ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਈਈਪੀਸੀ ਇੰਡੀਆ ਦੇ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ
ਦੇਸ਼ ਨੂੰ ਇੱਕ ਮੋਹਰੀ ਇਨੋਵੇਸ਼ਨ ਅਰਥਵਿਵਸਥਾ ਬਣਾਉਣ ਦਾ ਸੰਕਲਪ ਲਵੋ: ਰਾਸ਼ਟਰਪਤੀ ਮੁਰਮੂ ਨੇ ਈਈਪੀਸੀ ਹਿਤਧਾਰਕਾਂ ਨੂੰ ਕਿਹਾ
Posted On:
08 SEP 2025 12:56PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ (8 ਸਤੰਬਰ, 2025) ਨਵੀਂ ਦਿੱਲੀ ਵਿੱਚ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈਈਪੀਸੀ) ਭਾਰਤ ਦੇ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਏ।
ਰਾਸ਼ਟਰਪਤੀ ਨੇ ਇਸ ਮੌਕੇ ‘ਤੇ ਕਿਹਾ ਕਿ ਪ੍ਰਾਚੀਨ ਕਾਲ ਵਿੱਚ ਭਾਰਤ ਨੇ ਅਧਿਆਤਮ ਅਤੇ ਵਪਾਰ ਦੋਵਾਂ ਵਿੱਚ ਵਿਸ਼ਵ ਦੀ ਅਗਵਾਈ ਕੀਤੀ ਸੀ। ਭਾਰਤ ਨੂੰ ਇੱਕ ਵਾਰ ਫਿਰ ਗਿਆਨ ਅਤੇ ਵਪਾਰ ਦਾ ਮੋਹਰੀ ਕੇਂਦਰ ਬਣਾਉਣਾ ਸਾਰੇ ਨਾਗਰਿਕਾਂ ਦਾ ਸੰਕਲਪ ਹੋਣਾ ਚਾਹੀਦਾ ਹੈ। ਆਰਥਿਕ ਖੇਤਰ ਵਿੱਚ ਇੱਕ ਮਹੱਤਵਪੂਰਨ ਹਿਤਧਾਰਕ ਹੋਣ ਦੇ ਨਾਤੇ ਈਈਪੀਸੀ ਨੂੰ ਇਹ ਸੰਕਲਪ ਦ੍ਰਿੜ੍ਹਤਾਪੂਰਵਕ ਲੈਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਦਾ ਇੰਜੀਨੀਅਰਿੰਗ ਨਿਰਯਾਤ 70 ਅਰਬ ਡਾਲਰ ਤੋਂ ਵਧ ਕੇ 115 ਅਰਬ ਡਾਲਰ ਤੋਂ ਵੀ ਵੱਧ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਿਰਯਾਤ ਵਿੱਚ ਇਹ ਵਾਧਾ ਤਦ ਹੋਰ ਵੀ ਪ੍ਰਭਾਵਸ਼ਾਲੀ ਲਗਦਾ ਹੈ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਦਹਾਕੇ ਦੌਰਾਨ ਅੰਤਰਰਾਸ਼ਟਰੀ ਵਪਾਰ ਦੇ ਖੇਤਰ ਵਿੱਚ ਕਈ ਚੁਣੌਤੀਆਂ ਰਹੀਆਂ ਹਨ। ਉਨ੍ਹਾਂ ਨੇ ਇਸ ਉਪਲਬਧੀ ਵਿੱਚ ਯੋਗਦਾਨ ਲਈ ਈਈਪੀਸੀ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਈਈਪੀਸੀ ਅੰਤਰਰਾਸ਼ਟਰੀ ਬਜ਼ਾਰ ਅਤੇ ਭਾਰਤੀ ਉਤਪਾਦਕਤਾਂ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਈਈਪੀਸੀ ਤੋਂ ਗਲੋਬਲ ਵੈਲਿਓ ਚੇਨ ਵਿੱਚ ਭਾਰਤ ਅਤੇ ਭਾਰਤੀ ਉੱਦਮੀਆਂ ਦੀ ਭੂਮਿਕਾ ਦਾ ਨਿਰੰਤਰ ਵਿਸਤਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਪਾਰ ਵਿਵਸਥਾ ਅਤੇ ਅੰਤਰਰਾਸ਼ਟਰੀ ਆਰਥਿਕ ਵਿਵਸਥਾ ਵਿੱਚ ਹੋ ਰਹੇ ਬਦਲਾਵਾਂ ਦੇ ਕਾਰਨ ਇਸ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਗਲੋਬਲ ਵਪਾਰ ਦੀਆਂ ਚੁਣੌਤੀਆਂ ਨੂੰ ਹਮੇਸ਼ਾ ਦੇਸ਼ ਵਿੱਚ ਉਪਲਬਧ ਅਸਾਧਾਰਣ ਸਮਰੱਥਾਵਾਂ ਦਾ ਉਪਯੋਗ ਕਰਕੇ ਮੌਕਿਆਂ ਵਿੱਚ ਬਦਲਣ ਦੀ ਜ਼ਰੂਰਤ ਹੈ। ਪਿਛਲ਼ੇ ਸੱਤ ਦਹਾਕਿਆਂ ਵਿੱਚ ਭਾਰਤ ਦੇ ਇੰਜੀਨੀਅਰਿੰਗ ਨਿਰਯਾਤ ਵਿੱਚ ਜ਼ਿਕਰਯੋਗ ਤਬਦੀਲੀ ਆਈ ਹੈ। ਈਈਪੀਸੀ ਨੂੰ ਤਬਦੀਲੀ ਦੀ ਇਸ ਪ੍ਰਕਿਰਿਆ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਦੇ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਨਿਰੰਤਰ ਮਜ਼ਬੂਤ ਬਣਾਉਣ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਘੱਟ ਲਾਗਤ ‘ਤੇ ਉੱਚ-ਗੁਣਵੱਤਾ ਵਾਲੀ ਇੰਜੀਨੀਅਰਿੰਗ ਸੇਵਾਵਾਂ ਅਤੇ ਉਤਪਾਦ ਭਾਰਤ ਦੀ ਇੱਕ ਵੱਡੀ ਤਾਕਤ ਹੈ। ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਦੇ ਗਲੋਬਲ ਸਮਰੱਥਾ ਕੇਂਦਰ ਭਾਰਤ ਵਿੱਚ ਹਨ। ਈਈਪੀਸੀ ਜਿਹੇ ਹਿਤਧਾਰਕਾਂ ਨੂੰ ਉੱਚਿਤ ਪ੍ਰੋਤਸਾਹਨ ਅਤੇ ਇੱਕ ਈਕੋਸਿਸਟਮ ਪ੍ਰਦਾਨ ਕਰਕੇ ਭਾਰਤ ਨੂੰ ਇੱਕ ਗਲੋਬਲ ਇਨੋਵੇਸ਼ਨ ਸੈਂਟਰ ਬਣਾਉਣ ਦੇ ਵਿਚਾਰ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਗਲੋਬਲ ਅਰਥਵਿਵਸਥਾ ਅਤੇ ਵਪਾਰ ਦੇ ਮਾਹਿਰ ਇਨੋਵੇਸ਼ਨ ਅਰਥਵਿਵਸਥਾਵਾਂ ਅਤੇ ਕੈਚ-ਅੱਪ ਅਰਥਵਿਵਸਥਾਵਾਂ ‘ਤੇ ਚਰਚਾ ਕਰਦੇ ਹਨ। ਇਨੋਵੇਸ਼ਨ ਅਰਥਵਿਵਸਥਾਵਾਂ ਦੁਨੀਆ ਦੀ ਸਭ ਤੋਂ ਪ੍ਰਤੀਯੋਗੀ ਅਤੇ ਸਮ੍ਰਿੱਧ ਅਰਥਵਿਵਸਥਾਵਾਂ ਹਨ। ਉਨ੍ਹਾਂ ਨੇ ਈਈਪੀਸੀ ਦੇ ਸਾਰੇ ਹਿਤਧਾਰਕਾਂ ਨੂੰ ਤਾਕੀਦ ਕੀਤੀ ਕਿ ਉਹ ਸਾਡੇ ਦੇਸ਼ ਵਿੱਚ ਉਪਲਬਧ ਪ੍ਰਤਿਭਾ ਅਤੇ ਊਰਜਾ ਲਈ ਇੱਕ ਸਮਰੱਥ ਈਕੋ-ਸਿਸਟਮ ਪ੍ਰਦਾਨ ਕਰਕੇ ਭਾਰਤ ਨੂੰ ਇੱਕ ਮੋਹਰੀ ਇਨੋਵੇਸ਼ਨ ਅਰਥਵਿਵਸਥਾ ਬਣਾਉਣ ਦਾ ਸੰਕਲਪ ਲੈਣ।




ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
***
ਐੱਮਜੇਪੀਐੱਸ/ਐੱਸਆਰ
(Release ID: 2164730)
Visitor Counter : 2