ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਸੈਂਟਰਲ ਕੰਜਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੇ ਗੁੰਮਰਾਹਕੁੰਨ ਇਸ਼ਤਿਹਾਰ ਲਈ ਔਨਲਾਈਨ ਰਾਈਡ ਹੇਲਿੰਗ ਪਲੈਟਫਾਰਮ ਰੈਪਿਡੋ 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ


ਸੀਸੀਪੀਏ ਨੇ ਉਪਭੋਗਤਾਵਾਂ ਨੂੰ ਮੁਆਵਜ਼ਾ ਯਕੀਨੀ ਬਣਾਉਣ ਅਤੇ ਗੁੰਮਰਾਹਕੁੰਨ ਇਸ਼ਤਿਹਾਰ ਬੰਦ ਕਰਨ ਦਾ ਨਿਰਦੇਸ਼ ਦਿੱਤਾ

Posted On: 21 AUG 2025 10:36AM by PIB Chandigarh

ਸੈਂਟਰਲ ਕੰਜਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੇ ਉਪਭੋਗਤਾ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਹੋਰ ਕਾਰਵਾਈ ਕਰਦੇ ਹੋਏ ਰੈਪਿਡੋ (ਰੋਪੇਨ ਟ੍ਰਾਂਸਪੋਰਟੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ) ਨੂੰ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਅਤੇ ਅਣਉਚਿਤ ਵਪਾਰਕ ਅਭਿਆਸਾਂ ਦੇ ਲਈ 10,00,000 ਰੁਪਏ ਦਾ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ।

ਇਸ ਤੋਂ ਇਲਾਵਾ, ਅਥਾਰਟੀ ਨੇ ਔਨਲਾਈਨ ਰਾਈਡ ਹੇਲਿੰਗ ਪਲੈਟਫਾਰਮ ਨੂੰ ਇਹ ਯਕੀਨੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ ਕਿ "5 ਮਿੰਟ ਵਿੱਚ ਆਟੋ ਜਾਂ 50 ਰੁਪਏ ਪ੍ਰਾਪਤ ਕਰੋ" ਆਫਰ ਵਾਲੀ ਯੋਜਨਾ ਵਿੱਚ ਸ਼ਾਮਲ ਸਾਰੇ ਉਪਭੋਗਤਾਵਾਂ ਨੂੰ ਵਾਅਦੇ ਮੁਤਾਬਿਕ ਜੇਕਰ 50 ਰੁਪਏ ਮੁਆਵਜ਼ਾ ਨਹੀਂ ਮਿਲਿਆ ਹੈ, ਤਾਂ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਜਾਂ ਸ਼ਰਤ ਦੇ ਪੂਰੀ ਰਕਮ ਵਾਪਸ ਕੀਤੀ ਜਾਵੇ।

ਸੀਸੀਪੀਏ ਨੇ ਰੈਪਿਡੋ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਦਾ ਨੋਟਿਸ ਲਿਆ ਜਿਨ੍ਹਾਂ ਵਿੱਚ ਉਪਭੋਗਤਾਵਾਂ ਨੂੰ "5 ਮਿੰਟ ਵਿੱਚ ਆਟੋ ਜਾਂ 50 ਰੁਪਏ ਪਾਓ" ਅਤੇ "ਗਾਰੰਟੀਸ਼ੁਦਾ ਆਟੋ" ਦਾ ਵਾਅਦਾ ਕੀਤਾ ਗਿਆ ਸੀ। ਵਿਸਤ੍ਰਿਤ ਜਾਂਚ ਤੋਂ ਬਾਅਦ, ਸੀਸੀਪੀਏ ਨੇ ਇਨ੍ਹਾਂ ਇਸ਼ਤਿਹਾਰਾਂ ਨੂੰ ਝੂਠਾ, ਗੁੰਮਰਾਹਕੁੰਨ ਅਤੇ ਉਪਭੋਗਤਾਵਾਂ ਦੇ ਪ੍ਰਤੀ ਅਣਉਚਿਤ ਪਾਇਆ ਅਤੇ ਇਨ੍ਹਾਂ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਨਿਰਦੇਸ਼ ਦਿੱਤਾ।

ਰਾਸ਼ਟਰੀ ਉਪਭੋਗਤਾ ਹੈਲਪਲਾਈਨ (ਐੱਨਸੀਐੱਚ) ਦੇ ਅੰਕੜਿਆਂ ਤੋਂ ਪਤਾ ਲੱਗਿਆ:

  • ਅਪ੍ਰੈਲ 2023 ਅਤੇ ਮਈ 2024 ਦੇ ਵਿਚਕਾਰ ਰੈਪਿਡੋ ਦੇ ਖ਼ਿਲਾਫ਼ 575 ਸ਼ਿਕਾਇਤਾਂ।

  • ਜੂਨ 2024 ਅਤੇ ਜੁਲਾਈ 2025 ਦੇ ਵਿਚਕਾਰ 1,224 ਸ਼ਿਕਾਇਤਾਂ।

ਸੀਸੀਪੀਏ ਦੀ ਜਾਂਚ ਵਿੱਚ ਪਾਇਆ ਗਿਆ ਕਿ ਰੈਪਿਡੋ ਦੇ ਇਸ਼ਤਿਹਾਰਾਂ ਵਿੱਚ "ਨਿਯਮ ਅਤੇ ਸ਼ਰਤਾਂ ਲਾਗੂ" ਵਾਲਾ ਡਿਸਕਲੇਮਰ ਬਹੁਤ ਛੋਟੇ ਅਤੇ ਨਾ ਪੜ੍ਹਨਯੋਗ ਫੌਂਟ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਵਾਅਦਾ ਕੀਤਾ ਗਿਆ 50 ਰੁਪਏ ਦਾ ਲਾਭ ਅਸਲ ਮੁਦਰਾ (ਰੁਪਏ ਵਿੱਚ) ਨਹੀਂ ਬਲਕਿ "ਰੈਪਿਡੋ ਸਿੱਕੇ" ਸੀ ਅਤੇ ਫਿਰ ਵੀ, ਲਾਭ "50 ਰੁਪਏ ਤੱਕ" ਸੀ ਪਰ ਇਹ ਹਮੇਸ਼ਾ 50 ਰੁਪਏ ਨਹੀਂ ਹੁੰਦਾ ਸੀ। ਇਨ੍ਹਾਂ ਸਿੱਕਿਆਂ ਨੂੰ ਸਿਰਫ਼ ਰੈਪਿਡੋ ਬਾਇਕ ਰਾਇਡ ਦੇ ਬਦਲੇ ਹੀ ਰੀਡੀਮ ਕੀਤਾ ਜਾ ਸਕਦਾ ਸੀ ਅਤੇ ਇਨ੍ਹਾਂ ਦੀ ਮਿਆਦ ਸਿਰਫ਼ 7 ਦਿਨਾਂ ਦੀ ਸੀ। ਇਸ ਤਰ੍ਹਾਂ ਦੀਆਂ ਪਾਬੰਦੀਆਂ ਨੇ ਆਫਰ ਦੇ ਮੁੱਲ ਨੂੰ ਘੱਟ ਕਰ ਦਿੱਤਾ ਅਤੇ ਉਪਭੋਗਤਾਵਾਂ ਨੂੰ ਅਣਉਚਿਤ ਤੌਰ 'ਤੇ ਥੋੜ੍ਹੇ ਸਮੇਂ ਦੇ ਅੰਦਰ ਰੈਪਿਡੋ ਦੀ ਦੂਸਰੀ ਸੇਵਾ ਦੀ ਵਰਤੋਂ ਕਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਮਜਬੂਰ ਕੀਤਾ। ਇਸ ਤਰ੍ਹਾਂ ਦੀ ਅਣਗਹਿਲੀ ਨੇ ਯਕੀਨੀ ਸੇਵਾ ਦੀ ਝੂਠੀ ਧਾਰਨਾ ਬਣਾਈ ਅਤੇ ਉਪਭੋਗਤਾਵਾਂ ਨੂੰ ਰੈਪਿਡੋ ਚੁਣਨ ਲਈ ਗੁੰਮਰਾਹ ਕੀਤਾ।

ਇਸ ਤੋਂ ਇਲਾਵਾ, ਜਦੋਂ ਕਿ ਇਸ਼ਤਿਹਾਰ ਵਿੱਚ ਪ੍ਰਮੁੱਖਤਾ ਨਾਲ "5 ਮਿੰਟ ਵਿੱਚ ਆਟੋ ਜਾਂ 50 ਰੁਪਏ ਪਾਓ" ਦਾ ਦਾਅਵਾ ਕੀਤਾ ਗਿਆ ਸੀ, ਨਿਯਮਾਂ ਅਤੇ ਸ਼ਰਤਾਂ ਵਿੱਚ ਕਿਹਾ ਗਿਆ ਸੀ ਕਿ ਗਰੰਟੀ ਵਿਅਕਤੀਗਤ ਕੈਪਟਨਾਂ ਦੁਆਰਾ ਦਿੱਤੀ ਜਾ ਰਹੀ ਹੈ, ਨਾ ਕਿ ਰੈਪਿਡੋ ਦੁਆਰਾ। ਇਸ ਵਿਰੋਧਾਭਾਸੀ ਰੁਖ ਨੇ ਕੰਪਨੀ ਤੋਂ ਜ਼ਿੰਮੇਵਾਰੀ ਹਟਾਉਣ ਦਾ ਯਤਨ ਕੀਤਾ, ਜਿਸ ਨਾਲ ਇਸ਼ਤਿਹਾਰ ਵਿੱਚ ਦਿੱਤੇ ਗਏ ਭਰੋਸੇ ਬਾਰੇ ਉਪਭੋਗਤਾ ਨੂੰ ਗੁੰਮਰਾਹ ਕੀਤਾ ਗਿਆ।

ਗੁੰਮਰਾਹਕੁੰਨ ਇਸ਼ਤਿਹਾਰਾਂ ਅਤੇ ਸਮਰਥਨਾਂ ਦੀ ਰੋਕਥਾਮ ਲਈ ਦਿਸ਼ਾ-ਨਿਰਦੇਸ਼, 2022 ਵਿੱਚ ਕਿਹਾ ਗਿਆ ਹੈ ਕਿ ਇਸ਼ਤਿਹਾਰਾਂ ਵਿੱਚ ਡਿਸਕਲੇਮਰ ਪ੍ਰਮੁੱਖ ਦਾਅਵੇ ਦਾ ਖੰਡਨ ਨਹੀਂ ਕਰਨਗੇ, ਮਹੱਤਵਪੂਰਨ ਜਾਣਕਾਰੀ ਨੂੰ ਨਹੀਂ ਛੁਪਾਉਣਗੇ, ਜਾਂ ਗੁੰਮਰਾਹਕੁੰਨ ਦਾਅਵੇ ਨੂੰ ਜਾਇਜ਼ ਠਹਿਰਾਉਣ ਲਈ ਵਰਤੇ ਨਹੀਂ ਜਾਣਗੇ। ਰੈਪਿਡੋ ਦੇ ਮਾਮਲੇ ਵਿੱਚ, 'ਗਾਰੰਟੀਸ਼ੁਦਾ ਆਟੋ' ਅਤੇ '5 ਮਿੰਟ ਵਿੱਚ ਆਟੋ ਜਾਂ 50 ਰੁਪਏ ਪ੍ਰਾਪਤ ਕਰੋ ਦਾਅਵਿਆਂ ਨੇ ਇੱਕ ਧਾਰਨਾ ਬਣਾਈ ਕਿ ਜੇਕਰ ਉਪਭੋਗਤਾ ਨੂੰ 5 ਮਿੰਟਾਂ ਦੇ ਅੰਦਰ ਆਟੋ ਪ੍ਰਦਾਨ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ 50 ਰੁਪਏ ਪ੍ਰਾਪਤ ਹੋਣਗੇ। ਹਾਲਾਂਕਿ, ਲਾਭ ਨੂੰ '50 ਰੁਪਏ ਤੱਕ' ਤੱਕ ਸੀਮਤ ਕਰਨ ਵਾਲੀ ਭੌਤਿਕ ਸੀਮਾ, ਅਤੇ ਉਹ ਵੀ ਸਿਰਫ ਥੋੜ੍ਹੇ ਸਮੇਂ ਦੀ ਵੈਧਤਾ ਵਾਲੇ ਰੈਪਿਡੋ ਸਿੱਕਿਆਂ ਦੇ ਰੂਪ ਵਿੱਚ, ਜਾਂ ਤਾਂ ਛੱਡ ਦਿੱਤੀ ਗਈ ਸੀ ਜਾਂ ਸਮਾਨ ਪ੍ਰਮੁੱਖਤਾ ਨਾਲ ਪ੍ਰਗਟ ਨਹੀਂ ਕੀਤੀ ਗਈ ਸੀ। ਜਾਣਕਾਰੀ ਨੂੰ ਛੁਪਾਉਣ ਅਤੇ ਸਪਸ਼ਟਤਾ ਦੀ ਕਮੀ ਨੇ ਇਸ਼ਤਿਹਾਰ ਨੂੰ ਗੁਮਰਾਹਕੁੰਨ ਬਣਾ ਦਿੱਤਾ।

ਸੀਸੀਪੀਏ ਨੇ ਦੱਸਿਆ ਕਿ ਪਿਛਲੇ ਦੋ ਵਰ੍ਹਿਆਂ ਵਿੱਚ, ਐੱਨਸੀਐੱਚ ਨੂੰ ਰੈਪਿਡੋ ਦੇ ਖ਼ਿਲਾਫ਼ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਕਈ ਸ਼ਿਕਾਇਤਾਂ ਸੇਵਾਵਾਂ ਵਿੱਚ ਕਮੀਆਂ, ਭੁਗਤਾਨ ਕੀਤੀ ਗਈ ਰਕਮ ਵਾਪਸ ਨਾ ਮਿਲਣ, ਜ਼ਿਆਦਾ ਚਾਰਜਿੰਗ ਲੈਣ, ਵਾਅਦਾ ਕੀਤੀਆਂ ਸੇਵਾਵਾਂ ਨਾ ਦੇਣ ਅਤੇ ਗਾਰੰਟੀਸ਼ੁਦਾ "5 ਮਿੰਟ" ਸੇਵਾ ਨਾ ਮਿਲਣ ਨਾਲ ਸਬੰਧਿਤ ਹਨ। ਅਜਿਹੀਆਂ ਸ਼ਿਕਾਇਤਾਂ ਵਿੱਚ ਲਗਾਤਾਰ ਵਾਧਾ ਉਪਭੋਗਤਾ ਦੀ ਅਸੰਤੁਸ਼ਟੀ ਦੇ ਇੱਕ ਵਿਆਪਕ ਪੈਟਰਨ ਨੂੰ ਦਰਸਾਉਂਦਾ ਹੈ, ਜਿਸ ਦੇ ਕਾਰਨ ਸੀਸੀਪੀਏ ਨੂੰ ਉਪਭੋਗਤਾ ਦੇ ਹਿੱਤਾਂ ਦੀ ਰੱਖਿਆ ਲਈ ਸਖ਼ਤ ਕਦਮ ਚੁੱਕਣੇ ਪਏ ਹਨ। ਰੈਪਿਡੋ ਨਾਲ ਸਾਂਝਾ ਕੀਤੇ ਜਾਣ ਦੇ ਬਾਵਜੂਦ, ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਿਕਾਇਤਾਂ ਅਣਸੁਲਝੀਆਂ ਹੀ ਰਹਿੰਦੀਆਂ ਹਨ।

ਰੈਪਿਡੋ 120 ਤੋਂ ਵੱਧ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦਿੰਦੀ ਹੈ ਅਤੇ ਦੇਸ਼ ਭਰ ਵਿੱਚ ਕਈ ਖੇਤਰੀ ਭਾਸ਼ਾਵਾਂ ਵਿੱਚ ਲਗਭਗ ਡੇਢ ਸਾਲ (ਕਰੀਬ 548 ਦਿਨ) ਤੱਕ ਗੁੰਮਰਾਹਕੁੰਨ ਇਸ਼ਤਿਹਾਰਾਂ ਦਾ ਸਰਗਰਮ ਤੌਰ ’ਤੇ ਪ੍ਰਚਾਰ ਕੀਤਾ ਗਿਆ। ਇਸ ਮੁਹਿੰਮ ਦੀ ਵਿਆਪਕ ਪਹੁੰਚ ਅਤੇ ਲੰਬੀ ਮਿਆਦ ਨੂੰ ਦੇਖਦੇ ਹੋਏ, ਉਪਭੋਗਤਾ ਸੁਰੱਖਿਆ ਐਕਟ, 2019 ਦੀ ਧਾਰਾ 10 ਦੇ ਤਹਿਤ ਸਥਾਪਿਤ ਸੈਂਟਰਲ ਕੰਜਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੇ ਉਪਭੋਗਤਾ ਦੇ ਹਿੱਤਾਂ ਦੀ ਰੱਖਿਆ ਲਈ ਕਦਮ ਚੁੱਕਣਾ ਜ਼ਰੂਰੀ ਸਮਝਿਆ। ਐਕਟ ਦੀ ਧਾਰਾ 10, 20 ਅਤੇ 21 ਦੇ ਤਹਿਤ ਸਸ਼ਕਤ, ਸੀਸੀਪੀਏ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ ਅਤੇ ਅਣਉਚਿਤ ਵਪਾਰਕ ਅਭਿਆਸਾਂ ’ਤੇ ਰੋਕ ਲਗਾਉਣ ਲਈ ਕਾਰਵਾਈ ਕਰਨ ਸਮੇਤ ਉਪਭੋਗਤਾ ਅਧਿਕਾਰਾਂ ਦੀ ਰੱਖਿਆ, ਪ੍ਰਚਾਰ ਅਤੇ ਲਾਗੂਕਰਨ ਦਾ ਅਧਿਕਾਰ ਪ੍ਰਾਪਤ ਹੈ। ਇਸ ਅਨੁਸਾਰ, ਅਜਿਹੇ ਅਭਿਆਸਾਂ ਵਿੱਚ ਸ਼ਾਮਲ ਹੋਣ ਲਈ ਰੈਪਿਡੋ ’ਤੇ ਜੁਰਮਾਨਾ ਲਗਾਇਆ ਗਿਆ ਹੈ।

ਸੀਸੀਪੀਏ ਉਪਭੋਗਤਾਵਾਂ ਨੂੰ ਅਜਿਹੇ ਇਸ਼ਤਿਹਾਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਾ ਹੈ ਜੋ ਵੱਡੇ-ਵੱਡੇ ਵਾਅਦੇ ਕਰਦੇ ਹਨ ਜਾਂ ਸ਼ਰਤਾਂ ਨੂੰ ਸਪਸ਼ਟ ਕੀਤੇ ਬਿਨਾਂ "ਗਾਰੰਟੀਸ਼ੁਦਾ" ਜਾਂ "ਭਰੋਸੇਮੰਦ" ਵਰਗੇ ਵਾਕਾਂਸ਼ਾਂ ਦੀ ਵਰਤੋਂ ਕਰਦੇ ਹਨ। ਜੇਕਰ ਉਪਭੋਗਤਾਵਾਂ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ ਜਾਂ ਅਣਉਚਿਤ ਵਪਾਰਕ ਅਭਿਆਸਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਹੇਠ ਲਿਖੀਆਂ ਕਾਰਵਾਈਆਂ ਕਰ ਸਕਦੇ ਹਨ:

  • ਰਾਸ਼ਟਰੀ ਉਪਭੋਗਤਾ ਹੈਲਪਲਾਈਨ (1915) ’ਤੇ ਕਾਲ ਕਰੋ

  • ਸ਼ਿਕਾਇਤ ਦਰਜ ਕਰਨ ਲਈ ਐੱਨਸੀਐੱਚ ਐਪ ਜਾਂ ਵੈੱਬਸਾਈਟ ਦੀ ਵਰਤੋਂ ਕਰੋ

*****

ਏਡੀ/ ਐੱਨਐੱਸ


(Release ID: 2159734) Visitor Counter : 10