ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਗਯਾ ਵਿੱਚ 12,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਗਯਾਜੀ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਪ੍ਰਾਚੀਨ ਅਤੇ ਬੇਹੱਦ ਸਮ੍ਰਿੱਧ ਹੈ: ਪ੍ਰਧਾਨ ਮੰਤਰੀ

ਆਪ੍ਰੇਸ਼ਨ ਸਿੰਦੂਰ ਨੇ ਭਾਰਤ ਦੀ ਰੱਖਿਆ ਰਣਨੀਤੀ ਵਿੱਚ ਇੱਕ ਨਵੀਂ ਲਕੀਰ ਖਿੱਚ ਦਿੱਤੀ ਹੈ: ਪ੍ਰਧਾਨ ਮੰਤਰੀ

ਬਿਹਾਰ ਦਾ ਤੇਜ਼ੀ ਨਾਲ ਵਿਕਾਸ ਕੇਂਦਰ ਦੀ ਐੱਨਡੀਏ ਸਰਕਾਰ ਦੀ ਇੱਕ ਪ੍ਰਮੁੱਖ ਤਰਜੀਹ ਹੈ: ਪ੍ਰਧਾਨ ਮੰਤਰੀ

ਹਰ ਘੁਸਪੈਠੀਏ ਨੂੰ ਬਿਨਾਂ ਕਿਸੇ ਅਪਵਾਦ ਦੇ ਦੇਸ਼ ਵਿੱਚੋਂ ਬਾਹਰ ਕੱਢਿਆ ਜਾਵੇਗਾ: ਪ੍ਰਧਾਨ ਮੰਤਰੀ

Posted On: 22 AUG 2025 1:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਗਯਾ ਵਿੱਚ 12,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਗਿਆਨ ਅਤੇ ਮੋਕਸ਼ ਦੀ ਪਵਿੱਤਰ ਨਗਰੀ ਗਯਾਜੀ ਨੂੰ ਨਮਨ ਕੀਤਾ ਅਤੇ ਵਿਸ਼ਣੂਪਦ ਮੰਦਿਰ ਦੀ ਸ਼ਾਨਦਾਰ ਧਰਤੀ ਤੋਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਗਯਾਜੀ ਦੀ ਧਰਤੀ ਅਧਿਆਤਮਿਕਤਾ ਅਤੇ ਸ਼ਾਂਤੀ ਦੀ ਧਰਤੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਇਹ ਉਹ ਪਵਿੱਤਰ ਧਰਤੀ ਹੈ, ਜਿੱਥੇ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ। ਸ਼੍ਰੀ ਮੋਦੀ ਨੇ ਕਿਹਾ, "ਗਯਾਜੀ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਪ੍ਰਾਚੀਨ ਅਤੇ ਬੇਹੱਦ ਸਮ੍ਰਿੱਧ ਹੈ।" ਇਹ ਦੇਖਦੇ ਹੋਏ ਕਿ ਇਸ ਖੇਤਰ ਦੇ ਲੋਕ ਚਾਹੁੰਦੇ ਹਨ ਕਿ ਇਸ ਸ਼ਹਿਰ ਨੂੰ ਸਿਰਫ਼ "ਗਯਾ" ਨਹੀਂ, ਸਗੋਂ ਸਤਿਕਾਰ ਨਾਲ "ਗਯਾਜੀ" ਕਿਹਾ ਜਾਵੇ, ਪ੍ਰਧਾਨ ਮੰਤਰੀ ਨੇ ਇਸ ਭਾਵਨਾ ਦਾ ਸਨਮਾਨ ਕਰਨ ਲਈ ਬਿਹਾਰ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਕੇਂਦਰ ਅਤੇ ਬਿਹਾਰ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਗਯਾਜੀ ਦੇ ਤੇਜ਼ ਵਿਕਾਸ ਲਈ ਕੰਮ ਕਰ ਰਹੀਆਂ ਹਨ।

ਇਸ ਗੱਲ ’ਤੇ ਚਾਨਣਾ ਪਾਉਂਦੇ ਹੋਏ ਕਿ ਅੱਜ, ਗਯਾਜੀ ਦੀ ਪਵਿੱਤਰ ਧਰਤੀ ਤੋਂ, ਇੱਕ ਹੀ ਦਿਨ ਵਿੱਚ 12,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਊਰਜਾ, ਸਿਹਤ ਸੰਭਾਲ ਅਤੇ ਸ਼ਹਿਰੀ ਵਿਕਾਸ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਫੈਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਕਦਮੀਆਂ ਬਿਹਾਰ ਦੀ ਉਦਯੋਗਿਕ ਸਮਰੱਥਾ ਨੂੰ ਮਜ਼ਬੂਤ ਕਰਨਗੀਆਂ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੀਆਂ ਅਤੇ ਇਨ੍ਹਾਂ ਪਰਿਵਰਤਨਸ਼ੀਲ ਪ੍ਰੋਜੈਕਟਾਂ ਲਈ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਰਾਜ ਵਿੱਚ ਸਿਹਤ ਸੁਵਿਧਾਵਾਂ ਨੂੰ ਵਧਾਉਣ ਲਈ ਅੱਜ ਇੱਕ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬਿਹਾਰ ਦੇ ਲੋਕਾਂ ਨੂੰ ਹੁਣ ਕੈਂਸਰ ਦੇ ਇਲਾਜ ਲਈ ਇੱਕ ਵਾਧੂ ਸੁਵਿਧਾ ਮਿਲ ਗਈ ਹੈ।

ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਗ਼ਰੀਬਾਂ ਦੇ ਜੀਵਨ ਵਿੱਚੋਂ ਮੁਸ਼ਕਲਾਂ ਨੂੰ ਦੂਰ ਕਰਨਾ ਅਤੇ ਮਹਿਲਾਵਾਂ ਦੇ ਜੀਵਨ ਨੂੰ ਆਸਾਨ ਬਣਾਉਣਾ ਉਨ੍ਹਾਂ ਲੋਕ ਸੇਵਕ ਦੇ ਰੂਪ ਵਿੱਚ ਉਨ੍ਹਾਂ ਨੂੰ ਸਭ ਤੋਂ ਵੱਧ ਸੰਤੁਸ਼ਟੀ ਦਿੰਦਾ ਹੈ, ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਗ਼ਰੀਬਾਂ ਨੂੰ ਪੱਕੇ ਘਰ ਪ੍ਰਦਾਨ ਕਰਨਾ ਉਨ੍ਹਾਂ ਦੀਆਂ ਪ੍ਰਮੁੱਖ ਪ੍ਰਤੀਬੱਧਤਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਹਰ ਜ਼ਰੂਰਤਮੰਦ ਵਿਅਕਤੀ ਨੂੰ ਪੱਕਾ ਘਰ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਆਰਾਮ ਨਹੀਂ ਕਰਨਗੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸੰਕਲਪ ਦੀ ਪਾਲਣਾ ਕਰਦੇ ਹੋਏ, ਪਿਛਲੇ 11 ਸਾਲਾਂ ਵਿੱਚ, ਦੇਸ਼ ਭਰ ਵਿੱਚ ਗਰੀਬਾਂ ਲਈ 4 ਕਰੋੜ ਪੱਕੇ ਘਰ ਬਣਾਏ ਗਏ ਹਨ। ਇਹ ਦੇਖਦੇ ਹੋਏ ਕਿ ਇਕੱਲੇ ਬਿਹਾਰ ਵਿੱਚ 38 ਲੱਖ ਤੋਂ ਵੱਧ ਘਰ ਬਣਾਏ ਗਏ ਹਨ ਅਤੇ ਗਯਾ ਜ਼ਿਲ੍ਹੇ ਵਿੱਚ 2 ਲੱਖ ਤੋਂ ਵੱਧ ਪਰਿਵਾਰਾਂ ਨੂੰ ਆਪਣੇ ਪੱਕੇ ਘਰ ਮਿਲੇ ਹਨ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਘਰ ਨਹੀਂ ਹਨ, ਬਲਕਿ ਗ਼ਰੀਬਾਂ ਲਈ ਮਾਣ ਦੇ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਘਰ ਬਿਜਲੀ, ਪਾਣੀ, ਪਖਾਨੇ ਅਤੇ ਗੈਸ ਕਨੈਕਸ਼ਨਾਂ ਨਾਲ ਲੈਸ ਹਨ - ਇਹ ਯਕੀਨੀ ਬਣਾਉਂਦੇ ਹਨ ਕਿ ਗ਼ਰੀਬ ਪਰਿਵਾਰ ਵੀ ਸੁਵਿਧਾ, ਸੁਰੱਖਿਆ ਅਤੇ ਸਨਮਾਨ ਨਾਲ ਰਹਿਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਹਿਲ ਨੂੰ ਜਾਰੀ ਰੱਖਦੇ ਹੋਏ, ਬਿਹਾਰ ਦੇ ਮਗਧ ਖੇਤਰ ਵਿੱਚ 16,000 ਤੋਂ ਵੱਧ ਪਰਿਵਾਰਾਂ ਨੂੰ ਹੁਣ ਆਪਣੇ ਪੱਕੇ ਘਰ ਮਿਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਇਨ੍ਹਾਂ ਘਰਾਂ ਵਿੱਚ ਦੀਵਾਲੀ ਅਤੇ ਛੱਠ ਪੂਜਾ ਦਾ ਉਤਸਵ ਹੋਰ ਵੀ ਜੀਵੰਤ ਹੋਵੇਗਾ। ਉਨ੍ਹਾਂ ਸਾਰੇ ਲਾਭਾਰਥੀ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਮਿਲੇ ਹਨ, ਸ਼੍ਰੀ ਮੋਦੀ ਨੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੋ ਹਾਲੇ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲਾਭ ਦੀ ਉਡੀਕ ਕਰ ਰਹੇ ਹਨ ਕਿ ਇਹ ਅਭਿਯਾਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹਰ ਗ਼ਰੀਬ ਨਾਗਰਿਕ ਨੂੰ ਪੱਕਾ ਘਰ ਨਹੀਂ ਮਿਲ ਜਾਂਦਾ।

"ਬਿਹਾਰ ਚੰਦਰਗੁਪਤ ਮੌਰਯਾ ਅਤੇ ਚਾਣਕਿਯਾ ਦੀ ਧਰਤੀ ਹੈ। ਜਦੋਂ ਵੀ ਭਾਰਤ ਨੂੰ ਆਪਣੇ ਦੁਸ਼ਮਣਾਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਬਿਹਾਰ ਰਾਸ਼ਟਰ ਲਈ ਇੱਕ ਢਾਲ ਬਣ ਕੇ ਖੜ੍ਹਿਆ ਰਿਹਾ ਹੈ", ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਦੀ ਧਰਤੀ 'ਤੇ ਲਿਆ ਗਿਆ ਕੋਈ ਵੀ ਸੰਕਲਪ ਕਦੇ ਵੀ ਅਧੂਰਾ ਨਹੀਂ ਰਹਿੰਦਾ। ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕਰਦੇ ਹੋਏ, ਜਿੱਥੇ ਨਿਰਦੋਸ਼ ਨਾਗਰਿਕਾਂ ਨੂੰ ਉਨ੍ਹਾਂ ਦਾ ਧਰਮ ਪੁੱਛ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਇਹ ਬਿਹਾਰ ਦੀ ਧਰਤੀ ਤੋਂ ਹੀ ਸੀ ਕਿ ਉਨ੍ਹਾਂ ਨੇ ਅੱਤਵਾਦ ਨੂੰ ਖਤਮ ਕਰਨ ਦੀ ਸਹੁੰ ਖਾਧੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੁਨੀਆ ਬਿਹਾਰ ਦੀ ਧਰਤੀ 'ਤੇ ਲਏ ਗਏ ਉਸ ਸੰਕਲਪ ਦੀ ਪੂਰਾ ਹੁੰਦੇ ਹੋਏ ਦੇਖ ਰਹੀ ਹੈ। ਸ਼੍ਰੀ ਮੋਦੀ ਨੇ ਰਾਸ਼ਟਰ ਨੂੰ ਯਾਦ ਦਿਵਾਇਆ ਕਿ ਜਦੋਂ ਪਾਕਿਸਤਾਨ ਡ੍ਰੋਨ ਅਤੇ ਮਿਸਾਈਲ ਹਮਲੇ ਕਰ ਰਿਹਾ ਸੀ, ਉਦੋਂ ਭਾਰਤ ਹਵਾ ਵਿੱਚ ਤਿਨਕੇ ਦੀ ਤਰ੍ਹਾਂ ਉਨ੍ਹਾਂ ਮਿਸਾਈਲਾਂ ਨੂੰ ਹਵਾ ਵਿੱਚ ਹੀ ਰੋਕ ਕੇ ਬੇਅਸਰ ਕਰ ਰਿਹਾ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੀ ਇੱਕ ਵੀ ਮਿਸਾਈਲ ਭਾਰਤ ਨੂੰ ਨੁਕਸਾਨ ਪਹੁੰਚਾ ਪਾਈ।

"ਆਪ੍ਰੇਸ਼ਨ ਸਿੰਦੂਰ ਨੇ ਭਾਰਤ ਦੀ ਰੱਖਿਆ ਰਣਨੀਤੀ ਵਿੱਚ ਇੱਕ ਨਵੀਂ ਲਕੀਰ ਖਿੱਚੀ ਹੈ", ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਭਾਰਤ ਵਿੱਚ ਅੱਤਵਾਦੀ ਭੇਜਣ ਜਾਂ ਹਮਲਿਆਂ ਨੂੰ ਅੰਜਾਮ ਦੇਣ ਤੋਂ ਬਾਅਦ ਕੋਈ ਵੀ ਨਹੀਂ ਬਚ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅੱਤਵਾਦੀ ਪਾਤਾਲ ਵਿੱਚ ਵੀ ਲੁਕ ਜਾਣ, ਤਾਂ ਵੀ ਭਾਰਤ ਦੀਆਂ ਮਿਸਾਈਲਾਂ ਉਨ੍ਹਾਂ ਨੂੰ ਉੱਥੇ ਹੀ ਦਫ਼ਨ ਕਰ ਦੇਣਗੀਆਂ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਬਿਹਾਰ ਦਾ ਤੇਜ਼ ਵਿਕਾਸ ਕੇਂਦਰ ਦੀ ਐੱਨਡੀਏ ਸਰਕਾਰ ਲਈ ਇੱਕ ਪ੍ਰਮੁੱਖ ਤਰਜੀਹ ਹੈ।" ਉਨ੍ਹਾਂ ਨੇ ਕਿਹਾ ਕਿ ਬਿਹਾਰ ਹੁਣ ਵਿਆਪਕ ਵਿਕਾਸ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਕੱਢਿਆ ਗਿਆ ਹੈ, ਅਤੇ ਤਰੱਕੀ ਦੇ ਨਵੇਂ ਰਸਤੇ ਬਣਾਏ ਗਏ ਹਨ। "ਲਾਲਟੇਨ ਸ਼ਾਸਨ" ਦੇ ਦੌਰਾਨ ਦੇ ਭਿਆਨਕ ਹਾਲਾਤਾਂ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਸ ਮਿਆਦ ਦੇ ਦੌਰਾਨ ਇਹ ਖੇਤਰ ਲਾਲ ਆਤੰਕ ਦੀ ਚਪੇਟ ਵਿੱਚ ਸੀ ਅਤੇ ਮਾਓਵਾਦੀ ਗਤੀਵਿਧੀਆਂ ਦੇ ਕਾਰਨ ਸੂਰਜ ਡੁੱਬਣ ਤੋਂ ਬਾਅਦ ਆਵਾਜਾਈ ਬੇਹੱਦ ਮੁਸ਼ਕਲ ਸੀ। ਉਨ੍ਹਾਂ ਨੇ ਕਿਹਾ ਕਿ ਗਯਾਜੀ ਜਿਹੇ ਸ਼ਹਿਰ ਲਾਲਟੇਨ ਸ਼ਾਸਨ ਵਿੱਚ ਹਨੇਰੇ ਵਿੱਚ ਡੁੱਬੇ ਰਹੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਜ਼ਾਰਾਂ ਪਿੰਡਾਂ ਵਿੱਚ ਬਿਜਲੀ ਦੇ ਖੰਭਿਆਂ ਜਿਹੇ ਬੁਨਿਆਦੀ ਢਾਂਚੇ ਦੀ ਵੀ ਕਮੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲਾਲਟੇਨ ਯੁੱਗ ਦੇ ਦੌਰਾਨ ਸ਼ਾਸਨ ਕਰਨ ਵਾਲਿਆਂ ਨੇ ਬਿਹਾਰ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਦਿੱਤਾ ਸੀ। ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਨਾ ਤਾਂ ਸਿੱਖਿਆ ਸੀ ਅਤੇ ਨਾ ਹੀ ਰੋਜ਼ਗਾਰ ਅਤੇ ਇਨ੍ਹਾਂ ਹਾਲਾਤਾਂ ਦੇ ਕਾਰਨ ਬਿਹਾਰੀਆਂ ਦੀਆਂ ਪੀੜ੍ਹੀਆਂ ਨੂੰ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ।

ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਉਸਦੇ ਸਹਿਯੋਗੀ ਬਿਹਾਰ ਦੇ ਲੋਕਾਂ ਨੂੰ ਸਿਰਫ਼ ਇੱਕ ਵੋਟ ਬੈਂਕ ਦੇ ਰੂਪ ਵਿੱਚ ਦੇਖਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਗ਼ਰੀਬਾਂ ਦੇ ਸੁੱਖ-ਦੁੱਖ ਦੀ ਕੋਈ ਪਰਵਾਹ ਹੈ, ਨਾ ਹੀ ਉਨ੍ਹਾਂ ਦੇ ਮਾਣ-ਸਨਮਾਨ ਦੀ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਇੱਕ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਨੇ ਇੱਕ ਵਾਰ ਮੰਚ ਤੋਂ ਜਨਤਕ ਤੌਰ 'ਤੇ ਐਲਾਨ ਕੀਤਾ ਸੀ ਕਿ ਬਿਹਾਰ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਅਜਿਹੇ ਨੇਤਾਵਾਂ ਦੁਆਰਾ ਬਿਹਾਰ ਦੇ ਲੋਕਾਂ ਪ੍ਰਤੀ ਡੂੰਘੀ ਨਫ਼ਰਤ ਅਤੇ ਤ੍ਰਿਸਕਾਰ ਦੀ ਸਖ਼ਤ ਆਲੋਚਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹਾ ਦੁਰਵਿਵਹਾਰ ਦੇਖਣ ਦੇ ਬਾਵਜੂਦ ਵਿਰੋਧੀ ਪਾਰਟੀ ਦੀ ਲੀਡਰਸ਼ਿਪ ਡੂੰਘੀ ਨੀਂਦ ਵਿੱਚ ਸੁੱਤੀ ਰਹੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਰਤਮਾਨ ਬਿਹਾਰ ਸਰਕਾਰ ਵਿਰੋਧੀ ਗਠਜੋੜਾਂ ਦੇ ਵੰਡਪਾਊ ਅਭਿਯਾਨ ਦਾ ਜਵਾਬ ਦੇ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਕਿ ਬਿਹਾਰ ਦੇ ਪੁੱਤਰ-ਧੀਆਂ ਨੂੰ ਰਾਜ ਦੇ ਅੰਦਰ ਹੀ ਰੋਜ਼ਗਾਰ ਮਿਲੇ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਹੁਣ ਬਿਹਾਰ ਭਰ ਵਿੱਚ ਵੱਡੇ ਪ੍ਰੋਜੈਕਟ ਵਿਕਸਿਤ ਕੀਤੇ ਜਾ ਰਹੇ ਹਨ, ਸ਼੍ਰੀ ਮੋਦੀ ਨੇ ਦੱਸਿਆ ਕਿ ਬਿਹਾਰ ਦਾ ਸਭ ਤੋਂ ਵੱਡਾ ਉਦਯੋਗਿਕ ਖੇਤਰ ਗਯਾਜੀ ਜ਼ਿਲ੍ਹੇ ਦੇ ਡੋਭੀ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਗਯਾਜੀ ਵਿੱਚ ਇੱਕ ਟੈਕਨੋਲੋਜੀ ਕੇਂਦਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਜ ਬਕਸਰ ਥਰਮਲ ਪਾਵਰ ਪਲਾਂਟ ਦੇ ਉਦਘਾਟਨ ਦਾ ਵੀ ਜ਼ਿਕਰ ਕੀਤਾ। ਇਹ ਯਾਦ ਕਰਦੇ ਹੋਏ ਕਿ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਔਰੰਗਾਬਾਦ ਵਿੱਚ ਨਬੀਨਗਰ ਸੁਪਰ ਥਰਮਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ, ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਗਲਪੁਰ ਦੇ ਪੀਰਪੈਂਤੀ ਵਿੱਚ ਇੱਕ ਨਵਾਂ ਥਰਮਲ ਪਾਵਰ ਪਲਾਂਟ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਾਵਰ ਪਲਾਂਟ ਬਿਹਾਰ ਵਿੱਚ ਬਿਜਲੀ ਦੀ ਸਪਲਾਈ ਨੂੰ ਕਾਫ਼ੀ ਵਧਾਏਗਾ। ਇਹ ਸਵੀਕਾਰ ਕਰਦੇ ਹੋਏ ਕਿ ਬਿਜਲੀ ਉਤਪਾਦਨ ਵਧਣ ਨਾਲ ਘਰਾਂ ਵਿੱਚ ਬਿਜਲੀ ਦੀ ਉਪਲਬਧਤਾ ਵਿੱਚ ਸੁਧਾਰ ਹੁੰਦਾ ਹੈ ਅਤੇ ਉਦਯੋਗਾਂ ਲਈ ਵਧੇਰੇ ਸਪਲਾਈ ਹੁੰਦੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਊਰਜਾ ਬੁਨਿਆਦੀ ਢਾਂਚੇ ਵਿੱਚ ਇਹ ਵਿਸਥਾਰ ਨਵੇਂ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ।

 

ਇਹ ਕਹਿੰਦੇ ਹੋਏ ਕਿ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਨੇ ਬਿਹਾਰ ਦੇ ਨੌਜਵਾਨਾਂ ਨੂੰ ਸਥਾਈ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਲਈ ਇੱਕ ਵੱਡਾ ਅਭਿਆਨ ਸ਼ੁਰੂ ਕੀਤਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸ਼੍ਰੀ ਨਿਤਿਸ਼ ਕੁਮਾਰ ਦੀ ਅਗਵਾਈ ਦੇ ਕਾਰਨ ਹੀ ਰਾਜ ਵਿੱਚ ਅਧਿਆਪਕਾਂ ਦੀ ਭਰਤੀ ਪੂਰੀ ਪਾਰਦਰਸ਼ਿਤਾ ਨਾਲ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿ ਬਿਹਾਰ ਦੇ ਵੱਧ ਤੋਂ ਵੱਧ ਨੌਜਵਾਨ ਨੌਕਰੀ ਲਈ ਪ੍ਰਵਾਸ ਕੀਤੇ ਬਿਨਾ ਰਾਜ ਦੇ ਅੰਦਰ ਹੀ ਰੋਜ਼ਗਾਰ ਪ੍ਰਾਪਤ ਕਰਨ।

 

ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਕੇਂਦਰ ਸਰਕਾਰ ਦੀ ਇੱਕ ਨਵੀਂ ਪਹਿਲਕਦਮੀ ਇਸ ਟੀਚੇ ਦਾ ਬਹੁਤ ਸਮਰਥਨ ਕਰੇਗੀ਼, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦਾ ਐਲਾਨ ਕੀਤਾ ਸੀ। ਇਸ ਯੋਜਨਾ ਦੇ ਤਹਿਤ ਜਦੋਂ ਕੋਈ ਨੌਜਵਾਨ ਨਿਜੀ ਖੇਤਰ ਵਿੱਚ ਆਪਣੀ ਪਹਿਲੀ ਨੌਕਰੀ ਸ਼ੁਰੂ ਕਰੇਗਾ, ਤਾਂ ਕੇਂਦਰ ਸਰਕਾਰ ਉਸ ਨੂੰ ਸਿੱਧੇ 15,000 ਰੁਪਏ ਪ੍ਰਦਾਨ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲੀਆਂ ਨਿਜੀ ਕੰਪਨੀਆਂ ਨੂੰ ਵੀ ਵਿੱਤੀ ਸਹਾਇਤਾ ਮਿਲੇਗੀ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਇਸ ਯੋਜਨਾ ਨਾਲ ਬਿਹਾਰ ਦੇ ਨੌਜਵਾਨਾਂ ਨੂੰ ਬਹੁਤ ਫਾਇਦਾ ਪਹੁੰਚੇਗਾ।

ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਹੋਏ ਕਿ ਉਨ੍ਹਾਂ ਨੇ ਕਦੇ ਵੀ ਜਨਤਕ ਫੰਡ ਨੂੰ ਮਹੱਤਵ ਨਹੀਂ ਦਿੱਤਾ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਲਈ ਜਨਤਕ ਫੰਡ ਸਿਰਫ਼ ਆਪਣੀਆਂ ਤਿਜ਼ੋਰੀਆਂ ਭਰਨ ਦਾ ਇੱਕ ਸਾਧਨ ਸੀ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਵਿਰੋਧੀ ਧਿਰ ਦੇ ਸ਼ਾਸਨ ਵਿੱਚ ਪ੍ਰੋਜੈਕਟਸ ਵਰ੍ਹਿਆਂ ਤੱਕ ਅਧੂਰੇ ਰਹੇ। ਕਿਸੇ ਯੋਜਨਾ ਵਿੱਚ ਜਿੰਨੀ ਦੇਰ ਹੁੰਦੀ ਸੀ, ਉਹ ਉਸ ਤੋਂ ਉਨਾਂ ਹੀ ਜ਼ਿਆਦਾ ਪੈਸਾ ਕਮਾਉਂਦੇ ਸਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੋਸ਼ਪੂਰਣ ਮਾਨਸਿਕਤਾ ਨੂੰ ਹੁਣ ਉਨ੍ਹਾਂ ਦੀ ਸਰਕਾਰ ਨੇ ਬਦਲ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੀਂਹ ਪੱਥਰ ਰੱਖਣ ਤੋਂ ਬਾਅਦ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਯਤਨ ਕੀਤੇ ਜਾਂਦੇ ਹਨ।

ਅੱਜ ਦੇ ਪ੍ਰੋਗਰਾਮ ਨੂੰ ਇਸ ਹੀ ਦ੍ਰਿਸ਼ਟੀਕੋਣ ਦੀ ਇੱਕ ਉਦਾਹਰਣ ਦੱਸਦੇ ਹੋਏ, ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਉਨ੍ਹਾਂ ਨੇ ਔਂਟਾ-ਸਿਮਰੀਆ ਸੈਕਸ਼ਨ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਹੁਣ ਉਹ ਖੁਦ ਇਸ ਦਾ ਉਦਘਾਟਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬ੍ਰਿਜ ਨਾ ਸਿਰਫ਼ ਸੜਕਾਂ ਨੂੰ ਜੋੜੇਗਾ, ਸਗੋਂ ਉੱਤਰ ਅਤੇ ਦੱਖਣ ਬਿਹਾਰ ਨੂੰ ਵੀ ਜੋੜੇਗਾ। ਉਨ੍ਹਾਂ ਨੇ ਕਿਹਾ ਕਿ ਭਾਰੀ ਵਾਹਨਾਂ, ਜਿਨ੍ਹਾਂ ਨੂੰ ਪਹਿਲਾਂ ਗਾਂਧੀ ਸੇਤੂ ਦੇ ਰਾਸਤੇ 150 ਕਿਲੋਮੀਟਰ ਦਾ ਚੱਕਰ ਲਗਾਉਣਾ ਪੈਂਦਾ ਸੀ, ਹੁਣ ਉਨ੍ਹਾਂ ਦੇ ਕੋਲ ਇੱਕ ਸਿੱਧਾ ਰਸਤਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਪਾਰ ਨੂੰ ਗਤੀ ਦੇਵੇਗਾ, ਉਦਯੋਗਾਂ ਨੂੰ ਮਜ਼ਬੂਤ ਕਰੇਗਾ ਅਤੇ ਤੀਰਥ ਯਾਤਰੀਆਂ ਲਈ ਯਾਤਰਾ ਅਸਾਨ ਬਣਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਤਹਿਤ ਸ਼ੁਰੂ ਕੀਤੇ ਗਏ ਵਿਕਾਸ ਪ੍ਰੋਜੈਕਟ ਪੂਰੇ ਹੋਣਗੇ - ਇਹ ਇੱਕ ਨਿਸ਼ਚਿਤਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਬਿਹਾਰ ਵਿੱਚ ਰੇਲਵੇ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਗਯਾਜੀ ਰੇਲਵੇ ਸਟੇਸ਼ਨ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ, ਤਾਂ ਜੋ ਯਾਤਰੀਆਂ ਨੂੰ ਹਵਾਈ ਅੱਡੇ ਜਿਹੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਸ਼੍ਰੀ ਮੋਦੀ ਨੇ ਕਿਹਾ ਕਿ ਗਯਾ ਹੁਣ ਰਾਜਧਾਨੀ, ਜਨ ਸ਼ਤਾਬਦੀ ਅਤੇ ਮੇਡ ਇਨ ਇੰਡੀਆ ਵੰਦੇ ਭਾਰਤ ਟ੍ਰੇਨਾਂ ਤੱਕ ਪਹੁੰਚ ਵਾਲਾ ਸ਼ਹਿਰ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਯਾਜੀ ਤੋਂ ਸਾਸਾਰਾਮ, ਪ੍ਰਯਾਗਰਾਜ ਅਤੇ ਕਾਨਪੁਰ ਰਾਹੀਂ ਦਿੱਲੀ ਤੱਕ ਸਿੱਧੀ ਰੇਲ ਕਨੈਕਟੀਵਿਟੀ ਬਿਹਾਰ ਦੇ ਨੌਜਵਾਨਾਂ ਅਤੇ ਉੱਦਮੀਆਂ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ।

ਵਰ੍ਹੇ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਆਪਣਾ ਕਾਰਜਕਾਲ ਸ਼ੁਰੂ ਕਰਨ ਵਿੱਚ ਯੋਗ  ਬਣਾਉਣ ਵਾਲੇ ਰਾਸ਼ਟਰ ਦੇ ਆਸ਼ੀਰਵਾਦ ਅਤੇ ਅਟੁੱਟ ਵਿਸ਼ਵਾਸ ਲਈ ਆਭਾਰ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਵਰ੍ਹਿਆਂ ਵਿੱਚ ਉਨ੍ਹਾਂ ਦੀ ਸਰਕਾਰ 'ਤੇ ਭ੍ਰਿਸ਼ਟਾਚਾਰ ਦਾ ਇੱਕ ਵੀ ਦਾਗ਼ ਨਹੀਂ ਲਗਿਆ ਹੈ। ਇਸ ਦੇ ਉਲਟ, ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਛੇ- ਸਾਢੇ ਛੇ ਦਹਾਕਿਆਂ ਤੱਕ ਸ਼ਾਸਨ ਕਰਨ ਵਾਲੀ ਵਿਰੋਧੀ ਸਰਕਾਰਾਂ ਦੇ ਕੋਲ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਇੱਕ ਲੰਬੀ ਲਿਸਟ ਹੈ ਅਤੇ ਵਿਰੋਧੀ ਪਾਰਟੀਆਂ ਦੁਆਰਾ ਕੀਤੇ ਗਏ ਭ੍ਰਿਸ਼ਟਾਚਾਰ ਬਾਰੇ ਬਿਹਾਰ ਵਿੱਚ ਹਰ ਬੱਚੇ ਨੂੰ ਪਤਾ ਹੈ। ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਨੂੰ ਉਸ ਦੇ ਤਰਕਪੂਰਨ ਸਿੱਟੇ ਤੱਕ ਪਹੁੰਚਾਉਣ ਲਈ ਕਿਸੇ ਨੂੰ ਵੀ ਕਾਰਵਾਈ ਦੇ ਦਾਇਰੇ ਤੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਮੌਜੂਦਾ ਕਾਨੂੰਨ ਦਾ ਹਵਾਲਾ ਦਿੱਤਾ, ਜਿਸ ਦੇ ਤਹਿਤ ਇੱਕ ਜੂਨੀਅਰ ਸਰਕਾਰੀ ਕਰਮਚਾਰੀ ਨੂੰ ਵੀ 48 ਘੰਟਿਆਂ ਤੱਕ ਹਿਰਾਸਤ ਵਿੱਚ ਰਹਿਣ ‘ਤੇ ਆਪਣੇ ਆਪ ਮੁਅੱਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਇਹ ਕਿਵੇਂ ਸੰਭਵ ਹੈ ਕਿ ਕੋਈ ਮੁੱਖ ਮੰਤਰੀ ਜਾਂ ਮੰਤਰੀ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਸੱਤਾ ਦੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਲੈ ਸਕਦਾ ਹੈ। ਉਨ੍ਹਾਂ ਨੇ ਹਾਲ ਦੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ, ਜਿੱਥੇ ਫਾਈਲਾਂ 'ਤੇ ਦਸਤਖਤ ਕੀਤੇ ਜਾ ਰਹੇ ਸਨ ਅਤੇ ਸਰਕਾਰੀ ਆਦੇਸ਼ ਸਿੱਧੇ ਜੇਲ੍ਹ ਤੋਂ ਜਾਰੀ ਕੀਤੇ ਜਾ ਰਹੇ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਜੇਕਰ ਰਾਜਨੇਤਾਵਾਂ ਦਾ ਇਹ ਹੀ ਰਵੱਈਆ ਰਿਹਾ, ਤਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਲੜੀ ਜਾ ਸਕਦੀ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤੀ ਸੰਵਿਧਾਨ ਹਰੇਕ ਜਨਤਕ ਪ੍ਰਤੀਨਿਧੀ ਤੋਂ ਇਮਾਨਦਾਰੀ ਅਤੇ ਪਾਰਦਰਸ਼ਤਾ ਦੀ ਉਮੀਦ ਕਰਦਾ ਹੈ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਵਿਧਾਨ ਦੀ ਗਰਿਮਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਇੱਕ ਸਖ਼ਤ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਲਿਆ ਰਹੀ ਹੈ, ਜੋ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਵੀ ਲਾਗੂ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਾਨੂੰਨ ਦੇ ਦਾਇਰੇ ਵਿੱਚ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਵੀ ਲਿਆਇਆ ਜਾਵੇਗਾ। ਇਸ ਨੂੰ ਹੋਰ ਸਪੱਸ਼ਟ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਦੇ ਬਾਅਦ, ਗ੍ਰਿਫਤਾਰ ਹੋਣ ਵਾਲੇ ਕਿਸੇ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਮੰਤਰੀ ਨੂੰ 30 ਦਿਨਾਂ ਦੇ ਅੰਦਰ ਜ਼ਮਾਨਤ ਲੈਣੀ ਹੋਵੇਗੀ। ਜੇਕਰ ਜ਼ਮਾਨਤ ਨਹੀਂ ਮਿਲਦੀ ਹੈ, ਤਾਂ ਉਨ੍ਹਾਂ ਨੂੰ 31ਵੇਂ ਦਿਨ ਆਪਣਾ ਅਹੁਦਾ ਛੱਡਣਾ ਹੋਵੇਗਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸਰਕਾਰ ਇਸ ਤਰ੍ਹਾਂ ਦੇ ਇੱਕ ਸਖ਼ਤ ਕਾਨੂੰਨ ਨੂੰ ਬਣਾਉਣ ਦੇ ਇਰਾਦੇ ਨਾਲ ਅੱਗੇ ਵਧ ਰਹੀ ਹੈ।

ਇਸ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਗੁੱਸਾ ਡਰ ਤੋਂ ਪੈਦਾ ਹੋਇਆ ਹੈ - ਜਿਨ੍ਹਾਂ ਲੋਕਾਂ ਨੇ ਗਲਤ ਕੰਮ ਕੀਤੇ ਹਨ, ਉਹ ਭਲੇ ਹੀ ਉਨ੍ਹਾਂ ਨੂੰ ਦੂਸਰਿਆਂ ਤੋਂ ਲੁਕਾਓ, ਲੇਕਿਨ ਉਹ ਖੁਦ ਆਪਣੇ ਕੰਮਾਂ ਤੋਂ ਜਾਣੂ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਕੁਝ ਆਗੂ ਜ਼ਮਾਨਤ 'ਤੇ ਬਾਹਰ ਹਨ, ਜਦੋਂ ਕਿ ਕੁਝ ਘੋਟਾਲਿਆਂ ਨਾਲ ਸਬੰਧਿਤ ਕਾਨੂੰਨੀ ਕਾਰਵਾਈਆਂ ਵਿੱਚ ਫਸੇ ਹੋਏ ਹਨ ਅਤੇ ਇਨ੍ਹਾਂ ਲੋਕਾਂ ਨੂੰ ਡਰ ਹੈ ਕਿ ਜੇਕਰ ਉਹ ਜੇਲ੍ਹ ਗਏ, ਤਾਂ ਉਨ੍ਹਾਂ ਦੇ ਰਾਜਨੀਤਿਕ ਸੁਪਨੇ ਚਕਨਾਚੂਰ ਹੋ ਜਾਣਗੇ। 

ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਪ੍ਰਸਤਾਵਿਤ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜੇਂਦਰ ਬਾਬੂ ਅਤੇ ਡਾ. ਬਾਬਾ ਸਾਹਿਬ ਅੰਬੇਡਕਰ ਜਿਹੇ ਆਗੂਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਸੱਤਾ ਦੇ ਭੁੱਖੇ ਲੋਕ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਭ੍ਰਿਸ਼ਟਾਚਾਰ ਕਰਨਗੇ ਅਤੇ ਅਹੁਦੇ 'ਤੇ ਬਣੇ ਰਹਿਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਵੇਂ ਕਾਨੂੰਨ ਦੇ ਤਹਿਤ, ਭ੍ਰਿਸ਼ਟ ਵਿਅਕਤੀ ਨਾ ਸਿਰਫ਼ ਜੇਲ੍ਹ ਜਾਣਗੇ, ਸਗੋਂ ਆਪਣੀ ਸੱਤਾ ਵੀ ਗੁਆ ਦੇਣਗੇ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦਾ ਸੰਕਲਪ ਕਰੋੜਾਂ ਨਾਗਰਿਕਾਂ ਦੀ ਸਮੂਹਿਕ ਪ੍ਰਤੀਬੱਧਤਾ ਹੈ - ਅਤੇ ਇਸ ਸੰਕਲਪ ਨੂੰ ਪੂਰਾ ਕੀਤਾ ਜਾਵੇਗਾ।"

ਇਹ ਜ਼ਿਕਰ ਕਰਦੇ ਹੋਏ ਕਿ ਉਨ੍ਹਾਂ ਨੇ ਲਾਲ ਕਿਲੇ ਤੋਂ ਇੱਕ ਗਹਿਰੀ ਚਿੰਤਾ ਵਿਅਕਤ ਕੀਤੀ ਸੀ- ਜੋ ਬਿਹਾਰ ਨੂੰ ਵੀ ਪ੍ਰਭਾਵਿਤ ਕਰਦੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਘੁਸਪੈਠੀਆਂ ਦੀ ਵਧਦੀ ਸੰਖਿਆ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਬਿਹਾਰ ਦੇ ਸਰਹੱਦੀ ਜ਼ਿਲ੍ਹਿਆਂ ਦੀ ਡੈਮੋਗਰਾਫਿਕ ਪ੍ਰੋਫਾਈਲ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਨੇ ਰਾਸ਼ਟਰ ਦੇ ਭਵਿੱਖ ਦਾ ਫੈਸਲਾ ਘੁਸਪੈਠੀਆਂ ਨੂੰ ਨਹੀਂ ਕਰਨ ਦੇਣ ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਘੁਸਪੈਠੀਆਂ ਨੂੰ ਬਿਹਾਰ ਦੇ ਨੌਜਵਾਨਾਂ ਤੋਂ ਰੋਜ਼ਗਾਰ ਦੇ ਅਵਸਰ ਖੋਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਦੇ ਲਈ ਬਣੀਆਂ ਸੁਵਿਧਾਵਾਂ ਨੂੰ ਘੁਸਪੈਠੀਆਂ ਦੁਆਰਾ ਲੁੱਟਣ ਨਹੀਂ ਦਿੱਤਾ ਜਾਵੇਗਾ। ਇਸ ਖਤਰੇ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨੇ ਇੱਕ ਡੈਮੋਗ੍ਰਾਫੀ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ, ਜੋ ਬਹੁਤ ਜਲਦੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਹਰ ਘੁਸਪੈਠੀਏ ਨੂੰ ਦੇਸ਼ ਤੋਂ ਬਾਹਰ ਨਿਕਾਲਿਆ ਜਾਵੇਗਾ ਅਤੇ ਬਿਹਾਰ ਦੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਦੇਸ਼ ਦੇ ਅੰਦਰ ਉਨ੍ਹਾਂ ਲੋਕਾਂ ਦੇ ਵਿਰੁੱਧ ਚੌਕਸ ਰਹਿਣ, ਜੋ ਘੁਸਪੈਠੀਆਂ ਦਾ ਸਮਰਥਨ ਕਰਦੇ ਹਨ। ਸ਼੍ਰੀ ਮੋਦੀ ਨੇ ਬਿਹਾਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵੰਚਿਤ ਕਰਨ  ਅਤੇ ਉਨ੍ਹਾਂ ਨੂੰ ਘੁਸਪੈਠੀਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰਨ ਲਈ ਵਿਰੋਧੀ ਪਾਰਟੀਆਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਤੁਸ਼ਟੀਕਰਣ ਅਤੇ ਵੋਟ ਬੈਂਕ ਦੀ ਰਾਜਨੀਤੀ ਦੇ ਲਈ ਇਹ ਪਾਰਟੀ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ। ਪ੍ਰਧਾਨ ਮੰਤਰੀ ਨੇ ਬਿਹਾਰ ਦੇ ਲੋਕਾਂ ਨੂੰ  ਅਤਿਅੰਤ ਚੌਕਸ ਰਹਿਣ ਦੀ ਤਾਕੀਦ ਕੀਤੀ।


 

ਬਿਹਾਰ  ਨੂੰ ਵਿਰੋਧੀ ਧਿਰ ਦੇ ਹਾਨੀਕਾਰਕ ਇਰਾਦਿਆਂ ਤੋਂ ਬਚਾਉਣ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਿਹਾਰ ਦੇ ਲਈ ਇੱਕ ਬਹੁਤ ਹੀ ਨਿਰਣਾਇਕ ਸਮਾਂ ਹੈ। ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਬਿਹਾਰ ਦੇ ਨੌਜਵਾਨਾਂ ਦੇ ਸੁਪਨੇ ਪੂਰੇ ਹੋਣਗੇ ਅਤੇ ਬਿਹਾਰ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਨਵੀਂ ਉਡਾਣ ਦਿੱਤੀ ਜਾਣੀ ਚਾਹੀਦੀ ਹੈ। ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕੇਂਦਰ ਸਰਕਾਰ ਇਸ ਉਦੇਸ਼ ਲਈ ਸ਼੍ਰੀ ਨਿਤਿਸ਼ ਕੁਮਾਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀ ਹੈ,  ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਬਿਹਾਰ ਵਿੱਚ ਵਿਕਾਸ ਦੀ ਗਤੀ ਬਣਾਏ ਰੱਖਣ ਲਈ ਕੇਂਦਰ ਅਤੇ ਰਾਜ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਨਿਰੰਤਰ ਸਖ਼ਤ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇ ਵਿਕਾਸ ਪ੍ਰੋਜੈਕਟਸ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹਨ। 

ਇਸ ਪ੍ਰੋਗਰਾਮ ਵਿੱਚ ਬਿਹਾਰ ਦੇ ਰਾਜਪਾਲ, ਸ਼੍ਰੀ ਆਰਿਫ ਮੁਹੰਮਦ ਖਾਨ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ, ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ, ਸ਼੍ਰੀ ਜੀਤਨ ਰਾਮ ਮਾਂਜੀ, ਸ਼੍ਰੀ ਗਿਰਿਰਾਜ ਸਿੰਘ, ਸ਼੍ਰੀ ਚਿਰਾਗ ਪਾਸਵਾਨ, ਸ਼੍ਰੀ ਨਿਤਯਾਨੰਦ ਰਾਏ, ਸ਼੍ਰੀ ਰਾਮ ਨਾਥ ਠਾਕੁਰ, ਡਾ. ਰਾਜ ਭੂਸ਼ਣ ਚੌਧਰੀ, ਸ਼੍ਰੀ ਸਤੀਸ਼ ਚੰਦਰ ਦੁਬੇ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਸੰਪਰਕ ਵਿੱਚ ਸੁਧਾਰ ਲਈ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜਮਾਰਗ-31 ‘ਤੇ 8.15 ਕਿਲੋਮੀਟਰ ਲੰਬੇ ਔਂਟਾ-ਸਿਮਰੀਆ ਪੁਲ ਪ੍ਰੋਜੈਕਟ ਦਾ ਉਦਘਾਟਨ ਕੀਤਾ, ਜਿਸ ਵਿੱਚ ਗੰਗਾ ਨਦੀ ‘ਤੇ 1.86 ਕਿਲੋਮੀਟਰ ਲੰਬਾ 6 ਲੇਨ ਵਾਲਾ ਪੁਲ ਵੀ ਸ਼ਾਮਲ ਹੈ। ਇਸ ਪੁਲ ਦਾ ਨਿਰਮਾਣ 1,870 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਹੋਇਆ ਹੈ। ਇਹ ਪਟਨਾ ਦੇ ਮੋਕਾਮਾ ਅਤੇ ਬੇਗੂਸਰਾਏ ਦੇ ਦਰਮਿਆਨ ਸਿੱਧਾ ਸੰਪਰਕ ਪ੍ਰਦਾਨ ਕਰੇਗਾ।

ਇਹ ਪੁਲ ਪੁਰਾਣੇ , ਜਰਜਰ ਰੇਲ-ਸਹਿ-ਸੜਕ ਪੁਲ “ਰਾਜੇਂਦਰ ਸੇਤੂ” ਦੇ ਸਮਾਨਾਂਤਰ ਬਣਾਇਆ ਗਿਆ ਹੈ, ਜੋ ਬਹੁਤ ਖਰਾਬ ਸਥਿਤੀ ਵਿੱਚ ਹੈ, ਜਿਸ ਨਾਲ ਭਾਰੀ ਵਾਹਨਾਂ ਨੂੰ ਆਪਣਾ ਰਸਤਾ ਬਦਲਣਾ ਪੈਂਦਾ ਹੈ। ਇਹ ਨਵਾਂ ਪੁਲ ਉੱਤਰ ਬਿਹਾਰ (ਬੇਗੂਸਰਾਏ, ਸੁਪੌਲ, ਮਧੂਬਨੀ, ਪੂਰਨਿਆ, ਅਰਰੀਆ ਆਦਿ) ਅਤੇ ਦੱਖਣ ਬਿਹਾਰ (ਸ਼ੇਖਪੁਰਾ, ਨਵਾਦਾ, ਲਖੀਸਰਾਏ ਆਦਿ) ਦੇ ਦਰਮਿਆਨ ਆਵਾਜਾਈ ਕਰਨ ਵਾਲੇ ਭਾਰੀ ਵਾਹਨਾਂ ਦੇ ਲਈ 100 ਕਿਲੋਮੀਟਰ ਤੋਂ ਵੱਧ ਦੀ ਵਾਧੂ ਯਾਤਰਾ ਦੂਰੀ ਨੂੰ ਘੱਟ ਕਰੇਗਾ।  ਇਸ ਨਾਲ ਖੇਤਰ ਦੇ ਹੋਰ ਹਿੱਸਿਆ ਵਿੱਚ ਵਾਹਨਾਂ ਨੂੰ ਰਸਤਾ ਬਦਲਣ ਦੇ ਕਾਰਨ ਲਗਣ ਵਾਲੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਵੀ ਘੱਟ ਕਰਨ ਵਿੱਚ ਮਦਦ ਮਿਲੇਗੀ।

 

ਇਸ ਨਾਲ ਆਲੇ-ਦੁਆਲੇ ਦੇ ਖੇਤਰਾਂ ਵਿੱਚ ਉੱਤਰ ਬਿਹਾਰ ਦੇ ਖੇਤਰਾਂ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ, ਜੋ ਜ਼ਰੂਰੀ ਕੱਚੇ ਮਾਲ ਦੀ ਪ੍ਰਾਪਤੀ ਲਈ ਦੱਖਣੀ ਬਿਹਾਰ ਅਤੇ ਝਾਰਖੰਡ 'ਤੇ ਨਿਰਭਰ ਹਨ। ਇਸ ਨਾਲ ਪ੍ਰਸਿੱਧ ਤੀਰਥ ਸਥਾਨ ਸਿਮਰੀਆ ਧਾਮ ਜੋ ਪ੍ਰਸਿੱਧ ਕਵੀ ਸਵਰਗੀ ਸ਼੍ਰੀ ਰਾਮਧਾਰੀ ਸਿੰਘ ਦਿਨਕਰ ਦਾ ਜਨਮ ਸਥਾਨ ਵੀ ਹੈ ਤੱਕ ਬਿਹਤਰ ਸੰਪਰਕ ਸੁਵਿਧਾ ਵੀ ਉਪਲਬਧ ਹੋਵੇਗੀ।

ਪ੍ਰਧਾਨ ਮੰਤਰੀ ਨੇ ਲਗਭਗ 1,900 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ-31 ਦੇ ਬਖਤਿਆਰਪੁਰ ਤੋਂ ਮੋਕਾਮਾ ਤੱਕ ਚਾਰ ਲੇਨ ਵਾਲੇ ਸੈਕਸ਼ਨ ਦਾ ਵੀ ਉਦਘਾਟਨ ਕੀਤਾ, ਜਿਸ ਨਾਲ ਭੀੜ-ਭੜੱਕਾ ਘੱਟ ਹੋਵੇਗਾ, ਯਾਤਰਾ ਦਾ ਸਮਾਂ ਘਟੇਗਾ ਅਤੇ ਯਾਤਰੀ ਅਤੇ ਮਾਲ ਢੋਆ-ਢੁਆਈ ਵਧੇਗੀ। ਇਸ ਤੋਂ ਇਲਾਵਾ, ਬਿਹਾਰ ਵਿੱਚ ਰਾਸ਼ਟਰੀ ਰਾਜਮਾਰਗ-120 ਦੇ ਬਿਕਰਮਗੰਜ-ਦਾਵਥ-ਨਵਾਂਨਗਰ-ਡਮਰਾਓਂ ਸੈਕਸ਼ਨ ਦੇ ਪੱਕੇ ਕਿਨਾਰਿਆਂ ਵਾਲੇ ਦੋ ਲੇਨ ਦੇ ਸੁਧਾਰ ਨਾਲ ਗ੍ਰਾਮੀਣ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਸਥਾਨਕ ਆਬਾਦੀ ਲਈ ਨਵੇਂ ਆਰਥਿਕ ਮੌਕੇ ਉਪਲਬਧ ਹੋਣਗੇ।

ਬਿਹਾਰ ਵਿੱਚ ਬਿਜਲੀ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਲਗਭਗ 6,880 ਕਰੋੜ ਰੁਪਏ ਦੀ ਲਾਗਤ ਵਾਲੇ  ਬਕਸਰ ਥਰਮਲ ਪਾਵਰ ਪਲਾਂਟ (660x1 ਮੈਗਾਵਾਟ) ਦਾ ਉਦਘਾਟਨ ਕਰਨਗੇ। ਇਸ ਨਾਲ ਬਿਜਲੀ ਉਤਪਾਦਨ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਵੇਗਾ, ਊਰਜਾ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਇਸ ਖੇਤਰ ਦੀ ਵਧਦੀ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਸਕੇਗਾ।

ਸਿਹਤ ਬੁਨਿਆਦੀ ਢਾਂਚੇ ਨੂੰ ਇੱਕ ਵੱਡਾ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਮੁਜ਼ੱਫਰਪੁਰ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ। ਇਸ ਕੇਂਦਰ ਵਿੱਚ ਉੱਨਤ ਓਨਕੋਲੋਜੀ ਓਪੀਡੀ, ਆਈਪੀਡੀ ਵਾਰਡ, ਆਪ੍ਰੇਸ਼ਨ ਥੀਏਟਰ, ਆਧੁਨਿਕ ਪ੍ਰਯੋਗਸ਼ਾਲਾ, ਬਲੱਡ ਬੈਂਕ ਅਤੇ 24-ਬੈੱਡਾਂ ਵਾਲਾ ਆਈਸੀਯੂ (ਇੰਟੈਂਸਿਵ ਕੇਅਰ ਯੂਨਿਟ) ਅਤੇ ਐੱਚਡੀਯੂ (ਹਾਈ ਡਿਪੈਂਡੈਂਸੀ ਯੂਨਿਟ) ਸ਼ਾਮਲ ਹਨ। ਇਹ ਅਤਿ-ਆਧੁਨਿਕ ਸੁਵਿਧਾ ਬਿਹਾਰ ਅਤੇ ਗੁਆਂਢੀ ਰਾਜਾਂ ਦੇ ਮਰੀਜ਼ਾਂ ਨੂੰ ਉੱਨਤ ਅਤੇ ਕਿਫਾਇਤੀ ਕੈਂਸਰ ਦੇਖਭਾਲ ਪ੍ਰਦਾਨ ਕਰੇਗੀ, ਜਿਸ ਨਾਲ ਉਨ੍ਹਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਮਹਾਨਗਰਾਂ ਦੀ ਯਾਤਰਾ ਕਰਨ ਦੀ ਜ਼ਰੂਰਤ ਘੱਟ ਹੋ ਜਾਵੇਗੀ।

ਸਵੱਛ ਭਾਰਤ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਅਤੇ ਗੰਗਾ ਨਦੀ ਦੇ ਨਿਰਵਿਘਨ ਅਤੇ ਨਿਰਮਲ ਧਾਰਾ ਨੂੰ ਯਕੀਨੀ ਬਣਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਮੁੰਗੇਰ ਵਿੱਚ ਨਮਾਮਿ ਗੰਗੇ ਦੇ ਤਹਿਤ 520 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਅਤੇ ਸੀਵਰੇਜ ਨੈੱਟਵਰਕ ਦਾ ਉਦਘਾਟਨ ਕੀਤਾ। ਇਸ ਨਾਲ ਗੰਗਾ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਅਤੇ ਖੇਤਰ ਵਿੱਚ ਸਫਾਈ ਸੁਵਿਧਾਵਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਲਗਭਗ 1,260 ਕਰੋੜ ਰੁਪਏ ਦੀ ਲਾਗਤ ਵਾਲੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਇੱਕ ਲੜੀ ਦਾ ਵੀ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਔਰੰਗਾਬਾਦ ਦੇ ਦਾਉਦਨਗਰ ਅਤੇ ਜਹਾਨਾਬਾਦ ਵਿਖੇ ਐੱਸਟੀਪੀ ਅਤੇ ਸੀਵਰੇਜ ਨੈੱਟਵਰਕ; ਲਖੀਸਰਾਏ ਦੇ ਬਰਹੀਆ ਅਤੇ ਜਮੂਈ ਵਿਖੇ ਐੱਸਟੀਪੀ ਅਤੇ ਇੰਟਰਸੈਪਸ਼ਨ ਅਤੇ ਡਾਇਵਰਸ਼ਨ ਕਾਰਜ ਸ਼ਾਮਲ ਹਨ। ਅਮਰੁਤ 2.0 ਦੇ ਤਹਿਤ, ਪ੍ਰਧਾਨ ਮੰਤਰੀ ਔਰੰਗਾਬਾਦ, ਬੋਧਗਯਾ ਅਤੇ ਜਹਾਨਾਬਾਦ ਵਿੱਚ ਵਾਟਰ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟਸ ਸਾਫ਼ ਪੀਣ ਵਾਲੇ ਪਾਣੀ, ਆਧੁਨਿਕ ਸੀਵਰੇਜ ਪ੍ਰਣਾਲੀਆਂ ਅਤੇ ਬਿਹਤਰ ਸਵੱਛਤਾ ਪ੍ਰਦਾਨ ਕਰਨਗੇ, ਜਿਸ ਨਾਲ ਖੇਤਰ ਵਿੱਚ ਸਿਹਤ ਮਿਆਰ ਅਤੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ।

ਖੇਤਰ ਵਿੱਚ ਰੇਲ ਸੰਪਰਕ ਨੂੰ ਉਤਸ਼ਾਹਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੋ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਗਯਾ ਅਤੇ ਦਿੱਲੀ ਦਰਮਿਆਨ ਅੰਮ੍ਰਿਤ ਭਾਰਤ ਐਕਸਪ੍ਰੈੱਸ, ਜੋ ਆਧੁਨਿਕ ਸੁਵਿਧਾਵਾਂ, ਆਰਾਮ ਅਤੇ ਸੁਰੱਖਿਆ ਦੇ ਨਾਲ ਯਾਤਰੀ ਸੁਵਿਧਾ ਵਿੱਚ ਸੁਧਾਰ ਕਰੇਗੀ। ਵੈਸ਼ਾਲੀ ਅਤੇ ਕੋਡਰਮਾ ਦਰਮਿਆਨ ਬੋਧੀ ਸਰਕਿਟ ਟ੍ਰੇਨ, ਜੋ ਖੇਤਰ ਦੇ ਪ੍ਰਮੁੱਖ ਬੋਧ ਸਥਾਨਾਂ ਦਰਮਿਆਨ ਟੂਰਿਜ਼ਮ ਅਤੇ ਧਾਰਮਿਕ ਯਾਤਰਾ ਨੂੰ ਉਤਸ਼ਾਹਿਤ ਕਰੇਗੀ।

ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਅਧੀਨ 12,000 ਗ੍ਰਾਮੀਣ ਲਾਭਾਰਥੀਆਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਅਧੀਨ 4,260 ਲਾਭਾਰਥੀਆਂ ਦਾ ਗ੍ਰਹਿ ਪ੍ਰਵੇਸ਼ ਸਮਾਰੋਹ ਪ੍ਰਧਾਨ ਮੰਤਰੀ ਦੁਆਰਾ ਕੁਝ ਲਾਭਾਰਾਥੀਆਂ ਨੂੰ ਪ੍ਰਤੀਕਾਤਮਕ ਤੌਰ 'ਤੇ ਚਾਬੀਆਂ ਸੌਂਪਣ ਦੇ ਨਾਲ ਹੋਇਆ। ਇਸ ਨਾਲ ਹਜ਼ਾਰਾਂ ਪਰਿਵਾਰਾਂ ਦਾ ਆਪਣਾ ਘਰ ਹੋਣ ਦਾ ਸੁਪਨਾ ਪੂਰਾ ਹੋਇਆ।

 https://twitter.com/narendramodi/status/1958781143152828782

https://twitter.com/PMOIndia/status/1958782326738919720

https://twitter.com/PMOIndia/status/1958783936051482650

https://twitter.com/PMOIndia/status/1958784398075011090

https://twitter.com/PMOIndia/status/1958789092818272623

https://youtu.be/we2c3035L_0


***********

ਐੱਮਜੇਪੀਐੱਸ/ਐੱਸਆਰ


(Release ID: 2159991)