ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀਆਂ ਚੈਂਪੀਅਨਾਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਟੀਮ ਨੂੰ ਟਰਾਫ਼ੀ ਜਿੱਤਣ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰਕੇ ਦੂਜਿਆਂ ਨੂੰ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ, ਹਰੇਕ ਖਿਡਾਰੀ ਨੂੰ ਇੱਕ ਸਾਲ ਵਿੱਚ ਤਿੰਨ ਸਕੂਲਾਂ ਦਾ ਦੌਰਾ ਕਰਨ ਲਈ ਆਖਿਆ
ਪ੍ਰਧਾਨ ਮੰਤਰੀ ਨੇ ਮੋਟਾਪੇ ਨਾਲ ਨਜਿੱਠਣ ਲਈ ਫਿੱਟ ਇੰਡੀਆ ਮੁਹਿੰਮ 'ਤੇ ਜ਼ੋਰ ਦਿੱਤਾ, ਖਿਡਾਰੀਆਂ ਨੂੰ ਸਾਰਿਆਂ ਦੇ, ਖ਼ਾਸਕਰ ਦੇਸ਼ ਦੀਆਂ ਧੀਆਂ ਦੇ ਫ਼ਾਇਦੇ ਲਈ ਇਸ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ
Posted On:
06 NOV 2025 1:28PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿਖੇ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀਆਂ ਜੇਤੂ ਖਿਡਾਰਨਾਂ ਨਾਲ ਗੱਲਬਾਤ ਕੀਤੀ। ਭਾਰਤੀ ਟੀਮ ਨੇ ਐਤਵਾਰ 2 ਨਵੰਬਰ, 2025 ਨੂੰ ਫਾਈਨਲ ਵਿੱਚ ਦੱਖਣੀ ਅਫਰੀਕਾ ਵਿਰੁੱਧ ਜਿੱਤ ਹਾਸਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਇੱਕ ਬਹੁਤ ਮਹੱਤਵਪੂਰਨ ਦਿਨ ਹੈ, ਕਿਉਂਕਿ ਇਹ ਦੇਵ ਦੀਵਾਲੀ ਅਤੇ ਗੁਰਪੁਰਬ ਦੋਵਾਂ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਨੇ ਮੌਜੂਦ ਸਾਰਿਆਂ ਨੂੰ ਆਪਣੇ ਵੱਲੋਂ ਵਧਾਈਆਂ ਵੀ ਦਿੱਤੀਆਂ।
ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਟੀਮ ਦੇ ਕੋਚ ਸ੍ਰੀ ਅਮੋਲ ਮਜੂਮਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਣਾ ਇੱਕ ਮਾਣ-ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਖਿਡਾਰੀਆਂ ਦੀ ਸਖ਼ਤ ਮਿਹਨਤ ਨੂੰ ਦੇਸ਼ ਦੀਆਂ ਧੀਆਂ ਦੀ ਅਗਵਾਈ ਵਾਲੀ ਮੁਹਿੰਮ ਵਜੋਂ ਉਜਾਗਰ ਕੀਤਾ ਅਤੇ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਦੇ ਅਸਧਾਰਨ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੁੜੀਆਂ ਨੇ ਹਰ ਅਭਿਆਸ ਸੈਸ਼ਨ ਨੂੰ ਸ਼ਾਨਦਾਰ ਤੀਬਰਤਾ ਅਤੇ ਊਰਜਾ ਨਾਲ ਖੇਡਿਆ ਅਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸਖ਼ਤ ਮਿਹਨਤ ਦਾ ਫਲ ਮਿਲਿਆ ਹੈ।
ਕਪਤਾਨ ਹਰਮਨਪ੍ਰੀਤ ਕੌਰ ਨੇ 2017 ਵਿੱਚ ਬਿਨਾਂ ਟਰਾਫ਼ੀ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਸਮੇਂ ਨੂੰ ਯਾਦ ਕੀਤਾ ਅਤੇ ਹੁਣ ਉਸ ਟਰਾਫ਼ੀ ਨੂੰ ਲਿਆਉਣ ਲਈ ਵਿੱਚ ਵੱਡਾ ਸਨਮਾਨ ਪ੍ਰਗਟ ਕੀਤਾ, ਜਿਸ ਲਈ ਉਨ੍ਹਾਂ ਨੇ ਸਾਲਾਂ ਤੋਂ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਖ਼ੁਸ਼ੀ ਨੂੰ ਦੁੱਗਣਾ ਕਰ ਦਿੱਤਾ ਹੈ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਮੰਤਵ ਭਵਿੱਖ ਵਿੱਚ ਉਨ੍ਹਾਂ ਨੂੰ ਮਿਲਦੇ ਰਹਿਣ ਅਤੇ ਉਨ੍ਹਾਂ ਨਾਲ ਟੀਮ ਦੀਆਂ ਫੋਟੋਆਂ ਖਿੱਚਣ ਨੂੰ ਜਾਰੀ ਰੱਖਣਾ ਹੈ।
ਸ੍ਰੀ ਮੋਦੀ ਨੇ ਉਨ੍ਹਾਂ ਦੀ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੱਚਮੁੱਚ ਕੁਝ ਵੱਡਾ ਹਾਸਲ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਕ੍ਰਿਕਟ ਸਿਰਫ਼ ਇੱਕ ਖੇਡ ਨਹੀਂ ਹੈ, ਸਗੋਂ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਈ ਹੈ। ਉਨ੍ਹਾਂ ਨੇ ਦੇਖਿਆ ਕਿ ਜਦੋਂ ਕ੍ਰਿਕਟ ਵਧੀਆ ਹੁੰਦੀ ਹੈ ਤਾਂ ਦੇਸ਼ ਉਤਸ਼ਾਹਿਤ ਮਹਿਸੂਸ ਕਰਦਾ ਹੈ ਅਤੇ ਇੱਕ ਛੋਟਾ ਜਿਹਾ ਝਟਕਾ ਵੀ ਪੂਰੇ ਦੇਸ਼ ਨੂੰ ਹਿਲਾ ਦਿੰਦਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ ਟੀਮ ਨੂੰ ਕਿਵੇਂ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ।
ਹਰਮਨਪ੍ਰੀਤ ਕੌਰ ਨੇ ਦੁਹਰਾਇਆ ਕਿ 2017 ਵਿੱਚ ਉਹ ਫਾਈਨਲ ਹਾਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲੇ ਸਨ, ਪਰ ਉਨ੍ਹਾਂ ਨੇ ਅਗਲੇ ਮੌਕੇ 'ਤੇ ਆਪਣਾ ਸਰਬੋਤਮ ਪ੍ਰਦਰਸ਼ਨ ਦੇਣ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਅੰਤ ਵਿੱਚ ਟਰਾਫ਼ੀ ਜਿੱਤਣ ਅਤੇ ਪ੍ਰਧਾਨ ਮੰਤਰੀ ਨਾਲ ਮੁੜ ਗੱਲ ਕਰਨ ਦਾ ਮੌਕਾ ਮਿਲਣ 'ਤੇ ਖ਼ੁਸ਼ੀ ਪ੍ਰਗਟ ਕੀਤੀ।
ਪ੍ਰਧਾਨ ਮੰਤਰੀ ਨੇ ਸਮ੍ਰਿਤੀ ਮੰਧਾਨਾ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ। ਸਮ੍ਰਿਤੀ ਮੰਧਾਨਾ ਨੇ ਯਾਦ ਕੀਤਾ ਕਿ 2017 ਵਿੱਚ ਟੀਮ ਟਰਾਫ਼ੀ ਲੈ ਕੇ ਨਹੀਂ ਆਈ ਸੀ, ਪਰ ਪ੍ਰਧਾਨ ਮੰਤਰੀ ਨੂੰ ਉਮੀਦਾਂ ਨਾਲ ਨਜਿੱਠਣ ਬਾਰੇ ਇੱਕ ਸਵਾਲ ਪੁੱਛਿਆ ਸੀ। ਉਨ੍ਹਾਂ ਕਿਹਾ ਕਿ ਉਸ ਗੱਲ ਦਾ ਜਵਾਬ ਉਨ੍ਹਾਂ ਦੇ ਨਾਲ ਰਿਹਾ ਅਤੇ ਅਗਲੇ ਛੇ ਤੋਂ ਸੱਤ ਸਾਲਾਂ ਵਿੱਚ ਕਈ ਵਿਸ਼ਵ ਕੱਪ ਦੀਆਂ ਹਾਰਾਂ ਦੇ ਬਾਵਜੂਦ ਟੀਮ ਦੀ ਬਹੁਤ ਮਦਦ ਕੀਤੀ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਖੁਸ਼ਕਿਸਮਤੀ ਵਾਂਗ ਮਹਿਸੂਸ ਹੋਇਆ ਕਿ ਭਾਰਤ ਆਪਣੇ ਪਹਿਲੇ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਮੇਸ਼ਾ ਇੱਕ ਪ੍ਰੇਰਨਾ ਰਹੇ ਹਨ, ਖ਼ਾਸਕਰ ਜਿਸ ਤਰ੍ਹਾਂ ਹੁਣ ਔਰਤਾਂ ਹਰ ਖੇਤਰ ਵਿੱਚ ਦਿਖਾਈ ਦੇ ਰਹੀਆਂ ਹਨ - ਇਸਰੋ ਦੀਆਂ ਲਾਂਚਜ਼ ਤੋਂ ਲੈ ਕੇ ਹੋਰ ਰਾਸ਼ਟਰੀ ਪ੍ਰਾਪਤੀਆਂ ਤੱਕ – ਜਿਸ ਨੂੰ ਉਨ੍ਹਾਂ ਨੇ ਔਰਤਾਂ ਲਈ ਪ੍ਰੇਰਨਾਦਾਇਕ ਅਤੇ ਮਜ਼ਬੂਤ ਬਣਾਉਣ ਵਾਲਾ ਦੱਸਿਆ ਤਾਂ ਕਿ ਉਹ ਬਿਹਤਰ ਪ੍ਰਦਰਸ਼ਨ ਕਰ ਸਕਣ ਅਤੇ ਦੂਜੀਆਂ ਕੁੜੀਆਂ ਨੂੰ ਪ੍ਰੇਰਿਤ ਕਰਨ। ਸ੍ਰੀ ਮੋਦੀ ਨੇ ਜਵਾਬ ਦਿੱਤਾ ਕਿ ਪੂਰਾ ਦੇਸ਼ ਦੇਖ ਰਿਹਾ ਹੈ ਅਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਉਹ ਸੱਚਮੁੱਚ ਉਨ੍ਹਾਂ ਦੇ ਅਹਿਸਾਸ ਸੁਣਨਾ ਚਾਹੁੰਦੇ ਹਨ। ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਮੁਹਿੰਮ ਦਾ ਸਭ ਤੋਂ ਵਧੀਆ ਹਿੱਸਾ ਇਹ ਸੀ ਕਿ ਹਰ ਖਿਡਾਰੀ ਘਰ ਜਾ ਕੇ ਆਪਣੀ ਕਹਾਣੀ ਸਾਂਝੀ ਕਰ ਸਕਦਾ ਹੈ, ਕਿਉਂਕਿ ਕਿਸੇ ਦਾ ਯੋਗਦਾਨ ਘੱਟ ਨਹੀਂ। ਉਨ੍ਹਾਂ ਦੁਹਰਾਇਆ ਕਿ ਉਮੀਦਾਂ ਨੂੰ ਸੰਭਾਲਣ ਬਾਰੇ ਪ੍ਰਧਾਨ ਮੰਤਰੀ ਦੀ ਪਹਿਲਾਂ ਦੀ ਸਲਾਹ ਹਮੇਸ਼ਾ ਉਨ੍ਹਾਂ ਦੇ ਦਿਮਾਗ਼ ਵਿੱਚ ਰਹੀ ਹੈ ਅਤੇ ਉਨ੍ਹਾਂ ਦਾ ਸ਼ਾਂਤ ਅਤੇ ਸੰਜਮ ਵਾਲਾ ਵਿਵਹਾਰ ਆਪਣੇ ਆਪ ਵਿੱਚ ਪ੍ਰੇਰਨਾ ਦਾ ਸਰੋਤ ਸੀ।
ਜੇਮੀਮਾ ਰੌਡਰਿਗਜ਼ ਨੇ ਟੀਮ ਦੇ ਸਫ਼ਰ 'ਤੇ ਵਿਚਾਰ ਕਰਦੇ ਹੋਏ ਕਿਹਾ ਕਿ ਜਦਕਿ ਉਨ੍ਹਾਂ ਦੀ ਤਿੰਨ ਮੈਚਾਂ ਵਿੱਚ ਹਾਰ ਹੋਈ ਹੈ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇੱਕ ਟੀਮ ਇਸ ਗੱਲ ਤੋਂ ਪਰਿਭਾਸ਼ਤ ਨਹੀਂ ਹੁੰਦੀ ਕਿ ਉਹ ਕਿੰਨੀ ਵਾਰ ਜਿੱਤਦੀ ਹੈ, ਸਗੋਂ ਇਸ ਗੱਲ ਤੋਂ ਹੁੰਦੀ ਹੈ ਕਿ ਇਹ ਡਿੱਗਣ ਤੋਂ ਬਾਅਦ ਕਿਵੇਂ ਉੱਠਦੀ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਇਸ ਟੀਮ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਇਸੇ ਕਰਕੇ ਇਹ ਇੱਕ ਚੈਂਪੀਅਨ ਟੀਮ ਹੈ। ਉਨ੍ਹਾਂ ਟੀਮ ਦੇ ਅੰਦਰ ਏਕਤਾ ਨੂੰ ਹੋਰ ਉਜਾਗਰ ਕੀਤਾ ਅਤੇ ਇਸ ਨੂੰ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਦੱਸਿਆ। ਉਨ੍ਹਾਂ ਨੇ ਸਾਂਝਾ ਕੀਤਾ ਕਿ ਜਦੋਂ ਵੀ ਕੋਈ ਖਿਡਾਰੀ ਵਧੀਆ ਪ੍ਰਦਰਸ਼ਨ ਕਰਦਾ ਹੈ ਤਾਂ ਹਰ ਕੋਈ ਇਸ ਤਰ੍ਹਾਂ ਜਸ਼ਨ ਮਨਾਉਂਦਾ ਹੈ ਜਿਵੇਂ ਉਸਨੇ ਖ਼ੁਦ ਦੌੜਾਂ ਬਣਾਈਆਂ ਹੋਣ ਜਾਂ ਵਿਕਟਾਂ ਲਈਆਂ ਹੋਣ। ਇਸੇ ਤਰ੍ਹਾਂ, ਜਦੋਂ ਵੀ ਕੋਈ ਨਿਰਾਸ਼ ਹੁੰਦਾ ਸੀ ਤਾਂ ਹਮੇਸ਼ਾ ਕੋਈ ਨਾ ਕੋਈ ਸਾਥੀ ਉਸਦੇ ਮੋਢੇ 'ਤੇ ਹੱਥ ਰੱਖ ਕੇ ਕਹਿੰਦਾ ਸੀ, "ਚਿੰਤਾ ਨਾ ਕਰੋ, ਤੁਸੀਂ ਅਗਲੇ ਮੈਚ ਵਿੱਚ ਜ਼ਰੂਰ ਚੰਗਾ ਕਰੋਗੇ।" ਉਨ੍ਹਾਂ ਅੱਗੇ ਕਿਹਾ ਕਿ ਸਾਥ ਅਤੇ ਏਕਤਾ ਦੀ ਇਹ ਭਾਵਨਾ ਸੱਚਮੁੱਚ ਟੀਮ ਨੂੰ ਪਰਿਭਾਸ਼ਿਤ ਕਰਦੀ ਹੈ।
ਸਨੇਹ ਰਾਣਾ ਨੇ ਜੇਮੀਮਾ ਰੌਡਰਿਗਜ਼ ਨਾਲ ਹਾਮੀ ਭਰੀ, ਇਹ ਕਹਿੰਦੇ ਹੋਏ ਕਿ ਜਦਕਿ ਸਫਲਤਾ ਦੇ ਪਲਾਂ ਵਿੱਚ ਹਰ ਕੋਈ ਨਾਲ ਖੜ੍ਹਾ ਹੁੰਦਾ ਹੈ, ਹਾਰ ਦੇ ਸਮੇਂ ਇੱਕ ਦੂਜੇ ਦਾ ਸਾਥ ਦੇਣਾ ਹੋਰ ਵੀ ਮਹੱਤਵਪੂਰਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਟੀਮ ਅਤੇ ਇੱਕ ਇਕਾਈ ਦੇ ਰੂਪ ਵਿੱਚ, ਉਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਭਾਵੇਂ ਕੁਝ ਵੀ ਹੋਵੇ, ਉਹ ਕਦੇ ਵੀ ਇੱਕ ਦੂਜੇ ਦਾ ਸਾਥ ਨਹੀਂ ਛੱਡਣਗੀਆਂ ਅਤੇ ਹਮੇਸ਼ਾ ਇੱਕ ਦੂਜੇ ਨੂੰ ਉੱਚਾ ਚੁੱਕਣਗੀਆਂ। ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਉਨ੍ਹਾਂ ਦੀ ਟੀਮ ਦਾ ਸਭ ਤੋਂ ਵਧੀਆ ਗੁਣ ਸੀ।
ਕ੍ਰਾਂਤੀ ਗੌੜ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਹਮੇਸ਼ਾ ਸਾਰਿਆਂ ਨੂੰ ਮੁਸਕਰਾਉਂਦੇ ਰਹਿਣ ਲਈ ਉਤਸ਼ਾਹਿਤ ਕਰਦੀ ਸੀ। ਉਨ੍ਹਾਂ ਸਾਂਝਾ ਕੀਤਾ ਕਿ ਜੇਕਰ ਕੋਈ ਥੋੜ੍ਹਾ ਜਿਹਾ ਵੀ ਘਬਰਾਇਆ ਹੋਇਆ ਦਿਖਾਈ ਦਿੰਦਾ ਹੈ, ਤਾਂ ਟੀਮ ਦਾ ਤਰੀਕਾ ਮੁਸਕਰਾਉਂਦੇ ਰਹਿਣ ਦਾ ਸੀ ਤਾਂ ਜੋ ਇੱਕ ਦੂਜੇ ਨੂੰ ਮੁਸਕਰਾਉਂਦੇ ਦੇਖ ਕੇ ਸਾਰਿਆਂ ਨੂੰ ਖ਼ੁਸ਼ ਅਤੇ ਆਤਮ-ਵਿਸ਼ਵਾਸੀ ਰਹਿਣ ਵਿੱਚ ਮਦਦ ਮਿਲੇ।
ਹਰਲੀਨ ਕੌਰ ਦਿਓਲ ਨੇ ਸਾਂਝਾ ਕੀਤਾ ਕਿ ਉਹ ਮੰਨਦੀ ਹੈ ਕਿ ਹਰ ਟੀਮ ਵਿੱਚ ਕੋਈ ਨਾ ਕੋਈ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ, ਜੋ ਮਾਹੌਲ ਨੂੰ ਹਲਕਾ-ਫੁਲਕਾ ਰੱਖੇ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਕਿਸੇ ਨੂੰ ਇਕੱਲਾ ਬੈਠਾ ਦੇਖਦੀ ਹੈ ਜਾਂ ਮਹਿਸੂਸ ਕਰਦੀ ਹੈ ਕਿ ਉਸਦੇ ਕੋਲ ਕੁਝ ਖਾਲੀ ਸਮਾਂ ਹੈ ਤਾਂ ਉਹ ਛੋਟੇ-ਛੋਟੇ ਢੰਗਾਂ ਨਾਲ ਦੂਜਿਆਂ ਨਾਲ ਜੁੜਨ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਸਦੇ ਆਲੇ-ਦੁਆਲੇ ਦੇ ਲੋਕ ਖ਼ੁਸ਼ ਹੁੰਦੇ ਹਨ ਤਾਂ ਉਸ ਨੂੰ ਖ਼ੁਸ਼ੀ ਮਿਲਦੀ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੁੱਛਿਆ ਕਿ ਕੀ ਟੀਮ ਨੇ ਪਹੁੰਚਣ ਤੋਂ ਬਾਅਦ ਕੁਝ ਕੀਤਾ ਸੀ। ਹਰਲੀਨ ਕੌਰ ਦਿਓਲ ਨੇ ਮਜ਼ਾਕ ਵਿੱਚ ਕਿਹਾ ਕਿ ਦੂਜਿਆਂ ਨੇ ਉਸ ਨੂੰ ਬਹੁਤ ਜ਼ਿਆਦਾ ਰੌਲਾ ਪਾਉਣ ਤੋਂ ਟੋਕਿਆ ਸੀ ਅਤੇ ਉਸ ਨੂੰ ਚੁੱਪ ਰਹਿਣ ਲਈ ਆਖਿਆ ਸੀ। ਉਨ੍ਹਾਂ ਫਿਰ ਪ੍ਰਧਾਨ ਮੰਤਰੀ ਨੂੰ ਆਪਣੀ ਚਮੜੀ ਦੀ ਦੇਖਭਾਲ ਦੀ ਰੋਜ਼ਾਨਾ ਰੁਟੀਨ ਬਾਰੇ ਪੁੱਛਦੇ ਹੋਏ ਕਿਹਾ ਕਿ ਇਹ ਬਹੁਤ ਚਮਕਦੀ ਹੈ। ਪ੍ਰਧਾਨ ਮੰਤਰੀ ਨੇ ਨਿਮਰਤਾ ਨਾਲ ਜਵਾਬ ਦਿੱਤਾ, ਕਿਹਾ ਕਿ ਇਸ ਵਿਸ਼ੇ 'ਤੇ ਬਹੁਤ ਧਿਆਨ ਨਹੀਂ ਦਿੱਤਾ। ਇੱਕ ਖਿਡਾਰੀ ਨੇ ਟਿੱਪਣੀ ਕੀਤੀ ਕਿ ਇਹ ਕਰੋੜਾਂ ਭਾਰਤੀਆਂ ਦਾ ਪਿਆਰ ਹੈ, ਜੋ ਉਨ੍ਹਾਂ ਨੂੰ ਚਮਕਾਉਂਦਾ ਹੈ। ਪ੍ਰਧਾਨ ਮੰਤਰੀ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਮਾਜ ਤੋਂ ਅਜਿਹਾ ਪਿਆਰ ਸੱਚਮੁੱਚ ਇੱਕ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਰਕਾਰ ਵਿੱਚ 25 ਸਾਲ ਪੂਰੇ ਕਰ ਲਏ ਹਨ, ਜਿਸ ਵਿੱਚ ਸਰਕਾਰ ਦਾ ਮੁਖੀ ਹੋਣਾ ਵੀ ਸ਼ਾਮਲ ਹੈ ਅਤੇ ਇੰਨੇ ਲੰਮੇ ਕਾਰਜਕਾਲ ਤੋਂ ਬਾਅਦ ਵੀ ਅਜਿਹੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸਥਾਈ ਪ੍ਰਭਾਵ ਪੈਂਦਾ ਹੈ।
ਕੋਚ ਨੇ ਪੁੱਛੇ ਜਾ ਰਹੇ ਵੱਖ-ਵੱਖ ਸਵਾਲਾਂ ਅਤੇ ਟੀਮ ਵਿੱਚ ਵੱਖ-ਵੱਖ ਸ਼ਖ਼ਸੀਅਤਾਂ 'ਤੇ ਟਿੱਪਣੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਦੋ ਸਾਲਾਂ ਤੋਂ ਉਨ੍ਹਾਂ ਦੇ ਮੁੱਖ ਕੋਚ ਰਹੇ ਹਨ। ਉਨ੍ਹਾਂ ਜੂਨ ਦੇ ਸਮੇਂ ਦੀ ਇੰਗਲੈਂਡ ਦੀ ਇੱਕ ਕਹਾਣੀ ਸੁਣਾਈ, ਜਿੱਥੇ ਉਹ ਕਿੰਗ ਚਾਰਲਸ ਨੂੰ ਮਿਲੇ ਸਨ। ਪ੍ਰੋਟੋਕੋਲ ਪਾਬੰਦੀਆਂ ਕਾਰਨ, ਸਿਰਫ 20 ਲੋਕਾਂ ਨੂੰ ਇਜਾਜ਼ਤ ਸੀ, ਇਸ ਲਈ ਸਹਿਯੋਗੀ ਅਮਲਾ ਸ਼ਾਮਲ ਨਹੀਂ ਹੋ ਸਕਿਆ। ਸਾਰੇ ਖਿਡਾਰੀ ਅਤੇ ਤਿੰਨ ਹੁਨਰਮੰਦ ਕੋਚ ਮੌਜੂਦ ਸਨ। ਉਨ੍ਹਾਂ ਸਹਿਯੋਗੀ ਅਮਲੇ ਨੂੰ ਕਿਹਾ ਕਿ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ, ਕਿਉਂਕਿ ਪ੍ਰੋਟੋਕੋਲ ਵਿੱਚ ਸਿਰਫ 20 ਲੋਕਾਂ ਨੂੰ ਇਜਾਜ਼ਤ ਸੀ। ਜਵਾਬ ਵਿੱਚ, ਸਹਿਯੋਗੀ ਅਮਲੇ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਫੋਟੋ ਦੀ ਲੋੜ ਨਹੀਂ ਸੀ - ਉਹ 4 ਜਾਂ 5 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਇੱਕ ਫੋਟੋ ਚਾਹੁੰਦੇ ਸਨ। ਅੱਜ, ਉਹ ਇੱਛਾ ਪੂਰੀ ਹੋ ਗਈ।
ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਕੁਝ ਪਲ ਅਜਿਹੇ ਸਨ ਜਦੋਂ ਅਜਿਹਾ ਮਹਿਸੂਸ ਹੁੰਦਾ ਸੀ ਕਿ ਝਟਕੇ ਸਿਰਫ਼ ਉਨ੍ਹਾਂ ਨੂੰ ਹੀ ਮਿਲ ਰਹੇ ਹਨ, ਪਰ ਉਹ ਸੰਘਰਸ਼ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਰਚੇ ਗਏ ਸਨ। ਇਹ ਜ਼ਿਕਰ ਕਰਦੇ ਹੋਏ ਕਿ ਇਹ ਬਹੁਤ ਪ੍ਰੇਰਨਾਦਾਇਕ ਸੀ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਮਨਪ੍ਰੀਤ ਨੂੰ ਪੁੱਛਿਆ ਕਿ ਇਹ ਸਾਂਝਾ ਕਰਦੇ ਸਮੇਂ ਉਹ ਕਿਹੜੀਆਂ ਭਾਵਨਾਵਾਂ ਮਹਿਸੂਸ ਕਰਦੇ ਸਨ। ਖਿਡਾਰੀ ਨੇ ਜਵਾਬ ਦਿੱਤਾ ਕਿ ਹਮੇਸ਼ਾ ਇੱਕ ਭਰੋਸਾ ਸੀ ਕਿ ਇੱਕ ਦਿਨ ਉਹ ਟਰਾਫ਼ੀ ਚੁੱਕਣਗੇ ਅਤੇ ਟੀਮ ਵਿੱਚ ਉਹ ਵਿਸ਼ੇਸ਼ ਭਾਵਨਾ ਪਹਿਲੇ ਦਿਨ ਤੋਂ ਹੀ ਮੌਜੂਦ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮਿਲ ਰਹੀਆਂ ਵਾਰ-ਵਾਰ ਚੁਣੌਤੀਆਂ ਨੂੰ ਸਵੀਕਾਰ ਕੀਤਾ ਅਤੇ ਮੁਸ਼ਕਲਾਂ ਦੇ ਬਾਵਜੂਦ ਦੂਜਿਆਂ ਵਿੱਚ ਭਰੋਸਾ ਪੈਦਾ ਕਰਨ ਦੀ ਉਨ੍ਹਾਂ ਦੀ ਹਿੰਮਤ ਅਤੇ ਯੋਗਤਾ ਦੀ ਸ਼ਲਾਘਾ ਕੀਤੀ। ਹਰਮਨਪ੍ਰੀਤ ਨੇ ਟੀਮ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਹਰ ਟੂਰਨਾਮੈਂਟ ਵਿੱਚ ਨਿਰੰਤਰ ਸੁਧਾਰ ਦਾ ਸਿਹਰਾ ਦਿੱਤਾ। ਇਹ ਸਵੀਕਾਰ ਕਰਦੇ ਹੋਏ ਕਿ ਅਤੀਤ ਨੂੰ ਬਦਲਿਆ ਨਹੀਂ ਜਾ ਸਕਦਾ, ਉਨ੍ਹਾਂ ਜ਼ਿਕਰ ਕੀਤਾ ਕਿ ਪਿਛਲੇ ਦੋ ਸਾਲਾਂ ਵਿੱਚ, ਉਨ੍ਹਾਂ ਨੇ ਮਾਨਸਿਕ ਤਾਕਤ 'ਤੇ ਵਿਆਪਕ ਤੌਰ 'ਤੇ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਯਾਤਰਾ ਨੇ ਉਨ੍ਹਾਂ ਨੂੰ ਵਰਤਮਾਨ ਵਿੱਚ ਜਿਊਣਾ ਸਿਖਾਇਆ ਹੈ। ਉਨ੍ਹਾਂ ਹਾਮੀ ਭਰੀ ਅਤੇ ਕਿਹਾ ਕਿ ਇਸੇ ਲਈ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਹ ਆਪਣੀ ਟੀਮ ਦੇ ਮੈਂਬਰਾਂ ਨੂੰ ਪ੍ਰੇਰਿਤ ਕਰਨ ਲਈ ਕੀ ਵਾਧੂ ਕਰਦੇ ਹਨ - ਤਾਂ ਜੋ ਉਹ ਵਰਤਮਾਨ ਵਿੱਚ ਰਹਿਣ ਲਈ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕੋਚਾਂ ਦੇ ਮਾਰਗ-ਦਰਸ਼ਨ ਨੇ ਉਨ੍ਹਾਂ ਨੂੰ ਸਹੀ ਰਸਤੇ 'ਤੇ ਪਾਇਆ ਹੈ।
ਫਿਰ ਪ੍ਰਧਾਨ ਮੰਤਰੀ ਨੇ ਦੀਪਤੀ ਸ਼ਰਮਾ ਨੂੰ ਦਿਨ ਦੌਰਾਨ ਉਨ੍ਹਾਂ ਦੀ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐੱਸਪੀ) ਦੀ ਭੂਮਿਕਾ ਬਾਰੇ ਪੁੱਛਿਆ, ਮਜ਼ਾਕ ਵਿੱਚ ਕਿਹਾ ਕਿ ਉਹ ਜ਼ਰੂਰ ਸਭ ਕੁਝ ਕੰਟਰੋਲ ਕਰਦੇ ਹੋਣਗੇ। ਉਨ੍ਹਾਂ ਜਵਾਬ ਦਿੱਤਾ ਕਿ ਉਹ ਸਿਰਫ਼ ਉਨ੍ਹਾਂ ਨੂੰ ਮਿਲਣ ਦੀ ਉਡੀਕ ਕਰ ਰਹੇ ਸਨ ਅਤੇ ਉਨ੍ਹਾਂ ਇਸ ਪਲ ਦਾ ਆਨੰਦ ਮਾਣਿਆ। ਉਨ੍ਹਾਂ ਯਾਦ ਕੀਤਾ ਕਿ 2017 ਵਿੱਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇੱਕ ਸੱਚਾ ਖਿਡਾਰੀ ਉਹ ਹੈ ਜੋ ਅਸਫਲਤਾ ਤੋਂ ਉੱਠਣਾ ਅਤੇ ਅੱਗੇ ਵਧਣਾ ਸਿੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮੋਦੀ ਦੇ ਸ਼ਬਦਾਂ ਨੇ ਹਮੇਸ਼ਾ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਉਹ ਨਿਯਮਤ ਤੌਰ 'ਤੇ ਉਨ੍ਹਾਂ ਦੇ ਭਾਸ਼ਣ ਸੁਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲਾਤ ਨੂੰ ਸ਼ਾਂਤ ਅਤੇ ਸੰਜਮ ਨਾਲ ਸੰਭਾਲਣਾ, ਭਾਵੇਂ ਬਹੁਤ ਸਾਰੀਆਂ ਆਵਾਜ਼ਾਂ ਉੱਠਦੀਆਂ ਹਨ, ਨਿੱਜੀ ਤੌਰ 'ਤੇ ਉਨ੍ਹਾਂ ਦੀ ਖੇਡ ਵਿੱਚ ਮਦਦ ਕਰਦਾ ਹੈ।
ਸ੍ਰੀ ਮੋਦੀ ਨੇ ਦੀਪਤੀ ਨੂੰ ਉਨ੍ਹਾਂ ਦੇ ਹਨੂੰਮਾਨ ਜੀ ਦੇ ਟੈਟੂ ਬਾਰੇ ਪੁੱਛਿਆ ਅਤੇ ਇਹ ਉਨ੍ਹਾਂ ਦੀ ਕਿਵੇਂ ਮਦਦ ਕਰਦਾ ਹੈ। ਉਨ੍ਹਾਂ ਜਵਾਬ ਦਿੱਤਾ ਕਿ ਉਹ ਆਪਣੇ ਆਪ ਨਾਲੋਂ ਹਨੂੰਮਾਨ ਜੀ ਵਿੱਚ ਵਧੇਰੇ ਭਰੋਸਾ ਰੱਖਦੀ ਹੈ ਅਤੇ ਜਦੋਂ ਵੀ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਦਾ ਨਾਮ ਲੈਣ ਨਾਲ ਮੁਸ਼ਕਲਾਂ ਨੂੰ ਦੂਰ ਕਰਨ ਦੀ ਤਾਕਤ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ "ਜੈ ਸ੍ਰੀ ਰਾਮ" ਵੀ ਲਿਖਦੀ ਹੈ, ਜਿਸ ਦੀ ਉਨ੍ਹਾਂ ਪੁਸ਼ਟੀ ਕੀਤੀ। ਉਨ੍ਹਾਂ ਟਿੱਪਣੀ ਕੀਤੀ ਕਿ ਵਿਸ਼ਵਾਸ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਇੱਕ ਉੱਚ ਸ਼ਕਤੀ ਨੂੰ ਸਮਰਪਣ ਕਰਨ ਦਾ ਸੁਖੀ ਅਹਿਸਾਸ ਦਿੰਦਾ ਹੈ। ਫਿਰ ਉਨ੍ਹਾਂ ਮੈਦਾਨ 'ਤੇ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਦਬਦਬੇ ਦੀ ਧਾਰਨਾ ਵਿੱਚ ਸਚਾਈ ਬਾਰੇ ਪੁੱਛਿਆ। ਉਨ੍ਹਾਂ ਜਵਾਬ ਦਿੱਤਾ ਕਿ ਇਹ ਬਿਲਕੁਲ ਇਸ ਤਰ੍ਹਾਂ ਨਹੀਂ ਸੀ, ਪਰ ਉਨ੍ਹਾਂ ਮੰਨਿਆ ਕਿ ਉਸਦੇ ਥ੍ਰੋਅ ਨਾਲ ਥੋੜ੍ਹਾ ਜਿਹਾ ਡਰ ਜੁੜਿਆ ਹੋਇਆ ਸੀ, ਅਤੇ ਟੀਮ ਦੇ ਸਾਥੀ ਅਕਸਰ ਮਜ਼ਾਕ ਕਰਦੇ ਸਨ ਕਿ ਉਸ ਨੂੰ ਸੌਖਾ ਥ੍ਰੋਅ ਸੁੱਟਣਾ ਚਾਹੀਦਾ ਹੈ। ਉਨ੍ਹਾਂ ਪ੍ਰਸ਼ੰਸਾ ਕੀਤੀ ਕਿ ਪ੍ਰਧਾਨ ਮੰਤਰੀ ਨੇ ਨਿੱਜੀ ਤੌਰ 'ਤੇ ਉਸਦੇ ਟੈਟੂ ਬਾਰੇ ਪੁੱਛਿਆ ਅਤੇ ਉਹ ਉਸਦੀ ਇੰਸਟਾਗ੍ਰਾਮ ਟੈਗਲਾਈਨ ਜਾਣਦੇ ਸਨ।
ਫਿਰ ਪ੍ਰਧਾਨ ਮੰਤਰੀ ਨੇ ਹਰਮਨਪ੍ਰੀਤ ਕੌਰ ਤੋਂ ਉਸ ਗੇਂਦ ਬਾਰੇ ਪੁੱਛਿਆ ਜੋ ਉਸਨੇ ਜਿੱਤ ਤੋਂ ਬਾਅਦ ਆਪਣੀ ਜੇਬ ਵਿੱਚ ਰੱਖੀ ਸੀ - ਕੀ ਇਹ ਇੱਕ ਯੋਜਨਾਬੱਧ ਇਸ਼ਾਰਾ ਸੀ ਜਾਂ ਕਿਸੇ ਵੱਲੋਂ ਨਿਰਦੇਸ਼ਤ। ਹਰਮਨਪ੍ਰੀਤ ਨੇ ਜਵਾਬ ਦਿੱਤਾ ਕਿ ਇਹ ਦੈਵੀ ਯੋਜਨਾ ਸੀ, ਕਿਉਂਕਿ ਉਸਨੇ ਉਮੀਦ ਨਹੀਂ ਕੀਤੀ ਸੀ ਕਿ ਆਖਰੀ ਗੇਂਦ ਅਤੇ ਕੈਚ ਉਸਦੇ ਕੋਲ ਆਵੇਗਾ, ਪਰ ਜਦੋਂ ਇਹ ਆਇਆ, ਤਾਂ ਇਹ ਸਾਲਾਂ ਦੀ ਮਿਹਨਤ ਅਤੇ ਉਡੀਕ ਦਾ ਸਿੱਟਾ ਮਹਿਸੂਸ ਹੋਇਆ ਅਤੇ ਉਸਨੇ ਇਸ ਨੂੰ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਗੇਂਦ ਅਜੇ ਵੀ ਉਸਦੇ ਬੈਗ ਵਿੱਚ ਹੈ।
ਪ੍ਰਧਾਨ ਮੰਤਰੀ ਨੇ ਸ਼ੈਫਾਲੀ ਵਰਮਾ ਵੱਲ ਮੁੜਦਿਆਂ ਕਿਹਾ ਕਿ ਉਹ ਰੋਹਤਕ ਤੋਂ ਹੈ, ਜੋ ਕਿ ਪਹਿਲਵਾਨਾਂ ਦੇ ਉਭਾਰ ਲਈ ਜਾਣੀ ਜਾਂਦੀ ਜਗ੍ਹਾ ਹੈ ਅਤੇ ਪੁੱਛਿਆ ਕਿ ਉਹ ਕ੍ਰਿਕਟ ਵਿੱਚ ਕਿਵੇਂ ਆਏ। ਸ਼ੈਫਾਲੀ ਨੇ ਜਵਾਬ ਦਿੱਤਾ ਕਿ ਕੁਸ਼ਤੀ ਅਤੇ ਕਬੱਡੀ ਸੱਚਮੁੱਚ ਰੋਹਤਕ ਵਿੱਚ ਪ੍ਰਮੁੱਖ ਹਨ, ਪਰ ਉਨ੍ਹਾਂ ਪਿਤਾ ਨੇ ਕ੍ਰਿਕਟ ਦੇ ਸਫ਼ਰ ਵਿੱਚ ਮੁੱਖ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਸਨੇ ਕਦੇ ਰਵਾਇਤੀ ਅਖਾੜਾ ਖੇਡਾਂ ਖੇਡੀਆਂ ਹਨ ਅਤੇ ਉਸ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਨਹੀਂ ਖੇਡੀਆਂ। ਉਨ੍ਹਾਂ ਦੱਸਿਆ ਕਿ ਉਸਦੇ ਪਿਤਾ ਇੱਕ ਕ੍ਰਿਕਟਰ ਬਣਨ ਦੀ ਇੱਛਾ ਰੱਖਦੇ ਸਨ ਪਰ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ, ਇਸ ਲਈ ਉਨ੍ਹਾਂ ਨੇ ਆਪਣਾ ਜਨੂਨ ਆਪਣੇ ਬੱਚਿਆਂ ਨੂੰ ਦਿੱਤਾ। ਉਹ ਅਤੇ ਉਸਦਾ ਭਰਾ ਇਕੱਠੇ ਮੈਚ ਦੇਖਦੇ ਸਨ, ਜਿਸਨੇ ਉਨ੍ਹਾਂ ਦੀ ਕ੍ਰਿਕਟ ਵਿੱਚ ਡੂੰਘੀ ਦਿਲਚਸਪੀ ਪੈਦਾ ਕੀਤੀ ਅਤੇ ਉਸ ਨੂੰ ਇੱਕ ਕ੍ਰਿਕਟਰ ਬਣਨ ਲਈ ਪ੍ਰੇਰਿਤ ਕੀਤਾ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੈਚ ਫੜਨ ਤੋਂ ਪਹਿਲਾਂ ਉਸਦੀ ਮੁਸਕਰਾਹਟ ਨੂੰ ਯਾਦ ਕੀਤਾ ਅਤੇ ਇਸਦਾ ਕਾਰਨ ਪੁੱਛਿਆ। ਉਨ੍ਹਾਂ ਜਵਾਬ ਦਿੱਤਾ ਕਿ ਉਹ ਮਾਨਸਿਕ ਤੌਰ 'ਤੇ ਗੇਂਦ ਨੂੰ ਆਪਣੇ ਕੋਲ ਆਉਣ ਲਈ ਅੱਖ ਰਹੀ ਸੀ ਅਤੇ ਜਦੋਂ ਇਹ ਹੋਇਆ ਤਾਂ ਉਹ ਮੁਸਕਰਾਏ ਬਿਨਾਂ ਨਹੀਂ ਰਹਿ ਸਕੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅਜਿਹਾ ਲਗਦਾ ਸੀ ਕਿ ਉਸ ਨੂੰ ਇੰਨਾ ਵਿਸ਼ਵਾਸ ਸੀ ਕਿ ਗੇਂਦ ਕਿਤੇ ਹੋਰ ਨਹੀਂ ਜਾਵੇਗੀ। ਉਨ੍ਹਾਂ ਜਵਾਬ ਦਿੱਤਾ ਕਿ ਜੇ ਇਹ ਕਿਤੇ ਹੋਰ ਜਾਂਦੀ, ਤਾਂ ਉਹ ਇਸਦੇ ਲਈ ਛਾਲ ਮਾਰ ਦਿੰਦੀ।
ਜਦੋਂ ਉਸ ਪਲ ਉਸਦੀਆਂ ਭਾਵਨਾਵਾਂ ਦਾ ਵਰਣਨ ਕਰਨ ਲਈ ਕਿਹਾ ਗਿਆ ਤਾਂ ਜੇਮੀਮਾ ਰੌਡਰਿਗਜ਼ ਨੇ ਦੱਸਿਆ ਕਿ ਇਹ ਸੈਮੀਫਾਈਨਲ ਦੌਰਾਨ ਸੀ ਅਤੇ ਟੀਮ ਅਕਸਰ ਆਸਟ੍ਰੇਲੀਆ ਤੋਂ ਥੋੜ੍ਹੇ ਜਿਹੇ ਫਰਕ ਨਾਲ ਹਾਰ ਜਾਂਦੀ ਸੀ। ਉਸਦਾ ਇੱਕੋ ਇੱਕ ਧਿਆਨ ਮੈਚ ਜਿੱਤਣਾ ਅਤੇ ਅੰਤ ਤੱਕ ਖੇਡਣਾ ਸੀ। ਉਸਨੇ ਜ਼ੋਰ ਦੇ ਕੇ ਕਿਹਾ ਕਿ ਟੀਮ ਕਹਿੰਦੀ ਸੀ ਕਿ ਉਨ੍ਹਾਂ ਨੂੰ ਖੇਡ ਨੂੰ ਮੋੜਨ ਲਈ ਇੱਕ ਲੰਬੀ ਸਾਂਝੇਦਾਰੀ ਦੀ ਲੋੜ ਹੈ ਅਤੇ ਇਸ ਵਿਸ਼ਵਾਸ ਨੇ ਸਮੂਹਿਕ ਟੀਮ ਦੇ ਯਤਨਾਂ ਨੂੰ ਜਨਮ ਦਿੱਤਾ। ਹਾਲਾਂਕਿ ਉਨ੍ਹਾਂ ਇੱਕ ਸੈਂਕੜਾ ਲਗਾਇਆ, ਉਸਨੇ ਜਿੱਤ ਦਾ ਸਿਹਰਾ ਹਰਮਨਪ੍ਰੀਤ ਕੌਰ, ਦੀਪਤੀ, ਰਿਚਾ ਅਤੇ ਅਮਨਜੋਤ ਦੇ ਯੋਗਦਾਨ ਨੂੰ ਦਿੱਤਾ, ਜਿਨ੍ਹਾਂ ਦੀ ਪ੍ਰਭਾਵਸ਼ਾਲੀ ਪਾਰੀ ਨੇ ਜਿੱਤ ਨੂੰ ਸੰਭਵ ਬਣਾਇਆ। ਉਨ੍ਹਾਂ ਪੁਸ਼ਟੀ ਕੀਤੀ ਕਿ ਹਰ ਕੋਈ ਵਿਸ਼ਵਾਸ ਰੱਖਦਾ ਸੀ ਕਿ ਟੀਮ ਇਹ ਕਰ ਸਕਦੀ ਹੈ - ਅਤੇ ਉਨ੍ਹਾਂ ਨੇ ਇਹ ਕੀਤਾ।
ਜੇਮੀਮਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ਵ ਕੱਪ ਜਿੱਤਣ ਦੇ ਉਨ੍ਹਾਂ ਦੇ ਤਜਰਬੇ, ਤਿੰਨ ਮੈਚ ਹਾਰਨ ਤੋਂ ਬਾਅਦ ਕਿਵੇਂ ਮਹਿਸੂਸ ਹੋਇਆ ਅਤੇ ਉਨ੍ਹਾਂ ਨੇ ਕਿਵੇਂ ਵਾਪਸੀ ਕੀਤੀ, ਜਾਣਨ ਲਈ ਉਤਸੁਕ ਸਨ।
ਕ੍ਰਾਂਤੀ ਗੌੜ ਨੇ ਦੱਸਿਆ ਕਿ ਵਿਸ਼ਵ ਕੱਪ ਜਿੱਤਣਾ ਨਿੱਜੀ ਤੌਰ 'ਤੇ ਉਸਦੇ ਲਈ ਅਤੇ ਉਸਦੇ ਪਿੰਡ ਦੇ ਲੋਕਾਂ ਲਈ ਇੱਕ ਮਾਣ ਵਾਲੀ ਭਾਵਨਾ ਸੀ। ਉਸਨੇ ਸਾਂਝਾ ਕੀਤਾ ਕਿ ਜਦੋਂ ਵੀ ਉਹ ਗੇਂਦਬਾਜ਼ੀ ਕਰਦੀ ਸੀ, ਹਰਮਨਪ੍ਰੀਤ ਕੌਰ ਉਸ ਨੂੰ ਆਖਦੀ ਸੀ ਕਿ ਉਹ ਪਹਿਲੀ ਵਿਕਟ ਲੈਣ ਵਾਲਿਆਂ 'ਚੋਂ ਸੀ, ਜਿਸਨੇ ਉਸ ਨੂੰ ਵਧੀਆ ਖੇਡਣ ਕਰਨ ਲਈ ਪ੍ਰੇਰਿਤ ਕੀਤਾ। ਕ੍ਰਾਂਤੀ ਨੇ ਆਪਣੇ ਵੱਡੇ ਭਰਾ ਦੇ ਕ੍ਰਿਕਟ ਪ੍ਰਤੀ ਪਿਆਰ ਅਤੇ ਪ੍ਰਧਾਨ ਮੰਤਰੀ ਪ੍ਰਤੀ ਸਤਿਕਾਰ ਬਾਰੇ ਵੀ ਗੱਲ ਕੀਤੀ। ਉਸਦਾ ਭਰਾ ਆਪਣੇ ਪਿਤਾ ਦੇ ਨੌਕਰੀ ਗੁਆਉਣ ਕਾਰਨ ਕਿਸੇ ਅਕੈਡਮੀ ਵਿੱਚ ਸ਼ਾਮਲ ਨਹੀਂ ਹੋ ਸਕਿਆ, ਪਰ ਗੈਰ-ਰਸਮੀ ਤੌਰ 'ਤੇ ਖੇਡਦਾ ਰਿਹਾ। ਉਸ ਤੋਂ ਪ੍ਰੇਰਿਤ ਹੋ ਕੇ, ਉਸਨੇ ਟੈਨਿਸ ਗੇਂਦਾਂ ਦੀ ਵਰਤੋਂ ਕਰਕੇ ਮੁੰਡਿਆਂ ਨਾਲ ਖੇਡਣਾ ਸ਼ੁਰੂ ਕੀਤਾ। ਉਸਦੀ ਕ੍ਰਿਕਟ ਯਾਤਰਾ ਰਸਮੀ ਤੌਰ 'ਤੇ ਇੱਕ ਸਥਾਨਕ ਚਮੜੇ ਦੇ ਬਾਲ ਟੂਰਨਾਮੈਂਟ - ਐੱਮਐੱਲਏ ਟਰਾਫ਼ੀ - ਦੌਰਾਨ ਸ਼ੁਰੂ ਹੋਈ ਜਿੱਥੇ ਉਸ ਨੂੰ ਇੱਕ ਬਿਮਾਰ ਸਾਥੀ ਦੀ ਜਗ੍ਹਾ ਖੇਡਣ ਲਈ ਕਿਹਾ ਗਿਆ ਸੀ। ਉਸਦੇ ਲੰਬੇ ਵਾਲਾਂ ਦੇ ਬਾਵਜੂਦ, ਉਸਨੂੰ ਟੀਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਅਤੇ ਉਸਦੇ ਪਹਿਲੇ ਮੈਚ ਵਿੱਚ, ਉਸਨੇ ਦੋ ਵਿਕਟਾਂ ਲਈਆਂ ਅਤੇ 25 ਦੌੜਾਂ ਬਣਾਈਆਂ, ਜਿਸ ਨਾਲ ਉਸਨੂੰ 'ਪਲੇਅਰ ਆਫ ਦ ਮੈਚ' ਦਾ ਪੁਰਸਕਾਰ ਮਿਲਿਆ। ਇਹ ਉਸਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਜ਼ਿਕਰ ਕੀਤਾ ਕਿ ਸ਼ੈਫਾਲੀ ਵਰਮਾ ਨੂੰ ਆਖਰੀ ਦੋ ਮੈਚਾਂ ਵਿੱਚ ਖੇਡਣ ਦਾ ਮੌਕਾ ਮਿਲਿਆ। ਸ਼ੈਫਾਲੀ ਨੇ ਪੁਸ਼ਟੀ ਕੀਤੀ, ਇਹ ਕਹਿੰਦੇ ਹੋਏ ਕਿ ਉਹ ਬੁਲਾਏ ਜਾਣ ਤੋਂ ਪਹਿਲਾਂ ਘਰੇਲੂ ਕ੍ਰਿਕਟ ਖੇਡ ਰਹੀ ਸੀ। ਉਸਨੇ ਮੰਨਿਆ ਕਿ ਪ੍ਰਤੀਕਾ ਨਾਲ ਜੋ ਹੋਇਆ ਉਹ ਮੰਦਭਾਗਾ ਸੀ ਅਤੇ ਕੋਈ ਵੀ ਖਿਡਾਰੀ ਅਜਿਹਾ ਨਹੀਂ ਚਾਹੇਗਾ। ਹਾਲਾਂਕਿ, ਜਦੋਂ ਉਸਨੂੰ ਬੁਲਾਇਆ ਗਿਆ, ਤਾਂ ਉਸਨੇ ਵਿਸ਼ਵਾਸ ਦਿਖਾਇਆ ਅਤੇ ਪੂਰੀ ਟੀਮ ਨੇ ਉਸ ਵਿੱਚ ਆਪਣਾ ਭਰੋਸਾ ਦਿਖਾਇਆ। ਉਹ ਕਿਸੇ ਵੀ ਜ਼ਰੂਰੀ ਤਰੀਕੇ ਨਾਲ ਟੀਮ ਨੂੰ ਜਿੱਤਣ ਵਿੱਚ ਮਦਦ ਕਰਨ ਲਈ ਦ੍ਰਿੜ੍ਹ ਸੀ।
ਪ੍ਰਤੀਕਾ ਰਾਵਲ ਨੇ ਦੱਸਿਆ ਕਿ ਉਸਦੀ ਸੱਟ ਤੋਂ ਬਾਅਦ, ਟੀਮ ਦੇ ਬਹੁਤ ਸਾਰੇ ਮੈਂਬਰਾਂ ਨੇ ਪ੍ਰਤੀਕਾ ਲਈ ਵਿਸ਼ਵ ਕੱਪ ਜਿੱਤਣ ਦੀ ਇੱਛਾ ਪ੍ਰਗਟ ਕੀਤੀ। ਹਾਲਾਂਕਿ ਉਹ ਅਧਿਕਾਰਤ ਤੌਰ 'ਤੇ ਟੀਮ ਵਿੱਚ ਨਹੀਂ ਸੀ ਅਤੇ 16ਵੀਂ ਖਿਡਾਰਨ ਸੀ, ਪਰ ਉਸਨੂੰ ਵ੍ਹੀਲਚੇਅਰ 'ਤੇ ਸਟੇਜ 'ਤੇ ਲਿਆਂਦਾ ਗਿਆ ਅਤੇ ਪੂਰਾ ਸਤਿਕਾਰ ਅਤੇ ਸਨਮਾਨ ਦਿੱਤਾ ਗਿਆ। ਉਸਨੇ ਟੀਮ ਨੂੰ ਇੱਕ ਪਰਿਵਾਰ ਦੱਸਿਆ, ਜਿੱਥੇ ਹਰ ਖਿਡਾਰੀ ਨਾਲ ਬਰਾਬਰ ਸਲੂਕ ਕੀਤਾ ਜਾਂਦਾ ਹੈ ਅਤੇ ਜਦੋਂ ਅਜਿਹੀ ਇਕਾਈ ਇਕੱਠੇ ਖੇਡਦੀ ਹੈ, ਤਾਂ ਉਨ੍ਹਾਂ ਨੂੰ ਹਰਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਸਨੇ ਪੁਸ਼ਟੀ ਕੀਤੀ ਕਿ ਟੀਮ ਸੱਚਮੁੱਚ ਫਾਈਨਲ ਜਿੱਤਣ ਦੀ ਹੱਕਦਾਰ ਸੀ। ਪ੍ਰਧਾਨ ਮੰਤਰੀ ਨੇ ਸਹਿਮਤੀ ਪ੍ਰਗਟ ਕੀਤੀ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਟੀਮ ਭਾਵਨਾ ਬਹੁਤ ਮਹੱਤਵਪੂਰਨ ਹੈ - ਸਿਰਫ਼ ਮੈਦਾਨ 'ਤੇ ਹੀ ਨਹੀਂ, ਸਗੋਂ ਮੈਦਾਨ ਤੋਂ ਬਾਹਰ ਵੀ। ਉਸਨੇ ਕਿਹਾ ਕਿ ਇਕੱਠੇ ਸਮਾਂ ਬਿਤਾਉਣ ਨਾਲ ਇੱਕ ਬੰਧਨ ਬਣਦਾ ਹੈ ਅਤੇ ਇੱਕ ਦੂਜੇ ਦੀਆਂ ਕਮਜ਼ੋਰੀਆਂ ਅਤੇ ਤਾਕਤਾਂ ਨੂੰ ਜਾਣਨਾ ਇੱਕ ਦੂਜੇ ਨੂੰ ਢੱਕਣ ਅਤੇ ਸਾਥ ਦੇਣ ਵਿੱਚ ਮਦਦ ਕਰਦਾ ਹੈ।
ਸ੍ਰੀ ਮੋਦੀ ਨੇ ਫਿਰ ਟਿੱਪਣੀ ਕੀਤੀ ਕਿ ਇੱਕ ਖ਼ਾਸ ਕੈਚ ਬਹੁਤ ਮਸ਼ਹੂਰ ਹੋਇਆ ਸੀ। ਅਮਨਜੋਤ ਕੌਰ ਨੇ ਜਵਾਬ ਦਿੱਤਾ ਕਿ ਹਾਲਾਂਕਿ ਉਸਨੇ ਪਹਿਲਾਂ ਬਹੁਤ ਸਾਰੇ ਬਲਾਇੰਡਰ ਕੈਚ ਲਏ ਸਨ, ਪਰ ਕਿਸੇ ਨੇ ਵੀ ਏਨੀ ਪ੍ਰਸਿੱਧੀ ਹਾਸਲ ਨਹੀਂ ਕੀਤੀ ਸੀ, ਅਤੇ ਝਿਜਕਣ ਤੋਂ ਬਾਅਦ ਵੀ ਚੰਗਾ ਮਹਿਸੂਸ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਚ ਇੱਕ ਮੋੜ ਬਣ ਗਿਆ ਅਤੇ ਇਸਨੂੰ ਲੈਣ ਤੋਂ ਬਾਅਦ, ਉਸਨੇ ਟਰਾਫ਼ੀ ਦੇਖਣੀ ਸ਼ੁਰੂ ਕਰ ਦਿੱਤੀ ਹੋਵੇਗੀ। ਅਮਨਜੋਤ ਨੇ ਜਵਾਬ ਦਿੱਤਾ ਕਿ ਉਸਨੇ ਸੱਚਮੁੱਚ ਉਸ ਕੈਚ ਵਿੱਚ ਟਰਾਫ਼ੀ ਦੇਖੀ ਸੀ ਅਤੇ ਜਸ਼ਨ ਮਨਾਉਣ ਲਈ ਛਾਲ ਲਗਾਉਣ ਵਾਲੇ ਲੋਕਾਂ ਦੀ ਗਿਣਤੀ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਈ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸੂਰਿਆਕੁਮਾਰ ਯਾਦਵ ਨੇ ਪਹਿਲਾਂ ਵੀ ਅਜਿਹਾ ਹੀ ਇੱਕ ਕੈਚ ਲਿਆ ਸੀ ਅਤੇ ਇੱਕ ਖਿਡਾਰੀ ਦੇ ਕੈਚ ਨੂੰ ਰੀਟਵੀਟ ਕਰਨ ਨੂੰ ਯਾਦ ਕੀਤਾ, ਜੋ ਪ੍ਰਭਾਵਸ਼ਾਲੀ ਸੀ।
ਹਰਲੀਨ ਕੌਰ ਦਿਓਲ ਨੇ ਇੰਗਲੈਂਡ ਦੀ ਇੱਕ ਯਾਦ ਸਾਂਝੀ ਕੀਤੀ, ਜਿੱਥੇ ਉਹ ਲੰਬੇ ਸਮੇਂ ਤੋਂ ਅਜਿਹੇ ਕੈਚਾਂ ਦਾ ਅਭਿਆਸ ਕਰ ਰਹੀ ਸੀ। ਉਸਨੇ ਫੀਲਡਿੰਗ ਦੌਰਾਨ ਇੱਕ ਕੈਚ ਗੁਆਉਣ ਦੀ ਯਾਦ ਦਿਵਾਈ, ਜਿਸ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਉਸਨੂੰ ਝਿੜਕਦੇ ਹੋਏ ਕਿਹਾ ਕਿ ਚੰਗੇ ਫੀਲਡਰਾਂ ਨੂੰ ਅਜਿਹੇ ਕੈਚ ਨਹੀਂ ਛੱਡਣੇ ਚਾਹੀਦੇ। ਜੇਮੀਮਾ, ਜੋ ਉਸਦੇ ਪਿੱਛੇ ਖੜ੍ਹੀ ਸੀ, ਨੇ ਉਸਨੂੰ ਭਰੋਸਾ ਦਿਵਾਇਆ ਅਤੇ ਕਿਹਾ ਕਿ ਕੈਚ ਉਸਦੇ ਲਈ ਸੰਭਵ ਹੈ। ਫਿਰ ਉਸਨੇ ਅਗਲੇ ਦੋ ਓਵਰਾਂ ਵਿੱਚ ਇੱਕ ਚੰਗਾ ਕੈਚ ਲੈਣ ਦਾ ਵਾਅਦਾ ਕੀਤਾ ਅਤੇ ਉਸ ਤੋਂ ਤੁਰੰਤ ਬਾਅਦ, ਗੇਂਦ ਆਈ ਅਤੇ ਉਸਨੇ ਆਪਣਾ ਵਾਅਦਾ ਪੂਰਾ ਕੀਤਾ। ਸ੍ਰੀ ਮੋਦੀ ਨੇ ਫਿਰ ਮਜ਼ਾਕ ਵਿੱਚ ਟਿੱਪਣੀ ਕੀਤੀ ਕਿ ਚੁਣੌਤੀ ਕੰਮ ਕਰ ਗਈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਰਿਚਾ ਘੋਸ਼ ਹਮੇਸ਼ਾ ਜਿੱਥੇ ਵੀ ਖੇਡਦੀ ਹੈ, ਜਿੱਤਦੀ ਜਾਪਦੀ ਹੈ। ਉਸਨੇ ਜਵਾਬ ਦਿੱਤਾ ਕਿ ਉਸ ਨੂੰ ਯਕੀਨ ਨਹੀਂ ਸੀ, ਪਰ ਇਹ ਵੀ ਜ਼ਿਕਰ ਕੀਤਾ ਕਿ ਰਿਚਾ ਨੇ ਅੰਡਰ-19, ਸੀਨੀਅਰ-ਪੱਧਰ ਅਤੇ ਡਬਲਿਊਪੀਐੱਲ ਟੂਰਨਾਮੈਂਟਾਂ ਵਿੱਚ ਟਰਾਫ਼ੀਆਂ ਜਿੱਤੀਆਂ ਸਨ ਅਤੇ ਬਹੁਤ ਸਾਰੇ ਲੰਬੇ ਛੱਕੇ ਮਾਰੇ ਸਨ। ਉਸਨੇ ਅੱਗੇ ਦੱਸਿਆ ਕਿ ਆਪਣੀ ਬੱਲੇਬਾਜ਼ੀ ਦੌਰਾਨ, ਖ਼ਾਸਕਰ ਛੱਕੇ ਮਾਰਦੇ ਸਮੇਂ, ਉਸਨੂੰ ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਵਰਗੀਆਂ ਸਾਥੀਆਂ ਦਾ ਬਹੁਤ ਭਰੋਸਾ ਮਹਿਸੂਸ ਹੋਇਆ। ਸਮੁੱਚੀ ਟੀਮ ਉੱਚ-ਦਬਾਅ ਵਾਲੀਆਂ ਸਥਿਤੀਆਂ ਵਿੱਚ ਪ੍ਰਦਰਸ਼ਨ ਕਰਨ ਦੀ ਉਸਦੀ ਯੋਗਤਾ ਵਿੱਚ ਵਿਸ਼ਵਾਸ ਰੱਖਦੀ ਸੀ, ਜਿੱਥੇ ਦੌੜਾਂ ਦੀ ਲੋੜ ਹੁੰਦੀ ਸੀ ਪਰ ਗੇਂਦਾਂ ਘੱਟ ਸਨ। ਉਸ ਭਰੋਸੇ ਨੇ ਉਸਨੂੰ ਆਤਮ-ਵਿਸ਼ਵਾਸ ਦਿੱਤਾ ਅਤੇ ਹਰ ਮੈਚ ਦੌਰਾਨ ਉਸਦੀ ਸਰੀਰਕ ਭਾਸ਼ਾ ਵਿੱਚ ਝਲਕਦਾ ਰਿਹਾ।
ਇੱਕ ਹੋਰ ਖਿਡਾਰਨ, ਰਾਧਾ ਯਾਦਵ ਨੇ ਯਾਦ ਕੀਤਾ ਕਿ ਤਿੰਨ ਮੈਚ ਹਾਰਨ ਦੇ ਬਾਵਜੂਦ, ਸਭ ਤੋਂ ਵਧੀਆ ਹਿੱਸਾ ਹਾਰ ਵਿੱਚ ਏਕਤਾ ਸੀ - ਹਰ ਕੋਈ ਇੱਕ ਦੂਜੇ ਦਾ ਸਮਰਥਨ ਕਰਦਾ ਸੀ ਅਤੇ ਖੁੱਲ੍ਹ ਕੇ ਗੱਲਬਾਤ ਕਰਦਾ ਸੀ, ਸੱਚੇ ਅਤੇ ਸ਼ੁੱਧ ਸਾਥ ਨਾਲ। ਉਨ੍ਹਾਂ ਮੰਨਣਾ ਸੀ ਕਿ ਇਸ ਸਮੂਹਿਕ ਭਾਵਨਾ ਸਦਕਾ ਹੀ ਉਨ੍ਹਾਂ ਨੂੰ ਟਰਾਫ਼ੀ ਨਾਲ ਨਿਵਾਜਿਆ ਗਿਆ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਸੀ, ਜਿਸਨੇ ਉਨ੍ਹਾਂ ਨੂੰ ਜਿੱਤ ਦਿਵਾਈ। ਉਨ੍ਹਾਂ ਪੁੱਛਿਆ ਕਿ ਉਸਨੇ ਆਪਣੇ ਆਪ ਨੂੰ ਅਜਿਹੇ ਪ੍ਰਦਰਸ਼ਨ ਲਈ ਕਿਵੇਂ ਤਿਆਰ ਕੀਤਾ। ਖਿਡਾਰਨ ਨੇ ਦੱਸਿਆ ਕਿ ਟੀਮ ਲੰਬੇ ਸਮੇਂ ਤੋਂ ਵਧੀਆ ਕ੍ਰਿਕਟ ਖੇਡ ਰਹੀ ਹੈ ਅਤੇ ਹਰ ਸਥਿਤੀ ਲਈ ਤਿਆਰੀ ਕੀਤੀ ਗਈ ਸੀ - ਭਾਵੇਂ ਫਿੱਟਨੈੱਸ, ਫੀਲਡਿੰਗ, ਜਾਂ ਹੁਨਰ ਦੇ ਮਾਮਲੇ ਵਿੱਚ। ਉਸਨੇ ਜ਼ੋਰ ਦੇ ਕੇ ਕਿਹਾ ਕਿ ਇਕੱਠੇ ਰਹਿਣ ਨਾਲ ਚੀਜ਼ਾਂ ਆਸਾਨ ਹੋ ਗਈਆਂ, ਜਦਕਿ ਇਕੱਲੇ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ। ਪ੍ਰਧਾਨ ਮੰਤਰੀ ਨੇ ਇਹ ਸੁਣਨ ਦਾ ਜ਼ਿਕਰ ਕੀਤਾ ਕਿ ਉਸਨੇ ਆਪਣੀ ਪਹਿਲੀ ਇਨਾਮੀ ਰਕਮ ਆਪਣੇ ਪਿਤਾ ਲਈ ਖ਼ਰਚ ਕੀਤੀ ਸੀ। ਉਸਨੇ ਇਸਦੀ ਪੁਸ਼ਟੀ ਕੀਤੀ, ਇਹ ਵੀ ਕਿਹਾ ਕਿ ਉਸਦੇ ਪਰਿਵਾਰ ਨੇ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ, ਪਰ ਉਸਦੇ ਪਿਤਾ ਅਤੇ ਮਾਤਾ ਨੇ ਕਦੇ ਵੀ ਉਨ੍ਹਾਂ ਮੁਸ਼ਕਲਾਂ ਨੂੰ ਉਸਦੇ ਸਫ਼ਰ 'ਤੇ ਪ੍ਰਭਾਵਤ ਨਹੀਂ ਹੋਣ ਦਿੱਤਾ।
ਸਨੇਹ ਰਾਣਾ ਨੇ ਸਾਲਾਂ ਦੀ ਸਖ਼ਤ ਮਿਹਨਤ ਬਾਰੇ ਗੱਲ ਕੀਤੀ ਅਤੇ ਸਾਂਝਾ ਕੀਤਾ ਕਿ ਕਿਵੇਂ ਉਹ ਨਿਯਮਤ ਤੌਰ 'ਤੇ ਆਪਣੇ ਗੇਂਦਬਾਜ਼ੀ ਕੋਚ, ਆਵਿਸ਼ਕਰ ਸਾਲਵੀ ਨਾਲ ਖ਼ਾਸ ਬੱਲੇਬਾਜ਼ਾਂ ਨਾਲ ਨਜਿੱਠਣ ਲਈ ਰਣਨੀਤੀਆਂ 'ਤੇ ਚਰਚਾ ਕਰਦੀ ਸੀ। ਇਨ੍ਹਾਂ ਰਣਨੀਤੀਆਂ ਨੂੰ ਕਪਤਾਨ, ਉੱਪ-ਕਪਤਾਨ ਅਤੇ ਮੁੱਖ ਕੋਚ ਨਾਲ ਤਾਲਮੇਲ ਕਰਕੇ ਬਣਾਇਆ ਗਿਆ ਸੀ ਅਤੇ ਫਿਰ ਮੈਦਾਨ 'ਤੇ ਦੁਹਰਾਇਆ ਗਿਆ ਸੀ। ਹਾਲਾਂਕਿ ਹਰ ਮੈਚ ਯੋਜਨਾ ਅਨੁਸਾਰ ਨਹੀਂ ਹੋਇਆ, ਪਰ ਉਹ ਅਗਲੇ ਮੌਕੇ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਰਹੀ।
ਉਮਾ ਛੇਤਰੀ ਨੇ ਮੰਨਿਆ ਕਿ ਪ੍ਰਧਾਨ ਮੰਤਰੀ ਦੇ ਸਾਹਮਣੇ ਬੋਲਦੇ ਸਮੇਂ ਉਹ ਬਹੁਤ ਘਬਰਾ ਗਈ ਸੀ। ਉਨ੍ਹਾਂ ਨੇ ਉਸਨੂੰ ਜੋ ਵੀ ਮਨ ਵਿੱਚ ਆਇਆ ਬੋਲਣ ਲਈ ਉਤਸ਼ਾਹਿਤ ਕੀਤਾ। ਫਿਰ ਉਸਨੇ ਸਾਂਝਾ ਕੀਤਾ ਕਿ ਉਸਦਾ ਪਹਿਲਾ ਮੈਚ ਵਿਸ਼ਵ ਕੱਪ ਦੌਰਾਨ ਸੀ ਅਤੇ ਉਸਦੇ ਹਰ ਪਹਿਲੇ ਮੈਚ ਵਾਂਗ, ਉਸ ਦਿਨ ਮੀਂਹ ਪਿਆ। ਉਹ ਸਿਰਫ਼ ਵਿਕਟਕੀਪਿੰਗ ਕਰਦੀ ਸੀ, ਪਰ ਉਹ ਬਹੁਤ ਖ਼ੁਸ਼ ਸੀ ਕਿਉਂਕਿ ਵਿਸ਼ਵ ਕੱਪ ਵਿੱਚ ਭਾਰਤ ਲਈ ਆਪਣਾ ਡੈਬਿਊ ਕਰਨਾ ਉਸਦੇ ਲਈ ਇੱਕ ਵੱਡਾ ਪਲ ਸੀ। ਉਹ ਦੇਸ਼ ਲਈ ਖੇਡਣ ਲਈ ਉਤਸ਼ਾਹਿਤ ਸੀ ਅਤੇ ਭਾਰਤ ਨੂੰ ਜਿੱਤਣ ਵਿੱਚ ਮਦਦ ਕਰਨ ਲਈ ਆਪਣਾ ਸਭ ਤੋਂ ਵਧੀਆ ਦੇਣ ਲਈ ਦ੍ਰਿੜ੍ਹ ਸੀ। ਉਹ ਬਹੁਤ ਧੰਨਵਾਦੀ ਸੀ ਕਿ ਸਮੁੱਚੀ ਟੀਮ ਨੇ ਉਸ 'ਤੇ ਭਰੋਸਾ ਕੀਤਾ ਅਤੇ ਮਾਰਗਦਰਸ਼ਨ ਅਤੇ ਉਤਸ਼ਾਹ ਨਾਲ ਉਸਦਾ ਲਗਾਤਾਰ ਸਾਥ ਦਿੱਤਾ। ਕੋਚ ਨੇ ਦੱਸਿਆ ਕਿ ਉਹ ਉੱਤਰ ਪੂਰਬ ਤੋਂ ਭਾਰਤ ਲਈ ਖੇਡਣ ਵਾਲੀ ਪਹਿਲੀ ਕੁੜੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਾਮੀ ਭਰੀ ਕਿ ਉਹ ਅਸਾਮ ਤੋਂ ਹੈ।
ਰੇਣੂਕਾ ਸਿੰਘ ਠਾਕੁਰ ਨਾਲ ਗੱਲਬਾਤ ਕਰਦਿਆਂ, ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਸਨੇ ਪਹੁੰਚਣ 'ਤੇ ਮੋਰ ਦੇਖੇ ਸਨ। ਖਿਡਾਰਨ ਨੇ ਜਵਾਬ ਦਿੱਤਾ ਕਿ ਉਸਨੇ ਇੱਕ ਹੋਰ ਮੋਰ ਦੇਖਿਆ ਹੈ ਅਤੇ ਦੱਸਿਆ ਕਿ ਉਹ ਸਿਰਫ਼ ਇੱਕ ਹੀ ਮੋਰ ਸਕੀ ਸੀ, ਜਿਸਦਾ ਉਸਨੇ ਰੇਖਾ ਚਿੱਤਰ ਬਣਾ ਕੇ ਰੱਖ ਲਿਆ ਸੀ। ਉਸਨੇ ਕਿਹਾ ਕਿ ਉਹ ਹੋਰ ਕੁਝ ਨਹੀਂ ਬਣਾ ਸਕਦੀ ਸੀ ਅਤੇ ਉਸਨੂੰ ਅਗਲੀ ਵਾਰ ਪੰਛੀ ਬਣਾਉਣ ਦੀ ਕੋਸ਼ਿਸ਼ ਕਰਨ ਤੋਂ ਨਿਰਾਸ਼ ਹੋਣਾ ਪਿਆ। ਪ੍ਰਧਾਨ ਮੰਤਰੀ ਨੇ ਉਸਦੀ ਮਾਂ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕੀਤਾ ਅਤੇ ਇੱਕ ਸਿੰਗਲ ਮਾਪੇ ਵਜੋਂ ਆਪਣੀ ਧੀ ਦੀ ਪਰਵਰਿਸ਼ ਕਰਨ ਅਤੇ ਇੱਕ ਮੁਸ਼ਕਲ ਜੀਵਨ ਵਿੱਚ ਉਸਦੀ ਤਰੱਕੀ ਵਿੱਚ ਮਦਦ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪ੍ਰਮਾਣਿਤ ਕੀਤਾ। ਉਨ੍ਹਾਂ ਖਿਡਾਰਨ ਨੂੰ ਆਪਣੀ ਮਾਂ ਨੂੰ ਉਨ੍ਹਾਂ ਵੱਲੋਂ ਨਿੱਜੀ ਤੌਰ 'ਤੇ ਵਧਾਈਆਂ ਦੇਣ ਲਈ ਆਖਿਆ।
ਅਰੁੰਧਤੀ ਰੈੱਡੀ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਮਾਂ ਨੇ ਪ੍ਰਧਾਨ ਮੰਤਰੀ ਲਈ ਇੱਕ ਸੁਨੇਹਾ ਭੇਜਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਆਪਣਾ ਹੀਰੋ ਆਖਿਆ ਹੈ। ਉਸ ਨੇ ਕਿਹਾ ਕਿ ਉਸਦੀ ਮਾਂ ਨੇ ਚਾਰ ਤੋਂ ਪੰਜ ਵਾਰ ਫ਼ੋਨ ਕੀਤਾ ਸੀ ਕਿ ਉਹ ਉਨ੍ਹਾਂ ਦੇ ਹੀਰੋ ਨੂੰ ਕਦੋਂ ਮਿਲੇਗੀ।
ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਖਿਡਾਰੀ ਮੈਦਾਨ 'ਤੇ ਆਪਣੀ ਸਫਲਤਾ ਤੋਂ ਬਾਅਦ ਦੇਸ਼ ਹੁਣ ਉਨ੍ਹਾਂ ਤੋਂ ਕੀ ਉਮੀਦ ਕਰਦਾ ਹੈ। ਸਮ੍ਰਿਤੀ ਨੇ ਜਵਾਬ ਦਿੱਤਾ ਕਿ ਹਰ ਵਾਰ ਜਦੋਂ ਉਹ ਵਿਸ਼ਵ ਕੱਪ ਲਈ ਤਿਆਰੀ ਕਰਦੀਆਂ ਹਨ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਇਸਨੂੰ ਜਿੱਤਣ ਨਾਲ ਨਾ ਸਿਰਫ਼ ਮਹਿਲਾ ਕ੍ਰਿਕਟ ਵਿੱਚ ਸਗੋਂ ਭਾਰਤ ਵਿੱਚ ਮਹਿਲਾ ਖੇਡਾਂ ਵਿੱਚ ਵੱਡਾ ਪ੍ਰਭਾਵ ਪਵੇਗਾ। ਉਸਨੇ ਕਿਹਾ ਕਿ ਇਹ ਇੱਕ ਕ੍ਰਾਂਤੀ ਸ਼ੁਰੂ ਕਰੇਗਾ ਅਤੇ ਟੀਮ ਵਿੱਚ ਉਸ ਬਦਲਾਅ ਨੂੰ ਅੱਗੇ ਵਧਾਉਣ ਦੀ ਸਮਰੱਥਾ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੀ ਸਫਲਤਾ ਸਦਕਾ ਉਨ੍ਹਾਂ ਕੋਲ ਬਹੁਤ ਪ੍ਰੇਰਣਾਦਾਇਕ ਸ਼ਕਤੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਘਰ ਵਾਪਸ ਆਉਣ ਤੋਂ ਬਾਅਦ, ਉਨ੍ਹਾਂ ਨੂੰ ਉਨ੍ਹਾਂ ਸਕੂਲਾਂ ਦਾ ਦੌਰਾ ਕਰਨਾ ਚਾਹੀਦਾ ਹੈ, ਜਿੱਥੇ ਉਹ ਪੜ੍ਹਦੀਆਂ ਸਨ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਇੱਕ ਦਿਨ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਬਹੁਤ ਸਾਰੇ ਸਵਾਲ ਪੁੱਛਣਗੇ ਅਤੇ ਉਨ੍ਹਾਂ ਨੂੰ ਜ਼ਿੰਦਗੀ ਭਰ ਯਾਦ ਰੱਖਣਗੇ ਅਤੇ ਇਹ ਤਜਰਬਾ ਖਿਡਾਰੀਆਂ ਨੂੰ ਵੀ ਪ੍ਰੇਰਿਤ ਕਰੇਗਾ। ਸ੍ਰੀ ਮੋਦੀ ਨੇ ਤਿੰਨ ਸਕੂਲਾਂ ਦੀ ਚੋਣ ਕਰਨ ਅਤੇ ਹਰ ਸਾਲ ਇੱਕ ਦਾ ਦੌਰਾ ਕਰਨ ਦਾ ਪ੍ਰਸਤਾਵ ਰੱਖਿਆ ਅਤੇ ਇਹ ਵੀ ਕਿਹਾ ਕਿ ਇਹ ਖਿਡਾਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰੇਗਾ।
ਪ੍ਰਧਾਨ ਮੰਤਰੀ ਨੇ ਫਿੱਟ ਇੰਡੀਆ ਮੁਹਿੰਮ ਵਿੱਚ, ਖ਼ਾਸਕਰ ਮੋਟਾਪੇ ਨੂੰ ਦੂਰ ਕਰਨ ਵਿੱਚ ਯੋਗਦਾਨ ਪਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖਰੀਦਦਾਰੀ ਦੇ ਸਮੇਂ ਤੇਲ ਦੀ ਖਪਤ ਨੂੰ 10% ਘਟਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਖਿਡਾਰੀਆਂ ਵੱਲੋਂ ਅਜਿਹੇ ਸੁਨੇਹੇ ਦਾ ਬਹੁਤ ਅਸਰ ਪਵੇਗਾ। ਖ਼ਾਸਕਰ ਧੀਆਂ ਲਈ ਅਤੇ ਸਰਗਰਮੀ ਨਾਲ ਯੋਗਦਾਨ ਪਾਉਣ ਲਈ, ਉਨ੍ਹਾਂ ਨੇ ਖਿਡਾਰੀਆਂ ਨੂੰ 'ਫਿੱਟ ਇੰਡੀਆ' ਦੀ ਵਕਾਲਤ ਕਰਨ ਲਈ ਉਤਸ਼ਾਹਿਤ ਕੀਤਾ।
ਇਹ ਜ਼ਿਕਰ ਕਰਦੇ ਹੋਏ ਕਿ ਜਦੋਂ ਉਹ ਪਹਿਲਾਂ ਕੁਝ ਖਿਡਾਰੀਆਂ ਨੂੰ ਮਿਲੇ ਸਨ, ਤਾਂ ਬਹੁਤ ਸਾਰੇ ਉਨ੍ਹਾਂ ਨੂੰ ਪਹਿਲੀ ਵਾਰ ਮਿਲ ਰਹੇ ਸਨ, ਸ੍ਰੀ ਮੋਦੀ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਣ 'ਤੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਨੂੰ ਮਿਲਣ ਲਈ ਉਤਸੁਕ ਰਹਿੰਦੇ ਹਨ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਨ।
ਸਮ੍ਰਿਤੀ ਮੰਧਾਨਾ ਨੇ ਜਵਾਬ ਦਿੱਤਾ ਕਿ ਉਹ ਉਨ੍ਹਾਂ ਦੇ ਸ਼ਬਦਾਂ ਨੂੰ ਜ਼ਰੂਰ ਯਾਦ ਰੱਖਣਗੇ ਅਤੇ ਜਦੋਂ ਵੀ ਮੌਕੇ ਮਿਲਣਗੇ ਇਸ ਸੁਨੇਹੇ ਅੱਗੇ ਪਹੁੰਚਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚੀ ਟੀਮ ਅਜਿਹੇ ਸੁਨੇਹਿਆਂ ਦਾ ਸਮਰਥਨ ਕਰਨ ਲਈ ਹਮੇਸ਼ਾ ਤਿਆਰ ਹੈ ਅਤੇ ਜਦੋਂ ਵੀ ਬੁਲਾਇਆ ਜਾਵੇਗਾ ਉਹ ਆਉਣਗੇ।
ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਇਕੱਠੇ ਮਿਲ ਕੇ, ਸਾਨੂੰ ਦੇਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਆਪਣੇ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ।
****************
ਐੱਮਜੇਪੀਐੱਸ/ਐੱਸਆਰ
(Release ID: 2187277)
Visitor Counter : 9
Read this release in:
Malayalam
,
Khasi
,
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada