ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਅਸਾਮ ਦੇ ਗੋਲਾਘਾਟ ਵਿੱਚ ਪੌਲੀਪ੍ਰੋਪਾਇਲੀਨ ਪਲਾਂਟ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 14 SEP 2025 5:16PM by PIB Chandigarh

ਭਾਰਤ ਮਾਤਾ ਕੀ ਜੈ! ਅਸਾਮ ਦੇ ਲੋਕਪ੍ਰਿਯ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਹਰਦੀਪ ਸਿੰਘ ਪੁਰੀ ਜੀ, ਅਸਾਮ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਭਰਾਵੋ ਅਤੇ ਭੈਣੋਂ!

मोइ होमूह, ऑहोमबासीक आगोतीयाकोइ, हारोदीया दुर्गा पूजार, उलोग आरु हुभेच्छा जोनाइशु। महापुरुष श्रीमोंतो हंकरदेबोर, जन्मोत्सव, उपोलेख्यो, गुरुजनार प्रोति, श्रद्धा निबेदोन करिइशु।

ਸਾਥੀਓ

ਮੈਂ ਬੀਤੇ ਦੋ ਦਿਨਾਂ ਤੋਂ ਨੌਰਥ ਈਸਟ ਵਿੱਚ ਹਾਂ। ਜਦੋਂ ਵੀ ਮੈਂ ਨੌਰਥ ਈਸਟ ਆਉਂਦਾ ਹਾਂ, ਤਾਂ ਅਥਾਹ ਸਨੇਹ ਅਤੇ ਅਸ਼ੀਰਵਾਦ ਮਿਲਦਾ ਹੈ। ਖਾਸ ਕਰਕੇ ਅਸਾਮ ਦੇ ਇਸ ਖੇਤਰ ਵਿੱਚ ਜੋ ਪਿਆਰ, ਜੋ ਅਪਣਾਪਣ ਮਿਲਦਾ ਹੈ, ਉਹ ਅਦਭੁੱਤ ਹੈ। ਮੈਂ ਆਪ ਸਾਰੀ ਜਨਤਾ-ਜਨਾਰਦਨ ਦਾ ਦਿਲੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

ਸਾਥੀਓ,

ਵਿਕਸਿਤ ਅਸਾਮ, ਵਿਕਸਿਤ ਭਾਰਤ ਦੀ ਗੌਰਵ ਯਾਤਰਾ ਦੇ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਅੱਜ ਕਰੀਬ 18 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਅਸਾਮ ਨੂੰ ਮਿਲੇ ਹਨ। ਥੋੜ੍ਹੀ ਦੇਰ ਪਹਿਲਾਂ ਮੈਂ ਦਰਾਂਗ ਵਿੱਚ ਸੀ। ਉੱਥੇ ਮੈਨੂੰ ਕਨੈਕਟੀਵਿਟੀ ਅਤੇ ਹੈਲਥ ਨਾਲ ਜੁੜੇ ਪ੍ਰੋਜੈਕਟਸ ਦੀ ਨੀਂਹ ਰੱਖਣ ਦਾ ਮੌਕਾ ਮਿਲਿਆ ਹੈ। ਹੁਣ ਇੱਥੇ ਐਨਰਜੀ ਸਕਿਓਰਿਟੀ ਨਾਲ ਜੁੜੇ ਹੋਏ ਪ੍ਰੋਜੈਕਟਸ ਦਾ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਹੈ। ਇਹ ਯਤਨ ਵਿਕਸਿਤ ਅਸਾਮ ਦਾ ਰਸਤਾ ਹੋਰ ਮਜ਼ਬੂਤ ਕਰਨਗੇ।

ਸਾਥੀਓ,

 ਅਸਾਮ ਭਾਰਤ ਦੀ ਊਰਜਾ ਸਮਰੱਥਾ ਨੂੰ ਵਧਾਉਣ ਵਾਲੀ ਧਰਤੀ ਹੈ। ਇੱਥੋਂ ਨਿਕਲੇ ਪੈਟਰੋਲੀਅਮ ਪ੍ਰੋਡਕਟਸ ਦੇਸ਼ ਦੇ ਵਿਕਾਸ ਨੂੰ ਗਤੀ ਦਿੰਦੇ ਹਨ। ਅਸਾਮ ਦੀ ਇਸ ਤਾਕਤ ਨੂੰ ਬੀਜੇਪੀ ਐੱਨਡੀਏ ਸਰਕਾਰ ਨਵੀਂ ਬੁਲੰਦੀ ਤੱਕ ਪਹੁੰਚਾਉਣ ਵਿੱਚ ਜੁਟੀ ਹੈ। ਇਸ ਮੰਚ ‘ਤੇ ਆਉਣ ਤੋਂ ਪਹਿਲਾਂ ਮੈਂ ਨੇੜੇ ਹੀ ਇੱਕ ਹੋਰ ਪ੍ਰੋਗਰਾਮ ਵਿੱਚ ਗਿਆ ਸੀ, ਉੱਥੇ ਬਾਂਸ ਨਾਲ ਬਾਇਓ ਈਥੈਨੌਲ ਬਣਾਉਣ ਵਾਲੇ ਆਧੁਨਿਕ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ। ਇਹੀ ਅਸਾਮ ਦੇ ਲਈ ਬਹੁਤ ਮਾਣ ਦੀ ਗੱਲ ਹੈ। ਈਥੈਨੌਲ ਪਲਾਂਟ ਦਾ ਉਦਘਾਟਨ ਕਰਨ ਦੇ ਨਾਲ ਹੀ ਅੱਜ ਇੱਥੇ ਪੌਲੀ-ਪ੍ਰੋਪਲੀਨ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਹ ਪਲਾਂਟ ਅਸਾਮ ਵਿੱਚ ਉਦਯੋਗਾਂ ਨੂੰ ਬਲ ਦੇਣਗੇ। ਅਸਾਮ ਦੇ ਵਿਕਾਸ ਨੂੰ ਗਤੀ ਦੇਣਗੇ। ਕਿਸਾਨਾਂ, ਨੌਜਵਾਨਾਂ ਸਾਰਿਆਂ ਦੇ ਲਈ ਨਵੇਂ ਅਵਸਰ ਬਣਾਉਣਗੇ। ਮੈਂ ਆਪ ਸਾਰਿਆਂ ਨੂੰ ਇੰਨੇ ਸਾਰੇ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲਾ ਦੇਸ਼ ਹੈ। ਜਿਵੇਂ-ਜਿਵੇਂ ਭਾਰਤ ਵਿਕਸਿਤ ਹੋ ਰਿਹਾ ਹੈ, ਤਿਵੇਂ-ਤਿਵੇਂ ਸਾਡੀਆਂ ਬਿਜਲੀ ਦੀਆਂ, ਗੈਸ ਦੀਆਂ, ਈਂਧਣ ਦੀਆਂ ਜ਼ਰੂਰਤਾਂ ਵੀ ਵਧ ਰਹੀਆਂ ਹਨ। ਅਸੀਂ ਇਨ੍ਹਾਂ ਚੀਜ਼ਾਂ ਦੇ ਲਈ ਵਿਦੇਸ਼ਾਂ ‘ਤੇ ਨਿਰਭਰ ਰਹੇ ਹਾਂ। ਅਸੀਂ ਬਹੁਤ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਤੇ ਗੈਸ ਵਿਦੇਸ਼ਾਂ ਤੋਂ ਆਯਾਤ ਕਰਦੇ ਹਾਂ ਅਤੇ ਬਦਲੇ ਵਿੱਚ ਲੱਖਾਂ-ਕਰੋੜਾਂ ਰੁਪਏ ਹਰ ਸਾਲ ਭਾਰਤ ਨੂੰ ਦੂਸਰੇ ਦੇਸ਼ਾਂ ਨੂੰ ਦੇਣੇ ਪੈਂਦੇ ਹਨ। ਸਾਡੇ ਪੈਸਿਆਂ ਨਾਲ ਵਿਦੇਸ਼ਾਂ ਵਿੱਚ ਰੋਜ਼ਗਾਰ ਬਣਦੇ ਹਨ, ਉੱਥੋਂ ਦੇ ਲੋਕਾਂ ਦੀ ਆਮਦਨ ਵਧਦੀ ਹੈ। ਇਸ ਸਥਿਤੀ ਨੂੰ ਬਦਲਿਆ ਜਾਣਾ ਲਾਜ਼ਮੀ ਸੀ। ਇਸ ਲਈ ਭਾਰਤ ਆਪਣੀਆਂ ਊਰਜਾ ਸਬੰਧੀ ਜ਼ਰੂਰਤਾਂ ਦੇ ਲਈ ਆਤਮਨਿਰਭਰ ਬਣਨ ਦੀ ਰਾਹ ‘ਤੇ ਚੱਲ ਪਿਆ ਹੈ।

ਸਾਥੀਓ,

ਅਸੀਂ ਇੱਕ ਪਾਸੇ ਦੇਸ਼ ਵਿੱਚ ਕੱਚੇ ਤੇਲ ਅਤੇ ਗੈਸ ਨਾਲ ਜੁੜੇ ਨਵੇਂ ਭੰਡਾਰ ਲੱਭ ਰਹੇ ਹਾਂ, ਉੱਥੇ ਹੀ ਦੂਜੇ ਪਾਸੇ ਗ੍ਰੀਨ ਐਨਰਜੀ ਦੀ ਆਪਣੀ ਸਮਰੱਥਾ ਨੂੰ ਵੀ ਵਧਾ ਰਹੇ ਹਾਂ। ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ, ਇਸ ਵਾਰ ਲਾਲ ਕਿਲ੍ਹੇ ਤੋਂ ਮੈਂ ਸਮੁਦਰ ਮੰਥਨ ਦਾ ਐਲਾਨ ਕੀਤਾ ਹੈ। ਐਕਸਪਰਟ ਦੱਸਦੇ ਹਨ ਕਿ ਸਾਡੇ ਸਮੁੰਦਰ ਵਿੱਚ ਵੀ ਬਹੁਤ ਵੱਡੀ ਮਾਤਰਾ ਵਿੱਚ ਆਇਲ ਐਂਡ ਗੈਸ ਦੇ ਭੰਡਾਰ ਹੋ ਸਕਦੇ ਹਨ। ਇਹ ਸੰਸਾਧਨ ਦੇਸ਼ ਦੇ ਕੰਮ ਆਉਣ, ਇਨ੍ਹਾਂ ਦੀ ਭਾਲ ਹੋਵੇ, ਇਸ ਲਈ ਅਸੀਂ ਨੈਸ਼ਨਲ ਡੀਪ ਵਾਟਰ ਐਕਸਪਲੋਰੇਸ਼ਨ ਮਿਸ਼ਨ ਸ਼ੁਰੂ ਕਰਨ ਜਾ ਰਹੇ ਹਾਂ। 

ਸਾਥੀਓ,

ਗ੍ਰੀਨ ਐਨਰਜੀ ਦੇ ਮਾਮਲੇ ਵਿੱਚ, ਹਰਿਤ ਊਰਜਾ ਦੇ ਉਤਪਾਦਨ ਵਿੱਚ ਵੀ ਭਾਰਤ ਤੇਜ਼ੀ ਨਾਲ ਕਦਮ ਚੁੱਕ ਰਿਹਾ ਹੈ। ਇੱਕ ਦਹਾਕੇ ਪਹਿਲਾਂ ਭਾਰਤ ਸੌਲਰ ਪਾਵਰ ਦੇ ਮਾਮਲੇ ਵਿੱਚ ਬਹੁਤ ਪਿੱਛੇ ਸੀ। ਲੇਕਿਨ ਅੱਜ ਸੌਲਰ ਪਾਵਰ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਟੌਪ ਫਾਈਵ ਦੇਸ਼ਾਂ ਵਿੱਚ ਆ ਗਿਆ।

ਸਾਥੀਓ,

ਬਦਲਦੇ ਹੋਏ ਇਸ ਸਮੇਂ ਵਿੱਚ ਭਾਰਤ ਨੂੰ ਤੇਲ ਅਤੇ ਗੈਸ ਦੇ ਵਿਕਲਪ ਦੇ ਰੂਪ ਵਿੱਚ ਹੋਰ ਵੀ ਈਂਧਣਾਂ ਦੀ ਜ਼ਰੂਰਤ ਹੈ। ਅਜਿਹਾ ਹੀ ਇੱਕ ਵਿਕਲਪ ਹੈ ਈਥੇਨੌਲ, ਅੱਜ ਇੱਥੇ ਬਾਂਸ ਤੋਂ ਈਥੇਨੌਲ, ਬੈਂਬੂ ਤੋਂ ਈਥੇਨੌਲ ਬਣਾਉਣ ਵਾਲੇ ਪਲਾਂਟ ਦੀ ਸ਼ੁਰੂਆਤ ਹੋਈ ਹੈ। ਇਸ ਦਾ ਬਹੁਤ ਵੱਡਾ ਫਾਇਦਾ ਅਸਾਮ ਦੇ ਕਿਸਾਨਾਂ ਨੂੰ ਹੋਵੇਗਾ, ਮੇਰੇ ਟ੍ਰਾਈਬਲ ਭਾਈ-ਭੈਣ ਅਤੇ ਪਰਿਵਾਰਾਂ ਨੂੰ ਹੋਵੇਗਾ।

ਸਾਥੀਓ,

ਬਾਇਓ ਈਥੇਨੌਲ ਪਲਾਂਟ ਨੂੰ ਚਲਾਉਣ ਲਈ ਜ਼ਰੂਰੀ ਬਾਂਸ ਦਾ ਇੰਤਜਾਮ ਵੀ ਕੀਤਾ ਜਾ ਰਿਹਾ ਹੈ। ਸਰਕਾਰ ਇੱਥੋਂ ਦੇ ਕਿਸਾਨਾਂ ਨੂੰ ਬਾਂਸ ਦੀ ਖੇਤੀ ਕਰਨ ਲਈ ਮਦਦ ਦੇਵੇਗੀ ਅਤੇ ਬਾਂਸ ਦੀ ਖਰੀਦ ਵੀ ਕਰੇਗੀ। ਇੱਥੇ ਬਾਂਸ ਚਿਪਿੰਗ ਨਾਲ ਜੁੜੀ ਛੋਟੀ-ਛੋਟੀ ਯੂਨਿਟਸ ਲਗਣਗੀਆਂ। ਹਰ ਸਾਲ ਕਰੀਬ-ਕਰੀਬ 200 ਕਰੋੜ ਰੁਪਏ ਇਸ ਖੇਤਰ ਵਿੱਚ ਖਰਚ ਕੀਤੇ ਜਾਣਗੇ। ਇਸ ਇੱਕ ਪਲਾਂਟ ਨਾਲ ਇੱਥੋਂ ਦੇ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਵੇਗਾ।

ਸਾਥੀਓ,

ਅੱਜ ਅਸੀਂ ਬਾਂਸ ਤੋਂ ਈਥੇਨੌਲ ਬਣਾਉਣ  ਜਾ ਰਹੇ ਹਾਂ। ਲੇਕਿਨ ਤੁਹਾਨੂੰ ਉਹ ਦਿਨ ਵੀ ਭੁੱਲਣਾ ਨਹੀਂ ਹੈ, ਜਦੋਂ ਕਾਂਗਰਸ ਦੀ ਸਰਕਾਰ ਬਾਂਸ ਕੱਟਣ ‘ਤੇ ਜੇਲ੍ਹ ਵਿੱਚ ਪਾ ਦਿੰਦੀ ਸੀ, ਉਹ ਬਾਂਸ ਜੋ ਸਾਡੇ ਆਦਿਵਾਸੀਆਂ ਦੀਆਂ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹੈ, ਉਸ ਨੂੰ ਕੱਟਣ ‘ਤੇ ਪਾਬੰਦੀ ਲਗੀ ਹੋਈ ਸੀ। ਸਾਡੀ ਸਰਕਾਰ ਨੇ ਬੈਂਬੂ ਕਟਿੰਗ ਤੋਂ ਬੈਨ ਹਟਾ  ਦਿੱਤਾ ਅਤੇ ਅੱਜ ਇਹ ਫੈਸਲਾ ਨੌਰਥ ਈਸਟ ਦੇ ਲੋਕਾਂ ਨੂੰ ਬਹੁਤ ਫਾਇਦਾ ਪਹੁੰਚਾ ਰਿਹਾ ਹੈ।

ਸਾਥੀਓ,

ਤੁਸੀਂ ਸਾਰੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਲਾਸਟਿਕ ਨਾਲ ਬਣੀ ਬਹੁਤ ਸਾਰੀਆਂ ਚੀਜ਼ਾਂ ਇਸਤੇਮਾਲ ਕਰਦੇ ਹੋ। ਪਲਾਸਟਿਕ ਦੀ ਬਾਲਟੀ, ਮਗ, ਬਾਲ, ਕੁਰਸੀ, ਟੇਬਲ, ਪੈਕੇਜਿੰਗ, ਮਟੀਰੀਅਲ, ਇਸ ਪ੍ਰਕਾਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਸਾਨੂੰ ਰੋਜ਼ ਪੈਂਦੀ ਹੈ। ਤੁਸੀਂ ਜਾਣਦੇ ਹੋ ਇਹ ਸਭ ਬਣਾਉਣ ਲਈ ਜੋ ਚੀਜ਼ ਚਾਹੀਦੀ ਹੈ, ਉਹ ਹੈ ਪਾਲਾ-ਪ੍ਰੋਪਾਈਲੀਨ। ਪੌਲੀਪ੍ਰੋਪਾਇਲੀਨ  ਦੇ ਬਿਨਾ ਅੱਜ ਦੇ ਜੀਵਨ ਦੀ ਕਲਪਨਾ ਵੀ ਮੁਸ਼ਕਲ ਹੈ। ਇਸੇ ਨਾਲ ਕਾਰਪੇਟ, ਰੱਸੀ, ਬੈਗ, ਫਾਈਬਰ, ਮਾਸਕ, ਮੈਡੀਕਲ ਕਿੱਟ, ਟੈਕਸਟਾਈਲ, ਨਾ ਜਾਣੇ ਕੀ-ਕੀ ਬਣਦਾ ਹੈ, ਇਹ ਗੱਡੀਆਂ ਵਿੱਚ ਕੰਮ ਆਉਂਦਾ ਹੈ, ਮੈਡੀਕਲ ਅਤੇ ਖੇਤੀ ਦੇ ਉਪਕਰਣ ਬਣਾਉਣ ਵਿੱਚ ਕੰਮ ਆਉਂਦਾ ਹੈ। ਅੱਜ ਇਸੇ ਪੌਲੀਪ੍ਰੋਪਾਇਲੀਨ  ਦੇ ਆਧੁਨਿਕ ਪਲਾਂਟ ਦਾ ਤੋਹਫਾ ਅਸਾਮ ਨੂੰ ਮਿਲੇਗਾ, ਤੁਹਾਨੂੰ ਮਿਲੇਗਾ। ਇਸ ਪਲਾਂਟ ਨਾਲ ਮੇਕ ਇਨ ਅਸਾਮ, ਮੇਕ ਇਨ ਇੰਡੀਆ, ਇਸ ਦੀ ਨੀਂਹ ਮਜ਼ਬੂਤ ਹੋਣ ਵਾਲੀ ਹੈ। ਇੱਥੇ ਦੂਸਰੇ ਮੈਨੂਫੈਕਚਰਿੰਗ ਉਦਯੋਗਾਂ ਨੂੰ ਵੀ ਬਲ ਮਿਲੇਗਾ।

ਸਾਥੀਓ,

ਜਿਵੇਂ ਅਸਾਮ ਗੋਮੋਸ਼ਾ ਦੇ ਲਈ ਜਾਣਿਆ ਜਾਂਦਾ ਹੈ, ਏਰੀ ਅਤੇ ਮੁਗਾ ਸਿਲਕ ਦੇ ਲਈ ਜਾਣਿਆ ਜਾਂਦਾ ਹੈ, ਹੁਣ ਇਸ ਤਰ੍ਹਾਂ ਅਸਾਮ ਦੀ ਪਹਿਚਾਣ ਵਿੱਚ ਪੌਲੀਪ੍ਰੋਪਾਇਲੀਨ  ਨਾਲ ਬਣਿਆ ਟੈਕਸਟਾਈਲ ਵੀ ਜੁੜਨ ਜਾ ਰਿਹਾ ਹੈ।

ਸਾਥੀਓ,


 

ਅੱਜ ਸਾਡਾ ਦੇਸ਼ ਆਤਮਨਿਰਭਰ ਭਾਰਤ ਅਭਿਆਨ ਦੇ ਲਈ ਮਿਹਨਤ ਦੀ ਪਰਾਕਾਸ਼ਠਾ ਕਰਕੇ ਦਿਖਾ ਰਿਹਾ ਹੈ। ਅਸਾਮ ਇਸ ਅਭਿਆਨ ਦੇ ਪ੍ਰਮੁੱਖ ਕੇਂਦਰਾਂ ਵਿੱਚੋਂ ਇੱਕ ਹੈ। ਮੈਨੂੰ ਅਸਾਮ ਦੀ ਸਮਰੱਥਾ ‘ਤੇ ਬਹੁਤ ਭਰੋਸਾ ਹੈ, ਇਸ ਲਈ ਅਸਾਮ ਨੂੰ ਅਸੀਂ ਬਹੁਤ ਵੱਡੇ ਅਭਿਆਨ ਦੇ ਲਈ ਚੁਣਿਆ ਹੈ ਅਤੇ ਇਹ ਅਭਿਆਨ ਹੈ ਸੈਮੀਕੰਡਕਟਰ ਮਿਸ਼ਨ, ਅਸਾਮ ‘ਤੇ ਮੇਰੇ ਵਿਸ਼ਵਾਸ ਦਾ ਕਾਰਨ ਵੀ ਓਨਾ ਹੀ ਵੱਡਾ ਹੈ। ਗੁਲਾਮੀ ਦੇ ਦੌਰ ਵਿੱਚ ਅਸਾਮ ਟੀ ਦੀ ਓਨੀ ਪਹਿਚਾਣ ਨਹੀਂ ਸੀ, ਲੇਕਿਨ ਦੇਖਦੇ ਹੀ ਦੇਖਦੇ ਅਸਾਮ ਦੀ ਮਿੱਟੀ ਅਤੇ ਅਸਾਮ ਦੇ ਲੋਕਾਂ ਨੇ ਅਸਾਮ ਟੀ ਨੂੰ ਗਲੋਬਲ ਬ੍ਰਾਂਡ ਬਣਾ ਦਿੱਤਾ। ਹੁਣ ਨਵਾਂ ਦੌਰ ਆਇਆ ਹੈ, ਭਾਰਤ ਨੂੰ ਆਤਮਨਿਰਭਰ ਹੋਣ ਦੇ ਲਈ ਦੋ ਚੀਜ਼ਾਂ ਚਾਹੀਦੀਆਂ ਹਨ, ਇੱਕ ਊਰਜਾ ਅਤੇ ਦੂਸਰਾ ਸੈਮੀਕੰਡਕਟਰ ਅਤੇ ਅਸਾਮ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈ।

ਸਾਥੀਓ,

ਅੱਜ ਬੈਂਕਾਂ ਦੇ ਕਾਰਡ ਤੋਂ ਲੈ ਕੇ, ਮੋਬਾਈਲ ਫੋਨ, ਕਾਰ, ਹਵਾਈ ਜਹਾਜ਼ ਅਤੇ ਸਪੇਸ ਮਿਸ਼ਨ ਤੱਕ ਹਰ ਇਲੈਕਟ੍ਰੌਨਿਕ ਚੀਜ਼ ਦੀ ਆਤਮਾ ਇੱਕ ਛੋਟੀ ਜਿਹੀ ਇਲੈਕਟ੍ਰੌਨਿਕ ਚਿਪ ਵਿੱਚ ਸਮਾਈ ਜਾਂਦੀ ਹੈ। ਜੇਕਰ ਸਾਨੂੰ ਇਹ ਸਾਰੇ ਸਮਾਨ ਭਾਰਤ ਵਿੱਚ ਬਣਾਉਣੇ ਹਨ, ਤਾਂ ਚਿਪ ਸਾਡੀ ਹੋਣੀ ਚਾਹੀਦੀ ਹੈ। ਇਸ ਲਈ ਭਾਰਤ ਨੇ ਸੈਮੀਕੰਡਕਟਰ ਮਿਸ਼ਨ ਸ਼ੁਰੂ ਕੀਤਾ ਹੈ ਅਤੇ ਇਸ ਦਾ ਬਹੁਤ ਵੱਡਾ ਅਧਾਰ ਅਸਾਮ ਨੂੰ ਬਣਾਇਆ ਹੈ। ਮੋਰੀਗਾਂਵ ਵਿੱਚ ਤੇਜ਼ੀ ਨਾਲ ਸੈਮੀਕੰਡਕਟਰ ਫੈਕਟਰੀ ਦਾ ਨਿਰਮਾਣ ਚਲ ਰਿਹਾ ਹੈ। ਇਸ ‘ਤੇ 27 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਇਹ ਅਸਾਮ ਦੇ ਲਈ ਬਹੁਤ ਮਾਣ ਦੀ ਗੱਲ ਹੈ।

ਸਾਥੀਓ,

ਕਾਂਗਰਸ ਨੇ ਦੇਸ਼ ਵਿੱਚ ਲੰਬੇ ਸਮੇਂ ਤੱਕ ਸ਼ਾਸਨ ਕੀਤਾ ਹੈ। ਇੱਥੇ ਅਸਾਮ ਵਿੱਚ ਵੀ ਕਾਂਗਰਸ ਨੇ ਕਈ ਦਹਾਕਿਆਂ ਤੱਕ ਸਰਕਾਰ ਚਲਾਈ ਹੈ। ਲੇਕਿਨ ਜਦੋਂ ਤੱਕ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਤਦ ਤੱਕ ਇੱਥੇ ਵਿਕਾਸ ਦੀ ਰਫ਼ਤਾਰ ਵੀ ਹੌਲੀ ਰਹੀ ਅਤੇ ਵਿਰਾਸਤ ਵੀ ਸੰਕਟ ਵਿੱਚ ਰਿਹਾ। ਬੀਜੇਪੀ ਦੀ ਡਬਲ ਇੰਜਣ ਦੀ ਸਰਕਾਰ ਅਸਾਮ ਦੀ ਪੁਰਾਣੀ ਪਹਿਚਾਣ ਨੂੰ ਸਸ਼ਕਤ ਕਰ ਰਹੀ ਹੈ ਅਤੇ ਅਸਾਮ ਨੂੰ ਆਧੁਨਿਕ ਪਹਿਚਾਣ ਨਾਲ ਵੀ ਜੋੜ ਰਹੀ ਹੈ। ਕਾਂਗਰਸ ਨੇ ਅਸਾਮ ਨੂੰ, ਨੌਰਥ ਈਸਟ ਨੂੰ ਵੱਖਵਾਦ ਦਿੱਤਾ, ਹਿੰਸਾ ਦਿੱਤੀ, ਵਿਵਾਦ ਦਿੱਤੇ। ਬੀਜੇਪੀ ਅਸਾਮ ਨੂੰ ਵਿਕਾਸ ਅਤੇ ਵਿਰਾਸਤ ਨਾਲ ਸਮ੍ਰਿੱਧ ਰਾਜ ਬਣਾ ਰਹੀ ਹੈ। ਇਹ ਸਾਡੀ ਸਰਕਾਰ ਹੈ, ਜਿਸ ਨੇ ਅਸਮੀਆ ਭਾਸ਼ਾ ਨੂੰ ਕਲਾਸੀਕਲ ਲੈਂਗਵੇਜ ਦਾ ਦਰਜਾ ਦਿੱਤਾ। ਮੈਨੂੰ ਖੁਸ਼ੀ ਹੈ ਕਿ ਅਸਾਮ ਦੀ ਬੀਜੇਪੀ ਸਰਕਾਰ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਵੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਇੱਥੇ ਸਥਾਨਕ ਭਾਸ਼ਾਵਾਂ ਵਿੱਚ ਪੜ੍ਹਾਈ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

 

ਸਾਥੀਓ,

ਕਾਂਗਰਸ ਨੇ ਨੌਰਥ ਈਸਟ ਦੇ, ਅਸਾਮ ਦੇ ਮਹਾਨ ਸਪੂਤਾਂ ਨੂੰ ਵੀ ਕਦੇ ਸਹੀ ਸਨਮਾਨ ਨਹੀਂ ਦਿੱਤਾ। ਇਸ ਧਰਤੀ ‘ਤੇ ਵੀਰ ਲਾਸਿਤ ਬੋਰਫੁਕਨ ਜਿਹੇ ਜਾਬਾਂਜ਼ ਯੋਧਾ ਹੋਏ, ਲੇਕਿਨ ਕਾਂਗਰਸ ਨੇ ਕਦੇ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਦਿੱਤਾ, ਜਿਸ ਦੇ ਉਹ ਹੱਕਦਾਰ ਸਨ। ਸਾਡੀ ਸਰਕਾਰ ਨੇ ਲਾਸਿਤ ਬੋਰਫੁਕਨ ਦੀ ਵਿਰਾਸਤ ਨੂੰ ਸਨਮਾਨ ਦਿੱਤਾ। ਅਸੀਂ ਉਨ੍ਹਾਂ ਦੀ 400ਵੀਂ ਜਨਮ ਜਯੰਤੀ ਰਾਸ਼ਟਰੀ ਪੱਧਰ ‘ਤੇ ਮਨਾਈ। ਅਸੀਂ ਉਨ੍ਹਾਂ ਦੀ ਜੀਵਨੀ ਨੂੰ 23 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤਾ। ਇੱਥੇ ਜੋਰਹਾਟ ਵਿੱਚ ਮੈਨੂੰ ਉਨ੍ਹਾਂ ਦੀ ਵੱਡੀ ਪ੍ਰਤਿਮਾ ਦਾ ਉਦਘਾਟਨ ਕਰਨ ਦਾ ਵੀ ਅਵਸਰ ਮਿਲਿਆ ਸੀ। ਕਾਂਗਰਸ ਨੇ ਜਿਸ ਦੀ ਅਪੇਖਿਆ ਕੀਤੀ, ਅਸੀਂ ਉਸ ਨੂੰ ਅਗਲੀ ਲਾਈਨ ਵਿੱਚ ਲੈ ਕੇ ਚਲ ਰਹੇ ਹਾਂ।

ਸਾਥੀਓ,

ਇੱਥੇ ਸ਼ਿਵਸਾਗਰ ਦਾ ਇਤਿਹਾਸਿਕ ਰੰਗਘਰ ਅਣਗੌਲਿਆ ਪਿਆ ਹੋਇਆ ਸੀ, ਸਾਡੀ ਸਰਕਾਰ ਨੇ ਇਸ ਦਾ ਨਵੀਨੀਕਰਣ ਕੀਤਾ। ਸਾਡੀ ਸਰਕਾਰ ਸ਼੍ਰੀਮੰਤ ਸ਼ੰਕਰਦੇਵ ਦੇ ਜਨਮ ਸਥਾਨ, ਬਟਾਦ੍ਰਵਾ ਨੂੰ ਵਿਸ਼ਵ ਪੱਧਰੀ ਟੂਰਿਜ਼ਮ ਸੈਂਟਰ ਬਣਾਉਣ ਦਾ ਕੰਮ ਕਰ ਰਹੀ ਹੈ। ਜਿਵੇਂ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਧਾਮ ਪਰਿਸਰ ਬਣਿਆ ਹੈ, ਉਜੈਨ ਵਿੱਚ ਮਹਾਕਾਲ ਮਹਾਲੋਕ ਬਣਿਆ ਹੈ, ਉਸੇ ਤਰ੍ਹਾਂ ਹੀ ਅਸਾਮ ਵਿੱਚ ਸਾਡੀ ਸਰਕਾਰ, ਮਾਂ ਕਾਮਾਖਿਆ ਕੌਰੀਡੋਰ ਵੀ ਬਣਾ ਰਹੀ ਹੈ।

ਸਾਥੀਓ,

ਅਸਾਮ ਦਾ ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜੇ ਅਨੇਕ ਅਜਿਹੇ ਪ੍ਰਤੀਕ ਹਨ, ਅਨੇਕ ਅਜਿਹੇ ਸਥਾਨ ਹਨ, ਜਿਨ੍ਹਾਂ ਨੂੰ ਬੀਜੇਪੀ ਸਰਕਾਰ ਨਵੀਂ ਪੀੜ੍ਹੀ ਦੇ ਲਈ ਸੁਰੱਖਿਅਤ ਕਰ ਰਹੀ ਹੈ। ਇਸ ਨਾਲ ਅਸਾਮ ਦੀ ਵਿਰਾਸਤ ਨੂੰ ਤਾਂ ਫਾਇਦਾ ਹੋ ਹੀ ਰਿਹਾ ਹੈ, ਅਸਾਮ ਵਿੱਚ ਟੂਰਿਜ਼ਮ ਦਾ ਵੀ ਦਾਇਰਾ ਵਧ ਰਿਹਾ ਹੈ। ਅਸਾਮ ਵਿੱਚ ਜਿੰਨਾ ਵੱਧ ਟੂਰਿਜ਼ਮ ਵਧੇਗਾ, ਓਨਾ ਹੀ ਜ਼ਿਆਦਾ ਰੋਜ਼ਗਾਰ ਸਾਡੇ ਨੌਜਵਾਨਾਂ ਨੂੰ ਮਿਲੇਗਾ।

ਸਾਥੀਓ,

ਵਿਕਾਸ ਦੇ ਇਨ੍ਹਾਂ ਯਤਨਾਂ ਵਿਚਕਾਰ, ਅਸਾਮ ਦੇ ਸਾਹਮਣੇ ਇੱਕ ਚੁਣੌਤੀ ਵਿਕਰਾਲ ਹੁੰਦੀ ਜਾ ਰਹੀ ਹੈ। ਇਹ ਚੁਣੌਤੀ ਹੈ, ਘੁਸਪੈਠ ਦੀ। ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀ, ਤਾਂ ਉਸ ਨੇ ਘੁਸਪੈਠੀਆਂ ਨੂੰ ਜ਼ਮੀਨਾਂ ਦਿੱਤੀਆਂ, ਗੈਰ-ਕਾਨੂੰਨੀ ਕਬਜ਼ਿਆਂ ਨੂੰ ਸੁਰੱਖਿਅਤ ਰੱਖਿਆ। ਕਾਂਗਰਸ ਨੇ ਵੋਟਬੈਂਕ ਦੇ ਲਾਲਚ ਵਿੱਚ ਅਸਾਮ ਵਿੱਚ ਡੈਮੋਗ੍ਰਾਫੀ ਦਾ ਸੰਤੁਲਨ ਵਿਗਾੜ ਦਿੱਤਾ।

ਹੁਣ ਬੀਜੇਪੀ ਸਰਕਾਰ ਅਸਾਮ ਦੇ ਲੋਕਾਂ ਦੇ ਨਾਲ ਮਿਲ ਕੇ ਇਸ ਚੁਣੌਤੀ ਦਾ ਮੁਕਾਬਲਾ ਕਰ ਰਹੀ ਹੈ। ਅਸੀਂ ਘੁਸਪੈਠੀਆਂ ਤੋਂ ਆਪਣੀਆਂ ਜ਼ਮੀਨਾਂ ਨੂੰ ਮੁਕਤ ਕਰਵਾ ਰਹੇ ਹਾਂ। ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ, ਜਿਨ੍ਹਾਂ ਆਦਿਵਾਸੀ ਪਰਿਵਾਰਾਂ ਨੂੰ ਜ਼ਰੂਰਤ ਹੈ, ਉਨ੍ਹਾਂ ਨੂੰ ਸਾਡੀ ਸਰਕਾਰ ਜ਼ਮੀਨ ਦੇ ਪੱਟੇ ਦੇ ਰਹੀ ਹੈ। ਮੈਂ ਮਿਸ਼ਨ ਬਸੁੰਧਰਾ ਦੇ ਲਈ ਵੀ ਅਸਾਮ ਸਰਕਾਰ ਦੀ ਪ੍ਰਸ਼ੰਸਾ ਕਰਾਂਗਾ। ਇਸ ਦੇ ਤਹਿਤ ਲੱਖਾਂ ਪਰਿਵਾਰਾਂ ਨੂੰ ਜ਼ਮੀਨ ਦੇ ਪੱਟੇ ਦਿੱਤੇ ਜਾ ਚੁੱਕੇ ਹਨ। ਅਹੋਮ, ਕੋਚ ਰਾਜਬੋਂਗਾਸ਼ੀ  ਅਤੇ ਗੋਰਖਾ ਭਾਈਚਾਰਿਆਂ ਦੇ ਭੂਮੀ ਅਧਿਕਾਰਾਂ ਨੂੰ ਕੁਝ ਜਨਜਾਤੀਯ ਖੇਤਰਾਂ ਵਿੱਚ ਮਾਨਤਾ ਦਿੱਤੀ ਗਈ ਹੈ, ਉਨ੍ਹਾਂ ਨੂੰ ਸੁਰੱਖਿਅਤ ਵਰਗਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕਬਾਇਲੀ ਸਮਾਜ ਦੇ ਨਾਲ ਜੋ ਇਤਾਹਾਸਿਕ ਅਨਿਆਂ ਹੋਇਆ ਹੈ, ਬੀਜੇਪੀ ਉਸ ਨੂੰ ਠੀਕ ਕਰਨ ਵਿੱਚ ਪੂਰੀ ਪ੍ਰਤੀਬੱਧਤਾ ਨਾਲ ਜੁਟੀ ਹੈ।

ਸਾਥੀਓ,

ਬੀਜੇਪੀ ਸਰਕਾਰ ਦੇ ਵਿਕਾਸ ਦਾ ਇੱਕ ਹੀ ਮੰਤਰ ਹੈ, ਉਹ ਮੰਤਰ ਹੈ- ਨਾਗਰਿਕ ਦੇਵੋ ਭਵ:- ਨਾਗਰਿਕ ਦੇਵੋ ਭਵ:- ਯਾਨੀ ਦੇਸ਼ ਦੇ ਨਾਗਰਿਕਾਂ ਨੂੰ ਅਸੁਵਿਧਾ ਨਾ ਹੋਵੇ, ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਜ਼ਰੂਰਤਾਂ ਦੇ ਲਈ ਇੱਥੇ-ਉੱਥੇ ਭਟਕਨਾ ਨਾ ਪਵੇ। ਲੰਬੇ ਸਮੇਂ ਤੱਕ ਕਾਂਗਰਸ ਦੇ ਸ਼ਾਸਨਕਾਲ ਵਿੱਚ ਗ਼ਰੀਬਾਂ ਨੂੰ ਤਰਸਾਇਆ ਗਿਆ, ਠੁਕਰਾਇਆ ਗਿਆ। ਕਿਉਂਕਿ ਕਾਂਗਰਸ ਦਾ ਕੰਮ ਇੱਕ ਵਰਗ ਦੇ ਤੁਸ਼ਟੀਕਰਣ ਨਾਲ ਹੋ ਜਾਂਦਾ ਸੀ। ਉਨ੍ਹਾਂ ਨੂੰ ਸੱਤਾ ਮਿਲ ਜਾਂਦੀ ਸੀ। ਲੇਕਿਨ ਬੀਜੇਪੀ, ਤੁਸ਼ਟੀਕਰਣ ਨਹੀਂ ਸੰਤੁਸ਼ਟੀਕਰਣ ‘ਤੇ ਜ਼ੋਰ ਦਿੰਦੀ ਹੈ। ਕੋਈ ਵੀ ਗ਼ਰੀਬ, ਕੋਈ ਵੀ ਇਲਾਕਾ, ਪਿੱਛੇ ਨਾ ਰਹੇ, ਇਸ ਭਾਵ ਨਾਲ ਅਸੀਂ ਕੰਮ ਕਰ ਰਹੇ ਹਾਂ। ਅੱਜ ਅਸਾਮ ਵਿੱਚ, ਗ਼ਰੀਬਾਂ ਦੇ ਪੱਕੇ ਘਰ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਹੁਣ ਤੱਕ ਅਸਾਮ ਵਿੱਚ 20 ਲੱਖ ਤੋਂ ਵੱਧ ਪੱਕੇ ਘਰ ਗ਼ਰੀਬਾਂ ਨੂੰ ਮਿਲ ਚੁੱਕੇ ਹਨ। ਘਰ-ਘਰ ਨਲ ਤੋਂ ਜਲ ਪਹੁੰਚਾਉਣ ਦਾ ਕੰਮ ਵੀ ਅਸਾਮ ਵਿੱਚ ਤੇਜ਼ ਗਤੀ ਨਾਲ ਚਲ ਰਿਹਾ ਹੈ।

ਸਾਥੀਓ,

ਭਾਜਪਾ ਸਰਕਾਰ ਦੀ ਗ਼ਰੀਬ ਕਲਿਆਣ ਦੀਆਂ ਯੋਜਨਾਵਾਂ ਦਾ ਲਾਭ ਇੱਥੇ ਚਾਹ ਬਗਾਨਾਂ ਵਿੱਚ ਕੰਮ ਕਰਨ ਵਾਲੇ ਮੇਰੇ ਭਰਾਵਾਂ ਅਤੇ ਭੈਣਾਂ ਨੂੰ ਵੀ ਹੋ ਰਿਹਾ ਹੈ। ਚਾਹ-ਵਰਕਰਾਂ ਦਾ ਹਿਤ ਸਾਡੀ ਪ੍ਰਾਥਮਿਕਤਾ ਹੈ। ਸਰਕਾਰ ਦੁਆਰਾ ਟੀ-ਗਾਰਡਨ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਮਦਦ ਦਿੱਤੀ ਜਾ ਰਹੀ ਹੈ। ਮਹਿਲਾਵਾਂ ਦੀ ਸਿਹਤ, ਬੱਚਿਆਂ ਦੀ ਸਿੱਖਿਆ ‘ਤੇ ਸਾਡਾ ਬਹੁਤ ਜ਼ੋਰ ਹੈ। ਇੱਥੇ ਮਾਤਾ ਮੌਤ ਦਰ ਅਤੇ ਸ਼ਿਸ਼ੂ ਮੌਤ ਦਰ ਨੂੰ ਘੱਟ ਤੋਂ ਘੱਟ ਕਰਨ ਲਈ ਵੀ ਸਰਕਾਰ ਯੋਜਨਾਵਾਂ ਚਲਾ ਰਹੀਆਂ ਹਨ। ਕਾਂਗਰਸ ਦੇ ਸਮੇਂ ਵਿੱਚ ਟੀ-ਗਾਰਡਨ ਵਰਕਰਸ ਨੂੰ ਟੀ-ਕੰਪਨੀਆਂ ਦੇ ਮੈਨੇਜਮੈਂਟ ਦੇ ਭਰੋਸੇ ਛੱਡ ਦਿੱਤਾ ਗਿਆ ਸੀ। ਲੇਕਿਨ ਭਾਜਪਾ ਸਰਕਾਰ, ਉਨ੍ਹਾਂ ਦੇ ਘਰਾਂ ਦੀ, ਉਨ੍ਹਾਂ ਦੇ ਘਰਾਂ ਵਿੱਚ ਬਿਜਲੀ ਕਨੈਕਸ਼ਨ ਦੀ, ਘਰ ਵਿੱਚ ਪਾਣੀ ਦੀ, ਉਨ੍ਹਾਂ ਦੀ ਸਿਹਤ ਦੀ ਚਿੰਤਾ ਕਰ ਰਹੀ ਹੈ। ਇਨ੍ਹਾਂ ਯੋਜਨਾਵਾਂ ‘ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।

ਸਾਥੀਓ,

ਅਸਾਮ ਦੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਿਆ ਹੈ, ਅਸਾਮ ਟ੍ਰੇਡ ਅਤੇ ਟੂਰਿਜ਼ਮ ਦਾ ਵੱਡਾ ਸੈਂਟਰ ਬਣੇਗਾ। ਅਸੀਂ ਮਿਲ ਕੇ ਵਿਕਸਿਤ ਅਸਾਮ ਬਣਾਵਾਂਗੇ, ਵਿਕਸਿਤ ਭਾਰਤ ਬਣਾਵਾਂਗੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਵਿਕਾਸ ਦੇ ਪ੍ਰੋਜੈਕਟਾਂ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਬੋਲੋ, ਭਾਰਤ ਮਾਤਾ ਕੀ ਜੈ! ਹੱਥ ਉਪਰ ਕਰਕੇ ਪੂਰੀ ਤਾਕਤ ਨਾਲ ਆਵਾਜ਼ ਦੇਵੋ, ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਬਹੁਤ-ਬਹੁਤ ਧੰਨਵਾਦ!

*********

ਐੱਮਜੇਪੀਐੱਸ/ਐੱਸਟੀ/ਏਵੀ


(Release ID: 2166630) Visitor Counter : 2
Read this release in: English , Urdu , Hindi , Gujarati