ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਹਾਰਾਸ਼ਟਰ ਦੇ ਮੁੰਬਈ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Posted On: 08 OCT 2025 6:32PM by PIB Chandigarh

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਰਾਮਦਾਸ ਅਠਾਵਲੇ ਜੀ, ਕੇ.ਆਰ. ਨਾਇਡੂ ਜੀ, ਮੁਰਲੀਧਰ ਮੋਹੋਲ ਜੀ, ਮਹਾਰਾਸ਼ਟਰ ਸਰਕਾਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਅਜੀਤ ਪਵਾਰ ਜੀ, ਹੋਰ ਮੰਤਰੀ ਸਾਹਿਬਾਨ, ਭਾਰਤ ਵਿੱਚ ਜਾਪਾਨ ਦੇ ਰਾਜਦੂਤ ਕੇਈਚੀ ਓਨੋ ਜੀ, ਹੋਰ ਸਤਿਕਾਰਯੋਗ ਸੱਜਣੋ, ਭਾਈਓ ਅਤੇ ਭੈਣੋ!

 

विजयादशमी झाली, कोजागरी पौर्णिमा झाली.. आणि आता दहा दिवसान्नि दिवाळी, तुम्हाला या सर्वांसाठी खूप खूप शुभेच्छा देतो।

 

ਸਾਥੀਓ,

ਅੱਜ ਮੁੰਬਈ ਦਾ ਲੰਬਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਮੁੰਬਈ ਨੂੰ ਹੁਣ ਆਪਣਾ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਮਿਲ ਗਿਆ ਹੈ। ਇਹ ਹਵਾਈ ਅੱਡਾ ਇਸ ਖੇਤਰ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਕਨੈਕਟੀਵਿਟੀ ਹੱਬ ਵਜੋਂ ਸਥਾਪਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਵੇਗਾ। ਅੱਜ ਮੁੰਬਈ ਨੂੰ ਪੂਰੀ ਤਰ੍ਹਾਂ ਭੂਮੀਗਤ (underground) ਮੈਟਰੋ ਵੀ ਮਿਲੀ ਹੈ, ਜਿਸ ਨਾਲ ਮੁੰਬਈ ਵਿੱਚ ਸਫ਼ਰ ਹੋਰ ਸੌਖਾ ਹੋਵੇਗਾ ਤੇ ਲੋਕਾਂ ਦਾ ਸਮਾਂ ਬਚੇਗਾ। ਇਹ ਭੂਮੀਗਤ ਮੈਟਰੋ ਵਿਕਸਿਤ ਹੁੰਦੇ ਭਾਰਤ ਦਾ ਜੀਵੰਤ ਪ੍ਰਤੀਕ ਹੈ। ਮੁੰਬਈ ਵਰਗੇ ਰੁੱਝੇ ਹੋਏ ਸ਼ਹਿਰ ਵਿੱਚ ਜ਼ਮੀਨ ਦੇ ਹੇਠਾਂ ਅਤੇ ਉਹ ਵੀ ਇਤਿਹਾਸਕ ਇਮਾਰਤਾਂ ਨੂੰ ਸੁਰੱਖਿਅਤ ਰੱਖਦੇ ਹੋਏ, ਇਹ ਸ਼ਾਨਦਾਰ ਮੈਟਰੋ ਬਣਾਈ ਗਈ ਹੈ। ਮੈਂ ਇਸ ਨਾਲ ਜੁੜੇ ਮਜ਼ਦੂਰਾਂ ਅਤੇ ਇੰਜੀਨੀਅਰਾਂ ਨੂੰ ਵੀ ਅੱਜ ਵਧਾਈ ਦਿੰਦਾ ਹਾਂ।

 

ਸਾਥੀਓ,

ਇਹ ਸਮਾਂ ਭਾਰਤ ਦੇ ਨੌਜਵਾਨਾਂ ਲਈ ਅਣਗਿਣਤ ਮੌਕਿਆਂ ਦਾ ਸਮਾਂ ਹੈ। ਕੁਝ ਦਿਨ ਪਹਿਲਾਂ ਹੀ ਦੇਸ਼ ਦੀਆਂ ਕਈ ਆਈਟੀਆਈਜ਼ ਨੂੰ ਉਦਯੋਗ ਨਾਲ ਜੋੜਨ ਲਈ 60 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਸੇਤੂ ਸਕੀਮ ਲਾਂਚ ਹੋਈ ਹੈ। ਅੱਜ ਤੋਂ ਮਹਾਰਾਸ਼ਟਰ ਸਰਕਾਰ ਨੇ ਸੈਂਕੜੇ ਆਈਟੀਆਈਜ਼ ਅਤੇ ਤਕਨੀਕੀ ਸਕੂਲਾਂ ਵਿੱਚ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਵੀ ਡ੍ਰੋਨ, ਰੋਬੋਟਿਕਸ, ਇਲੈਕਟ੍ਰਿਕ ਵਹੀਕਲ, ਸੂਰਜੀ ਊਰਜਾ, ਗ੍ਰੀਨ ਹਾਈਡ੍ਰੋਜਨ, ਅਜਿਹੀਆਂ ਅਣਗਿਣਤ ਨਵੀਂਆਂ ਤਕਨੀਕਾਂ ਦੀ ਸਿਖਲਾਈ ਮਿਲ ਸਕੇਗੀ। ਮੈਂ ਮਹਾਰਾਸ਼ਟਰ ਦੇ ਨੌਜਵਾਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਅੱਜ ਇਸ ਵੱਡੇ ਮੌਕੇ ’ਤੇ ਮੈਂ ਮਹਾਰਾਸ਼ਟਰ ਦੇ ਪੁੱਤਰ, ਲੋਕ ਆਗੂ ਡੀ. ਬੀ. ਪਾਟਿਲ ਜੀ ਨੂੰ ਵੀ ਯਾਦ ਕਰ ਰਿਹਾ ਹਾਂ। ਉਨ੍ਹਾਂ ਨੇ ਸਮਾਜ ਲਈ, ਕਿਸਾਨਾਂ ਲਈ, ਜਿਸ ਸੇਵਾ ਭਾਵਨਾ ਨਾਲ ਕੰਮ ਕੀਤਾ, ਉਹ ਸਾਡੇ ਸਾਰਿਆਂ ਲਈ ਪ੍ਰੇਰਣਾ ਹੈ। ਉਨ੍ਹਾਂ ਦਾ ਜੀਵਨ, ਸਮਾਜ-ਸੇਵਾ ਵਿੱਚ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।

 

ਸਾਥੀਓ,

ਅੱਜ ਪੂਰਾ ਦੇਸ਼, ਵਿਕਸਤ ਭਾਰਤ ਦਾ ਸੰਕਲਪ ਪੂਰਾ ਕਰਨ ਵਿੱਚ ਜੁਟਿਆ ਹੋਇਆ ਹੈ। ਵਿਕਸਤ ਭਾਰਤ, ਯਾਨੀ ਜਿੱਥੇ ਗਤੀ ਵੀ ਹੋਵੇ ਅਤੇ ਪ੍ਰਗਤੀ ਵੀ ਹੋਵੇ, ਜਿੱਥੇ ਲੋਕ-ਹਿੱਤ ਸਭ ਤੋਂ ਉੱਪਰ ਹੋਣ, ਜਿੱਥੇ ਸਰਕਾਰ ਦੀਆਂ ਯੋਜਨਾਵਾਂ, ਦੇਸ਼ ਵਾਸੀਆਂ ਦਾ ਜੀਵਨ ਆਸਾਨ ਬਣਾਉਣ। ਜੇ ਤੁਸੀਂ ਬੀਤੇ 11 ਸਾਲਾਂ ਦੀ ਯਾਤਰਾ ’ਤੇ ਨਜ਼ਰ ਮਾਰੋ, ਤਾਂ ਭਾਰਤ ਦੇ ਕੋਨੇ-ਕੋਨੇ ਵਿੱਚ ਇਸੇ ਭਾਵਨਾ ਨਾਲ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ। ਜਦੋਂ ਵੰਦੇ ਭਾਰਤ ਸੈਮੀ-ਹਾਈਸਪੀਡ ਟ੍ਰੇਨਾਂ ਪਟੜੀਆਂ ’ਤੇ ਦੌੜਦੀਆਂ ਹਨ, ਜਦੋਂ ਬੁਲੇਟ ਟ੍ਰੇਨ ਦਾ ਕੰਮ ਰਫ਼ਤਾਰ ਫੜਦਾ ਹੈ, ਜਦੋਂ ਚੌੜੇ ਹਾਈਵੇਅ ਅਤੇ ਐਕਸਪ੍ਰੈੱਸਵੇਅ ਨਵੇਂ ਸ਼ਹਿਰਾਂ ਨੂੰ ਜੋੜਦੇ ਹਨ, ਜਦੋਂ ਪਹਾੜਾਂ ਨੂੰ ਚੀਰ ਕੇ ਲੰਬੀਆਂ ਸੁਰੰਗਾਂ ਬਣਦੀਆਂ ਹਨ, ਜਦੋਂ ਲੰਬੇ ਅਤੇ ਉੱਚੇ ਸਮੁੰਦਰੀ-ਪੁਲ ਸਮੁੰਦਰ ਦੇ ਦੋ ਕਿਨਾਰਿਆਂ ਨੂੰ ਜੋੜਦੇ ਹਨ, ਉਦੋਂ ਭਾਰਤ ਦੀ ਗਤੀ ਵੀ ਦਿਖਾਈ ਦਿੰਦੀ ਹੈ ਅਤੇ ਭਾਰਤ ਦੀ ਪ੍ਰਗਤੀ ਵੀ ਦਿਖਾਈ ਦਿੰਦੀ ਹੈ। ਉਦੋਂ ਭਾਰਤ ਦੇ ਨੌਜਵਾਨਾਂ ਦੀ ਉਡਾਣ ਨੂੰ ਨਵੇਂ ਖੰਭ ਲੱਗਦੇ ਹਨ।

 

ਸਾਥੀਓ,

ਅੱਜ ਦਾ ਪ੍ਰੋਗਰਾਮ ਵੀ ਇਸੇ ਸਿਲਸਿਲੇ ਨੂੰ ਅੱਗੇ ਵਧਾ ਰਿਹਾ ਹੈ। ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ, ਇੱਕ ਅਜਿਹਾ ਪ੍ਰੋਜੈਕਟ ਹੈ, ਜਿਸ ਵਿੱਚ ਵਿਕਸਤ ਭਾਰਤ ਦੀ ਝਲਕ ਹੈ। ਇਹ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਧਰਤੀ ’ਤੇ ਬਣਿਆ ਹੈ, ਅਤੇ ਇਸ ਦਾ ਆਕਾਰ ਕਮਲ ਦੇ ਫੁੱਲ ਵਰਗਾ ਹੈ, ਯਾਨੀ ਇਹ ਸੱਭਿਆਚਾਰ ਅਤੇ ਖ਼ੁਸ਼ਹਾਲੀ ਦਾ ਜੀਵੰਤ ਪ੍ਰਤੀਕ ਹੈ। ਇਸ ਨਵੇਂ ਹਵਾਈ ਅੱਡੇ ਨਾਲ ਮਹਾਰਾਸ਼ਟਰ ਦੇ ਕਿਸਾਨ ਯੂਰਪ ਅਤੇ ਮੱਧ-ਪੂਰਬ ਦੀਆਂ ਸੁਪਰਮਾਰਕੀਟਸ ਨਾਲ ਵੀ ਜੁੜ ਜਾਣਗੇ। ਯਾਨੀ ਕਿਸਾਨ ਦੀ ਤਾਜ਼ੀ ਉਪਜ, ਫਲ਼-ਫੁੱਲ, ਸਬਜ਼ੀਆਂ ਅਤੇ ਮਛੇਰਿਆਂ ਦੇ ਉਤਪਾਦ, ਤੇਜ਼ੀ ਨਾਲ ਆਲਮੀ ਮਾਰਕੀਟ ਤੱਕ ਪਹੁੰਚ ਸਕਣਗੇ। ਇਸ ਹਵਾਈ ਅੱਡੇ ਨਾਲ ਇੱਥੇ ਆਸ-ਪਾਸ ਦੇ ਛੋਟੇ ਅਤੇ ਲਘੂ ਉਦਯੋਗਾਂ ਲਈ ਨਿਰਯਾਤ ਦੀ ਲਾਗਤ ਘੱਟ ਹੋਵੇਗੀ, ਇੱਥੇ ਨਿਵੇਸ਼ ਵਧੇਗਾ, ਨਵੇਂ ਉਦਯੋਗ, ਨਵੇਂ ਉੱਦਮ ਲੱਗਣਗੇ। ਮੈਂ ਮਹਾਰਾਸ਼ਟਰ ਅਤੇ ਮੁੰਬਈ ਦੇ ਸਾਰੇ ਲੋਕਾਂ ਨੂੰ ਇਸ ਹਵਾਈ ਅੱਡੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਜਦੋਂ ਸੁਪਨਿਆਂ ਨੂੰ ਸਿੱਧ ਕਰਨ ਦਾ ਸੰਕਲਪ ਹੋਵੇ, ਜਦੋਂ ਦੇਸ਼ ਵਾਸੀਆਂ ਤੱਕ ਤੇਜ਼ ਵਿਕਾਸ ਦਾ ਲਾਭ ਪਹੁੰਚਾਉਣ ਦੀ ਇੱਛਾ-ਸ਼ਕਤੀ ਹੋਵੇ ਤਾਂ ਨਤੀਜੇ ਵੀ ਮਿਲਦੇ ਹਨ। ਸਾਡੀ ਹਵਾਈ ਸੇਵਾ ਅਤੇ ਇਸ ਨਾਲ ਜੁੜਿਆ ਉਦਯੋਗ ਇਸ ਦਾ ਬਹੁਤ ਵੱਡਾ ਪ੍ਰਮਾਣ ਹੈ। ਤੁਹਾਨੂੰ ਯਾਦ ਹੋਵੇਗਾ 2014 ਵਿੱਚ ਜਦੋਂ ਦੇਸ਼ ਨੇ ਮੈਨੂੰ ਮੌਕਾ ਦਿੱਤਾ, ਤਾਂ ਮੈਂ ਕਿਹਾ ਸੀ ਕਿ ਮੇਰਾ ਸੁਪਨਾ ਹੈ ਕਿ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਸਫ਼ਰ ਕਰ ਸਕੇ। ਇਸ ਸੁਪਨੇ ਨੂੰ ਪੂਰਾ ਕਰਨ ਲਈ ਬਹੁਤ ਜ਼ਰੂਰੀ ਸੀ ਕਿ ਦੇਸ਼ ਵਿੱਚ ਨਵੇਂ-ਨਵੇਂ ਹਵਾਈ ਅੱਡੇ ਬਣਾਏ ਜਾਣ। ਸਾਡੀ ਸਰਕਾਰ ਨੇ ਇਸ ਮਿਸ਼ਨ ’ਤੇ ਗੰਭੀਰਤਾ ਨਾਲ ਕੰਮ ਸ਼ੁਰੂ ਕੀਤਾ ਸੀ। ਬੀਤੇ 11 ਸਾਲਾਂ ਵਿੱਚ ਦੇਸ਼ ਵਿੱਚ ਇੱਕ ਤੋਂ ਬਾਅਦ ਇੱਕ ਨਵੇਂ ਹਵਾਈ ਅੱਡੇ ਬਣਦੇ ਚਲੇ ਗਏ। ਸਾਲ 2014 ਵਿੱਚ ਸਾਡੇ ਦੇਸ਼ ਵਿੱਚ ਸਿਰਫ਼ 74 ਹਵਾਈ ਅੱਡੇ ਸਨ। ਅੱਜ ਭਾਰਤ ਵਿੱਚ ਹਵਾਈ ਅੱਡਿਆਂ ਦੀ ਗਿਣਤੀ 160 ਨੂੰ ਪਾਰ ਕਰ ਗਈ ਹੈ।

 

ਸਾਥੀਓ,

ਜਦੋਂ ਦੇਸ਼ ਦੇ ਛੋਟੇ-ਛੋਟੇ ਸ਼ਹਿਰਾਂ ਵਿੱਚ ਹਵਾਈ ਅੱਡੇ ਬਣਦੇ ਹਨ, ਤਾਂ ਉੱਥੋਂ ਦੇ ਲੋਕਾਂ ਨੂੰ ਹਵਾਈ ਸਫ਼ਰ ਲਈ ਬਦਲ ਮਿਲਣ ਲੱਗਦਾ ਹੈ। ਅਤੇ ਉਸ ਵਿੱਚ ਵੀ ਪੈਸੇ ਦੀ ਮੁਸ਼ਕਲ ਘੱਟ ਕਰਨ ਲਈ ਅਸੀਂ ਉਡਾਨ ਯੋਜਨਾ ਸ਼ੁਰੂ ਕੀਤੀ ਤਾਂ ਕਿ ਲੋਕਾਂ ਨੂੰ ਸਸਤੇ ਵਿੱਚ ਹਵਾਈ ਜਹਾਜ਼ ਦੀ ਟਿਕਟ ਮਿਲ ਸਕੇ। ਉਡਾਨ ਯੋਜਨਾ ਸਦਕਾ ਬੀਤੇ ਦਹਾਕੇ ਵਿੱਚ ਲੱਖਾਂ ਲੋਕਾਂ ਨੇ ਪਹਿਲੀ ਵਾਰ ਹਵਾਈ ਸਫ਼ਰ ਕੀਤਾ ਹੈ, ਆਪਣਾ ਸੁਪਨਾ ਪੂਰਾ ਕੀਤਾ ਹੈ।

 

ਸਾਥੀਓ,

ਨਵੇਂ ਹਵਾਈ ਅੱਡੇ ਬਣਨ ਅਤੇ ਉਡਾਨ ਯੋਜਨਾ ਨਾਲ ਲੋਕਾਂ ਨੂੰ ਤਾਂ ਸਹੂਲਤ ਮਿਲੀ ਹੈ, ਅਤੇ ਨਾਲ ਹੀ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਜ਼ਾਰ ਵੀ ਬਣਿਆ ਹੈ। ਹੁਣ ਤਾਂ ਸਾਡੀਆਂ ਏਅਰਲਾਈਨਜ਼ ਲਗਾਤਾਰ ਆਪਣਾ ਵਿਸਥਾਰ ਕਰ ਰਹੀਆਂ ਹਨ। ਅਤੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ, ਜਦੋਂ ਦੁਨੀਆ ਦੇ ਲੋਕ ਜਾਣਦੇ ਹਨ, ਕਿ ਇਕੱਲੇ ਹਿੰਦੁਸਤਾਨ ਤੋਂ ਇਨ੍ਹਾਂ ਦਿਨਾਂ ਵਿੱਚ ਹਵਾਈ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਕੋਲ ਲਗਭਗ 1 ਹਜ਼ਾਰ ਨਵੇਂ ਹਵਾਈ ਜਹਾਜ਼ਾਂ ਦਾ ਆਰਡਰ ਬੁੱਕ ਹੋਇਆ ਹੈ। ਇਸ ਨਾਲ ਨਵੇਂ ਪਾਇਲਟਾਂ, ਕੈਬਿਨ ਕਰੂ, ਇੰਜੀਨੀਅਰਾਂ, ਗਰਾਊਂਡ ਵਰਕਰਾਂ ਲਈ ਨਵੇਂ ਮੌਕੇ ਬਣ ਰਹੇ ਹਨ।

 

ਸਾਥੀਓ,

ਜਦੋਂ ਜਹਾਜ਼ ਵਧਦੇ ਹਨ, ਤਾਂ ਰੱਖ-ਰਖਾਅ, ਮੁਰੰਮਤ ਦਾ ਕੰਮ ਵੀ ਵਧਦਾ ਹੈ। ਇਸ ਲਈ ਵੀ ਅਸੀਂ ਭਾਰਤ ਵਿੱਚ ਹੀ ਨਵੀਂਆਂ ਸਹੂਲਤਾਂ ਬਣਾ ਰਹੇ ਹਾਂ। ਸਾਡਾ ਟੀਚਾ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਭਾਰਤ ਇੱਕ ਵੱਡਾ ਐੱਮਆਰਓ ਹੱਬ ਬਣੇ। ਇਸ ਵਿੱਚ ਵੀ ਭਾਰਤ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਅਨੇਕਾਂ ਨਵੇਂ ਮੌਕੇ ਬਣ ਰਹੇ ਹਨ।

 

ਸਾਥੀਓ,

ਅੱਜ ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। ਸਾਡੀ ਤਾਕਤ, ਸਾਡੇ ਨੌਜਵਾਨ ਹਨ। ਇਸ ਲਈ ਸਾਡੀ ਹਰ ਨੀਤੀ ਦਾ ਕੇਂਦਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਦੇਣ ’ਤੇ ਹੈ। ਜਦੋਂ ਬੁਨਿਆਦੀ ਢਾਂਚੇ ’ਤੇ ਵੱਧ ਨਿਵੇਸ਼ ਹੁੰਦਾ ਹੈ, ਓਦੋਂ ਰੁਜ਼ਗਾਰ ਪੈਦਾ ਹੁੰਦਾ ਹੈ। ਜਦੋਂ 76 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਧਾਵਨ ਵਰਗਾ ਪੋਰਟ ਬਣਦਾ ਹੈ, ਉਦੋਂ ਜਾ ਕੇ ਰੁਜ਼ਗਾਰ ਪੈਦਾ ਹੁੰਦਾ ਹੈ। ਜਦੋਂ ਵਪਾਰ ਵਧਦਾ ਹੈ, ਲੌਜਿਸਟਿਕਸ ਨਾਲ ਜੁੜੇ ਖੇਤਰ ਨੂੰ ਗਤੀ ਮਿਲਦੀ ਹੈ, ਉਦੋਂ ਅਣਗਿਣਤ ਰੁਜ਼ਗਾਰ ਵਧਦੇ ਚਲੇ ਜਾਂਦੇ ਹਨ।

 

ਭਾਈਓ ਅਤੇ ਭੈਣੋ,

ਅਸੀਂ ਉਨ੍ਹਾਂ ਸੰਸਕਾਰਾਂ ਵਿੱਚ ਪਲੇ-ਵਧੇ ਹਾਂ, ਜਿੱਥੇ ਰਾਸ਼ਟਰ-ਨੀਤੀ ਹੀ ਰਾਜਨੀਤੀ ਦਾ ਆਧਾਰ ਹੈ। ਸਾਡੇ ਲਈ ਬੁਨਿਆਦੀ ਢਾਂਚੇ ’ਤੇ ਲੱਗਣ ਵਾਲਾ ਇੱਕ-ਇੱਕ ਪੈਸਾ, ਦੇਸ਼ ਵਾਸੀਆਂ ਦੀ ਸਹੂਲਤ ਅਤੇ ਸਮਰੱਥਾ ਨੂੰ ਵਧਾਉਣ ਦਾ ਮਾਧਿਅਮ ਹੈ। ਪਰ ਦੂਜੇ ਪਾਸੇ ਦੇਸ਼ ਵਿੱਚ ਇੱਕ ਅਜਿਹੀ ਰਾਜਨੀਤਿਕ ਧਾਰਾ ਵੀ ਰਹੀ ਹੈ, ਜੋ ਜਨਤਾ ਦੀ ਸਹੂਲਤ ਨਹੀਂ, ਸੱਤਾ ਦੀ ਸਹੂਲਤ ਨੂੰ ਉੱਪਰ ਰੱਖਦੀ ਹੈ। ਇਹ ਉਹ ਲੋਕ ਹਨ, ਜੋ ਵਿਕਾਸ ਦੇ ਕੰਮ ਵਿੱਚ ਰੁਕਾਵਟ ਪਾਉਂਦੇ ਹਨ, ਘੁਟਾਲੇ-ਘਪਲੇ ਕਰਕੇ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ਨੂੰ ਪਟੜੀ ਤੋਂ ਲਾਹ ਦਿੰਦੇ ਹਨ। ਦਹਾਕਿਆਂ ਤੱਕ ਦੇਸ਼ ਨੇ ਅਜਿਹੇ ਨੁਕਸਾਨ ਨੂੰ ਦੇਖਿਆ ਹੈ।

 

ਸਾਥੀਓ,

ਅੱਜ ਜਿਸ ਮੈਟਰੋ ਲਾਈਨ ਦਾ ਉਦਘਾਟਨ ਹੋਇਆ ਹੈ, ਇਹ ਉਨ੍ਹਾਂ ਲੋਕਾਂ ਦੇ ਕੰਮਾਂ ਦੀ ਯਾਦ ਵੀ ਦਿਵਾਉਂਦਾ ਹੈ। ਮੈਂ ਇਸ ਦੇ ਭੂਮੀ ਪੂਜਣ ਵਿੱਚ ਸ਼ਾਮਲ ਹੋਇਆ ਸੀ, ਉਦੋਂ ਮੁੰਬਈ ਦੇ ਲੱਖਾਂ ਪਰਿਵਾਰਾਂ ਨੂੰ ਉਮੀਦ ਬੱਝੀ ਸੀ ਕਿ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਘੱਟ ਹੋਣਗੀਆਂ। ਪਰ ਫਿਰ ਕੁਝ ਸਮੇਂ ਲਈ ਜੋ ਸਰਕਾਰ ਆਈ, ਉਸ ਨੇ ਇਹ ਕੰਮ ਹੀ ਰੋਕ ਦਿੱਤਾ। ਉਨ੍ਹਾਂ ਨੂੰ ਸੱਤਾ ਮਿਲੀ, ਪਰ ਦੇਸ਼ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ, ਇੰਨੇ ਸਾਲਾਂ ਤੱਕ ਅਸੁਵਿਧਾ ਹੋਈ। ਹੁਣ ਇਹ ਮੈਟਰੋ ਲਾਈਨ ਬਣਨ ਨਾਲ ਦੋ-ਢਾਈ ਘੰਟੇ ਦਾ ਸਫ਼ਰ 30-40 ਮਿੰਟਾਂ ਵਿੱਚ ਹੋ ਜਾਵੇਗਾ। ਜਿਸ ਮੁੰਬਈ ਵਿੱਚ ਇੱਕ-ਇੱਕ ਮਿੰਟ ਦਾ ਮਹੱਤਵ ਹੈ, ਉੱਥੇ ਤਿੰਨ-ਚਾਰ ਸਾਲ ਤੱਕ ਇਸ ਸਹੂਲਤ ਤੋਂ ਮੁੰਬਈ ਵਾਸੀ ਵਾਂਝੇ ਰਹੇ। ਇਹ ਕਿਸੇ ਪਾਪ ਤੋਂ ਘੱਟ ਨਹੀਂ ਹੈ।

 

ਸਾਥੀਓ,

ਪਿਛਲੇ 11 ਸਾਲਾਂ ਤੋਂ ਦੇਸ਼ ਵਾਸੀਆਂ ਦਾ ਜੀਵਨ ਆਸਾਨ ਬਣਾਉਣ ’ਤੇ, ‘ਈਜ਼ ਆਫ਼ ਲਿਵਿੰਗ’ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਅਤੇ ਇਸ ਲਈ ਰੇਲ, ਸੜਕ, ਹਵਾਈ ਅੱਡੇ, ਮੈਟਰੋ, ਇਲੈਕਟ੍ਰਿਕ ਬੱਸ, ਅਜਿਹੀ ਹਰ ਸਹੂਲਤ ’ਤੇ ਬੇਮਿਸਾਲ ਨਿਵੇਸ਼ ਕੀਤਾ ਜਾ ਰਿਹਾ ਹੈ। ਅਟਲ ਸੇਤੂ ਅਤੇ ਕੋਸਟਲ ਰੋਡ ਵਰਗੇ ਪ੍ਰੋਜੈਕਟ ਬਣਾਏ ਗਏ ਹਨ।

 

ਸਾਥੀਓ,

ਅਸੀਂ ਆਵਾਜਾਈ ਦੇ ਹਰ ਮਾਧਿਅਮ ਨੂੰ ਵੀ ਆਪਸ ਵਿੱਚ ਜੋੜ ਰਹੇ ਹਾਂ। ਕੋਸ਼ਿਸ਼ ਹੈ ਕਿ ਲੋਕਾਂ ਨੂੰ ਨਿਰਵਿਘਨ ਸਫ਼ਰ ਮਿਲੇ, ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਤੱਕ ਭਟਕਣ ਦੀ ਮਜਬੂਰੀ ਨਾ ਰਹੇ। ਅੱਜ ਦੇਸ਼, ‘ਵੰਨ ਨੇਸ਼ਨ, ਵੰਨ ਮੋਬਿਲਿਟੀ’ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਮੁੰਬਈ ਵੰਨ ਐਪ ਵੀ ਇਸੇ ਦਿਸ਼ਾ ਵਿੱਚ ਇੱਕ ਹੋਰ ਕੋਸ਼ਿਸ਼ ਹੈ। ਹੁਣ ਮੁੰਬਈ ਵਾਸੀਆਂ ਨੂੰ ਟਿਕਟ ਲਈ ਘੰਟਿਆਂਬੱਧੀ ਲਾਈਨ ਵਿੱਚ ਖੜ੍ਹਾ ਨਹੀਂ ਹੋਣਾ ਪਵੇਗਾ। ਮੁੰਬਈ ਵੰਨ ਐਪ ਤੋਂ ਇੱਕ ਵਾਰ ਟਿਕਟ ਲਵੋ, ਅਤੇ ਉਸੇ ਟਿਕਟ ਨਾਲ ਲੋਕਲ, ਬੱਸ, ਮੈਟਰੋ ਜਾਂ ਟੈਕਸੀ- ਸਭ ਵਿੱਚ ਸਫ਼ਰ ਕਰੋ।

 

ਸਾਥੀਓ,

ਮੁੰਬਈ ਭਾਰਤ ਦੀ ਆਰਥਿਕ ਰਾਜਧਾਨੀ ਦੇ ਨਾਲ ਭਾਰਤ ਦੇ ਸਭ ਤੋਂ ਜੀਵੰਤ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਲਈ 2008 ਵਿੱਚ ਅੱਤਵਾਦੀਆਂ ਨੇ ਵੀ ਮੁੰਬਈ ਸ਼ਹਿਰ ਨੂੰ ਵੱਡੇ ਹਮਲੇ ਲਈ ਚੁਣਿਆ। ਪਰ ਉਦੋਂ ਜੋ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਸੀ, ਉਸ ਨੇ ਕਮਜ਼ੋਰੀ ਦਾ ਸੰਦੇਸ਼ ਦਿੱਤਾ, ਅੱਤਵਾਦ ਸਾਹਮਣੇ ਗੋਡੇ ਟੇਕਣ ਦਾ ਸੰਦੇਸ਼ ਦਿੱਤਾ। ਹਾਲ ਹੀ ਵਿੱਚ ਕਾਂਗਰਸ ਦੇ ਇੱਕ ਵੱਡੇ ਨੇਤਾ, ਜੋ ਦੇਸ਼ ਦੇ ਗ੍ਰਹਿ ਮੰਤਰੀ ਤੱਕ ਰਹਿ ਚੁੱਕੇ ਹਨ, ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਬਹੁਤ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮੁੰਬਈ ਹਮਲੇ ਤੋਂ ਬਾਅਦ ਸਾਡੀਆਂ ਫ਼ੌਜਾਂ ਪਾਕਿਸਤਾਨ ’ਤੇ ਹਮਲਾ ਕਰਨ ਲਈ ਤਿਆਰ ਸਨ। ਪੂਰਾ ਦੇਸ਼ ਵੀ ਉਸ ਸਮੇਂ ਇਹੀ ਚਾਹੁੰਦਾ ਸੀ। ਪਰ ਉਸ ਕਾਂਗਰਸੀ ਨੇਤਾ ਦੀ ਮੰਨੀਏ ਤਾਂ ਕਿਸੇ ਦੂਜੇ ਦੇਸ਼ ਦੇ ਦਬਾਅ ਕਾਰਨ, ਉਦੋਂ ਕਾਂਗਰਸ ਸਰਕਾਰ ਨੇ ਭਾਰਤ ਦੀਆਂ ਫ਼ੌਜਾਂ ਨੂੰ ਪਾਕਿਸਤਾਨ ’ਤੇ ਹਮਲਾ ਕਰਨ ਤੋਂ ਰੋਕ ਦਿੱਤਾ ਸੀ। ਕਾਂਗਰਸ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਕੌਣ ਸੀ, ਜਿਸ ਨੇ ਵਿਦੇਸ਼ੀ ਦਬਾਅ ਹੇਠ ਇਹ ਫ਼ੈਸਲਾ ਲਿਆ? ਜਿਸ ਨੇ ਮੁੰਬਈ ਦੀ, ਦੇਸ਼ ਦੀ ਭਾਵਨਾ ਨਾਲ ਖਿਲਵਾੜ ਕੀਤਾ ਅਤੇ ਦੇਸ਼ ਨੂੰ ਇਹ ਜਾਣਨ ਦਾ ਹੱਕ ਹੈ। ਕਾਂਗਰਸ ਦੀ ਇਸ ਕਮਜ਼ੋਰੀ ਨੇ ਅੱਤਵਾਦੀਆਂ ਨੂੰ ਮਜ਼ਬੂਤ ਕੀਤਾ। ਦੇਸ਼ ਦੀ ਸੁਰੱਖਿਆ ਨੂੰ ਕਮਜ਼ੋਰ ਕੀਤਾ, ਜਿਸ ਦੀ ਕੀਮਤ ਦੇਸ਼ ਨੂੰ ਵਾਰ-ਵਾਰ ਜਾਨਾਂ ਗੁਆ ਕੇ ਚੁਕਾਉਣੀ ਪਈ।

 

ਸਾਥੀਓ,

ਸਾਡੇ ਲਈ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੁਰੱਖਿਆ ਤੋਂ ਵਧ ਕੇ ਕੁਝ ਵੀ ਨਹੀਂ ਹੈ। ਅੱਜ ਦਾ ਭਾਰਤ, ਦਮਦਾਰ ਜਵਾਬ ਦਿੰਦਾ ਹੈ। ਅੱਜ ਦਾ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ। ਇਹ ਦੁਨੀਆ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਦੇਖਿਆ ਵੀ ਹੈ ਅਤੇ ਮਾਣ ਵੀ ਮਹਿਸੂਸ ਕੀਤਾ ਹੈ।

 

ਸਾਥੀਓ,

ਗ਼ਰੀਬ ਹੋਵੇ, ਨਿਓ-ਮਿਡਲ ਕਲਾਸ ਹੋਵੇ, ਮਿਡਲ ਕਲਾਸ ਹੋਵੇ, ਇਨ੍ਹਾਂ ਦਾ ਸਸ਼ਕਤੀਕਰਨ ਅੱਜ ਦੇਸ਼ ਦੀ ਤਰਜੀਹ ਹੈ। ਜਦੋਂ ਇਨ੍ਹਾਂ ਪਰਿਵਾਰਾਂ ਨੂੰ ਸਹੂਲਤ ਮਿਲਦੀ ਹੈ, ਸਨਮਾਨ ਮਿਲਦਾ ਹੈ, ਉਦੋਂ ਉਨ੍ਹਾਂ ਦੀ ਸਮਰੱਥਾ ਵਧਦੀ ਹੈ। ਦੇਸ਼ ਵਾਸੀਆਂ ਦੀ ਸਮਰੱਥਾ ਨਾਲ ਦੇਸ਼ ਸ਼ਕਤੀਸ਼ਾਲੀ ਹੁੰਦਾ ਹੈ। ਹੁਣੇ ਜੀਐੱਸਟੀ ਵਿੱਚ ਜੋ ਅਗਲੀ ਪੀੜ੍ਹੀ ਦੇ ਸੁਧਾਰ ਹੋਏ ਹਨ, ਜੋ ਚੀਜ਼ਾਂ ਸਸਤੀਆਂ ਹੋਈਆਂ ਹਨ, ਉਸ ਨਾਲ ਵੀ ਦੇਸ਼ ਦੇ ਲੋਕਾਂ ਦੀ ਸਮਰੱਥਾ ਵਧੀ ਹੈ। ਬਜ਼ਾਰ ਤੋਂ ਆਏ ਅੰਕੜੇ ਦੱਸਦੇ ਹਨ ਕਿ ਇਸ ਵਾਰ ਨਰਾਤਿਆਂ ਵਿੱਚ ਵਿੱਕਰੀ ਦੇ ਕਈ-ਕਈ ਸਾਲਾਂ ਦੇ ਰਿਕਾਰਡ ਟੁੱਟ ਗਏ ਹਨ। ਰਿਕਾਰਡ ਗਿਣਤੀ ਵਿੱਚ ਲੋਕ ਸਕੂਟਰ, ਮੋਟਰਸਾਈਕਲ, ਟੀਵੀ, ਫ਼ਰਿਜ, ਵਾਸ਼ਿੰਗ ਮਸ਼ੀਨ ਇਹ ਸਭ ਕੁਝ ਖ਼ਰੀਦ ਰਹੇ ਹਨ।

 

ਸਾਥੀਓ,

ਜਿਸ ਨਾਲ ਦੇਸ਼ ਵਾਸੀਆਂ ਦਾ ਜੀਵਨ ਬਿਹਤਰ ਹੋਵੇ, ਜਿਸ ਨਾਲ ਦੇਸ਼ ਨੂੰ ਤਾਕਤ ਮਿਲੇ, ਸਾਡੀ ਸਰਕਾਰ ਅੱਗੇ ਵੀ ਅਜਿਹੇ ਹੀ ਕਦਮ ਚੁੱਕਦੀ ਰਹੇਗੀ। ਪਰ ਮੇਰੀ ਤੁਹਾਨੂੰ ਵੀ ਇੱਕ ਬੇਨਤੀ ਹੈ। ਸਵਦੇਸ਼ੀ ਨੂੰ ਅਪਣਾਓ, ਮਾਣ ਨਾਲ ਕਹੋ ਇਹ ਸਵਦੇਸ਼ੀ ਹੈ- ਇਹ ਹਰ ਘਰ ਦਾ, ਹਰ ਬਜ਼ਾਰ ਦਾ ਮੰਤਰ ਹੋਣਾ ਚਾਹੀਦਾ ਹੈ, ਹਰ ਦੇਸ਼ ਵਾਸੀ ਸਵਦੇਸ਼ੀ ਕੱਪੜੇ-ਜੁੱਤੇ ਖਰੀ ਦੇ ਗਾ, ਸਵਦੇਸ਼ੀ ਸਮਾਨ ਘਰ ਲਿਆਵੇਗਾ, ਜੇ ਕਿਸੇ ਨੂੰ ਤੋਹਫ਼ਾ ਦੇਣਾ ਹੈ ਤਾਂ ਸਵਦੇਸ਼ੀ ਦੇਵੇਗਾ, ਤਾਂ ਦੇਸ਼ ਦਾ ਪੈਸਾ ਦੇਸ਼ ਵਿੱਚ ਹੀ ਲੱਗੇਗਾ। ਇਸ ਨਾਲ ਭਾਰਤ ਦੇ ਹੀ ਮਜ਼ਦੂਰ ਨੂੰ ਕੰਮ ਮਿਲੇਗਾ, ਭਾਰਤ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਕਲਪਨਾ ਕਰੋ, ਜਦੋਂ ਪੂਰਾ ਭਾਰਤ ਸਵਦੇਸ਼ੀ ਨੂੰ ਅਪਣਾਵੇਗਾ ਤਾਂ ਭਾਰਤ ਦੀ ਸਮਰੱਥਾ ਕਿੰਨੀ ਵਧ ਜਾਵੇਗੀ।

 

ਸਾਥੀਓ,

ਮਹਾਰਾਸ਼ਟਰ ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਵਿੱਚ ਹਮੇਸ਼ਾ ਅੱਗੇ ਰਿਹਾ ਹੈ। ਐੱਨਡੀਏ ਦੀ ਡਬਲ ਇੰਜਣ ਸਰਕਾਰ ਮਹਾਰਾਸ਼ਟਰ ਦੇ ਹਰ ਨਗਰ, ਹਰ ਪਿੰਡ ਦੀ ਸਮਰੱਥਾ ਵਧਾਉਣ ਲਈ ਲਗਾਤਾਰ ਕੰਮ ਕਰਦੀ ਰਹੇਗੀ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਬੋਲੋ- ਭਾਰਤ ਮਾਤਾ ਦੀ ਜੈ! ਦੋਵੇਂ ਹੱਥ ਉੱਪਰ ਕਰਕੇ ਜਿੱਤ ਦਾ ਜਸ਼ਨ ਮਨਾਓ।

 

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਬਹੁਤ-ਬਹੁਤ ਧੰਨਵਾਦ।

 

************

ਐੱਮਜੇਪੀਐੱਸ/ਐੱਸਟੀ/ਡੀਕੇ


(Release ID: 2176677) Visitor Counter : 15