ਸਿੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰੀਕਸ਼ਾ ਪੇ ਚਰਚਾ 2025 ਨੂੰ ਇੱਕ ਮਹੀਨੇ ਵਿੱਚ ਸਭ ਤੋਂ ਵੱਧ ਰਜਿਸਟ੍ਰੇਸ਼ਨ ਦੇ ਲਈ ਗਿਨੀਜ਼ ਵਰਲਡ ਰਿਕਾਰਡ ਨਾਲ ਸਨਮਾਨਿਤ ਕੀਤਾ ਗਿਆ

Posted On: 04 AUG 2025 6:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਮੁੱਖ ਪਹਿਲਕਦਮੀ, ਪਰੀਕਸ਼ਾ ਪੇ ਚਰਚਾ (ਪੀਪੀਸੀ), ਜਿਸ ਨੂੰ ਸਿੱਖਿਆ ਮੰਤਰਾਲੇ ਦੁਆਰਾ ਮਾਈਗੌਵ ਦੇ ਸਹਿਯੋਗ ਨਾਲ 2018 ਤੋਂ ਸਫਲਤਾਪੂਰਵਕ ਆਯੋਜਿਤ ਕੀਤਾ ਜਾ ਰਿਹਾ ਹੈ, ਨੂੰ "ਇੱਕ ਮਹੀਨੇ ਵਿੱਚ ਕਿਸੇ ਨਾਗਰਿਕ ਸ਼ਮੂਲੀਅਤ ਪਲੈਟਫਾਰਮ 'ਤੇ ਸਭ ਤੋਂ ਵੱਧ ਰਜਿਸਟ੍ਰੇਸ਼ਨਾਂ" ਲਈ ਗਿਨੀਜ਼ ਵਰਲਡ ਰਿਕਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਮਾਨਤਾ ਮਾਈਗੌਵ ਪਲੈਟਫਾਰਮ 'ਤੇ ਆਯੋਜਿਤ ਇਸ ਪ੍ਰੋਗਰਾਮ ਦੇ 8ਵੇਂ ਐਡੀਸ਼ਨ ਦੌਰਾਨ ਪ੍ਰਾਪਤ 3.53 ਕਰੋੜ ਵੈਧ ਰਜਿਸਟ੍ਰੇਸ਼ਨਾਂ ਦੀ ਬੇਮਿਸਾਲ ਉਪਲਬਧੀ ਦਾ ਜਸ਼ਨ ਮਨਾਉਂਦੀ ਹੈ।

 

ਪਰੀਕਸ਼ਾ ਪੇ ਚਰਚਾ  ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰਿਕਲਪਿਤ ਅਤੇ ਸੰਚਾਲਿਤ ਇੱਕ ਅਜਿਹਾ ਵਿਲੱਖਣ ਗਲੋਬਲ ਪਲੈਟਫਾਰਮ ਹੈ, ਜਿੱਥੇ ਉਹ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਸਿੱਧੇ ਗੱਲਬਾਤ ਕਰਦੇ ਹਨ। ਇਹ ਪਹਿਲਕਦਮੀ ਪ੍ਰੀਖਿਆ ਦੇ ਮੌਸਮ ਨੂੰ ਸਕਾਰਾਤਮਕਤਾ, ਤਿਆਰੀ ਅਤੇ ਉਦੇਸ਼ਪੂਰਨ ਸਿੱਖਿਆ ਦੇ ਜਸ਼ਨ ਵਿੱਚ ਬਦਲ ਦਿੰਦੀ ਹੈ, ਜਿਸ ਨਾਲ ਪ੍ਰੀਖਿਆਵਾਂ ਤਣਾਅ ਦੀ ਜਗ੍ਹਾ ਉਤਸ਼ਾਹ ਦਾ ਇੱਕ ਅਵਸਰ ਬਣ ਜਾਂਦੀ ਹੈ।

ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਅਧਿਕਾਰਤ ਗਿਨੀਜ਼ ਵਰਲਡ ਰਿਕਾਰਡ ਸਰਟੀਫਿਕੇਟ ਨੂੰ ਰਸਮੀ ਤੌਰ 'ਤੇ ਪ੍ਰਦਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ; ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਰੇਲਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਸ਼ਵਨੀ ਵੈਸ਼ਣਵ; ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ, ਸ਼੍ਰੀ ਜਿਤਿਨ ਪ੍ਰਸਾਦ; ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸ਼੍ਰੀ ਸੰਜੇ ਕੁਮਾਰ, ਸਕੱਤਰ; ਮਾਈਗੌਵ ਦੇ ਸੀਈਓ, ਸ਼੍ਰੀ ਨੰਦ ਕੁਮਾਰਮ; ਅਤੇ ਸਿੱਖਿਆ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਹੋਰ ਮੁੱਖ ਹਿਤਧਾਰਕ ਵੀ ਮੌਜੂਦ ਸਨ। ਇਸ ਰਿਕਾਰਡ ਨੂੰ ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰਤ ਨਿਰਣਾਇਕ ਸ਼੍ਰੀ ਰਿਸ਼ੀ ਨਾਥ ਦੁਆਰਾ ਪ੍ਰਮਾਣਿਤ ਅਤੇ ਐਲਾਨ ਕੀਤਾ ਗਿਆ।

 

ਇਸ ਅਵਸਰ ‘ਤੇ ਬੋਲਦੇ ਹੋਏ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਤਣਾਅ ਨੂੰ ਸਿੱਖਣ ਦੇ ਉਤਸਵ ਵਿੱਚ ਬਦਲ ਕੇ ਪਰੀਕਸ਼ਾ ਪੇ ਚਰਚਾ ਪ੍ਰੀਖਿਆਵਾਂ ਪ੍ਰਤੀ ਇੱਕ ਰਾਸ਼ਟਰੀ ਪਹੁੰਚ ਵਜੋਂ ਮੁੜ ਪਰਿਭਾਸ਼ਿਤ ਕੀਤਾ ਗਿਆ ਹੈ। ਸ਼੍ਰੀ ਪ੍ਰਧਾਨ ਨੇ ਦੱਸਿਆ ਕਿ 2025 ਵਿੱਚ ਪੀਪੀਸੀ ਦੇ 8ਵੇਂ ਐਡੀਸ਼ਨ ਨੂੰ ਸਾਰੇ ਮੀਡੀਆ ਪਲੈਟਫਾਰਮਾਂ 'ਤੇ ਕੁੱਲ 21 ਕਰੋੜ ਤੋਂ ਵੱਧ ਦਰਸ਼ਕਾਂ ਨੇ ਦੇਖਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਪੀਪੀਸੀ 2025 ਵਿੱਚ ਭਾਰੀ ਭਾਗੀਦਾਰੀ ਨੂੰ ਸੰਪੂਰਨ ਅਤੇ ਸਮਾਵੇਸ਼ੀ ਸਿੱਖਿਆ ਪ੍ਰਤੀ ਦੇਸ਼ ਦੀ ਸਮੂਹਿਕ ਵਚਨਬੱਧਤਾ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਨਾਲ ਤਾਲਮੇਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

 

ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਅਸ਼ਵਨੀ ਵੈਸ਼ਣਵ ਨੇ ਪਰੀਕਸ਼ਾ ਪੇ ਚਰਚਾ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਇੱਕ ਵਿਲੱਖਣ ਪਹਿਲਕਦਮੀ ਦੱਸਿਆ, ਜੋ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਕੱਠੇ ਲਿਆ ਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਤਣਾਅ-ਮੁਕਤ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਨੇ ਇਸ ਅੰਮ੍ਰਿਤ ਕਾਲ ਵਿੱਚ ਵਿਦਿਆਰਥੀਆਂ ਲਈ ਉਪਲਬਧ ਕਰੀਅਰ ਦੇ ਵਿਆਪਕ ਮੌਕਿਆਂ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਸਭ ਤੋਂ ਵੱਧ ਰਜਿਸਟ੍ਰੇਸ਼ਨਾਂ ਦਾ ਗਿਨੀਜ਼ ਵਰਲਡ ਰਿਕਾਰਡ ਇਸ ਪਹਿਲਕਦਮੀ ਵਿੱਚ ਜਨਤਾ ਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦਾ ਹੈ।

 

ਸ਼੍ਰੀ ਜਿਤਿਨ ਪ੍ਰਸਾਦ ਨੇ ਸ਼ਾਸਨ ਨੂੰ ਹੋਰ ਵੱਧ ਸਹਿਭਾਗੀ ਬਣਾਉਣ ਦੀ ਦਿਸ਼ਾ ਵਿੱਚ ਮਾਈਗੌਵ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗਿਨੀਜ਼ ਵਰਲਡ ਰਿਕਾਰਡ ਇਸ ਗੱਲ ‘ਤੇ ਚਾਨਣਾ ਪਾਉਂਦਾ ਹੈ ਕਿ ਕਿਵੇਂ ਮਾਈਗੌਵ ਨੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਵਧਾਉਣ ਅਤੇ ਪਰੀਕਸ਼ਾ ਪੇ ਚਰਚਾ  ਦੀ ਪਹੁੰਚ ਨੂੰ ਦੇਸ਼ਵਿਆਪੀ ਬਣਾਉਣ  ਲਈ ਟੈਕਨੋਲੋਜੀ ਦਾ ਲਾਭ ਉਠਾਇਆ ਹੈ।

 

ਐੱਨਈਪੀ 2020 ਤਣਾਅ-ਮੁਕਤ ਅਤੇ ਆਨੰਦਮਈ ਸਿੱਖਿਆ 'ਤੇ ਜ਼ੋਰ ਦਿੰਦੀ ਹੈ। ਇਹ ਰੱਟੇ ਮਾਰਨ ਤੋਂ ਦੂਰ ਜਾ ਕੇ ਅਨੁਭਵੀ ਸਿੱਖਿਆ 'ਤੇ ਆਧਾਰਿਤ ਮਹੱਤਵਪੂਰਨ ਬੋਧਾਤਮਕ ਹੁਨਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ। ਆਪਣੀ ਸ਼ੁਰੂਆਤ ਤੋਂ ਹੀ, ਪਰੀਕਸ਼ਾ ਪੇ ਚਰਚਾ  ਇੱਕ ਅਜਿਹੇ ਰਾਸ਼ਟਰਵਿਆਪੀ ਅੰਦੋਲਨ ਦੇ ਰੂਪ ਵਿੱਚ ਵਿਕਸਤ ਹੋਇਆ ਹੈ ਜੋ ਪ੍ਰੀਖਿਆਵਾਂ ਨੂੰ ਸਵੈ-ਪ੍ਰਗਟਾਵੇ ਅਤੇ ਵਿਕਾਸ ਦੇ ਮੌਕਿਆਂ ਵਿੱਚ ਬਦਲਦਾ ਹੈ। ਵਿਅਕਤੀਗਤ ਸੰਵਾਦਾਂ ਰਾਹੀਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਮੇਂ ਪ੍ਰਬੰਧਨ, ਡਿਜੀਟਲ ਭਟਕਣਾ, ਧਿਆਨ ਅਤੇ ਭਾਵਨਾਤਮਕ ਦ੍ਰਿੜ੍ਹਤਾ ਜਿਹੀਆਂ ਮੁੱਖ ਚੁਣੌਤੀਆਂ ਦਾ ਸਮਾਧਾਨ ਕਰਦੇ ਹਨ, ਅਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਿਹਾਰਕ ਮਾਰਗਦਰਸ਼ਨ ਅਤੇ ਪ੍ਰੇਰਣਾ ਪ੍ਰਦਾਨ ਕਰਦੇ ਹਨ।

ਪੀਪੀਸੀ 2025 ਦੀ ਸਫਲਤਾ ਇੱਕ ਸਮੂਹਿਕ ਉਪਲਬਧੀ ਹੈ ਅਤੇ ਇਸ ਉਪਲਬਧੀ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਹਿਤਧਾਰਕਾਂ, ਅਕਾਦਮਿਕ ਸੰਸਥਾਵਾਂ ਅਤੇ ਨਾਗਰਿਕਾਂ ਦੀ ਮੰਤਰੀਆਂ ਦੁਆਰਾ ਸ਼ਲਾਘਾ ਕੀਤੀ ਗਈ ਹੈ। ਸਹਿਭਾਗੀ ਸ਼ਾਸਨ ਅਤੇ ਸੰਪੂਰਨ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਅਟਲ ਹੈ।

ਇਸ ਪ੍ਰੋਗਰਾਮ ਦੀ ਸਮਾਵੇਸ਼ਿਤਾ, ਡਿਜੀਟਲ ਪਹੁੰਚ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਭਾਰਤ ਵਿੱਚ ਵਿਦਿਆਰਥੀਆਂ ਦੇ ਨਾਲ ਸ਼ਮੂਲੀਅਤ ਦੀ ਨੀਂਹ ਵਜੋਂ ਇਸ ਦੀ ਨਿਰੰਤਰ ਸਫਲਤਾ ਨੂੰ ਯਕੀਨੀ ਬਣਾਉਂਦੀ ਹੈ। ਹਰ ਗੁਜ਼ਰਦੇ ਸਾਲ ਦੇ ਨਾਲ, ਪੀਪੀਸੀ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਪ੍ਰੀਖਿਆਵਾਂ ਅੰਤ ਨਹੀਂ, ਸਗੋਂ ਇੱਕ ਸ਼ੁਰੂਆਤ ਹਨ।

* * * * *

ਐੱਮਵੀ/ਏਕੇ


(Release ID: 2152557)