ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕੇਰਲ ਦੇ ਕੋਚੀ ਵਿੱਚ ਮਨੋਰਮਾ ਨਿਊਜ਼ ਕਨਕਲੇਵ - 2025 ਨੂੰ ਸੰਬੋਧਨ ਕੀਤਾ
ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਦੇਸ਼ ਵਿੱਚ ਜਾਤੀਵਾਦ, ਪਰਿਵਾਰਵਾਦ (ਭਾਈ-ਭਤੀਜਾਵਾਦ) ਅਤੇ ਤੁਸ਼ਟੀਕਰਣ ਦੀ ਥਾਂ ਪਰਫੋਰਮੈਂਸ ਦੀ ਰਾਜਨੀਤੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ
ਜਦੋਂ ਤੱਕ ਭਾਰਤ ਮਹਾਨ ਨਹੀਂ ਬਣ ਜਾਂਦਾ, ਤਦ ਤਕ ਅਸੀਂ ਆਰਾਮ ਨਹੀਂ ਕਰਾਂਗੇ
ਜਦੋਂ ਵੀ ਹੱਦਬੰਦੀ ਹੋਵੇਗੀ , ਦੱਖਣੀ ਰਾਜਾਂ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਵੇਗੀ
ਖੱਬੇ ਪੱਖੀ ਵਿਚਾਰਧਾਰਾ ਤੋਂ ਪੈਦਾ ਹੋਣ ਵਾਲਾ ਸਥਿਰ ਵਿਕਾਸ ਮਾਡਲ ਕੇਰਲ ਦੇ ਵਿਕਾਸ ਵਿੱਚ ਰੁਕਾਵਟ ਪਾ ਰਿਹਾ ਹੈ
ਵੋਟ ਬੈਂਕ ਦੀ ਰਾਜਨੀਤੀ ਕਾਰਨ, ਕੇਰਲ ਵਿੱਚ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਹੈ, ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਹੇਠਲੇ ਪੱਧਰ ਤੱਕ ਪਹੁੰਚ ਗਈ ਹੈ; ਸਾਡੀ ਪਾਰਟੀ ਇਸ ਸਥਿਤੀ ਨੂੰ ਸੁਧਾਰੇਗੀ।
ਕੇਰਲ ਸਰਕਾਰ ਨੇ ਸਮੇਂ ਸਿਰ PFI ਵਰਗੇ ਸੰਗਠਨਾਂ ਨੂੰ ਕਿਉਂ ਨਹੀਂ ਰੋਕਿਆ? ਜੇਕਰ ਮੋਦੀ ਸਰਕਾਰ ਨਾ ਹੁੰਦੀ, ਤਾਂ ਸ਼ਾਇਦ ਕੇਰਲ ਸਰਕਾਰ PFI 'ਤੇ ਪਾਬੰਦੀ ਨਾ ਲਗਾਉਂਦੀ
ਕੇਰਲ ਦੇ ਲੋਕਾਂ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਹੈ ਕਿ ਉਹ ਇੱਕ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਜਨਤਾ ਲਈ ਕੰਮ ਕਰੇ, ਨਾ ਕਿ ਕੈਡਰਾਂ ਲਈ ਕੰਮ ਕਰਨ ਵਾਲੀ
ਮੋਦੀ ਜੀ ਰਾਜਨੀਤੀ ਵਿੱਚ ਪਰਿਵਾਰ ਅਤੇ ਘਰ ਤਿਆਗ ਕੇ ਦੇਸ਼ ਦੀ ਸੇਵਾ ਦੀ ਇੱਕ ਆਦਰਸ਼ ਉਦਾਹਰਣ ਹਨ
ਸਾਲ 2004 ਅਤੇ 2014 ਦੇ ਦਰਮਿਆਨ, ਕੇਂਦਰ ਸਰਕਾਰ ਨੇ ਆਫ਼ਤ ਪ੍ਰਬੰਧਨ ਲਈ 1,342 ਕਰੋੜ ਰੁਪਏ ਪ੍ਰਦਾਨ ਕੀਤੇ
Posted On:
22 AUG 2025 4:42PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਕੇਰਲ ਦੇ ਕੋਚੀ ਵਿੱਚ ਮਨੋਰਮਾ ਨਿਊਜ਼ ਕਨਕਲੇਵ 2025 ਨੂੰ ਸੰਬੋਧਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਚੰਗੇ ਇਰਾਦਿਆਂ ਨਾਲ ਬਹੁ-ਪਾਰਟੀ ਸੰਸਦੀ ਲੋਕਤੰਤਰੀ ਪ੍ਰਣਾਲੀ ਅਪਣਾਏ ਜਾਣ ਦੇ ਬਾਵਜੂਦ, ਆਜ਼ਾਦੀ ਦੇ ਤੀਜੇ ਦਹਾਕੇ ਤੋਂ ਕਈ ਖਾਮੀਆਂ ਨੇ ਲੋਕਤੰਤਰੀ ਪ੍ਰਕਿਰਿਆ ਨੂੰ ਪ੍ਰਦੂਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਾਤੀਵਾਦ, ਪਰਿਵਾਰਵਾਦ ਦੀ ਰਾਜਨੀਤੀ ਅਤੇ ਤੁਸ਼ਟੀਕਰਣ ਦੇ ਰੂਪ ਵਿਚ ਤਿੰਨ ਮੁੱਦੇ ਤਿੱਖੇ ਜ਼ਖ਼ਮ (ਨਾਸੂਰ) ਵਾਂਗ ਪ੍ਰਭਾਵਿਤ ਕਰ ਰਹੇ ਸਨ। ਇਸ ਤੋਂ ਇਲਾਵਾ, ਚੌਥਾ ਮੁੱਦਾ ਭ੍ਰਿਸ਼ਟਾਚਾਰ ਸੀ ਜੋਂ ਨਾ ਸਿਰਫ਼ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਪਾ ਰਿਹਾ ਸੀ, ਸਗੋਂ ਲੋਕਾਂ ਦੇ ਜਨਾਦੇਸ਼ ਦਾ ਮਜ਼ਾਕ ਵੀ ਉਡਾ ਰਿਹਾ ਸੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸਥਿਰਤਾ ਦੇ ਮਾਹੌਲ ਕਾਰਨ, ਦੇਸ਼ ਲੰਬੇ ਸਮੇਂ ਦੀਆਂ ਨੀਤੀਆਂ ਤੋਂ ਵਾਂਝਾ ਰਹਿ ਗਿਆ। 2014 ਵਿੱਚ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਜਾਤੀਵਾਦ, ਪਰਿਵਾਰਵਾਦ ਦੀ ਰਾਜਨੀਤੀ ਅਤੇ ਤੁਸ਼ਟੀਕਰਣ ਦੀ ਥਾਂ ਲੈ ਕੇ ਪ੍ਰਦਰਸ਼ਨ ਦੀ ਰਾਜਨੀਤੀ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ, ਅਤੇ ਅੱਜ ਪੂਰਾ ਦੇਸ਼ ਇਸ ਤਬਦੀਲੀ ਦਾ ਅਨੁਭਵ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਪ੍ਰਣਾਲੀਗਤ ਅਤੇ ਨੀਤੀਗਤ ਉਪਾਵਾਂ ਰਾਹੀਂ ਸਫਲਤਾਪੂਰਵਕ ਖਤਮ ਕੀਤਾ ਹੈ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਸਥਿਰਤਾ ਦੇ ਕਾਰਨ, ਭਾਵੇਂ ਇਹ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇ, ਬੁਨਿਆਦੀ ਢਾਂਚੇ ਦੇ ਵਿਕਾਸ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰਨਾ ਹੋਵੇ, ਜਾਂ ਦੇਸ਼ ਨੂੰ ਖੁਸ਼ਹਾਲ ਬਣਾਉਣਾ ਹੋਵੇ, ਪ੍ਰਧਾਨ ਮੰਤਰੀ ਮੋਦੀ ਨੇ ਹਰ ਖੇਤਰ ਵਿੱਚ ਲੰਬੇ ਸਮੇਂ ਦੀਆਂ ਅਤੇ ਸਪੱਸ਼ਟ ਨੀਤੀਆਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਗਿਆਰਾਂ ਵਰ੍ਹਿਆਂ ਪਹਿਲਾਂ, ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਸੀ: ਇਸ ਰਾਸ਼ਟਰ ਦਾ ਭਵਿੱਖ ਕੀ ਹੋਵੇਗਾ? ਅੱਜ, 140 ਕਰੋੜ ਲੋਕਾਂ ਦੇ ਮਨਾਂ ਵਿੱਚ ਕੋਈ ਉਲਝਣ ਨਹੀਂ ਹੈ। ਹਰ ਕੋਈ ਮੰਨਦਾ ਹੈ ਕਿ 2047 ਤੱਕ, ਭਾਰਤ ਵਿਸ਼ਵ ਵਿੱਚ ਸਭ ਤੋਂ ਅੱਗੇ ਹੋਵੇਗਾ, ਅਤੇ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਹਿਲਾਂ, ਦੇਸ਼ ਆਰਥਿਕ ਅਸਥਿਰਤਾ ਦਾ ਸ਼ਿਕਾਰ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਾਡੀ ਅਰਥਵਿਵਸਥਾ ਨੂੰ ਵਿਸ਼ਵ ਪੱਧਰ 'ਤੇ 11ਵੇਂ ਸਥਾਨ 'ਤੇ ਸਫਲਤਾਪੂਰਵਕ ਲਿਆਂਦਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ਲਾਘਾਯੋਗ ਕੰਮ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਅਰਥਵਿਵਸਥਾ 11ਵੇਂ ਸਥਾਨ ਤੋਂ 12ਵੇਂ ਸਥਾਨ 'ਤੇ ਨਾ ਖਿਸਕ ਜਾਵੇ, ਆਪਣੀ ਸਥਿਰਤਾ ਬਣਾਈ ਰੱਖੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 11ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸਾਡੀ ਅਰਥਵਿਵਸਥਾ ਨੂੰ 11ਵੇਂ ਸਥਾਨ ਤੋਂ ਉੱਚਾ ਕਰਕੇ ਦੁਨੀਆ ਦੀਆਂ ਟੌਪ ਦੀਆਂ ਚਾਰ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਾਇਆ ਹੈ। ਹਰ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ, ਭਾਵੇਂ ਇਹ ਬੁਨਿਆਦੀ ਢਾਂਚਾ ਵਿਕਾਸ ਹੋਵੇ, ਅਗਲੇ 25ਵਰ੍ਹਿਆਂ ਵਿੱਚ ਵਿਸ਼ਵ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਨਵੀਆਂ ਅਰਥਵਿਵਸਥਾਵਾਂ ਅਤੇ ਟੈਕਨੋਲੋਜੀਆਂ ਵਿੱਚ ਮੋਹਰੀ ਬਣਨਾ ਹੋਵੇ, ਜਾਂ ਨੌਜਵਾਨਾਂ ਲਈ ਸਟਾਰਟ-ਅੱਪਸ ਲਈ ਇੱਕ ਮਜ਼ਬੂਤ ਸਹਾਇਤਾ ਪ੍ਰਣਾਲੀ ਸਥਾਪਿਤ ਕਰਕੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਆਪਣੇ ਆਪ ਨੂੰ ਪੇਸ਼ ਕਰਨ ਦੇ ਮੌਕੇ ਪ੍ਰਦਾਨ ਕਰਨ ਹੋਵੇ। ਇਨ੍ਹਾਂ ਦਿਸ਼ਾਵਾਂ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਰ ਖੇਤਰ ਵਿੱਚ ਸੁਧਾਰ ਲਾਗੂ ਕੀਤੇ ਹਨ, ਨਿਰਣਾਇਕ ਕਾਰਵਾਈਆਂ ਕੀਤੀਆਂ ਹਨ, ਅਤੇ ਜੀਐੱਸਟੀ ਜਿਹੇ ਅਸੰਭਵ ਜਾਪਦੇ ਕੰਮਾਂ ਨੂੰ ਘੱਟੋ-ਘੱਟ ਵਿਵਾਦ ਅਤੇ ਮਿਸਾਲੀ ਢੰਗ ਨਾਲ ਪੂਰਾ ਕੀਤਾ ਹੈ। ਨਤੀਜੇ ਵਜੋਂ, ਦੇਸ਼ ਦੀ ਅਰਥਵਿਵਸਥਾ ਹੁਣ ਦੁਨੀਆ ਦੀਆਂ ਟੌਪ ਦੀਆਂ ਚਾਰ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸੁਰੱਖਿਆ ਮੋਰਚੇ 'ਤੇ, ਸੈਨਾ ਦਾ ਪੂਰੀ ਤਰ੍ਹਾਂ ਨਾਲ ਆਧੁਨਿਕੀਕਰਣ ਕੀਤਾ ਗਿਆ ਹੈ, ਰੱਖਿਆ ਆਧੁਨਿਕੀਕਰਣ ਵਿੱਚ ਸਵੈ-ਨਿਰਭਰਤਾ 'ਤੇ ਜ਼ੋਰ ਦਿੱਤਾ ਗਿਆ ਹੈ, ਅਤੇ ਅੰਦਰੂਨੀ ਸੁਰੱਖਿਆ ਲਈ ਮਜ਼ਬੂਤ ਅਤੇ ਟਿਕਾਊ ਨੀਤੀਆਂ ਸਥਾਪਿਤ ਕੀਤੀਆਂ ਗਈਆਂ ਹਨ।
ਗ੍ਰਹਿ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ, ਖੱਬੇ-ਪੱਖੀ ਅਤਿਵਾਦ ਅਤੇ ਜੰਮੂ-ਕਸ਼ਮੀਰ ਅੰਦਰੂਨੀ ਸੁਰੱਖਿਆ ਲਈ ਲਗਾਤਾਰ ਚੁਣੌਤੀਆਂ ਸਨ। ਇਨ੍ਹਾਂ ਤਿੰਨਾਂ ਖੇਤਰਾਂ ਵਿੱਚ, ਹਿੰਸਕ ਘਟਨਾਵਾਂ ਵਿੱਚ 70 ਪ੍ਰਤੀਸ਼ਤ ਕਮੀ ਆਈ ਹੈ, ਮੌਤ ਦਰ ਵਿੱਚ 70 ਪ੍ਰਤੀਸ਼ਤ ਦੀ ਕਮੀ ਆਈ ਹੈ ਅਤੇ ਸੁਰੱਖਿਆ ਬਲਾਂ ਦੀਆਂ ਮੌਤਾਂ ਵਿੱਚ 74 ਪ੍ਰਤੀਸ਼ਤ ਕਮੀ ਆਈ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਦੇਸ਼ ਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਬਹੁਤ ਘੱਟ ਸਮੇਂ ਵਿੱਚ, ਅਸੀਂ ਇਨ੍ਹਾਂ ਤਿੰਨਾਂ ਸਮੱਸਿਆਵਾਂ ਤੋਂ ਸਥਾਈ ਤੌਰ 'ਤੇ ਮੁਕਤ ਹੋ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਵਾਸ ਪ੍ਰਧਾਨ ਮੰਤਰੀ ਮੋਦੀ ਦੁਆਰਾ ਦਿੱਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਅੱਤਵਾਦ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਤੰਤਰ ਵਿਕਸਿਤ ਕੀਤਾ ਹੈ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੇ ਤਿੰਨ ਕਾਰਜਕਾਲਾਂ ਦੌਰਾਨ, ਸਰਹੱਦ ਪਾਰ ਤੋਂ ਹਮਲੇ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ - ਪਹਿਲਾਂ ਉਰੀ, ਫਿਰ ਪੁਲਵਾਮਾ ਅਤੇ ਫਿਰ ਪਹਿਲਗਾਮ। ਹਰ ਵਾਰ, ਅਸੀਂ ਫੈਸਲਾਕੁੰਨ ਜਵਾਬ ਦਿੱਤਾ। ਪਹਿਲਾਂ ਸਰਜੀਕਲ ਸਟ੍ਰਾਈਕ, ਫਿਰ ਏਅਰ ਸਟ੍ਰਾਈਕ ,ਅਤੇ ਇਸ ਵਾਰ 'ਆਪ੍ਰੇਸ਼ਨ ਸਿੰਦੂਰ' ਨਾਲ, ਨਾ ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾਖਲ ਹੋਈ ਸਗੋਂ ਪਾਕਿਸਤਾਨ ਵਿੱਚ ਦਾਖਲ ਹੋ ਕਰ ਭਾਰਤੀ ਸੈਨਾ ਨੇ ਆਤੰਕਵਾਦੀਆਂ ਦੇ ਹੈੱਡਕੁਆਰਟਰ ਨੂੰ ਤਬਾਹ ਕਰਨ ਦਾ ਕੰਮ ਕੀਤਾ। ਇਸ ਨਾਲ ਪੂਰੀ ਦੁਨੀਆ ਨੂੰ ਇੱਕ ਸ਼ਸਕਤ ਸੁਨੇਹਾ ਦਿੱਤਾ ਗਿਆ।
ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦਾ ਇਤਿਹਾਸ ਦੁਬਾਰਾ ਲਿਖਿਆ ਜਾਵੇਗਾ, ਤਾਂ ਨਰੇਂਦਰ ਮੋਦੀ ਜੀ ਦੇ ਸ਼ਾਸਨ ਦੇ 11 ਸਾਲ ਸ਼ਾਂਤੀ ਅਤੇ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕੇਰਲ, ਜਿੱਥੇ ਇਹ 11 ਸਾਲ ਪਹਿਲਾਂ ਖੜ੍ਹਾ ਸੀ, ਅੱਜ ਵੀ ਉਸੇ ਸਥਿਤੀ ਵਿੱਚ ਹੈ। ਕੇਰਲ ਵਿੱਚ ਅਥਾਹ ਸੰਭਾਵਨਾਵਾਂ ਹਨ, ਪਰ ਇੱਕ ਅਜੀਬ ਕਿਸਮ ਦੀ ਵਿਚਾਰਧਾਰਕ ਉਦਾਸੀਨਤਾ ਇਨ੍ਹਾਂ ਮੌਕਿਆਂ ਦੀ ਖੋਜ ਅਤੇ ਵਰਤੋਂ ਵਿੱਚ ਰੁਕਾਵਟ ਪਾ ਰਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਖੱਬੇ ਪੱਖੀ ਵਿਚਾਰਧਾਰਾ ਤੋਂ ਪੈਦਾ ਹੋਇਆ ਉਦਾਸੀਨ ਵਿਕਾਸ ਮਾਡਲ ਕੇਰਲ ਦੀ ਤਰੱਕੀ ਵਿੱਚ ਰੁਕਾਵਟ ਪਾ ਰਿਹਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ, ਕੇਰਲ ਵੀ ਵਿਕਾਸ ਦੀ ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਇੱਕ ਮੁਹਿੰਮ ਸ਼ੁਰੂ ਕਰੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਰਲ ਦੇ ਲੋਕ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਦੇ। ਵੋਟ ਬੈਂਕ ਦੀ ਰਾਜਨੀਤੀ ਕਾਰਨ ਇੱਥੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਵੀ ਹੇਠਲੇ ਪੱਧਰ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪੀਐੱਫਆਈ ਨਾਮ ਦਾ ਇੱਕ ਸੰਗਠਨ ਕੇਰਲ ਤੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਗੁਜਰਾਤ ਤੱਕ ਫੈਲ ਗਿਆ ਹੈ। ਸ਼੍ਰੀ ਸ਼ਾਹ ਨੇ ਸਵਾਲ ਕੀਤਾ ਕਿ ਇਸ ਸੰਗਠਨ ਨੂੰ ਸਮੇਂ ਸਿਰ ਕਿਉਂ ਨਹੀਂ ਰੋਕਿਆ ਗਿਆ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਜੇਕਰ ਮੋਦੀ ਸਰਕਾਰ ਸੱਤਾ ਵਿੱਚ ਨਾ ਹੁੰਦੀ, ਤਾਂ ਸ਼ਾਇਦ ਕੇਰਲ ਸਰਕਾਰ ਅਜੇ ਵੀ ਪੀਐੱਫਆਈ 'ਤੇ ਪਾਬੰਦੀ ਨਾ ਲਗਾਉਂਦੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕੇਰਲ ਦੇਸ਼ ਦਾ ਸਭ ਤੋਂ ਵੱਧ ਸਾਖਰਤਾ ਵਾਲਾ ਰਾਜ ਹੈ, ਜਿੱਥੇ ਸਾਖਰਤਾ ਦਰ 100 ਪ੍ਰਤੀਸ਼ਤ ਹੈ, ਫਿਰ ਵੀ ਇੱਥੇ ਇੰਨੀ ਜ਼ਿਆਦਾ ਬੇਰੋਜ਼ਗਾਰੀ ਕਿਉਂ ਹੈ? ਉਨ੍ਹਾਂ ਨੇ ਕਿਹਾ ਕਿ ਕੇਰਲ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਸਾਖਰਤਾ ਦਰ ਹੈ, ਅਤੇ ਬੇਰੋਜ਼ਗਾਰੀ ਵੀ ਸਭ ਤੋਂ ਵੱਧ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਕੇਰਲ ਵਿੱਚ ਅਥਾਹ ਸੰਭਾਵਨਾਵਾਂ ਹਨ, ਪਰ ਇਸਦਾ ਲਾਭ ਨਹੀਂ ਲਿਆ ਗਿਆ ਹੈ। ਕੇਰਲ ਦੇ ਲੋਕ ਵਿਕਾਸ ਲਈ ਆਈਟੀ, ਸੈਮੀ-ਕੰਡਕਟਰ, ਬੰਦਰਗਾਹ ਅਤੇ ਗਿਆਨ-ਅਧਾਰਿਤ ਉਦਯੋਗਾਂ ਦੀ ਸਥਾਪਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ, ਧਿਆਨ ਸਿਰਫ ਕੇਡਰ ਨੂੰ ਲਾਭ ਪਹੁੰਚਾਉਣ 'ਤੇ ਰਿਹਾ ਹੈ, ਜਨਤਾ ਨੂੰ ਨਹੀਂ। ਸ਼੍ਰੀ ਸ਼ਾਹ ਨੇ ਕਿਹਾ ਕਿ ਕੇਰਲ ਦੇ ਲੋਕਾਂ ਨੇ ਹੁਣ ਫੈਸਲਾ ਕਰ ਲਿਆ ਹੈ ਕਿ ਉਹ ਕੇਡਰ ਦੀ ਸੇਵਾ ਕਰਨ ਵਾਲੀ ਸਰਕਾਰ ਨਹੀਂ ਇੱਕ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਲੋਕਾਂ ਲਈ ਕੰਮ ਕਰੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ ਬਣਾਇਆ ਗਿਆ ਵਿਕਾਸ ਮਾਡਲ ਜਾਤੀਵਾਦ ਅਤੇ ਤੁਸ਼ਟੀਕਰਣ ਤੋਂ ਮੁਕਤ ਰਾਜਨੀਤੀ ਦਾ ਇੱਕ ਮਾਡਲ ਹੈ, ਜਿਸ ਨੂੰ 'ਪਰਫੋਰਮੈਂਸ ਦੀ ਰਾਜਨੀਤੀ' ਕਿਹਾ ਜਾ ਸਕਦਾ ਹੈ। ਕੇਰਲ ਦੇ ਨੌਜਵਾਨ 'ਪਰਫੋਰਮੈਂਸ ਦੀ ਇਸ ਰਾਜਨੀਤੀ ਨਾਲ ਅੱਗੇ ਵਧਣਗੇ। ਉਨ੍ਹਾਂ ਵ੍ ਕਿਹਾ ਕਿ 2004 ਤੋਂ 2014 ਤੱਕ, ਕੇਂਦਰ ਸਰਕਾਰ ਨੇ ਕੇਰਲ ਨੂੰ ਆਫ਼ਤ ਪ੍ਰਬੰਧਨ ਲਈ 1,342 ਕਰੋੜ ਰੁਪਏ ਪ੍ਰਦਾਨ ਕੀਤੇ, ਜਦੋਂ ਕਿ ਮੋਦੀ ਜੀ ਨੇ 10ਵਰ੍ਹਿਆਂ ਵਿੱਚ 5,100 ਕਰੋੜ ਰੁਪਏ ਪ੍ਰਦਾਨ ਕੀਤੇ।
ਹੱਦਬੰਦੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਤਮਿਲ ਨਾਡੂ ਵਿੱਚ ਹੱਦਬੰਦੀ ਬਾਰੇ ਜੋ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖਦਸ਼ਿਆਂ ਨੂੰ ਉਠਾਉਣ ਦਾ ਉਦੇਸ਼ ਤਮਿਲ ਨਾਡੂ ਦੇ ਲੋਕਾਂ ਦਾ ਧਿਆਨ ਰਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਅਰਾਜਕਤਾ ਅਤੇ ਮੁੱਖ ਮੰਤਰੀ ਦੇ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਦੇ ਇਰਾਦੇ ਤੋਂ ਹਟਾਉਣਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਨਗਣਨਾ 2027 ਵਿੱਚ ਪੂਰੀ ਹੋਵੇਗੀ, ਅਤੇ ਉਸ ਤੋਂ ਬਾਅਦ ਹੀ ਹੱਦਬੰਦੀ ਐਕਟ ਲਾਗੂ ਕੀਤਾ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਉਹ ਦੱਖਣੀ ਰਾਜਾਂ ਦੇ ਸਾਰੇ ਵੋਟਰਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਜਦੋਂ ਵੀ ਹੱਦਬੰਦੀ ਹੋਵੇਗੀ, ਦੱਖਣੀ ਰਾਜਾਂ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ। ਇਹ ਸਾਡੀ ਸਰਕਾਰ ਦਾ ਦੱਖਣੀ ਰਾਜਾਂ ਦੇ ਲੋਕਾਂ ਨਾਲ ਵਾਅਦਾ ਹੈ।
ਸੰਸਦ ਵਿੱਚ ਹਾਲ ਹੀ ਵਿੱਚ ਪੇਸ਼ ਕੀਤੇ ਗਏ ਸੰਵਿਧਾਨ (ਇੱਕ ਸੌ ਤੇਤੀਵਾਂ ਸੋਧ) ਬਿਲ, 2025, ਕੇਂਦਰ ਸ਼ਾਸਿਤ ਪ੍ਰਦੇਸ਼ (ਸੋਧ) ਬਿਲ, 2025, ਅਤੇ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿਲ, 2025 ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੁੱਛਿਆ ਕਿ ਕੀ ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਇੱਕ ਮੁੱਖ ਮੰਤਰੀ ਜੇਲ੍ਹ ਵਿੱਚੋਂ ਸਰਕਾਰ ਚਲਾਵੇ? ਕੀ ਜਨਤਾ ਚਾਹੇਗੀ ਕਿ ਪ੍ਰਧਾਨ ਮੰਤਰੀ ਜੇਲ੍ਹ ਵਿੱਚੋਂ ਸ਼ਾਸਨ ਕਰੇ? ਉਨ੍ਹਾਂ ਨੇ ਕਿਹਾ ਕਿ ਇਹ ਨੈਤਿਕਤਾ ਦਾ ਮਾਮਲਾ ਹੈ, ਅਤੇ ਜਦੋਂ ਸੰਵਿਧਾਨ ਬਣਾਇਆ ਗਿਆ ਸੀ, ਤਾਂ ਕੋਈ ਵੀ ਅਜਿਹੇ ਵਿਅਕਤੀਆਂ ਦੀ ਕਲਪਨਾ ਨਹੀਂ ਕਰ ਸਕਦਾ ਸੀ ਜੋ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦੇਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ 75 ਵਰ੍ਹਿਆਂ ਵਿੱਚ, ਕਈ ਮੁੱਖ ਮੰਤਰੀ ਅਤੇ ਮੰਤਰੀ ਜੇਲ੍ਹ ਗਏ ਹਨ, ਪਰ ਉਨ੍ਹਾਂ ਸਾਰਿਆਂ ਨੇ ਅਜਿਹਾ ਕਰਨ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ, ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਜੇਲ੍ਹ ਵਿੱਚੋਂ ਸਰਕਾਰ ਚਲਾਉਂਦੇ ਰਹੇ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵੇਂ ਲੋਕਤੰਤਰ ਦੇ ਨੈਤਿਕ ਮਿਆਰਾਂ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਸਾਂਝੀ ਕਰਦੇ ਹਨ।
SIR (Special Intensive Revision) ਬਾਰੇ ਇੱਕ ਸਵਾਲ ਦੇ ਸੰਬੰਧ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਕਿਸੇ ਪਾਰਟੀ ਜਾਂ ਨਾਗਰਿਕ ਨੂੰ ਇਤਰਾਜ਼ ਹੈ, ਤਾਂ ਉਹ ਸਬੰਧਤ ਵਿਧਾਨ ਸਭਾ ਦੇ ਰਿਟਰਨਿੰਗ ਅਫਸਰ ਕੋਲ ਅਪੀਲ ਕਰ ਸਕਦੇ ਹਨ। ਜੇਕਰ ਉੱਥੇ ਸੰਤੁਸ਼ਟ ਨਹੀਂ ਹੁੰਦਾ, ਤਾਂ ਉਹ ਜ਼ਿਲ੍ਹਾ ਕਲੈਕਟਰ ਕੋਲ ਅਪੀਲ ਕਰ ਸਕਦੇ ਹਨ, ਅਤੇ ਜੇਕਰ ਫਿਰ ਵੀ ਸੰਤੁਸ਼ਟ ਨਹੀਂ ਹੁੰਦਾ, ਤਾਂ ਉਹ ਮੁੱਖ ਚੋਣ ਅਧਿਕਾਰੀ (CEO) ਕੋਲ ਪਹੁੰਚ ਕਰ ਸਕਦੇ ਹਨ। ਇਸ ਉਦੇਸ਼ ਲਈ ਇੱਕ ਤਿੰਨ-ਪੱਧਰੀ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ, ਅੱਜ ਤੱਕ, ਮੁੱਖ ਵਿਰੋਧੀ ਪਾਰਟੀ ਨੇ SIR ਬਾਰੇ ਇੱਕ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਚੋਣ ਕਮਿਸ਼ਨ ਨੇ ਦੇਸ਼ ਭਰ ਵਿੱਚ SIR ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਇੱਕ ਰੁਟੀਨ ਪ੍ਰਕਿਰਿਆ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਿਹਾਰ ਦੀ ਵੋਟਰ ਸੂਚੀ ਵਿੱਚ 22 ਲੱਖ ਲੋਕ ਅਜਿਹੇ ਸਨ ਜਿਨ੍ਹਾਂ ਦੀ ਮੌਤ ਹੋ ਗਈ ਸੀ। ਇਸ ਨਾਲ ਉਨ੍ਹਾਂ ਦੇ ਨਾਵਾਂ ਦੀ ਵਰਤੋਂ ਕਰਕੇ ਧੋਖਾਧੜੀ ਵਾਲੀ ਵੋਟਿੰਗ ਦੀ ਸੰਭਾਵਨਾ ਪੈਦਾ ਹੋਈ। ਕੀ ਉਨ੍ਹਾਂ ਦੇ ਨਾਮ ਨਹੀਂ ਹਟਾਏ ਜਾਣੇ ਚਾਹੀਦੇ? ਉਨ੍ਹਾਂ ਨੇ ਕਿਹਾ ਕਿ ਉਹ ਵੀ ਜਨਤਾ ਵਿੱਚ ਜਾਣਗੇ ਅਤੇ ਸਮਝਾਉਣਗੇ ਕਿ ਸੰਵਿਧਾਨਕ ਸੰਸਥਾਵਾਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਿਰੁੱਧ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਅਣਉਚਿਤ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਸ ਪ੍ਰਕਿਰਿਆ ਵਿੱਚ ਕੋਈ ਕਮੀਆਂ ਮਿਲਦੀਆਂ ਹਨ ਤਾਂ ਉਹ ਚੋਣ ਕਮਿਸ਼ਨ ਸਾਹਮਣੇ ਆਪਣੀਆਂ ਗੱਲ ਪੇਸ਼ ਕਰਨ ।
'ਇੱਕ ਰਾਸ਼ਟਰ, ਇੱਕ ਚੋਣ' 'ਤੇ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਸਾਰੀਆਂ ਪਾਰਟੀਆਂ 'ਤੇ ਬਰਾਬਰ ਲਾਗੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਇਤਰਾਜ਼ ਜਾਂ ਮੁੱਦੇ ਹਨ, ਤਾਂ ਉਨ੍ਹਾਂ ਨੂੰ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਵਿੱਚ ਉਠਾਇਆ ਜਾ ਸਕਦਾ ਹੈ ਅਤੇ ਚਰਚਾ ਕੀਤੀ ਜਾ ਸਕਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਵਰ੍ਹਿਆਂ ਤੋਂ, ਉਨ੍ਹਾਂ ਦੀ ਪਾਰਟੀ ਦੀ ਸਰਕਾਰ ਮਨੀਪੁਰ ਵਿੱਚ ਸੱਤਾ ਵਿੱਚ ਸੀ, ਜਿਸ ਦੌਰਾਨ ਨਾ ਤਾਂ ਕੋਈ ਬੰਦ ਹੋਇਆ, ਨਾ ਕੋਈ ਹੜਤਾਲ ਹੋਈ ਅਤੇ ਨਾ ਹੀ ਕੋਈ ਨਸਲੀ ਹਿੰਸਾ ਹੋਈ। ਹਾਲਾਂਕਿ, ਇੱਕ ਅਦਾਲਤ ਦੇ ਫੈਸਲੇ ਕਾਰਨ ਨਸਲੀ ਹਿੰਸਾ ਭੜਕ ਉੱਠੀ। ਉਨ੍ਹਾਂ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਦੇ ਸ਼ਾਸਨ ਦੌਰਾਨ, ਹੋਰ ਵੀ ਵੱਡੀ ਨਸਲੀ ਹਿੰਸਾ ਦੇਖੀ ਗਈ, ਜੋ ਹਰ ਵਾਰ ਇੱਕ, ਡੇਢ ਜਾਂ ਢਾਈ ਸਾਲ ਤੱਕ ਚੱਲੀ। ਹੁਣ, ਉੱਥੇ ਸ਼ਾਂਤੀ ਸਥਾਪਿਤ ਹੋ ਗਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲੇ (MHA) ਨੇ ਦੋਵਾਂ ਭਾਈਚਾਰਿਆਂ ਨਾਲ ਚਾਰ ਵੱਖ-ਵੱਖ ਮੀਟਿੰਗਾਂ ਕੀਤੀਆਂ ਅਤੇ ਇੱਕ ਸਾਂਝੀ ਮੀਟਿੰਗ ਵੀ ਕੀਤੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਜਲਦੀ ਹੀ ਆਮ ਸਥਿਤੀ ਬਹਾਲ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਟੀਚਾ ਸ਼ਾਂਤੀ ਬਹਾਲ ਕਰਨਾ ਸੀ, ਜੋ ਕਿ ਪ੍ਰਾਪਤ ਹੋ ਗਿਆ ਹੈ। ਮਨੀਪੁਰ ਵਿੱਚ ਹਿੰਸਾ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ, ਇਹ ਨਸਲੀ ਹਿੰਸਾ ਸੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉੱਤਰ-ਪੂਰਬ ਵਿੱਚ 20 ਤੋਂ ਵੱਧ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ 10,000 ਲੋਕ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਵਾਪਸ ਆਏ ਹਨ। ਉਨ੍ਹਾਂ ਨੇ ਕਿਹਾ ਕਿ ਹਥਿਆਰ ਰੱਖਣ ਵਾਲਿਆਂ ਨਾਲ ਗੱਲਬਾਤ ਸੰਭਵ ਨਹੀਂ ਹੈ। ਚਰਚਾ ਸਿਰਫ਼ ਉਦੋਂ ਹੀ ਹੋ ਸਕਦੀ ਹੈ ਜਦੋਂ ਵਿਦਰੋਹੀ ਆਪਣੇ ਹਥਿਆਰ ਛੱਡ ਕੇ ਸੰਵਿਧਾਨ ਦੇ ਦਾਇਰੇ ਦੇ ਅੰਦਰ ਆਉਂਦੇ ਹਨ, ਜੋ ਕਿ ਸਾਡੀ ਦ੍ਰਿੜ ਨੀਤੀ ਹੈ।
ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬ੍ਰਿਟਿਸ਼ ਸ਼ਾਸਨ ਦੌਰਾਨ ਬਣਾਏ ਗਏ ਕਾਨੂੰਨਾਂ ਦਾ ਉਦੇਸ਼ ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਨੂੰ ਮਜ਼ਬੂਤ ਕਰਨਾ ਸੀ, ਨਾ ਕਿ ਸਾਡੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ। ਇਸ ਲਈ, ਭਾਰਤੀ ਦੰਡ ਸੰਹਿਤਾ ਦਾ ਨਾਮ ਹੁਣ ਭਾਰਤੀ ਨਯਾਯ ਸੰਹਿਤਾ (BNS) ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਤਿੰਨੇ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਜਾਣਗੇ, ਤਾਂ ਭਾਰਤੀ ਅਪਰਾਧਕ ਨਿਆਂ ਪ੍ਰਣਾਲੀ ਦੁਨੀਆ ਦੀ ਸਭ ਤੋਂ ਆਧੁਨਿਕ ਨਿਆਂ ਪ੍ਰਣਾਲੀ ਹੋਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਆਉਣ ਵਾਲੇ ਵਰ੍ਹਿਆਂ ਲਈ ਟੈਕਨੋਲੋਜੀ ਨੂੰ ਸ਼ਾਮਲ ਕਰਨ ਲਈ ਕਾਨੂੰਨੀ ਪਰਿਭਾਸ਼ਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਹੁਣ, ਪੂਰੀ ਸੁਣਵਾਈ ਪ੍ਰਕਿਰਿਆ ਔਨਲਾਈਨ ਹੋਵੇਗੀ, ਪੇਸ਼ੀ ਔਨਲਾਈਨ ਹੋਵੇਗੀ, ਅਤੇ ਇਹ ਯਕੀਨੀ ਬਣਾਉਣ ਲਈ ਕਈ ਉਪਾਅ ਕੀਤੇ ਗਏ ਹਨ ਕਿ FIR ਦਰਜ ਹੋਣ ਦੇ ਤਿੰਨ ਵਰ੍ਹਿਆਂ ਦੇ ਅੰਦਰ ਨਿਆਂ ਦਿੱਤਾ ਜਾਵੇ। ਉਨ੍ਹਾਂ ਨੇ ਇਸ ਨੂੰ 21ਵੀਂ ਸਦੀ ਦਾ ਸਭ ਤੋਂ ਮਹੱਤਵਪੂਰਨ ਸੁਧਾਰ ਦੱਸਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸ਼ਖਸੀਅਤ ਬਾਰੇ ਬੋਲਦਿਆਂ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਸਫਲ ਮੁੱਖ ਮੰਤਰੀ, ਸਭ ਤੋਂ ਸਫਲ ਪ੍ਰਧਾਨ ਮੰਤਰੀ ਅਤੇ ਇੱਕ ਰਾਜ ਅਤੇ ਦੇਸ਼ ਦੋਵਾਂ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਨੇਤਾ ਹਨ। ਉਹ ਇੱਕ ਨਿਰਸਵਾਰਥ ਵਿਅਕਤੀ ਅਤੇ ਇੱਕ ਸ਼ਾਨਦਾਰ ਸਰੋਤਾ ਹਨ। ਉਨ੍ਹਾਂ ਕਿਹਾ, ਮੋਦੀ ਜੀ ਰਾਜਨੀਤੀ ਲਈ ਪਰਿਵਾਰ ਅਤੇ ਘਰ ਤਿਆਗ ਕੇ ਰਾਸ਼ਟਰ ਦੀ ਸੇਵਾ ਦੀ ਇੱਕ ਆਦਰਸ਼ ਉਦਾਹਰਣ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਰਾਜਨੀਤੀ ਵਿੱਚ ਪਰਿਵਾਰ ਅਤੇ ਘਰ ਤਿਆਗ ਕਰ ਦੇਸ਼ ਸੇਵਾ ਕਰਨ ਦਾ ਆਦਰਸ਼ ਉਦਾਹਰਣ ਹਨ। ਅਜਿਹੇ ਸਖ਼ਤ ਜਨਤਕ ਜੀਵਨ ਦੇ ਮਾਪਦੰਡਾਂ ਦੀ ਪਾਲਣਾ ਕਰਨਾ ਬਹੁਤ ਚੁਣੌਤੀਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਕੋਈ ਨਿੱਜੀ ਪਰਿਵਾਰ ਨਹੀਂ ਹੈ; ਹਰ ਕੋਈ ਆਪਣਾ ਹੈ, ਅਤੇ ਭਾਰਤ ਦੇ 140 ਕਰੋੜ ਲੋਕ ਉਨ੍ਹਾਂ ਦਾ ਪਰਿਵਾਰ ਹਨ।
*****
ਆਰਕੇ/ਵੀਵੀ/ਪੀਐਸ/ਪੀਆਰ
(Release ID: 2160143)
Read this release in:
Tamil
,
English
,
Urdu
,
Marathi
,
Hindi
,
Assamese
,
Bengali
,
Gujarati
,
Odia
,
Kannada
,
Malayalam