਾਂ ਦੀ ਯਾਤਰਾ ਕਰਦੇ ਹਨ, ਇਹ ਨਾ ਸਿਰਫ਼ ਭਗਤੀ ਦਾ ਰਾਹ ਪੱਧਰਾ ਕਰਦੇ ਹਨ, ਸਗੋਂ ਉੱਤਰਾਖੰਡ ਦੀ ਅਰਥ-ਵਿਵਸਥਾ ਵਿੱਚ ਵੀ ਨਵੀਂ ਊਰਜਾ ਦਾ ਸੰਚਾਰ ਕਰਦੇ ਹਨ।

ਉੱਤਰਾਖੰਡ ਦੇ ਵਿਕਾਸ ਵਿੱਚ ਬਿਹਤਰ ਸੰਪਰਕ ਦੇ ਬੇਮਿਸਾਲ ਯੋਗਦਾਨ 'ਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸੂਬੇ ਵਿੱਚ ਮੌਜੂਦਾ ਸਮੇਂ 2 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਜਾਰੀ ਹਨ। ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਪਰਿਯੋਜਨਾ ਤਰੱਕੀ 'ਤੇ ਹੈ ਅਤੇ ਦਿੱਲੀ-ਦੇਹਰਾਦੂਨ ਐਕਸਪ੍ਰੈਸ-ਵੇਅ ਤਕਰੀਬਨ ਪੂਰਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਗੌਰੀਕੁੰਡ-ਕੇਦਾਰਨਾਥ ਅਤੇ ਗੋਵਿੰਦਘਾਟ-ਹੇਮਕੁੰਟ ਸਾਹਿਬ ਰੋਪ-ਵੇਅ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਇਹ ਯੋਜਨਾਵਾਂ ਉੱਤਰਾਖੰਡ ਵਿੱਚ ਵਿਕਾਸ ਨੂੰ ਗਤੀ ਦੇ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਨੇ ਪਿਛਲੇ 25 ਸਾਲਾਂ ਵਿੱਚ ਤਰੱਕੀ ਦੀ ਲੰਬੀ ਯਾਤਰਾ ਤੈਅ ਕੀਤੀ ਹੈ। ਉਨ੍ਹਾਂ ਪੁੱਛਿਆ ਕਿ ਅਗਲੇ 25 ਸਾਲਾਂ ਵਿੱਚ ਅਸੀਂ ਉੱਤਰਾਖੰਡ ਲਈ ਕਿਹੜੀਆਂ ਉਚਾਈਆਂ ਦਾ ਸੁਪਨਾ ਦੇਖਣਾ ਚਾਹੁੰਦੇ ਹਾਂ। ‘ਜਿੱਥੇ ਚਾਹ, ਉੱਥੇ ਰਾਹ’ ਕਹਾਵਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਅਸੀਂ ਆਪਣੇ ਟੀਚੇ ਜਾਣ ਲੈਂਦੇ ਹਾਂ, ਤਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਰੂਪ-ਰੇਖਾ ਤੇਜ਼ੀ ਨਾਲ ਸਾਹਮਣੇ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭਵਿੱਖ ਦੇ ਟੀਚਿਆਂ 'ਤੇ ਚਰਚਾ ਸ਼ੁਰੂ ਕਰਨ ਲਈ 9 ਨਵੰਬਰ ਤੋਂ ਬਿਹਤਰ ਕੋਈ ਦਿਨ ਨਹੀਂ ਹੋ ਸਕਦਾ।

ਉੱਤਰਾਖੰਡ ਦੀ ਅਸਲ ਪਛਾਣ ਇਸ ਦੀ ਅਧਿਆਤਮਿਕ ਸ਼ਕਤੀ ਵਿੱਚ ਵੱਸਦੀ ਹੈ, ਇਸ ਗੱਲ 'ਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਜੇ ਉੱਤਰਾਖੰਡ ਅਜਿਹਾ ਕਰਨ ਦਾ ਸੰਕਲਪ ਲਵੇ, ਤਾਂ ਆਉਣ ਵਾਲੇ ਸਾਲਾਂ ਵਿੱਚ ਉਹ ਖ਼ੁਦ ਨੂੰ ‘ਵਿਸ਼ਵ ਦੀ ਅਧਿਆਤਮਿਕ ਰਾਜਧਾਨੀ’ ਵਜੋਂ ਸਥਾਪਿਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੰਦਰਾਂ, ਆਸ਼ਰਮਾਂ ਅਤੇ ਧਿਆਨ ਅਤੇ ਯੋਗ ਕੇਂਦਰਾਂ ਨੂੰ ਵਿਸ਼ਵ-ਵਿਆਪੀ ਨੈੱਟਵਰਕ ਨਾਲ ਜੋੜਿਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼-ਵਿਦੇਸ਼ ਤੋਂ ਲੋਕ ਸਿਹਤ ਲਈ ਉੱਤਰਾਖੰਡ ਆਉਂਦੇ ਹਨ ਅਤੇ ਇੱਥੋਂ ਦੀਆਂ ਜੜ੍ਹੀਆਂ-ਬੂਟੀਆਂ ਅਤੇ ਆਯੁਰਵੈਦਿਕ ਦਵਾਈਆਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪਿਛਲੇ 25 ਸਾਲਾਂ ਵਿੱਚ ਉੱਤਰਾਖੰਡ ਨੇ ਖ਼ੁਸ਼ਬੂਦਾਰ ਪੌਦਿਆਂ, ਆਯੁਰਵੈਦਿਕ ਜੜ੍ਹੀਆਂ-ਬੂਟੀਆਂ, ਯੋਗ ਅਤੇ ਸਿਹਤ ਸੈਰ-ਸਪਾਟੇ ਦੇ ਖੇਤਰ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਹੈ। ਉਨ੍ਹਾਂ ਨੇ ਪ੍ਰਸਤਾਵ ਰੱਖਿਆ ਕਿ ਉੱਤਰਾਖੰਡ ਦੇ ਹਰ ਵਿਧਾਨ ਸਭਾ ਖੇਤਰ ਵਿੱਚ ਯੋਗ ਕੇਂਦਰ, ਆਯੁਰਵੇਦ ਕੇਂਦਰ ਅਤੇ ਕੁਦਰਤੀ ਚਿਕਿਤਸਾ ਸੰਸਥਾਵਾਂ ਦਾ ਇੱਕ ਸੰਪੂਰਨ ਪੈਕੇਜ ਹੋਣਾ ਚਾਹੀਦਾ ਹੈ ਅਤੇ ਇਹ ਵਿਦੇਸ਼ੀ ਸੈਲਾਨੀਆਂ ਨੂੰ ਆਪਣੇ ਵੱਲ ਖਿੱਚੇਗਾ।

ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਭਾਰਤ ਸਰਕਾਰ ਸਰਹੱਦੀ ਖੇਤਰਾਂ ਵਿੱਚ ਜੀਵਤ ਪਿੰਡ ਪ੍ਰੋਗਰਾਮ 'ਤੇ ਬਹੁਤ ਜ਼ੋਰ ਦੇ ਰਹੀ ਹੈ, ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਹਰ ਜੀਵਤ ਪਿੰਡ ਨੂੰ ਇੱਕ ਛੋਟਾ ਸੈਰ-ਸਪਾਟਾ ਕੇਂਦਰ ਬਣਾਉਣ ਦਾ ਆਪਣਾ ਨਜ਼ਰੀਆ ਸਾਂਝਾ ਕੀਤਾ, ਜਿੱਥੇ ਹੋਮਸਟੇਅ, ਸਥਾਨਕ ਪਕਵਾਨਾਂ ਅਤੇ ਸੰਸਕ੍ਰਿਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਉਹ ਕਲਪਨਾ ਕਰਨ ਕਿ ਸੈਲਾਨੀਆਂ ਨੂੰ ਘਰ ਵਰਗਾ ਮਾਹੌਲ ਮਿਲਦਾ ਹੈ ਅਤੇ ਉਹ ਡੁਬਕੀ, ਚੁੜਕਾਨੀ, ਰੋਟ-ਅਰਸਾ, ਰਸ-ਭਾਤ ਅਤੇ ਝੰਗੋਰੇ ਦੀ ਖੀਰ ਵਰਗੇ ਰਵਾਇਤੀ ਪਕਵਾਨਾਂ ਦਾ ਸੁਆਦ ਲੈਂਦਿਆਂ ਕਿੰਨਾ ਆਨੰਦਿਤ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਅਨੰਦ ਉਨ੍ਹਾਂ ਨੂੰ ਵਾਰ-ਵਾਰ ਉੱਤਰਾਖੰਡ ਵਾਪਸ ਲਿਆਵੇਗਾ।

ਉੱਤਰਾਖੰਡ ਦੀਆਂ ਲੁਕੀਆਂ ਸੰਭਾਵਨਾਵਾਂ ਸਾਹਮਣੇ ਲਿਆਉਣ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਲਾ, ਫੂਲਦੇਈ ਅਤੇ ਭਿਟੌਲੀ ਵਰਗੇ ਤਿਉਹਾਰ, ਇਨ੍ਹਾਂ ਵਿੱਚ ਹਿੱਸਾ ਲੈਣ ਵਾਲੇ ਸੈਲਾਨੀਆਂ 'ਤੇ ਇੱਕ ਅਮਿੱਟ ਛਾਪ ਛੱਡਦੇ ਹਨ। ਉਨ੍ਹਾਂ ਨੇ ਨੰਦਾ ਦੇਵੀ ਮੇਲਾ, ਜੌਲਜੀਵੀ ਮੇਲਾ, ਬਾਗੇਸ਼ਵਰ ਦਾ ਉੱਤਰਾਯਣੀ ਮੇਲਾ, ਦੇਵੀਧੁਰਾ ਮੇਲਾ, ਸ਼੍ਰਾਵਣੀ ਮੇਲਾ ਅਤੇ ਮੱਖਣ ਮਹੋਤਸਵ ਵਰਗੇ ਸਥਾਨਕ ਮੇਲਿਆਂ ਦੀ ਜੀਵੰਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਤਰਾਖੰਡ ਦੀ ਆਤਮਾ ਇਨ੍ਹਾਂ ਉਤਸਵਾਂ ਵਿੱਚ ਵੱਸਦੀ ਹੈ। ਇਨ੍ਹਾਂ ਸਥਾਨਕ ਤਿਉਹਾਰਾਂ ਅਤੇ ਪਰੰਪਰਾਵਾਂ ਨੂੰ ਵਿਸ਼ਵ ਦੇ ਨਕਸ਼ੇ 'ਤੇ ਲਿਆਉਣ ਲਈ ਉਨ੍ਹਾਂ ਨੇ ‘ਇੱਕ ਜ਼ਿਲ੍ਹਾ, ਇੱਕ ਮਹੋਤਸਵ’ ਵਰਗੇ ਅਭਿਆਨ ਦਾ ਪ੍ਰਸਤਾਵ ਰੱਖਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੇ ਸਾਰੇ ਪਹਾੜੀ ਜ਼ਿਲ੍ਹਿਆਂ ਵਿੱਚ ਫਲ਼ਾਂ ਦੀ ਖੇਤੀ ਦੀਆਂ ਬੇਅੰਤ ਸੰਭਾਵਨਾਵਾਂ ਹਨ ਅਤੇ ਇਨ੍ਹਾਂ ਨੂੰ ਬਾਗ਼ਬਾਨੀ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਬਲੂਬੇਰੀ, ਕੀਵੀ, ਹਰਬਲ ਅਤੇ ਦਵਾਈਆਂ ਵਾਲੇ ਪੌਦਿਆਂ ਨੂੰ ਖੇਤੀ ਦਾ ਭਵਿੱਖ ਦੱਸਿਆ। ਉਨ੍ਹਾਂ ਨੇ ਖੁਰਾਕ ਪ੍ਰੋਸੈਸਿੰਗ, ਦਸਤਕਾਰੀ ਅਤੇ ਜੈਵਿਕ ਉਤਪਾਦਾਂ ਵਰਗੇ ਖੇਤਰਾਂ ਵਿੱਚ ਐੱਮਐੱਸਐੱਮਈਜ਼ ਨੂੰ ਨਵੇਂ ਸਿਰੇ ਤੋਂ ਸਸ਼ਕਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਵਿੱਚ ਹਮੇਸ਼ਾ ਤੋਂ ਸਾਲ ਭਰ ਸੈਰ-ਸਪਾਟੇ ਦੀ ਸੰਭਾਵਨਾ ਰਹੀ ਹੈ। ਬਿਹਤਰ ਸੰਪਰਕ ਦੇ ਨਾਲ ਉਨ੍ਹਾਂ ਨੇ ਪਹਿਲਾਂ ਵੀ ਸਾਰੇ ਮੌਸਮਾਂ ਵਿੱਚ ਸੈਰ-ਸਪਾਟੇ ਵੱਲ ਵਧਣ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟਾਈ ਕਿ ਉੱਤਰਾਖੰਡ ਹੁਣ ਸਰਦੀਆਂ ਦੇ ਸੈਰ-ਸਪਾਟੇ ਨੂੰ ਇੱਕ ਨਵਾਂ ਪਹਿਲੂ ਦੇ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਨਵੀਨਤਮ ਜਾਣਕਾਰੀ ਉਤਸ਼ਾਹਜਨਕ ਹੈ, ਕਿਉਂਕਿ ਸਰਦੀਆਂ ਦੌਰਾਨ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਨ੍ਹਾਂ ਨੇ ਪਿਥੌਰਾਗੜ੍ਹ ਵਿੱਚ 14,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਇੱਕ ਉੱਚ-ਉਚਾਈ ਵਾਲੇ ਮੈਰਾਥਨ ਦੀ ਸਫ਼ਲਤਾ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਆਦਿ ਕੈਲਾਸ਼ ਪਰਿਕਰਮਾ ਰਾਸ਼ਟਰ ਲਈ ਪ੍ਰੇਰਨਾ ਦਾ ਸਰੋਤ ਬਣ ਗਈ ਹੈ। ਤਿੰਨ ਸਾਲ ਪਹਿਲਾਂ ਆਦਿ ਕੈਲਾਸ਼ ਯਾਤਰਾ ਵਿੱਚ 2,000 ਤੋਂ ਵੀ ਘੱਟ ਤੀਰਥ ਯਾਤਰੀ ਸ਼ਾਮਲ ਹੁੰਦੇ ਸਨ, ਅੱਜ ਇਹ ਗਿਣਤੀ 30,000 ਤੋਂ ਵੱਧ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕੇਦਾਰਨਾਥ ਮੰਦਰ ਦੇ ਕਿਵਾੜ ਇਸ ਮੌਸਮ ਲਈ ਬੰਦ ਹੋਏ ਸਨ ਅਤੇ ਇਸ ਸਾਲ ਲਗਭਗ 17 ਲੱਖ ਸ਼ਰਧਾਲੂ ਕੇਦਾਰਨਾਥ ਧਾਮ ਵਿੱਚ ਦਰਸ਼ਨਾਂ ਲਈ ਆਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੀਰਥ-ਯਾਤਰਾ ਅਤੇ ਸਾਲ ਭਰ ਚੱਲਣ ਵਾਲਾ ਸੈਰ-ਸਪਾਟਾ ਉੱਤਰਾਖੰਡ ਦੀ ਸ਼ਕਤੀ ਹੈ ਜੋ ਇਸ ਨੂੰ ਵਿਕਾਸ ਦੀਆਂ ਨਵੀਂਆਂ ਉਚਾਈਆਂ 'ਤੇ ਲੈ ਕੇ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਈਕੋ-ਟੂਰਿਜ਼ਮ ਅਤੇ ਸਾਹਸੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਭਾਰਤ ਦੇ ਨੌਜਵਾਨਾਂ ਨੂੰ ਖਿੱਚਣ ਕਰਨ ਲਈ ਬਿਹਤਰੀਨ ਮੌਕੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਹੁਣ ਇੱਕ ਫ਼ਿਲਮ ਡੈਸਟੀਨੇਸ਼ਨ ਵਜੋਂ ਉੱਭਰ ਰਿਹਾ ਹੈ ਅਤੇ ਸੂਬੇ ਦੀ ਨਵੀਂ ਫ਼ਿਲਮ ਨੀਤੀ ਨੇ ਸ਼ੂਟਿੰਗ ਨੂੰ ਹੋਰ ਵੀ ਸੌਖਾ  ਬਣਾ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉੱਤਰਾਖੰਡ ਇੱਕ ‘ਵੈਡਿੰਗ ਡੈਸਟੀਨੇਸ਼ਨ’ ਵਜੋਂ ਵੀ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ‘ਵੈੱਡ ਇਨ ਇੰਡੀਆ’ ਪਹਿਲਕਦਮੀ ਲਈ ਉਨ੍ਹਾਂ ਕਿਹਾ ਕਿ ਉੱਤਰਾਖੰਡ ਨੂੰ ਵਿਆਪਕ ਪੱਧਰ 'ਤੇ ਸਹੂਲਤਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ ਅਤੇ ਇਸ ਉਦੇਸ਼ ਲਈ 5 ਤੋਂ 7 ਪ੍ਰਮੁੱਖ ਸਥਾਨਾਂ ਦੀ ਪਛਾਣ ਅਤੇ ਵਿਕਾਸ ਦਾ ਸੁਝਾਅ ਦਿੱਤਾ।

ਸ਼੍ਰੀ ਮੋਦੀ ਨੇ ਆਤਮ-ਨਿਰਭਰ ਭਾਰਤ ਲਈ ਰਾਸ਼ਟਰ ਦਾ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਆਤਮ-ਨਿਰਭਰਤਾ ਦਾ ਰਾਹ ‘ਵੋਕਲ ਫਾਰ ਲੋਕਲ’ ਤੋਂ ਹੋ ਕੇ ਗੁਜ਼ਰਦਾ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ ਨੇ ਹਮੇਸ਼ਾ ਇਸ ਦ੍ਰਿਸ਼ਟੀਕੋਣ ਨੂੰ ਅਪਣਾਇਆ ਹੈ, ਸਥਾਨਕ ਉਤਪਾਦਾਂ ਪ੍ਰਤੀ ਗਹਿਰਾ ਲਗਾਅ, ਉਨ੍ਹਾਂ ਦੀ ਵਰਤੋਂ ਅਤੇ ਰੋਜ਼ਾਨਾ ਜੀਵਨ ਵਿੱਚ ਉਨ੍ਹਾਂ ਦਾ ਸ਼ਮੂਲੀਅਤ ਇਸ ਦੀ ਪਰੰਪਰਾ ਦਾ ਅਨਿੱਖੜਵਾਂ ਅੰਗ ਰਿਹਾ ਹੈ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟਾਈ ਕਿ ਉੱਤਰਾਖੰਡ ਸਰਕਾਰ ਨੇ ‘ਵੋਕਲ ਫਾਰ ਲੋਕਲ’ ਅਭਿਆਨ ਨੂੰ ਗਤੀ ਦਿੱਤੀ ਹੈ, ਜਿਸ ਦੇ ਨਤੀਜੇ ਵਜੋਂ ਸੂਬੇ ਦੇ 15 ਖੇਤੀਬਾੜੀ ਉਤਪਾਦਾਂ ਨੂੰ ਜੀਆਈ ਟੈਗ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਬੇਡੂ ਫਲ਼ ਅਤੇ ਬਦਰੀ ਗਾਂ ਦੇ ਘਿਓ ਨੂੰ ਹਾਲ ਹੀ ਵਿੱਚ ਜੀਆਈ ਟੈਗ ਮਿਲਣ ਨੂੰ ਮਾਣ ਦੀ ਗੱਲ ਦੱਸਿਆ। ਉਨ੍ਹਾਂ ਨੇ ਬਦਰੀ ਗਾਂ ਦੇ ਘਿਓ ਨੂੰ ਹਰ ਪਹਾੜੀ ਘਰ ਦਾ ਮਾਣ ਦੱਸਿਆ ਅਤੇ ਕਿਹਾ ਕਿ ਬੇਡੂ ਹੁਣ ਪਿੰਡਾਂ ਤੋਂ ਅੱਗੇ ਦੇ ਬਾਜ਼ਾਰਾਂ ਤੱਕ ਪਹੁੰਚ ਰਿਹਾ ਹੈ। ਇਸ ਤੋਂ ਬਣੇ ਉਤਪਾਦ ਹੁਣ ਜੀਆਈ ਟੈਗ ਨਾਲ ਆਉਣਗੇ ਅਤੇ ਉਹ ਜਿੱਥੇ ਵੀ ਜਾਣਗੇ, ਉੱਤਰਾਖੰਡ ਦੀ ਪਛਾਣ ਲੈ ਕੇ ਜਾਣਗੇ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਜੀਆਈ ਟੈਗ ਵਾਲੇ ਉਤਪਾਦਾਂ ਨੂੰ ਦੇਸ਼ ਭਰ ਦੇ ਘਰਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖ਼ੁਸ਼ੀ ਪ੍ਰਗਟਾਈ ਕਿ ‘ਹਿਮਾਲਿਆ ਦਾ ਘਰ’ ਇੱਕ ਅਜਿਹੇ ਬ੍ਰਾਂਡ ਵਜੋਂ ਉੱਭਰ ਰਿਹਾ ਹੈ ਜੋ ਉੱਤਰਾਖੰਡ ਦੀ ਸਥਾਨਕ ਪਛਾਣ ਨੂੰ ਇੱਕ ਮੰਚ 'ਤੇ ਇਕਜੁੱਟ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਬ੍ਰਾਂਡ ਅਧੀਨ ਸੂਬੇ ਦੇ ਵੱਖ-ਵੱਖ ਉਤਪਾਦਾਂ ਨੂੰ ਇੱਕ ਸਮੂਹਿਕ ਪਛਾਣ ਦਿੱਤੀ ਗਈ ਹੈ ਤਾਂ ਜੋ ਉਹ ਵਿਸ਼ਵ-ਵਿਆਪੀ ਬਾਜ਼ਾਰਾਂ ਵਿੱਚ ਮੁਕਾਬਲਾ ਕਰ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਉਤਪਾਦ ਹੁਣ ਡਿਜੀਟਲ ਪਲੇਟਫਾਰਮਾਂ 'ਤੇ ਮੁਹੱਈਆ ਹਨ, ਜਿਸ ਨਾਲ ਗਾਹਕਾਂ ਤੱਕ ਸਿੱਧੀ ਪਹੁੰਚ ਯਕੀਨੀ ਹੋ ਰਹੀ ਹੈ ਅਤੇ ਕਿਸਾਨਾਂ, ਕਾਰੀਗਰਾਂ ਅਤੇ ਛੋਟੇ ਉੱਦਮੀਆਂ ਲਈ ਨਵੇਂ ਬਾਜ਼ਾਰ ਖੁੱਲ੍ਹ ਰਹੇ ਹਨ। ਸ਼੍ਰੀ ਮੋਦੀ ਨੇ ਬ੍ਰਾਂਡਿੰਗ ਕੋਸ਼ਿਸ਼ਾਂ ਵਿੱਚ ਨਵੀਂ ਊਰਜਾ ਲਿਆਉਣ ਦੀ ਅਪੀਲ ਕੀਤੀ ਅਤੇ ਇਨ੍ਹਾਂ ਬ੍ਰਾਂਡਡ ਉਤਪਾਦਾਂ ਦੀ ਵੰਡ ਪ੍ਰਣਾਲੀ ਵਿੱਚ ਨਿਰੰਤਰ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ।

ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਉੱਤਰਾਖੰਡ ਦੀ ਵਿਕਾਸ ਯਾਤਰਾ ਵਿੱਚ ਕਈ ਰੁਕਾਵਟਾਂ ਆਈਆਂ ਹਨ, ਪਰ ਉਨ੍ਹਾਂ ਦੀ ਮਜ਼ਬੂਤ ਸਰਕਾਰ ਨੇ ਇਨ੍ਹਾਂ ਚੁਣੌਤੀਆਂ 'ਤੇ ਲਗਾਤਾਰ ਜਿੱਤ ਹਾਸਲ ਕੀਤੀ ਹੈ ਅਤੇ ਵਿਕਾਸ ਦੀ ਰਫ਼ਤਾਰ ਨੂੰ ਨਿਰਵਿਘਨ ਬਣਾਈ ਰੱਖਿਆ ਹੈ। ਉਨ੍ਹਾਂ ਨੇ 'ਸਮਾਨ ਨਾਗਰਿਕ ਸੰਹਿਤਾ' ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸ਼੍ਰੀ ਪੁਸ਼ਕਰ ਸਿੰਘ ਧਾਮੀ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਦੂਜੇ ਰਾਜਾਂ ਲਈ ਇੱਕ ਮਿਸਾਲ ਦੱਸਿਆ। ਉਨ੍ਹਾਂ ਨੇ ਧਰਮ-ਤਬਦੀਲੀ ਵਿਰੋਧੀ ਕਾਨੂੰਨ ਅਤੇ ਦੰਗਾ-ਰੋਕੂ ਕਾਨੂੰਨ ਵਰਗੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਸੂਬਾ ਸਰਕਾਰ ਦੀਆਂ ਦਲੇਰਾਨਾ ਨੀਤੀਆਂ ਨੂੰ ਸਰਾਹਿਆ। ਪ੍ਰਧਾਨ ਮੰਤਰੀ ਨੇ ਜ਼ਮੀਨਾਂ 'ਤੇ ਤੇਜ਼ੀ ਨਾਲ ਹੋ ਰਹੇ ਨਾਜਾਇਜ਼ ਕਬਜ਼ਿਆਂ ਅਤੇ ਜਨਸੰਖਿਅਕ ਤਬਦੀਲੀ ਵਰਗੇ ਸੰਵੇਦਨਸ਼ੀਲ ਮਸਲਿਆਂ 'ਤੇ ਸਰਕਾਰ ਵੱਲੋਂ ਚੁੱਕੇ ਗਏ ਠੋਸ ਕਦਮਾਂ ਦਾ ਵੀ ਜ਼ਿਕਰ ਕੀਤਾ। ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਉਨ੍ਹਾਂ ਨੇ ਉੱਤਰਾਖੰਡ ਸਰਕਾਰ ਦੀ ਤੇਜ਼ ਅਤੇ ਸੰਵੇਦਨਸ਼ੀਲ ਕਾਰਵਾਈ ਅਤੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੀਆਂ ਉਸ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਪੂਰਾ ਭਰੋਸਾ ਪ੍ਰਗਟਾਇਆ ਕਿ ਉੱਤਰਾਖੰਡ ਜਦੋਂ ਆਪਣੀ ਸਥਾਪਨਾ ਦੀ ਸਿਲਵਰ ਜੁਬਲੀ ਮਨਾਏਗਾ, ਤਾਂ ਆਉਣ ਵਾਲੇ ਸਾਲਾਂ ਵਿੱਚ ਤਰੱਕੀ ਦੀਆਂ ਨਵੀਂਆਂ ਬੁਲੰਦੀਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਉੱਤਰਾਖੰਡ ਆਪਣੇ ਸਭਿਆਚਾਰ ਅਤੇ ਪਛਾਣ ਨੂੰ ਮਾਣ ਨਾਲ ਅੱਗੇ ਵਧਾਉਂਦਾ ਰਹੇਗਾ। ਸ਼੍ਰੀ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ 25 ਸਾਲਾਂ ਲਈ ਉੱਤਰਾਖੰਡ ਬਾਰੇ ਆਪਣਾ ਨਜ਼ਰੀਆ ਤੈਅ ਕਰਨ ਅਤੇ ਪੱਕੇ ਵਿਸ਼ਵਾਸ ਨਾਲ ਵਿਕਾਸ ਦੇ ਮਾਰਗ 'ਤੇ ਅੱਗੇ ਵਧਣ। ਇਸ ਮੌਕੇ ਉੱਤਰਾਖੰਡ ਦੇ ਸਾਰੇ ਵਾਸੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਉੱਤਰਾਖੰਡ ਸਰਕਾਰ ਨਾਲ ਪੂਰੀ ਦ੍ਰਿੜ੍ਹਤਾ ਨਾਲ ਖੜ੍ਹੀ ਹੈ ਅਤੇ ਹਰ ਕਦਮ 'ਤੇ ਉਸ ਦਾ ਸਮਰਥਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਸੂਬੇ ਦੇ ਹਰ ਪਰਿਵਾਰ ਅਤੇ ਨਾਗਰਿਕ ਦੇ ਸੁਖੀ ਜੀਵਨ, ਖ਼ੁਸ਼ਹਾਲੀ ਅਤੇ ਸੁਨਹਿਰੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਪ੍ਰੋਗਰਾਮ ਵਿੱਚ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ, ਕੇਂਦਰੀ ਮੰਤਰੀ ਸ਼੍ਰੀ ਅਜੈ ਟਮਟਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਪਿਛੋਕੜ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਸੂਬੇ ਦੀ ਸਥਾਪਨਾ ਦੀ ਸਿਲਵਰ ਜੁਬਲੀ ਮੌਕੇ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਅਤੇ ਹਾਜ਼ਰ ਇਕੱਠ ਨੂੰ ਸੰਬੋਧਨ ਕੀਤਾ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 8140 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ 930 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ 7210 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਸ਼ਾਮਲ ਹੈ। ਇਹ ਪ੍ਰਾਜੈਕਟ ਪੀਣ ਵਾਲੇ ਪਾਣੀ, ਸਿੰਚਾਈ, ਤਕਨੀਕੀ ਸਿੱਖਿਆ, ਊਰਜਾ, ਸ਼ਹਿਰੀ ਵਿਕਾਸ, ਖੇਡਾਂ ਅਤੇ ਕੌਸ਼ਲ ਵਿਕਾਸ ਸਮੇਤ ਕਈ ਮੁੱਖ ਖੇਤਰਾਂ ਨਾਲ ਸਬੰਧਤ ਹਨ।

ਪ੍ਰਧਾਨ ਮੰਤਰੀ ਨੇ 'ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ' ਤਹਿਤ 28,000 ਤੋਂ ਵੱਧ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿੱਚ 62 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਜਾਰੀ ਕੀਤੀ।

ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤੀਆਂ ਗਈਆਂ ਯੋਜਨਾਵਾਂ ਵਿੱਚ ਅੰਮ੍ਰਿਤ ਯੋਜਨਾ ਤਹਿਤ 23 ਖੇਤਰਾਂ ਲਈ ਦੇਹਰਾਦੂਨ ਜਲ ਸਪਲਾਈ ਦਾ ਵਿਸਥਾਰ, ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਬਿਜਲੀ ਸਬ-ਸਟੇਸ਼ਨ, ਸਰਕਾਰੀ ਇਮਾਰਤਾਂ 'ਤੇ ਸੂਰਜੀ ਊਰਜਾ ਪਲਾਂਟ ਅਤੇ ਨੈਨੀਤਾਲ ਦੇ ਹਲਦਵਾਨੀ ਸਟੇਡੀਅਮ ਵਿੱਚ ਐਸਟ੍ਰੋਟਰਫ ਹਾਕੀ ਦਾ ਮੈਦਾਨ ਆਦਿ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਜਲ-ਖੇਤਰ ਨਾਲ ਜੁੜੀਆਂ ਦੋ ਪ੍ਰਮੁੱਖ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ- ਸੋਂਗ ਬੰਨ੍ਹ ਪੀਣ ਵਾਲੇ ਪਾਣੀ ਦੀ ਯੋਜਨਾ, ਜੋ ਦੇਹਰਾਦੂਨ ਨੂੰ 150 ਐੱਮਐੱਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਪੀਣ ਵਾਲਾ ਪਾਣੀ ਮੁਹੱਈਆ ਕਰਵਾਏਗੀ ਅਤੇ ਨੈਨੀਤਾਲ ਵਿੱਚ ਜਮਰਾਨੀ ਬੰਨ੍ਹ ਬਹੁ-ਉਦੇਸ਼ੀ ਯੋਜਨਾ, ਜੋ ਪੀਣ ਵਾਲਾ ਪਾਣੀ ਮੁਹੱਈਆ ਕਰਵਾਏਗੀ, ਸਿੰਚਾਈ ਅਤੇ ਬਿਜਲੀ ਉਤਪਾਦਨ ਵਿੱਚ ਸਹਾਇਕ ਹੋਵੇਗੀ। ਜਿਨ੍ਹਾਂ ਹੋਰ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਬਿਜਲੀ ਸਬ-ਸਟੇਸ਼ਨ, ਚੰਪਾਵਤ ਵਿੱਚ ਮਹਿਲਾ ਖੇਡ ਮਹਾਂਵਿਦਿਆਲਾ ਦੀ ਸਥਾਪਨਾ, ਨੈਨੀਤਾਲ ਵਿੱਚ ਅਤਿ-ਆਧੁਨਿਕ ਡੇਅਰੀ ਪਲਾਂਟ ਆਦਿ ਸ਼ਾਮਲ ਹਨ।

 

************

ਐੱਮਜੇਪੀਐੱਸ/ਐੱਸਆਰ


(Release ID: 2188438) Visitor Counter : 8