ਰੱਖਿਆ ਮੰਤਰਾਲਾ
ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ, ਬਲਕਿ ਭਾਰਤ ਦੀ ਰਾਜਨੀਤਿਕ, ਸਮਾਜਿਕ ਅਤੇ ਰਣਨੀਤਕ ਇੱਛਾ ਸ਼ਕਤੀ ਦਾ ਪ੍ਰਤੀਕ ਹੈ: ਰਕਸ਼ਾ ਮੰਤਰੀ
"ਇਹ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਵੀ ਭਾਰਤ ਅੱਤਵਾਦ ਵਿਰੁੱਧ ਕਾਰਵਾਈ ਕਰਦਾ ਹੈ, ਤਾਂ ਸਰਹੱਦ ਪਾਰ ਦੀ ਜ਼ਮੀਨ ਵੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਲਈ ਸੁਰੱਖਿਅਤ ਨਹੀਂ"
"ਹਥਿਆਰਬੰਦ ਬਲਾਂ ਨੇ ਭਾਰਤ ਵਿਰੋਧੀ ਅਤੇ ਅੱਤਵਾਦੀ ਸੰਗਠਨਾਂ ਕੋਲੋਂ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਮਾਸੂਮ ਪਰਿਵਾਰਾਂ ਲਈ ਇਨਸਾਫ਼ ਯਕੀਨੀ ਬਣਾਇਆ"
ਸ਼੍ਰੀ ਰਾਜਨਾਥ ਸਿੰਘ ਨੇ ਲਖਨਊ ਵਿੱਚ ਬ੍ਰਹਮੋਸ ਏਕੀਕਰਣ ਅਤੇ ਪ੍ਰੀਖਣ ਸਹੂਲਤ ਕੇਂਦਰ ਦਾ ਵਰਚੁਅਲ ਉਦਘਾਟਨ ਕੀਤਾ
"ਇਹ ਕੰਪਲੈਕਸ ਭਾਰਤ ਦੇ ਆਤਮ-ਨਿਰਭਰਤਾ ਯਤਨਾਂ ਨੂੰ ਮਜ਼ਬੂਤ ਕਰੇਗਾ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਵੇਗਾ"
Posted On:
11 MAY 2025 2:36PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 11 ਮਈ, 2025 ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਬ੍ਰਹਮੋਸ ਏਕੀਕਰਣ ਅਤੇ ਪ੍ਰੀਖਣ ਸਹੂਲਤ ਕੇਂਦਰ ਦੇ ਉਦਘਾਟਨ ਮੌਕੇ ਆਪਣੇ ਵਰਚੁਅਲ ਸੰਬੋਧਨ ਦੌਰਾਨ ਕਿਹਾ, "ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ, ਬਲਕਿ ਭਾਰਤ ਦੀ ਰਾਜਨੀਤਿਕ, ਸਮਾਜਿਕ ਅਤੇ ਰਣਨੀਤਕ ਇੱਛਾ ਸ਼ਕਤੀ ਦਾ ਪ੍ਰਤੀਕ ਸੀ,"। ਉਨ੍ਹਾਂ ਨੇ ਇਸ ਕਾਰਵਾਈ ਨੂੰ ਅੱਤਵਾਦ ਵਿਰੁੱਧ ਭਾਰਤ ਦੀ ਦ੍ਰਿੜ ਇੱਛਾ ਸ਼ਕਤੀ ਅਤੇ ਹਥਿਆਰਬੰਦ ਬਲਾਂ ਦੀ ਸਮਰੱਥਾ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਦੱਸਿਆ ਜਿਸ ਨੇ ਭਾਰਤੀ ਧਰਤੀ 'ਤੇ ਭਾਰਤ ਵਿਰੋਧੀ ਅਤੇ ਅੱਤਵਾਦੀ ਸੰਗਠਨਾਂ ਦੇ ਹੱਥੋਂ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਮਾਸੂਮ ਪਰਿਵਾਰਾਂ ਲਈ ਨਿਆਂ ਯਕੀਨੀ ਬਣਾਇਆ।

ਰਕਸ਼ਾ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਨੂੰ ਇਸ ਗੱਲ ਦਾ ਸਬੂਤ ਦੱਸਿਆ ਕਿ ਜਦੋਂ ਵੀ ਭਾਰਤ ਅੱਤਵਾਦ ਵਿਰੁੱਧ ਕਾਰਵਾਈ ਕਰਦਾ ਹੈ, ਤਾਂ ਸਰਹੱਦ ਪਾਰ ਦੀ ਜ਼ਮੀਨ ਵੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਲਈ ਸੁਰੱਖਿਅਤ ਨਹੀਂ ਹੈ। "ਉੜੀ ਘਟਨਾ ਤੋਂ ਬਾਅਦ ਸਰਜੀਕਲ ਸਟ੍ਰਾਈਕ, ਪੁਲਵਾਮਾ ਹਮਲੇ ਤੋਂ ਬਾਅਦ ਹਵਾਈ ਹਮਲੇ ਅਤੇ ਹੁਣ ਪਹਿਲਗਾਮ ਹਮਲੇ ਤੋਂ ਬਾਅਦ ਕਈ ਹਮਲਿਆਂ ਰਾਹੀਂ, ਦੁਨੀਆ ਨੇ ਦੇਖਿਆ ਹੈ ਕਿ ਜੇਕਰ ਭਾਰਤ ਦੀ ਧਰਤੀ 'ਤੇ ਅੱਤਵਾਦੀ ਹਮਲੇ ਕੀਤੇ ਜਾਂਦੇ ਹਨ ਤਾਂ ਉਹ ਕੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਦੀ ਪਾਲਣਾ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਵਾਂ ਭਾਰਤ ਸਰਹੱਦ ਦੇ ਦੋਵੇਂ ਪਾਸੇ ਅੱਤਵਾਦ ਵਿਰੁੱਧ ਅਸਰਦਾਰ ਕਾਰਵਾਈ ਕਰੇਗਾ।
ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਪ੍ਰੇਸ਼ਨ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਅਤੇ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ, ਹਾਲਾਂਕਿ, ਪਾਕਿਸਤਾਨ ਨੇ ਭਾਰਤ ਵਿੱਚ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਮੰਦਰਾਂ, ਗੁਰਦੁਆਰਿਆਂ ਅਤੇ ਚਰਚਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, "ਸਾਡੀਆਂ ਹਥਿਆਰਬੰਦ ਸੈਨਾਵਾਂ ਨੇ ਬਹਾਦਰੀ ਅਤੇ ਸੰਜਮ ਦਿਖਾਇਆ ਅਤੇ ਪਾਕਿਸਤਾਨ ਦੇ ਕਈ ਫੌਜੀ ਠਿਕਾਣਿਆਂ 'ਤੇ ਹਮਲਾ ਕਰਕੇ ਢੁਕਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ, "ਅਸੀਂ ਨਾ ਸਿਰਫ਼ ਸਰਹੱਦ 'ਤੇ ਫੌਜੀ ਠਿਕਾਣਿਆਂ ਵਿਰੁੱਧ ਕਾਰਵਾਈ ਕੀਤੀ, ਬਲਕਿ ਸਾਡੇ ਹਥਿਆਰਬੰਦ ਬਲਾਂ ਦਾ ਰੋਹ ਰਾਵਲਪਿੰਡੀ ਤੱਕ ਪਹੁੰਚ ਗਿਆ, ਜਿੱਥੇ ਪਾਕਿਸਤਾਨੀ ਫੌਜੀ ਹੈੱਡਕੁਆਰਟਰ ਸਥਿਤ ਹੈ।"
ਬ੍ਰਹਮੋਸ ਏਕੀਕਰਣ ਅਤੇ ਟੈਸਟਿੰਗ ਸਹੂਲਤ ਕੇਂਦਰ ਬਾਰੇ, ਰਕਸ਼ਾ ਮੰਤਰੀ ਨੇ ਕਿਹਾ ਕਿ ਇਹ ਰੱਖਿਆ ਵਿੱਚ ਆਤਮਨਿਰਭਰਤਾ ਵੱਲ ਭਾਰਤ ਦੇ ਯਤਨਾਂ ਨੂੰ ਮਜ਼ਬੂਤ ਕਰੇਗਾ ਅਤੇ ਮਹੱਤਵਪੂਰਨ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਪੈਦਾ ਕਰਕੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਵੇਗਾ। ਉਨ੍ਹਾਂ ਨੇ ਰਾਸ਼ਟਰੀ ਟੈਕਨੋਲੋਜੀ ਦਿਵਸ 'ਤੇ ਇਸ ਉਦਘਾਟਨ ਨੂੰ ਇੱਕ ਇਤਿਹਾਸਕ ਪਲ ਦੱਸਿਆ, ਜੋ ਭਾਰਤ ਦੀ ਵਧਦੀ ਨਵੀਨਤਾਕਾਰੀ ਊਰਜਾ ਨੂੰ ਦਰਸਾਉਂਦਾ ਹੈ ਅਤੇ ਇਹ ਮਹੱਤਵਪੂਰਨ, ਉੱਚ-ਅੰਤ ਅਤੇ ਮੋਹਰੀ ਟੈਕਨੋਲੋਜੀਆਂ ਵਿੱਚ ਤੇਜ਼ੀ ਨਾਲ ਆਲਮੀ ਤਬਦੀਲੀ ਦੇ ਅਨੁਸਾਰ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਬ੍ਰਹਮੋਸ ਨੂੰ ਸਿਰਫ਼ ਦੁਨੀਆ ਦੀਆਂ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵਿੱਚੋਂ ਇੱਕ ਹੀ ਨਹੀਂ ਦੱਸਿਆ, ਬਲਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਤਾਕਤ, ਵਿਰੋਧੀਆਂ ਨੂੰ ਪ੍ਰਤੀਰੋਧ ਦਾ ਸੁਨੇਹਾ ਅਤੇ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਦੇਸ਼ ਦੀ ਅਟੁੱਟ ਵਚਨਬੱਧਤਾ ਦਾ ਸੁਨੇਹਾ ਆਖਿਆ। ਉਨ੍ਹਾਂ ਅੱਗੇ ਕਿਹਾ ਕਿ ਬ੍ਰਹਮੋਸ ਭਾਰਤ ਅਤੇ ਰੂਸ ਦੀਆਂ ਚੋਟੀ ਦੀਆਂ ਰੱਖਿਆ ਟੈਕਨੋਲੋਜੀਆਂ ਦਾ ਸੁਮੇਲ ਹੈ।
ਉਨ੍ਹਾਂ ਭਾਰਤ ਦੇ ਮਿਜ਼ਾਈਲ ਮੈਨ ਅਤੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਕਿਹਾ ਸੀ, 'ਜਦੋਂ ਤੱਕ ਭਾਰਤ ਦੁਨੀਆ ਦੇ ਸਾਹਮਣੇ ਖੜ੍ਹਾ ਨਹੀਂ ਹੁੰਦਾ, ਕੋਈ ਵੀ ਸਾਡਾ ਸਤਿਕਾਰ ਨਹੀਂ ਕਰੇਗਾ। ਇਸ ਦੁਨੀਆ ਵਿੱਚ, ਡਰ ਦੀ ਕੋਈ ਜਗ੍ਹਾ ਨਹੀਂ ਹੈ, ਸਿਰਫ ਤਾਕਤ ਹੀ ਤਾਕਤ ਦਾ ਸਤਿਕਾਰ ਕਰਦੀ ਹੈ', ਰਕਸ਼ਾ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਹ ਕੇਂਦਰ ਭਾਰਤ ਦੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।
ਇਸ ਸਹੂਲਤ ਨੂੰ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਕੋਰੀਡੋਰ (ਯੂਪੀਡੀਆਈਸੀ) ਲਈ ਮਾਣ ਵਾਲੀ ਗੱਲ ਦੱਸਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸਨੇ ਪਹਿਲਾਂ ਹੀ ਲਗਭਗ 500 ਪ੍ਰਤੱਖ ਅਤੇ 1,000 ਅਪ੍ਰਤੱਖ ਨੌਕਰੀਆਂ ਪੈਦਾ ਕੀਤੀਆਂ ਹਨ, ਜੋ ਕਿ ਰੱਖਿਆ ਨਿਰਮਾਣ ਕੇਂਦਰ ਵਜੋਂ ਰਾਜ ਦੇ ਵਧ ਰਹੇ ਕੱਦ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਕੋਰੀਡੋਰ ਸਥਾਪਤ ਕਰਨ ਦਾ ਦ੍ਰਿਸ਼ਟੀਕੋਣ ਰਾਜ ਨੂੰ ਦੁਨੀਆ ਦੇ ਸਭ ਤੋਂ ਵੱਡੇ ਰੱਖਿਆ ਉਤਪਾਦਨ ਅਤੇ ਨਿਰਯਾਤ ਸਥਾਨ ਵਜੋਂ ਵਿਕਸਿਤ ਕਰਨ ਦੇ ਟੀਚੇ 'ਤੇ ਟਿਕਿਆ ਹੋਇਆ ਹੈ।
"ਯੂਪੀਡੀਆਈਸੀ ਵਿੱਚ ਹੁਣ ਤੱਕ ਕੁੱਲ 180 ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ, ਜਿਸ ਵਿੱਚ 34,000 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਹੈ, ਅਤੇ 4,000 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਹਵਾਈ ਜਹਾਜ਼ ਨਿਰਮਾਣ, ਯੂਏਵੀ, ਡਰੋਨ, ਗੋਲਾ ਬਾਰੂਦ, ਕੰਪੋਜ਼ਿਟ ਅਤੇ ਅਹਿਮ ਸਮੱਗਰੀ, ਛੋਟੇ ਹਥਿਆਰ, ਟੈਕਸਟਾਈਲ ਅਤੇ ਪੈਰਾਸ਼ੂਟ ਆਦਿ ਵਿੱਚ ਵੱਡਾ ਨਿਵੇਸ਼ ਕੀਤਾ ਗਿਆ ਹੈ। ਮੁੱਖ ਗੱਲ ਇਹ ਹੈ ਕਿ ਜਨਤਕ ਖੇਤਰ ਅਤੇ ਨਿੱਜੀ ਖੇਤਰਾਂ ਦੋਵਾਂ ਦੀ ਭਾਗੀਦਾਰੀ ਦੇਖੀ ਜਾ ਰਹੀ ਹੈ। ਲਖਨਊ ਵਿੱਚ ਹੀ, ਪੀਟੀਸੀ ਇੰਡਸਟਰੀਜ਼ ਲਿਮਟਿਡ ਦੁਆਰਾ ਟਾਈਟੇਨੀਅਮ ਅਤੇ ਸੁਪਰ ਅਲੌਏ ਮਟੀਰੀਅਲ ਪਲਾਂਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਸੱਤ ਹੋਰ ਅਹਿਮ ਪ੍ਰੋਜੈਕਟਾਂ ਦੀ ਨੀਂਹ ਰੱਖੀ ਜਾ ਰਹੀ ਹੈ। ਰਕਸ਼ਾ ਮੰਤਰੀ ਨੇ ਕਿਹਾ, "ਇਹ ਰੱਖਿਆ ਖੇਤਰ ਵਿੱਚ ਭਾਰਤ ਦੀ ਆਤਮ-ਨਿਰਭਰਤਾ ਦੀ ਗਤੀ ਨੂੰ ਤੇਜ਼ ਕਰੇਗਾ,"।
ਸ਼੍ਰੀ ਰਾਜਨਾਥ ਸਿੰਘ ਨੇ ਸਰਕਾਰ ਦੇ 'ਮੇਕ-ਇਨ-ਇੰਡੀਆ, ਮੇਕ-ਫਾਰ-ਦ-ਵਰਲਡ' ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਆਤਮ-ਨਿਰਭਰਤਾ ਦਾ ਅਰਥ ਨਾ ਸਿਰਫ਼ ਭਾਰਤ ਦੀਆਂ ਆਪਣੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ, ਬਲਕਿ ਇਹ ਦੇਸ਼ ਨੂੰ ਆਲਮੀ ਬਾਜ਼ਾਰ ਵਿੱਚ ਰੱਖਿਆ ਉਪਕਰਣਾਂ ਦਾ ਇੱਕ ਮੁੱਖ ਨਿਰਯਾਤਕ ਬਣਾਉਣ ਦੀ ਕਲਪਨਾ ਵੀ ਕਰਦਾ ਹੈ। ਉਨ੍ਹਾਂ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ ਦੀ ਇੱਕ ਤਾਜ਼ਾ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ 2024 ਵਿੱਚ ਆਲਮੀ ਫੌਜੀ ਖਰਚ 2,718 ਬਿਲੀਅਨ ਡਾਲਰ ਤੱਕ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨਾ ਵੱਡਾ ਬਾਜ਼ਾਰ ਇੱਕ ਮੌਕਾ ਹੈ ਜਿਸਦਾ ਭਾਰਤ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਬ੍ਰਹਮੋਸ ਸਹੂਲਤ ਦੀ ਸ਼ੁਰੂਆਤ ਭਾਰਤ ਨੂੰ ਦੁਨੀਆ ਦੇ ਰੱਖਿਆ ਉਤਪਾਦਨ ਵਾਤਾਵਰਣ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਬਣਾਉਣ ਵੱਲ ਇੱਕ ਮਜ਼ਬੂਤ ਕਦਮ ਹੈ।"
ਰਕਸ਼ਾ ਮੰਤਰੀ ਨੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਡੀਆਰਡੀਓ ਵਿਗਿਆਨੀਆਂ, ਇੰਜੀਨੀਅਰਾਂ ਅਤੇ ਹੋਰ ਹਿਤਧਾਰਕਾਂ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ 40 ਮਹੀਨਿਆਂ ਦੇ ਅੰਦਰ ਪ੍ਰੋਜੈਕਟ ਨੂੰ ਪੂਰਾ ਕੀਤਾ। ਉਨ੍ਹਾਂ ਕਿਹਾ, "ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਟੀਚਿਆਂ ਨੂੰ ਸਮਾਂ-ਸੀਮਾ ਅਤੇ ਕੁਸ਼ਲ ਢੰਗ ਨਾਲ ਪ੍ਰਾਪਤ ਕਰਦੇ ਰਹੀਏ।" ਉਨ੍ਹਾਂ ਨੇ ਇੱਕ ਮਜ਼ਬੂਤ ਵਿਕਾਸ ਈਕੋਸਿਸਟਮ ਬਣਾਉਣ ਅਤੇ ਯੂਪੀਡੀਆਈਸੀ ਦੀ ਸਥਾਪਨਾ, ਲਖਨਊ ਵਿੱਚ ਡੀਆਰਡੀ ਦੇ ਰੱਖਿਆ ਟੈਕਨੋਲੋਜੀ ਅਤੇ ਟੈਸਟ ਸੈਂਟਰ ਦੀ ਸਥਾਪਨਾ ਅਤੇ 2020 ਵਿੱਚ ਡੇਫ ਐਕਸਪੋ (DefExpo) ਦੀ ਮੇਜ਼ਬਾਨੀ ਵਰਗੀਆਂ ਪਹਿਲਕਦਮੀਆਂ ਨੂੰ ਲਾਗੂ ਕਰਨ ਦਾ ਸਿਹਰਾ ਰਾਜ ਸਰਕਾਰ ਨੂੰ ਦਿੱਤਾ।
ਉਦਘਾਟਨ ਸਥਾਨ 'ਤੇ ਬੋਲਦੇ ਹੋਏ, ਯੂਪੀ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨੇ ਲਖਨਊ ਨੂੰ ਰੱਖਿਆ ਨਿਰਮਾਣ ਕੇਂਦਰ ਬਣਾਉਣ ਦੇ ਟੀਚੇ ਨਾਲ ਅੱਗੇ ਵਧਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਖਨਊ ਵਿੱਚ ਇਹ ਸਹੂਲਤ ਮੇਕ-ਇਨ-ਇੰਡੀਆ ਪਹਿਲਕਦਮੀ, ਆਤਮਨਿਰਭਰਤਾ ਅਤੇ ਰੱਖਿਆ ਨਿਰਮਾਣ ਵਿੱਚ ਨਿਵੇਸ਼ ਨੂੰ ਹੁਲਾਰਾ ਦੇਵੇਗੀ।
ਰੱਖਿਆ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੀਆਂ ਪਹਿਲਕਦਮੀਆਂ 'ਤੇ, ਸ਼੍ਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਯੂਪੀਡੀਆਈਸੀ ਦੇ ਸਾਰੇ ਛੇ ਨੋਡਾਂ ਦੇ ਤਹਿਤ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਰੱਖਿਆ ਨਿਰਮਾਣ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੀ ਸੂਚੀ ਦਿੱਤੀ ਜੋ ਰਾਜ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਜਨਤਕ ਅਤੇ ਨਿੱਜੀ ਉਦਯੋਗ ਦੋਵੇਂ ਸ਼ਾਮਲ ਹਨ।
ਮੁੱਖ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦੀ ਦੁਨੀਆ ਨੂੰ ਇੱਕ ਸੁਨੇਹੇ ਵਜੋਂ ਸ਼ਲਾਘਾ ਕੀਤੀ ਕਿ ਭਾਰਤ ਹੁਣ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਪੂਰੀ ਤਰ੍ਹਾਂ ਕੁਚਲਣ ਤੋਂ ਇਲਾਵਾ ਕੋਈ ਹੱਲ ਨਹੀਂ ਹੋ ਸਕਦਾ।
ਲਖਨਊ ਵਿੱਚ 200 ਏਕੜ ਦੇ ਬ੍ਰਹਮੋਸ ਏਕੀਕਰਣ ਅਤੇ ਟੈਸਟਿੰਗ ਸਹੂਲਤ ਕੇਂਦਰ ਵਿੱਚ ਬੂਸਟਰ ਸਬ-ਅਸੈਂਬਲੀਆਂ, ਐਵੀਓਨਿਕਸ, ਪ੍ਰੋਪੈਲੈਂਟ, ਰਾਮਜੈੱਟ ਇੰਜਣਾਂ ਦਾ ਏਕੀਕਰਣ ਹੋਵੇਗਾ। ਡਿਜ਼ਾਈਨ ਅਤੇ ਪ੍ਰਸ਼ਾਸਕੀ ਬਲਾਕਾਂ ਵਾਲਾ ਪ੍ਰੋਗਰਾਮ ਸੈਂਟਰ ਵੀ ਕੰਪਲੈਕਸ ਵਿੱਚ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਲਗਭਗ 300 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਕੰਪਲੈਕਸ ਉਦਯੋਗ ਅਤੇ ਉੱਦਮੀਆਂ ਲਈ ਹੁਨਰ ਵਿਕਾਸ ਲਈ ਲੰਬੇ ਸਮੇਂ ਲਈ ਰਾਹ ਪੱਧਰਾ ਕਰੇਗਾ। ਕੰਪਲੈਕਸ ਨੂੰ ਸਮਰਥਨ ਦੇਣ ਲਈ ਆਸ ਪਾਸ ਦੇ ਖੇਤਰ ਵਿੱਚ ਸਹਾਇਕ ਅਤੇ ਸਬ-ਅਸੈਂਬਲੀਆਂ ਦਾ ਪੂਰਾ ਰੱਖਿਆ ਈਕੋਸਿਸਟਮ ਵਿਕਸਿਤ ਕੀਤਾ ਜਾਵੇਗਾ। ਇਹ ਆਈਟੀਆਈ ਦੇ ਵਿਦਿਆਰਥੀਆਂ, ਸੁਪਰਵਾਈਜ਼ਰ, ਇੰਜੀਨੀਅਰਾਂ ਦੇ ਉਦਯੋਗੀਕਰਣ ਅਤੇ ਹੁਨਰ ਵਿਕਾਸ ਵਿੱਚ ਵੱਡੇ ਪੱਧਰ 'ਤੇ ਮਦਦ ਕਰੇਗਾ। ਇਹ ਯਕੀਨੀ ਬਣਾਏਗਾ ਕਿ ਲੋਕਾਂ ਨੂੰ ਨੌਕਰੀ ਦੇ ਮੌਕਿਆਂ ਦੀ ਭਾਲ ਲਈ ਪ੍ਰਵਾਸ ਕਰਨ ਲਈ ਮਜਬੂਰ ਨਾ ਕੀਤਾ ਜਾਵੇ।

ਬ੍ਰਹਮੋਸ ਏਅਰੋਸਪੇਸ ਨੇ ਸਹੂਲਤ ਦੇ ਸੰਚਾਲਨ ਲਈ 36 ਸਿਖਿਆਰਥੀਆਂ ਦੀ ਚੋਣ ਕੀਤੀ ਹੈ। ਉਦਘਾਟਨ ਦੇ ਹਿੱਸੇ ਵਜੋਂ ਇਨ੍ਹਾਂ ਨਵੇਂ ਚੁਣੇ ਗਏ ਸਿਖਿਆਰਥੀਆਂ ਵਿੱਚੋਂ ਪੰਜ ਨੂੰ ਯੂਪੀ ਦੇ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।
ਇਸ ਮੌਕੇ ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਸ਼੍ਰੀ ਬ੍ਰਿਜੇਸ਼ ਪਾਠਕ, ਮੁੱਖ ਸਕੱਤਰ ਸ਼੍ਰੀ ਮਨੋਜ ਕੁਮਾਰ ਸਿੰਘ, ਰੱਖਿਆ ਵਿਭਾਗ ਦੇ ਸਕੱਤਰ ਖੋਜ ਅਤੇ ਵਿਕਾਸ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ, ਡੀਜੀ ਬ੍ਰਹਮੋਸ ਡਾ. ਜੈਤੀਰਥ ਆਰ ਜੋਸ਼ੀ, ਜਨਤਕ ਪ੍ਰਤੀਨਿਧੀ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
*****
ਵੀਕੇ/ਐੱਸਪੀਐੱਸ/ਸੈਵੀ
(Release ID: 2128157)
Visitor Counter : 2
Read this release in:
Odia
,
English
,
Urdu
,
Nepali
,
Hindi
,
Marathi
,
Bengali
,
Bengali-TR
,
Assamese
,
Gujarati
,
Tamil
,
Malayalam