ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ ਦੇ ਛੇਵੇਂ ਐਡੀਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 09 OCT 2025 5:52PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਕੀਰ ਸਟਾਰਮਰ ਜੀ, ਆਰਬੀਆਈ ਗਵਰਨਰ, ਫਿਨਟੈੱਕ ਦੁਨੀਆ ਦੇ ਇਨੋਵੇਟਰਜ਼, ਆਗੂ ਅਤੇ ਨਿਵੇਸ਼ਕ, ਦੇਵੀਓ ਤੇ ਸੱਜਣੋ! ਮੁੰਬਈ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ।

ਸਾਥੀਓ,

ਜਦੋਂ ਮੈਂ ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਵਿੱਚ ਆਇਆ ਸੀ, ਓਦੋਂ 2024 ਦੀਆਂ ਚੋਣਾਂ ਬਾਕੀ ਸਨ। ਪਰ ਉਸ ਦਿਨ ਮੈਂ ਕਿਹਾ ਸੀ ਕਿ ਮੈਂ ਅਗਲੇ ਪ੍ਰੋਗਰਾਮ ਵਿੱਚ ਆਵਾਂਗਾ ਅਤੇ ਉਸ ਸਮੇਂ ਤੁਸੀਂ ਸਭ ਤੋਂ ਵੱਧ ਤਾੜੀਆਂ ਵਜਾਈਆਂ ਸਨ, ਅਤੇ ਉਸ ਸਮੇਂ ਜੋ ਸਿਆਸੀ ਮਾਹਿਰ ਇੱਥੇ ਬੈਠੇ ਸਨ, ਉਨ੍ਹਾਂ ਨੇ ਮੰਨ ਲਿਆ ਸੀ ਕਿ ਮੋਦੀ ਆ ਰਿਹਾ ਹੈ।

ਸਾਥੀਓ,

ਮੁੰਬਈ ਭਾਵ ਊਰਜਾ ਦਾ ਸ਼ਹਿਰ, ਮੁੰਬਈ ਭਾਵ ਉੱਦਮ ਦਾ ਸ਼ਹਿਰ, ਮੁੰਬਈ ਭਾਵ ਬੇਅੰਤ ਸੰਭਾਵਨਾਵਾਂ ਦਾ ਸ਼ਹਿਰ। ਉਸ ਮੁੰਬਈ ਵਿੱਚ ਮੈਂ ਆਪਣੇ ਮਿੱਤਰ ਪ੍ਰਧਾਨ ਮੰਤਰੀ ਸਟਾਰਮਰ ਦਾ ਵਿਸ਼ੇਸ਼ ਸਵਾਗਤ ਕਰਦਾ ਹਾਂ! ਉਨ੍ਹਾਂ ਨੇ ਗਲੋਬਲ ਫਿਨਟੈੱਕ ਫ਼ੈਸਟੀਵਲ ਲਈ ਸਮਾਂ ਕੱਢਿਆ, ਮੈਂ ਉਨ੍ਹਾਂ ਦਾ ਧੰਨਵਾਦੀ ਹਾਂ।

ਮਿੱਤਰੋ,

ਅੱਜ ਤੋਂ 5 ਸਾਲ ਪਹਿਲਾਂ ਜਦੋਂ ਗਲੋਬਲ ਫਿਨਟੈੱਕ ਫ਼ੈਸਟੀਵਲ ਸ਼ੁਰੂ ਹੋਇਆ ਸੀ, ਉਦੋਂ ਦੁਨੀਆ ਆਲਮੀ ਮਹਾਮਾਰੀ ਨਾਲ ਲੜ ਰਹੀ ਸੀ। ਅੱਜ ਇਹ ਫ਼ੈਸਟੀਵਲ ਵਿੱਤੀ ਨਵੀਨਤਾ ਅਤੇ ਵਿੱਤੀ ਸਹਿਯੋਗ ਦਾ ਆਲਮੀ ਮੰਚ ਬਣ ਚੁੱਕਾ ਹੈ। ਇਸ ਵਾਰ ਇਸ ਫ਼ੈਸਟੀਵਲ ਵਿੱਚ ਯੂਨਾਈਟਿਡ ਕਿੰਗਡਮ ਇੱਕ ਭਾਈਵਾਲ ਦੇਸ਼ ਵਜੋਂ ਸ਼ਾਮਲ ਹੈ। ਦੁਨੀਆ ਦੇ ਦੋ ਵੱਡੇ ਲੋਕਤੰਤਰਾਂ ਦਰਮਿਆਨ ਇਹ ਭਾਈਵਾਲੀ ਆਲਮੀ ਵਿੱਤੀ ਲੈਂਡ ਸਕੇਪ ਨੂੰ ਹੋਰ ਬਿਹਤਰ ਬਣਾਏਗੀ। ਮੈਂ ਇੱਥੇ ਜੋ ਮਾਹੌਲ ਦੇਖ ਰਿਹਾ ਹਾਂ, ਜੋ ਊਰਜਾ ਹੈ, ਜੋ ਗਤੀਸ਼ੀਲਤਾ ਹੈ, ਉਹ ਸੱਚਮੁੱਚ ਬਹੁਤ ਅਦਭੁਤ ਹੈ। ਇਹ ਭਾਰਤ ਦੀ ਅਰਥਵਿਵਸਥਾ ਪ੍ਰਤੀ, ਭਾਰਤ ਦੇ ਵਿਕਾਸ ਪ੍ਰਤੀ, ਆਲਮੀ ਭਰੋਸੇ ਦਾ ਪ੍ਰਤੀਕ ਹੈ। ਮੈਂ ਕ੍ਰਿਸ ਗੋਪਾਲਕ੍ਰਿਸ਼ਨਨ ਜੀ ਨੂੰ, ਆਰਬੀਆਈ ਗਵਰਨਰ ਨੂੰ ਸ਼੍ਰੀ ਸੰਜੇ ਮਲਹੋਤਰਾ ਜੀ, ਸਾਰੇ ਪ੍ਰਬੰਧਕਾਂ ਅਤੇ ਹਿੱਸੇਦਾਰਾਂ ਨੂੰ, ਇਸ ਸ਼ਾਨਦਾਰ ਆਯੋਜਨ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਭਾਰਤ ਲੋਕਤੰਤਰ ਦੀ ਜਨਨੀ ਹੈ। ਜਦੋਂ ਅਸੀਂ ਲੋਕਤੰਤਰ ਦੀ ਚਰਚਾ ਕਰਦੇ ਹਾਂ, ਤਾਂ ਇਹ ਸਿਰਫ਼ ਚੋਣਾਂ ਜਾਂ ਨੀਤੀ-ਨਿਰਮਾਣ ਤੱਕ ਹੀ ਸੀਮਤ ਨਹੀਂ ਹੈ। ਭਾਰਤ ਨੇ ਇਸ ਲੋਕਤੰਤਰੀ ਭਾਵਨਾ ਨੂੰ ਸ਼ਾਸਨ ਦਾ ਇੱਕ ਮਜ਼ਬੂਤ ਥੰਮ੍ਹ ਵੀ ਬਣਾਇਆ ਹੈ ਅਤੇ ਇਸ ਦੀ ਸਭ ਤੋਂ ਵਧੀਆ ਉਦਾਹਰਨ ਹੈ ਟੈਕਨਾਲੋਜੀ। ਦੁਨੀਆ ਵਿੱਚ ਲੰਬੇ ਸਮੇਂ ਤੱਕ ਇਹ ਚਰਚਾ ਕਾਫ਼ੀ ਰਹੀ ਹੈ ਅਤੇ ਅਸੀਂ ਅੱਜ ਉਸ ਚਰਚਾ ਨੂੰ ਨਕਾਰ ਨਹੀਂ ਸਕਦੇ, ਉਸ ਵਿੱਚ ਕਾਫ਼ੀ ਸਚਾਈ ਸੀ ਅਤੇ ਉਹ ਚਰਚਾ ਸੀ ਤਕਨੀਕੀ ਪਾੜੇ ਦੀ। ਭਾਰਤ ਵੀ ਉਸ ਸਮੇਂ ਇਸ ਤੋਂ ਅਛੂਤਾ ਨਹੀਂ ਸੀ। ਪਰ ਬੀਤੇ ਇੱਕ ਦਹਾਕੇ ਵਿੱਚ ਭਾਰਤ ਨੇ ਤਕਨਾਲੋਜੀ ਦਾ ਵੀ ਲੋਕਤੰਤਰੀਕਰਨ ਕੀਤਾ ਹੈ। ਅੱਜ ਦਾ ਭਾਰਤ ਸਭ ਤੋਂ ਵੱਧ ਤਕਨੀਕੀ ਤੌਰ 'ਤੇ ਸਮਾਵੇਸ਼ੀ ਸਮਾਜਾਂ ਵਿੱਚੋਂ ਇੱਕ ਹੈ!

ਸਾਥੀਓ,

ਡਿਜੀਟਲ ਟੈਕਨਾਲੋਜੀ ਦਾ ਵੀ ਅਸੀਂ ਲੋਕਤੰਤਰੀਕਰਨ ਕੀਤਾ ਹੈ, ਇਸ ਨੂੰ ਦੇਸ਼ ਦੇ ਹਰ ਨਾਗਰਿਕ, ਹਰ ਖੇਤਰ ਲਈ ਪਹੁੰਚਯੋਗ ਬਣਾਇਆ ਹੈ। ਅੱਜ ਇਹ ਭਾਰਤ ਦਾ ਸੁਸ਼ਾਸਨ ਮਾਡਲ ਬਣ ਚੁੱਕਾ ਹੈ। ਇਹ ਇੱਕ ਅਜਿਹਾ ਮਾਡਲ ਹੈ, ਜਿਸ ਵਿੱਚ ਸਰਕਾਰ ਜਨ-ਹਿਤ ਵਿੱਚ ਡਿਜੀਟਲ ਬੁਨਿਆਦੀ ਢਾਂਚਾ ਵਿਕਸਤ ਕਰਦੀ ਹੈ ਅਤੇ ਫਿਰ ਉਸ ਪਲੇਟਫ਼ਾਰਮ 'ਤੇ ਨਿੱਜੀ ਖੇਤਰ ਆਪਣੀਆਂ ਨਵੀਨਤਾਵਾਂ ਨਾਲ ਨਵੇਂ-ਨਵੇਂ ਉਤਪਾਦ ਤਿਆਰ ਕਰਦਾ ਹੈ। ਭਾਰਤ ਨੇ ਦਿਖਾਇਆ ਹੈ ਕਿ ਟੈਕਨਾਲੋਜੀ ਕੇਵਲ ਸਹੂਲਤ ਨਹੀਂ, ਸਗੋਂ ਸਮਾਨਤਾ ਦਾ ਸਾਧਨ ਵੀ ਬਣ ਸਕਦੀ ਹੈ।

ਸਾਥੀਓ,

ਇਸ ਸਮਾਵੇਸ਼ੀ ਪਹੁੰਚ ਨੇ ਸਾਡੀ ਬੈਂਕਿੰਗ ਪ੍ਰਣਾਲੀ ਨੂੰ ਵੀ ਬਦਲ ਦਿੱਤਾ ਹੈ। ਪਹਿਲਾਂ ਬੈਂਕਿੰਗ ਇੱਕ ਵਿਸ਼ੇਸ਼ ਅਧਿਕਾਰ ਸੀ, ਪਰ ਡਿਜੀਟਲ ਤਕਨਾਲੋਜੀ ਨੇ ਇਸ ਨੂੰ ਸ਼ਕਤੀਕਰਨ ਦਾ ਮਾਧਿਅਮ ਬਣਾ ਦਿੱਤਾ। ਅੱਜ ਭਾਰਤ ਵਿੱਚ ਡਿਜੀਟਲ ਭੁਗਤਾਨ ਇੱਕ ਆਮ ਗੱਲ ਬਣ ਚੁੱਕੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਸਿਹਰਾ ਜੈਮ ਟ੍ਰਿਨਿਟੀ, ਭਾਵ ਜਨ-ਧਨ, ਆਧਾਰ ਅਤੇ ਮੋਬਾਈਲ ਨੂੰ ਜਾਂਦਾ ਹੈ। ਤੁਸੀਂ ਯੂਪੀਆਈ ਦੇ ਲੈਣ-ਦੇਣ ਹੀ ਦੇਖੋ, ਅੱਜ ਹਰ ਮਹੀਨੇ 20 ਬਿਲੀਅਨ ਲੈਣ-ਦੇਣ ਹੋ ਰਹੇ ਹਨ, ਇਨ੍ਹਾਂ ਦੀ ਕੀਮਤ 25 ਟ੍ਰਿਲੀਅਨ ਰੁਪਏ, ਭਾਵ 25 ਲੱਖ ਕਰੋੜ ਰੁਪਏ ਤੋਂ ਵੱਧ ਹੈ। ਅੱਜ ਦੁਨੀਆ ਦੇ ਹਰ 100 ਰੀਅਲ-ਟਾਈਮ ਡਿਜੀਟਲ ਲੈਣ-ਦੇਣ ’ਚੋਂ 50 ਇਕੱਲੇ ਭਾਰਤ ਵਿੱਚ ਹੁੰਦੇ ਹਨ।

ਮਿੱਤਰੋ,

ਇਸ ਵਾਰ ਗਲੋਬਲ ਫਿਨਟੈੱਕ ਫੈਸਟ ਦਾ ਜੋ ਥੀਮ ਹੈ, ਉਹ ਵੀ ਭਾਰਤ ਦੀ ਇਸੇ ਲੋਕਤੰਤਰੀ ਭਾਵਨਾ ਨੂੰ ਅੱਗੇ ਵਧਾਉਂਦਾ ਹੈ, ਮਜ਼ਬੂਤ ਕਰਦਾ ਹੈ।

ਸਾਥੀਓ,

ਅੱਜ ਭਾਰਤ ਦੇ ਡਿਜੀਟਲ ਸਟੈਕ ਦੀ ਚਰਚਾ ਪੂਰੀ ਦੁਨੀਆ ਵਿੱਚ ਹੈ। ਭਾਰਤ ਦਾ ਯੂਨੀਫਾਇਡ ਪੇਮੈਂਟਸ ਇੰਟਰਫੇਸ- ਯੂਪੀਆਈ, ਆਧਾਰ-ਸਮਰਥਿਤ ਭੁਗਤਾਨ ਪ੍ਰਣਾਲੀ, ਭਾਰਤ ਬਿੱਲ ਭੁਗਤਾਨ ਪ੍ਰਣਾਲੀ, ਭਾਰਤ-ਕਿਊਆਰ, ਡਿਜੀਲੌਕਰ, ਡਿਜੀਯਾਤਰਾ, ਸਰਕਾਰੀ ਈ-ਮਾਰਕਿਟਪਲੇਸ ਭਾਵ ਜੀਈਐੱਮ, ਇਹ ਸਭ ਭਾਰਤ ਦੀ ਡਿਜੀਟਲ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਅਤੇ ਮੈਨੂੰ ਖ਼ੁਸ਼ੀ ਹੈ ਕਿ ਇੰਡੀਆ ਸਟੈਕ ਹੁਣ ਨਵੇਂ ਓਪਨ ਈਕੋਸਿਸਟਮਜ਼ ਨੂੰ ਜਨਮ ਦੇ ਰਿਹਾ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਸ਼ਾਇਦ ਜਾਣੂ ਨਹੀਂ ਹੋਣਗੇ, ਓਐੱਨਡੀਸੀ ਭਾਵ ਓਪਨ ਨੈੱਟਵਰਕ ਫ਼ਾਰ ਡਿਜੀਟਲ ਕਾਮਰਸ, ਛੋਟੇ ਦੁਕਾਨਦਾਰਾਂ ਅਤੇ ਐੱਮਐੱਸਐੱਮਈਜ਼ ਲਈ ਵਰਦਾਨ ਬਣ ਰਿਹਾ ਹੈ। ਹੁਣ ਇਹ ਪੂਰੇ ਦੇਸ਼ ਦੇ ਬਾਜ਼ਾਰ ਤੱਕ ਪਹੁੰਚ ਪਾ ਰਹੇ ਹਨ, ਓਸੀਈਐੱਨ  (ਓਪਨ ਕ੍ਰੈਡਿਟ ਇਨੇਬਲਮੈਂਟ ਨੈੱਟਵਰਕ), ਛੋਟੇ ਉੱਦਮੀਆਂ ਲਈ ਕਰਜ਼ੇ ਤੱਕ ਪਹੁੰਚ ਨੂੰ ਆਸਾਨ ਬਣਾ ਰਿਹਾ ਹੈ। ਇਹ ਸਿਸਟਮ, ਐੱਮਐੱਸਐੱਮਈਜ਼ ਲਈ ਕਰਜ਼ੇ ਦੀ ਘਾਟ ਦੀ ਸਮੱਸਿਆ ਦਾ ਹੱਲ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਰਬੀਆਈ ਜਿਸ ਡਿਜੀਟਲ ਕਰੰਸੀ ਵੱਲ ਅੱਗੇ ਵਧ ਰਿਹਾ ਹੈ, ਉਸ ਨਾਲ ਵੀ ਚੀਜ਼ਾਂ ਬਹੁਤ ਬਿਹਤਰ ਹੋਣਗੀਆਂ। ਇਹ ਸਾਰੇ ਯਤਨ, ਭਾਰਤ ਦੀ ਅਣਵਰਤੀ ਸਮਰੱਥਾ ਨੂੰ ਸਾਡੀ ਵਿਕਾਸ ਗਾਥਾ ਦੀ ਤਾਕਤ ਬਣਾਉਣਗੇ।

ਸਾਥੀਓ,

ਇੰਡੀਆ ਸਟੈਕ ਕੇਵਲ ਭਾਰਤ ਦੀ ਸਫਲਤਾ ਦੀ ਕਹਾਣੀ ਨਹੀਂ ਹੈ। ਇਹ ਦੁਨੀਆ ਲਈ, ਅਤੇ ਮੈਂ ਇਹ ਗੱਲ ਜਦੋਂ ਪਿਛਲੀ ਵਾਰ ਆਇਆ ਸੀ, ਓਦੋਂ  ਵੀ ਕਹੀ ਸੀ ਨਾ, ਕਿ ਅਗਲੀ ਵਾਰ ਆਵਾਂਗਾ, ਇਹ ਵੀ ਓਨਾ ਹੀ ਪੱਕਾ ਹੈ। ਭਾਰਤ ਜੋ ਕਰ ਰਿਹਾ ਹੈ, ਉਹ ਖ਼ਾਸ ਤੌਰ 'ਤੇ ਗਲੋਬਲ ਸਾਊਥ ਦੇ ਦੇਸ਼ਾਂ ਲਈ, ਆਸ ਦੀ ਇੱਕ ਕਿਰਨ ਹੈ। ਭਾਰਤ, ਆਪਣੀਆਂ ਡਿਜੀਟਲ ਇਨੋਵੇਸ਼ਨਜ਼ ਨਾਲ ਦੁਨੀਆ ਵਿੱਚ ਡਿਜੀਟਲ ਸਹਿਯੋਗ ਅਤੇ ਡਿਜੀਟਲ ਭਾਈਵਾਲੀ ਵਧਾਉਣਾ ਚਾਹੁੰਦਾ ਹੈ। ਅਤੇ ਇਸੇ ਲਈ ਅਸੀਂ ਆਪਣੇ ਤਜਰਬੇ ਅਤੇ ਓਪਨ-ਸੋਰਸ ਪਲੇਟਫ਼ਾਰਮ, ਦੋਵਾਂ ਨੂੰ ਆਲਮੀ ਜਨਤਕ ਭਲੇ ਲਈ ਸਾਂਝਾ ਕਰ ਰਹੇ ਹਾਂ। ਭਾਰਤ ਵਿੱਚ ਵਿਕਸਤ ਹੋਇਆ ਐੱਮਓਐੱਸਆਈਪੀ (ਮਾਡਿਊਲਰ ਓਪਨ-ਸੋਰਸ ਆਈਡੈਂਟਿਟੀ ਪਲੇਟਫ਼ਾਰਮ) ਇਸ ਦੀ ਬਹੁਤ ਵੱਡੀ ਉਦਾਹਰਨ ਹੈ। ਅੱਜ 25 ਤੋਂ ਵੱਧ ਦੇਸ਼ ਇਸ ਨੂੰ ਆਪਣੀ ਪ੍ਰਭੂਸੱਤਾ-ਸੰਪੰਨ ਡਿਜੀਟਲ ਪਛਾਣ ਪ੍ਰਣਾਲੀ ਬਣਾਉਣ ਲਈ ਅਪਣਾ ਰਹੇ ਹਨ। ਅਸੀਂ ਦੂਜੇ ਦੇਸ਼ਾਂ ਨੂੰ ਟੈਕਨਾਲੋਜੀ ਸਾਂਝੀ ਕਰਨ ਦੇ ਨਾਲ-ਨਾਲ ਟੈਕਨਾਲੋਜੀ ਵਿਕਸਤ ਕਰਨ ਵਿੱਚ ਵੀ ਮਦਦ ਕਰ ਰਹੇ ਹਾਂ। ਅਤੇ ਇਹ ਡਿਜੀਟਲ ਸਹਾਇਤਾ ਨਹੀਂ ਹੈ, ਨਹੀਂ ਤਾਂ ਦੁਨੀਆ ਵਿੱਚ ਕਈ ਲੋਕਾਂ ਨੂੰ ਸ਼ੌਕ ਹੈ, ਅਸੀਂ ਸਹਾਇਤਾ ਦੇ ਰਹੇ ਹਾਂ, ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੈ। ਇਹ ਸਹਾਇਤਾ ਨਹੀਂ ਹੈ, ਸਗੋਂ ਡਿਜੀਟਲ ਸ਼ਕਤੀਕਰਨ ਹੈ।

ਸਾਥੀਓ,

ਭਾਰਤ ਦੀ ਫਿਨਟੈੱਕ ਕਮਿਊਨਿਟੀ ਦੀਆਂ ਕੋਸ਼ਿਸ਼ਾਂ ਸਦਕਾ ਸਾਡੇ ਸਵਦੇਸ਼ੀ ਹੱਲਾਂ ਨੂੰ ਆਲਮੀ ਪ੍ਰਸੰਗਿਕਤਾ ਮਿਲ ਰਹੀ ਹੈ, ਭਾਵੇਂ ਉਹ ਇੰਟਰ-ਆਪਰੇਬਲ ਕਿਊਆਰ ਨੈੱਟਵਰਕ ਹੋਣ, ਓਪਨ ਕਾਮਰਸ ਹੋਵੇ, ਜਾਂ ਓਪਨ ਫਾਈਨਾਂਸ ਫਰੇਮਵਰਕ ਹੋਣ, ਇਨ੍ਹਾਂ ਵਿੱਚ ਸਾਡੇ ਸਟਾਰਟ-ਅੱਪਸ ਦੇ ਵਿਕਾਸ ਨੂੰ ਦੁਨੀਆ ਦੇਖ ਰਹੀ ਹੈ। ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਹੀ, ਭਾਰਤ ਚੋਟੀ ਦੇ ਤਿੰਨ ਸਭ ਤੋਂ ਵੱਧ-ਫ਼ੰਡ ਪ੍ਰਾਪਤ ਕਰਨ ਵਾਲੇ ਫਿਨਟੈੱਕ ਈਕੋਸਿਸਟਮਜ਼ ਵਿੱਚ ਸ਼ਾਮਲ ਹੋਇਆ ਹੈ। ਇਹ ਮੈਂ ਤੁਹਾਡੀ ਗੱਲ ਦੱਸ ਰਿਹਾ ਹਾਂ।

ਸਾਥੀਓ,

ਭਾਰਤ ਦੀ ਵਿਸ਼ੇਸ਼ਤਾ ਸਿਰਫ਼ ਪੈਮਾਨਾ ਨਹੀਂ ਹੈ, ਅਸੀਂ ਪੈਮਾਨੇ ਨੂੰ ਸਮਾਵੇਸ਼, ਲਚਕਤਾ ਅਤੇ ਸਥਿਰਤਾ ਨਾਲ ਜੋੜ ਰਹੇ ਹਾਂ ਅਤੇ ਇੱਥੇ ਹੀ ਏਆਈ  ਦੀ ਭੂਮਿਕਾ ਸ਼ੁਰੂ ਹੁੰਦੀ ਹੈ। ਇਹ ਅੰਡਰ-ਰਾਈਟਿੰਗ ਪੱਖਪਾਤ ਨੂੰ ਘੱਟ ਕਰ ਸਕਦਾ ਹੈ, ਧੋਖਾਧੜੀ ਨੂੰ ਰੀਅਲ-ਟਾਈਮ ਵਿੱਚ ਫੜ ਸਕਦਾ ਹੈ। ਇਸ ਤੋਂ ਇਲਾਵਾ ਹੋਰ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਵੀ ਏਆਈ ਦੀ ਵੱਡੀ ਭੂਮਿਕਾ ਹੋ ਸਕਦੀ ਹੈ। ਇਸ ਸਮਰੱਥਾ ਨੂੰ ਖੋਲ੍ਹਣ ਲਈ ਸਾਨੂੰ ਇੱਕਜੁੱਟ ਹੋ ਕੇ ਡੇਟਾ, ਹੁਨਰ ਅਤੇ ਸ਼ਾਸਨ ਵਿੱਚ ਨਿਵੇਸ਼ ਕਰਨਾ ਹੀ ਪਵੇਗਾ।

ਸਾਥੀਓ,

ਏਆਈ ਦੇ ਖੇਤਰ ਵਿੱਚ ਭਾਰਤ ਦੀ ਪਹੁੰਚ ਤਿੰਨ ਮੁੱਖ ਸਿਧਾਂਤਾਂ 'ਤੇ ਅਧਾਰਤ ਹੈ - ਬਰਾਬਰ ਪਹੁੰਚ, ਆਬਾਦੀ-ਪੱਧਰ 'ਤੇ ਹੁਨਰ, ਅਤੇ ਜ਼ਿੰਮੇਵਾਰ ਤਾਇਨਾਤੀ। ਇੰਡੀਆ-ਏਆਈ ਮਿਸ਼ਨ ਤਹਿਤ ਅਸੀਂ ਉੱਚ-ਪ੍ਰਦਰਸ਼ਨ ਵਾਲੀ ਕੰਪਿਊਟਿੰਗ ਸਮਰੱਥਾ ਬਣਾ ਰਹੇ ਹਾਂ, ਤਾਂ ਜੋ ਹਰ ਨਵੀਨਤਾਕਾਰ ਅਤੇ ਸਟਾਰਟ-ਅੱਪ ਨੂੰ ਸਸਤੀ ਅਤੇ ਆਸਾਨ ਸਹੂਲਤ ਮਿਲੇ। ਸਾਡੀ ਕੋਸ਼ਿਸ਼ ਹੈ ਕਿ ਏਆਈ ਦੇ ਲਾਭ ਹਰ ਜ਼ਿਲ੍ਹੇ ਤੱਕ, ਹਰ ਭਾਸ਼ਾ ਤੱਕ ਪਹੁੰਚਣੇ ਚਾਹੀਦੇ ਹਨ। ਸਾਡੇ ਉੱਤਮਤਾ ਕੇਂਦਰ, ਹੁਨਰ ਕੇਂਦਰ ਅਤੇ ਸਵਦੇਸ਼ੀ ਏਆਈ ਮਾਡਲ, ਇਹ ਯਕੀਨੀ ਬਣਾ ਰਹੇ ਹਨ।

ਮਿੱਤਰੋ,

ਭਾਰਤ ਹਮੇਸ਼ਾ ਤੋਂ ਐਥੀਕਲ ਏਆਈ ਲਈ ਆਲਮੀ ਢਾਂਚੇ ਦੇ ਪੱਖ ਵਿੱਚ ਰਿਹਾ ਹੈ। ਸਾਡੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਤਜਰਬਾ ਅਤੇ ਸਾਡਾ ਸਿੱਖਣ ਦਾ ਭੰਡਾਰ, ਦੁਨੀਆ ਲਈ ਲਾਭਦਾਇਕ ਹੋ ਸਕਦਾ ਹੈ। ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਜਿਸ ਪੱਧਰ 'ਤੇ ਅਸੀਂ ਚੱਲ ਰਹੇ ਹਾਂ, ਉਸੇ ਨੂੰ ਅਸੀਂ ਏਆਈ ਵਿੱਚ ਵੀ ਅੱਗੇ ਵਧਾਉਣਾ ਚਾਹੁੰਦੇ ਹਾਂ। ਸਾਡੇ ਲਈ ਏਆਈ ਦਾ ਮਤਲਬ ਹੈ, ਅਤੇ ਉਹ ਦੁਨੀਆ ਤੋਂ ਬਹੁਤ ਵੱਖਰਾ ਹੈ, ਸਾਡੇ ਲਈ ਏਆਈ ਦਾ ਮਤਲਬ ਹੈ All Inclusive (ਸਰਵ-ਸਮਾਵੇਸ਼ੀ)।

ਸਾਥੀਓ,

ਅੱਜ ਦੁਨੀਆ ਵਿੱਚ ਏਆਈ ਲਈ 'ਭਰੋਸੇ ਅਤੇ ਸੁਰੱਖਿਆ' ਦੇ ਨਿਯਮਾਂ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਪਰ ਭਾਰਤ ਇਸ ਦੇ ਲਈ ਪਹਿਲਾਂ ਹੀ 'ਭਰੋਸੇ ਦੀ ਪਰਤ' (ਟ੍ਰਸਟ ਲੇਅਰ) ਦਾ ਨਿਰਮਾਣ ਕਰ ਚੁੱਕਾ ਹੈ। ਭਾਰਤ ਦਾ ਏਆਈ ਮਿਸ਼ਨ, ਡੇਟਾ ਅਤੇ ਨਿੱਜਤਾ ਦੋਵਾਂ ਵਿਸ਼ਿਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ। ਅਸੀਂ ਏਆਈ ਵਿੱਚ ਵੀ ਅਜਿਹੇ ਪਲੇਟਫ਼ਾਰਮ ਵਿਕਸਤ ਕਰਨਾ ਚਾਹੁੰਦੇ ਹਾਂ, ਜਿਸ 'ਤੇ ਨਵੀਨਤਾਕਾਰ ਸਮਾਵੇਸ਼ੀ ਐਪਲੀਕੇਸ਼ਨਾਂ ਵਿਕਸਤ ਕਰ ਸਕਣ। ਭੁਗਤਾਨ ਵਿੱਚ ਸਾਡੀ ਪਹਿਲ ਗਤੀ ਅਤੇ ਭਰੋਸਾ ਹੈ। ਕਰਜ਼ੇ ਵਿੱਚ ਸਾਡਾ ਟੀਚਾ ਪ੍ਰਵਾਨਗੀਆਂ ਅਤੇ ਕਿਫ਼ਾਇਤੀ ਹੋਣਾ ਹੈ। ਬੀਮੇ ਵਿੱਚ ਸਾਡੇ ਟੀਚੇ ਪਾਲਿਸੀਆਂ ਅਤੇ ਸਮੇਂ ਸਿਰ ਦਾਅਵੇ ਹਨ। ਅਤੇ ਨਿਵੇਸ਼ਾਂ ਵਿੱਚ ਸਾਨੂੰ ਪਹੁੰਚ ਅਤੇ ਪਾਰਦਰਸ਼ਤਾ ਵਿੱਚ ਸਫਲ ਹੋਣਾ ਹੈ। ਏਆਈ ਇਸ ਬਦਲਾਅ ਦੀ ਸ਼ਕਤੀ ਬਣ ਸਕਦਾ ਹੈ। ਇਸ ਲਈ ਏਆਈ ਐਪਲੀਕੇਸ਼ਨਾਂ ਦਾ ਡਿਜ਼ਾਈਨ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਪਵੇਗਾ, ਲੋਕ-ਕੇਂਦਰਿਤ ਹੋਣਾ ਚਾਹੀਦਾ ਹੈ। ਜੋ ਵਿਅਕਤੀ ਪਹਿਲੀ ਵਾਰ ਡਿਜੀਟਲ ਵਿੱਤ ਦੀ ਵਰਤੋਂ ਕਰ ਰਿਹਾ ਹੈ, ਉਸ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਗ਼ਲਤੀਆਂ ਨੂੰ ਤੇਜ਼ੀ ਨਾਲ ਸੁਲਝਾਇਆ ਜਾਵੇਗਾ। ਇਹੀ ਵਿਸ਼ਵਾਸ, ਵਿੱਤੀ ਸੇਵਾਵਾਂ ਵਿੱਚ ਡਿਜੀਟਲ ਸਮਾਵੇਸ਼ ਨੂੰ, ਭਰੋਸੇ ਨੂੰ ਹੋਰ ਮਜ਼ਬੂਤ ਕਰੇਗਾ।

ਮਿੱਤਰੋ,

ਕੁਝ ਸਾਲ ਪਹਿਲਾਂ ਯੂਕੇ ਤੋਂ ਏਆਈ ਸੇਫ਼ਟੀ ਸਮਿਟ ਸ਼ੁਰੂ ਹੋਈ ਸੀ। ਅਗਲੇ ਸਾਲ ਏਆਈ ਇੰਪੈਕਟ ਸਮਿਟ ਭਾਰਤ ਵਿੱਚ ਹੋਵੇਗੀ। ਭਾਵ ਸੁਰੱਖਿਆ 'ਤੇ ਚਰਚਾ ਯੂਕੇ ਤੋਂ ਸ਼ੁਰੂ ਹੋਈ ਸੀ, ਹੁਣ ਪ੍ਰਭਾਵ 'ਤੇ ਸੰਵਾਦ ਭਾਰਤ ਵਿੱਚ ਹੋਵੇਗਾ। ਭਾਰਤ ਅਤੇ ਯੂਕੇ ਨੇ ਆਲਮੀ ਵਪਾਰ ਅਤੇ ਉਸ ਵਪਾਰ ਨੂੰ ਲੈ ਕੇ ਜਿੱਤ-ਜਿੱਤ ਵਾਲੀ ਭਾਈਵਾਲੀ ਦਾ ਰਾਹ ਦੁਨੀਆ ਨੂੰ ਦਿਖਾਇਆ ਹੈ। ਏਆਈ ਅਤੇ ਫਿਨਟੈੱਕ ਵਿੱਚ ਵੀ ਸਾਡੀ ਭਾਈਵਾਲੀ, ਇਸੇ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ਯੂਕੇ ਦੀ ਖੋਜ ਅਤੇ ਆਲਮੀ ਵਿੱਤ ਮਹਾਰਤ, ਅਤੇ ਭਾਰਤ ਦਾ ਪੈਮਾਨਾ ਅਤੇ ਪ੍ਰਤਿਭਾ, ਇਹ ਸੁਮੇਲ ਪੂਰੀ ਦੁਨੀਆ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੋਲ੍ਹ ਸਕਦਾ ਹੈ। ਅਸੀਂ ਅੱਜ ਸਟਾਰਟ-ਅੱਪਸ, ਅਦਾਰਿਆਂ ਅਤੇ ਨਵੀਨਤਾ ਕੇਂਦਰਾਂ ਦਰਮਿਆਨ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ। ਯੂਕੇ-ਇੰਡੀਆ ਫਿਨਟੈੱਕ ਕੋਰੀਡੋਰ, ਨਵੇਂ ਸਟਾਰਟ-ਅੱਪਸ ਨੂੰ ਸ਼ੁਰੂ ਕਰਨ ਅਤੇ ਅੱਗੇ ਵਧਾਉਣ ਲਈ ਮੌਕੇ ਬਣਾਏਗਾ। ਅਤੇ ਨਾਲ ਹੀ, ਇਸ ਨਾਲ ਲੰਡਨ ਸਟਾਕ ਐਕਸਚੇਂਜ ਅਤੇ ਗਿਫ਼ਟ ਸਿਟੀ ਦਰਮਿਆਨ ਨਵੇਂ ਸਹਿਯੋਗ ਦੇ ਰਾਹ ਵੀ ਖੁੱਲ੍ਹ ਸਕਦੇ ਹਨ। ਦੋਵਾਂ ਦੇਸ਼ਾਂ ਦਰਮਿਆਨ ਇਹ ਵਿੱਤੀ ਏਕੀਕਰਨ, ਸਾਡੀਆਂ ਕੰਪਨੀਆਂ ਨੂੰ ਮੁਕਤ ਵਪਾਰ ਸਮਝੌਤੇ ਦਾ ਵੱਧ ਤੋਂ ਵੱਧ ਲਾਭ ਲੈਣ ਵਿੱਚ ਲਾਹੇਵੰਦ ਹੋਵੇਗਾ, ਮਦਦ ਕਰੇਗਾ।

ਸਾਥੀਓ,

 

ਸਾਡੇ ਸਾਰਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਮੈਂ ਅੱਜ ਇਸ ਮੰਚ ਤੋਂ ਯੂਕੇ ਸਮੇਤ ਦੁਨੀਆ ਦੇ ਹਰ ਭਾਈਵਾਲ ਨੂੰ ਭਾਰਤ ਨਾਲ ਭਾਈਵਾਲੀ ਲਈ ਸੱਦਾ ਦਿੰਦਾ ਹਾਂ। ਹਰ ਨਿਵੇਸ਼ਕ ਨੂੰ ਭਾਰਤ ਦੇ ਵਿਕਾਸ ਨਾਲ ਵਿਕਾਸ ਕਰਨ ਲਈ ਸੱਦਾ ਦਿੰਦਾ ਹਾਂ। ਅਸੀਂ ਅਜਿਹੀ ਫਿਨਟੈੱਕ ਦੁਨੀਆ ਬਣਾਉਣੀ ਹੈ, ਜਿੱਥੇ ਟੈਕਨਾਲੋਜੀ, ਲੋਕ ਅਤੇ ਧਰਤੀ, ਦੋਵਾਂ ਨੂੰ ਖ਼ੁਸ਼ਹਾਲ ਕਰੇ। ਜਿੱਥੇ ਨਵੀਨਤਾ ਦਾ ਟੀਚਾ ਕੇਵਲ ਵਿਕਾਸ ਨਹੀਂ, ਸਗੋਂ ਚੰਗਿਆਈ ਵੀ ਹੋਵੇ। ਜਿੱਥੇ ਵਿੱਤ ਦਾ ਅਰਥ ਕੇਵਲ ਅੰਕੜੇ ਨਹੀਂ, ਸਗੋਂ ਮਨੁੱਖੀ ਤਰੱਕੀ ਹੋਵੇ। ਇਸੇ ਸੱਦੇ ਨਾਲ, ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਆਰਬੀਆਈ ਨੂੰ ਬਹੁਤ-ਬਹੁਤ ਵਧਾਈ। ਧੰਨਵਾਦ!

***********



ਐੱਮਜੇਪੀਐੱਸ/ਵੀਜੇ/ਵੀਕੇ


(Release ID: 2177194) Visitor Counter : 7