ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 17 ਸਤੰਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ 'ਸਵੱਸਥ ਨਾਰੀ ਸਸ਼ਕਤ ਪਰਿਵਾਰ' ਅਤੇ '8ਵਾਂ ਰਾਸ਼ਟਰੀ ਪੋਸ਼ਣ ਮਾਹ' ਮੁਹਿੰਮਾਂ ਦੀ ਸ਼ੁਰੂਆਤ ਕਰਨਗੇ

ਦੇਸ਼ ਵਿੱਚ ਔਰਤਾਂ ਅਤੇ ਬੱਚਿਆਂ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸਿਹਤ ਮੁਹਿੰਮ

ਸਮੁੱਚੇ ਦੇਸ਼ ਦੇ ਸਰਕਾਰੀ ਕੇਂਦਰਾਂ ਵਿੱਚ 17 ਸਤੰਬਰ ਤੋਂ 2 ਅਕਤੂਬਰ ਤੱਕ ਇੱਕ ਲੱਖ ਤੋਂ ਵੱਧ ਸਿਹਤ ਕੈਂਪ ਲਗਾਏ ਜਾਣਗੇ

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਲਈ 'ਆਦਿ ਸੇਵਾ ਪਰਵ: ਕਬਾਇਲੀ ਖੇਤਰਾਂ ਵਿੱਚ ਸੇਵਾ-ਮੁਖੀ ਗਤੀਵਿਧੀਆਂ ਦੀ ਇੱਕ ਲੜੀ' ਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਲਈ ਇੱਕ ਕਰੋੜਵਾਂ ਸਿਕਲ ਸੈੱਲ ਸਕ੍ਰੀਨਿੰਗ ਅਤੇ ਕਾਊਂਸਲਿੰਗ ਕਾਰਡ ਵੰਡਣਗੇ

ਪ੍ਰਧਾਨ ਮੰਤਰੀ ਧਾਰ ਵਿਖੇ ਪੀਐੱਮ ਮਿੱਤਰ ਪਾਰਕ ਦਾ ਉਦਘਾਟਨ ਕਰਨਗੇ

Posted On: 16 SEP 2025 2:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਦੁਪਹਿਰ 12 ਵਜੇ ਧਾਰ ਵਿਖੇ 'ਸਵੱਸਥ ਨਾਰੀ ਸਸ਼ਕਤ ਪਰਿਵਾਰ' ਅਤੇ '8ਵਾਂ ਰਾਸ਼ਟਰੀ ਪੋਸ਼ਣ ਮਾਹ' ਮੁਹਿੰਮਾਂ ਦੀ ਸ਼ੁਰੂਆਤ ਕਰਨਗੇ। ਇਸ ਮੌਕੇ 'ਤੇ ਉਹ ਕਈ ਹੋਰ ਪਹਿਲਕਦਮੀਆਂ ਦਾ ਨੀਂਹ ਪੱਥਰ ਰੱਖਣਗੇ ਅਤੇ ਸ਼ੁਰੂਆਤ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ।

ਸਿਹਤ, ਪੋਸ਼ਣ, ਤੰਦਰੁਸਤੀ ਅਤੇ ਸਵੱਸਥ ਅਤੇ ਸਸ਼ਕਤ ਭਾਰਤ ਪ੍ਰਤੀ ਆਪਣੀ ਵਚਨਬੱਧਤਾ ਤਹਿਤ ਪ੍ਰਧਾਨ ਮੰਤਰੀ 'ਸਵੱਸਥ ਨਾਰੀ ਸਸ਼ਕਤ ਪਰਿਵਾਰ' ਅਤੇ '8ਵੀਂ ਰਾਸ਼ਟਰੀ ਪੋਸ਼ਣ ਮਾਹ' ਮੁਹਿੰਮਾਂ ਦੀ ਸ਼ੁਰੂਆਤ ਕਰਨਗੇ। ਇਹ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ ਤੱਕ ਸਮੁੱਚੇ ਦੇਸ਼ ਦੇ ਆਯੁਸ਼ਮਾਨ ਅਰੋਗਿਆ ਮੰਦਰਾਂ, ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ), ਜ਼ਿਲ੍ਹਾ ਹਸਪਤਾਲਾਂ ਅਤੇ ਹੋਰ ਸਰਕਾਰੀ ਸਿਹਤ ਸਹੂਲਤਾਂ ਵਿੱਚ ਚਲਾਈ ਜਾਵੇਗੀ। ਇੱਕ ਲੱਖ ਤੋਂ ਵੱਧ ਸਿਹਤ ਕੈਂਪ ਲਗਾਏ ਜਾਣਗੇ, ਜਿਸ ਨਾਲ ਇਹ ਦੇਸ਼ ਵਿੱਚ ਔਰਤਾਂ ਅਤੇ ਬੱਚਿਆਂ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸਿਹਤ ਪਹੁੰਚ ਯਕੀਨੀ ਬਣੇਗੀ। ਦੇਸ਼ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਰੋਜ਼ਾਨਾ ਸਿਹਤ ਕੈਂਪ ਲਗਾਏ ਜਾਣਗੇ।

ਇਹ ਦੇਸ਼-ਵਿਆਪੀ ਤੇਜ਼ ਰਫ਼ਤਾਰ ਮੁਹਿੰਮ ਭਾਈਚਾਰਕ ਪੱਧਰ 'ਤੇ ਮਹਿਲਾ-ਕੇਂਦ੍ਰਿਤ ਰੋਕਥਾਮ, ਪ੍ਰਚਾਰਕ ਅਤੇ ਇਲਾਜ ਸਬੰਧੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਗ਼ੈਰ-ਸੰਚਾਰੀ ਬਿਮਾਰੀਆਂ ਅਨੀਮੀਆ, ਤਪਦਿਕ ਅਤੇ ਸਿੱਕਲ ਸੈੱਲ ਬਿਮਾਰੀ ਲਈ ਸਕ੍ਰੀਨਿੰਗ, ਸ਼ੁਰੂਆਤੀ ਪੱਧਰ 'ਤੇ ਪਤਾ ਲਗਾਉਣ ਅਤੇ ਇਲਾਜ ਕੜੀਆਂ ਨੂੰ ਮਜ਼ਬੂਤ ਕਰੇਗਾ, ਇਸ ਦੇ ਨਾਲ ਹੀ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ, ਟੀਕਾਕਰਨ, ਪੋਸ਼ਣ, ਮਾਹਵਾਰੀ ਸਫ਼ਾਈ, ਜੀਵਨ ਸ਼ੈਲੀ ਅਤੇ ਮਾਨਸਿਕ ਸਿਹਤ ਜਾਗਰੂਕਤਾ ਗਤੀਵਿਧੀਆਂ ਰਾਹੀਂ ਮਾਵਾਂ, ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਨੂੰ ਉਤਸ਼ਾਹਿਤ ਕਰੇਗੀ। ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਕੇਂਦਰ ਸਰਕਾਰ ਦੇ ਅਦਾਰੇ ਅਤੇ ਨਿੱਜੀ ਹਸਪਤਾਲਾਂ ਰਾਹੀਂ ਗਾਇਨੀਕੋਲੋਜੀ, ਬਾਲ ਰੋਗ, ਅੱਖਾਂ, ਈਐੱਨਟੀ, ਦੰਦਾਂ, ਚਮੜੀ ਵਿਗਿਆਨ ਅਤੇ ਮਨੋਵਿਗਿਆਨ ਸਮੇਤ ਵਿਸ਼ੇਸ਼ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਮੁਹਿੰਮ ਦੇ ਤਹਿਤ ਦੇਸ਼-ਵਿਆਪੀ ਖ਼ੂਨਦਾਨ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ। ਦਾਨੀਆਂ ਨੂੰ ਈ-ਰਕਤਕੋਸ਼ ਪੋਰਟਲ 'ਤੇ ਰਜਿਸਟਰ ਕੀਤਾ ਜਾਵੇਗਾ ਅਤੇ ਮਾਈਗੌਵ (MyGov) ਰਾਹੀਂ ਸੰਕਲਪ ਮੁਹਿੰਮਾਂ ਚਲਾਈਆਂ ਜਾਣਗੀਆਂ। ਲਾਭਪਾਤਰੀਆਂ ਨੂੰ ਪੀਐੱਮ-ਜੇਏਵਾਈ, ਆਯੁਸ਼ਮਾਨ ਵਯ ਵੰਦਨਾ ਅਤੇ ਏਬੀਐੱਚਏ (ਆਭਾ) ਦੇ ਤਹਿਤ ਨਾਮਜ਼ਦ ਕੀਤਾ ਜਾਵੇਗਾ। ਕਾਰਡ ਤਸਦੀਕ ਅਤੇ ਸ਼ਿਕਾਇਤ ਨਿਪਟਾਰੇ ਲਈ ਸਿਹਤ ਕੈਂਪਾਂ ਵਿੱਚ ਹੈਲਪਡੈਸਕ ਸਥਾਪਤ ਕੀਤੇ ਜਾਣਗੇ। ਔਰਤਾਂ ਅਤੇ ਪਰਿਵਾਰਾਂ ਲਈ ਸੰਪੂਰਨ ਸਿਹਤ ਅਤੇ ਤੰਦਰੁਸਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਯੋਗ ਸੈਸ਼ਨ, ਆਯੁਰਵੇਦ ਸਲਾਹ-ਮਸ਼ਵਰੇ ਅਤੇ ਹੋਰ ਆਯੁਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਮੁਹਿੰਮ ਮੋਟਾਪੇ ਦੀ ਰੋਕਥਾਮ, ਬਿਹਤਰ ਪੋਸ਼ਣ ਅਤੇ ਸਵੈ-ਇੱਛਤ ਖ਼ੂਨਦਾਨ 'ਤੇ ਵਿਸ਼ੇਸ਼ ਜ਼ੋਰ ਦੇ ਕੇ ਭਾਈਚਾਰਿਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੇ ਅਭਿਆਸਾਂ ਵੱਲ ਵੀ ਪ੍ਰੇਰਿਤ ਕਰੇਗੀ। ਨਾਗਰਿਕਾਂ ਨੂੰ ਸਮਰਪਿਤ ਪਲੇਟਫਾਰਮ (www.nikshay.in) 'ਤੇ ‘ਨਿਕਸ਼ਯ ਮਿੱਤਰ’ ਵਜੋਂ ਰਜਿਸਟਰ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਸਮੁੱਚੇ ਸਮਾਜ ਦੇ ਦ੍ਰਿਸ਼ਟੀਕੋਣ ਵਿੱਚ ਪੋਸ਼ਣ, ਸਲਾਹ-ਮਸ਼ਵਰੇ ਅਤੇ ਦੇਖਭਾਲ ਨਾਲ ਤਪਦਿਕ ਦੇ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇ।

‘ਪੀਐੱਮ ਮਾਤਰੂ ਵੰਦਨਾ ਯੋਜਨਾ’ ਦੇ ਤਹਿਤ ਪ੍ਰਧਾਨ ਮੰਤਰੀ ਇੱਕ ਕਲਿੱਕ ਨਾਲ ਫੰਡ ਸਿੱਧੇ ਸਮੁੱਚੇ ਦੇਸ਼ ਦੀਆਂ ਯੋਗ ਔਰਤਾਂ ਦੇ ਬੈਂਕ ਖ਼ਾਤਿਆਂ ਵਿੱਚ ਟ੍ਰਾਂਸਫਰ ਕਰਨਗੇ। ਇਸ ਨਾਲ ਦੇਸ਼ ਦੀਆਂ ਲਗਭਗ ਦਸ ਲੱਖ ਔਰਤਾਂ ਨੂੰ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਜੱਚਾ ਅਤੇ ਬੱਚਾ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 'ਸੁਮਨ ਸਖੀ ਚੈਟਬੋਟ' ਦੀ ਸ਼ੁਰੂਆਤ ਕਰਨਗੇ। ਇਹ ਚੈਟਬੋਟ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਅਤੇ ਸਹੀ ਜਾਣਕਾਰੀ ਪ੍ਰਦਾਨ ਕਰੇਗਾ, ਜੋ ਜ਼ਰੂਰੀ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਏਗਾ।

ਸਿੱਕਲ ਸੈੱਲ ਅਨੀਮੀਆ ਵਿਰੁੱਧ ਦੇਸ਼ ਦੀ ਸਮੂਹਿਕ ਲੜਾਈ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਸੂਬੇ ਲਈ ਇੱਕ ਕਰੋੜਵਾਂ ਸਿੱਕਲ ਸੈੱਲ ਸਕ੍ਰੀਨਿੰਗ ਅਤੇ ਕਾਊਂਸਲਿੰਗ ਕਾਰਡ ਵੰਡਣਗੇ।

‘ਆਦਿ ਕਰਮਯੋਗੀ ਅਭਿਆਨ’ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਲਈ 'ਆਦਿ ਸੇਵਾ ਪਰਵ' ਦੀ ਸ਼ੁਰੂਆਤ ਕਰਨਗੇ, ਜੋ ਕਿ ਕਬਾਇਲੀ ਮਾਣ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਦੇ ਸੁਮੇਲ ਦਾ ਪ੍ਰਤੀਕ ਹੋਵੇਗਾ। ਇਸ ਪਹਿਲਕਦਮੀ ਤਹਿਤ ਕਬਾਇਲੀ ਖੇਤਰਾਂ ਵਿੱਚ ਸੇਵਾ-ਮੁਖੀ ਗਤੀਵਿਧੀਆਂ ਦੀ ਇੱਕ ਲੜੀ ਸ਼ਾਮਲ ਹੋਵੇਗੀ, ਜੋ ਸਿਹਤ, ਸਿੱਖਿਆ, ਪੋਸ਼ਣ, ਹੁਨਰ ਵਿਕਾਸ, ਰੋਜ਼ੀ-ਰੋਟੀ ਸੁਧਾਰ, ਸਵੱਛਤਾ, ਪਾਣੀ ਦੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ 'ਤੇ ਕੇਂਦ੍ਰਿਤ ਹੋਵੇਗੀ। ਕਬਾਇਲੀ ਪਿੰਡ ਕਾਰਜ ਯੋਜਨਾ ਅਤੇ ਕਬਾਇਲੀ ਪਿੰਡ ਵਿਜ਼ਨ 2030 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ, ਜਿਸਦਾ ਮੰਤਵ ਹਰੇਕ ਪਿੰਡ ਲਈ ਲੰਬੇ ਸਮੇਂ ਦੇ ਵਿਕਾਸ ਦੀ ਰੂਪ-ਰੇਖਾ ਤਿਆਰ ਕਰਨਾ ਹੈ।

ਆਪਣੇ 5ਐੱਫ ਵਿਜ਼ਨ - ਫਾਰਮ ਟੂ ਫਾਈਬਰ, ਫਾਈਬਰ ਟੂ ਫੈਕਟਰੀ, ਫੈਕਟਰੀ ਟੂ ਫੈਸ਼ਨ ਅਤੇ ਫੈਸ਼ਨ ਟੂ ਫਾਰੇਨ ਦੇ ਅਨੁਸਾਰ, ਪ੍ਰਧਾਨ ਮੰਤਰੀ ਧਾਰ ਵਿੱਚ ‘ਪ੍ਰਧਾਨ ਮੰਤਰੀ ਮਿੱਤਰ’ ਪਾਰਕ ਦਾ ਉਦਘਾਟਨ ਕਰਨਗੇ। 2,150 ਏਕੜ ਤੋਂ ਵੱਧ ਵਿੱਚ ਫੈਲਿਆ ਇਹ ਪਾਰਕ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਵੇਗਾ, ਜਿਸ ਵਿੱਚ ਗੰਦੇ ਪਾਣੀ ਦੇ ਸ਼ੁੱਧੀਕਰਨ ਲਈ ਸਾਂਝਾ ਪਲਾਂਟ, ਸੌਰ ਊਰਜਾ ਪਲਾਂਟ, ਆਧੁਨਿਕ ਸੜਕਾਂ ਸ਼ਾਮਲ ਹਨ, ਜੋ ਇਸਨੂੰ ਇੱਕ ਆਦਰਸ਼ ਉਦਯੋਗਿਕ ਨਗਰ ਬਣਾਉਂਦੀਆਂ ਹਨ। ਇਸ ਨਾਲ ਖੇਤਰ ਦੇ ਕਪਾਹ ਉਗਾਉਣ ਵਾਲੇ ਕਿਸਾਨਾਂ ਨੂੰ ਵੀ ਮਹੱਤਵਪੂਰਨ ਲਾਭ ਮਿਲੇਗਾ, ਕਿਉਂਕਿ ਉਨ੍ਹਾਂ ਨੂੰ ਉਪਜ ਦਾ ਵਧੀਆ ਮੁੱਲ ਮਿਲਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।”

ਵੱਖ-ਵੱਖ ਟੈਕਸਟਾਈਲ ਕੰਪਨੀਆਂ ਨੇ 23,140 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਦਿੱਤੇ ਹਨ, ਜੋ ਨਵੀਆਂ ਉਦਯੋਗਿਕ ਇਕਾਈਆਂ ਅਤੇ ਵਿਆਪਕ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਸਿਰਜਣ ਦੇ ਰਾਹ ਖੋਲ੍ਹਣਗੇ। ਇਸ ਨਾਲ ਰੋਜ਼ਗਾਰ ਦੇ ਲਗਭਗ 3 ਲੱਖ ਮੌਕੇ ਪੈਦਾ ਹੋਣਗੇ ਅਤੇ ਨਿਰਯਾਤ ਨੂੰ ਵੀ ਮਹੱਤਵਪੂਰਨ ਹੁਲਾਰਾ ਮਿਲੇਗਾ।

ਵਾਤਾਵਰਣ ਸੰਭਾਲ ਅਤੇ ਔਰਤਾਂ ਨੂੰ ਆਰਥਿਕ ਤੌਰ 'ਤੇ ਸਮਰੱਥ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਸੂਬੇ ਦੀ 'ਏਕ ਬਗ਼ੀਆ ਮਾਂ ਕੇ ਨਾਮ' ਪਹਿਲਕਦਮੀ ਦੇ ਤਹਿਤ ਇੱਕ ਮਹਿਲਾ ਸਵੈ-ਸਹਾਇਤਾ ਸਮੂਹ ਦੇ ਲਾਭਪਾਤਰੀ ਨੂੰ ਇੱਕ ਬੂਟਾ ਭੇਟ ਕਰਨਗੇ। ਮੱਧ ਪ੍ਰਦੇਸ਼ ਵਿੱਚ 10,000 ਤੋਂ ਵੱਧ ਔਰਤਾਂ 'ਮਾਂ ਕੀ ਬਗ਼ੀਆ' ਬਣਾਉਣਗੀਆਂ। ਬੂਟਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਹਿਲਾ ਸਮੂਹਾਂ ਨੂੰ ਸਾਰੇ ਜ਼ਰੂਰੀ ਸਰੋਤ ਵੀ ਪ੍ਰਦਾਨ ਕੀਤੇ ਜਾ ਰਹੇ ਹਨ।

************

ਐੱਮਜੇਪੀਐੱਸ/ਵੀਜੇ


(Release ID: 2167261) Visitor Counter : 2