ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਈਐੱਨਐੱਸ ਵਿਕਰਾਂਤ ‘ਤੇ ਹਥਿਆਰਬੰਦ ਫ਼ੌਜਾਂ ਨਾਲ ਦੀਵਾਲੀ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ


Posted On: 20 OCT 2025 1:46PM by PIB Chandigarh

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਅੱਜ ਦਾ ਇਹ ਦਿਨ ਸ਼ਾਨਦਾਰ ਹੈ, ਇਹ ਪਲ ਯਾਦਗਾਰੀ ਹੈ, ਇਹ ਦ੍ਰਿਸ਼ ਸ਼ਾਨਦਾਰ ਹੈ। ਅੱਜ ਮੇਰੇ ਇੱਕ ਪਾਸੇ ਅਥਾਹ ਸਮੁੰਦਰ ਹੈ, ਤਾਂ ਦੂਜੇ ਪਾਸੇ ਮਾਂ ਭਾਰਤੀ ਦੇ ਵੀਰ ਸਿਪਾਹੀਆਂ ਦੀ ਅਥਾਹ ਤਾਕਤ ਹੈ। ਅੱਜ ਮੇਰੇ ਇੱਕ ਪਾਸੇ ਅਨੰਤ ਦਿਸਹੱਦਾ ਹੈ, ਅਨੰਤ ਆਕਾਸ਼ ਹੈ, ਤਾਂ ਦੂਜੇ ਪਾਸੇ ਅਨੰਤ ਸ਼ਕਤੀਆਂ ਵਾਲਾ ਇਹ ਵਿਸ਼ਾਲ, ਵਿਰਾਟ ਆਈਐੱਨਐੱਸ ਵਿਕਰਾਂਤ ਹੈ। ਸਮੁੰਦਰ ਦੇ ਪਾਣੀ ‘ਤੇ ਸੂਰਜ ਦੀਆਂ ਕਿਰਨਾਂ ਦੀ ਇਹ ਚਮਕ ਇੱਕ ਤਰੀਕੇ ਨਾਲ ਬਹਾਦਰ ਜਵਾਨਾਂ ਵੱਲੋਂ ਜਗਾਏ ਦੀਵਾਲੀ ਦੇ ਦੀਵੇ ਹਨ। ਇਹ ਸਾਡੀਆਂ ਅਲੌਕਿਕ ਦੀਪ ਮਾਲਾਵਾਂ ਹਨ, ਮੇਰਾ ਸੁਭਾਗ ਹੈ ਕਿ ਇਸ ਵਾਰ ਮੈਂ ਨੌ-ਸੈਨਾ ਦੇ ਸਭ ਵੀਰ ਜਵਾਨਾਂ ਦਰਮਿਆਨ ਇਹ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾ ਰਿਹਾ ਹਾਂ।

ਸਾਥੀਓ,

ਆਈਐੱਨਐੱਸ ਵਿਕਰਾਂਤ ‘ਤੇ ਬਿਤਾਈ ਕੱਲ੍ਹ ਦੀ ਰਾਤ, ਇਸ ਅਨੁਭਵ ਨੂੰ ਸ਼ਬਦਾਂ ਵਿੱਚ ਕਹਿਣਾ ਮੁਸ਼ਕਲ ਹੈ। ਮੈਂ ਦੇਖ ਰਿਹਾ ਸੀ, ਜੋ ਉਮੰਗ–ਉਤਸ਼ਾਹ ਨਾਲ ਤੁਸੀਂ ਭਰੇ ਹੋਏ ਸੀ, ਅਤੇ ਜਦ ਮੈਂ ਦੇਖਿਆ ਕਿ ਤੁਸੀਂ ਆਪਣੇ ਰਚੇ ਹੋਏ ਗੀਤ ਗਾਏ, ਅਤੇ ਸ਼ਾਇਦ ਜਿਵੇਂ ਤੁਸੀਂ ਗੀਤਾਂ ਵਿੱਚ "ਓਪਰੇਸ਼ਨ ਸਿੰਧੂਰ" ਦਾ ਵਰਣਨ ਕੀਤਾ, ਸ਼ਾਇਦ ਕੋਈ ਕਵੀ ਇਸ ਭਾਵਨਾ ਨੂੰ ਪ੍ਰਗਟ ਨਾ ਕਰ ਸਕੇ, ਜੋ ਯੁੱਧ ਦੇ ਮੈਦਾਨ ਵਿੱਚ ਖੜ੍ਹਾ ਜਵਾਨ ਕਰ ਸਕਦਾ ਹੈ। ਇੱਕ ਪਾਸੇ ਮੈਂ ਦੇਖ ਰਿਹਾ ਸੀ ਫ਼ੌਜ ਦੀ ਤਾਕਤ ਨੂੰ।

ਸਾਥੀਓ,

ਇਹ ਵੱਡੇ–ਵੱਡੇ ਬੇੜੇ, ਹਵਾ ਨਾਲੋਂ ਵੀ ਤੇਜ਼ ਗਤੀ ਨਾਲ ਚੱਲਣ ਵਾਲੇ ਹਵਾਈ ਜਹਾਜ਼, ਇਹ ਪਣਡੁੱਬੀਆਂ —ਇਹ ਸਭ ਆਪਣੀ ਜਗ੍ਹਾ ‘ਤੇ ਹਨ। ਪਰ ਜੋ ਜਜ਼ਬਾ ਤੁਹਾਡੇ ਅੰਦਰ ਹੈ, ਉਹ ਉਨ੍ਹਾਂ ਨੂੰ ਵੀ ਜਾਨਦਾਰ ਬਣਾ ਦਿੰਦਾ ਹੈ। ਇਹ ਬੇੜੇ ਭਾਵੇਂ ਲੋਹੇ ਦੇ ਹੋਣ, ਪਰ ਜਦ ਤੁਸੀਂ ਉਨ੍ਹਾਂ ‘ਤੇ ਸਵਾਰ ਹੁੰਦੇ ਹੋ, ਓਦੋਂ ਉਹ ਜਾਂਬਾਜ਼ ਜੀਵੰਤ ਫ਼ੌਜੀ ਬਣ ਜਾਂਦੇ ਹਨ। ਮੈਂ ਕੱਲ੍ਹ ਤੋਂ ਤੁਹਾਡੇ ਵਿਚਕਾਰ ਹਾਂ, ਹਰ ਪਲ ਮੈਂ ਕੁਝ ਨਾ ਕੁਝ ਸਿੱਖ ਰਿਹਾ ਹਾਂ, ਕੁਝ ਨਾ ਕੁਝ ਜਾਣ ਰਿਹਾ ਹਾਂ। ਜਦ ਦਿੱਲੀ ਤੋਂ ਨਿਕਲਿਆ ਸੀ, ਤਾਂ ਮਨ ਕਰਦਾ ਸੀ ਕਿ ਮੈਂ ਵੀ ਇਸ ਪਲ ਨੂੰ ਜੀਅ ਲਵਾਂ।

ਪਰ ਸਾਥੀਓ,

ਤੁਹਾਡੀ ਮਿਹਨਤ, ਤੁਹਾਡੀ ਤਪੱਸਿਆ, ਤੁਹਾਡੀ ਸਾਧਨਾ, ਤੁਹਾਡਾ ਸਮਰਪਣ—ਇਹ ਇੰਨੀ ਉੱਚਾਈ ‘ਤੇ ਹੈ, ਇੰਨੀ ਉਚਾਈ ‘ਤੇ ਹੈ ਕਿ ਮੈਂ ਉਸ ਨੂੰ ਜੀਅ ਨਹੀਂ ਸਕਿਆ। ਪਰ ਜਾਣ ਜ਼ਰੂਰ ਸਕਿਆ ਹਾਂ, ਸਮਝ ਸਕਿਆ ਹਾਂ। ਮੈਂ ਅੰਦਾਜ਼ਾ ਲਾ ਸਕਦਾ ਹਾਂ ਕਿ ਇਸਨੂੰ ਜੀਣਾ ਕਿੰਨਾ ਔਖਾ ਹੋਵੇਗਾ। ਪਰ ਜਦ ਮੈਂ ਤੁਹਾਡੇ ਨੇੜੇ ਰਹਿ ਕੇ ਤੁਹਾਡੇ ਸਾਹ ਨੂੰ ਮਹਿਸੂਸ ਕਰ ਰਿਹਾ ਸੀ, ਤੁਹਾਡੀ ਧੜਕਣ ਨੂੰ ਮਹਿਸੂਸ ਕਰ ਰਿਹਾ ਸੀ, ਤੁਹਾਡੀਆਂ ਅੱਖਾਂ ਦੀ ਉਹ ਚਮਕ ਦੇਖ ਰਿਹਾ ਸੀ, ਤਦ ਕੱਲ੍ਹ ਜਦ ਮੈਂ ਸੁੱਤਾ—ਕੱਲ੍ਹ ਥੋੜ੍ਹਾ ਜਲਦੀ ਸੁੱਤਾ, ਜੋ ਮੈਂ ਕਦੇ ਸੌਂਦਾ ਨਹੀਂ ਹਾਂ। ਸ਼ਾਇਦ ਜਲਦੀ ਸੌਣ ਦਾ ਕਾਰਨ ਵੀ ਇਹੀ ਸੀ ਕਿ ਦਿਨ ਭਰ ਤੁਹਾਨੂੰ ਵੇਖਣ ਤੋਂ ਬਾਅਦ ਅੰਦਰ ਜੋ ਸੰਤੋਖ ਦਾ ਭਾਵ ਸੀ, ਉਹ ਨੀਂਦ ਮੇਰੀ ਨਹੀਂ ਸੀ, ਸੰਤੋਖ ਦੀ ਨੀਂਦ ਸੀ।

ਸਾਥੀਓ,

ਸਮੁੰਦਰ ਦੀ ਡੂੰਘੀ ਰਾਤ ਅਤੇ ਸਵੇਰ ਦਾ ਸੂਰਜ ਚੜ੍ਹਨਾ—ਮੇਰੀ ਦੀਵਾਲੀ ਕਈ ਅਰਥਾਂ ਵਿੱਚ ਖ਼ਾਸ ਬਣ ਗਈ ਹੈ ਅਤੇ ਇਸ ਲਈ ਤੁਹਾਡੇ ਵਿਚਕਾਰ ਫਿਰ ਇੱਕ ਵਾਰ ਦੀਵਾਲੀ ਦੀਆਂ ਬਹੁਤ–ਬਹੁਤ ਸ਼ੁਭਕਾਮਨਾਵਾਂ! ਤੁਹਾਨੂੰ ਵੀ ਸ਼ੁਭਕਾਮਨਾਵਾਂ ਅਤੇ ਆਈਐੱਨਐੱਸ ਵਿਕਰਾਂਤ ਦੀ ਇਸ ਵੀਰ ਭੂਮੀ ਤੋਂ ਕਰੋੜਾਂ ਦੇਸ਼-ਵਾਸੀਆਂ ਨੂੰ ਵੀ ਦੀਵਾਲੀ ਦੀਆਂ ਬਹੁਤ–ਬਹੁਤ ਸ਼ੁਭਕਾਮਨਾਵਾਂ  ਅਤੇ ਖ਼ਾਸ ਤੁਹਾਡੇ ਪਰਿਵਾਰਕ ਜੀਆਂ ਨੂੰ ਦੀਵਾਲੀ ਦੀਆਂ ਬਹੁਤ ਸ਼ੁਭਕਾਮਨਾਵਾਂ!

ਸਾਥੀਓ,

ਦੀਵਾਲੀ ਦੇ ਤਿਉਹਾਰ ‘ਤੇ ਹਰ ਕਿਸੇ ਦਾ ਮਨ ਕਰਦਾ ਹੈ ਕਿ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਮਨਾਏ। ਮੈਨੂੰ ਵੀ ਮੇਰੇ ਪਰਿਵਾਰ ਦੇ ਨਾਲ ਦੀਵਾਲੀ ਮਨਾਉਣ ਦੀ ਆਦਤ ਹੋ ਗਈ ਹੈ ਅਤੇ ਇਸ ਲਈ ਤੁਸੀਂ ਜੋ ਮੇਰੇ ਪਰਿਵਾਰ ਦੀ ਜੀਅ ਹੋ ਨਾ, ਤੁਹਾਡੇ ਨਾਲ ਮੈਂ ਦੀਵਾਲੀ ਮਨਾਉਣ ਆ ਗਿਆ ਹਾਂ। ਮੈਂ ਤੁਹਾਡੇ ਨਾਲ ਇਹ ਦੀਵਾਲੀ ਮੇਰੇ ਪਰਿਵਾਰ ਦੇ ਜੀਆਂ ਨਾਲ ਮਨਾ ਰਿਹਾ ਹਾਂ ਅਤੇ ਇਸ ਲਈ ਇਹ ਦੀਵਾਲੀ ਮੇਰੇ ਲਈ ਖ਼ਾਸ ਹੈ।

ਸਾਥੀਓ,

ਮੈਨੂੰ ਯਾਦ ਹੈ, ਜਦ ਆਈਐੱਨਐੱਸ ਵਿਕਰਾਂਤ ਨੂੰ ਦੇਸ਼ ਨੂੰ ਸਮਰਪਿਤ ਕੀਤਾ ਜਾ ਰਿਹਾ ਸੀ, ਤਾਂ ਮੈਂ ਕਿਹਾ ਸੀ—ਵਿਕਰਾਂਤ ਵਿਸ਼ਾਲ ਹੈ, ਵਿਰਾਟ ਹੈ, ਪ੍ਰੇਰਨਾਦਾਇਕ ਹੈ। ਵਿਕਰਾਂਤ ਖ਼ਾਸ ਹੈ, ਵਿਕਰਾਂਤ ਵਿਸ਼ੇਸ਼ ਵੀ ਹੈ। ਵਿਕਰਾਂਤ ਕੇਵਲ ਇੱਕ ਜੰਗੀ ਬੇੜਾ ਨਹੀਂ ਹੈ, ਇਹ 21ਵੀਂ ਸਦੀ ਦੇ ਭਾਰਤ ਦੀ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਤੁਹਾਨੂੰ ਸਭ ਨੂੰ ਯਾਦ ਹੋਵੇਗਾ, ਜਿਸ ਦਿਨ ਦੇਸ਼ ਨੂੰ ਸਵਦੇਸ਼ੀ ਆਈਐੱਨਐੱਸ ਵਿਕਰਾਂਤ ਮਿਲਿਆ ਸੀ, ਉਸੇ ਦਿਨ ਭਾਰਤੀ ਨੌ-ਸੈਨਾ ਨੇ ਗ਼ੁਲਾਮੀ ਦੇ ਇੱਕ ਵੱਡੇ ਪ੍ਰਤੀਕ ਚਿੰਨ੍ਹ ਦਾ ਤਿਆਗ ਕੀਤਾ ਸੀ। ਸਾਡੀ ਨੇਵੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰੇਰਨਾ ਤੋਂ ਨਵਾਂ ਝੰਡਾ ਅਪਣਾਇਆ ਸੀ। ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜੈ!ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜੈ! ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜੈ!

ਸਾਥੀਓ,

ਸਾਡਾ ਆਈਐੱਨਐੱਸ ਵਿਕਰਾਂਤ ਅੱਜ ਆਤਮ-ਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦਾ ਬਹੁਤ ਵੱਡਾ ਪ੍ਰਤੀਕ ਹੈ। ਮਹਾਸਾਗਰ ਨੂੰ ਚੀਰਦਾ ਹੋਇਆ, ਸਵਦੇਸ਼ੀ ਆਈਐੱਨਐੱਸ ਵਿਕਰਾਂਤ ਭਾਰਤ ਦੀ ਫ਼ੌਜੀ ਸਮਰੱਥਾ ਦਾ ਪ੍ਰਤੀਬਿੰਬ ਹੈ। ਹੁਣੇ ਕੁਝ ਹੀ ਮਹੀਨੇ ਪਹਿਲਾਂ ਅਸੀਂ ਦੇਖਿਆ ਕਿ ਵਿਕਰਾਂਤ ਨੇ ਆਪਣੇ ਨਾਮ ਨਾਲ ਹੀ ਪੂਰੇ ਪਾਕਿਸਤਾਨ ਦੀਆਂ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ। ਜਿਸਦਾ ਨਾਮ ਹੀ ਦੁਸ਼ਮਣ ਦੇ ਹੌਸਲੇ ਦਾ ਅੰਤ ਕਰ ਦੇਵੇ — ਉਹ ਹੈ ਆਈਐੱਨਐੱਸ ਵਿਕਰਾਂਤ! ਉਹ ਹੈ ਆਈਐੱਨਐੱਸ ਵਿਕਰਾਂਤ! ਉਹ ਹੈ ਆਈਐੱਨਐੱਸ ਵਿਕਰਾਂਤ!

ਸਾਥੀਓ,

ਮੈਂ ਇਸ ਮੌਕੇ ‘ਤੇ ਸਾਡੀਆਂ ਫ਼ੌਜਾਂ ਨੂੰ ਖ਼ਾਸ ਤੌਰ ‘ਤੇ ਸਲਾਮ ਕਰਨਾ ਚਾਹੁੰਦਾ ਹਾਂ। ਭਾਰਤੀ ਨੌ-ਸੈਨਾ ਵੱਲੋਂ ਜੋ ਡਰ ਪੈਦਾ ਕੀਤਾ ਗਿਆ ਹੈ, ਭਾਰਤੀ ਹਵਾਈ ਫ਼ੌਜ ਵੱਲੋਂ ਦਿਖਾਇਆ ਗਿਆ ਅਦਭੁਤ ਹੁਨਰ, ਭਾਰਤੀ ਫ਼ੌਜ ਦੀ ਜਾਂਬਾਜ਼ੀ ਅਤੇ ਤਿੰਨਾਂ ਫ਼ੌਜਾਂ ਦੇ ਸ਼ਾਨਦਾਰ ਤਾਲਮੇਲ ਨੇ “ਓਪਰੇਸ਼ਨ ਸਿੰਧੂਰ” ਵਿੱਚ ਪਾਕਿਸਤਾਨ ਨੂੰ ਇੰਨੀ ਜਲਦੀ ਗੋਡੇ ਟੇਕਣ ‘ਤੇ ਮਜਬੂਰ ਕਰ ਦਿੱਤਾ ਸੀ। ਅਤੇ ਇਸ ਲਈ ਸਾਥੀਓ, ਅੱਜ ਮੈਂ ਫਿਰ ਇੱਕ ਵਾਰ ਆਈਐੱਨਐੱਸ ਵਿਕਰਾਂਤ ਦੇ ਇਸ ਪਵਿੱਤਰ ਸਾਧਨਾ ਸਥਾਨ ਤੋਂ, ਸ਼ਕਤੀਸ਼ਾਲੀ ਸਥਾਨ ਤੋਂ, ਤਿੰਨਾਂ ਫ਼ੌਜਾਂ ਦੇ ਬਹਾਦਰ ਜਵਾਨਾਂ ਨੂੰ ਫਿਰ ਇੱਕ ਵਾਰ ਸਲੂਟ ਕਰਦਾ ਹਾਂ।

ਸਾਥੀਓ,

ਜਦ ਦੁਸ਼ਮਣ ਸਾਹਮਣੇ ਹੋਵੇ, ਜਦ ਯੁੱਧ ਦੀ ਸੰਭਾਵਨਾ ਹੋਵੇ, ਅਤੇ ਜਦ ਕਿਸੇ ਕੋਲ ਆਪਣੇ ਦਮ ‘ਤੇ ਲੜਨ ਦੀ ਤਾਕਤ ਹੋਵੇ, ਤਾਂ ਉਸ ਦਾ ਪੱਲੜਾ ਹਮੇਸ਼ਾ ਭਾਰੀ ਰਹਿੰਦਾ ਹੈ। ਫ਼ੌਜਾਂ ਦੇ ਸ਼ਕਤੀਸ਼ਾਲੀ ਹੋਣ ਲਈ ਉਨ੍ਹਾਂ ਦਾ ਆਤਮ-ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਇਹ ਬਹਾਦਰ ਜਵਾਨ ਇਸੀ ਮਿੱਟੀ ਵਿੱਚ ਪੈਦਾ ਹੋਏ ਹਨ, ਇਸੀ ਮਿੱਟੀ ਵਿੱਚ ਜੰਮੇ-ਪਲ਼ੇ ਹਨ। ਜਿਸ ਮਾਂ ਦੀ ਗੋਦ ਤੋਂ ਉਨ੍ਹਾਂ ਨੇ ਜਨਮ ਲਿਆ ਹੈ, ਉਹ ਮਾਂ ਵੀ ਇਸੀ ਮਿੱਟੀ ਵਿੱਚ ਪਲ਼ੀ ਹੈ, ਅਤੇ ਇਸ ਲਈ ਇਸ ਮਿੱਟੀ ਲਈ ਮਰਨ ਦੀ, ਇਸ ਮਿੱਟੀ ਦੇ ਮਾਣ–ਸਨਮਾਨ ਲਈ ਆਪਣੇ ਆਪ ਨੂੰ ਖਪਾ ਦੇਣ ਦੀ ਉਹ ਪ੍ਰੇਰਨਾ ਰੱਖਦਾ ਹੈ। ਦੁਨੀਆ ਤੋਂ ਸਾਢੇ ਛੇ ਫੁੱਟ ਦੇ ਹੱਟੇ–ਕੱਟੇ ਜਵਾਨਾਂ ਨੂੰ ਲਿਆ ਕੇ ਮੈਂ ਖੜ੍ਹਾ ਕਰ ਦਿਆਂ ਤੇ ਕਹਾਂ—ਤੁਹਾਨੂੰ ਬਹੁਤ ਪੈਸੇ ਦੇਵਾਂਗਾ, ਲੜ ਲਓ—ਕੀ ਉਹ ਤੁਹਾਡੇ ਵਰਗੇ ਮਰਨ ਲਈ ਤਿਆਰ ਹੋਣਗੇ? ਕੀ ਉਹ ਤੁਹਾਡੇ ਵਾਂਗ ਆਪਣੀ ਜਾਨ ਲਗਾ ਦੇਣਗੇ? ਜੋ ਤਾਕਤ ਤੁਹਾਡੇ ਭਾਰਤੀ ਹੋਣ ਵਿੱਚ ਹੈ, ਜੋ ਤਾਕਤ ਤੁਹਾਡੀ ਜ਼ਿੰਦਗੀ ਦੇ ਭਾਰਤ ਦੀ ਮਿੱਟੀ ਨਾਲ ਜੁੜੇ ਹੋਣ ਵਿੱਚ ਹੈ—ਉਸੇ ਤਰ੍ਹਾਂ ਜਿਵੇਂ ਜਿਵੇਂ ਸਾਡਾ ਹਰ ਔਜ਼ਾਰ, ਹਰ ਹਥਿਆਰ, ਹਰ ਪੁਰਜ਼ਾ ਭਾਰਤੀ ਹੁੰਦਾ ਜਾਵੇਗਾ, ਸਾਡੀ ਤਾਕਤ ਨੂੰ ਚਾਰ ਚੰਨ ਲੱਗ ਜਾਣਗੇ। ਸਾਨੂੰ ਮਾਣ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਸਾਡੀਆਂ ਫ਼ੌਜਾਂ ਤੇਜ਼ੀ ਨਾਲ ਆਤਮ-ਨਿਰਭਰਤਾ ਵੱਲ ਕਦਮ ਵਧਾ ਰਹੀਆਂ ਹਨ। ਫ਼ੌਜਾਂ ਨੇ ਹਜ਼ਾਰਾਂ ਅਜਿਹੇ ਸਮਾਨਾਂ ਦੀ ਸੂਚੀ ਬਣਾਈ ਅਤੇ ਫ਼ੈਸਲਾ ਕੀਤਾ ਕਿ ਹੁਣ ਇਹ ਸਮਾਨ ਬਾਹਰੋਂ ਨਹੀਂ ਮੰਗਵਾਇਆ ਜਾਵੇਗਾ। ਨਤੀਜਾ ਇਹ ਨਿਕਲਿਆ ਕਿ ਫ਼ੌਜ ਲਈ ਲੋੜੀਂਦਾ ਜ਼ਿਆਦਾਤਰ ਸਾਜੋ–ਸਮਾਨ ਹੁਣ ਦੇਸ਼ ਵਿੱਚ ਹੀ ਤਿਆਰ ਹੋਣ ਲੱਗਾ ਹੈ। ਪਿਛਲੇ ਗਿਆਰਾਂ ਸਾਲਾਂ ਵਿੱਚ ਸਾਡਾ ਡਿਫ਼ੈਂਸ ਪ੍ਰੋਡਕਸ਼ਨ ਤਿੰਨ ਗੁਣਾ ਤੋਂ ਵਧ ਗਿਆ ਹੈ। ਪਿਛਲੇ ਸਾਲ ਤੱਕ ਇਹ ਰਿਕਾਰਡ ਡੇਢ ਲੱਖ ਕਰੋੜ ਰੁਪਏ ਤੋਂ ਵੀ ਪਾਰ ਪਹੁੰਚ ਗਿਆ ਹੈ। ਮੈਂ ਇੱਕ ਹੋਰ ਉਦਾਹਰਣ ਦੇਸ਼ ਨੂੰ ਦੱਸਣਾ ਚਾਹੁੰਦਾ ਹਾਂ—2014 ਤੋਂ ਹੁਣ ਤੱਕ ਭਾਰਤੀ ਸ਼ਿਪਯਾਰਡਾਂ ਨੇ ਨੌ-ਸੈਨਾ ਨੂੰ 40 ਤੋਂ ਵੱਧ ਸਵਦੇਸ਼ੀ ਜੰਗੀ ਬੇੜੇ ਅਤੇ ਪਣਡੁੱਬੀਆਂ ਦਿੱਤੀਆਂ ਹਨ ਅਤੇ ਦੇਸ਼-ਵਾਸੀਓ, ਤੁਸੀਂ ਜਿੱਥੇ ਵੀ ਮੈਨੂੰ ਸੁਣ ਰਹੇ ਹੋ, ਇੱਕ ਅੰਕੜਾ ਯਾਦ ਰੱਖੋ—ਅਤੇ ਮੈਂ ਪੱਕਾ ਮੰਨਦਾ ਹਾਂ ਕਿ ਇਹ ਸੁਣਕੇ ਤੁਹਾਡੀ ਦੀਵਾਲੀ ਦੇ ਦੀਵੇ ਹੋਰ ਚਮਕਣ ਲੱਗ ਪੈਣਗੇ—ਜੋ ਮੈਂ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਅੱਜ ਸਾਡੀ ਸਮਰੱਥਾ ਇਹ ਹੈ ਕਿ ਹੁਣ ਔਸਤਨ ਹਰ 40 ਦਿਨਾਂ ਵਿੱਚ ਇੱਕ ਨਵਾਂ ਸਵਦੇਸ਼ੀ ਜੰਗੀ ਬੇੜਾ ਜਾਂ ਪਣਡੁੱਬੀ ਨੌ-ਸੈਨਾ ਵਿੱਚ ਸ਼ਾਮਲ ਕੀਤੀ ਜਾ ਰਹੀ ਹੈ, ਹਰ 40 ਦਿਨ ਵਿੱਚ ਇੱਕ।

ਸਾਥੀਓ,

ਸਾਡੀਆਂ ਬ੍ਰਹਮੋਸ ਅਤੇ ਆਕਾਸ਼ ਵਰਗੀਆਂ ਮਿਸਾਈਲਾਂ ਨੇ “ਓਪਰੇਸ਼ਨ ਸਿੰਧੂਰ” ਵਿੱਚ ਵੀ ਆਪਣੀ ਸਮਰੱਥਾ ਸਾਬਤ ਕੀਤੀ ਹੈ। ਬ੍ਰਹਮੋਸ ਦਾ ਤਾਂ ਨਾਮ ਹੀ ਅਜਿਹਾ ਹੈ ਕਿ ਸੁਣਦੇ ਹੀ ਕਈਆਂ ਨੂੰ ਫ਼ਿਕਰ ਹੋ ਜਾਂਦੀ ਹੈ—ਕਿ ਬ੍ਰਹਮੋਸ ਆ ਰਿਹਾ ਹੈ ਕੀ! ਹੁਣ ਦੁਨੀਆ ਦੇ ਕਈ ਦੇਸ਼ ਇਹ ਮਿਜ਼ਾਈਲਾਂ ਖਰੀਦਣਾ ਚਾਹੁੰਦੇ ਹਨ। ਮੈਨੂੰ ਜਿਹੜੇ ਵੀ ਵਿਦੇਸ਼ੀ ਨੇਤਾ ਮਿਲਦੇ ਹਨ, ਉਨ੍ਹਾਂ ਦੀ ਇੱਕ ਹੀ ਇੱਛਾ ਹੁੰਦੀ ਹੈ—ਸਾਨੂੰ ਵੀ ਇਹ ਮਿਲ ਜਾਵੇ। ਭਾਰਤ ਤਿੰਨਾਂ ਹੀ ਫ਼ੌਜਾਂ ਲਈ ਹਥਿਆਰ ਅਤੇ ਉਪਕਰਨ ਐਕਸਪੋਰਟ ਕਰਨ ਦੀ ਸਮਰੱਥਾ ਵਿਕਸਤ ਕਰ ਰਿਹਾ ਹੈ। ਸਾਡਾ ਟੀਚਾ ਹੈ ਕਿ ਭਾਰਤ ਪੂਰੀ ਦੁਨੀਆ ਦੇ ਵੱਡੇ ਰੱਖਿਆ ਨਿਰਯਾਤਕ ਦੇਸ਼ਾਂ ਵਿੱਚ ਸ਼ਾਮਲ ਹੋਵੇ। ਪਿਛਲੇ ਇੱਕ ਦਹਾਕੇ ਵਿੱਚ ਸਾਡਾ ਡਿਫ਼ੈਂਸ ਐਕਸਪੋਰਟ 30 ਗੁਣਾ ਤੋਂ ਵੱਧ ਵਧਿਆ ਹੈ। ਅਤੇ ਇਸ ਸਫ਼ਲਤਾ ਦੇ ਪਿੱਛੇ ਸਾਡਾ ਸਭ ਤੋਂ ਵੱਡਾ ਯੋਗਦਾਨ ਡਿਫ਼ੈਂਸ ਸਟਾਰਟਅੱਪਸ ਦਾ ਹੈ, ਸਵਦੇਸ਼ੀ ਰੱਖਿਆ ਇਕਾਈਆਂ ਦਾ ਹੈ। ਅੱਜ ਸਾਡਾ ਸਟਾਰਟਅੱਪ ਸੈਕਟਰ ਵੀ ਆਪਣਾ ਦਮ ਦਿਖਾ ਰਿਹਾ ਹੈ।

ਸਾਥੀਓ,

ਸ਼ਕਤੀ ਅਤੇ ਸਮਰੱਥਾ ਨੂੰ ਲੈ ਕੇ ਭਾਰਤ ਦੀ ਪ੍ਰੰਪਰਾ ਰਹੀ ਹੈ — “ਗਯਾਨਾਯ ਦਾਨਾਯ ਚ ਰਕਸ਼ਣਾਯ” — ਭਾਵ ਸਾਡਾ ਵਿਗਿਆਨ, ਸਾਡੀ ਖ਼ੁਸ਼ਹਾਲੀ ਅਤੇ ਸਾਡੀ ਤਾਕਤ ਹਮੇਸ਼ਾ ਮਨੁੱਖਤਾ ਦੀ ਸੇਵਾ ਅਤੇ ਸੁਰੱਖਿਆ ਲਈ ਹੁੰਦੀ ਹੈ। ਅੱਜ ਜਦੋਂ ਇਸ ਇੰਟਰਕਨੇਕਟਡ ਵਰਲਡ ਵਿੱਚ ਦੇਸ਼ਾਂ ਦੀ ਅਰਥ-ਵਿਵਸਥਾ ਅਤੇ ਪ੍ਰਗਤੀ ਸਮੁੰਦਰੀ ਰਸਤਿਆਂ ‘ਤੇ ਨਿਰਭਰ ਹੈ, ਤਦ ਭਾਰਤ ਦੀ ਨੇਵੀ ਆਲਮੀ ਸਥਿਰਤਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਅੱਜ ਦੁਨੀਆ ਦੀ 66 ਪ੍ਰਤੀਸ਼ਤ ਤੇਲ ਸਪਲਾਈ, ਦੁਨੀਆ ਦੇ 50 ਪ੍ਰਤੀਸ਼ਤ ਕੰਟੇਨਰ ਸ਼ਿਪਮੈਂਟ ਹਿੰਦ ਮਹਾਸਾਗਰ ਰਾਹੀਂ ਲੰਘਦੇ ਹਨ। ਇਨ੍ਹਾਂ ਰੂਟਾਂ ਦੀ ਸੁਰੱਖਿਆ ਵਿੱਚ ਭਾਰਤੀ ਨੌ-ਸੈਨਾ ਭਾਰਤੀ ਮਹਾਸਾਗਰ ਦੀ ਰਖਵਾਲੀ ਵਾਂਗ ਤਾਇਨਾਤ ਹੈ — ਸਾਥੀਓ, ਇਹ ਕੰਮ ਤੁਸੀਂ ਕਰ ਰਹੇ ਹੋ। ਇਸ ਤੋਂ ਇਲਾਵਾ ਮਿਸ਼ਨ–ਬੇਸਡ ਡਿਪਲੋਇਮੈਂਟਸ, ਐਂਟੀ–ਪਾਇਰੇਸੀ ਪੈਟਰੋਲਜ਼ ਅਤੇ ਮਨੁੱਖੀ ਸਹਾਇਤਾ ਵਾਲੇ ਆਪ੍ਰੇਸ਼ਨਾਂ ਰਾਹੀਂ ਭਾਰਤੀ ਨੌ-ਸੈਨਾ ਇਸ ਪੂਰੇ ਖੇਤਰ ਵਿੱਚ ਆਲਮੀ ਸੁਰੱਖਿਆ ਸਾਥੀ ਦੀ ਭੂਮਿਕਾ ਨਿਭਾ ਰਹੀ ਹੈ।

ਸਾਥੀਓ,

ਸਾਡੇ ਟਾਪੂਆਂ ਦੀ ਸੁਰੱਖਿਆ ਅਤੇ ਅਖੰਡਤਾ ਵਿੱਚ ਵੀ ਸਾਡੀ ਨੇਵੀ ਦੀ ਵੱਡੀ ਭੂਮਿਕਾ ਹੈ। ਕੁਝ ਸਮਾਂ ਪਹਿਲਾਂ ਅਸੀਂ ਫੈਸਲਾ ਲਿਆ ਸੀ ਕਿ 26 ਜਨਵਰੀ ਨੂੰ ਦੇਸ਼ ਦੇ ਹਰ ਟਾਪੂ ‘ਤੇ ਤਿਰੰਗਾ ਫਹਿਰਾਇਆ ਜਾਣਾ ਚਾਹੀਦਾ ਹੈ। ਉਸ ਸੰਕਲਪ ਨੂੰ ਸਾਡੀ ਨੇਵੀ ਹਰ 26 ਜਨਵਰੀ ਨੂੰ ਆਨ–ਬਾਨ–ਸ਼ਾਨ ਨਾਲ ਪੂਰਾ ਕਰਦੀ ਰਹੀ ਹੈ। ਮੈਂ ਨੇਵੀ ਨੂੰ ਵਧਾਈ ਦਿੰਦਾ ਹਾਂ! ਅੱਜ ਭਾਰਤ ਦੇ ਹਰ ਟਾਪੂ ‘ਤੇ ਨੌ-ਸੈਨਾ ਤਿਰੰਗਾ ਫਹਿਰਾ ਰਹੀ ਹੈ।

ਸਾਥੀਓ,

ਅੱਜ ਜਦੋਂ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਤਾਂ ਅਸੀਂ ਇਹ ਯਤਨ ਕਰ ਰਹੇ ਹਾਂ ਕਿ ਭਾਰਤ ਦੇ ਨਾਲ ਨਾਲ ਗਲੋਬਲ ਸਾਊਥ ਦੇ ਸਾਰੇ ਦੇਸ਼ ਵੀ ਤੇਜ਼ੀ ਨਾਲ ਅੱਗੇ ਵਧਣ ਅਤੇ ਇਸ ਲਈ ਅਸੀਂ ‘ਮਹਾਸਾਗਰ ਮੇਰੀਟਾਈਮ ਵਿਜ਼ਨ’ ’ਤੇ ਤੇਜ਼ ਗਤੀ ਨਾਲ ਕੰਮ ਕਰ ਰਹੇ ਹਾਂ। ਅਸੀਂ ਕਈ ਦੇਸ਼ਾਂ ਦੇ ਵਿਕਾਸ ਵਿੱਚ ਉਨ੍ਹਾਂ ਦੇ ਸਾਥੀ ਬਣ ਰਹੇ ਹਾਂ ਅਤੇ ਨਾਲ ਹੀ, ਜੇਕਰ ਲੋੜ ਪੈਂਦੀ ਹੈ, ਤਾਂ ਅਸੀਂ ਧਰਤੀ ਦੇ ਕਿਸੇ ਵੀ ਕੋਨੇ ਵਿੱਚ ਮਨੁੱਖੀ ਮਦਦ ਲਈ ਵੀ ਹਾਜ਼ਰ ਰਹਿੰਦੇ ਹਾਂ। ਅਫ਼ਰੀਕਾ ਤੋਂ ਲੈ ਕੇ ਦੱਖਣ-ਪੂਰਬੀ ਏਸ਼ੀਆ ਤੱਕ, ਆਫ਼ਤ ਦੇ ਸਮੇਂ, ਬਿਪਤਾ ਦੇ ਸਮੇਂ, ਦੁਨੀਆ ਭਾਰਤ ਨੂੰ ਵਿਸ਼ਵ ਸਾਥੀ ਦੇ ਰੂਪ ਵਿੱਚ ਦੇਖਦੀ ਹੈ। 2014 ਵਿੱਚ ਸਾਡੇ ਗੁਆਂਢੀ ਦੇਸ਼ ਮਾਲਦੀਵ ਵਿੱਚ ਪਾਣੀ ਦਾ ਸੰਕਟ ਆਇਆ, ਅਸੀਂ ਓਪਰੇਸ਼ਨ ਨੀਰ ਚਲਾਇਆ। ਸਾਡੀ ਨੇਵੀ ਸਾਫ਼ ਪਾਣੀ ਲੈ ਕੇ ਮਾਲਦੀਵ ਪਹੁੰਚੀ। 2017 ਵਿੱਚ ਸ੍ਰੀਲੰਕਾ ਵਿੱਚ ਹੜ੍ਹ ਦੀ ਭਿਆਨਕਤਾ ਆਈ, ਭਾਰਤ ਨੇ ਸਭ ਤੋਂ ਪਹਿਲਾਂ ਮਦਦ ਦਾ ਹੱਥ ਵਧਾਇਆ। 2018 ਵਿੱਚ ਇੰਡੋਨੇਸ਼ੀਆ ਵਿੱਚ ਸੁਨਾਮੀ ਦੀ ਤਬਾਹੀ ਆਈ, ਭਾਰਤ ਰਾਹਤ ਅਤੇ ਬਚਾਅ ਦੇ ਕੰਮਾਂ ਵਿੱਚ ਇੰਡੋਨੇਸ਼ੀਆ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋ ਗਿਆ। ਇਸੇ ਤਰ੍ਹਾਂ, ਮਿਆਂਮਾਰ ਵਿੱਚ ਭੂਚਾਲ ਨਾਲ ਆਈ ਤਬਾਹੀ ਜਾਂ ਫਿਰ 2019 ਵਿੱਚ ਮੋਜ਼ਾਮਬੀਕ ਅਤੇ 2020 ਵਿੱਚ ਮੈਡਾਗਾਸਕਰ ਦਾ ਸੰਕਟ ਹੋਵੇ, ਭਾਰਤ ਹਰ ਜਗ੍ਹਾ ਸੇਵਾ ਦੀ ਭਾਵਨਾ ਨਾਲ ਪਹੁੰਚਿਆ।

ਸਾਥੀਓ,

ਸਾਡੀਆਂ ਫ਼ੌਜਾਂ ਨੇ ਵਿਦੇਸ਼ਾਂ ਵਿੱਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਤੌਰ ’ਤੇ ਵਾਪਸ ਲਿਆਉਣ ਲਈ ਵੀ ਸਮੇਂ-ਸਮੇਂ ਤੇ ਅਭਿਆਨ ਚਲਾਏ ਹਨ। ਯਮਨ ਤੋਂ ਲੈ ਕੇ ਸੁਡਾਨ ਤੱਕ, ਜਿੱਥੇ ਵੀ ਲੋੜ ਪਈ, ਤੁਹਾਡੀ ਹਿੰਮਤ ਅਤੇ ਹੌਸਲੇ ਨੇ ਦੁਨੀਆ ਭਰ ਵਿੱਚ ਵਸਦੇ ਭਾਰਤੀਆਂ ਦੇ ਭਰੋਸੇ ਨੂੰ ਬਹੁਤ ਮਜ਼ਬੂਤ ਕੀਤਾ ਹੈ। ਅਸੀਂ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਦੀ ਵੀ ਜਾਨ ਬਚਾਈ ਹੈ — ਸਿਰਫ਼ ਭਾਰਤੀਆਂ ਦੀ ਨਹੀਂ — ਉਸ ਦੇਸ਼ ਵਿੱਚ ਫਸੇ ਹੋਏ ਕਈ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਅਸੀਂ ਬਚਾ ਕੇ ਕੱਢਿਆ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਹੈ।

ਸਾਥੀਓ,

ਸਾਡੇ ਫ਼ੌਜੀ ਬਲਾਂ ਨੇ ਜਲ–ਥਲ–ਨਭ, ਹਰ ਮੋਰਚੇ ’ਤੇ ਅਤੇ ਹਰ ਹਾਲਾਤ ਵਿੱਚ ਦੇਸ਼ ਦੀ ਸੇਵਾ ਕੀਤੀ ਹੈ — ਸਮਰਪਣ ਭਾਵ ਨਾਲ ਸੇਵਾ ਕੀਤੀ ਹੈ, ਪੂਰੀ ਸੰਵੇਦਨਸ਼ੀਲਤਾ ਨਾਲ ਸੇਵਾ ਕੀਤੀ ਹੈ।ਸਮੁੰਦਰ ਵਿੱਚ ਸਾਡੀ ਨੇਵੀ ਦੇਸ਼ ਦੀ ਸਮੁੰਦਰੀ ਹੱਦਾਂ ਅਤੇ ਵਪਾਰਕ ਹਿੱਤਾਂ ਦੀ ਸੁਰੱਖਿਆ ਲਈ ਤੈਨਾਤ ਰਹਿੰਦੀ ਹੈ। ਆਕਾਸ਼ ਵਿੱਚ ਸਾਡੀ ਏਅਰਫੋਰਸ ਭਾਰਤ ਦੀ ਸੁਰੱਖਿਆ ਲਈ ਵਚਨਬੱਧ ਰਹਿੰਦੀ ਹੈ ਅਤੇ ਧਰਤੀ ’ਤੇ, ਤਪਦੇ ਰੇਗਿਸਤਾਨ ਤੋਂ ਲੈ ਕੇ ਗਲੇਸ਼ੀਅਰ ਤੱਕ — ਸਾਡੀ ਫ਼ੌਜ, ਸਾਡੇ ਬੀਐੱਸਐੱਫ ਦੇ ਜਵਾਨ, ਸਾਡੇ ਆਈਟੀਬੀਪੀ ਦੇ ਜਵਾਨ — ਸਭ ਮਿਲ ਕੇ ਚੱਟਾਨ ਵਾਂਗ ਖੜ੍ਹੇ ਰਹਿੰਦੇ ਹਨ। ਇਸੇ ਤਰ੍ਹਾਂ ਵੱਖ-ਵੱਖ ਮੋਰਚਿਆਂ ’ਤੇ ਐੱਸਐੱਸਬੀ, ਅਸਮ ਰਾਈਫਲਜ਼, ਸੀਆਰਪੀਐੱਫ, ਸੀਆਈਐੱਸਐੱਫ ਅਤੇ ਇੰਟੈਲੀਜੈਂਸ ਏਜੰਸੀਆਂ ਦੇ ਜਵਾਨ ਵੀ ਬਿਨਾਂ ਕਿਸੇ ਰੁਕਾਵਟ ਦੇ ਇੱਕ ਇਕਾਈ ਵਜੋਂ ਮਾਂ ਭਾਰਤੀ ਦੀ ਸੇਵਾ ਵਿੱਚ ਡਟੇ ਰਹਿੰਦੇ ਹਨ। ਮੈਂ ਅੱਜ ਭਾਰਤੀ ਤਟਰੱਖਿਅਕ — ਇੰਡਿਅਨ ਕੋਸਟ ਗਾਰਡਜ਼ — ਦੀ ਵੀ ਪ੍ਰਸ਼ੰਸਾ ਕਰਾਂਗਾ! ਉਹ ਜਿਸ ਤਰ੍ਹਾਂ ਨੇਵੀ ਨਾਲ ਤਾਲਮੇਲ ਬਣਾਕੇ ਸਾਡੀ ਤੱਟ–ਰੇਖਾ ਦੀ ਸੁਰੱਖਿਆ ਵਿੱਚ ਦਿਨ–ਰਾਤ ਤੈਨਾਤ ਰਹਿੰਦੇ ਹਨ, ਉਨ੍ਹਾਂ ਦਾ ਯੋਗਦਾਨ ਰਾਸ਼ਟਰ–ਰੱਖਿਆ ਦੇ ਇਸ ਮਹਾਯੱਗ ਵਿੱਚ ਬਹੁਤ ਮਹੱਤਵਪੂਰਨ ਹੈ।

ਸਾਥੀਓ,

ਸਾਡੇ ਸੁਰੱਖਿਆ ਬਲਾਂ ਦੀ ਤਾਕਤ ਅਤੇ ਹਿੰਮਤ ਸਦਕਾ ਪਿਛਲੇ ਵਰ੍ਹਿਆਂ ਵਿੱਚ ਦੇਸ਼ ਨੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਹ ਉਪਲਬਧੀ ਹੈ — ਮਾਓਵਾਦੀ ਆਤੰਕ ਦਾ ਖ਼ਾਤਮਾ!ਅੱਜ ਦੇਸ਼ ਨਕਸਲੀ–ਮਾਓਵਾਦੀ ਆਤੰਕ ਤੋਂ ਮੁਕਤੀ ਦੇ ਕਿਨਾਰੇ ’ਤੇ ਹੈ — ਮੁਕਤੀ ਦਰਵਾਜ਼ੇ ’ਤੇ ਦਸਤਕ ਦੇ ਰਹੀ ਹੈ ਦੋਸਤੋ! 2014 ਤੋਂ ਪਹਿਲਾਂ ਦੇਸ਼ ਦੇ ਲਗਭਗ ਸਵਾ ਸੌ ਜ਼ਿਲ੍ਹੇ ਮਾਓਵਾਦੀ ਹਿੰਸਾ ਦੀ ਚਪੇਟ ਵਿੱਚ ਸਨ — ਸਵਾ ਸੌ ਜ਼ਿਲ੍ਹੇ! ਅਤੇ ਉਹ ਸਵਾ ਸੌ ਜ਼ਿਲ੍ਹੇ ਪਿਛਲੇ 10 ਸਾਲਾਂ ਦੀ ਮਿਹਨਤ ਨਾਲ ਘਟਦੇ ਗਏ, ਘਟਦੇ ਗਏ, ਘਟਦੇ ਗਏ। ਹੁਣ ਸਵਾ ਸੌ ਤੋਂ ਘਟ ਕੇ ਕੇਵਲ 11 ਰਹਿ ਗਏ ਹਨ — ਅਤੇ 11 ਵਿੱਚੋਂ ਵੀ ਜਿੱਥੇ ਥੋੜ੍ਹਾ ਬਹੁਤ ਅਸਰ ਨਜ਼ਰ ਆ ਰਿਹਾ ਹੈ, ਉਹ ਗਿਣਤੀ ਸਿਰਫ਼ 3 ਜ਼ਿਲ੍ਹਿਆਂ ਦੀ ਹੈ। 125 ਵਿੱਚੋਂ ਸਿਰਫ਼ 3! ਸੌ ਤੋਂ ਵੱਧ ਜ਼ਿਲ੍ਹੇ ਮਾਓਵਾਦੀ ਆਤੰਕ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਪਹਿਲੀ ਵਾਰ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਨ — ਇਸ ਵਾਰੀ ਸ਼ਾਨਦਾਰ ਦੀਵਾਲੀ ਮਨਾ ਰਹੇ ਹਨ। ਕਰੋੜਾਂ ਲੋਕ ਪੀੜ੍ਹੀਆਂ ਬਾਅਦ ਪਹਿਲੀ ਵਾਰ ਡਰ ਅਤੇ ਖੌਫ਼ ਦੇ ਪਰਛਾਵੇਂ ਤੋਂ ਨਿਕਲ ਕੇ ਵਿਕਾਸ ਦੀ ਮੁੱਖ ਧਾਰਾ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਮਾਓਵਾਦੀ ਨਕਸਲੀ ਸੜਕਾਂ ਨਹੀਂ ਬਣਨ ਦਿੰਦੇ ਸਨ, ਸਕੂਲ ਨਹੀਂ ਖੁੱਲ੍ਹਣ ਦਿੰਦੇ ਸਨ, ਹਸਪਤਾਲ ਨਹੀਂ ਬਣਨ ਦਿੰਦੇ ਸਨ — ਬਣੇ–ਬਣਾਏ ਚਲਦੇ ਸਕੂਲਾਂ ਨੂੰ ਬੰਬ ਨਾਲ ਉਡਾ ਦਿੰਦੇ ਸਨ, ਹਸਪਤਾਲਾਂ ਨੂੰ, ਡਾਕਟਰਾਂ ਨੂੰ ਗੋਲੀਆਂ ਨਾਲ ਭੁੰਨ ਦਿੰਦੇ ਸਨ, ਮੋਬਾਇਲ ਟਾਵਰ ਨਹੀਂ ਲੱਗਣ ਦਿੰਦੇ ਸਨ, ਉਥੇ ਹੁਣ ਹਾਈਵੇਅ ਬਣ ਰਹੇ ਹਨ, ਨਵੇਂ ਉਦਯੋਗ ਲੱਗ ਰਹੇ ਹਨ, ਸਕੂਲ ਅਤੇ ਹਸਪਤਾਲ ਉਨ੍ਹਾਂ ਬੱਚਿਆਂ ਦਾ ਭਵਿੱਖ ਸੰਵਾਰ ਰਹੇ ਹਨ। ਦੇਸ਼ ਨੂੰ ਇਹ ਸਫਲਤਾ ਸਾਡੇ ਸਾਰੇ ਸੁਰੱਖਿਆ ਬਲਾਂ ਦੇ ਤਪ, ਤਿਆਗ ਅਤੇ ਹਿੰਮਤ ਨਾਲ ਹੀ ਮਿਲੀ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਅਜਿਹੇ ਅਨੇਕਾਂ ਜ਼ਿਲ੍ਹਿਆਂ ਵਿੱਚ ਅੱਜ ਪਹਿਲੀ ਵਾਰ ਲੋਕ ਆਨ–ਬਾਨ–ਸ਼ਾਨ ਨਾਲ ਦੀਵਾਲੀ ਮਨਾਉਣ ਜਾ ਰਹੇ ਹਨ।

ਸਾਥੀਓ,

ਮੈਂ ਅੱਜ ਬਹਾਦਰ ਜਵਾਨਾਂ ਦੇ ਵਿਚਕਾਰ ਖੜ੍ਹਾ ਹਾਂ। ਅਸੀਂ ਨੌ-ਸੈਨਾ ਦੇ ਜਵਾਨ ਹਾਂ — ਮੌਤ ਨੂੰ ਮੁੱਠੀ ਵਿੱਚ ਲੈ ਕੇ ਚੱਲਣਾ — ਇਹ ਤੁਹਾਡੇ ਲਈ ਖੱਬੇ ਹੱਥ ਦਾ ਖੇਡ ਹੁੰਦੀ ਹੈ। ਪਰ ਪੁਲਿਸ ਦੇ ਜੋ ਜਵਾਨ — ਜੋ ਸਿਰਫ਼ ਡੰਡਾ ਲੈ ਕੇ ਚਲਦੇ ਰਹਿੰਦੇ ਹਨ — ਹੱਥ ਵਿੱਚ ਡੰਡੇ ਤੋਂ ਵੱਧ ਕੁਝ ਨਹੀਂ ਹੁੰਦਾ, ਉਨ੍ਹਾਂ ਕੋਲ ਇੰਨੇ ਸਾਧਨ ਵੀ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਟ੍ਰੇਨਿੰਗ ਵੀ ਨਾਗਰਿਕਾਂ ਨਾਲ ਮਿਲਜੁਲ ਕੇ ਕੰਮ ਕਰਨ ਦੀ ਹੁੰਦੀ ਹੈ, ਪਰ ਮੇਰੇ ਇਹ ਪੁਲਿਸ ਬੇੜੇ ਦੇ ਵੱਖ-ਵੱਖ ਜਵਾਨਾਂ ਨੇ — ਚਾਹੇ ਬੀਐੱਸਐੱਫ ਹੋਵੇ ਜਾਂ ਸੀਆਰਪੀਐੱਫ — ਸਾਰੇ ਬੇੜੇ ਦੇ ਜਵਾਨਾਂ ਨੇ ਨਕਸਲੀਆਂ ਨਾਲ ਜੋ ਲੋਹਾ ਲਿਆ ਹੈ ਨਾ, ਜੋ ਲੜਾਈ ਲੜੀ ਹੈ — ਕਾਬਿਲ-ਏ-ਦਾਦ ਹੈ ਦੋਸਤੋ! ਮੈਂ ਅੱਜ ਦੀਵਾਲੀ ਦੇ ਪਾਵਨ ਦਿਹਾੜੇ ’ਤੇ ਆਪਣੇ ਪੁਲਿਸ ਬੇੜੇ ਦੇ ਇਨ੍ਹਾਂ ਜਵਾਨਾਂ ਨੂੰ ਲੱਖ–ਲੱਖ ਵਧਾਈ ਦਿੰਦਾ ਹਾਂ। ਮੈਂ ਅਜਿਹੇ ਜਵਾਨਾਂ ਨੂੰ ਜਾਣਦਾ ਹਾਂ ਜਿਨ੍ਹਾਂ ਕੋਲ ਹੁਣ ਪੈਰ ਨਹੀਂ ਹਨ ਪਰ ਜਜ਼ਬਾ ਉਹੀ ਹੈ; ਕਿਸੇ ਦਾ ਹੱਥ ਵੱਢਿਆ ਹੋਇਆ ਹੈ, ਕਿਸੇ ਲਈ ਵ੍ਹੀਲਚੇਅਰ ਤੋਂ ਉਤਰਨਾ ਮੁਸ਼ਕਿਲ ਹੋ ਗਿਆ ਹੈ। ਮੈਂ ਅਜਿਹੇ ਅਨੇਕਾਂ ਪਰਿਵਾਰਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮਾਓਵਾਦੀ ਨਕਸਲੀਆਂ ਨੇ ਸ਼ਿਕਾਰ ਬਣਾਇਆ — ਹੱਥ ਵੱਢ ਦਿੱਤੇ, ਪੈਰ ਵੱਢ ਦਿੱਤੇ, ਪਿੰਡ ਵਿੱਚ ਜੀਣਾ ਮੁਸ਼ਕਿਲ ਕਰ ਦਿੱਤਾ। ਅਜਿਹੇ ਅਣਗਿਣਤ ਲੋਕਾਂ ਨੇ ਜੋ ਸਹਿਆ ਹੈ, ਜੋ ਬਲੀਦਾਨ ਦਿੱਤਾ ਹੈ — ਸ਼ਾਂਤੀ ਲਈ, ਨਾਗਰਿਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ, ਬੱਚਿਆਂ ਦਾ ਭਵਿੱਖ ਰੌਸ਼ਨ ਹੋਵੇ, ਸਕੂਲ ਚੱਲਣ — ਇਸ ਲਈ ਉਨ੍ਹਾਂ ਨੇ ਆਪਣੇ ਆਪ ਵਾਰ ਦਿੱਤਾ ਹੈ।

ਦੋਸਤੋ,

ਸ਼ਾਇਦ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੁਲਿਸ ਬੇੜੇ ਦੇ ਸਾਹਮਣੇ ਇੰਨੀ ਵੱਡੀ ਚੁਣੌਤੀ ਆਈ ਸੀ ਅਤੇ ਪਿਛਲੇ 10 ਸਾਲਾਂ ਵਿੱਚ 50 ਸਾਲਾਂ ਦੀ ਇਸ ਭਿਆਨਕ ਬਿਮਾਰੀ ਨੂੰ ਉਹ ਖ਼ਤਮ ਕਰਕੇ ਰਹਿਣਗੇ — ਇਹ ਮੇਰਾ ਵਿਸ਼ਵਾਸ ਹੈ। ਅਤੇ 90 ਪ੍ਰਤੀਸ਼ਤ ਮਾਮਲਿਆਂ ਵਿੱਚ ਉਹ ਸਫਲ ਹੋ ਚੁੱਕੇ ਹਨ। ਤੁਸੀਂ ਲੋਕ ਯੁੱਧ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਪਰ ਘਰ ਦੇ ਅੰਦਰ ਜਦੋਂ ਯੁੱਧ ਲੜਨਾ ਪਿਆ ਹੋਵੇ, ਤਦ ਕਿੰਨਾ ਧੀਰਜ ਚਾਹੀਦਾ ਹੈ, ਕਿੰਨਾ ਸੰਜਮ ਚਾਹੀਦਾ ਹੈ, ਕਿਸੇ ਵੀ ਨਿਰਦੋਸ਼ ਦੀ ਜਾਨ ਨਾ ਜਾਵੇ ਅਤੇ ਨਿਰਦੋਸ਼ਾਂ ਦੀ, ਉਨ੍ਹਾਂ ਦੇ ਸੁਪਨਿਆਂ ਨੂੰ ਸਜਾਉਣ ਲਈ ਜੋ ਕੁਝ ਕਰਨਾ ਪਏ — ਇਹ ਇੱਕ ਅਦਭੁਤ ਕੰਮ ਹੋਇਆ ਹੈ। ਉਹ ਸਮਾਂ ਆਏਗਾ ਜਦੋਂ ਇਸ 'ਤੇ ਵੱਡੇ-ਵੱਡੇ ਗ੍ਰੰਥ ਲਿਖੇ ਜਾਣਗੇ ਅਤੇ ਇਸ ਕਿਸਮ ਦੇ ਗੁਰੀਲਾ ਯੁੱਧ ਕਰਨ ਵਾਲੇ ਲੋਕਾਂ ਤੋਂ ਸ਼ਾਇਦ ਸਾਰੀ ਦੁਨੀਆ ਸਿੱਖੇਗੀ। ਅਜਿਹੀ ਬਹਾਦਰੀ ਨਕਸਲ ਨੂੰ ਸਮਾਪਤ ਕਰਨ ਲਈ, ਮਾਓਵਾਦੀ ਆਤੰਕ ਨੂੰ ਚੂਰ-ਚੂਰ ਕਰਨ ਲਈ ਦੇਸ਼ ਦੀ ਸ਼ਕਤੀ ਨੇ ਕੀਤਾ ਹੈ। ਅਸੀਂ ਸਾਰੇ ਦੇਸ਼ਵਾਸੀਆਂ ਨੂੰ ਮਾਣ ਹੈ ਦੋਸਤੋ, ਇਹ ਸਾਡੀ ਮਿੱਟੀ ਵਿੱਚ ਹੋ ਰਿਹਾ ਹੈ, ਸਾਡੇ ਦੇਸ਼ ਵਿੱਚ ਹੋ ਰਿਹਾ ਹੈ।

ਸਾਥੀਓ,

ਜੀਐੱਸਟੀ ਬਚਤ ਉਤਸਵ ਵਿੱਚ ਇਨ੍ਹਾਂ ਜ਼ਿਲ੍ਹਿਆਂ ਵਿੱਚ ਰਿਕਾਰਡ ਵਿਕਰੀ ਹੋ ਰਹੀ ਹੈ, ਰਿਕਾਰਡ ਖਰੀਦ ਹੋ ਰਹੀ ਹੈ। ਜਿਨ੍ਹਾਂ ਜ਼ਿਲਿਆਂ ਵਿੱਚ ਕਦੇ ਮਾਓਵਾਦੀ ਆਤੰਕ ਨੇ ਸੰਵਿਧਾਨ ਦਾ ਨਾਮ ਵੀ ਨਹੀਂ ਲੈਣ ਦਿੱਤਾ ਸੀ, ਸੰਵਿਧਾਨ ਦੇ ਦੂਰੋਂ ਵੀ ਦਰਸ਼ਨ ਨਹੀਂ ਕਰਨ ਦਿੱਤੇ ਸਨ, ਅੱਜ ਓਹੀ ਜ਼ਿਲ੍ਹੇ ਸਵਦੇਸ਼ੀ ਦੇ ਮੰਤਰ ਨਾਲ ਗੂੰਜ ਰਹੇ ਹਨ ਅਤੇ ਗੁਮਰਾਹ ਹੋਏ ਨੌਜਵਾਨ 3 ਨੌਟ 3 ਛੱਡ ਕੇ ਸੰਵਿਧਾਨ ਨੂੰ ਮੱਥੇ ਨਾਲ ਲਾ ਰਹੇ ਹਨ।

ਸਾਥੀਓ,

ਅੱਜ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਸੀਂ 140 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਾਂ। ਧਰਤੀ ਤੋਂ ਲੈ ਕੇ ਪੁਲਾੜ ਤੱਕ, ਜੋ ਪਹਿਲਾਂ ਕਲਪਨਾ ਤੋਂ ਵੀ ਪਰੇ ਸੀ, ਅੱਜ ਉਹ ਸਫਲਤਾਵਾਂ, ਉਹ ਉਪਲਬਧੀਆਂ ਅਸੀਂ ਆਪਣੇ ਸਾਹਮਣੇ ਦੇਖ ਰਹੇ ਹਾਂ। ਇਹ ਗਤੀ, ਇਹ ਪ੍ਰਗਤੀ, ਇਹ ਬਦਲਾਅ, ਦੇਸ਼ ਦਾ ਵਿਸ਼ਵਾਸ ਅਤੇ ਵਿਸ਼ਵਾਸ ਦੀ ਕੁੱਖ ਤੋਂ ਜੰਮਿਆ ਵਿਕਾਸ ਦਾ ਮੰਤਰ — ਰਾਸ਼ਟਰ ਨਿਰਮਾਣ ਦੇ ਇਸ ਮਹਾਨ ਕਾਰਜ ਵਿੱਚ ਸਾਡੇ ਫ਼ੌਜੀ ਬਲਾਂ ਦੀ ਬਹੁਤ ਵੱਡੀ ਭੂਮਿਕਾ ਹੈ। ਤੁਸੀਂ ਉਹ ਨਹੀਂ ਜੋ ਵਹਿਣ ਵਿੱਚ ਵਹਿ ਜਾਂਦੇ ਹੋ। ਗੰਗਾ ਕਹੇ ਗੰਗਾਦਾਸ, ਜਮੁਨਾ ਕਹੇ ਜਮੁਨਾਦਾਸ — ਇਹ ਫ਼ੌਜ ਦੀਆਂ ਰਗਾਂ ਵਿੱਚ ਨਹੀਂ ਹੁੰਦਾ। ਵਹਿਣ ਵਿੱਚ ਵਹਿ ਜਾਣ ਵਾਲੇ ਲੋਕ ਤੁਸੀਂ ਨਹੀਂ ਹੋ। ਤੁਸੀਂ ਵਹਿਣ ਨੂੰ ਦਿਸ਼ਾ ਦੇਣ ਦੀ, ਵਹਿਣ ਨੂੰ ਮੋੜਣ ਦੀ ਸਮਰੱਥਾ ਰੱਖਦੇ ਹੋ! ਤੁਹਾਡੇ ਵਿੱਚ ਹੌਸਲਾ ਹੈ — ਸਮੇਂ ਨੂੰ ਰਾਹ ਦਿਖਾਉਣ ਦਾ! ਤੁਹਾਡੇ ਵਿੱਚ ਬਹਾਦਰੀ ਹੈ — ਅਨੰਤ ਨੂੰ ਪਾਰ ਕਰ ਜਾਣ ਦੀ ! ਤੁਹਾਡੇ ਵਿੱਚ ਜੋਸ਼ ਹੈ — ਅਲੰਘਣਯੋਗ ਨੂੰ ਲੰਘ ਜਾਣ ਦਾ! ਸਾਡੀ ਫ਼ੌਜ ਦੇ ਜਵਾਨ ਜਿਨ੍ਹਾਂ ਪਹਾੜੀ ਸਿਖ਼ਰਾਂ 'ਤੇ ਡਟੇ ਹੋਏ ਹਨ, ਉਹ ਸਿਖ਼ਰ ਭਾਰਤ ਦੇ ਜੇਤੂ ਥੰਮ੍ਹ ਬਣ ਕੇ ਉਭਰੇ ਹਨ। ਤੁਸੀਂ ਜਿਸ ਸਮੁੰਦਰ ਦੇ ਸੀਨੇ 'ਤੇ ਖੜੇ ਹੋ, ਉਸ ਸਮੁੰਦਰ ਦੀਆਂ ਵਿਸ਼ਾਲ ਲਹਿਰਾਂ ਵੀ ਭਾਰਤ ਦਾ ਜੈਘੋਸ਼ ਕਰ ਰਹੀਆਂ ਹਨ — ਭਾਰਤ ਮਾਤਾ ਦੀ ਜੈ! ਸਿਰਫ ਤੁਸੀਂ ਨਹੀਂ, ਇੱਕ-ਇੱਕ ਲਹਿਰ ਬੋਲ ਰਹੀ ਹੈ — ਤੁਹਾਡੇ ਤੋਂ ਹੀ ਸਿੱਖਿਆ ਹੈ। ਤੁਸੀਂ ਸਮੁੰਦਰ ਦੀਆਂ ਇਨ੍ਹਾਂ ਲਹਿਰਾਂ ਵਿੱਚ ਵੀ ਮਾਂ ਭਾਰਤੀ ਦਾ ਜੈ ਜੈਕਾਰ ਕਰਨ ਦਾ ਜਜ਼ਬਾ ਪੈਦਾ ਕਰ ਦਿੱਤਾ ਹੈ। ਇਸ ਹੰਗਾਮੇ ਤੋਂ ਵੀ ਇੱਕੋ ਸੁਰ ਨਿਕਲੇਗਾ — ਸਮੁੰਦਰ ਦੀ ਹਰ ਲਹਿਰ ਤੋਂ, ਪਹਾੜਾਂ ਤੋਂ ਚਲਦੀ ਹਵਾ ਤੋਂ, ਰੇਗਿਸਤਾਨ ਤੋਂ ਉੱਡਦੀ ਮਿੱਟੀ ਤੋਂ — ਜੇ ਕੰਨ ਖੋਲ੍ਹ ਕੇ ਸੁਣੋਗੇ, ਦਿਲ-ਦਿਮਾਗ ਨੂੰ ਜੋੜ ਕੇ ਦੇਖੋਗੇ, ਤਾਂ ਮਿੱਟੀ ਦੇ ਕਣ-ਕਣ ਤੋਂ, ਪਾਣੀ ਦੀ ਬੂੰਦ-ਬੂੰਦ ਤੋਂ ਇੱਕੋ ਆਵਾਜ਼ ਨਿਕਲੇਗੀ —ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਇਸੇ ਉਤਸ਼ਾਹ ਅਤੇ ਵਿਸ਼ਵਾਸ ਨਾਲ, ਮੈਂ ਤੁਹਾਨੂੰ, ਤੁਹਾਡੇ ਪਰਿਵਾਰ ਦੇ ਜੀਆਂ ਨੂੰ, 140 ਕਰੋੜ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਤਹਿ-ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ! ਵਿਜੈ ਸ਼੍ਰੀ ਦੇ ਨਾਲ ਹਮੇਸ਼ਾ ਜਿੱਤ ਨੂੰ ਆਪਣੇ ਅੰਦਰ ਪਾਲਦੇ ਰਹੋ, ਵਿਸ਼ਵਾਸ ਨੂੰ ਪਾਲਦੇ ਰਹੋ, ਸੰਕਲਪ ਨੂੰ ਸਮਰੱਥ ਬਣਾਉਂਦੇ ਰਹੋ, ਸੁਪਨੇ ਉੱਚੀ ਉਡਾਣ ਵਾਲੇ ਹੋਣ — ਇਸੇ ਸ਼ੁਭਕਾਮਨਾ ਨਾਲ ਮੇਰੇ ਨਾਲ ਬੋਲੋ — ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ! ਬਹੁਤ-ਬਹੁਤ ਧੰਨਵਾਦ!

****

ਐੱਮਜੇਪੀਐੱਸ/ਵੀਜੇ/ਵੀਕੇ/ਏਕੇ


(Release ID: 2181094) Visitor Counter : 5