ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 8-9 ਅਕਤੂਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਲਗਭਗ 19,650 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਮੁੰਬਈ ਮੈਟਰੋ ਲਾਈਨ-3 ਦੇ ਅੰਤਿਮ ਪੜਾਅ ਦਾ ਉਦਘਾਟਨ ਕਰਨਗੇ ਅਤੇ ਸਮੁੱਚੀ ਮੁੰਬਈ ਮੈਟਰੋ ਲਾਈਨ-3 ਰਾਸ਼ਟਰ ਨੂੰ ਸਮਰਪਿਤ ਕਰਨਗੇ, ਜੋ ਕਿ ਕੁੱਲ 37,270 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੀ ਹੈ

ਪ੍ਰਧਾਨ ਮੰਤਰੀ 11 ਜਨਤਕ ਟ੍ਰਾਂਸਪੋਰਟ ਆਪਰੇਟਰਾਂ ਲਈ "ਮੁੰਬਈ ਵੰਨ" - ਭਾਰਤ ਦੀ ਪਹਿਲੀ ਏਕੀਕ੍ਰਿਤ ਸਾਂਝੀ ਗਤੀਸ਼ੀਲਤਾ ਐਪ ਲਾਂਚ ਕਰਨਗੇ

ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟਾਂ ਦਾ ਮੁੱਖ ਮੰਤਵ: ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਉਣਾ

ਭਾਰਤ-ਯੂਕੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ​​ਬਣਾਉਣ ਲਈ ਪ੍ਰਧਾਨ ਮੰਤਰੀ ਮੋਦੀ ਮੁੰਬਈ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ

ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਸਟਾਰਮਰ ਭਾਰਤ-ਯੂਕੇ ਰਣਨੀਤਕ ਭਾਈਵਾਲੀ ਅਤੇ ਵਿਜ਼ਨ 2035 ਰੋਡਮੈਪ ਦੀ ਸਮੀਖਿਆ ਕਰਨਗੇ

ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਸਟਾਰਮਰ 'ਗਲੋਬਲ ਫਿਨਟੈਕ ਫੈਸਟ 2025' ਵਿੱਚ ਮੁੱਖ ਭਾਸ਼ਣ ਦੇਣਗੇ

ਜੀਐੱਫਐੱਫ 2025 ਦਾ ਵਿਸ਼ਾ: ਏਆਈ, ਵਧੀਕ ਬੁੱਧੀ, ਨਵੀਨਤਾ ਅਤੇ ਸ਼ਮੂਲੀਅਤ ਨਾਲ ਸੰਚਾਲਿਤ

Posted On: 07 OCT 2025 10:30AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8-9 ਅਕਤੂਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਵੀਂ ਮੁੰਬਈ ਪਹੁੰਚਣਗੇ ਅਤੇ ਦੁਪਹਿਰ 3 ਵਜੇ ਦੇ ਕਰੀਬ ਉਹ ਨਵੇਂ ਬਣੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ, ਦੁਪਹਿਰ 3:30 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਅਤੇ ਮੁੰਬਈ ਵਿੱਚ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਂਚ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।

9 ਅਕਤੂਬਰ ਨੂੰ ਸਵੇਰੇ 10 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਮੁੰਬਈ ਵਿੱਚ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਦੀ ਮੇਜ਼ਬਾਨੀ ਕਰਨਗੇ। ਦੁਪਹਿਰ 1:40 ਵਜੇ ਦੇ ਕਰੀਬ, ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜੀਓ ਵਰਲਡ ਸੈਂਟਰ, ਮੁੰਬਈ ਵਿਖੇ ਸੀਈਓ ਫੋਰਮ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ, ਦੁਪਹਿਰ 2:45 ਵਜੇ ਦੇ ਕਰੀਬ, ਦੋਵੇਂ ਗਲੋਬਲ ਫਿਨਟੈਕ ਫੈਸਟ ਦੇ 6ਵੇਂ ਐਡੀਸ਼ਨ ਵਿੱਚ ਸ਼ਾਮਲ ਹੋਣਗੇ। ਉਹ ਫੈਸਟ ਵਿੱਚ ਮੁੱਖ ਭਾਸ਼ਣ ਵੀ ਦੇਣਗੇ।

ਪ੍ਰਧਾਨ ਮੰਤਰੀ ਨਵੀਂ ਮੁੰਬਈ ਵਿਖੇ

ਭਾਰਤ ਨੂੰ ਇੱਕ ਗਲੋਬਲ ਏਵੀਏਸ਼ਨ ਹੱਬ ਵਿੱਚ ਬਦਲਣ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ ਪ੍ਰਧਾਨ ਮੰਤਰੀ ਲਗਭਗ 19,650 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (ਐੱਨਐੱਮਆਈਏ) ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ।

ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦਾ ਸਭ ਤੋਂ ਵੱਡਾ ਗ੍ਰੀਨਫੀਲਡ ਹਵਾਈ ਅੱਡਾ ਪ੍ਰੋਜੈਕਟ ਹੈ, ਜੋ ਕਿ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਦੇ ਤਹਿਤ ਵਿਕਸਤ ਕੀਤਾ ਗਿਆ ਹੈ। ਮੁੰਬਈ ਮੈਟਰੋਪੋਲੀਟਨ ਖੇਤਰ ਲਈ ਦੂਜੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰੂਪ ਵਿੱਚ, ਐੱਨਐੱਮਆਈਏ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (ਸੀਐੱਸਐੱਮਆਈਏ) ਨਾਲ ਮਿਲ ਕੇ ਕੰਮ ਕਰੇਗਾ ਤਾਂ ਜੋ ਭੀੜ-ਭੜੱਕੇ ਨੂੰ ਘੱਟ ਕੀਤਾ ਜਾ ਸਕੇ ਅਤੇ ਮੁੰਬਈ ਨੂੰ ਗਲੋਬਲ ਮਲਟੀ-ਏਅਰਪੋਰਟ ਸਿਸਟਮਾਂ ਦੀ ਲੀਗ ਵਿੱਚ ਉੱਚਾ ਚੁੱਕਿਆ ਜਾ ਸਕੇ। 1160 ਹੈਕਟੇਅਰ ਖੇਤਰ ਦੇ ਨਾਲ ਦੁਨੀਆ ਦੇ ਸਭ ਤੋਂ ਕੁਸ਼ਲ ਹਵਾਈ ਅੱਡੇ ਵਿੱਚੋਂ ਇੱਕ ਬਣਨ ਲਈ ਤਿਆਰ ਕੀਤਾ ਗਿਆ ਇਹ ਹਵਾਈ ਅੱਡਾ ਸਾਲਾਨਾ 90 ਮਿਲੀਅਨ ਯਾਤਰੀਆਂ (ਐੱਮਪੀਪੀਏ) ਅਤੇ 3.25 ਮਿਲੀਅਨ ਮੀਟ੍ਰਿਕ ਟਨ ਕਾਰਗੋ ਨੂੰ ਸੰਭਾਲੇਗਾ।

ਇਸ ਦੀਆਂ ਵਿਲੱਖਣ ਪੇਸ਼ਕਸ਼ਾਂ ਵਿੱਚ ਇੱਕ ਆਟੋਮੇਟਿਡ ਪੀਪਲ ਮੂਵਰ (ਏਪੀਐੱਮ) ਹੈ, ਜੋ ਇੱਕ ਆਵਾਜਾਈ ਪ੍ਰਣਾਲੀ ਹੈ, ਜਿਸ ਨਾਲ ਚਾਰੇ ਯਾਤਰੀ ਟਰਮੀਨਲਾਂ ਨੂੰ ਸੁਚਾਰੂ ਅੰਤਰ-ਟਰਮੀਨਲ ਟਰਾਂਸਫ਼ਰ ਲਈ ਜੋੜਨ ਦੀ ਯੋਜਨਾ ਬਣਾਈ ਗਈ ਹੈ ਅਤੇ ਨਾਲ ਹੀ ਇੱਕ ਲੈਂਡਸਾਈਡ ਏਪੀਐੱਮ ਹੈ, ਜੋ ਸ਼ਹਿਰੀ ਪਾਸੇ ਦੇ ਬੁਨਿਆਦੀ ਢਾਂਚੇ ਨੂੰ ਜੋੜਦਾ ਹੈ। ਟਿਕਾਊ ਅਭਿਆਸਾਂ ਦੇ ਅਨੁਸਾਰ ਹਵਾਈ ਅੱਡੇ ਵਿੱਚ ਸਸਟੇਨੇਬਲ ਏਵੀਏਸ਼ਨ ਫਿਊਲ (ਐੱਸਏਐੱਫ) ਲਈ ਸਮਰਪਿਤ ਭੰਡਾਰਣ, ਲਗਭਗ 47 ਮੈਗਾਵਾਟ ਦਾ ਸੌਰ ਊਰਜਾ ਉਤਪਾਦਨ ਅਤੇ ਸਾਰੇ ਸ਼ਹਿਰ ਵਿੱਚ ਜਨਤਕ ਸੰਪਰਕ ਲਈ ਈਵੀ ਬੱਸ ਸੇਵਾਵਾਂ ਸ਼ਾਮਲ ਹੋਣਗੀਆਂ। ਐੱਨਐੱਮਆਈਏ ਦੇਸ਼ ਦਾ ਪਹਿਲਾ ਹਵਾਈ ਅੱਡਾ ਵੀ ਹੋਵੇਗਾ ਜੋ ਵਾਟਰ ਟੈਕਸੀ ਨਾਲ ਜੋੜਿਆ ਗਿਆ ਹੈ।

ਪ੍ਰਧਾਨ ਮੰਤਰੀ ਮੁੰਬਈ ਮੈਟਰੋ ਲਾਈਨ-3 ਦੇ ਪੜਾਅ 2ਬੀ ਦਾ ਉਦਘਾਟਨ ਕਰਨਗੇ, ਜੋ ਕਿ ਆਚਾਰਿਆ ਅਤਰੇ ਚੌਕ ਤੋਂ ਕਫ਼ ਪਰੇਡ ਤੱਕ ਫੈਲੀ ਹੋਈ ਹੈ, ਜਿਸਦੀ ਉਸਾਰੀ ਲਗਭਗ 12,200 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੀਤੀ ਗਈ ਹੈ। ਇਸ ਦੇ ਨਾਲ, ਉਹ 37,270 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਵਾਲੀ ਸਮੁੱਚੀ ਮੁੰਬਈ ਮੈਟਰੋ ਲਾਈਨ 3 (ਐਕੁਆ ਲਾਈਨ) ਰਾਸ਼ਟਰ ਨੂੰ ਸਮਰਪਿਤ ਕਰਨਗੇ, ਜੋ ਕਿ ਸ਼ਹਿਰ ਦੇ ਸ਼ਹਿਰੀ ਆਵਾਜਾਈ ਬਦਲਾਅ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗੀ।

ਮੁੰਬਈ ਦੀ ਪਹਿਲੀ ਅਤੇ ਇਕਲੌਤੀ ਪੂਰੀ ਤਰ੍ਹਾਂ ਭੂਮੀਗਤ ਮੈਟਰੋ ਲਾਈਨ ਦੇ ਰੂਪ ਵਿੱਚ ਇਹ ਪ੍ਰੋਜੈਕਟ ਮੁੰਬਈ ਮੈਟਰੋਪੋਲੀਟਨ ਖੇਤਰ (ਐੱਮਐੱਮਆਰ) ਵਿੱਚ ਆਉਣ-ਜਾਣ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ, ਜੋ ਲੱਖਾਂ ਵਾਸੀਆਂ ਲਈ ਇੱਕ ਤੇਜ਼, ਵਧੇਰੇ ਕੁਸ਼ਲ ਅਤੇ ਆਧੁਨਿਕ ਆਵਾਜਾਈ ਹੱਲ ਪੇਸ਼ ਕਰਦੀ ਹੈ।

ਮੁੰਬਈ ਮੈਟਰੋ ਲਾਈਨ-3, ਜੋ ਕਿ ਕਫ਼ ਪਰੇਡ ਤੋਂ ਆਰੇ ਜੇਵੀਐੱਲਆਰ ਤੱਕ 27 ਸਟੇਸ਼ਨਾਂ ਦੇ ਨਾਲ 33.5 ਕਿੱਲੋਮੀਟਰ ਤੱਕ ਫੈਲੀ ਹੋਈ ਹੈ, ਰੋਜ਼ਾਨਾ 13 ਲੱਖ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰੇਗੀ। ਪ੍ਰੋਜੈਕਟ ਦਾ ਆਖ਼ਰੀ ਪੜਾਅ 2ਬੀ ਦੱਖਣੀ ਮੁੰਬਈ ਦੇ ਵਿਰਾਸਤੀ ਅਤੇ ਸਭਿਆਚਾਰਕ ਜ਼ਿਲ੍ਹਿਆਂ ਜਿਵੇਂ ਕਿ ਫੋਰਟ, ਕਾਲਾ ਘੋੜਾ ਅਤੇ ਮਰੀਨ ਡਰਾਈਵ ਨੂੰ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ ਅਤੇ ਨਾਲ ਹੀ ਬੰਬੇ ਹਾਈ ਕੋਰਟ, ਮੰਤਰਾਲਾ, ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ), ਬੰਬੇ ਸਟਾਕ ਐਕਸਚੇਂਜ (ਬੀਐੱਸਈ) ਅਤੇ ਨਰੀਮਨ ਪੁਆਇੰਟ ਸਮੇਤ ਮੁੱਖ ਪ੍ਰਸ਼ਾਸਕੀ ਅਤੇ ਵਿੱਤੀ ਧੁਰਿਆਂ ਤੱਕ ਸਿੱਧੀ ਪਹੁੰਚ ਪ੍ਰਦਾਨ ਕਰੇਗਾ।

ਮੈਟਰੋ ਲਾਈਨ-3 ਨੂੰ ਰੇਲਵੇ, ਹਵਾਈ ਅੱਡੇ, ਹੋਰ ਮੈਟਰੋ ਲਾਈਨਾਂ ਅਤੇ ਮੋਨੋਰੇਲ ਸੇਵਾਵਾਂ ਸਮੇਤ ਆਵਾਜਾਈ ਦੇ ਹੋਰ ਸਾਧਨਾਂ ਨਾਲ ਕੁਸ਼ਲ ਏਕੀਕਰਨ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਆਖ਼ਰੀ-ਮੀਲ ਦਾ ਸੰਪਰਕ ਵਧੇਗਾ ਅਤੇ ਮਹਾਂਨਗਰ ਖੇਤਰ ਵਿੱਚ ਭੀੜ-ਭੜੱਕਾ ਘਟੇਗਾ।

ਪ੍ਰਧਾਨ ਮੰਤਰੀ ਮੈਟਰੋ, ਮੋਨੋਰੇਲ, ਉਪਨਗਰੀ ਰੇਲਵੇ ਅਤੇ ਬੱਸ ਪੀਟੀਓ ਵਿੱਚ 11 ਜਨਤਕ ਆਵਾਜਾਈ ਸੰਚਾਲਕਾਂ (ਪੀਟੀਓ) ਲਈ "ਮੁੰਬਈ ਵੰਨ" - ਏਕੀਕ੍ਰਿਤ ਸਾਂਝੀ ਗਤੀਸ਼ੀਲਤਾ ਐਪ ਵੀ ਲਾਂਚ ਕਰਨਗੇ। ਇਨ੍ਹਾਂ ਵਿੱਚ ਮੁੰਬਈ ਮੈਟਰੋ ਲਾਈਨ 2ਏ ਅਤੇ 7, ਮੁੰਬਈ ਮੈਟਰੋ ਲਾਈਨ 3, ਮੁੰਬਈ ਮੈਟਰੋ ਲਾਈਨ 1, ਮੁੰਬਈ ਮੋਨੋਰੇਲ, ਨਵੀਂ ਮੁੰਬਈ ਮੈਟਰੋ, ਮੁੰਬਈ ਉਪਨਗਰੀ ਰੇਲਵੇ, ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਅਤੇ ਟ੍ਰਾਂਸਪੋਰਟ (ਬੈਸਟ), ਠਾਣੇ ਮਿਉਂਸਪਲ ਟ੍ਰਾਂਸਪੋਰਟ, ਮਿਰਾ ਭਾਇੰਦਰ ਮਿਉਂਸਿਪਲ ਟ੍ਰਾਂਸਪੋਰਟ, ਕਲਿਆਣ ਡੋਂਬੀਵਲੀ ਮਿਊਂਸੀਪਲ ਟ੍ਰਾਂਸਪੋਰਟ ਅਤੇ ਨਵੀਂ ਮੁੰਬਈ ਮਿਊਂਸੀਪਲ ਟ੍ਰਾਂਸਪੋਰਟ ਸ਼ਾਮਲ ਹਨ।

ਮੁੰਬਈ ਵਨ ਐਪ ਯਾਤਰੀਆਂ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕਰਦੀ ਹੈ, ਜਿਸ ਵਿੱਚ ਕਈ ਜਨਤਕ ਟ੍ਰਾਂਸਪੋਰਟ ਆਪਰੇਟਰਾਂ ਵਿੱਚ ਏਕੀਕ੍ਰਿਤ ਮੋਬਾਈਲ ਟਿਕਟਿੰਗ, ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਕੇ ਕਤਾਰਬੰਦੀ ਨੂੰ ਖ਼ਤਮ ਕਰਨਾ ਅਤੇ ਕਈ ਟ੍ਰਾਂਸਪੋਰਟ ਮਾਧਿਅਮਾਂ ਵਾਲੀਆਂ ਯਾਤਰਾਵਾਂ ਲਈ ਇੱਕ ਸਿੰਗਲ ਡਾਇਨਾਮਿਕ ਟਿਕਟ ਰਾਹੀਂ ਸਹਿਜ ਮਲਟੀਮੋਡਲ ਕਨੈਕਟੀਵਿਟੀ ਸ਼ਾਮਲ ਹੈ। ਇਹ ਦੇਰੀ, ਬਦਲਵੇਂ ਰੂਟਾਂ ਅਤੇ ਅੰਦਾਜ਼ਨ ਪਹੁੰਚ ਸਮੇਂ 'ਤੇ ਅਸਲ-ਸਮੇਂ ਦੀ ਯਾਤਰਾ ਦੀਆਂ ਅਪਡੇਟਸ ਦੇ ਨਾਲ-ਨਾਲ ਨੇੜਲੇ ਸਟੇਸ਼ਨਾਂ, ਆਕਰਸ਼ਣਾਂ ਅਤੇ ਦਿਲਚਸਪੀ ਵਾਲੇ ਸਥਾਨਾਂ ਦੀ ਨਕਸ਼ੇ ਅਨੁਸਾਰ ਜਾਣਕਾਰੀ ਅਤੇ ਯਾਤਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਐੱਸਓਐੱਸ ਵਿਸ਼ੇਸ਼ਤਾ ਵੀ ਪ੍ਰਦਾਨ ਕਰਦਾ ਹੈ। ਇਹ ਵਿਸ਼ੇਸ਼ਤਾਵਾਂ ਸਹੂਲਤ, ਕੁਸ਼ਲਤਾ ਅਤੇ ਸੁਰੱਖਿਆ ਨੂੰ ਵਧਾਉਂਦੀਆਂ ਹਨ, ਜੋ ਕਿ ਮੁੰਬਈ ਵਿੱਚ ਜਨਤਕ ਆਵਾਜਾਈ ਦੇ ਤਜਰਬੇ ਨੂੰ ਬਦਲਦੀਆਂ ਹਨ।

ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ ਹੁਨਰ, ਰੁਜ਼ਗਾਰ, ਉੱਦਮਤਾ ਅਤੇ ਨਵੀਨਤਾ ਵਿਭਾਗ ਵੱਲੋਂ ਇੱਕ ਮੋਹਰੀ ਪਹਿਲਕਦਮੀ, ਘੱਟ ਮਿਆਦੀ ਰੁਜ਼ਗਾਰਯੋਗਤਾ ਪ੍ਰੋਗਰਾਮ (ਸਟੈੱਪ) ਦਾ ਉਦਘਾਟਨ ਵੀ ਕਰਨਗੇ। ਇਹ ਪ੍ਰੋਗਰਾਮ 400 ਸਰਕਾਰੀ ਆਈਟੀਆਈ ਅਤੇ 150 ਸਰਕਾਰੀ ਤਕਨੀਕੀ ਹਾਈ ਸਕੂਲਾਂ ਵਿੱਚ ਸ਼ੁਰੂ ਕੀਤਾ ਜਾਵੇਗਾ, ਜੋ ਰੁਜ਼ਗਾਰਯੋਗਤਾ ਨੂੰ ਵਧਾਉਣ ਲਈ ਉਦਯੋਗ ਦੀਆਂ ਲੋੜਾਂ ਦੇ ਨਾਲ ਹੁਨਰ ਵਿਕਾਸ ਨੂੰ ਇਕਸਾਰ ਕਰਨ ਵੱਲ ਇੱਕ ਵੱਡਾ ਕਦਮ ਹੈ। ਸਟੈੱਪ 2,500 ਨਵੇਂ ਸਿਖਲਾਈ ਬੈਚ ਸਥਾਪਤ ਕਰੇਗਾ, ਜਿਸ ਵਿੱਚ ਔਰਤਾਂ ਲਈ 364 ਵਿਸ਼ੇਸ਼ ਬੈਚ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ), ਇਲੈਕਟ੍ਰਿਕ ਵਾਹਨ (ਈਵੀ), ਸੋਲਰ, ਅਤੇ ਐਡੀਟਿਵ ਮੈਨੂਫੈਕਚਰਿੰਗ ਆਦਿ ਵਰਗੇ ਉੱਭਰ ਰਹੇ ਤਕਨਾਲੋਜੀ ਕੋਰਸਾਂ ਵਿੱਚ 408 ਬੈਚ ਸ਼ਾਮਲ ਹਨ।

ਯੂਕੇ ਦੇ ਪ੍ਰਧਾਨ ਮੰਤਰੀ ਦਾ ਦੌਰਾ ਅਤੇ ਗਲੋਬਲ ਫਿਨਟੈਕ ਫੈਸਟ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ 'ਤੇ, ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ 8-9 ਅਕਤੂਬਰ 2025 ਨੂੰ ਭਾਰਤ ਦਾ ਦੌਰਾ ਕਰਨਗੇ। ਇਹ ਪ੍ਰਧਾਨ ਮੰਤਰੀ ਸਟਾਰਮਰ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੋਵੇਗਾ।

ਇਸ ਦੌਰੇ ਦੌਰਾਨ, ਦੋਵੇਂ ਪ੍ਰਧਾਨ ਮੰਤਰੀ 'ਵਿਜ਼ਨ 2035' ਦੇ ਅਨੁਸਾਰ ਭਾਰਤ-ਯੂਕੇ ਵਿਆਪਕ ਰਣਨੀਤਕ ਭਾਈਵਾਲੀ ਦੇ ਵੱਖ-ਵੱਖ ਪਹਿਲੂਆਂ ਵਿੱਚ ਤਰੱਕੀ ਦਾ ਜਾਇਜ਼ਾ ਲੈਣਗੇ, ਜੋ ਕਿ ਵਪਾਰ ਅਤੇ ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ, ਰੱਖਿਆ ਅਤੇ ਸੁਰੱਖਿਆ, ਜਲਵਾਯੂ ਅਤੇ ਊਰਜਾ, ਸਿਹਤ, ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੇ ਮੁੱਖ ਥੰਮ੍ਹਾਂ ਵਿੱਚ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦਾ ਇੱਕ ਕੇਂਦ੍ਰਿਤ ਅਤੇ ਸਮਾਂਬੱਧ 10-ਸਾਲਾ ਰੋਡਮੈਪ ਹੈ।

ਦੋਵੇਂ ਆਗੂ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) ਵੱਲੋਂ ਭਵਿੱਖ ਦੇ ਭਾਰਤ-ਯੂਕੇ ਆਰਥਿਕ ਭਾਈਵਾਲੀ ਦੇ ਕੇਂਦਰੀ ਥੰਮ੍ਹ ਵਜੋਂ ਪੇਸ਼ ਕੀਤੇ ਗਏ ਮੌਕਿਆਂ 'ਤੇ ਕਾਰੋਬਾਰੀ ਅਤੇ ਉਦਯੋਗ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਉਹ ਖੇਤਰੀ ਅਤੇ ਆਲਮੀ ਮਹੱਤਵ ਦੇ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਦੋਵੇਂ ਆਗੂ ਉਦਯੋਗ ਮਾਹਰਾਂ, ਨੀਤੀ ਘਾੜਿਆਂ ਅਤੇ ਨਵੀਨਤਾਕਾਰਾਂ ਨਾਲ ਵੀ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਸਟਾਰਮਰ ਜੀਓ ਵਰਲਡ ਸੈਂਟਰ, ਮੁੰਬਈ ਵਿਖੇ ਗਲੋਬਲ ਫਿਨਟੈਕ ਫੈਸਟ ਦੇ 6ਵੇਂ ਸੰਸਕਰਣ ਵਿੱਚ ਵੀ ਹਿੱਸਾ ਲੈਣਗੇ ਅਤੇ ਇਸ ਮੌਕੇ ਮੁੱਖ ਭਾਸ਼ਣ ਦੇਣਗੇ।

ਗਲੋਬਲ ਫਿਨਟੈਕ ਫੈਸਟ 2025 ਦੁਨੀਆ ਭਰ ਦੇ ਨਵੀਨਤਾਕਾਰਾਂ, ਨੀਤੀ ਘਾੜਿਆਂ, ਕੇਂਦਰੀ ਬੈਂਕਰਾਂ, ਰੈਗੂਲੇਟਰਾਂ, ਨਿਵੇਸ਼ਕਾਂ, ਸਿੱਖਿਆ ਸ਼ਾਸਤਰੀਆਂ ਅਤੇ ਉਦਯੋਗ ਦੇ ਨੁਮਾਇੰਦਿਆਂ ਨੂੰ ਇੱਕ ਮੰਚ 'ਤੇ ਇਕੱਠਾ ਕਰੇਗਾ। ਇਸ ਕਾਨਫ਼ਰੰਸ ਦਾ ਕੇਂਦਰੀ ਥੀਮ 'ਇੱਕ ਬਿਹਤਰ ਦੁਨੀਆ ਲਈ ਵਿੱਤ ਸਸ਼ਕਤੀਕਰਨ' - ਏਆਈ, ਵਧੀਕ ਬੁੱਧੀ, ਨਵੀਨਤਾ ਅਤੇ ਸ਼ਮੂਲੀਅਤ ਨਾਲ ਸੰਚਾਲਿਤ' ਹੈ ਜੋ ਇੱਕ ਨੈਤਿਕ ਅਤੇ ਟਿਕਾਊ ਵਿੱਤੀ ਭਵਿੱਖ ਨੂੰ ਸਰੂਪ ਦੇਣ ਵਿੱਚ ਤਕਨਾਲੋਜੀ ਅਤੇ ਮਨੁੱਖੀ ਗਿਆਨ ਦੇ ਸੁਮੇਲ ਨੂੰ ਉਜਾਗਰ ਕਰਦਾ ਹੈ।

ਇਸ ਸਾਲ ਦੇ ਸੰਸਕਰਣ ਵਿੱਚ 75 ਤੋਂ ਵੱਧ ਦੇਸ਼ਾਂ ਦੇ 100,000 ਤੋਂ ਵੱਧ ਭਾਗੀਦਾਰਾਂ ਦੇ ਆਉਣ ਦੀ ਉਮੀਦ ਹੈ, ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਵੱਡੇ ਫਿਨਟੈਕ ਸਮਾਗਮਾਂ ਵਿੱਚੋਂ ਇੱਕ ਬਣ ਜਾਵੇਗਾ। ਇਸ ਸਮਾਗਮ ਵਿੱਚ ਲਗਭਗ 7,500 ਕੰਪਨੀਆਂ, 800 ਬੁਲਾਰੇ, 400 ਪ੍ਰਦਰਸ਼ਕ, ਅਤੇ 70 ਰੈਗੂਲੇਟਰਾਂ ਦੀ ਭਾਗੀਦਾਰੀ ਹੋਵੇਗੀ ਜੋ ਭਾਰਤੀ ਅਤੇ ਅੰਤਰਰਾਸ਼ਟਰੀ ਅਧਿਕਾਰ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ।

ਇਸ ਵਿੱਚ ਹਿੱਸਾ ਲੈਣ ਵਾਲੇ ਅੰਤਰਰਾਸ਼ਟਰੀ ਸੰਸਥਾਨਾਂ ਵਿੱਚ ਸਿੰਗਾਪੁਰ ਦੀ ਮੁਦਰਾ ਅਥਾਰਟੀ, ਜਰਮਨੀ ਦਾ ਡੌਇਚੇ ਬੁਨਡਸਬੈਂਕ, ਬੈਂਕ ਡੇ ਫ਼ਰਾਂਸ ਅਤੇ ਸਵਿਸ ਵਿੱਤੀ ਮਾਰਕੀਟ ਸੁਪਰਵਾਈਜ਼ਰੀ ਅਥਾਰਟੀ (ਫਿਨਮਾ) ਵਰਗੇ ਪ੍ਰਸਿੱਧ ਰੈਗੂਲੇਟਰ ਸ਼ਾਮਲ ਹਨ। ਉਨ੍ਹਾਂ ਦੀ ਭਾਗੀਦਾਰੀ ਵਿੱਤੀ ਨੀਤੀ ਸੰਵਾਦ ਅਤੇ ਸਹਿਯੋਗ ਲਈ ਇੱਕ ਆਲਮੀ ਫੋਰਮ ਵਜੋਂ ਜੀਐੱਫਐੱਫ ਦੇ ਵਧ ਰਹੇ ਕੱਦ ਨੂੰ ਦਰਸਾਉਂਦੀ ਹੈ।

*************

ਐੱਮਜੇਪੀਐੱਸ/ਐੱਸਟੀ


(Release ID: 2175755) Visitor Counter : 7