ਖੇਤੀਬਾੜੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਭਾਰਤ ਰਤਨ ਡਾ. ਐੱਮ.ਐੱਸ. ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰੇਰਣਾ ਨਾਲ ਚਲਾਏ ਜਾ ਰਹੇ ਹਨ ‘ਲੈਬ ਟੂ ਲੈਂਡ’ ਸਮੇਤ ਕਈ ਅਭਿਯਾਨ- ਸ਼੍ਰੀ ਸ਼ਿਵਰਾਜ ਸਿੰਘ

ਸਵਾਮੀਨਾਥਨ ਜੀ ਦੇ ਦੱਸੇ ਗਏ ਰਾਹ ‘ਤੇ ਚੱਲਦੇ ਹੋਏ ਅਸੀਂ ਦੇਸ਼ ਅਤੇ ਦੁਨੀਆ ਵਿੱਚ ਭੁੱਖਮਰੀ ਅਤੇ ਘਾਟ ਨਹੀਂ ਹੋਣ ਦਿਆਂਗੇ –ਸ਼੍ਰੀ ਸ਼ਿਵਰਾਜ ਸਿੰਘ

ਆਉਣ ਵਾਲੀਆਂ ਪੀੜ੍ਹੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਦਰਤੀ ਖੇਤੀਬਾੜੀ ਮਿਸ਼ਨ ਦੀ ਸ਼ੁਰੂਆਤ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

Posted On: 07 AUG 2025 5:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੂਸਾ, ਨਵੀਂ ਦਿੱਲੀ ਵਿੱਚ ਭਾਰਤ ਰਤਨ ਡਾ. ਐੱਮ.ਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੰਮੇਲਨ ਦੀ ਪ੍ਰਧਾਨਗੀ ਕੀਤੀ। ਇਹ ਸੰਮੇਲਨ 7-9 ਅਗਸਤ, 2025 ਤੱਕ ਨਵੀਂ ਦਿੱਲੀ ਦੇ ਪੂਸਾ ਕੈਂਪਸ ਵਿਖੇ ਆਯੋਜਿਤ ਕੀਤਾ ਗਿਆ ਹੈ, ਇਹ ਸੰਮੇਲਨ ਖੇਤੀਬਾੜੀ ਵਿਗਿਆਨ ਵਿੱਚ ਇੱਕ ਪ੍ਰਤੀਕ ਸ਼ਖਸੀਅਤ ਅਤੇ ਖੁਰਾਕ ਸੁਰੱਖਿਆ ਦੇ ਮੋਢੀ ਪ੍ਰੋਫੈਸਰ ਡਾ. ਐੱਮ.ਐੱਸ. ਸਵਾਮੀਨਾਥਨ ਦੀ ਜਨਮ ਸ਼ਤਾਬਦੀ ਦੀ ਯਾਦ ਦਿਵਾਉਂਦਾ ਹੈ। ਇਹ ਸੰਮੇਲਨ ਐੱਮ.ਐੱਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ), ਅਤੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਅਕੈਡਮੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਕਾਨਫਰੰਸ ਦਾ ਵਿਸ਼ਾ 'ਸਦਾਬਹਾਰ ਕ੍ਰਾਂਤੀ - ਜੈਵਿਕ-ਖੁਸ਼ੀ ਦਾ ਰਸਤਾ' ਹੈ।

ਇਸ ਮੌਕੇ 'ਤੇ ਬੋਲਦਿਆਂ, ਸ਼੍ਰੀ ਸ਼ਿਵਰਾਜ ਸਿੰਘ ਨੇ ਜੀਵਨ ਦੇ ਅਸਲ ਅਰਥ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ "ਦੂਜਿਆਂ ਲਈ ਜਿਉਣਾ ਹੀ ਜੀਵਨ ਦਾ ਅਸਲੀ ਸਾਰ ਹੈ - ਜੋ ਲੋਕ ਦੇਸ਼, ਸਮਾਜ ਅਤੇ ਦੂਜਿਆਂ ਲਈ ਜੀਉਂਦੇ ਹਨ, ਉਹ ਹੀ ਆਪਣੇ ਵਜੂਦ ਨੂੰ ਸਹੀ ਅਰਥਾਂ ਵਿੱਚ ਸਾਰਥਕ ਬਣਾਉਂਦੇ ਹਨ"। ਮੰਤਰੀ ਨੇ ਕਿਹਾ ਕਿ ਡਾ. ਸਵਾਮੀਨਾਥਨ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣਾ ਜੀਵਨ ਦੂਜਿਆਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਡਾ. ਸਵਾਮੀਨਾਥਨ ਦੁਆਰਾ ਦੱਸੇ ਗਏ ਰਸਤੇ 'ਤੇ ਚੱਲਦੇ ਹੋਏ, "ਅਸੀਂ ਇਹ ਯਕੀਨੀ ਬਣਾਵਾਂਗੇ ਕਿ ਨਾ ਤਾਂ ਭਾਰਤ ਅਤੇ ਨਾ ਹੀ ਦੁਨੀਆ ਨੂੰ ਭੁੱਖਮਰੀ ਜਾਂ ਘਾਟ ਦਾ ਸਾਹਮਣਾ ਕਰਨਾ ਪਵੇ"।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਵਾਮੀਨਾਥਨ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ 1942-43 ਦੇ ਬੰਗਾਲ ਅਕਾਲ ਕਾਰਨ ਜਦੋਂ ਲੱਖਾਂ ਲੋਕ ਭੁੱਖਮਰੀ ਦੇ ਕਗਾਰ ‘ਤੇ ਪਹੁੰਚ ਗਏ ਸਨ, ਤਾਂ ਸਵਾਮੀਨਾਥਨ ਦਾ ਦਿਲ ਦੁਖੀ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਖੇਤੀਬਾੜੀ, ਕਿਸਾਨਾਂ ਅਤੇ ਭੁੱਖਮਰੀ ਦੇ ਖਾਤਮੇ ਲਈ ਸਮਰਪਿਤ ਕਰ ਦਿੱਤਾ। ਸ਼੍ਰੀ ਚੌਹਾਨ ਨੇ ਕਿਹਾ ਕਿ ਮੈਂ ਸਿਰਫ਼ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ 1966 ਵਿੱਚ, ਅਠਾਰ੍ਹਾਂ ਹਜ਼ਾਰ ਟਨ ਮੈਕਸੀਕਨ ਕਣਕ ਮੈਕਸੀਕੋ ਤੋਂ ਆਈ ਸੀ, ਜਿਸ ਨੂੰ ਪੰਜਾਬ ਦੀਆਂ ਕਿਸਮਾਂ ਨਾਲ ਮਿਲਾ ਕੇ ਕਣਕ ਦੀ ਇੱਕ ਨਵੀਂ ਹਾਈਬ੍ਰਿਡ ਕਿਸਮ ਵਿਕਸਿਤ ਕੀਤੀ ਗਈ ਸੀ ਅਤੇ ਉਸੇ ਕਿਸਮ ਦੇ ਕਾਰਨ ਇੱਕ ਸਾਲ ਵਿੱਚ, ਕਣਕ ਦਾ ਉਤਪਾਦਨ ਪੰਜ ਮਿਲੀਅਨ ਟਨ ਤੋਂ ਵੱਧ ਕੇ ਸਤਾਰ੍ਹਾਂ ਬਿਲੀਅਨ ਟਨ ਹੋ ਗਿਆ ਸੀ। ਸਵਾਮੀਨਾਥਨ ਜੀ ਹਰੀ ਕ੍ਰਾਂਤੀ ਦੇ ਜਨਮਦਾਤਾ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਜੋ ਖੇਤੀਬਾੜੀ ਵਿਗਿਆਨ ਲਈ ਵਿਵਸਥਾ ਬਣਾਈ ਉਹ ਅੱਜ ਸਹੀ ਦਿਸ਼ਾ ਵਿੱਚ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ।

 

ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਖੇਤੀਬਾੜੀ ਵਿਕਾਸ ਅਤੇ ਕਿਸਾਨ ਭਲਾਈ ਦੀ ਦਿਸ਼ਾ ਵਿੱਚ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਹਰ ਸ਼ਬਦ ਸਾਡੇ ਲਈ ਇੱਕ ਮੰਤਰ ਵਾਂਗ ਹੈ। ਇੱਕ ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਇਸ ਪੂਸਾ ਕੈਂਪਸ ਵਿੱਚ ਆਏ ਸੀ, ਤਦ ਉਨ੍ਹਾਂ ਨੇ ਸਾਨੂੰ ਕਿਹਾ ਸੀ – ‘ਲੈਬ ਟੂ ਲੈਂਡ ਜੋੜੋ, ਵਿਗਿਆਨ ਅਤੇ ਕਿਸਾਨ ਜਦੋੰ ਤੱਕ ਨਹੀਂ ਮਿਲਣਗੇ, ਤਦ ਤੱਕ ਖੇਤੀਬਾੜੀ ਸਹੀ ਦਿਸ਼ਾ ਵਿੱਚ ਅੱਗੇ ਨਹੀਂ ਵਧੇਗੀ। ਪ੍ਰਧਾਨ ਮੰਤਰੀ ਜੀ ਦੀ ਪ੍ਰੇਰਨਾ ਨਾਲ, 'ਲੈਬ ਟੂ ਲੈਂਡ’ ਜੋੜਨ ਸਮੇਤ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਹੈ ਕ੍ਰਿਸ਼ੀ ਚੌਪਾਲ ਅਤੇ ਦੂਜਾ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ ਵੀ ਹੈ।

ਸ਼੍ਰੀ ਚੌਹਾਨ ਨੇ ਅੱਗੇ ਦੱਸਿਆ ਕਿ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ' ਤਹਿਤ ਵਿਗਿਆਨੀਆਂ ਦੀਆਂ ਕੁੱਲ 2,170 ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਨੇ 64,000 ਤੋਂ ਵੱਧ ਪਿੰਡਾਂ ਦਾ ਦੌਰਾ ਕੀਤਾ ਅਤੇ 1 ਕਰੋੜ (10 ਮਿਲੀਅਨ) ਤੋਂ ਵੱਧ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਸੰਵਾਦ ਕੀਤਾ।

 

ਅਨਾਜ ਉਤਪਾਦਨ ਬਾਰੇ ਬੋਲਦਿਆਂ, ਸ਼੍ਰੀ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਦੇ ਅਨਾਜ ਭੰਡਾਰ ਦੀ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਦੇਸ਼ ਕੋਲ ਵਾਧੂ ਚੌਲ ਹਨ, ਕਣਕ ਵਿੱਚ ਅਸੀਂ ਆਤਮ-ਨਿਰਭਰ ਹਾਂ, ਅਤੇ ਮਜ਼ਬੂਤ ਅਨਾਜ ਭੰਡਾਰਣ ਪ੍ਰਣਾਲੀਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ।" ਪ੍ਰਧਾਨ ਮੰਤਰੀ ਦੀ ਅਗਵਾਈ ਹੇਠ, ਅੱਜ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਕੰਮ ਹੋ ਰਿਹਾ ਹੈ।

 

ਉਨ੍ਹਾਂ ਨੇ ਦਾਲਾਂ ਅਤੇ ਤੇਲ ਬੀਜਾਂ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ 'ਤੇ ਵੀ ਜ਼ੋਰ ਦਿੱਤਾ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਹੇਠ ਸੋਇਆਬੀਨ ਹੋਵੇ, ਮੂੰਗਫਲੀ ਹੋਵੇ, ਸਰ੍ਹੋਂ ਹੋਵੇ, ਤਿਲ ਹੋਣ, ਜਾਂ ਛੋਲੇ, ਮਸਰ,  ਉੜਦ ਅਤੇ ਅਰਹਰ ਹੋਵੇ, ਉਸ ਦੇ ਉਤਪਾਦਨ ਨੂੰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ, ਇੱਕ 'ਕੁਦਰਤੀ ਖੇਤੀ 'ਤੇ ਰਾਸ਼ਟਰੀ ਮਿਸ਼ਨ' ਸ਼ੁਰੂ ਕੀਤਾ ਗਿਆ ਹੈ। ਇਸ ਮਿਸ਼ਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਅਨਾਜ, ਫਲ ਅਤੇ ਸਬਜ਼ੀਆਂ ਦੀ ਉਪਜ ਦਿੰਦੀ ਰਹੇ, ਅਤੇ ਇਸ ਨੂੰ ਪ੍ਰਾਪਤ ਕਰਨ ਲਈ ਵਿਗਿਆਨਕ ਪਹੁੰਚ ਨਾਲ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ।

ਸ਼੍ਰੀ ਸ਼ਿਵਰਾਜ ਸਿੰਘ ਨੇ ਪ੍ਰੋਫੈਸਰ ਸਵਾਮੀਨਾਥਨ ਦੀ ਜੀਵਨ ਯਾਤਰਾ ਅਤੇ ਵਡਮੁੱਲੇ ਯੋਗਦਾਨਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

ਇਸ ਸਮਾਗਮ ਵਿੱਚ ਨੀਤੀ ਆਯੋਗ ਦੇ ਮੈਂਬਰ ਡਾ. ਰਮੇਸ਼ ਚੰਦ, ਡਾ. ਸੌਮਿਆ ਸਵਾਮੀਨਾਥਨ (ਡਾ. ਐੱਮ.ਐੱਸ. ਸਵਾਮੀਨਾਥਨ ਦੀ ਬੇਟੀ), ਖੇਤੀਬਾੜੀ ਮਾਹਿਰ, ਵਿਗਿਆਨੀ, ਕਿਸਾਨ ਅਤੇ ਹੋਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।

*****

ਆਰਸੀ/ਕੇਐੱਸਆਰ/ਏਆਰ


(Release ID: 2153974)