ਰੱਖਿਆ ਮੰਤਰਾਲਾ
azadi ka amrit mahotsav

ਪੁਲਿਸ ਯਾਦਗਾਰੀ ਦਿਵਸ: ਰੱਖਿਆ ਮੰਤਰੀ ਨੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਪੁਲਿਸ ਸਮਾਰਕ 'ਤੇ ਪੁਸ਼ਪਾਂਜਲੀ ਭੇਟ ਕੀਤੀ; ਦੇਸ਼ ਦੀ ਸੇਵਾ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ

Posted On: 21 OCT 2025 12:02PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 21 ਅਕਤੂਬਰ, 2025 ਨੂੰ ਪੁਲਿਸ ਯਾਦਗਾਰੀ ਦਿਵਸ ਦੇ ਮੌਕੇ 'ਤੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਪੁਲਿਸ ਸਮਾਰਕ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਲ 1959 ਵਿੱਚ ਅੱਜ ਦੇ ਹੀ ਦਿਨ, ਲੱਦਾਖ ਦੇ ਹੌਟ ਸਪ੍ਰਿੰਗਸ ਖੇਤਰ ਵਿੱਚ ਭਾਰੀ ਹਥਿਆਰਾਂ ਨਾਲ ਲੈਸ ਚੀਨੀ ਸੈਨਿਕਾਂ ਦੁਆਰਾ ਕੀਤੇ ਗਏ ਇੱਕ ਹਮਲੇ ਵਿੱਚ 10 ਬਹਾਦਰ ਪੁਲਿਸ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ।

 

ਆਪਣੇ ਸੰਬੋਧਨ ਵਿੱਚ, ਰਕਸ਼ਾ ਮੰਤਰੀ ਨੇ ਸ਼ਹੀਦ ਨਾਇਕਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਅਜਿੱਤ ਸਾਹਸ ਅਤੇ ਸੇਵਾ ਲਈ ਪੁਲਿਸ ਅਤੇ ਅਰਧ ਸੈਨਿਕ ਬਲਾਂ ਦਾ ਸੇਵਾ ਲਈ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲ ਅਤੇ ਪੁਲਿਸ ਬਲ ਦੋਵੇਂ ਹੀ ਰਾਸ਼ਟਰੀ ਸੁਰੱਖਿਆ ਦੇ ਮਜ਼ਬੂਤ ​​ਥੰਮ੍ਹ ਹਨ, ਜਿੱਥੇ ਹਥਿਆਰਬੰਦ ਬਲ ਦੇਸ਼ ਦੀਆਂ ਸਰਹੱਦਾਂ ਅਤੇ ਭੂਗੋਲਿਕ ਅਖੰਡਤਾ ਦੀ ਰੱਖਿਆ ਕਰਦੇ ਹਨ, ਉੱਥੇ ਹੀ ਪੁਲਿਸ ਬਲ ਸਮਾਜ ਦੀ ਸੁਰੱਖਿਆ ਅਤੇ ਸਮਾਜਿਕ ਅਖੰਡਤਾ ਨੂੰ ਯਕੀਨੀ ਬਣਾਉਂਦੇ ਹਨ। 

 

ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੈਨਾ ਅਤੇ ਪੁਲਿਸ ਭਾਵੇਂ ਵੱਖ-ਵੱਖ ਪਲੈਟਫਾਰਮਾਂ 'ਤੇ ਕੰਮ ਕਰਦੇ ਹਨ, ਪਰ ਉਨ੍ਹਾਂ ਦਾ ਮਿਸ਼ਨ ਇੱਕ ਹੀ ਹੈ - ਰਾਸ਼ਟਰ ਦੀ ਰੱਖਿਆ ਕਰਨਾ। ਸ਼੍ਰੀ ਸਿੰਘ ਨੇ ਕਿਹਾ "ਜਦੋਂ ਅਸੀਂ 2047 ਤੱਕ ਇੱਕ ਵਿਕਸਿਤ ਭਾਰਤ ਦੀ ਦਿਸ਼ਾ ਵੱਲ ਵਧ ਰਹੇ ਹਾਂ, ਤਾਂ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਵਿਚਕਾਰ ਸੰਤੁਲਨ ਬਣਾਈ ਰੱਖਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ"।

 

ਸ਼੍ਰੀ ਰਾਜਨਾਥ ਸਿੰਘ ਨੇ ਮੌਜੂਦਾ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿੱਥੇ ਇੱਕ ਪਾਸੇ ਸਰਹੱਦਾਂ 'ਤੇ ਅਸਥਿਰਤਾ ਬਣੀ ਹੋਈ ਹੈ, ਉੱਥੇ ਹੀ ਦੂਸਰੇ ਪਾਸੇ ਸਮਾਜ ਦੇ ਅੰਦਰ ਅਪਰਾਧ, ਅੱਤਵਾਦ ਅਤੇ ਵਿਚਾਰਧਾਰਕ ਯੁੱਧ ਦੇ ਨਵੇਂ ਰੂਪ ਉੱਭਰ ਰਹੇ ਹਨ। ਉਨ੍ਹਾਂ ਕਿਹਾ ਕਿ ਅਪਰਾਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੰਗਠਿਤ, ਅਦਿੱਖ ਅਤੇ ਸੂਝਵਾਨ ਹੋ ਗਿਆ ਹੈ, ਜਿਸ ਦਾ ਉਦੇਸ਼ ਸਮਾਜ ਵਿੱਚ ਅਰਾਜਕਤਾ ਫੈਲਾਉਣਾ, ਆਪਸੀ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਅਤੇ ਰਾਸ਼ਟਰੀ ਸਥਿਰਤਾ ਨੂੰ ਚੁਣੌਤੀ ਦੇਣਾ ਹੈ।

 

ਰਕਸ਼ਾ ਮੰਤਰੀ ਨੇ ਅਪਰਾਧ ਨਿਯੰਤਰਣ ਦੀ ਆਪਣੀ ਅਧਿਕਾਰਿਤ ਜ਼ਿੰਮੇਵਾਰੀ ਦੇ ਨਾਲ-ਨਾਲ ਸਮਾਜ ਵਿੱਚ ਵਿਸ਼ਵਾਸ ਨੂੰ ਬਣਾਈ ਰੱਖਣ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਵਫ਼ਾਦਾਰੀ ਨਾਲ ਨਿਭਾਉਣ ਲਈ ਪੁਲਿਸ ਬਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਜੇਕਰ ਅੱਜ ਨਾਗਰਿਕ ਸ਼ਾਂਤੀ ਨਾਲ ਸੌਂ ਪਾ ਰਹੇ ਹਨ, ਤਾਂ ਇਸ ਦਾ ਕ੍ਰੈਡਿਟ ਸਾਡੇ ਚੌਕਸ ਹਥਿਆਰਬੰਦ ਬਲਾਂ ਅਤੇ ਚੌਕਸ ਪੁਲਿਸ ਕਰਮਚਾਰੀਆਂ ‘ਤੇ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਨੂੰ ਜਾਂਦਾ ਹੈ। ਇਹੀ ਵਿਸ਼ਵਾਸ ਸਾਡੇ ਦੇਸ਼ ਦੀ ਸਥਿਰਤਾ ਅਤੇ ਸੁਰੱਖਿਆ ਦੀ ਸਭ ਤੋਂ ਮਜ਼ਬੂਤ ​​ਨੀਂਹ ਹੈ।"

 

ਲੰਬੇ ਸਮੇਂ ਤੱਕ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਇੱਕ ਗੰਭੀਰ ਚੁਣੌਤੀ ਬਣੇ ਨਕਸਲਵਾਦ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੁਲਿਸ, ਸੀਆਰਪੀਐੱਫ, ਬੀਐੱਸਐੱਫ ਅਤੇ ਸਥਾਨਕ ਪ੍ਰਸ਼ਾਸਨ ਦੇ ਸਾਂਝੇ ਅਤੇ ਠੋਸ ਯਤਨਾਂ ਨੇ ਇਸ ਸਮੱਸਿਆ ਦੇ ਵਿਸਤਾਰ ਨੂੰ ਰੋਕਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਖੱਬੇ ਪੱਖੀ ਉਗਰਵਾਦੀਆਂ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੇ ਹੁਣ ਰਾਹਤ ਦਾ ਸਾਹ ਲਿਆ ਹੈ, ਕਿਉਂਕਿ ਅਸ਼ਾਂਤੀ ਦੀ ਥਾਂ ਵਿਸ਼ਵਾਸ ਅਤੇ ਵਿਕਾਸ ਦਾ ਮਾਹੌਲ ਸਥਾਪਿਤ ਹੋ ਰਿਹਾ ਹੈ। ਰਕਸ਼ਾ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਅਗਲੇ ਸਾਲ ਮਾਰਚ ਤੱਕ ਨਕਸਲਵਾਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਕਈ ਚੋਟੀ ਦੇ ਨਕਸਲਵਾਦੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ, ਅਤੇ ਜੋ ਲੋਕ ਪਹਿਲਾਂ ਦੇਸ਼ ਦੇ ਵਿਰੁੱਧ ਹਥਿਆਰ ਚੁੱਕਦੇ ਸਨ,  ਉਹ ਹੁਣ ਆਤਮ ਸਮਰਪਣ ਕਰਕੇ ਵਿਕਾਸ ਦੀ ਮੁੱਖਧਾਰਾ ਵਿੱਚ ਸ਼ਾਮਲ ਹੋ ਰਹੇ ਹਨ। ਰਕਸ਼ਾ ਮੰਤਰੀ ਨੇ ਕਿਹਾ ਕਿ ਖੱਬੇ ਪੱਖੀ ਉੱਗਰਵਾਦ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ, ਜੋ ਖੇਤਰ ਕਦੇ ਨਕਸਲਵਾਦ ਦੇ ਗੜ੍ਹ ਮੰਨੇ ਜਾਂਦੇ ਸਨ, ਉਹ ਖੇਤਰ ਹੁਣ ਸਿੱਖਿਆ ਅਤੇ ਤਰੱਕੀ ਦੇ ਕੇਂਦਰ ਬਣ ਰਹੇ ਹਨ। ਉਨ੍ਹਾਂ ਕਿਹਾ, "ਜੋ ਖੇਤਰ ਕਦੇ 'ਲਾਲ ਕੌਰੀਡੋਰ' ਵਜੋਂ ਜਾਣੇ ਜਾਂਦੇ ਸੀ, ਉਹ ਹੁਣ 'ਵਿਕਾਸ ਕੌਰੀਡੋਰ' ਵਿੱਚ ਬਦਲ ਗਏ ਹਨ। ਇਸ ਤਬਦੀਲੀ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦਾ ਯੋਗਦਾਨ ਬਹੁਤ ਸ਼ਲਾਘਾਯੋਗ ਅਤੇ ਫੈਸਲਾਕੁੰਨ ਰਿਹਾ ਹੈ।"

 

ਰਕਸ਼ਾ ਮੰਤਰੀ ਨੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ ਅਤੇ ਇਸ ਦਿਸ਼ਾ ਵਿੱਚ ਪੁਲਿਸ ਬਲਾਂ ਦੀ ਨਿਰੰਤਰ ਭੂਮਿਕਾ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ, ਇੱਕ ਰਾਸ਼ਟਰ ਵਜੋਂ, ਅਸੀਂ ਪੁਲਿਸ ਦੇ ਯੋਗਦਾਨ ਨੂੰ ਪੂਰੀ ਤਰ੍ਹਾਂ ਮਾਨਤਾ ਨਹੀਂ ਦਿੰਦੇ ਸੀ, ਪਰ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, 2018 ਵਿੱਚ ਰਾਸ਼ਟਰੀ ਪੁਲਿਸ ਸਮਾਰਕ ਦੀ ਸਥਾਪਨਾ ਕਰਕੇ ਇਸ ਇਤਿਹਾਸਕ ਪਾੜੇ ਨੂੰ ਪੂਰਾ ਕੀਤਾ ਗਿਆ। ਸ਼੍ਰੀ ਸਿੰਘ ਨੇ ਕਿਹਾ ਕਿ ਸਰਕਾਰ ਨੇ ਪੁਲਿਸ ਬਲਾਂ ਨੂੰ ਅਤਿ-ਆਧੁਨਿਕ ਹਥਿਆਰਾਂ, ਉਪਕਰਣਾਂ ਅਤੇ ਸਹੂਲਤਾਂ ਨਾਲ ਲੈਸ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਹੁਣ ਉੱਨਤ ਨਿਗਰਾਨੀ ਪ੍ਰਣਾਲੀਆਂ, ਡਰੋਨ, ਆਧੁਨਿਕ ਫੌਰੈਂਸਿਕ ਪ੍ਰਯੋਗਸ਼ਾਲਾਵਾਂ ਅਤੇ ਡਿਜੀਟਲ ਪੁਲਿਸਿੰਗ ਜਿਹੀਆਂ ਅਤਿ-ਆਧੁਨਿਕ ਸਮਰੱਥਾਵਾਂ ਉਪਲਬਧ ਹਨ। ਰਕਸ਼ਾ ਮੰਤਰੀ ਨੇ ਕਿਹਾ, "ਪੁਲਿਸ ਬਲਾਂ ਦੇ ਆਧੁਨਿਕੀਕਰਣ ਲਈ ਰਾਜਾਂ ਨੂੰ ਲੋੜੀਂਦੇ ਸਰੋਤ ਉਪਲਬਧ ਕਰਵਾਏ ਜਾ ਰਹੇ ਹਨ।" ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਸਰੋਤਾਂ ਦੀ ਸਰਵੋਤਮ ਵਰਤੋਂ ਉਦੋਂ ਹੀ ਸੰਭਵ ਹੈ ਜਦੋਂ ਸਾਰੀਆਂ ਸੁਰੱਖਿਆ ਏਜੰਸੀਆਂ ਬਿਹਤਰ ਤਾਲਮੇਲ ਅਤੇ ਏਕੀਕਰਣ ਨਾਲ ਕੰਮ ਕਰਨ।

 

ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਅਤੇ ਪੁਲਿਸ ਇੱਕ ਦੂਜੇ ਦੇ ਪੂਰਕ ਅਤੇ ਇੱਕ ਦੂਜੇ 'ਤੇ ਨਿਰਭਰ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ, ਵਧੇਰੇ ਪ੍ਰਭਾਵਸ਼ਾਲੀ ਅਤੇ ਵਧੇਰੇ ਚੌਕਸ ਬਣਾਉਣ ਲਈ ਦੋਵਾਂ ਵਿਚਕਾਰ ਸੰਤੁਲਿਤ ਅਤੇ ਭਰੋਸੇਮੰਦ ਸਬੰਧ ਬਣਾਈ ਰੱਖਣਾ ਜ਼ਰੂਰੀ ਹੈ। ਸ਼੍ਰੀ ਸਿੰਘ ਨੇ ਕਿਹਾ, "ਪੁਲਿਸ ਵਿਵਸਥਾ ਉਦੋਂ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦੀ ਹੈ ਜਦੋਂ ਨਾਗਰਿਕ ਸਰਗਰਮ ਭਾਗੀਦਾਰੀ ਨਾਲ ਕਾਨੂੰਨ ਦਾ ਸਤਿਕਾਰ ਕਰਨ ਅਤੇ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਅਤੇ ਪੁਲਿਸ ਵਿਚਕਾਰ ਸਬੰਧ ਆਪਸੀ ਸਮਝ, ਸਹਿਯੋਗ ਅਤੇ ਜ਼ਿੰਮੇਵਾਰੀ ਦੀ ਭਾਵਨਾ 'ਤੇ ਅਧਾਰਿਤ ਹੁੰਦੇ ਹਨ, ਤਾਂ ਦੋਵੇਂ ਮਜ਼ਬੂਤ ​​ਅਤੇ ਖੁਸ਼ਹਾਲ ਬਣਦੇ ਹਨ।"

ਇਸ ਸਮਾਗਮ ਦੇ ਤਹਿਤ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਅਤੇ ਦਿੱਲੀ ਪੁਲਿਸ ਦੀ ਇੱਕ ਪ੍ਰਭਾਵਸ਼ਾਲੀ ਸਾਂਝੀ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਬੰਦੀ ਸੰਜੈ ਕੁਮਾਰ, ਗ੍ਰਹਿ ਸਕੱਤਰ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਬੀਐੱਸਐੱਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਸਮੇਤ ਹੋਰ ਸੀਨੀਅਰ ਸੀਏਪੀਐੱਫ ਅਧਿਕਾਰੀ, ਸੇਵਾਮੁਕਤ ਡਾਇਰੈਕਟਰ ਜਨਰਲ ਅਤੇ ਕਈ ਪੁਲਿਸ ਅਧਿਕਾਰੀ ਮੌਜੂਦ ਸਨ।

 

****

ਵੀਕੇ/ਐੱਸਆਰ/ਸੇਵੀ/ਏਕੇ


(Release ID: 2181297) Visitor Counter : 4