ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਿੱਲੀ ਦੇ ਆਈਸੀਏਆਰ ਪੂਸਾ ਕੈਂਪਸ ਵਿਖੇ ‘ਰਾਸ਼ਟਰੀ ਪੁਲਾੜ ਦਿਵਸ’ ਸਮਾਗਮ ਨੂੰ ਵਰਚੁਅਲੀ ਸੰਬੋਧਨ ਕੀਤਾ


“ਪੁਲਾੜ ਵਿਗਿਆਨ ਨੇ ਖੇਤੀਬਾੜੀ ਵਿੱਚ ਚਮਤਕਾਰੀ ਬਦਲਾਅ ਲਿਆਂਦੇ ਹਨ” – ਸ਼੍ਰੀ ਸ਼ਿਵਰਾਜ ਸਿੰਘ

“ਪੁਲਾੜ ਵਿਗਿਆਨ ਦੇ ਬੇਮਿਸਾਲ ਯੋਗਦਾਨ ਸਦਕਾ ਦੇਸ਼ ਵਿੱਚ ਰਿਕਾਰਡ ਪੱਧਰ ਦਾ ਉਤਪਾਦਨ ਹੋਇਆ ਹੈ” – ਸ਼੍ਰੀ ਚੌਹਾਨ

“ਇਸਰੋ ਦੇ 'ਜੀਓ ਪੋਰਟਲ' ਦੁਆਰਾ ਸਹੀ ਡੇਟਾ ਰਾਹੀਂ ਲਾਭ ਉਠਾ ਰਹੇ ਕਿਸਾਨ” – ਸ਼੍ਰੀ ਸ਼ਿਵਰਾਜ ਸਿੰਘ

“ਰਿਮੋਟ ਸੈਂਸਿੰਗ ਨਾਲ ਫਸਲਾਂ ਦੇ ਨੁਕਸਾਨ ਦਾ ਸਹੀ ਮੁਲਾਂਕਣ ਲਗਾਉਣਾ ਸੰਭਵ ਹੋਇਆ” – ਸ਼੍ਰੀ ਚੌਹਾਨ

“ਚੰਦ੍ਰਮਾ ਦੇ ਦੱਖਣੀ ਧਰੁਵ 'ਤੇ ਚੰਦ੍ਰਯਾਨ ਦਾ ਉਤਰਨਾ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ” – ਸ਼੍ਰੀ ਸ਼ਿਵਰਾਜ ਸਿੰਘ

“ਭਾਰਤ ਦੀਆਂ ਪੁਲਾੜ ਪ੍ਰਾਪਤੀਆਂ ਤੋਂ ਦੁਨੀਆ ਹੈਰਾਨ ਹੈ, ਪੁਲਾੜ ਯਾਤਰੀ ਸ਼੍ਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਵਧਾਈਆਂ” – ਸ਼੍ਰੀ ਚੌਹਾਨ

Posted On: 23 AUG 2025 4:35PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਸ਼ਟਰੀ ਪੁਲਾੜ ਦਿਵਸ ਦੇ ਮੌਕੇ 'ਤੇ ਆਈਸੀਏਆਰ (ICAR), ਪੂਸਾ, ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਵਰਚੁਅਲੀ ਸੰਬੋਧਨ ਕੀਤਾ। ਪ੍ਰੋਗਰਾਮ ਦਾ ਵਿਸ਼ਾ 'ਖੇਤੀਬਾੜੀ ਪਰਿਵਰਤਨ ਲਈ ਪੁਲਾੜ ਟੈਕਨੋਲੋਜੀ ਵਿੱਚ ਖੋਜ ਅਤੇ ਵਿਕਾਸ' ਸੀ। ਇਸ ਮੌਕੇ 'ਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ, ਡਾ. ਐਮ ਐਲ ਜਾਟ, ਸੀਨੀਅਰ ਵਿਗਿਆਨੀਆਂ ਵੀ ਮੌਜੂਦ ਸਨ।

ਸ਼੍ਰੀ ਚੌਹਾਨ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਰਾਸ਼ਟਰੀ ਪੁਲਾੜ ਦਿਵਸ ਦਾ ਪ੍ਰੋਗਰਾਮ ਆਈਸੀਏਆਰ ਵਿਖੇ ਮਨਾਉਣਾ ਜਾਵੇ। ਪੁਲਾੜ ਵਿਗਿਆਨ ਰਾਹੀਂ, ਅੱਜ ਅਸੀਂ ਭਾਰਤ ਅਤੇ ਦੁਨੀਆ ਵਿੱਚ ਬਦਲਾਅ ਲਿਆ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਖੇਤੀਬਾੜੀ ਵਿੱਚ ਟੈਕਨੋਲੋਜੀ ਅਤੇ ਵਿਗਿਆਨ ਕਿੰਨਾ ਮਹੱਤਵਪੂਰਨ ਹੈ ਅਤੇ ਸਾਨੂੰ ਇਸਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ।

ਵਿਗਿਆਨੀਆਂ ਨੂੰ "ਆਧੁਨਿਕ ਰਿਸ਼ੀ" ਕਹਿੰਦੇ ਹੋਏ, ਸ਼੍ਰੀ ਚੌਹਾਨ ਨੇ ਕਿਹਾ, "ਅਸੀਂ ਖੇਤੀਬਾੜੀ ਬਦਲੀ ਹੈ, ਇਸਦੀ ਦਿਸ਼ਾ ਬਦਲੀ ਹੈ, ਅਤੇ ਕਿਸਾਨਾਂ ਦੀ ਜਿੰਦਗੀ ਨੂੰ ਬਦਲ ਦਿੱਤਾ ਹੈ। ਅਸੀਂ ਲੋਕਾਂ ਲਈ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਅਸੀਂ ਰਿਕਾਰਡ ਅਨਾਜ ਉਤਪਾਦਨ ਪ੍ਰਾਪਤ ਕੀਤਾ ਹੈ, ਅਤੇ ਪੁਲਾੜ ਵਿਗਿਆਨ ਨੇ ਇੱਕ ਬੇਮਿਸਾਲ ਯੋਗਦਾਨ ਦਿੱਤਾ ਹੈ। ਪੁਲਾੜ ਐਪਲੀਕੇਸ਼ਨ ਹੁਣ ਖੇਤੀਬਾੜੀ ਲਈ ਮਹਤਵਪੂਰਣ ਬਣ ਗਈ ਹਨ - ਫਸਲ ਉਪਜ ਅਨੁਮਾਨ, ਫਸਲ ਪ੍ਰਣਾਲੀਆਂ, ਕਣਕ, ਚੌਲ, ਸਰ੍ਹੋਂ, ਕਪਾਹ, ਗੰਨੇ ਦੇ ਉਤਪਾਦਨ, ਰਕਬੇ ਦੇ ਮੁਲਾਂਕਣ ਤੋਂ ਲੈ ਕੇ ਮੌਸਮ ਦੀ ਜਾਣਕਾਰੀ ਤੱਕ - ਪੁਲਾੜ ਟੈਕਨੋਲੋਜੀ ਮੁੱਖ ਭੂਮਿਕਾ ਨਿਭਾਉਂਦੀ ਹੈ।"

ਸ਼੍ਰੀ ਚੌਹਾਨ ਨੇ ਕਿਹਾ ਕਿ ਪਹਿਲਾਂ ਮੌਸਮ ਦੀ ਭਵਿੱਖਬਾਣੀ ਲੋਕ-ਕਥਾਵਾਂ ਅਤੇ ਧਾਰਨਾਵਾਂ 'ਤੇ ਨਿਰਭਰ ਕਰਦੀ ਸੀ, ਲੇਕਿਨ ਅੱਜ ਇਸਰੋ ਦਾ ਜੀਓ ਪੋਰਟਲ ਬਾਰਿਸ਼, ਸੋਕੇ ਅਤੇ ਮੌਸਮ ਬਾਰੇ ਲਗਭਗ ਸਹੀ ਜਾਣਕਾਰੀ ਪ੍ਰਦਾਨ ਕਰਦਾ ਹੈ। "ਕਿਸਾਨ ਹੁਣ ਇਸ ਦੇ ਆਧਾਰ 'ਤੇ ਆਪਣੀ ਖੇਤੀਬਾੜੀ ਦੀ ਯੋਜਨਾ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪੋਰਟਲ ਮਿੱਟੀ ਦੀ ਨਮੀ ਬਾਰੇ ਵੀ ਜਾਣਕਾਰੀ ਦਿੰਦਾ ਹੈ, ਫਸਲਾਂ ਦੀ ਸਿਹਤ ਦੇ ਅੰਕੜਿਆਂ ਨੂੰ ਏਕੀਕ੍ਰਿਤ ਕਰਦਾ ਹੈ ਅਤੇ ਸਟੀਕ ਜਾਣਕਾਰੀ ਪ੍ਰਦਾਨ ਕਰਦਾ ਹੈ," 

ਸ਼੍ਰੀ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੁਆਰਾ ਅਪਲੋਡ ਕੀਤੀਆਂ ਗਈਆਂ ਫੋਟੋਆਂ ਤੋਂ ਕੀੜਿਆਂ ਦਾ ਪਤਾ ਲਗਾਉਣ ਅਤੇ ਕਣਕ ਦੀ ਅਸਲ-ਸਮੇਂ ਦੀ ਨਿਗਰਾਨੀ, ਬਿਜਾਈ ਅਤੇ ਕਟਾਈ ਦੇ ਖੇਤਰ ਦੇ ਅਨੁਮਾਨ ਲਈ ਟੈਕਨੋਲੋਜੀਆਂ ਵਿਕਸਿਤ ਕੀਤੀਆਂ ਗਈਆਂ ਹਨ। ਖੇਤੀਬਾੜੀ ਮੰਤਰਾਲੇ ਦੇ ਅੰਕੜੇ ਹੁਣ NRSC ਦੇ CROP ਫਰੇਮਵਰਕ (ਫਸਲ ਪ੍ਰਗਤੀ 'ਤੇ ਵਿਆਪਕ ਰਿਮੋਟ ਸੈਂਸਿੰਗ ਨਿਰੀਖਣ) ਨਾਲ ਮੇਲ ਖਾਂਦੇ ਹਨ। NASA-ISRO ਦੇ NISAR ਮਿਸ਼ਨ ਦੇ ਨਾਲ, ਛੋਟੇ ਪਲਾਟਾਂ ਤੋਂ ਲੈ ਕੇ ਵੱਡੇ ਟ੍ਰੈਕਟ ਤੱਕ - ਮਿੱਟੀ ਦੀ ਨਮੀ, ਫਸਲ ਦੀ ਸਿਹਤ ਅਤੇ ਬਾਇਓਮਾਸ ਦੇ ਸਹੀ ਅਨੁਮਾਨ ਸੰਭਵ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਪਹਿਲਾਂ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਬਾਰੇ ਚਿੰਤਾਵਾਂ ਵਿੱਚ ਕ੍ਰੋਪ ਕਟਿੰਗ ਐਕਸਪੀਰੀਐਂਸ ਸਹੀ ਨਹੀਂ ਹੁੰਦੇ, ਪਾਰਦਰਸ਼ਤਾ ਦੀ ਘਾਟ ਸ਼ਾਮਲ ਸੀ। ਉਨ੍ਹਾਂ ਕਿਹਾ ਕਿ "ਕਈ ਵਾਰ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ, ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਸੀ, ਜਦੋਂ ਕਿ ਪ੍ਰਭਾਵਿਤ ਨਾ ਹੋਏ ਕਿਸਾਨਾਂ ਨੂੰ ਮਿਲਦਾ ਸੀ। ਪਰ ਸੈਟੇਲਾਈਟ-ਅਧਾਰਤ ਰਿਮੋਟ ਸੈਂਸਿੰਗ ਨਾਲ, ਹੁਣ ਫਸਲਾਂ ਦੇ ਨੁਕਸਾਨ ਦਾ ਸਹੀ ਮੁਲਾਂਕਣ ਕੀਤਾ ਜਾ ਸਕਦਾ ਹੈ, ਜਿਸ ਨਾਲ ਸੈਟੇਲਾਈਟ ਤਸਵੀਰਾਂ ਰਾਹੀਂ ਸਹੀ ਮੁਆਵਜ਼ਾ ਮਿਲ ਸਕਦਾ ਹੈ," 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਾੜ ਵਿਗਿਆਨ ਵਧਦੇ ਤਾਪਮਾਨ, ਤੂਫਾਨਾਂ ਜਾਂ ਸੋਕੇ ਦੌਰਾਨ ਸਮੇਂ ਸਿਰ ਚੇਤਾਵਨੀਆਂ ਦੇਣ ਵਿੱਚ ਸਹਾਇਤਾ ਕਰਦਾ ਹੈ, ਆਫ਼ਤ ਪ੍ਰਬੰਧਨ ਅਤੇ ਫਸਲ ਸੁਰੱਖਿਆ ਵਿੱਚ ਮਦਦ ਕਰਦਾ ਹੈ। ਜਾਣਕਾਰੀ ਸਿੱਧੇ ਕਿਸਾਨਾਂ ਤੱਕ ਪਹੁੰਚਣੀ ਚਾਹੀਦੀ ਹੈ, ਅਤੇ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ' ਖੇਤੀਬਾੜੀ ਵਿੱਚ ਵਿਗਿਆਨਕ ਪ੍ਰਾਪਤੀਆਂ ਨੂੰ ਸਿੱਧੇ ਕਿਸਾਨਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤਾ ਗਿਆ ਸੀ।

ਸ਼੍ਰੀ ਚੌਹਾਨ ਨੇ ਕਿਹਾ ਕਿ "ਸਾਡੀ ਮੌਜੂਦਾ ਚੁਣੌਤੀ ਕਿਸਾਨਾਂ ਨੂੰ ਅਸਲ-ਸਮੇਂ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਪਣੇ ਖੇਤੀਬਾੜੀ ਸਬੰਧੀ ਫੈਸਲਿਆਂ ਵਿੱਚ ਲਾਭ ਪ੍ਰਾਪਤ ਕਰ ਸਕਣ। ਮੈਨੂੰ ਸਾਡੇ ਵਿਗਿਆਨੀਆਂ ਦੀਆਂ ਯੋਗਤਾਵਾਂ 'ਤੇ ਪੂਰਾ ਵਿਸ਼ਵਾਸ ਹੈ," ਉਨ੍ਹਾਂ ਨੇ ਕਿਹਾ ਕਿ ਮੁਹਿੰਮ ਦੌਰਾਨ ਕਿਸਾਨਾਂ ਨੇ ਕਈ ਵਿਹਾਰਕ ਮੰਗਾਂ ਉਠਾਈਆਂ, ਜਿਨ੍ਹਾਂ ਵਿੱਚ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਸਮੱਗਰੀ ਦੀ ਪਛਾਣ ਕਰਨ ਲਈ ਯੰਤਰਾਂ ਦੀ ਬੇਨਤੀ ਸ਼ਾਮਲ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ"ਇਹ ਇੱਕ ਗੰਭੀਰ ਮੁੱਦਾ ਹੈ ਕਿਉਂਕਿ ਕਿਸਾਨ ਨੁਕਸਾਨ ਝੱਲ ਰਹੇ ਹਨ। ਸੋਇਆਬੀਨ ਦੇ ਖੇਤਾਂ ਵਿੱਚ, ਕੀਟਨਾਸ਼ਕਾਂ ਦੀ ਵਰਤੋਂ ਨੇ ਫਸਲਾਂ ਨੂੰ ਸਾੜ ਦਿੱਤਾ ਹੈ। ਮੈਂ ਵਿਗਿਆਨੀਆਂ ਨੂੰ ਇਸ 'ਤੇ ਤੁਰੰਤ ਕੰਮ ਕਰਨ ਦੀ ਤਾਕੀਦ ਕਰਦਾ ਹਾਂ,"

ਸ਼੍ਰੀ ਚੌਹਾਨ ਨੇ ਸਪੱਸ਼ਟ ਕੀਤਾ ਕਿ ਵਿਗਿਆਨ ਤੋਂ ਉਨ੍ਹਾਂ ਦਾ ਮਤਲਬ ਸਿਰਫ਼ ਪੁਲਾੜ ਵਿਗਿਆਨ ਨਹੀਂ ਹੈ। “ਜਿੱਥੇ ਵੀ ਪੁਲਾੜ ਵਿਗਿਆਨ ਲਾਭਦਾਇਕ ਹੈ, ਉਸਨੂੰ ਲਾਗੂ ਕਰੋ। ਪਰ ਇਸਦੇ ਨਾਲ, ਹੋਰ ਖੇਤੀਬਾੜੀ ਵਿਗਿਆਨਾਂ ਵਿੱਚ ਖੋਜ ਅਤੇ ਪ੍ਰਯੋਗ ਪ੍ਰਗਤੀ ਦੇ ਨਵੇਂ ਪਹਿਲੂਆਂ ਨੂੰ ਪਰਿਭਾਸ਼ਿਤ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁਹਿੰਮ ਤੋਂ ਲਗਭਗ 500 ਨਵੇਂ ਖੋਜ ਵਿਸ਼ੇ ਉਭਰ ਕੇ ਸਾਹਮਣੇ ਆਏ ਹਨ, ਅਤੇ ਇਨ੍ਹਾਂ 'ਤੇ ਕੰਮ ਕਰਨ ਦੀ ਲੋੜ ਹੈ। 'ਇੱਕ ਰਾਸ਼ਟਰ - ਇੱਕ ਟੀਮ - ਇੱਕ ਟੀਚਾ' ਦੀ ਭਾਵਨਾ ਨਾਲ ਅੱਗੇ ਵਧੋ। ਇੱਕ ਟੀਮ ਨੂੰ ਤਰਕਪੂਰਨ ਨਤੀਜੇ ਪ੍ਰਾਪਤ ਕਰਨ ਲਈ ਇੱਕ ਵਿਸ਼ੇ 'ਤੇ ਖੋਜ ਨੂੰ ਕੇਂਦਰਿਤ ਕਰਨਾ ਚਾਹੀਦਾ ਹੈ, ”

ਸ਼੍ਰੀ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ "ਵਿਗਿਆਨ ਅਤੇ ਟੈਕਨੋਲੋਜੀ ਰਾਹੀਂ, ਅਸੀਂ ਕਿਸਾਨਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ - ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਛੋਟੇ ਕਿਸਾਨਾਂ ਦੇ ਪਲਾਟਾਂ ਲਈ ਪ੍ਰਭਾਵਸ਼ਾਲੀ ਕਦਮਾਂ ਦੀ ਲੋੜ ਹੈ, ਗੰਨੇ ਅਤੇ ਕਪਾਹ ਵਿੱਚ ਵਾਇਰਸ ਦੇ ਹਮਲਿਆਂ ਲਈ ਹੱਲ ਲੱਭਣੇ ਚਾਹੀਦੇ ਹਨ, ਅਤੇ ਦਾਲਾਂ, ਤੇਲ ਬੀਜਾਂ ਅਤੇ ਸੋਇਆਬੀਨ ਦੀ ਉਤਪਾਦਕਤਾ ਵਧਾਉਣੀ ਚਾਹੀਦੀ ਹੈ," 

ਸ਼੍ਰੀ ਚੌਹਾਨ ਨੇ ਭਾਰਤ ਦੀਆਂ ਪੁਲਾੜ ਪ੍ਰਾਪਤੀਆਂ 'ਤੇ ਮਾਣ ਪ੍ਰਗਟ ਕਰਦੇ ਹੋਏ ਕਿਹਾ, "ਅੱਜ ਦੁਨੀਆ ਪੁਲਾੜ ਵਿੱਚ ਸਾਡੀਆਂ ਪ੍ਰਾਪਤੀਆਂ ਤੋਂ ਹੈਰਾਨ ਹੈ। ਮੈਂ ਪੁਲਾੜ ਯਾਤਰੀ ਸ਼੍ਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਸਫਲ ਮਿਸ਼ਨ ਨੇ ਇਸ ਖੇਤਰ ਵਿੱਚ ਤੇਜ਼ ਤਰੱਕੀ ਲਈ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਹ ਮਿਸ਼ਨ ਹਮੇਸ਼ਾ ਮਨੁੱਖਤਾ ਲਈ ਸ਼ੁਭ ਰਹੇਗਾ।"

ਇਹ ਦੱਸਦੇ ਹੋਏ ਕਿ ਭਾਰਤ ਦੀ ਵਿਗਿਆਨਕ ਪਰੰਪਰਾ ਪ੍ਰਾਚੀਨ ਹੈ, ਉਨ੍ਹਾਂ ਕਿਹਾ ਕਿ, "ਅਸੀਂ ਦੂਜਿਆਂ ਤੋਂ ਨਹੀਂ ਸਿੱਖਿਆ ਸਗੋਂ ਦੁਨੀਆ ਨੂੰ ਸਿਖਾਇਆ ਹੈ। ਹਜ਼ਾਰਾਂ ਸਾਲ ਪਹਿਲਾਂ, ਆਰੀਆਭੱਟ ਨੇ ਗਣਿਤ ਅਤੇ ਖਗੋਲ ਵਿਗਿਆਨ ਦੀ ਨੀਂਹ ਰੱਖੀ ਸੀ। ਅਸੀਂ ਉਸ ਪਰੰਪਰਾ ਨੂੰ ਅੱਗੇ ਵਧਾ ਰਹੇ ਹਾਂ। ਚੰਦ੍ਰਯਾਨ  ਦਾ ਚੰਦ੍ਰਮਾ  ਦੇ ਦੱਖਣੀ ਧਰੁਵ 'ਤੇ ਉਤਰਨਾ ਬਹੁਤ ਮਾਣ ਵਾਲੀ ਗੱਲ ਹੈ। ਅੱਜ ਅਸੀਂ ਗਗਨਯਾਨ ਦੀ ਤਿਆਰੀ ਕਰ ਰਹੇ ਹਾਂ, ਅਤੇ ਸਾਡਾ ਦੇਸ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।"

ਕੇਂਦਰੀ ਮੰਤਰੀ ਨੇ ਵਿਗਿਆਨੀਆਂ ਨੂੰ ਖੇਤੀਬਾੜੀ ਵਿੱਚ ਪੁਲਾੜ ਟੈਕਨੋਲੋਜੀ - ਅਤੀਤ ਅਤੇ ਭਵਿੱਖ - ਖੇਤੀਬਾੜੀ ਸਰਵੇਖਣ, ਪਸ਼ੂਧਨ, ਬਾਗਬਾਨੀ, ਕੁਦਰਤੀ ਸਰੋਤ ਪ੍ਰਬੰਧਨ ਅਤੇ ਵੱਖ-ਵੱਖ ਫਸਲਾਂ ਵਰਗੇ ਵਿਸ਼ਿਆਂ 'ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਅੱਜ ਦੇ ਸੈਸ਼ਨ ਵਿੱਚ ਸਾਂਝੇ ਕੀਤੇ ਗਏ ਵਿਚਾਰ ਖੇਤੀਬਾੜੀ ਵਿਕਾਸ ਲਈ ਇੱਕ ਅੰਮ੍ਰਿਤ ਰੂਪੀ ਰੋਡਮੈਪ ਪ੍ਰਦਾਨ ਕਰਨਗੇ।"

ਸ਼੍ਰੀ ਚੌਹਾਨ ਨੇ ਰਾਸ਼ਟਰੀ ਪੁਲਾੜ ਦਿਵਸ 'ਤੇ ਵਧਾਈਆਂ ਦਿੱਤੀਆਂ, ਸਾਰਿਆਂ ਨੂੰ ਖੇਤੀਬਾੜੀ, ਪਸ਼ੂ ਪਾਲਣ ਅਤੇ ਖੇਤੀਬਾੜੀ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ ਤਾਂ ਜੋ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਉਨ੍ਹਾਂ ਨੇ ਕਿਹਾ ਕਿ "ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਸਾਡੇ ਵਿਗਿਆਨੀਆਂ ਦੀ ਸਮਰੱਥਾ ਅਸਾਧਾਰਨ ਹੈ, ਅਤੇ ਮੈਂ ਉਨ੍ਹਾਂ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੇ ਹੁਨਰ ਅਤੇ ਯੋਗਤਾ ਨਾਲ ਸ਼ਾਨਦਾਰ ਮੀਲ ਪੱਥਰ ਪ੍ਰਾਪਤ ਕਰਦੇ ਰਹਿਣਗੇ," 

************

ਆਰਸੀ/ਕੇਐਸਆਰ/ਏਆਰ


(Release ID: 2160254)