ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਉੱਚ-ਪੱਧਰੀ ਮੀਟਿੰਗ ਵਿੱਚ ਖੇਤੀਬਾੜੀ ਖੇਤਰ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਸਾਉਣੀ ਦੀ ਬਿਜਾਈ ਰਕਬੇ ਵਿੱਚ 6.51 ਲੱਖ ਹੈਕਟੇਅਰ ਦਾ ਵਾਧਾ ਹੋਇਆ, ਜਿਸ ਨਾਲ ਕੁੱਲ ਬਿਜਾਈ ਰਕਬਾ 1121.46 ਲੱਖ ਹੈਕਟੇਅਰ ਹੋਇਆ
ਚੌਲਾਂ ਅਤੇ ਕਣਕ ਦੇ ਅਸਲ ਭੰਡਾਰ ਬਫਰ ਮਾਪਦੰਡਾਂ ਦੇ ਮੁਕਾਬਲੇ ਵੱਧ
ਦੇਸ਼ ਭਰ ਵਿੱਚ ਜਲ ਭੰਡਾਰਾਂ ਦੀ ਸਥਿਤੀ ਚੰਗੀ, ਬਿਹਤਰ ਪੈਦਾਵਾਰ ਦੀ ਹੈ ਉਮੀਦ
Posted On:
13 OCT 2025 3:48PM by PIB Chandigarh
ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇੱਕ ਉੱਚ-ਪੱਧਰੀ ਮੀਟਿੰਗ ਵਿੱਚ ਖੇਤੀਬਾੜੀ ਖੇਤਰ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਦੇਸ਼ ਭਰ ਵਿੱਚ ਸਾਉਣੀ ਦੀਆਂ ਫਸਲਾਂ ਦੀ ਸਥਿਤੀ, ਹਾੜੀ ਦੀਆਂ ਫਸਲਾਂ ਦੀ ਬਿਜਾਈ, ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸਲਾਂ ਦੀ ਸਥਿਤੀ, ਕੀਮਤਾਂ ਦੀ ਸਥਿਤੀ, ਖਾਦ ਦੀ ਉਪਲਬਧਤਾ ਅਤੇ ਜਲ ਸਰੋਤਾਂ ਦੀ ਸਥਿਤੀ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਮੀਟਿੰਗ ਦੌਰਾਨ ਵਿਭਾਗੀ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਅਧਿਕਾਰੀਆਂ ਨੇ ਸਾਉਣੀ ਦੀ ਬਿਜਾਈ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਉਣੀ ਦੀਆਂ ਫਸਲਾਂ ਹੇਠ ਕੁੱਲ ਰਕਬਾ ਪਿਛਲੇ ਵਰ੍ਹੇ ਨਾਲੋਂ 6.51 ਲੱਖ ਹੈਕਟੇਅਰ ਵੱਧ ਹੈ। ਕੁੱਲ ਬਿਜਾਈ ਰਕਬਾ 1121.46 ਲੱਖ ਹੈਕਟੇਅਰ ਹੈ, ਜਦੋਂ ਕਿ ਪਿਛਲੇ ਵਰ੍ਹੇ ਇਹ 1114.95 ਲੱਖ ਹੈਕਟੇਅਰ ਸੀ। ਕਣਕ, ਝੋਨਾ, ਮੱਕੀ, ਗੰਨੇ ਅਤੇ ਦਾਲਾਂ ਦੀ ਬਿਜਾਈ ਵਿੱਚ ਵੀ ਵਰੇ 2024-25 ਦੇ ਮੁਕਾਬਲੇ ਵਾਧਾ ਹੋਇਆ ਹੈ। ਮੀਟਿੰਗ ਵਿੱਚ ਕਾਲੇ ਛੋਲਿਆਂ ਦੀ ਬਿਜਾਈ ਦੇ ਰਕਬੇ ਵਿੱਚ ਵਾਧੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉੜਦ (ਕਾਲੇ ਛੋਲਿਆਂ) ਦੇ ਰਕਬੇ ਵਿੱਚ 1.50 ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ। ਵਰ੍ਹੇ 2024-25 ਵਿੱਚ ਉੜਦ ਦੀ ਬਿਜਾਈ ਦਾ ਰਕਬਾ 22.87 ਲੱਖ ਹੈਕਟੇਅਰ ਸੀ, ਜੋ ਕਿ ਵਰ੍ਹੇ 2025-26 ਵਿੱਚ ਵਧ ਕੇ 24.37 ਲੱਖ ਹੈਕਟੇਅਰ ਹੋ ਗਿਆ ਹੈ।

ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਲੈ ਕੇ ਵੀ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਜਾਣਕਾਰੀ ਲਈ, ਉਨ੍ਹਾਂ ਨੇ ਹਾਲ ਹੀ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਕੁਝ ਰਾਜਾਂ ਦੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਰਾਜਾਂ ਵਿੱਚ ਫਸਲਾਂ ਹੜ੍ਹਾਂ ਅਤੇ ਬਹੁਤ ਜ਼ਿਆਦਾ ਬਾਰਿਸ਼ ਨਾਲ ਪ੍ਰਭਾਵਿਤ ਹੋਈਆਂ ਹਨ, ਪਰ ਇਹ ਵੀ ਦੱਸਿਆਂ ਕਿ ਦੂਜੇ ਰਾਜਾਂ ਵਿੱਚ, ਚੰਗੇ ਮੌਨਸੂਨ ਕਾਰਨ, ਫਸਲਾਂ ਬਹੁਤ ਚੰਗੀਆਂ ਹੋਈਆਂ ਹਨ, ਜਿਸ ਦਾ ਪ੍ਰਭਾਵ ਹਾੜੀ ਦੀ ਬਿਜਾਈ ਅਤੇ ਉਤਪਾਦਨ ਵਿੱਚ ਵਾਧੇ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਟਮਾਟਰ ਅਤੇ ਪਿਆਜ਼ ਦੀ ਬਿਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਵਰ੍ਹੇ 2024-25 ਦੇ ਮੁਕਾਬਲੇ, ਪਿਆਜ਼ ਦਾ ਬਿਜਾਈ ਰਕਬਾ 3.62 ਲੱਖ ਹੈਕਟੇਅਰ ਤੋਂ ਵਧ ਕੇ 3.91 ਲੱਖ ਹੈਕਟੇਅਰ ਹੋ ਗਿਆ ਹੈ, ਜਦੋਂ ਕਿ ਆਲੂ ਦਾ ਰਕਬਾ 0.35 ਲੱਖ ਹੈਕਟੇਅਰ ਤੋਂ ਵਧ ਕੇ 0.43 ਲੱਖ ਹੈਕਟੇਅਰ ਹੋ ਗਿਆ ਹੈ। ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਟਮਾਟਰ ਦਾ ਬਿਜਾਈ ਰਕਬਾ 1.86 ਲੱਖ ਹੈਕਟੇਅਰ ਸੀ, ਜੋ ਇਸ ਸਾਲ ਵਧ ਕੇ 2.37 ਲੱਖ ਹੈਕਟੇਅਰ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਿਰਧਾਰਤ ਟੀਚੇ ਅਨੁਸਾਰ ਆਲੂ, ਪਿਆਜ਼, ਟਮਾਟਰ ਵਿੱਚ ਚੰਗਾ ਵਾਧਾ ਹੋਇਆ ਹੈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਚੌਲਾਂ ਅਤੇ ਕਣਕ ਦੇ ਅਸਲ ਸਟਾਕ ਬਫਰ ਸਟੈਂਡਰਡ ਤੋਂ ਵੱਧ ਹਨ।
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਅਧਿਕਾਰੀਆਂ ਨੇ ਦੇਸ਼ ਵਿੱਚ ਜਲ ਭੰਡਾਰਾਂ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਦੇਸ਼ ਭਰ ਵਿੱਚ ਕੁੱਲ ਭੰਡਾਰਨ ਸਥਿਤੀ ਪਿਛਲੇ ਵਰ੍ਹੇ ਦੀ ਇਸੇ ਮਿਆਦ ਨਾਲੋਂ ਬਿਹਤਰ ਹੈ ਅਤੇ ਇਸੇ ਮਿਆਦ ਦੌਰਾਨ ਆਮ ਭੰਡਾਰਨ ਨਾਲੋਂ ਵੀ ਬਿਹਤਰ ਹੈ। 161 ਜਲ ਭੰਡਾਰਾਂ ਵਿੱਚ ਉਪਲਬਧ ਭੰਡਾਰਨ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ ਭੰਡਾਰਨ ਦਾ 103.51 ਪ੍ਰਤੀਸ਼ਤ ਅਤੇ ਪਿਛਲੇ ਦਸ ਵਰ੍ਹਿਆਂ ਦੀ ਔਸਤ ਭੰਡਾਰਨ ਦਾ 115 ਪ੍ਰਤੀਸ਼ਤ ਹੈ।
ਮੀਟਿੰਗ ਵਿੱਚ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਖਾਦ ਦੀ ਉਪਲਬਧਤਾ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸੁਚਾਰੂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ। ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਖਾਦ ਮੰਤਰਾਲੇ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ ਅਤੇ ਇਸ ਸਬੰਧ ਵਿੱਚ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਸੀਜ਼ਨ ਲਈ ਖਾਦ ਦੀਆਂ ਜ਼ਰੂਰਤਾਂ ਬਾਰੇ ਰਾਜਾਂ ਨਾਲ ਤਾਲਮੇਲ ਚੱਲ ਰਿਹਾ ਹੈ।
******
ਆਰਸੀ/ਏਆਰ/ਐੱਮਕੇ
(Release ID: 2178701)
Visitor Counter : 3