ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ


ਭਾਰਤ ਨੂੰ ਗਿਆਨ ਦੀ ਵਿਸ਼ਵਵਿਆਪੀ ਮਹਾਸ਼ਕਤੀ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਸਾਡੇ ਅਧਿਆਪਕਾਂ ਦੀ ਪਹਿਚਾਣ ਦੁਨੀਆ ਦੇ ਸਰਬਸ਼੍ਰੇਸ਼ਠ ਅਧਿਆਪਕਾਂ ਵਜੋਂ ਹੋਵੇ: ਰਾਸ਼ਟਰਪਤੀ ਮੁਰਮੂ

Posted On: 05 SEP 2025 2:20PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਸਤੰਬਰ, 2025) ਅਧਿਆਪਕ ਦਿਵਸ ਦੇ ਅਵਸਰ ‘ਤੇ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਦੇਸ਼ ਭਰ ਦੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭੋਜਣ, ਕੱਪੜੇ ਅਤੇ ਆਵਾਸ ਦੀ ਤਰ੍ਹਾ ਹੀ, ਸਿੱਖਿਆ ਵੀ ਵਿਅਕਤੀ ਦੀ ਗਰਿਮਾ ਅਤੇ ਸੁਰੱਖਿਆ ਦੇ ਲਈ ਜ਼ਰੂਰੀ ਹੈ। ਸੰਵੇਦਨਸ਼ੀਲ ਅਧਿਆਪਕ ਬੱਚਿਆਂ ਵਿੱਚ ਗਰਿਮਾ ਅਤੇ ਸੁਰੱਖਿਆ ਦੀ ਭਾਵਨਾ ਜਗਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਇਕ ਅਧਿਆਪਕ ਦੇ ਰੂਪ ਵਿੱਚ ਆਪਣੇ ਸਮੇਂ ਨੂੰ ਯਾਦ ਕਰਦੇ ਹੋਏ, ਉਸ ਸਮੇਂ ਨੂੰ ਆਪਣੇ ਜੀਵਨ ਦਾ ਇੱਕ ਅਤਿਅੰਤ ਸਾਰਥਕ ਕਾਲ-ਖੰਡ ਦੱਸਿਆ।

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਵਿਅਕਤੀ ਨੂੰ ਸਮਰੱਥ ਬਣਾਉਂਦੀ ਹੈ। ਕਮਜ਼ੋਰ ਤੋਂ ਕਮਜ਼ੋਰ ਪਿਛੋਕੜ ਦੇ ਬੱਚੇ ਵੀ ਸਿੱਖਿਆ ਦੇ ਜ਼ੋਰ ‘ਤੇ ਪ੍ਰਗਤੀ ਦੇ ਆਸਮਾਨ ਨੂੰ ਛੂਹ ਸਕਦੇ ਹਨ। ਬੱਚਿਆਂ ਦੀ ਉਡਾਣ ਨੂੰ ਸ਼ਕਤੀ ਦੇਣ ਵਿੱਚ ਸਨੇਹੀ ਅਤੇ ਨਿਸ਼ਠਾਵਾਨ ਅਧਿਆਪਕ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਧਿਆਪਕਾਂ ਦੇ ਲਈ ਸਭ ਤੋਂ ਵੱਡਾ ਪੁਰਸਕਾਰ ਇਹੀ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਉਨ੍ਹਾਂ ਨੂੰ ਜੀਵਨ ਭਰ ਯਾਦ ਰੱਖਣ ਅਤੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਲਈ ਸ਼ਲਾਘਾਯੋਗ ਯੋਗਦਾਨ ਦੇਣ।

ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਦਾ ਚਰਿੱਤਰ ਨਿਰਮਾਣ ਇੱਕ ਅਧਿਆਪਕ ਦਾ ਪ੍ਰਾਥਮਿਕ ਕਰਤੱਵ ਹੈ। ਨੈਤਿਕ ਆਚਰਣ ਕਰਨ ਵਾਲੇ ਸੰਵੇਦਨਸ਼ੀਲ, ਜ਼ਿੰਮੇਦਾਰ ਅਤੇ ਸਮਰਪਿਤ ਵਿਦਿਆਰਥੀ, ਉਨ੍ਹਾਂ ਵਿਦਿਆਰਥੀਆਂ ਤੋਂ ਬਿਹਤਰ ਹੁੰਦੇ ਹਨ ਜੋ ਸਿਰਫ ਮੁਕਾਬਲਾ, ਕਿਤਾਬੀ-ਗਿਆਨ ਅਤੇ ਸੁਆਰਥ ਵਿੱਚ ਰੂਚੀ ਰੱਖਦੇ ਹਨ। ਇੱਕ ਚੰਗੇ ਅਧਿਆਪਕ ਵਿੱਚ ਭਾਵਨਾ ਅਤੇ ਬੁੱਧੀ, ਦੋਨੋਂ ਹੀ ਪੱਖ ਪ੍ਰਬਲ ਹੁੰਦੇ ਹਨ। ਭਾਵਨਾਵਾਂ ਅਤੇ ਬੁੱਧੀ ਦੇ ਤਾਲਮੇਲ ਦਾ ਪ੍ਰਭਾਵ ਵਿਦਿਆਰਥੀਆਂ ‘ਤੇ ਹੀ ਪੈਂਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਮਾਰਟ ਬਲੈਕਬੋਰਡ, ਸਮਾਰਟ ਕਲਾਸਰੂਮ ਅਤੇ ਹੋਰ ਆਧੁਨਿਕ ਸੁਵਿਧਾਵਾਂ ਦਾ ਆਪਣਾ ਮਹੱਤਵ ਹੈ। ਲੇਕਿਨ ਸਭ ਤੋਂ ਮਹੱਤਵਪੂਰਨ ਹੁੰਦੇ ਹਨ ਸਮਾਰਟ ਅਧਿਆਪਕ। ਸਮਾਰਟ ਅਧਿਆਪਕ ਉਹ ਅਧਿਆਪਕ ਹੁੰਦੇ ਹਨ ਜੋ ਆਪਣੇ ਵਿਦਿਆਰਥੀਆਂ ਦੇ ਵਿਕਾਸ ਨਾਲ ਜੁੜੀਆਂ ਜ਼ਰੂਰਤਾਂ ਨੂੰ ਸਮਝਦੇ ਹਨ। ਸਮਾਰਟ ਅਧਿਆਪਕ ਪ੍ਰੇਮ ਅਤੇ ਸੰਵੇਦਨਸ਼ੀਲਤਾ ਦੇ ਨਾਲ ਸਟਡੀ ਦੀ ਪ੍ਰਕਿਰਿਆ ਨੂੰ ਰੋਚਕ ਅਤੇ ਪ੍ਰਭਾਵੀ ਬਣਾਉਂਦੇ ਹਨ। ਅਜਿਹੇ ਅਧਿਆਪਕ ਵਿਦਿਆਰਥੀਆਂ ਨੂੰ ਸਮਾਜ ਅਤੇ ਰਾਸ਼ਟਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਬਣਾਉਂਦੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਬੇਟੀਆਂ ਦੀ ਸਿੱਖਿਆ ਨੂੰ ਬਹੁਤ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਬੇਟੀਆਂ ਦੀ ਸਿੱਖਿਆ ਵਿੱਚ ਨਿਵੇਸ਼ ਕਰਕੇ, ਅਸੀਂ ਆਪਣੇ ਪਰਿਵਾਰ, ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਇੱਕ ਅਨਮੋਲ ਨਿਵੇਸ਼ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਬੇਟੀਆਂ ਨੂੰ ਸਭ ਤੋਂ ਵਧੀਆ ਸਿੱਖਿਆ ਪ੍ਰਦਾਨ ਕਰਨਾ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਦਾ ਵਿਸਥਾਰ ਕਰਨ ਅਤੇ ਪਛੜੇ ਵਰਗਾਂ ਦੀਆਂ ਬੇਟੀਆਂ ਨੂੰ ਵਿਸ਼ੇਸ਼ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ 'ਤੇ ਜ਼ੋਰ ਦਿੰਦੀ ਹੈ। ਪਰ ਕਿਸੇ ਵੀ ਸਿੱਖਿਆ ਨਾਲ ਸਬੰਧਿਤ ਪਹਿਲਕਦਮੀ ਦੀ ਸਫਲਤਾ ਮੁੱਖ ਤੌਰ 'ਤੇ ਅਧਿਆਪਕਾਂ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਬੇਟੀਆਂ ਨੂੰ ਸਿੱਖਿਆ ਦੇਣ ਵਿੱਚ ਜਿੰਨਾ ਜ਼ਿਆਦਾ ਯੋਗਦਾਨ ਪਾਉਣਗੇ, ਇੱਕ ਅਧਿਆਪਕ ਵਜੋਂ ਉਨ੍ਹਾਂ ਦਾ ਜੀਵਨ ਓਨਾ ਹੀ ਸਾਰਥਕ ਹੋਵੇਗਾ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਵਿਦਿਆਰਥਣਾਂ ਵੱਲ ਵਿਸ਼ੇਸ਼ ਧਿਆਨ ਦੇਣ, ਜਿਨ੍ਹਾਂ ਵਿੱਚ ਉਹ ਬੇਟੀਆਂ ਵੀ ਸ਼ਾਮਲ ਹਨ ਜੋ ਮੁਕਾਬਲਤਨ ਸ਼ਰਮੀਲੀਆਂ ਹਨ ਜਾਂ ਘੱਟ ਸੁਵਿਧਾ ਪ੍ਰਾਪਤ ਪਿਛੋਕੜ ਤੋਂ ਆਉਂਦੀਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਉਦੇਸ਼ ਭਾਰਤ ਨੂੰ ਇੱਕ ਵਿਸ਼ਵਵਿਆਪੀ ਗਿਆਨ ਮਹਾਸ਼ਕਤੀ ਬਣਾਉਣਾ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਸਾਡੇ ਅਧਿਆਪਕਾਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਅਧਿਆਪਕਾਂ ਵਜੋਂ ਮਾਨਤਾ ਦਿੱਤੀ ਜਾਵੇ। ਸਾਡੇ ਅਦਾਰਿਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੇ ਤਿੰਨੋਂ ਖੇਤਰਾਂ - ਸਕੂਲ ਸਿੱਖਿਆ, ਉੱਚ ਸਿੱਖਿਆ ਅਤੇ ਹੁਨਰ ਸਿੱਖਿਆ ਵਿੱਚ ਸਰਗਰਮੀ ਨਾਲ ਯੋਗਦਾਨ ਦੇਣਾ ਹੋਵੇਗਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਡੇ ਅਧਿਆਪਕ ਆਪਣੇ ਨਿਰਣਾਇਕ ਯੋਗਦਾਨ ਨਾਲ ਭਾਰਤ ਨੂੰ ਇੱਕ ਵਿਸ਼ਵਵਿਆਪੀ ਗਿਆਨ ਮਹਾਸ਼ਕਤੀ ਵਜੋਂ ਸਥਾਪਿਤ ਕਰਨਗੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

***************

ਐੱਮਜੇਪੀਐੱਸ/ਐੱਸਆਰ


(Release ID: 2164295) Visitor Counter : 2