ਪ੍ਰਧਾਨ ਮੰਤਰੀ ਦਫਤਰ
ਵੀਡੀਓ ਕਾਨਫ਼ਰੰਸਿੰਗ ਰਾਹੀਂ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
Posted On:
26 SEP 2025 2:38PM by PIB Chandigarh
ਤੁਹਾਨੂੰ ਸਾਰਿਆਂ ਨੂੰ ਪ੍ਰਣਾਮ!
ਨਰਾਤਿਆਂ ਦੇ ਇਨ੍ਹਾਂ ਪਵਿੱਤਰ ਦਿਨਾਂ ਵਿੱਚ ਅੱਜ ਮੈਨੂੰ ਬਿਹਾਰ ਦੀ ਮਹਿਲਾ ਸ਼ਕਤੀ ਨਾਲ, ਉਨ੍ਹਾਂ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਹੈ। ਮੈਂ ਇੱਥੇ ਸਕ੍ਰੀਨ ’ਤੇ ਦੇਖ ਰਿਹਾ ਸੀ, ਲੱਖਾਂ ਮਹਿਲਾਵਾਂ-ਭੈਣਾਂ ਦਿਖ ਰਹੀਆਂ ਹਨ। ਨਰਾਤਿਆਂ ਦੇ ਇਸ ਪਵਿੱਤਰ ਤਿਉਹਾਰ ਦੌਰਾਨ ਤੁਹਾਡੇ ਸਭ ਦੇ ਆਸ਼ੀਰਵਾਦ, ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਤਾਕਤ ਹਨ। ਮੈਂ ਅੱਜ ਤੁਹਾਡਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ ਅਤੇ ਅੱਜ ਤੋਂ 'ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ' ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਨਾਲ ਹੁਣ ਤੱਕ, ਜਿਵੇਂ ਮੈਨੂੰ ਦੱਸਿਆ ਗਿਆ, 75 ਲੱਖ ਭੈਣਾਂ ਜੁੜ ਚੁੱਕੀਆਂ ਹਨ। ਹੁਣ ਇੱਕੋ ਸਮੇਂ ਇਨ੍ਹਾਂ ਸਾਰੀਆਂ 75 ਲੱਖ ਭੈਣਾਂ ਦੇ ਬੈਂਕ ਖ਼ਾਤਿਆਂ ਵਿੱਚ 10-10 ਹਜ਼ਾਰ ਰੁਪਏ ਭੇਜੇ ਗਏ ਹਨ।
ਸਾਥੀਓ,
ਜਦੋਂ ਇਹ ਪ੍ਰਕਿਰਿਆ ਚੱਲ ਰਹੀ ਸੀ, ਤਾਂ ਮੈਂ ਬੈਠੇ-ਬੈਠੇ ਦੋ ਗੱਲਾਂ ‘ਤੇ ਸੋਚ ਰਿਹਾ ਸੀ। ਪਹਿਲੀ ਤਾਂ ਇਹ ਕਿ ਅੱਜ ਸੱਚਿਓ ਬਿਹਾਰ ਦੀਆਂ ਭੈਣਾਂ-ਧੀਆਂ ਲਈ ਕਿੰਨਾ ਵੱਡਾ, ਕਿੰਨਾ ਅਹਿਮ ਕਦਮ ਨਿਤੀਸ਼ ਜੀ ਦੀ ਸਰਕਾਰ ਨੇ ਚੁੱਕਿਆ ਹੈ। ਜਦੋਂ ਕੋਈ ਭੈਣ ਜਾਂ ਧੀ ਰੁਜ਼ਗਾਰ ਕਰਦੀ ਹੈ, ਸਵੈ-ਰੁਜ਼ਗਾਰ ਕਰਦੀ ਹੈ, ਤਾਂ ਉਸ ਦੇ ਸੁਪਨਿਆਂ ਨੂੰ ਨਵੇਂ ਖੰਭ ਲੱਗ ਜਾਂਦੇ ਹਨ, ਸਮਾਜ ਵਿੱਚ ਉਸ ਦਾ ਸਤਿਕਾਰ ਹੋਰ ਵਧ ਜਾਂਦਾ ਹੈ। ਦੂਸਰੀ ਗੱਲ, ਜੋ ਮੇਰੇ ਮਨ ਵਿੱਚ ਆਈ, ਉਹ ਇਹ ਸੀ ਕਿ ਜੇਕਰ ਅਸੀਂ 11 ਸਾਲ ਪਹਿਲਾਂ, ਜਦੋਂ ਤੁਸੀਂ ਮੈਨੂੰ ਪ੍ਰਧਾਨ ਸੇਵਕ ਵਜੋਂ ਤੁਹਾਡੀ ਸੇਵਾ ਲਈ ਬਿਠਾਇਆ, ਤਾਂ 11 ਸਾਲ ਪਹਿਲਾਂ ਜਨ-ਧਨ ਯੋਜਨਾ ਦਾ ਸੰਕਲਪ ਜੇਕਰ ਅਸੀਂ ਨਾ ਲਿਆ ਹੁੰਦਾ, ਜੇਕਰ ਦੇਸ਼ ਨੇ ਜਨ-ਧਨ ਯੋਜਨਾ ਦੇ ਤਹਿਤ ਭੈਣਾਂ-ਧੀਆਂ ਦੇ 30 ਕਰੋੜ ਤੋਂ ਜ਼ਿਆਦਾ ਖ਼ਾਤੇ ਨਾ ਖੁਲਵਾਏ ਹੁੰਦੇ, ਇਨ੍ਹਾਂ ਬੈਂਕ ਖ਼ਾਤਿਆਂ ਨੂੰ ਤੁਹਾਡੇ ਮੋਬਾਈਲ ਅਤੇ ਆਧਾਰ ਨਾਲ ਨਾ ਜੋੜਿਆ ਹੁੰਦਾ, ਤਾਂ ਕੀ ਅੱਜ ਇੰਨੇ ਪੈਸੇ ਅਸੀਂ ਸਿੱਧੇ ਤੁਹਾਡੇ ਬੈਂਕ ਖ਼ਾਤਿਆਂ ਵਿੱਚ ਭੇਜ ਪਾਉਂਦੇ। ਇਹ ਹੋ ਹੀ ਨਹੀਂ ਸਕਦਾ ਸੀ। ਅਤੇ ਪਹਿਲਾਂ ਤਾਂ ਇੱਕ ਪ੍ਰਧਾਨ ਮੰਤਰੀ ਕਹਿ ਚੁੱਕੇ ਸੀ, ਇਹ ਜੋ ਅੱਜਕੱਲ੍ਹ ਲੁੱਟ ਦੀ ਚਰਚਾ ਚੱਲ ਰਹੀ ਹੈ ਨਾ, ਪਹਿਲਾਂ ਇੱਕ ਪ੍ਰਧਾਨ ਮੰਤਰੀ ਨੇ ਕਿਹਾ ਸੀ, ਓਦੋਂ ਤਾਂ ਚਾਰੇ ਪਾਸੇ ਉਨ੍ਹਾਂ ਦਾ ਹੀ ਰਾਜ ਚੱਲਦਾ ਸੀ, ਪੰਚਾਇਤ ਤੋਂ ਪਾਰਲੀਮੈਂਟ ਤੱਕ ਉਨ੍ਹਾਂ ਦਾ ਰਾਜ ਸੀ। ਅਤੇ ਉਹ ਕਹਿੰਦੇ ਸੀ ਕਿ ਦਿੱਲੀ ਤੋਂ ਇੱਕ ਰੁਪਈਆ ਭੇਜਦੇ ਹਾਂ, ਤਾਂ ਸਿਰਫ਼ 15 ਪੈਸੇ ਪਹੁੰਚਦੇ ਹਨ, 85 ਪੈਸੇ ਕੋਈ ਪੰਜਾ ਮਾਰ ਲੈਂਦਾ ਸੀ। ਅੱਜ ਜੋ ਪੈਸੇ ਭੇਜੇ ਜਾ ਰਹੇ ਹਨ ਨਾ, ਪੂਰੇ 10 ਹਜ਼ਾਰ ਰੁਪਏ ਤੁਹਾਡੇ ਖ਼ਾਤੇ ਵਿੱਚ ਜਮ੍ਹਾਂ ਹੋਣਗੇ, ਇੱਕ ਰੁਪਈਆ ਵੀ ਕੋਈ ਮਾਰ ਨਹੀਂ ਸਕਦਾ ਹੈ। ਇਹ ਪੈਸੇ ਜੋ ਵਿੱਚੋਂ ਲੁੱਟੇ ਜਾਂਦੇ ਸੀ, ਤੁਹਾਡੇ ਨਾਲ ਕਿੰਨੀ ਵੱਡੀ ਬੇਇਨਸਾਫ਼ੀ ਹੁੰਦੀ ਹੈ।
ਸਾਥੀਓ,
ਇੱਕ ਭਰਾ ਨੂੰ ਖ਼ੁਸ਼ੀ ਓਦੋਂ ਮਿਲਦੀ ਹੈ, ਜਦੋਂ ਉਸਦੀ ਭੈਣ ਸਿਹਤਮੰਦ ਹੋਵੇ, ਭੈਣ ਖ਼ੁਸ਼ਹਾਲ ਹੋਵੇ, ਭੈਣ ਦਾ ਪਰਿਵਾਰ ਆਰਥਿਕ ਤੌਰ ‘ਤੇ ਮਜ਼ਬੂਤ ਹੋਵੇ ਅਤੇ ਉਸਦੇ ਲਈ ਉਹ ਭਰਾ, ਜੋ ਕਰ ਸਕਦਾ ਹੈ, ਉਹ ਕਰਦਾ ਹੈ। ਅੱਜ ਤੁਹਾਡੇ ਦੋ ਭਰਾ ਨਰੇਂਦਰ ਅਤੇ ਨੀਤੀਸ਼ ਜੀ ਮਿਲ ਕੇ ਤੁਹਾਡੀ ਸੇਵਾ, ਖ਼ੁਸ਼ਹਾਲੀ ਅਤੇ ਤੁਹਾਡੇ ਸਵੈਮਾਨ ਲਈ ਲਗਾਤਾਰ ਕੰਮ ਕਰ ਰਹੇ ਹਨ। ਅੱਜ ਦਾ ਇਹ ਸਮਾਗਮ ਵੀ ਇਸੇ ਦੀ ਉਦਾਹਰਣ ਹੈ।
ਮਾਤਾਓ-ਭੈਣੋ,
ਮੈਨੂੰ ਜਦੋਂ ਇਸ ਯੋਜਨਾ ਦੇ ਬਾਰੇ ਦੱਸਿਆ ਗਿਆ ਸੀ, ਤਾਂ ਇਸਦੇ ਵਿਜ਼ਨ ਨੂੰ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ ਸੀ। ਹਰ ਪਰਿਵਾਰ ਦੀ ਇੱਕ ਮਹਿਲਾ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਹੀ ਮਿਲੇਗਾ। ਅਤੇ ਸ਼ੁਰੂਆਤ ਵਿੱਚ 10 ਹਜ਼ਾਰ ਰੁਪਏ ਦੇਣ ਤੋਂ ਬਾਅਦ, ਜੇਕਰ ਉਹ ਮਹਿਲਾ ਇਨ੍ਹਾਂ 10 ਹਜ਼ਾਰ ਰੁਪਈਆਂ ਦੀ ਸਹੀ ਵਰਤੋਂ ਕਰਦੀ ਹੈ, ਕੋਈ ਨਾ ਕੋਈ ਰੁਜ਼ਗਾਰ ਪੈਦਾ ਕਰਦੀ ਹੈ, ਖ਼ੁਦ ਆਪਣੇ ਪੈਰਾਂ ‘ਤੇ ਖੜੇ ਰਹਿਣ ਲਈ ਕੋਈ ਕੰਮ ਸ਼ੁਰੂ ਕਰਦੀ ਹੈ, ਅਤੇ ਜੇਕਰ ਉਹ ਚੰਗਾ ਲੱਗੇਗਾ ਅਤੇ ਚੰਗਾ ਲੱਗਣ ‘ਤੇ 2 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਹੋਰ ਦਿੱਤੀ ਜਾ ਸਕਦੀ ਹੈ। ਸੋਚੋ, ਇਹ ਤੁਹਾਡੇ ਲਈ ਕਿੰਨਾ ਵੱਡਾ ਕੰਮ ਹੋਇਆ ਹੈ। ਅਤੇ ਕਾਰਪੋਰੇਟ ਵਰਲਡ ਵਿੱਚ ਇਸਨੂੰ ਸੀਡ ਮਨੀ ਕਹਿੰਦੇ ਹਨ। ਇਸ ਯੋਜਨਾ ਦੀ ਮਦਦ ਨਾਲ ਬਿਹਾਰ ਦੀਆਂ ਮੇਰੀਆਂ ਭੈਣਾਂ ਕਰਿਆਨਾ, ਭਾਂਡੇ, ਕੌਸਮੇਟਿਕ, ਖਿਡੌਣੇ, ਸਟੇਸ਼ਨਰੀ ਵਰਗੀਆਂ ਅਨੇਕਾਂ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਖੋਲ੍ਹ ਸਕਦੀਆਂ ਹਨ, ਆਪਣਾ ਕਾਰੋਬਾਰ ਕਰ ਸਕਦੀਆਂ ਹਨ। ਉਹ ਗਾਂ ਪਾਲਣ ਕਰ ਸਕਦੀਆਂ ਹਨ, ਮੁਰਗੀ ਪਾਲਣ ਕਰ ਸਕਦੀਆਂ ਹਨ, ਮੱਛੀ ਪਾਲਣ ਕਰ ਸਕਦੀਆਂ ਹਨ, ਬੱਕਰੀ ਪਾਲਣ ਕਰ ਸਕਦੀਆਂ ਹਨ। ਅਜਿਹੇ ਅਨੇਕਾਂ ਕਾਰੋਬਾਰਾਂ ਵਿੱਚ ਉਹ ਅੱਗੇ ਵਧ ਸਕਦੀਆਂ ਹਨ। ਅਤੇ ਇਨ੍ਹਾਂ ਸਾਰੇ ਕੰਮਾਂ ਲਈ ਤੁਹਾਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ। ਹੁਣ ਤੁਹਾਨੂੰ ਲੱਗੇਗਾ ਕਿ ਪੈਸੇ ਤਾਂ ਮਿਲ ਗਏ, ਪਰ ਕੁਝ ਕਰਾਂਗੇ ਕਿਵੇਂ? ਤਾਂ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ, ਸਿਰਫ਼ ਪੈਸੇ ਦਿੱਤੇ ਇੰਨਾ ਹੀ ਨਹੀਂ, ਤੁਹਾਨੂੰ ਇਸਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ, ਤੁਹਾਨੂੰ ਸਿਖਾਇਆ ਜਾਵੇਗਾ, ਕਿਵੇਂ ਕੰਮ ਕੀਤਾ ਜਾਵੇ। ਬਿਹਾਰ ਵਿੱਚ ਤਾਂ ਪਹਿਲਾਂ ਤੋਂ ਜੀਵਿਕਾ ਸੈਲਫ ਹੈਲਪ ਗਰੁੱਪ ਦੀ ਇੰਨੀ ਬਿਹਤਰੀਨ ਵਿਵਸਥਾ ਮੌਜੂਦ ਹੈ। ਲਗਭਗ 11 ਲੱਖ ਸਵੈ-ਸਹਾਇਤਾ ਸਮੂਹ ਇੱਥੇ ਕੰਮ ਕਰ ਰਹੇ ਹਨ, ਯਾਨੀ ਇੱਕ ਬਣੀ-ਬਣਾਈ ਵਿਵਸਥਾ ਪਹਿਲਾਂ ਤੋਂ ਤਿਆਰ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਮੈਨੂੰ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਸ਼ੁਰੂ ਕਰਨ ਦਾ ਮੌਕਾ ਮਿਲਿਆ ਸੀ। ਹੁਣ ਇਸ ਵਿਵਸਥਾ ਦੀ ਤਾਕਤ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੇ ਨਾਲ ਜੁੜ ਜਾਵੇਗੀ। ਯਾਨੀ ਆਪਣੀ ਸ਼ੁਰੂਆਤ ਤੋਂ ਹੀ ਇਹ ਯੋਜਨਾ ਪੂਰੇ ਬਿਹਾਰ ਵਿੱਚ, ਬਿਹਾਰ ਦੇ ਹਰ ਕੋਨੇ ਵਿੱਚ ਅਤੇ ਇੱਕ-ਇੱਕ ਪਰਿਵਾਰ ਤੱਕ ਪ੍ਰਭਾਵਸ਼ਾਲੀ ਹੋਣ ਵਾਲੀ ਹੈ।
ਸਾਥੀਓ,
ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਨੇ ਕੇਂਦਰ ਸਰਕਾਰ ਦੀ ਲਖਪਤੀ ਦੀਦੀ ਮੁਹਿੰਮ ਨੂੰ ਵੀ ਨਵੀਂ ਮਜ਼ਬੂਤੀ ਦਿੱਤੀ ਹੈ। ਕੇਂਦਰ ਸਰਕਾਰ ਨੇ ਦੇਸ਼ ਵਿੱਚ 3 ਕਰੋੜ ਲਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਹੈ। 2 ਕਰੋੜ ਤੋਂ ਵੱਧ ਭੈਣਾਂ ਹੁਣ ਤੱਕ ਲਖਪਤੀ ਦੀਦੀ ਬਣ ਚੁੱਕੀਆਂ ਹਨ। ਅਤੇ ਮੈਂ ਪਿੰਡਾਂ ਦੀਆਂ ਮਹਿਲਾਵਾਂ ਦੀ ਗੱਲ ਕਰ ਰਿਹਾ ਹਾਂ। ਉਨ੍ਹਾਂ ਦੀ ਮਿਹਨਤ ਨਾਲ ਪਿੰਡ ਬਦਲੇ ਹਨ, ਸਮਾਜ ਬਦਲਿਆ ਹੈ ਅਤੇ ਪਰਿਵਾਰ ਦਾ ਰੁਤਬਾ ਵੀ ਬਦਲਿਆ ਹੈ। ਬਿਹਾਰ ਵਿੱਚ ਵੀ ਲੱਖਾਂ ਦੀ ਗਿਣਤੀ ਵਿੱਚ ਮਹਿਲਾਵਾਂ ਲਖਪਤੀ ਦੀਦੀਆਂ ਬਣੀਆਂ ਹਨ। ਅਤੇ ਜਿਸ ਤਰੀਕੇ ਨਾਲ ਬਿਹਾਰ ਦੀ ਡਬਲ ਇੰਜਣ ਦੀ ਸਰਕਾਰ ਇਸ ਯੋਜਨਾ ਨੂੰ ਅੱਗੇ ਵਧਾ ਰਹੀ ਹੈ, ਮੇਰਾ ਪੱਕਾ ਯਕੀਨ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਵਿੱਚ ਸਭ ਤੋਂ ਜ਼ਿਆਦਾ ਲਖਪਤੀ ਦੀਦੀ ਜੇਕਰ ਪੂਰੇ ਹਿੰਦੁਸਤਾਨ ਵਿੱਚ ਕਿਤੇ ਹੋਣਗੀਆਂ, ਤਾਂ ਅੱਜ ਤਾਂ ਮੈਨੂੰ ਲੱਗ ਰਿਹਾ ਹੈ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਲਖਪਤੀ ਦੀਦੀ ਇਹ ਮੇਰੇ ਬਿਹਾਰ ਵਿੱਚ ਹੀ ਹੋਣਗੀਆਂ।
ਮਾਤਾਓ-ਭੈਣੋ,
ਕੇਂਦਰ ਸਰਕਾਰ ਦੀ ਮੁਦਰਾ ਯੋਜਨਾ, ਡ੍ਰੋਨ ਦੀਦੀ ਮੁਹਿੰਮ, ਬੀਮਾ ਸਖੀ ਮੁਹਿੰਮ, ਬੈਂਕ ਦੀਦੀ ਮੁਹਿੰਮ, ਇਹ ਵੀ ਤੁਹਾਡੇ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਵਧਾ ਰਹੀਆਂ ਹਨ। ਸਾਡਾ ਟੀਚਾ ਹੈ ਕਿ ਇੱਕ ਹੀ, ਅਤੇ ਅਸੀਂ ਅੱਜ ਇੱਕ ਹੀ ਟੀਚੇ ਨੂੰ ਲੈ ਕੇ ਚੱਲ ਰਹੇ ਹਾਂ - ਤੁਹਾਡੇ ਸੁਪਨੇ ਪੂਰੇ ਹੋਣ, ਤੁਹਾਡੇ ਪਰਿਵਾਰ ਦੇ ਜੋ ਸੁਪਨੇ ਹਨ, ਤੁਹਾਡੇ ਮਨ ਵਿੱਚ, ਤੁਹਾਡੇ ਬੱਚਿਆਂ ਦਾ ਜੋ ਚਮਕਦਾ ਭਵਿੱਖ ਹੈ, ਉਨ੍ਹਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਮਿਲਣ।
ਸਾਥੀਓ,
ਅੱਜ ਕੇਂਦਰ ਅਤੇ ਸੂਬਾ ਸਰਕਾਰ ਦੇ ਯਤਨਾਂ ਨਾਲ ਹੀ ਭੈਣਾਂ-ਧੀਆਂ ਦੇ ਲਈ ਨਵੇਂ-ਨਵੇਂ ਸੈਕਟਰ ਖੁੱਲ੍ਹ ਰਹੇ ਹਨ। ਅੱਜ ਸਾਡੀਆਂ ਧੀਆਂ ਵੱਡੀ ਗਿਣਤੀ ਵਿੱਚ ਫੌਜ ਅਤੇ ਪੁਲਿਸ ਵਿੱਚ ਆ ਰਹੀਆਂ ਹਨ, ਹਰ ਮਹਿਲਾ ਨੂੰ ਮਾਣ ਹੋਵੇਗਾ, ਅੱਜ ਇਸ ਸਾਡੀਆਂ ਧੀਆਂ ਲੜਾਕੂ ਜਹਾਜ਼ ਉਡਾ ਰਹੀਆਂ ਹਨ।
ਪਰ ਸਾਥੀਓ,
ਅਸੀਂ ਉਹ ਦਿਨ ਵੀ ਨਹੀਂ ਭੁੱਲਣੇ ਹਨ, ਜਦੋਂ ਬਿਹਾਰ ਵਿੱਚ ਆਰਜੇਡੀ ਦੀ ਸਰਕਾਰ ਸੀ, ਲਾਲਟੈਣ ਦਾ ਰਾਜ ਸੀ। ਉਸ ਦੌਰਾਨ ਅਰਾਜਕਤਾ ਅਤੇ ਭ੍ਰਿਸ਼ਟਾਚਾਰ ਦੀ ਸਭ ਤੋਂ ਜ਼ਿਆਦਾ ਮਾਰ ਮੇਰੇ ਬਿਹਾਰ ਦੀਆਂ ਮਾਵਾਂ-ਭੈਣਾਂ ਨੂੰ, ਇੱਥੋਂ ਦੀਆਂ ਮਹਿਲਾਵਾਂ ਨੇ ਹੀ ਝੱਲੀ ਹੈ। ਉਹ ਦਿਨ, ਜਦੋਂ ਬਿਹਾਰ ਦੀਆਂ ਵੱਡੀਆਂ-ਵੱਡੀਆਂ ਸੜਕਾਂ ਟੁੱਟੀਆਂ-ਫੁੱਟੀਆਂ ਹੁੰਦੀਆਂ ਸੀ, ਪੁਲ਼-ਪੁਲ਼ੀਆਂ ਦਾ ਨਾਮੋ ਨਿਸ਼ਾਨ ਨਹੀਂ ਸੀ, ਓਦੋਂ ਉਸ ਤੋਂ ਸਭ ਤੋਂ ਜ਼ਿਆਦਾ ਤਕਲੀਫ਼ ਕਿਸ ਨੂੰ ਹੁੰਦੀ ਸੀ, ਜਦੋਂ ਅਜਿਹੀਆਂ ਮੁਸ਼ਕਿਲਾਂ ਹੁੰਦੀਆਂ ਹਨ ਨਾ, ਤਾਂ ਅਸੀਂ ਸਾਰੇ ਜਾਣਦੇ ਹਾਂ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੀ ਸਭ ਤੋਂ ਪਹਿਲੀ ਤਕਲੀਫ਼ ਸਾਡੀਆਂ ਮਹਿਲਾਵਾਂ ਨੂੰ ਝੱਲਣੀ ਪੈਂਦੀ ਹੈ, ਸਾਡੀਆਂ ਮਾਵਾਂ-ਭੈਣਾਂ ਨੂੰ ਝੱਲਣੀ ਪੈਂਦੀ ਹੈ। ਅਤੇ ਤੁਸੀਂ ਤਾਂ ਜਾਣਦੇ ਹੀ ਹੋ, ਹੜ੍ਹ ਵਿੱਚ ਤਾਂ ਇਹ ਪਰੇਸ਼ਾਨੀ ਕਿੰਨੀ ਵਧ ਜਾਂਦੀ ਸੀ। ਗਰਭਵਤੀ ਮਹਿਲਾਵਾਂ ਸਮੇਂ ‘ਤੇ ਹਸਪਤਾਲ ਨਹੀਂ ਪਹੁੰਚ ਪਾਉਂਦੀਆਂ ਸੀ। ਗੰਭੀਰ ਸਥਿਤੀ ਹੋਣ ‘ਤੇ ਉਨ੍ਹਾਂ ਨੂੰ ਸਹੀ ਇਲਾਜ ਨਹੀਂ ਮਿਲ ਪਾਉਂਦਾ ਸੀ, ਇਨ੍ਹਾਂ ਔਖੀਆਂ ਘੜੀਆਂ ਵਿੱਚੋਂ ਤੁਹਾਨੂੰ ਸਾਡੀ ਸਰਕਾਰ ਨੇ ਬਾਹਰ ਕੱਢਣ ਦੇ ਲਈ ਦਿਨ-ਰਾਤ ਕੰਮ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਮੁਸੀਬਤਾਂ ਤੋਂ ਤੁਸੀਂ ਬਾਹਰ ਨਿਕਲੋ ਅਤੇ ਬਹੁਤਾਤ ਮਾਤਰਾ ਵਿੱਚ ਅਸੀਂ ਅੱਜ ਉਸ ਨੂੰ ਕਰ ਪਾਏ ਹਾਂ। ਡਬਲ ਇੰਜਣ ਦੀ ਸਰਕਾਰ ਆਉਣ ਤੋਂ ਬਾਅਦ, ਤੁਸੀਂ ਤਾਂ ਦੇਖਦੇ ਹੋ, ਬਿਹਾਰ ਵਿੱਚ ਸੜਕਾਂ ਬਣਨ ਲੱਗੀਆਂ। ਅਸੀਂ ਅੱਜ ਵੀ ਬਿਹਾਰ ਵਿੱਚ ਕਨੈਕਟਿਵਿਟੀ ਨੂੰ ਬਿਹਤਰ ਬਣਾਉਣ ਵਿੱਚ ਲੱਗੇ ਹੋਏ ਹਾਂ, ਇਸ ਨਾਲ ਬਿਹਾਰ ਦੀਆਂ ਮਹਿਲਾਵਾਂ ਨੂੰ ਬਹੁਤ ਸੁਵਿਧਾ ਹੋਣੀ ਸ਼ੁਰੂ ਹੋਈ ਹੈ।
ਮਾਤਾਓ-ਭੈਣੋ,
ਇਨ੍ਹਾਂ ਦਿਨਾਂ ਵਿੱਚ ਬਿਹਾਰ ਵਿੱਚ ਇੱਕ ਪ੍ਰਦਰਸ਼ਨੀ ਲੱਗ ਰਹੀ ਹੈ, ਅਤੇ ਜੋ 30 ਸਾਲ ਤੋਂ ਛੋਟੀ ਉਮਰ ਦੀਆਂ ਮਾਵਾਂ-ਭੈਣਾਂ ਹਨ ਨਾ, ਮੈਂ ਉਨ੍ਹਾਂ ਨੂੰ ਜ਼ਰੂਰ ਕਹੂੰਗਾ ਕਿ ਇਹ ਪ੍ਰਦਰਸ਼ਨੀ ਤੁਸੀਂ ਜ਼ਰੂਰ ਦੇਖੋ। ਮੈਨੂੰ ਜੋ ਦੱਸਿਆ ਗਿਆ ਹੈ ਕਿ ਇਸ ਪ੍ਰਦਰਸ਼ਨੀ ਵਿੱਚ ਪੁਰਾਣੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਦਿਖਾਈਆਂ ਜਾ ਰਹੀਆਂ ਹਨ। ਅਸੀਂ ਜਦੋਂ ਉਨ੍ਹਾਂ ਨੂੰ ਪੜ੍ਹਦੇ ਹਾਂ ਅਤੇ 30 ਸਾਲ ਦੇ ਛੋਟੀ ਉਮਰ ਦੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੋਵੇਗਾ ਕਿ ਕਿੰਨੇ ਬੁਰੇ ਹਾਲ ਸੀ। ਅੱਜ ਬੁੱਢੇ ਲੋਕ, ਬਜ਼ੁਰਗ ਲੋਕ ਵੀ ਪੜ੍ਹਨਗੇ, ਤਾਂ ਉਨ੍ਹਾਂ ਨੂੰ ਵੀ ਲੱਗੇਗਾ, ਉਨ੍ਹਾਂ ਨੂੰ ਯਾਦ ਆਉਂਦਾ ਹੈ ਕਿ ਆਰਜੇਡੀ ਦੇ ਰਾਜ ਵਿੱਚ ਬਿਹਾਰ ਵਿੱਚ ਕਿਸ ਤਰ੍ਹਾਂ ਦਾ ਖ਼ੌਫ਼ ਸੀ, ਕੋਈ ਘਰ ਸੁਰੱਖਿਆ ਨਹੀਂ ਸੀ। ਨਕਸਲੀ ਹਿੰਸਾ ਦੀ ਦਹਿਸ਼ਤ ਬੇਲਗਾਮ ਸੀ। ਅਤੇ ਇਸਦਾ ਦਰਦ ਵੀ ਸਭ ਤੋਂ ਜ਼ਿਆਦਾ ਮਹਿਲਾਵਾਂ ਨੂੰ ਝੱਲਣਾ ਪੈਂਦਾ ਸੀ। ਗ਼ਰੀਬ ਤੋਂ ਲੈ ਕੇ ਡਾਕਟਰ ਅਤੇ ਆਈਏਐੱਸ ਦੇ ਪਰਿਵਾਰ ਤੱਕ, ਆਰਜੇਡੀ ਆਗੂਆਂ ਦੇ ਜ਼ੁਲਮ ਤੋਂ ਕੋਈ ਨਹੀਂ ਬਚਿਆ ਸੀ।
ਸਾਥੀਓ,
ਅੱਜ ਜਦੋਂ ਨਿਤੀਸ਼ ਜੀ ਦੀ ਅਗਵਾਈ ਵਿੱਚ ਕਾਨੂੰਨ ਦਾ ਰਾਜ ਵਾਪਸ ਪਰਤਿਆ ਹੈ, ਤਾਂ ਸਭ ਤੋਂ ਜ਼ਿਆਦਾ ਰਾਹਤ ਮੇਰੀਆਂ ਮਾਵਾਂ-ਭੈਣਾਂ-ਧੀਆਂ ਨੇ, ਮਹਿਲਾਵਾਂ ਨੇ ਮਹਿਸੂਸ ਕੀਤੀ ਹੈ। ਅੱਜ ਵਿਹਾਰ ਦੀਆਂ ਧੀਆਂ ਬੇਖ਼ੌਫ਼ ਹੋ ਕੇ ਘਰ ਤੋਂ ਨਿਕਲਦੀਆਂ ਹਨ। ਹਾਲੇ ਮੈਂ ਚਾਰ ਭੈਣਾਂ ਨੂੰ ਸੁਣ ਰਿਹਾ ਸੀ। ਜਿਸ ਤਰ੍ਹਾਂ ਨਾਲ ਭੈਣ ਰੰਜੀਤਾ ਜੀ ਨੇ, ਭੈਣ ਰੀਤਾ ਜੀ ਨੇ, ਨੂਰਜਹਾਨ ਬਾਨੂ ਨੇ ਅਤੇ ਸਾਡੀ ਪੁਤੁਲ ਦੇਵੀ ਜੀ ਨੇ, ਜਿਸ ਤਰ੍ਹਾਂ ਨਾਲ ਆਤਮ-ਵਿਸ਼ਵਾਸ ਨਾਲ ਗੱਲਾਂ ਦੱਸੀਆਂ ਹਨ। ਇਹ ਨਿਤੀਸ਼ ਜੀ ਦੀ ਸਰਕਾਰ ਦੇ ਪਹਿਲਾਂ ਤਾਂ ਸੰਭਵ ਹੀ ਨਹੀਂ ਸੀ। ਉਨ੍ਹਾਂ ਨੂੰ ਦੇਰ ਰਾਤ ਵਿੱਚ ਵੀ ਕਿਤੇ ਕੰਮ ਕਰਨ ਦੀ ਸਹੂਲਤ ਸੰਭਵ ਹੀ ਨਹੀਂ ਸੀ। ਮੈਂ ਜਦੋਂ ਵੀ ਬਿਹਾਰ ਆਉਂਦਾ ਹਾਂ, ਤਾਂ ਮਹਿਲਾ ਪੁਲਿਸ ਕਰਮਚਾਰੀਆਂ ਦੀ ਇੰਨੀ ਵੱਡੀ ਗਿਣਤੀ ਵਿੱਚ ਤੈਨਾਤੀ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੁੰਦੀ ਹੈ। ਇਸ ਲਈ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਇਹ ਸਹੁੰ ਵੀ ਚੁੱਕਣੀ ਹੈ ਕਿ ਬਿਹਾਰ ਨੂੰ ਫਿਰ ਕਦੇ, ਇਹ ਮੇਰੇ ਸ਼ਬਦ ਲਿਖ ਕੇ ਰੱਖੋ ਮਾਤਾਓ-ਭੈਣੋ, ਹੁਣ ਬਿਹਾਰ ਨੂੰ ਫਿਰ ਕਦੇ ਉਸ ਹਨੇਰੇ ਵਿੱਚ ਨਹੀਂ ਜਾਣ ਦੇਵਾਂਗੇ, ਆਪਣੇ ਬੱਚਿਆਂ ਨੂੰ ਬਰਬਾਦ ਹੋਣ ਤੋਂ ਬਚਾਉਣ ਦਾ ਇਹੀ ਰਸਤਾ ਹੈ।
ਮਾਤਾਓ-ਭੈਣੋ,
ਜਦੋਂ ਕੋਈ ਸਰਕਾਰ ਮਹਿਲਾਵਾਂ ਨੂੰ ਕੇਂਦਰ ਵਿੱਚ ਰੱਖ ਕੇ ਕੋਈ ਨੀਤੀ ਬਣਾਉਂਦੀ ਹੈ, ਤਾਂ ਉਸਦਾ ਫਾਇਦਾ ਸਮਾਜ ਦੇ ਹਰ ਹਿੱਸੇ ਨੂੰ ਮਿਲਦਾ ਹੈ, ਪੂਰੇ ਪਰਿਵਾਰ ਨੂੰ ਮਿਲਦਾ ਹੈ। ਉਦਾਹਰਣ ਲਈ, ਉੱਜਵਲਾ ਯੋਜਨਾ ਨਾਲ ਕਿੰਨਾ ਵੱਡਾ ਬਦਲਾਅ ਆਇਆ ਹੈ, ਇਹ ਅੱਜ ਪੂਰੀ ਦੁਨੀਆਂ ਦੇਖ ਰਹੀ ਹੈ। ਇੱਕ ਸਮਾਂ ਸੀ, ਜਦੋਂ ਪਿੰਡ ਵਿੱਚ ਗੈਸ ਦਾ ਕਨੈਕਸ਼ਨ ਬਹੁਤ ਵੱਡਾ ਸੁਪਨਾ ਹੁੰਦਾ ਸੀ, ਸ਼ਹਿਰਾਂ ਵਿੱਚ ਵੀ ਇਹੀ ਹਾਲ ਹੁੰਦਾ ਸੀ। ਮੇਰੀਆਂ ਗ਼ਰੀਬ ਮਾਵਾਂ-ਭੈਣਾਂ-ਧੀਆਂ ਰਸੋਈ ਵਿੱਚ ਖੰਘ-ਖੰਘ ਕੇ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੀਆਂ ਸੀ। ਫੇਫੜਿਆਂ ਦੀ ਬਿਮਾਰੀ ਆਮ ਹੁੰਦੀ ਸੀ, ਅੱਖਾਂ ਦੀ ਰੌਸ਼ਨੀ ਤੱਕ ਚਲੀ ਜਾਂਦੀ ਸੀ, ਅਤੇ ਕੁਝ ਵਿਦਵਾਨ ਲੋਕ ਤਾਂ ਕਹਿੰਦੇ ਹਨ ਕਿ ਚੁੱਲ੍ਹੇ ਦੇ ਧੂੰਏਂ ਵਿੱਚ ਜੋ ਮਾਵਾਂ-ਭੈਣਾਂ ਰਹਿੰਦੀਆਂ ਹਨ ਨਾ ਲੰਬੇ ਸਮੇਂ ਤੱਕ, ਤਾਂ ਇੱਕ ਦਿਨ ਵਿੱਚ ਉਹ 400 ਸਿਗਰਟਾਂ ਜਿੰਨਾ ਧੂੰਆਂ ਉਨ੍ਹਾਂ ਦੇ ਸਰੀਰ ਵਿੱਚ ਲੈ ਜਾਂਦੀਆਂ ਹਨ। ਹੁਣ ਦੱਸੋ ਕੈਂਸਰ ਨਹੀਂ ਹੋਵੇਗਾ, ਤਾਂ ਕੀ ਹੋਵੇਗਾ? ਇਨ੍ਹਾਂ ਸਭ ਨੂੰ ਬਚਾਉਣ ਲਈ ਅਸੀਂ ਉੱਜਵਲਾ ਯੋਜਨਾ ਲੈ ਕੇ ਆਏ, ਗੈਸ ਦੇ ਸਿਲੰਡਰ ਘਰ-ਘਰ ਪਹੁੰਚਾਏ। ਬਿਹਾਰ ਵਿੱਚ ਸਾਡੀਆਂ ਭੈਣਾਂ ਦੀ ਜ਼ਿੰਦਗੀ ਜਲਾਉਣ ਵਾਲੀਆਂ ਲੱਕੜਾਂ ਢੋਣ ਵਿੱਚ ਹੀ ਬੀਤ ਜਾਂਦੀ ਸੀ। ਅਤੇ ਉਸ ‘ਤੇ ਵੀ ਮੁਸ਼ਕਿਲਾਂ ਘੱਟ ਥੋੜ੍ਹੀ ਸੀ, ਮੀਂਹ ਆਉਂਦੇ ਤਾਂ ਗਿੱਲੀ ਲੱਕੜ ਨਹੀਂ ਮੱਚਦੀ ਸੀ, ਹੜ੍ਹ ਆਉਣ ਤਾਂ ਲੱਕੜਾਂ ਡੁੱਬ ਜਾਂਦੀਆਂ ਸੀ। ਕਿੰਨੀ ਵਾਰ ਘਰ ਦੇ ਬੱਚੇ ਭੁੱਖੇ ਸੌ ਜਾਂਦੇ ਸੀ, ਜਾਂ ਫਿਰ ਭੂਜਾ ਖਾ ਕੇ ਰਾਤ ਕੱਟਦੇ ਸੀ।
ਸਾਥੀਓ,
ਇਹ ਦਰਦ ਕਿਸੇ ਕਿਤਾਬ ਵਿੱਚ ਨਹੀਂ ਲਿਖਿਆ, ਇਹ ਦਰਦ ਬਿਹਾਰ ਦੀਆਂ ਸਾਡੀਆਂ ਭੈਣਾਂ ਨੇ ਹੰਢਾਇਆ ਹੈ, ਇਸ ਮੁਸੀਬਤ ਤੋਂ ਮੇਰੀ ਇੱਕ-ਇੱਕ ਭੈਣ ਲੰਘੀ ਹੈ। ਪਰ ਜਦੋਂ ਐੱਨਡੀਏ ਸਰਕਾਰ ਨੇ ਭੈਣਾਂ ਨੂੰ ਕੇਂਦਰ ਵਿੱਚ ਰੱਖ ਕੇ ਸੋਚਣਾ ਸ਼ੁਰੂ ਕੀਤਾ, ਯੋਜਨਾਵਾਂ ਬਣਾਉਣੀਆਂ ਸ਼ੁਰੂ ਕੀਤੀਆਂ, ਤਾਂ ਤਸਵੀਰ ਵੀ ਬਦਲਣੀ ਸ਼ੁਰੂ ਹੋ ਗਈ। ਇੱਕੋ ਸਮੇਂ ਕਰੋੜਾਂ ਘਰਾਂ ਵਿੱਚ ਗੈਸ ਕਨੈਕਸ਼ਨ ਪਹੁੰਚਿਆ। ਅੱਜ ਕਰੋੜਾਂ ਭੈਣਾਂ ਚੈਨ ਨਾਲ ਚੁੱਲ੍ਹੇ ‘ਤੇ ਖਾਣਾ ਬਣਾ ਰਹੀਆਂ ਹਨ। ਉਨ੍ਹਾਂ ਨੂੰ ਧੂੰਏਂ ਤੋਂ ਮੁਕਤੀ ਮਿਲੀ ਹੈ, ਫੇਫੜਿਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲੀ ਹੈ। ਹੁਣ ਘਰ ਵਿੱਚ ਬੱਚਿਆਂ ਨੂੰ ਹਰ ਦਿਨ ਗਰਮ ਖਾਣਾ ਮਿਲਣਾ ਸ਼ੁਰੂ ਹੋਇਆ ਹੈ। ਉੱਜਵਲਾ ਦੇ ਗੈਸ ਕਨੈਕਸ਼ਨ ਨੇ ਬਿਹਾਰ ਦੀ ਰਸੋਈ ਨੂੰ ਹੀ ਨਹੀਂ, ਮਹਿਲਾਵਾਂ ਦੀ ਜ਼ਿੰਦਗੀ ਨੂੰ ਵੀ ਉੱਜਵਲ ਬਣਾ ਦਿੱਤਾ ਹੈ।
ਮਾਤਾਓ-ਭੈਣੋ,
ਤੁਹਾਡੀ ਹਰ ਪਰੇਸ਼ਾਨੀ ਨੂੰ ਦੂਰ ਕਰਨਾ, ਇਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਕੋਰੋਨਾ ਦੇ ਔਖੇ ਸਮੇਂ ਵਿੱਚ ਮੁਫ਼ਤ ਅਨਾਜ ਦੀ ਯੋਜਨਾ ਸ਼ੁਰੂ ਕੀਤੀ ਸੀ। ਕਿਉਂਕਿ ਮੇਰਾ ਇੱਕ ਟੀਚਾ ਸੀ, ਕੋਈ ਬੱਚਾ ਰਾਤ ਨੂੰ ਭੁੱਖਾ ਨਹੀਂ ਸੌਣਾ ਚਾਹੀਦਾ। ਪਰ ਇਸ ਯੋਜਨਾ ਨੇ ਤੁਹਾਡੀ ਇੰਨੀ ਮਦਦ ਕੀਤੀ ਕਿ ਅਸੀਂ ਇਸ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਅੱਜ ਵੀ ਪੀਐੱਮ ਗ਼ਰੀਬ ਕਲਿਆਣ ਯੋਜਨਾ ਚੱਲ ਰਹੀ ਹੈ ਅਤੇ ਇਸ ਯੋਜਨਾ ਦੀ ਵਜ੍ਹਾ ਨਾਲ ਬਿਹਾਰ ਦੇ ਸਾਢੇ ਅੱਠ ਕਰੋੜ ਤੋਂ ਜ਼ਿਆਦਾ ਜ਼ਰੂਰਤਮੰਦਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ। ਇਸ ਯੋਜਨਾ ਨੇ ਤੁਹਾਡੀ ਕਿੰਨੀ ਵੱਡੀ ਚਿੰਤਾ ਘੱਟ ਕੀਤੀ ਹੈ। ਮੈਂ ਇੱਕ ਹੋਰ ਉਦਾਹਰਣ ਦਿੰਦਾ ਹਾਂ। ਬਿਹਾਰ ਦੇ ਇੱਕ ਵੱਡੇ ਖੇਤਰ ਵਿੱਚ ਉਸਨਾ ਚੌਲ ਪਸੰਦ ਕੀਤਾ ਜਾਂਦਾ ਹੈ। ਪਰ ਪਹਿਲਾਂ ਸਾਡੀਆਂ ਮਾਵਾਂ-ਭੈਣਾਂ ਨੂੰ ਸਰਕਾਰੀ ਰਾਸ਼ਨ ਵਿੱਚ ਅਰਵਾ ਚੌਲ ਦਿੱਤਾ ਜਾਂਦਾ ਸੀ। ਮਜਬੂਰੀ ਵਿੱਚ ਮਾਵਾਂ-ਭੈਣਾਂ ਬਜ਼ਾਰ ਵਿੱਚ ਉਹੀ ਅਰਵਾ ਚੌਲ ਦੇ ਕੇ, ਉਸਦੇ ਬਦਲੇ ਉਸਨਾ ਚੌਲ ਲੈਂਦੀਆਂ ਸੀ। ਪਰ ਬੇਈਮਾਨੀ ਦੇਖੋ, ਮੁਸ਼ਕਿਲ ਇਹ ਸੀ ਕਿ 20 ਕਿੱਲੋ ਅਰਵਾ ਚੌਲ ਦੇ ਬਦਲੇ ਸਿਰਫ਼ 10 ਕਿੱਲੋ ਉਸਨਾ ਚੌਲ ਮਿਲਿਆ ਕਰਦਾ ਸੀ। ਅਸੀਂ ਇਸ ਵਿਸ਼ੇ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ। ਹੁਣ ਸਰਕਾਰ ਨੇ ਰਾਸ਼ਨ ਵਿੱਚ ਉਸਨਾ ਚੌਲ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ।
ਮੇਰੀ ਮਾਤਾਓ-ਭੈਣੋ,
ਸਾਡੇ ਇੱਥੇ ਮਹਿਲਾਵਾਂ ਦੇ ਨਾਮ ‘ਤੇ ਜਾਇਦਾਦ ਹੋਣ ਦੀ ਰਿਵਾਇਤ ਵੀ ਨਹੀਂ ਰਹੀ ਹੈ। ਘਰ ਹੋਵੇ ਤਾਂ ਮਰਦ ਦੇ ਨਾਮ ‘ਤੇ, ਦੁਕਾਨ ਹੋਵੇ ਮਰਦ ਦੇ ਨਾਮ ‘ਤੇ, ਜ਼ਮੀਨ ਹੋਵੇ ਮਰਦ ਦੇ ਨਾਮ ‘ਤੇ, ਗੱਡੀ ਹੋਵੇ ਮਰਦ ਦੇ ਨਾਮ ‘ਤੇ, ਸਕੂਟਰ ਹੋਵੇ ਮਰਦ ਦੇ ਨਾਮ ‘ਤੇ, ਸਭ ਕੁਝ ਮਰਦਾਂ ਦੇ ਹੀ ਨਾਮ ਹੁੰਦਾ ਸੀ। ਪਰ ਜਦੋਂ ਮੈਂ ਪੀਐੱਮ ਆਵਾਸ ਯੋਜਨਾ ਸ਼ੁਰੂ ਕੀਤੀ, ਤਾਂ ਉਸ ਵਿੱਚ ਇਹ ਨਿਯਮ ਬਣਾਇਆ ਕਿ ਪੀਐੱਮ ਆਵਾਸ ਦੇ ਘਰਾਂ ਦੀ ਮਾਲਕੀ ਮੇਰੀਆਂ ਮਾਵਾਂ-ਭੈਣਾਂ-ਧੀਆਂ ਦੀ ਹੋਵੇਗੀ। ਅੱਜ ਬਿਹਾਰ ਵਿੱਚ 50 ਲੱਖ ਤੋਂ ਜ਼ਿਆਦਾ ਪੀਐੱਮ ਆਵਾਸ ਬਣੇ ਹਨ। ਉਸ ਵਿੱਚੋਂ ਜ਼ਿਆਦਾਤਰ ਵਿੱਚ ਮਹਿਲਾਵਾਂ ਦਾ ਵੀ ਨਾਮ ਹੈ। ਤੁਸੀਂ ਆਪਣੇ ਘਰ ਦੀਆਂ ਅਸਲੀ ਮਾਲਿਕ ਹੋ।
ਸਾਥੀਓ,
ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਕਿਸੇ ਭੈਣ ਦੀ ਸਿਹਤ ਵਿਗੜਦੀ ਹੈ, ਤਾਂ ਉਸਦਾ ਅਸਰ ਪੂਰੇ ਪਰਿਵਾਰ ‘ਤੇ ਪੈਂਦਾ ਹੈ। ਇੱਕ ਸਮਾਂ ਸੀ, ਜਦੋਂ ਮਹਿਲਾਵਾਂ ਬਿਮਾਰੀ ਸਹਿੰਦੀਆਂ ਰਹਿੰਦੀਆਂ ਸੀ, ਉਹ ਪਰਿਵਾਰ ਵਿੱਚ ਦੱਸਦੀਆਂ ਹੀ ਨਹੀਂ ਸੀ, ਕਿੰਨੀ ਹੀ ਮੁਸੀਬਤ ਹੋਵੇ, ਕਿੰਨਾ ਹੀ ਬੁਖ਼ਾਰ ਹੋਵੇ, ਕਿੰਨਾ ਹੀ ਪੇਟ ਵਿੱਚ ਦਰਦ ਹੋਵੇ, ਉਹ ਕੰਮ ਕਰਦੀਆਂ ਰਹਿੰਦੀਆਂ ਸੀ। ਕਿਉਂ? ਕਿਉਂਕਿ ਉਹ ਨਹੀਂ ਚਾਹੁੰਦੀਆਂ ਸੀ ਕਿ ਉਨ੍ਹਾਂ ਦੇ ਇਲਾਜ ਵਿੱਚ ਘਰ ਦੇ ਪੈਸੇ ਖ਼ਰਚ ਹੋ ਜਾਣ। ਬੱਚਿਆਂ ‘ਤੇ, ਪਰਿਵਾਰ ‘ਤੇ ਭਾਰ ਆ ਜਾਵੇ, ਇਸ ਲਈ ਮਾਵਾਂ-ਭੈਣਾਂ ਸਹਿਣ ਕਰਦੀਆਂ ਸੀ। ਤੁਹਾਡੀ ਇਸ ਚਿੰਤਾ ਦਾ ਹੱਲ ਤੁਹਾਡੇ ਪੁੱਤਰ ਨੇ ਕੀਤਾ, ਆਯੁਸ਼ਮਾਨ ਭਾਰਤ ਯੋਜਨਾ ਨਾਲ ਕੀਤਾ। ਅੱਜ ਬਿਹਾਰ ਦੀਆਂ ਲੱਖਾਂ ਮਹਿਲਾਵਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਰਿਹਾ ਹੈ। ਗਰਭਵਤੀ ਮਹਿਲਾਵਾਂ ਲਈ ਜੋ ਮਾਤ੍ਰਵੰਦਨਾ ਯੋਜਨਾ ਚੱਲ ਰਹੀ ਹੈ, ਉਸ ਵਿੱਚ ਵੀ ਮਾਵਾਂ ਦੇ ਖ਼ਾਤੇ ਵਿੱਚ ਸਿੱਧੇ ਪੈਸੇ ਜਾ ਰਹੇ ਹਨ। ਤਾਂ ਕਿ ਉਸ ਸਮੇਂ, 9 ਮਹੀਨੇ ਦੇ ਉਸ ਕਾਲਖੰਡ ਵਿੱਚ, ਉਹ ਚੰਗਾ ਪੋਸ਼ਣ ਲੈ ਸਕਣ, ਤਾਂ ਕਿ ਪੇਟ ਵਿੱਚ ਜੋ ਬੱਚਾ ਪਲ਼ ਰਿਹਾ ਹੈ, ਉਸ ਦੀ ਸਿਹਤ ਵੀ ਠੀਕ ਹੋਵੇ ਅਤੇ ਜਣੇਪੇ ਵਿੱਚ ਕੋਈ ਸੰਕਟ ਨਾ ਆ ਜਾਵੇ, ਮਾਂ ਜਾਂ ਬੱਚੀ ਦੀ ਜ਼ਿੰਦਗੀ ਬਚ ਜਾਵੇ।
ਮੇਰੀ ਮਾਤਾਓ-ਭੈਣੋ,
ਤੁਹਾਡੀ ਸਿਹਤ, ਇਹ ਸਾਡੀ ਤਰਜੀਹ ਹੈ। ਅਸੀਂ ਮਹਿਲਾਵਾਂ ਦੀ ਸਿਹਤ ਦੀ ਜਾਂਚ ਲਈ 17 ਸਤੰਬਰ ਤੋਂ ਹੀ ਵਿਸ਼ਵਕਰਮਾ ਜਯੰਤੀ ਤੋਂ ਹੀ ਇੱਕ ਵੱਡਾ ਅਭਿਆਨ ਸ਼ੁਰੂ ਕੀਤਾ ਹੈ। ਉਸਦਾ ਨਾਮ ਹੈ ‘ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ’। ਇਸ ਮੁਹਿੰਮ ਦੇ ਸਵਾ ਚਾਰ ਲੱਖ ਤੋਂ ਵੱਧ ਸਿਹਤ ਕੈਂਪ ਪਿੰਡ-ਪਿੰਡ ਅਤੇ ਕਸਬਿਆਂ ਵਿੱਚ ਲਗਾਏ ਜਾ ਰਹੇ ਹਨ। ਖ਼ੂਨ ਦੀ ਕਮੀ, ਬਲੱਡ ਪ੍ਰੈਸ਼ਰ, ਡਾਇਬਿਟੀਜ਼ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨਾਲ ਜੁੜ ਕੇ ਹੁਣ ਤੱਕ 1 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਆਪਣੀ ਮੁਫ਼ਤ ਜਾਂਚ ਕਰਵਾ ਚੁੱਕੀਆਂ ਹਨ। ਮੈਂ ਅੱਜ ਬਿਹਾਰ ਦੀਆਂ ਸਾਰੀਆਂ ਮਹਿਲਾਵਾਂ ਨੂੰ ਅਪੀਲ ਕਰੂੰਗਾ ਕਿ ਇਨ੍ਹਾਂ ਕੈਂਪਾਂ ਵਿੱਚ ਜ਼ਰੂਰ ਜਾਣ, ਆਪਣੀ ਜਾਂਚ ਜ਼ਰੂਰ ਕਰਾਉਣ। ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ, ਜਾਂਚ ਕਰਾਉਣੀ ਨਹੀਂ ਚਾਹੀਦੀ। ਬਿਮਾਰੀ ਦਾ ਪਤਾ ਲੱਗਣ ‘ਤੇ ਫਾਇਦਾ ਹੁੰਦਾ ਹੈ, ਨੁਕਸਾਨ ਨਹੀਂ ਹੁੰਦਾ ਹੈ। ਇਸ ਲਈ ਜਾਂਚ ਕਰਵਾਉਣੀ ਚਾਹੀਦੀ ਹੈ।
ਸਾਥੀਓ,
ਇਸ ਸਮੇਂ ਤਿਉਹਾਰਾਂ ਦਾ ਮੌਸਮ ਹੈ, ਨਰਾਤੇ ਚੱਲ ਰਹੇ ਹਨ। ਦੀਵਾਲੀ ਆਉਣ ਵਾਲੀ ਹੈ ਅਤੇ ਛੱਠ ਪੂਜਾ ਵੀ ਬਹੁਤੀ ਦੂਰ ਨਹੀਂ ਹੈ। ਘਰ ਚਲਾਉਣ ਦੇ ਲਈ ਪੈਸੇ ਕਿਵੇਂ ਖ਼ਰਚ ਹੋਣ? ਕਿਵੇਂ ਬਚਾਏ ਜਾਣ, ਇਸ ‘ਤੇ ਸਾਡੀਆਂ ਭੈਣਾਂ ਦਿਨ-ਰਾਤ ਸੋਚਦੀਆਂ ਰਹਿੰਦੀਆਂ ਹਨ। ਤੁਹਾਡੀ ਇਸ ਚਿੰਤਾ ਨੂੰ ਘੱਟ ਕਰਨ ਲਈ ਐੱਨਡੀਏ ਦੀ ਸਰਕਾਰ ਨੇ ਬਹੁਤ ਵੱਡਾ ਕਦਮ ਚੁੱਕਿਆ ਹੈ। 22 ਸਤੰਬਰ ਤੋਂ, ਨਰਾਤਿਆਂ ਦੇ ਪਹਿਲੇ ਦਿਨ ਤੋਂ ਹੀ ਪੂਰੇ ਦੇਸ਼ ਵਿੱਚ ਜੀਐੱਸਟੀ ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਹਨ। ਹੁਣ ਰੋਜ਼ ਵਰਤੋਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਦੰਤ ਮੰਜਨ, ਸਾਬਣ, ਸ਼ੈਂਪੂ, ਘਿਉ ਅਤੇ ਖਾਣ-ਪੀਣ ਦੀਆਂ ਚੀਜ਼ਾਂ, ਇਹ ਸਾਰੇ ਸਮਾਨ ਪਹਿਲਾਂ ਤੋਂ ਸਸਤੇ ਮਿਲਣਗੇ। ਬੱਚਿਆਂ ਦੀ ਪੜ੍ਹਾਈ ਲਈ ਸਟੇਸ਼ਨਰੀ, ਤਿਉਹਾਰਾਂ ਵਿੱਚ ਪਹਿਨਣ ਦੇ ਲਈ ਕੱਪੜੇ ਅਤੇ ਜੁੱਤੇ, ਇਨ੍ਹਾਂ ਦੀ ਕੀਮਤ ਵੀ ਘੱਟ ਹੋ ਗਈ ਹੈ। ਘਰ ਅਤੇ ਰਸੋਈ ਦਾ ਬਜਟ ਚਲਾਉਣ ਵਾਲੀਆਂ ਮਹਿਲਾਵਾਂ ਦੇ ਲਈ ਇਹ ਬਹੁਤ ਵੱਡੀ ਰਾਹਤ ਹੈ। ਭੈਣਾਂ ਦੇ ਬੋਝ ਨੂੰ ਹਲਕਾ ਕਰਨਾ, ਉਨ੍ਹਾਂ ਦੇ ਚਿਹਰੇ ‘ਤੇ ਤਿਉਹਾਰ ਦੀ ਖ਼ੁਸ਼ੀ ਵਧਾਉਣਾ, ਡਬਲ ਇੰਜਣ ਦੀ ਸਰਕਾਰ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੀ ਹੈ।
ਸਾਥੀਓ,
ਬਿਹਾਰ ਦੀਆਂ ਮਹਿਲਾਵਾਂ ਨੂੰ ਜਦੋਂ ਵੀ ਮੌਕਾ ਮਿਲਿਆ ਹੈ, ਉਨ੍ਹਾਂ ਨੇ ਆਪਣੀ ਹਿੰਮਤ ਅਤੇ ਸੰਕਲਪ ਨਾਲ ਵੱਡੇ-ਵੱਡੇ ਬਦਲਾਅ ਕੀਤੇ ਹਨ। ਤੁਸੀਂ ਸਾਬਿਤ ਕੀਤਾ ਹੈ ਕਿ ਜਦੋਂ ਮਹਿਲਾ ਅੱਗੇ ਵਧਦੀ ਹੈ, ਤਾਂ ਪੂਰਾ ਸਮਾਜ ਅੱਗੇ ਵਧਦਾ ਹੈ। ਮੈਂ ਇੱਕ ਵਾਰ ਫਿਰ ਬਿਹਾਰ ਦੇ ਲੋਕਾਂ ਨੂੰ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ।
*********
ਐੱਮਜੇਪੀਐੱਸ/ ਐੱਸਟੀ/ ਆਰਕੇ
(Release ID: 2172096)
Visitor Counter : 3