ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਵਿੱਚ 1,22,100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਸਾਡੀ ਸਰਕਾਰ ਸਵੱਛ ਊਰਜਾ ਮਿਸ਼ਨ ਨੂੰ ਲੋਕ ਅੰਦੋਲਨ ਵਿੱਚ ਬਦਲ ਰਹੀ ਹੈ: ਪ੍ਰਧਾਨ ਮੰਤਰੀ
ਅਸੀਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਇਹ ਯਕੀਨੀ ਬਣਾਉਣਾ ਸਾਡੀ ਵਚਨਬੱਧਤਾ ਹੈ ਕਿ ਜਨਜਾਤੀ ਭਾਈਚਾਰਾ ਸਨਮਾਨ ਅਤੇ ਸਵੈ-ਮਾਣ ਨਾਲ ਜੀਵਨ ਬਿਤਾਏ: ਪ੍ਰਧਾਨ ਮੰਤਰੀ
Posted On:
25 SEP 2025 4:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਵਿੱਚ 1,22,100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਨਰਾਤਿਆਂ ਦੇ ਚੌਥੇ ਦਿਨ ਪ੍ਰਧਾਨ ਮੰਤਰੀ ਨੇ ਬਾਂਸਵਾੜਾ ਵਿੱਚ ਮਾਂ ਤ੍ਰਿਪੁਰਾ ਸੁੰਦਰੀ ਦੀ ਪਵਿੱਤਰ ਧਰਤੀ 'ਤੇ ਆਉਣ ਨੂੰ ਆਪਣਾ ਸੁਭਾਗ ਦੱਸਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਾਂਠਲ ਅਤੇ ਵਾਗੜ ਦੀ ਗੰਗਾ ਕਹੀ ਜਾਣ ਵਾਲੀ ਮਾਂ ਮਾਹੀ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਹੀ ਦਾ ਜਲ ਭਾਰਤ ਦੇ ਜਨਜਾਤੀ ਭਾਈਚਾਰਿਆਂ ਦੀ ਜੂਝਣ ਦੀ ਸਮਰੱਥਾ ਅਤੇ ਸੰਘਰਸ਼ ਦਾ ਪ੍ਰਤੀਕ ਹੈ। ਉਨ੍ਹਾਂ ਨੇ ਮਹਾਂਯੋਗੀ ਗੋਵਿੰਦ ਗੁਰੂ ਜੀ ਦੀ ਪ੍ਰੇਰਨਾਦਾਇਕ ਅਗਵਾਈ 'ਤੇ ਚਾਨਣਾ ਪਾਇਆ, ਜਿਨ੍ਹਾਂ ਦੀ ਵਿਰਾਸਤ ਅੱਜ ਵੀ ਗੂੰਜਦੀ ਹੈ ਅਤੇ ਮਾਹੀ ਦਾ ਪਵਿੱਤਰ ਜਲ ਉਸ ਮਹਾਨ ਗਾਥਾ ਦਾ ਗਵਾਹ ਹੈ। ਸ਼੍ਰੀ ਮੋਦੀ ਨੇ ਮਾਂ ਤ੍ਰਿਪੁਰਾ ਸੁੰਦਰੀ ਅਤੇ ਮਾਂ ਮਾਹੀ ਨੂੰ ਨਮਨ ਕੀਤਾ ਅਤੇ ਭਗਤੀ ਤੇ ਵੀਰਤਾ ਦੀ ਇਸ ਧਰਤੀ ਤੋਂ ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਅਤੇ ਰਾਜਾ ਬਾਂਸੀਆ ਭੀਲ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼੍ਰੀ ਮੋਦੀ ਨੇ ਕਿਹਾ ਕਿ ਨਰਾਤਿਆਂ ਦੌਰਾਨ ਦੇਸ਼ ਵਿੱਚ ਸ਼ਕਤੀ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਬਾਂਸਵਾੜਾ ਵਿੱਚ ਅੱਜ ਦਾ ਮੁੱਖ ਪ੍ਰੋਗਰਾਮ ਊਰਜਾ ਸ਼ਕਤੀ - ਊਰਜਾ ਉਤਪਾਦਨ ਨੂੰ ਸਮਰਪਿਤ ਹੈ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਰਾਜਸਥਾਨ ਦੀ ਧਰਤੀ ਤੋਂ ਭਾਰਤ ਦੇ ਬਿਜਲੀ ਖੇਤਰ ਵਿੱਚ ਇੱਕ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਰਾਜਸਥਾਨ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ 90,000 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਪ੍ਰੋਜੈਕਟਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੰਨੇ ਵੱਡੇ ਪੱਧਰ 'ਤੇ ਪ੍ਰੋਜੈਕਟਾਂ ਦਾ ਇੱਕੋ ਸਮੇਂ ਸ਼ੁਰੂ ਹੋਣਾ ਊਰਜਾ ਖੇਤਰ ਵਿੱਚ ਭਾਰਤ ਦੀ ਤੇਜ਼ੀ ਨਾਲ ਹੋ ਰਹੀ ਤਰੱਕੀ ਦੀ ਝਲਕ ਦਿਖਾਉਂਦਾ ਹੈ, ਜਿਸ ਵਿੱਚ ਦੇਸ਼ ਦਾ ਹਰ ਖੇਤਰ ਸਰਗਰਮੀ ਨਾਲ ਯੋਗਦਾਨ ਪਾ ਰਿਹਾ ਹੈ ਅਤੇ ਸਾਰੇ ਰਾਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਰਾਜਸਥਾਨ ਵਿੱਚ ਸਵੱਛ ਊਰਜਾ ਪ੍ਰੋਜੈਕਟਾਂ ਅਤੇ ਟਰਾਂਸਮਿਸ਼ਨ ਲਾਈਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼੍ਰੀ ਮੋਦੀ ਨੇ ਸੂਰਜੀ ਊਰਜਾ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਅਤੇ ਬਾਂਸਵਾੜਾ ਵਿੱਚ ਰਾਜਸਥਾਨ ਪਰਮਾਣੂ ਊਰਜਾ ਪ੍ਰੋਜੈਕਟ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੂਰਜੀ ਊਰਜਾ ਤੋਂ ਲੈ ਕੇ ਪਰਮਾਣੂ ਊਰਜਾ ਤੱਕ, ਭਾਰਤ ਬਿਜਲੀ ਉਤਪਾਦਨ ਸਮਰੱਥਾ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਦੇ ਤਕਨੀਕ ਅਤੇ ਉਦਯੋਗ ਦੇ ਯੁੱਗ ਵਿੱਚ ਵਿਕਾਸ ਬਿਜਲੀ ਦੀ ਸ਼ਕਤੀ ’ਤੇ ਨਿਰਭਰ ਕਰਦਾ ਹੈ; ਬਿਜਲੀ ਰੌਸ਼ਨੀ, ਗਤੀ, ਤਰੱਕੀ, ਸੰਪਰਕ ਅਤੇ ਵਿਸ਼ਵ-ਵਿਆਪੀ ਪਹੁੰਚ ਲਿਆਉਂਦੀ ਹੈ।’’ ਉਨ੍ਹਾਂ ਨੇ ਬਿਜਲੀ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ 2014 ਵਿੱਚ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਈ ਸੀ, ਤਾਂ 2.5 ਕਰੋੜ ਘਰਾਂ ਵਿੱਚ ਬਿਜਲੀ ਦੇ ਕੁਨੈਕਸ਼ਨ ਨਹੀਂ ਸਨ ਅਤੇ ਆਜ਼ਾਦੀ ਦੇ 70 ਸਾਲਾਂ ਬਾਅਦ ਵੀ 18,000 ਪਿੰਡਾਂ ਵਿੱਚ ਇੱਕ ਵੀ ਬਿਜਲੀ ਦਾ ਖੰਭਾ ਨਹੀਂ ਲੱਗਿਆ ਸੀ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਵੱਡੇ ਸ਼ਹਿਰਾਂ ਵਿੱਚ ਘੰਟਿਆਂ ਬੱਧੀ ਬਿਜਲੀ ਕੱਟ ਲੱਗਦੇ ਸਨ ਅਤੇ ਪਿੰਡਾਂ ਵਿੱਚ ਤਾਂ 4-5 ਘੰਟੇ ਬਿਜਲੀ ਵੀ ਅਹਿਮ ਮੰਨੀ ਜਾਂਦੀ ਸੀ। ਬਿਜਲੀ ਦੀ ਅਣਹੋਂਦ ਨੇ ਕਾਰਖ਼ਾਨਿਆਂ ਦੇ ਸੰਚਾਲਨ ਅਤੇ ਨਵੇਂ ਉਦਯੋਗਾਂ ਦੀ ਸਥਾਪਨਾ ਵਿੱਚ ਰੁਕਾਵਟ ਪਾਈ, ਜਿਸ ਦਾ ਅਸਰ ਰਾਜਸਥਾਨ ਵਰਗੇ ਰਾਜਾਂ ਅਤੇ ਪੂਰੇ ਦੇਸ਼ 'ਤੇ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ ਉਨ੍ਹਾਂ ਦੀ ਸਰਕਾਰ ਨੇ ਇਸ ਸਥਿਤੀ ਨੂੰ ਬਦਲਣ ਦਾ ਅਹਿਦ ਲਿਆ ਸੀ। ਉਨ੍ਹਾਂ ਕਿਹਾ ਕਿ ਹਰ ਪਿੰਡ ਤੱਕ ਬਿਜਲੀ ਪਹੁੰਚਾਈ ਗਈ ਅਤੇ 2.5 ਕਰੋੜ ਘਰਾਂ ਨੂੰ ਮੁਫ਼ਤ ਕੁਨੈਕਸ਼ਨ ਦਿੱਤੇ ਗਏ। ਜਿੱਥੇ ਵੀ ਬਿਜਲੀ ਦੀਆਂ ਲਾਈਨਾਂ ਪਹੁੰਚੀਆਂ, ਉੱਥੇ ਬਿਜਲੀ ਪਹੁੰਚੀ—ਜਿਸ ਨਾਲ ਜੀਵਨ ਸੌਖਾ ਹੋਇਆ ਅਤੇ ਨਵੇਂ ਉਦਯੋਗਾਂ ਦਾ ਵਿਕਾਸ ਸੰਭਵ ਹੋਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ 21ਵੀਂ ਸਦੀ ਵਿੱਚ ਤੇਜ਼ੀ ਨਾਲ ਵਿਕਾਸ ਕਰਨ ਲਈ, ਆਪਣੇ ਬਿਜਲੀ ਉਤਪਾਦਨ ਨੂੰ ਵਧਾਉਣਾ ਪਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਸਫਲ ਦੇਸ਼ ਉਹ ਹੋਣਗੇ ਜੋ ਸਵੱਛ ਊਰਜਾ ਦੇ ਖੇਤਰ ਵਿੱਚ ਮੋਹਰੀ ਹੋਣਗੇ। ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ ਜ਼ੋਰ ਦਿੱਤਾ, ‘‘ਸਾਡੀ ਸਰਕਾਰ ਸਵੱਛ ਊਰਜਾ ਮਿਸ਼ਨ ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਰਹੀ ਹੈ।’’ ਇਸ ਯੋਜਨਾ ਤਹਿਤ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਛੱਤਾਂ 'ਤੇ ਸੋਲਰ ਪੈਨਲ ਲਾਏ ਜਾ ਰਹੇ ਹਨ। ਕਿਸਾਨਾਂ ਨੂੰ ਸਸਤੀ ਬਿਜਲੀ ਯਕੀਨੀ ਬਣਾਉਣ ਲਈ, ਪੀ ਐੱਮ-ਕੁਸੁਮ ਯੋਜਨਾ ਖੇਤੀਬਾੜੀ ਖੇਤਰਾਂ ਵਿੱਚ ਸੋਲਰ ਪੰਪਾਂ ਦੀ ਸਥਾਪਨਾ ਦੀ ਸਹੂਲਤ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੱਖ-ਵੱਖ ਸੂਬਿਆਂ ਵਿੱਚ ਕਈ ਸੂਰਜੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਨਾਲ ਲੱਖਾਂ ਕਿਸਾਨਾਂ ਨੂੰ ਸਿੱਧਾ ਲਾਭ ਹੋ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਪੀ.ਐੱਮ ਸੂਰਯਾ ਘਰ ਯੋਜਨਾ ਘਰਾਂ ਲਈ ਮੁਫ਼ਤ ਬਿਜਲੀ ਦਿੰਦੀ ਹੈ, ਜਦਕਿ ਪੀ ਐੱਮ-ਕੁਸੁਮ ਯੋਜਨਾ ਖੇਤਾਂ ਲਈ ਮੁਫ਼ਤ ਬਿਜਲੀ ਯਕੀਨੀ ਬਣਾਉਂਦੀ ਹੈ। ਸ਼੍ਰੀ ਮੋਦੀ ਨੇ ਪੀ ਐੱਮ-ਕੁਸੁਮ ਯੋਜਨਾ ਦੇ ਲਾਭਪਾਤਰੀਆਂ ਨਾਲ ਆਪਣੀ ਪਿਛਲੀ ਗੱਲਬਾਤ ਸਾਂਝੀ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੀ ਮੁਫ਼ਤ ਬਿਜਲੀ ਉਨ੍ਹਾਂ ਦੇ ਜੀਵਨ ਵਿੱਚ ਇੱਕ ਵੱਡਾ ਵਰਦਾਨ ਬਣ ਗਈ ਹੈ।
ਸ਼੍ਰੀ ਮੋਦੀ ਨੇ ਕਿਹਾ, "ਭਾਰਤ ਇੱਕ ਵਿਕਸਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਰਾਜਸਥਾਨ ਇਸ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।’’ ਉਨ੍ਹਾਂ ਨੇ ਰਾਜਸਥਾਨ ਦੇ ਲੋਕਾਂ ਲਈ 30,000 ਕਰੋੜ ਰੁਪਏ ਦੇ ਵਾਧੂ ਪ੍ਰੋਜੈਕਟਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਨ੍ਹਾਂ ਦਾ ਉਦੇਸ਼ ਪਾਣੀ, ਬਿਜਲੀ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਲਿਆਉਣਾ ਹੈ। ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਸੇਵਾ ਸਮੇਤ ਤਿੰਨ ਨਵੀਂਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਦੇਸ਼ ਵਿਆਪੀ ਮੁਹਿੰਮ 'ਤੇ ਚਾਨਣਾ ਪਾਇਆ, ਜਿਸ ਤਹਿਤ ਅੱਜ ਰਾਜਸਥਾਨ ਵਿੱਚ 15,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਮਿਲੇ। ਸ਼੍ਰੀ ਮੋਦੀ ਨੇ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਜੀਵਨ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ’ਤੇ ਰਾਜਸਥਾਨ ਦੇ ਲੋਕਾਂ ਨੂੰ ਵਧਾਈ ਦਿੱਤੀ।
ਰਾਜਸਥਾਨ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਪੂਰੀ ਲਗਨ ਨਾਲ ਕੰਮ ਕੀਤੇ ਜਾਣ 'ਤੇ ਤਸੱਲੀ ਪ੍ਰਗਟਾਉਂਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਮਾੜੇ ਸ਼ਾਸਨ ਅਤੇ ਸ਼ੋਸ਼ਣ ਰਾਹੀਂ ਰਾਜਸਥਾਨ ਨੂੰ ਦਿੱਤੇ ਗਏ ਜ਼ਖ਼ਮ ਹੁਣ ਮੌਜੂਦਾ ਸਰਕਾਰ ਵੱਲੋਂ ਭਰੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਸ਼ਾਸਨ ਵਿੱਚ ਰਾਜਸਥਾਨ ਪੇਪਰ ਲੀਕ ਦਾ ਕੇਂਦਰ ਬਣ ਗਿਆ ਸੀ ਅਤੇ ਜਲ ਜੀਵਨ ਮਿਸ਼ਨ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ ਸੀ। ਉਨ੍ਹਾਂ ਇਸ ਗੱਲ ’ਤੇ ਚਾਨਣਾ ਪਾਇਆ ਕਿ ਔਰਤਾਂ ਵਿਰੁੱਧ ਅੱਤਿਆਚਾਰ ਸਿਖਰ ’ਤੇ ਸਨ ਅਤੇ ਅਪਰਾਧੀਆਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਵਿਰੋਧੀ ਧਿਰ ਦੇ ਕਾਰਜਕਾਲ ਦੌਰਾਨ ਬਾਂਸਵਾੜਾ, ਡੂੰਗਰਪੁਰ ਅਤੇ ਪ੍ਰਤਾਪਗੜ੍ਹ ਵਰਗੇ ਖੇਤਰਾਂ ਵਿੱਚ ਅਪਰਾਧ ਅਤੇ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਵਿੱਚ ਵਾਧਾ ਦੇਖਿਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ, ਤਾਂ ਕਾਨੂੰਨ-ਵਿਵਸਥਾ ਮਜ਼ਬੂਤ ਹੋਈ ਅਤੇ ਵਿਕਾਸ ਦੀ ਗਤੀ ਤੇਜ਼ ਹੋਈ। ਉਨ੍ਹਾਂ ਕਿਹਾ ਕਿ ਹੁਣ ਵੱਡੇ ਪ੍ਰੋਜੈਕਟਾਂ ਦਾ ਅਮਲ ਹੋ ਰਿਹਾ ਹੈ ਅਤੇ ਪੂਰੇ ਰਾਜਸਥਾਨ ਵਿੱਚ ਹਾਈਵੇਅ ਅਤੇ ਐਕਸਪ੍ਰੈਸਵੇਅ ਦਾ ਜਾਲ ਫੈਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜਸਥਾਨ, ਖ਼ਾਸ ਕਰਕੇ ਦੱਖਣੀ ਰਾਜਸਥਾਨ ਨੂੰ ਵਿਕਾਸ ਦੇ ਤੇਜ਼ ਮਾਰਗ ’ਤੇ ਅੱਗੇ ਵਧਾ ਰਹੀ ਹੈ।
ਪੰਡਿਤ ਦੀਨਦਿਆਲ ਉਪਾਧਿਆਏ ਦੀ ਅੱਜ ਜਯੰਤੀ ਦਾ ਜ਼ਿਕਰ ਕਰਦਿਆਂ, ਜਿਨ੍ਹਾਂ ਨੇ ਦੇਸ਼ ਨੂੰ ਅੰਤਯੋਦਯ ਦਾ ਸਿਧਾਂਤ ਦਿੱਤਾ - ਸਮਾਜ ਦੇ ਆਖ਼ਰੀ ਪੜਾਅ 'ਤੇ ਖੜ੍ਹੇ ਵਿਅਕਤੀ ਦਾ ਉਥਾਨ - ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਲਪਨਾ ਹੁਣ ਸਰਕਾਰ ਦਾ ਮਿਸ਼ਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਗ਼ਰੀਬਾਂ, ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀ ਭਾਈਚਾਰਿਆਂ ਦੀ ਭਲਾਈ ਲਈ ਡੂੰਘੀ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਹੈ।
ਆਦਿਵਾਸੀ ਭਾਈਚਾਰੇ ਦੀ ਲਗਾਤਾਰ ਅਣਦੇਖੀ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣ ਵਿੱਚ ਨਾਕਾਮ ਰਹਿਣ ਲਈ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੀ ਇੱਕ ਸਮਰਪਿਤ ਮੰਤਰਾਲੇ ਦੀ ਸਥਾਪਨਾ ਕਰਕੇ ਜਨਜਾਤੀ ਕਲਿਆਣ ਨੂੰ ਪਹਿਲ ਦਿੱਤੀ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਕਾਰਜਕਾਲ ਵਿੱਚ ਪਹਿਲੀ ਵਾਰ ਜਨਜਾਤੀ ਮਾਮਲਿਆਂ ਲਈ ਇੱਕ ਵੱਖਰਾ ਮੰਤਰਾਲਾ ਬਣਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਸ਼ਾਸਨ ਵਿੱਚ ਇੰਨੇ ਵੱਡੇ ਪੈਮਾਨੇ ਦੇ ਪ੍ਰੋਜੈਕਟਾਂ ਦੇ ਜਨਜਾਤੀ ਖੇਤਰਾਂ ਤੱਕ ਪਹੁੰਚਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੇਠ ਇਹ ਵਿਕਾਸ ਹੁਣ ਹਕੀਕਤ ਬਣ ਰਹੇ ਹਨ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਧਾਰ ਵਿੱਚ ਇੱਕ ਵੱਡੇ ਪੀ ਐੱਮ ਮਿੱਤਰ ਪਾਰਕ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਨਾਲ ਆਦਿਵਾਸੀ ਕਿਸਾਨਾਂ ਨੂੰ ਸਾਰਥਕ ਲਾਭ ਹੋਵੇਗਾ।
ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀਆਂ ਕੋਸ਼ਿਸ਼ਾਂ ਨਾਲ ਹੀ ਇੱਕ ਗ਼ਰੀਬ ਆਦਿਵਾਸੀ ਪਰਿਵਾਰ ਦੀ ਧੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਭਾਰਤ ਦੀ ਰਾਸ਼ਟਰਪਤੀ ਬਣੀ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਮਹੋਦਯਾ ਨੇ ਖ਼ੁਦ ਸਭ ਤੋਂ ਹਾਸ਼ੀਏ 'ਤੇ ਪਏ ਜਨਜਾਤੀ ਭਾਈਚਾਰਿਆਂ ਦਾ ਮੁੱਦਾ ਚੁੱਕਿਆ ਸੀ, ਜਿਸ ਨਾਲ ਪ੍ਰਧਾਨ ਮੰਤਰੀ ਜਨਮਨ ਯੋਜਨਾ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੀ। ਇਸ ਪਹਿਲਕਦਮੀ ਤਹਿਤ ਜਨਜਾਤੀ ਸਮਾਜ ਦੇ ਸਭ ਤੋਂ ਵਾਂਝੇ ਵਰਗਾਂ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ ਰਾਹੀਂ ਆਦਿਵਾਸੀ ਪਿੰਡਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜ ਕਰੋੜ ਤੋਂ ਵੱਧ ਆਦਿਵਾਸੀ ਲਾਭਪਾਤਰੀ ਬਣ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਭਰ ਵਿੱਚ ਸੈਂਕੜੇ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਸਥਾਪਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਵਣਵਾਸੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਜੰਗਲਾਤ ਅਧਿਕਾਰਾਂ ਨੂੰ ਵੀ ਮਾਨਤਾ ਦਿੱਤੀ ਹੈ।
ਸ਼੍ਰੀ ਮੋਦੀ ਨੇ ਕਿਹਾ, ‘‘ਭਾਰਤ ਦਾ ਜਨਜਾਤੀ ਭਾਈਚਾਰਾ ਹਜ਼ਾਰਾਂ ਸਾਲਾਂ ਤੋਂ ਜੰਗਲਾਤ ਸੰਸਾਧਨਾਂ ਦੀ ਲਗਾਤਾਰ ਵਰਤੋਂ ਕਰਦਾ ਆ ਰਿਹਾ ਹੈ।’’ ਇਹ ਯਕੀਨੀ ਬਣਾਉਣ ਲਈ ਕਿ ਇਹ ਸੰਸਾਧਨ ਉਨ੍ਹਾਂ ਦੀ ਤਰੱਕੀ ਦਾ ਸਾਧਨ ਬਣਨ, ਸਰਕਾਰ ਨੇ ਵਣ ਧਨ ਯੋਜਨਾ ਸ਼ੁਰੂ ਕੀਤੀ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਜੰਗਲਾਤ ਉਪਜ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧਾ ਕੀਤਾ ਗਿਆ ਹੈ ਅਤੇ ਆਦਿਵਾਸੀ ਉਤਪਾਦਾਂ ਨੂੰ ਬਾਜ਼ਾਰ ਤੱਕ ਪਹੁੰਚ ਨਾਲ ਜੋੜਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਸਿੱਟੇ ਵਜੋਂ ਭਾਰਤ ਵਿੱਚ ਦੇਸ਼ ਭਰ ’ਚ ਜੰਗਲਾਤ ਉਪਜ ਵਿੱਚ ਰਿਕਾਰਡ ਵਾਧਾ ਦੇਖਿਆ ਗਿਆ ਹੈ।
ਆਦਿਵਾਸੀ ਭਾਈਚਾਰੇ ਦੇ ਸਨਮਾਨ ਨਾਲ ਜੀਵਨ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਆਸਥਾ, ਸਵੈ-ਮਾਣ ਅਤੇ ਸੱਭਿਆਚਾਰਕ ਵਿਰਾਸਤ ਦੀ ਰਾਖੀ ਕਰਨਾ ਇੱਕ ਗੰਭੀਰ ਸੰਕਲਪ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਇੱਕ ਆਮ ਨਾਗਰਿਕ ਦਾ ਜੀਵਨ ਸੌਖਾ ਹੋ ਜਾਂਦਾ ਹੈ, ਤਾਂ ਉਹ ਖ਼ੁਦ ਰਾਸ਼ਟਰ ਦੀ ਤਰੱਕੀ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ 11 ਸਾਲ ਪਹਿਲਾਂ ਵਿਰੋਧੀ ਧਿਰ ਦੇ ਸ਼ਾਸਨ ਦੀਆਂ ਭਿਆਨਕ ਸਥਿਤੀਆਂ ਨੂੰ ਯਾਦ ਕੀਤਾ ਅਤੇ ਨਾਗਰਿਕਾਂ ਦੇ ਸ਼ੋਸ਼ਣ ਅਤੇ ਯੋਜਨਾਬੱਧ ਲੁੱਟ ਲਈ ਇਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਉਸ ਦੌਰਾਨ ਟੈਕਸ ਅਤੇ ਮਹਿੰਗਾਈ ਰਿਕਾਰਡ ਉਚਾਈ ’ਤੇ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਾਰ ਜਨਤਾ ਨੇ ਉਨ੍ਹਾਂ ਦੀ ਸਰਕਾਰ ਨੂੰ ਆਸ਼ੀਰਵਾਦ ਦੇ ਦਿੱਤਾ, ਤਾਂ ਵਿਰੋਧੀ ਧਿਰ ਦੀ ਸ਼ੋਸ਼ਣਕਾਰੀ ਕਾਰਜਪ੍ਰਣਾਲੀ ਦਾ ਅੰਤ ਹੋ ਗਿਆ।
ਸ਼੍ਰੀ ਮੋਦੀ ਨੇ ਕਿਹਾ ਕਿ 2017 ਵਿੱਚ ਜੀਐੱਸਟੀ ਦੇ ਲਾਗੂ ਹੋਣ ਨੇ ਦੇਸ਼ ਨੂੰ ਟੈਕਸਾਂ ਅਤੇ ਟੋਲ ਦੇ ਗੁੰਝਲਦਾਰ ਜਾਲ ਤੋਂ ਮੁਕਤੀ ਦਿਵਾਈ। ਉਨ੍ਹਾਂ ਇਸ ਗੱਲ ’ਤੇ ਚਾਨਣਾ ਪਾਇਆ ਕਿ ਇਸ ਸਾਲ ਨਰਾਤਿਆਂ ਦੇ ਪਹਿਲੇ ਦਿਨ, ਇੱਕ ਵੱਡਾ ਜੀਐੱਸਟੀ ਸੁਧਾਰ ਲਾਗੂ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਪੂਰੇ ਭਾਰਤ ਵਿੱਚ ਜੀਐੱਸਟੀ ਬੱਚਤ ਉਤਸਵ ਮਨਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਦੀਆਂ ਜ਼ਿਆਦਾਤਰ ਚੀਜ਼ਾਂ ਹੁਣ ਜ਼ਿਆਦਾ ਸਸਤੀਆਂ ਹੋ ਗਈਆਂ ਹਨ। ਹਾਜ਼ਰ ਔਰਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਘਰੇਲੂ ਰਸੋਈ ਦਾ ਖਰਚਾ ਕਾਫ਼ੀ ਘੱਟ ਹੋ ਗਿਆ ਹੈ, ਜਿਸ ਨਾਲ ਦੇਸ਼ ਭਰ ਦੀਆਂ ਮਾਵਾਂ ਅਤੇ ਭੈਣਾਂ ਨੂੰ ਸਿੱਧੀ ਰਾਹਤ ਮਿਲੀ ਹੈ।
ਇਸ ਗੱਲ ’ਤੇ ਚਾਨਣਾ ਪਾਉਂਦਿਆਂ ਕਿ 2014 ਤੋਂ ਪਹਿਲਾਂ ਵਿਰੋਧੀ ਸਰਕਾਰ ਦੇ ਅਧੀਨ ਟੈਕਸਾਂ ਦੀਆਂ ਦਰਾਂ ਵੱਧ ਹੋਣ ਕਾਰਨ ਸਾਬਣ, ਸ਼ੈਂਪੂ, ਟੁੱਥਪੇਸਟ ਅਤੇ ਟੁੱਥ ਪਾਊਡਰ ਵਰਗੀਆਂ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ’ਤੇ 100 ਰੁਪਏ ਖ਼ਰਚ ਕਰਨ ’ਤੇ ਕੁੱਲ ਲਾਗਤ 131 ਰੁਪਏ ਹੁੰਦੀ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਹਰ 100 ਰੁਪਏ ਦੀ ਖ਼ਰੀਦ ’ਤੇ 31 ਰੁਪਏ ਟੈਕਸ ਲਾਇਆ। 2017 ਵਿੱਚ ਜੀਐੱਸਟੀ ਲਾਗੂ ਹੋਣ ਨਾਲ ਉਸੇ 100 ਰੁਪਏ ਮੁੱਲ ਦੇ ਸਾਮਾਨ ਦੀ ਕੀਮਤ 118 ਰੁਪਏ ਹੋ ਗਈ, ਜੋ ਉਨ੍ਹਾਂ ਦੀ ਸਰਕਾਰ ਅਧੀਨ 13 ਰੁਪਏ ਦੀ ਸਿੱਧੀ ਬੱਚਤ ਨੂੰ ਦਰਸਾਉਂਦਾ ਹੈ। 22 ਸਤੰਬਰ ਨੂੰ ਪੇਸ਼ ਕੀਤੇ ਗਏ ਜੀਐੱਸਟੀ ਸੁਧਾਰਾਂ ਤੋਂ ਬਾਅਦ, ਲਾਗਤ ਹੋਰ ਘਟ ਕੇ 105 ਰੁਪਏ ਹੋ ਗਈ ਹੈ, ਜਿਸ ਦੇ ਸਿੱਟੇ ਵਜੋਂ ਪਿਛਲੀ ਸਰਕਾਰ ਦੇ ਸ਼ਾਸਨ ਦੇ ਮੁਕਾਬਲੇ ਕੁੱਲ 26 ਰੁਪਏ ਦੀ ਬੱਚਤ ਹੋਈ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਾਵਾਂ ਅਤੇ ਭੈਣਾਂ ਘਰੇਲੂ ਬਜਟ ਦਾ ਸਾਵਧਾਨੀ ਨਾਲ ਪ੍ਰਬੰਧਨ ਕਰਦੀਆਂ ਹਨ, ਅਤੇ ਨਵੀਂ ਟੈਕਸ ਪ੍ਰਣਾਲੀ ਤਹਿਤ ਪਰਿਵਾਰ ਹੁਣ ਹਰ ਮਹੀਨੇ ਸੈਂਕੜੇ ਰੁਪਏ ਬਚਾ ਰਹੇ ਹਨ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਜੁੱਤੀ-ਚੱਪਲ ਸਾਰਿਆਂ ਲਈ ਇੱਕ ਬੁਨਿਆਦੀ ਲੋੜ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸ਼ਾਸਨਕਾਲ ਵਿੱਚ 75 ਰੁਪਏ ਟੈਕਸ ਦੇ ਬੋਝ ਕਾਰਨ 500 ਰੁਪਏ ਦੀ ਜੁੱਤੀ ਖ਼ਰੀਦਣ ’ਤੇ 575 ਰੁਪਏ ਦਾ ਖ਼ਰਚ ਆਉਂਦਾ ਸੀ। ਜੀਐੱਸਟੀ ਲਾਗੂ ਹੋਣ ਤੋਂ ਬਾਅਦ ਇਹ ਟੈਕਸ 15 ਰੁਪਏ ਘੱਟ ਹੋ ਗਿਆ ਹੈ। ਨਵੇਂ ਜੀਐੱਸਟੀ ਸੁਧਾਰਾਂ ਤੋਂ ਬਾਅਦ, ਉਹੀ ਜੁੱਤੀ ਹੁਣ 50 ਰੁਪਏ ਘੱਟ ਕੀਮਤ ਦੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਹਿਲਾਂ 500 ਰੁਪਏ ਤੋਂ ਵੱਧ ਕੀਮਤ ਵਾਲੀਆਂ ਜੁੱਤੀਆਂ ’ਤੇ ਹੋਰ ਵੀ ਵੱਧ ਟੈਕਸ ਲੱਗਦੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਹੁਣ 2,500 ਰੁਪਏ ਤੱਕ ਦੇ ਜੁੱਤੀਆਂ ’ਤੇ ਟੈਕਸ ਦੀਆਂ ਦਰਾਂ ਵਿੱਚ ਕਾਫ਼ੀ ਕਮੀ ਕੀਤੀ ਹੈ, ਜਿਸ ਨਾਲ ਇਹ ਆਮ ਨਾਗਰਿਕਾਂ ਲਈ ਜ਼ਿਆਦਾ ਕਿਫ਼ਾਇਤੀ ਹੋ ਗਏ ਹਨ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਸਕੂਟਰ ਜਾਂ ਮੋਟਰਸਾਈਕਲ ਦਾ ਮਾਲਕ ਹੋਣਾ ਹਰ ਘਰ ਦੀ ਆਮ ਖ਼ਾਹਿਸ਼ ਹੁੰਦੀ ਹੈ, ਪਰ ਵਿਰੋਧੀ ਧਿਰ ਦੇ ਸ਼ਾਸਨ ਵਿੱਚ ਇਹ ਵੀ ਪਹੁੰਚ ਤੋਂ ਬਾਹਰ ਹੋ ਗਿਆ ਸੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਰੋਧੀ ਧਿਰ ਨੇ 60,000 ਰੁਪਏ ਦੇ ਮੋਟਰਸਾਈਕਲ ’ਤੇ 19,000 ਰੁਪਏ ਤੋਂ ਵੱਧ ਦਾ ਟੈਕਸ ਲਾਇਆ ਸੀ। 2017 ਵਿੱਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਇਸ ਟੈਕਸ ਵਿੱਚ 2,500 ਰੁਪਏ ਦੀ ਕਮੀ ਕੀਤੀ ਗਈ। 22 ਸਤੰਬਰ ਨੂੰ ਲਾਗੂ ਕੀਤੀਆਂ ਗਈਆਂ ਸੋਧੀਆਂ ਦਰਾਂ ਤੋਂ ਬਾਅਦ ਹੁਣ ਉਸੇ ਮੋਟਰਸਾਈਕਲ ’ਤੇ ਸਿਰਫ਼ 10,000 ਰੁਪਏ ਦਾ ਟੈਕਸ ਲੱਗਦਾ ਹੈ, ਜਿਸ ਨਾਲ 2014 ਦੇ ਮੁਕਾਬਲੇ 9,000 ਰੁਪਏ ਦਾ ਸਿੱਧਾ ਲਾਭ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸ਼ਾਸਨਕਾਲ ਵਿੱਚ ਘਰ ਬਣਾਉਣਾ ਬੇਹੱਦ ਮਹਿੰਗਾ ਸੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ 300 ਰੁਪਏ ਦੇ ਸੀਮਿੰਟ ਦੇ ਇੱਕ ਬੈਗ ’ਤੇ 90 ਰੁਪਏ ਤੋਂ ਵੱਧ ਟੈਕਸ ਲੱਗਦਾ ਸੀ। 2017 ਵਿੱਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਇਸ ਟੈਕਸ ਵਿੱਚ ਲਗਭਗ 10 ਰੁਪਏ ਦੀ ਕਮੀ ਆਈ। 22 ਸਤੰਬਰ ਨੂੰ ਲਾਗੂ ਹੋਏ ਨਵੇਂ ਜੀਐੱਸਟੀ ਸੁਧਾਰਾਂ ਤੋਂ ਬਾਅਦ ਹੁਣ ਉਸੇ ਸੀਮਿੰਟ ਦੇ ਬੈਗ ’ਤੇ ਸਿਰਫ਼ 50 ਰੁਪਏ ਟੈਕਸ ਲੱਗਦਾ ਹੈ, ਜਿਸ ਨਾਲ 2014 ਦੇ ਮੁਕਾਬਲੇ 40 ਰੁਪਏ ਦੀ ਸਿੱਧੀ ਬੱਚਤ ਹੋਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਿੱਥੇ ਵਿਰੋਧੀ ਦਲ ਦੇ ਸ਼ਾਸਨਕਾਲ ਵਿੱਚ ਬਹੁਤ ਜ਼ਿਆਦਾ ਟੈਕਸ ਲਾਇਆ ਜਾਂਦਾ ਸੀ, ਉੱਥੇ ਹੀ ਉਨ੍ਹਾਂ ਦੀ ਸਰਕਾਰ ਨੇ ਆਮ ਨਾਗਰਿਕਾਂ ਲਈ ਬੱਚਤ ਦੇ ਯੁੱਗ ਦੀ ਸ਼ੁਰੂਆਤ ਕੀਤੀ ਹੈ।
ਜੀਐੱਸਟੀ ਬੱਚਤ ਮਹੋਤਸਵ ਦੇ ਵਿਚਾਲੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਭੁੱਲਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਸਵਦੇਸ਼ੀ ਦੇ ਮੰਤਰ ਨੂੰ ਨਹੀਂ ਭੁੱਲਣਾ ਚਾਹੀਦਾ। ਸ਼੍ਰੀ ਮੋਦੀ ਨੇ ਅਪੀਲ ਕੀਤੀ ਕਿ ਅਸੀਂ ਜੋ ਵੇਚਦੇ ਹਾਂ ਉਹ ਸਵਦੇਸ਼ੀ ਹੋਣਾ ਚਾਹੀਦਾ ਹੈ ਅਤੇ ਜੋ ਅਸੀਂ ਖ਼ਰੀਦਦੇ ਹਾਂ ਉਹ ਵੀ ਸਵਦੇਸ਼ੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਮਾਣ ਨਾਲ ਇਹ ਐਲਾਨ ਕਰਨ ਲਈ ਉਤਸ਼ਾਹਿਤ ਕੀਤਾ, ‘ਇਹ ਸਵਦੇਸ਼ੀ ਹੈ।’ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਦੋਂ ਲੋਕ ਸਵਦੇਸ਼ੀ ਉਤਪਾਦ ਖ਼ਰੀਦਦੇ ਹਨ ਤਾਂ ਪੈਸਾ ਦੇਸ਼ ਦੇ ਅੰਦਰ ਹੀ ਰਹਿੰਦਾ ਹੈ - ਸਥਾਨਕ ਕਾਰੀਗਰਾਂ, ਮਜ਼ਦੂਰਾਂ ਅਤੇ ਵਪਾਰੀਆਂ ਤੱਕ ਪਹੁੰਚਦਾ ਹੈ। ਇਹ ਪੈਸਾ ਵਿਦੇਸ਼ ਜਾਣ ਦੀ ਬਜਾਏ ਸਿੱਧੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ, ਨਵੇਂ ਹਾਈਵੇਅ ਅਤੇ ਸੜਕਾਂ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਸਾਰਿਆਂ ਨੂੰ ਸਵਦੇਸ਼ੀ ਨੂੰ ਰਾਸ਼ਟਰੀ ਗੌਰਵ ਦਾ ਪ੍ਰਤੀਕ ਬਣਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਤਿਉਹਾਰਾਂ ਦੇ ਮੌਸਮ ਵਿੱਚ ਸਿਰਫ਼ ਸਵਦੇਸ਼ੀ ਸਾਮਾਨ ਖ਼ਰੀਦਣ ਦਾ ਅਹਿਦ ਲੈਣ ਦੀ ਅਪੀਲ ਕੀਤੀ ਅਤੇ ਇੱਕ ਵਾਰ ਫਿਰ ਵਿਕਾਸ ਅਤੇ ਰੁਜ਼ਗਾਰ ਨਾਲ ਜੁੜੇ ਪ੍ਰੋਜੈਕਟਾਂ ਦੀ ਸ਼ੁਰੂਆਤ ’ਤੇ ਆਪਣੀ ਵਧਾਈ ਦਿੱਤੀ।
ਇਸ ਪ੍ਰੋਗਰਾਮ ਵਿੱਚ ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰੀਭਾਊ ਕਿਸਨਰਾਓ ਬਾਗੜੇ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ, ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛੋਕੜ
ਸਾਰਿਆਂ ਲਈ ਸਸਤੀ, ਭਰੋਸੇਯੋਗ ਅਤੇ ਟਿਕਾਊ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਭਾਰਤ ਦੇ ਬਿਜਲੀ ਖੇਤਰ ਨੂੰ ਬਦਲਣ ਦੀ ਆਪਣੀ ਵਚਨਬੱਧਤਾ ਅਨੁਸਾਰ ਪ੍ਰਧਾਨ ਮੰਤਰੀ ਨੇ ਲਗਭਗ 42,000 ਕਰੋੜ ਰੁਪਏ ਦੀ ਅਣੁਸ਼ਕਤੀ ਵਿਦਯੁਤ ਨਿਗਮ ਲਿਮਟਿਡ (ਅਸ਼ਵਿਨੀ) ਦੇ ਮਾਹੀ ਬਾਂਸਵਾੜਾ ਰਾਜਸਥਾਨ ਪਰਮਾਣੂ ਊਰਜਾ ਪ੍ਰੋਜੈਕਟ (4X700 ਮੈਗਾਵਾਟ) ਦਾ ਨੀਂਹ ਪੱਥਰ ਰੱਖਿਆ। ਇਹ ਦੇਸ਼ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟਾਂ ਵਿੱਚੋਂ ਇੱਕ ਹੋਵੇਗਾ, ਜੋ ਭਰੋਸੇਯੋਗ ਬੇਸ ਲੋਡ ਊਰਜਾ ਦੀ ਸਪਲਾਈ ਕਰੇਗਾ ਅਤੇ ਵਾਤਾਵਰਣ ਸੁਰੱਖਿਆ ਅਤੇ ਵਿਕਸਤ ਪਰਮਾਣੂ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ। ਆਤਮਨਿਰਭਰ ਭਾਰਤ ਦੀ ਭਾਵਨਾ ਨੂੰ ਅੱਗੇ ਵਧਾਉਂਦਿਆਂ ਮਾਹੀ ਬਾਂਸਵਾੜਾ ਰਾਜਸਥਾਨ ਪਰਮਾਣੂ ਊਰਜਾ ਪ੍ਰੋਜੈਕਟ ਵਿੱਚ ਐੱਨਪੀਸੀਆਈਐੱਲ ਵੱਲੋਂ ਡਿਜ਼ਾਈਨ ਅਤੇ ਵਿਕਸਤ ਕੀਤੇ ਗਏ ਉੱਨਤ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੇ ਚਾਰ ਸਵਦੇਸ਼ੀ 700 ਮੈਗਾਵਾਟ ਦਬਾਅ ਵਾਲੇ ਭਾਰੀ ਪਾਣੀ ਰਿਐਕਟਰ ਸ਼ਾਮਲ ਹਨ। ਇਹ ਭਾਰਤ ਦੀ ਵਿਆਪਕ ‘ਫਲੀਟ ਮੋਡ’ ਪਹਿਲ ਦਾ ਹਿੱਸਾ ਹੈ, ਜਿਸ ਤਹਿਤ ਪੂਰੇ ਭਾਰਤ ਵਿੱਚ ਇੱਕੋ ਜਿਹੇ ਡਿਜ਼ਾਈਨ ਅਤੇ ਖ਼ਰੀਦ ਯੋਜਨਾਵਾਂ ਤਹਿਤ ਦਸ ਬਰਾਬਰ 700 ਮੈਗਾਵਾਟ ਸਮਰੱਥਾ ਦੇ ਰਿਐਕਟਰ ਬਣਾਏ ਜਾ ਰਹੇ ਹਨ। ਇਸ ਪ੍ਰੋਜੈਕਟ ਨਾਲ ਲਾਗਤ ਕੁਸ਼ਲਤਾ, ਤੇਜ਼ ਤਾਇਨਾਤੀ ਅਤੇ ਇਕਸਾਰ ਸੰਚਾਲਨ ਮਹਾਰਤ ਪ੍ਰਾਪਤ ਹੋਵੇਗੀ।
ਭਾਰਤ ਦੇ ਸਵੱਛ ਊਰਜਾ ਢਾਂਚੇ ਨੂੰ ਹੁਲਾਰਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਲਗਭਗ 19,210 ਕਰੋੜ ਰੁਪਏ ਦੇ ਹਰੀ ਊਰਜਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਫਲੌਦੀ, ਜੈਸਲਮੇਰ, ਜਾਲੌਰ, ਸੀਕਰ ਆਦਿ ਥਾਵਾਂ ’ਤੇ ਸੂਰਜੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਬੀਕਾਨੇਰ ਵਿੱਚ ਵੀ ਇੱਕ ਸੂਰਜੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਹ ਆਂਧਰਾ ਪ੍ਰਦੇਸ਼ ਦੇ ਰਾਮਾਗਿਰੀ ਵਿੱਚ ਇੱਕ ਸੋਲਰ ਪਾਰਕ ਦਾ ਵੀ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਭਾਰਤ ਦੀ ਸਵੱਛ ਊਰਜਾ ਸਮਰੱਥਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ, ਜਿਸ ਨਾਲ ਲੱਖਾਂ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਰੋਕ ਕੇ ਵੱਡੀ ਮਾਤਰਾ ਵਿੱਚ ਹਰੀ ਊਰਜਾ ਦਾ ਉਤਪਾਦਨ ਹੋਵੇਗਾ।
ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੀ ਨਵਿਆਉਣਯੋਗ ਊਰਜਾ ਖੇਤਰ (ਆਰਈਜ਼ੈੱਡ) ਪਹਿਲਕਦਮੀ ਤਹਿਤ 13,180 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਬਿਜਲੀ ਟਰਾਂਸਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਦਾ ਉਦੇਸ਼ 2030 ਤੱਕ ਅੱਠ ਰਾਜਾਂ ਵਿੱਚ 181.5 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਵਿਕਸਤ ਕਰਨਾ ਹੈ। ਇਸ ਨਵਿਆਉਣਯੋਗ ਊਰਜਾ ਦਾ ਲੋਡ ਕੇਂਦਰਾਂ ਤੱਕ ਕੁਸ਼ਲ ਵੰਡ ਯਕੀਨੀ ਬਣਾਉਣ ਅਤੇ ਗਰਿੱਡ ਸਥਿਰਤਾ ਵਧਾਉਣ ਲਈ ਪਾਵਰਗਰਿੱਡ, ਰਾਜਸਥਾਨ ਆਰਈਜ਼ੈੱਡ ਲਈ ਮੁੱਖ ਟਰਾਂਸਮਿਸ਼ਨ ਪ੍ਰਣਾਲੀਆਂ ਨੂੰ ਲਾਗੂ ਕਰ ਰਿਹਾ ਹੈ।
ਇਸ ਵਿੱਚ ਰਾਜਸਥਾਨ ਦੇ ਬਿਆਵਰ ਤੋਂ ਮੱਧ ਪ੍ਰਦੇਸ਼ ਦੇ ਮੰਦਸੌਰ ਤੱਕ 765 ਕੇਵੀ ਟਰਾਂਸਮਿਸ਼ਨ ਲਾਈਨਾਂ ਅਤੇ ਸਬੰਧਿਤ ਸਬ-ਸਟੇਸ਼ਨਾਂ ਦਾ ਵਿਸਤਾਰ; ਰਾਜਸਥਾਨ ਦੇ ਸਿਰੋਹੀ ਤੋਂ ਮੰਦਸੌਰ ਅਤੇ ਮੱਧ ਪ੍ਰਦੇਸ਼ ਦੇ ਖੰਡਵਾ ਤੱਕ, ਨਾਲ ਹੀ ਸਿਰੋਹੀ ਸਬ-ਸਟੇਸ਼ਨ ਦੀ ਰੂਪਾਂਤਰਨ ਸਮਰੱਥਾ ਵਿੱਚ ਵਾਧਾ ਅਤੇ ਮੰਦਸੌਰ ਤੇ ਖੰਡਵਾ ਸਬ-ਸਟੇਸ਼ਨਾਂ ਦਾ ਵਿਸਤਾਰ; ਅਤੇ ਰਾਜਸਥਾਨ ਦੇ ਬੀਕਾਨੇਰ ਤੋਂ ਹਰਿਆਣਾ ਦੇ ਸਿਵਾਨੀ ਅਤੇ ਫ਼ਤਿਹਾਬਾਦ ਅਤੇ ਅੱਗੇ ਪੰਜਾਬ ਦੇ ਪਾਤੜਾਂ ਤੱਕ 765 ਕੇਵੀ ਅਤੇ 400 ਕੇਵੀ ਟਰਾਂਸਮਿਸ਼ਨ ਲਾਈਨ, ਨਾਲ ਹੀ ਬੀਕਾਨੇਰ ਵਿੱਚ ਸਬ-ਸਟੇਸ਼ਨਾਂ ਦੀ ਸਥਾਪਨਾ ਅਤੇ ਸਿਵਾਨੀ ਸਬ-ਸਟੇਸ਼ਨ ਦਾ ਵਿਸਤਾਰ ਸ਼ਾਮਲ ਹੈ। ਕੁੱਲ ਮਿਲਾ ਕੇ, ਇਹ ਪ੍ਰੋਜੈਕਟ ਰਾਜਸਥਾਨ ਦੇ ਉਤਪਾਦਨ ਕੇਂਦਰਾਂ ਤੋਂ ਦੇਸ਼ ਭਰ ਦੇ ਲਾਭਪਾਤਰੀ ਰਾਜਾਂ ਦੇ ਮੰਗ ਕੇਂਦਰਾਂ ਤੱਕ 15.5 ਗੀਗਾਵਾਟ ਹਰੀ ਊਰਜਾ ਦੀ ਨਿਰਵਿਘਨ ਸਹੂਲਤ ਦੇਣਗੇ।
ਪ੍ਰਧਾਨ ਮੰਤਰੀ ਨੇ ਜੈਸਲਮੇਰ ਅਤੇ ਬੀਕਾਨੇਰ ਵਿੱਚ ਤਿੰਨ ਗਰਿੱਡ ਸਬ-ਸਟੇਸ਼ਨਾਂ (ਜੀਐੱਸਐੱਸ) ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ 220 ਕੇਵੀ ਅਤੇ ਸਬੰਧਿਤ ਲਾਈਨਾਂ ਸ਼ਾਮਲ ਹਨ। ਉਹ ਬਾੜਮੇਰ ਜ਼ਿਲ੍ਹੇ ਦੇ ਸ਼ਿਵ ਵਿੱਚ 220 ਕੇਵੀ ਜੀਐੱਸਐੱਸ ਦਾ ਵੀ ਉਦਘਾਟਨ ਕਰਨਗੇ। 490 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਖੇਤਰ ਵਿੱਚ ਊਰਜਾ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਆਪਣੀ ਵਚਨਬੱਧਤਾ ਅਨੁਸਾਰ ਪ੍ਰਧਾਨ ਮੰਤਰੀ ਨੇ ਪੀ ਐੱਮ-ਕੁਸੁਮ (ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਏਵਮ ਉਥਾਨ ਮਹਾਭਿਆਨ) ਯੋਜਨਾ (ਕੰਪੋਨੈਂਟ-ਸੀ) ਤਹਿਤ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਕਰਨਾਟਕ ਰਾਜਾਂ ਵਿੱਚ 16,050 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ 3517 ਮੈਗਾਵਾਟ ਦੇ ਫੀਡਰ ਪੱਧਰੀ ਸੋਲਰਾਈਜ਼ੇਸ਼ਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਖੇਤੀਬਾੜੀ ਫੀਡਰਾਂ ਦਾ ਸੋਲਰਾਈਜ਼ੇਸ਼ਨ ਕਿਫ਼ਾਇਤੀ, ਭਰੋਸੇਯੋਗ ਅਤੇ ਟਿਕਾਊ ਸਿੰਚਾਈ ਬਿਜਲੀ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ, ਜਿਸ ਨਾਲ ਲੱਖਾਂ ਕਿਸਾਨਾਂ ਨੂੰ ਬਿਜਲੀ ਦੀ ਲਾਗਤ ਘਟਾਉਣ, ਸਿੰਚਾਈ ਖ਼ਰਚਿਆਂ ਵਿੱਚ ਕਟੌਤੀ ਕਰਨ ਅਤੇ ਪੇਂਡੂ ਊਰਜਾ ਆਤਮ-ਨਿਰਭਰਤਾ ਨੂੰ ਵਧਾਉਣ ਵਿੱਚ ਮਦਦ ਮਿਲੇਗੀ।
ਰਾਮਜਲ ਸੇਤੂ ਲਿੰਕ ਪ੍ਰੋਜੈਕਟ ਨੂੰ ਹੁਲਾਰਾ ਦੇਣ ਅਤੇ ਜਲ ਸੁਰੱਖਿਆ ਦੀ ਆਪਣੀ ਕਲਪਨਾ ਨੂੰ ਅੱਗੇ ਵਧਾਉਂਦਿਆਂ ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ 20,830 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਜਲ ਸਰੋਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਉਹ ਈਸਰਦਾ ਤੋਂ ਵੱਖ-ਵੱਖ ਫੀਡਰਾਂ ਦੇ ਨਿਰਮਾਣ, ਅਜਮੇਰ ਜ਼ਿਲ੍ਹੇ ਵਿੱਚ ਮੋਰ ਸਾਗਰ ਨਕਲੀ ਜਲ ਭੰਡਾਰ ਦੇ ਨਿਰਮਾਣ ਅਤੇ ਚਿਤੌੜਗੜ੍ਹ ਤੋਂ ਇਸ ਦੇ ਫੀਡਰ ਦਾ ਨੀਂਹ ਪੱਥਰ ਰੱਖਣਗੇ। ਹੋਰ ਕੰਮਾਂ ਵਿੱਚ ਬੀਸਲਪੁਰ ਡੈਮ ਵਿੱਚ ਇਨਟੇਕ ਪੰਪ ਹਾਊਸ, ਖਾਰੀ ਫੀਡਰ ਦਾ ਪੁਨਰ-ਸੁਰਜੀਤੀਕਰਨ ਅਤੇ ਵੱਖ-ਵੱਖ ਹੋਰ ਫੀਡਰ ਨਹਿਰ ਨਿਰਮਾਣ ਕਾਰਜ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਈਸਰਦਾ ਡੈਮ, ਧੌਲਪੁਰ ਲਿਫਟ ਪ੍ਰੋਜੈਕਟ, ਟਾਕਲੀ ਪ੍ਰੋਜੈਕਟ ਆਦਿ ਦਾ ਵੀ ਉਦਘਾਟਨ ਕੀਤਾ।
ਸਾਰਿਆਂ ਲਈ ਸੁਰੱਖਿਅਤ ਅਤੇ ਸਾਫ਼ ਪੀਣ ਵਾਲੇ ਪਾਣੀ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਅਟਲ ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਮਿਸ਼ਨ (ਅੰਮ੍ਰਿਤ) 2.0 ਤਹਿਤ ਬਾਂਸਵਾੜਾ, ਡੂੰਗਰਪੁਰ, ਉਦੈਪੁਰ, ਸਵਾਈ ਮਾਧੋਪੁਰ, ਚੁਰੂ, ਅਜਮੇਰ, ਭੀਲਵਾੜਾ ਜ਼ਿਲ੍ਹਿਆਂ ਵਿੱਚ 5,880 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਮੁੱਖ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਸੜਕੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਭਰਤਪੁਰ ਸ਼ਹਿਰ ਵਿੱਚ ਫਲਾਈਓਵਰ, ਬਨਾਸ ਨਦੀ ’ਤੇ ਇੱਕ ਪੁਲ ਅਤੇ 116 ਅਟਲ ਪ੍ਰਗਤੀ ਪਥ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਬਾੜਮੇਰ, ਅਜਮੇਰ, ਡੂੰਗਰਪੁਰ ਜ਼ਿਲ੍ਹਿਆਂ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਅਤੇ ਰਾਜ ਮਾਰਗਾਂ ਨਾਲ ਸਬੰਧਿਤ ਕਈ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਰਾਸ਼ਟਰ ਨੂੰ ਸਮਰਪਿਤ ਵੀ ਕੀਤਾ। 2,630 ਕਰੋੜ ਰੁਪਏ ਤੋਂ ਵੱਧ ਦੇ ਇਹ ਪ੍ਰੋਜੈਕਟ ਖੇਤਰੀ ਸੜਕ ਸੰਪਰਕ ਵਿੱਚ ਸੁਧਾਰ ਕਰਨਗੇ, ਸੁਖਾਲੀ ਆਵਾਜਾਈ ਯਕੀਨੀ ਬਣਾਉਣਗੇ ਅਤੇ ਸੜਕ ਸੁਰੱਖਿਆ ਨੂੰ ਵਧਾਉਣਗੇ।
ਪ੍ਰਧਾਨ ਮੰਤਰੀ ਨੇ ਭਰਤਪੁਰ ਵਿੱਚ 250 ਬਿਸਤਰਿਆਂ ਵਾਲੇ ਆਰਬੀਐੱਮ ਹਸਪਤਾਲ, ਜੈਪੁਰ ਵਿੱਚ ਆਈਟੀ ਵਿਕਾਸ ਅਤੇ ਈ-ਗਵਰਨੈਂਸ ਕੇਂਦਰ, ਮਕਰਾਨਾ ਸ਼ਹਿਰ ਵਿੱਚ ਟ੍ਰੀਟਮੈਂਟ ਪਲਾਂਟ ਅਤੇ ਪੰਪਿੰਗ ਸਟੇਸ਼ਨਾਂ ਸਮੇਤ ਸੀਵਰੇਜ ਪ੍ਰਣਾਲੀ ਅਤੇ ਮੰਡਾਵਾ ਤੇ ਝੁੰਝੁਨੂੰ ਜ਼ਿਲ੍ਹੇ ਵਿੱਚ ਸੀਵਰੇਜ ਅਤੇ ਜਲ ਸਪਲਾਈ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ।
ਰੇਲ ਸੰਪਰਕ ਨੂੰ ਹੁਲਾਰਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਤਿੰਨ ਰੇਲ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ: ਬੀਕਾਨੇਰ ਅਤੇ ਦਿੱਲੀ ਕੈਂਟ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ, ਜੋਧਪੁਰ ਅਤੇ ਦਿੱਲੀ ਕੈਂਟ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਅਤੇ ਉਦੈਪੁਰ ਸਿਟੀ-ਚੰਡੀਗੜ੍ਹ ਐਕਸਪ੍ਰੈੱਸ। ਇਹ ਰੇਲ ਗੱਡੀਆਂ ਰਾਜਸਥਾਨ ਅਤੇ ਹੋਰ ਉੱਤਰੀ ਰਾਜਾਂ ਵਿਚਾਲੇ ਸੰਪਰਕ ਵਿੱਚ ਅਹਿਮ ਸੁਧਾਰ ਲਿਆਉਣਗੀਆਂ।
ਸਾਰਿਆਂ ਲਈ ਰੁਜ਼ਗਾਰ ਦੇ ਆਪਣੇ ਨਜ਼ਰੀਏ ਨੂੰ ਅੱਗੇ ਵਧਾਉਂਦਿਆਂ ਰਾਜਸਥਾਨ ਦੇ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ-ਨਿਯੁਕਤ 15,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਨ੍ਹਾਂ ਵਿੱਚ 5770 ਤੋਂ ਵੱਧ ਪਸ਼ੂ ਪਾਲਕ, 4190 ਜੂਨੀਅਰ ਸਹਾਇਕ, 1800 ਜੂਨੀਅਰ ਇੰਸਟ੍ਰਕਟਰ, 1460 ਜੂਨੀਅਰ ਇੰਜੀਨੀਅਰ, 1200 ਤੀਜੀ ਸ਼੍ਰੇਣੀ ਲੈਵਲ-2 ਅਧਿਆਪਕ ਆਦਿ ਸ਼ਾਮਲ ਹਨ।
https://x.com/narendramodi/status/1971153772085694814
https://x.com/PMOIndia/status/1971155956403929298
https://x.com/PMOIndia/status/1971157206272966849
https://x.com/PMOIndia/status/1971158147139240133
https://www.youtube.com/watch?v=5eJQm2IFvzg
***************
ਐੱਮਜੀਪੀਐੱਸ/ਐੱਸਆਰ
(Release ID: 2171564)
Visitor Counter : 7
Read this release in:
Malayalam
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Telugu
,
Kannada