ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਸਊਦੀ ਅਰਬ ਦੀ ਸਰਕਾਰੀ ਯਾਤਰਾ ਦੀ ਸਮਾਪਤੀ ‘ਤੇ ਜੁਆਇੰਟ ਸਟੇਟਮੈਂਟ
Posted On:
23 APR 2025 12:44PM by PIB Chandigarh
"ਇਤਿਹਾਸਕ ਮਿੱਤਰਤਾ; ਪ੍ਰਗਤੀ ਲਈ ਸਾਂਝੇਦਾਰੀ"
ਕ੍ਰਾਊਨ ਪ੍ਰਿੰਸ ਅਤੇ ਸਊਦੀ ਅਰਬ ਸਾਮਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਿੰਸ ਮੋਹੰਮਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਾਊਦ ਦੇ ਸੱਦੇ ‘ਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 22 ਅਪ੍ਰੈਲ, 2025 ਨੂੰ ਸਊਦੀ ਅਰਬ ਸਾਮਰਾਜ ਦਾ ਸਰਕਾਰੀ ਦੌਰਾ ਕੀਤਾ।
ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਊਦੀ ਅਰਬ ਸਾਮਰਾਜ ਦੀ ਤੀਸਰੀ ਯਾਤਰਾ ਸੀ। ਇਹ ਐੱਚਆਰਐੱਚ ਪ੍ਰਿੰਸ ਮੋਹੰਮਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਾਊਦ, ਕ੍ਰਾਊਨ ਪ੍ਰਿੰਸ ਅਤੇ ਸਊਦੀ ਅਰਬ ਸਾਮਰਾਜ ਦੇ ਪ੍ਰਧਾਨ ਮੰਤਰੀ ਦੀ ਸਤੰਬਰ 2023 ਵਿੱਚ ਜੀ-20 ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਭਾਰਤ-ਸਊਦੀ ਅਰਬ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਦੀ ਸਹਿ- ਪ੍ਰਧਾਨਗੀ ਕਰਨ ਦੀ ਇਤਿਹਾਸਕ ਸਰਕਾਰੀ ਯਾਤਰਾ ਤੋਂ ਬਾਅਦ ਹੋ ਰਹੀ ਹੈ।
ਮਹਾਮਹਿਮ ਪ੍ਰਿੰਸ ਮੋਹੰਮਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਾਊਦ, ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਨੇ ਅਲ-ਸਲਾਮ ਪੈਲੇਸ, ਜੇਦਾਹ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸਵਾਗਤ ਕੀਤਾ। ਭਾਰਤ ਅਤੇ ਸਊਦੀ ਅਰਬ ਦਰਮਿਆਨ ਮਜ਼ਬੂਤ ਸਬੰਧ ਹਨ ਅਤੇ ਦੋਨਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਗਹਿਰੇ ਸਬੰਧ ਹਨ, ਜੋ ਵਿਸ਼ਵਾਸ ਅਤੇ ਸਦਭਾਵਨਾ ਨਾਲ ਭਰੇ ਹਨ। ਦੋਨਾਂ ਧਿਰਾਂ ਨੇ ਕਿਹਾ ਕਿ ਦੋਨਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਠੋਸ ਨੀਂਹ ਰੱਖਿਆ, ਸੁਰੱਖਿਆ, ਊਰਜਾ, ਵਪਾਰ, ਨਿਵੇਸ਼, ਟੈਕਨੋਲੋਜੀ, ਖੇਤੀਬਾੜੀ, ਸੱਭਿਆਚਾਰ, ਸਿਹਤ, ਸਿੱਖਿਆ ਅਤੇ ਲੋਕਾਂ ਦਰਮਿਆਨ ਸਬੰਧਾਂ ਸਮੇਤ ਵੱਖ-ਵੱਖ ਖੇਤਰਾਂ ਨੂੰ ਕਵਰ ਕਰਨ ਵਾਲੀ ਰਣਨੀਤਕ ਸਾਂਝੇਦਾਰੀ ਰਾਹੀਂ ਹੋਰ ਮਜ਼ਬੂਤ ਹੋਈ ਹੈ। ਦੋਨਾਂ ਧਿਰਾਂ ਨੇ ਆਪਸੀ ਹਿਤਾਂ ਦੇ ਮੌਜੂਦਾ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਿੰਸ ਮੋਹੰਮਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਾਊਦ) ਨੂੰ ਵਰਲਡ ਐਕਸਪੋ 2030 ਅਤੇ ਫੀਫਾ ਵਰਲਡ ਕੱਪ 2034 ਲਈ ਸਊਦੀ ਅਰਬ ਦੀ ਸਫਲ ਬੋਲੀਆਂ ਲਈ ਵਧਾਈਆਂ ਦਿੱਤੀਆਂ।
ਦੋਨਾਂ ਨੇਤਾਵਾਂ ਨੇ ਭਾਰਤ ਅਤੇ ਸਊਦੀ ਅਰਬ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਰਚਨਾਤਮਕ ਚਰਚਾ ਕੀਤੀ। ਦੋਨਾਂ ਨੇਤਾਵਾਂ ਨੇ ਭਾਰਤ-ਸਊਦੀ ਅਰਬ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ (ਐੱਸਪੀਸੀ) ਦੀ ਦੂਸਰੀ ਮੀਟਿੰਗ ਦੀ ਸਹਿ- ਪ੍ਰਧਾਨਗੀ ਵੀ ਕੀਤੀ। ਦੋਨਾਂ ਧਿਰਾਂ ਨੇ ਸਤੰਬਰ 2023 ਵਿੱਚ ਆਪਣੀ ਪਿਛਲੀ ਮੀਟਿੰਗ ਦੇ ਬਾਅਦ ਤੋਂ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਨਾਂ ਨੇਤਾਵਾਂ ਨੇ ਦੋ ਮੰਤਰੀ ਪੱਧਰੀ ਕਮੇਟੀਆਂ ਦੇ ਕੰਮ ਦੇ ਨਤੀਜਿਆਂ (ਅ) ਰਾਜਨੀਤਕ, ਸੁਰੱਖਿਆ, ਸਮਾਜਿਕ ਅਤੇ ਸੱਭਿਆਚਾਰਕ ਸਹਿਯੋਗ ਕਮੇਟੀ ਅਤੇ ਉਨ੍ਹਾਂ ਦੀ ਉਪ-ਕਮੇਟੀਆਂ ਅਤੇ (ਬ) ਅਰਥਵਿਵਸਥਾ ਅਤੇ ਨਿਵੇਸ਼ ਕਮੇਟੀ ਅਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਸੰਯੁਕਤ ਕਾਰਜ ਸਮੂਹ ‘ਤੇ ਸੰਤੁਸ਼ਟੀ ਵਿਅਕਤ ਕੀਤੀ। ਇਸ ਸੰਦਰਭ ਵਿੱਚ, ਪ੍ਰੀਸ਼ਦ ਦੇ ਸਹਿ-ਪ੍ਰਧਾਨਗੀਆਂ ਨੇ ਰੱਖਿਆ ਸਹਿਯੋਗ ਅਤੇ ਟੂਰਿਜ਼ਮ ਅਤੇ ਸੱਭਿਆਚਾਰਕ ਸਹਿਯੋਗ ‘ਤੇ ਮੰਤਰੀ ਪੱਧਰੀ ਕਮੇਟੀਆਂ ਨੂੰ ਜੋੜ ਕੇ ਰਣਨੀਤਕ ਸਾਂਝੇਦਾਰੀ ਦੀ ਗਹਿਰਾਈ ਨੂੰ ਦਰਸ਼ਾਉਂਦੇ ਹੋਏ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ ਦੇ ਚਾਰ ਮੰਤਰੀ ਪੱਧਰੀ ਕਮੇਟੀਆਂ ਤੱਕ ਵਿਸਥਾਰ ਦਾ ਸਵਾਗਤ ਕੀਤਾ। ਦੋਨਾਂ ਨੇਤਾਵਾਂ ਨੇ ਵੱਖ-ਵੱਖ ਮੰਤਰਾਲਿਆਂ ਦੀ ਵੱਡੀ ਸੰਖਿਆ ਵਿੱਚ ਉੱਚ-ਪੱਧਰੀ ਯਾਤਰਾਵਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਦੋਨਾਂ ਧਿਰਾਂ ਵਿੱਚ ਵਿਸ਼ਵਾਸ ਅਤੇ ਆਪਸੀ ਸਮਝ ਵਧੀ ਹੈ। ਮੀਟਿੰਗ ਦੇ ਆਖਿਰ ਵਿੱਚ, ਦੋਨਾਂ ਨੇਤਾਵਾਂ ਨੇ ਭਾਰਤ-ਸਊਦੀ ਅਰਬ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ ਦੀ ਦੂਸਰੀ ਬੈਠਕ ਮਿਨਟਸ 'ਤੇ ਦਸਤਖਤ ਕੀਤੇ।
ਭਾਰਤੀ ਧਿਰ ਨੇ ਸਊਦੀ ਅਰਬ ਵਿੱਚ ਰਹਿਣ ਵਾਲੇ ਲੱਗਭਗ 2.7 ਮਿਲਿਅਨ ਭਾਰਤੀ ਨਾਗਰਿਕਾਂ ਨੇ ਨਿਰੰਤਰ ਭਲਾਈ ਲਈ ਸਊਦੀ ਧਿਰ ਦੀ ਸ਼ਲਾਘਾ ਕੀਤੀ, ਜੋ ਦੋਨਾਂ ਦੇਸ਼ਾਂ ਦਰਮਿਆਨ ਮੌਜੂਦ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ਅਤੇ ਅਪਾਰ ਸਦਭਾਵਨਾ ਨੂੰ ਦਿਖਾਉਂਦਾ ਹੈ। ਭਾਰਤੀ ਧਿਰ ਨੇ 2024 ਵਿੱਚ ਹਜ ਯਾਤਰਾ ਨੂੰ ਸਫਲਤਾਪੂਰਨ ਆਯੋਜਿਤ ਕਰਨ ਲਈ ਸਊਦੀ ਅਰਬ ਨੂੰ ਵਧਾਈਆਂ ਦਿੱਤੀਆਂ ਅਤੇ ਭਾਰਤੀ ਹਜ ਅਤੇ ਉਮਰਾਹ ਤੀਰਥ ਯਾਤਰੀਆਂ ਦੀ ਸੁਵਿਧਾ ਲਈ ਦੋਨਾਂ ਦੇਸ਼ਾਂ ਦਰਮਿਆਨ ਸ਼ਾਨਦਾਰ ਤਾਲਮੇਲ ਲਈ ਪ੍ਰਸ਼ੰਸਾ ਵੀ ਕੀਤੀ।
ਦੋਨਾਂ ਧਿਰਾਂ ਨੇ ਹਾਲ ਦੇ ਵਰ੍ਹਿਆਂ ਵਿੱਚ ਭਾਰਤ ਅਤੇ ਸਊਦੀ ਅਰਬ ਦਰਮਿਆਨ ਆਰਥਿਕ ਸਬੰਧਾਂ, ਵਪਾਰ ਅਤੇ ਨਿਵੇਸ਼ ਸਬੰਧਾਂ ਦੇ ਵਿਕਾਸ ਦਾ ਸਵਾਗਤ ਕੀਤਾ। ਭਾਰਤੀ ਧਿਰ ਨੇ ਵਿਜ਼ਨ 2030 ਦੇ ਤਹਿਤ ਟੀਚਾਬੱਧ ‘ਤੇ ਹਾਸਲ ਕੀਤੀ ਗਈ ਪ੍ਰਗਤੀ ਲਈ ਸਊਦੀ ਧਿਰ ਨੂੰ ਵਧਾਈਆਂ ਦਿੱਤੀਆਂ। ਸਊਦੀ ਧਿਰ ਨੇ ਭਾਰਤ ਦੀ ਨਿਰੰਤਰ ਆਰਥਿਕ ਵਾਧੇ ਅਤੇ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਟੀਚੇ ਦੀ ਸ਼ਲਾਘਾ ਕੀਤੀ। ਦੋਨੋ ਧਿਰ ਆਪਣੇ-ਆਪਣੇ ਰਾਸ਼ਟਰੀ ਟੀਚਿਆਂ ਨੂੰ ਪੂਰੀ ਕਰਨ ਅਤੇ ਸਾਂਝੀ ਸਮ੍ਰਿੱਧੀ ਹਾਸਲ ਕਰਲ ਲਈ ਆਪਸੀ ਹਿਤਾਂ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋਏ।
ਦੋਨਾਂ ਨੇਤਾਵਾਂ ਨੇ ਦੋਨਾਂ ਦੇਸ਼ਾਂ ਦਰਮਿਆਨ ਨਿਵੇਸ਼ ਪ੍ਰਵਾਹ ਨੂੰ ਹੁਲਾਰਾ ਦੇਣ ਲਈ 2024 ਵਿੱਚ ਗਠਿਤ ਉੱਚ ਪੱਧਰੀ ਟਾਸਕ ਫੋਰਸ (ਐੱਚਐੱਲਟੀਐੱਫ) ਦੇ ਤਹਿਤ ਚਰਚਾਵਾਂ ਵਿੱਚ ਹੋਈ ਪ੍ਰਗਤੀ ‘ਤੇ ਸੰਤੋਸ਼ ਵਿਅਕਤ ਕੀਤਾ। ਊਰਜਾ, ਪੇਟ੍ਰੋਕੈਮਿਕਲਸ, ਇਨਫ੍ਰਾਸਟ੍ਰਕਚਰ, ਟੈਕਨੋਲੋਜੀ, ਫਿਨਟੇਕ, ਡਿਜੀਟਲ ਇਨਫ੍ਰਾਸਟ੍ਰਕਚਰ, ਦੂਰਸੰਚਾਰ, ਫਾਰਮਾਸਿਊਟੀਕਲ, ਮੈਨੂਫੈਕਚਰਿੰਗ ਅਤੇ ਹੈਲਥ ਸਮੇਤ ਕਈ ਖੇਤਰਾਂ ਵਿੱਚ ਭਾਰਤ ਵਿੱਚ ਨਿਵੇਸ਼ ਕਰਨ ਦੇ ਸਊਦੀ ਅਰਬ ਦੇ ਯਤਨਾਂ ‘ਤੇ, ਇਹ ਨੋਟ ਕੀਤਾ ਗਿਆ ਕਿ ਉੱਚ ਪੱਧਰੀ ਟਾਸਕ ਫੋਰਸ ਨੇ ਕਈ ਖੇਤਰੀਂ ਵਿੱਚ ਸਮਝ ਬਣਾਈ ਹੈ ਜੋ ਇਸ ਤਰ੍ਹਾਂ ਦੇ ਨਿਵੇਸ਼ ਪ੍ਰਵਾਹ ਨੂੰ ਤੇਜ਼ੀ ਨਾਲ ਹੁਲਾਰਾ ਦੇਵੇਗੀ।
ਉਨ੍ਹਾਂ ਨੇ ਦੋ ਰਿਫਾਇਨਰੀਆਂ ਸਥਾਪਤ ਕਰਨ ਲਈ ਸਹਿਯੋਗ ਕਰਨ ਲਈ ਉੱਚ-ਪੱਧਰੀ ਟਾਸਕ ਫੋਰਸ ਵਿੱਚ ਹੋਏ ਸਮਝੌਤੇ ਦਾ ਜ਼ਿਕਰ ਕੀਤਾ। ਟੈਕਸੇਸਨ ਜਿਹੇ ਖੇਤਰਾਂ ਵਿੱਚ ਇਸ ਟਾਸਕ ਫੋਰਸ ਦੁਆਰਾ ਕੀਤੀ ਗਈ ਪ੍ਰਗਤੀ ਵੀ ਭਵਿੱਖ ਵਿੱਚ ਵਧੇਰੇ ਸਹਿਯੋਗ ਲਈ ਇੱਕ ਵੱਡੀ ਸਫ਼ਲਤਾ ਸੀ। ਦੋਨਾਂ ਧਿਰਾਂ ਨੇ ਦੁਵੱਲੇ ਨਿਵੇਸ਼ ਸੰਧੀ ‘ਤੇ ਗੱਲਬਾਤ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕੀਤੀ। ਭਾਰਤੀ ਧਿਰ ਨੇ ਪੀਆਈਐੱਫ ਦੁਆਰਾ ਨਿਵੇਸ਼ ਸੁਵਿਧਾ ਲਈ ਨੋਡਲ ਬਿੰਦੂ ਦੇ ਤੌਰ ‘ਤੇ ਕਾਰਜ ਕਰਨ ਲਈ ਜਨਤਕ ਨਿਵੇਸ਼ ਫੰਡ (ਪੀਆਈਐੱਫ) ਵਿੱਚ ਇੰਡੀਆ ਡੈਸਕ ਦੀ ਸ਼ੁਰੂਆਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਾਇਆ ਕਿ ਉੱਚ ਪੱਧਰੀ ਟਾਸਕ ਫੋਰਸ ਦਾ ਕੰਮ ਭਾਰਤ ਅਤੇ ਸਊਦੀ ਅਰਬ ਦਰਮਿਆਨ ਵਧਦੀ ਆਰਥਿਕ ਸਾਂਝੇਦਾਰੀ ਨੂੰ ਰੇਖਾਂਕਿਤ ਕਰਦਾ ਹੈ, ਜੋ ਆਪਸੀ ਆਰਥਿਕ ਵਿਕਾਸ ਅਤੇ ਸਹਿਯੋਗੀ ਨਿਵੇਸ਼ ‘ਤੇ ਕੇਂਦ੍ਰਿਤ ਹੈ।
ਦੋਨਾਂ ਧਿਰਾਂ ਨੇ ਆਪਣੀ ਪ੍ਰਤੱਖ ਅਤੇ ਅਪ੍ਰਤੱਖ ਨਿਵੇਸ਼ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸਤੰਬਰ 2023 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਸਊਦੀ-ਭਾਰਤ ਨਿਵੇਸ਼ ਪਲੈਟਫਾਰਮ ਦੇ ਨਤੀਜਿਆਂ ਅਤੇ ਦੋਨਾਂ ਦੇਸ਼ਾਂ ਦੇ ਜਨਤਕ ਅਤੇ ਨਿਜੀ ਖੇਤਰਾਂ ਦਰਮਿਆਨ ਇਸ ਦੁਆਰਾ ਹਾਸਲ ਸਰਗਰਮ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਊਦੀ ਅਰਬ ਵਿੱਚ ਭਾਰਤੀ ਕੰਪਨੀਆਂ ਦੁਆਰਾ ਨਿਵੇਸ਼ ਗਤੀਵਿਧੀਆਂ ਦੇ ਵਿਸਥਾਰ ਦੀ ਵੀ ਸ਼ਲਾਘਾ ਕੀਤੀ ਅਤੇ ਆਪਸੀ ਨਿਵੇਸ਼ ਵਧਾਉਣ ਵਿੱਚ ਨਿਜੀ ਖੇਤਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਦੋਨਾਂ ਧਿਰਾਂ ਨੇ ਇਨਵੈਸਟ ਇੰਡੀਆ ਅਤੇ ਸਊਦੀ ਅਰਬ ਦੇ ਨਿਵੇਸ਼ ਮੰਤਰਾਲੇ ਦਰਮਿਆਨ ਦੁਵੱਲੇ ਨਿਵੇਸ਼ ਵਧਾਉਣ ‘ਤੇ ਸਹਿਯੋਗ ਦੇ ਢਾਂਚੇ ਨੂੰ ਸਰਗਰਮ ਕਰਨ ਦੀ ਸ਼ਲਾਘਾ ਕੀਤੀ। ਦੋਨਾਂ ਧਿਰਾਂ ਸਟਾਰਟਅੱਪ ਈਕੋਸਿਸਟਮ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੀ ਸੁਵਿਧਾ ਦੇਣ ‘ਤੇ ਸਹਿਮਤ ਹੋਏ, ਜਿਸ ਨਾਲ ਆਪਸੀ ਵਿਕਾਸ ਅਤੇ ਇਨੋਵੇਸ਼ਨ ਵਿੱਚ ਯੋਗਦਾਨ ਮਿਲੇਗਾ।
ਊਰਜਾ ਦੇ ਖੇਤਰ ਵਿੱਚ, ਭਾਰਤੀ ਧਿਰ ਨੇ ਗਲੋਬਲ ਤੇਲ ਬਜ਼ਾਰਾਂ ਦੀ ਸਥਿਰਤਾ ਵਧਾਉਣ ਅਤੇ ਗਲੋਬਲ ਊਰਜਾ ਬਜ਼ਾਰ ਦੀ ਗਤੀਸ਼ੀਲਤਾ ਨੂੰ ਸੰਤੁਲਿਤ ਕਰਨ ਲਈ ਸਊਦੀ ਅਰਬ ਦੇ ਨਾਲ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਗਲੋਬਲ ਬਜ਼ਾਰਾਂ ਵਿੱਚ ਸਾਰੇ ਊਰਜਾ ਸਰੋਤਾਂ ਲਈ ਸਪਲਾਈ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਹ ਊਰਜਾ ਖੇਤਰ ਵਿੱਚ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਮਹੱਤਵ ‘ਤੇ ਸਹਿਮਤ ਹੋਏ, ਜਿਸ ਵਿੱਚ ਕੱਚੇ ਤੇਲ ਅਤੇ ਐੱਲਪੀਜੀ ਸਮੇਤ ਇਸ ਦੇ ਡੈਰੀਵੇਟਿਵ ਦੀ ਸਪਲਾਈ, ਭਾਰਤ ਦੇ ਰਣਨੀਤਕ ਰਿਜ਼ਰਵ ਪ੍ਰੋਗਰਾਮ ਵਿੱਚ ਸਹਿਯੋਗ, ਮੈਨੂਫੈਕਚਰਿੰਗ ਅਤੇ ਵਿਸ਼ੇਸ਼ ਉਦੋਯਗਾਂ ਸਮੇਤ ਰਿਫਾਇਨਿੰਗ ਅਤੇ ਪੈਟ੍ਰੋਕੈਮੀਕਲ ਖੇਤਰ ਵਿੱਚ ਸੰਯੁਕਤ ਪ੍ਰੋਜੈਕਟਸ,ਹਾਈਡ੍ਰੋਕਾਰਬਨ, ਬਿਜਲੀ ਅਤੇ ਨਵਿਆਉਣਯੋਗ ਊਰਜਾ ਦੇ ਇਨੋਵੇਟਿਵ ਉਪਯੋਗ, ਜਿਸ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਬਿਜਲੀ ਅੰਤਰ ਸਬੰਧ ਲਈ ਵਿਸਤ੍ਰਿਤ ਸੰਯੁਕਤ ਅਧਿਐਨ ਪੂਰਾ ਕਰਨਾ, ਗ੍ਰਿਡ ਆਟੋਮੇਸ਼ਨ, ਗ੍ਰਿਡ ਕਨੈਕਟੀਵਿਟੀ, ਪਾਵਰ ਗ੍ਰਿਡ ਸੁਰੱਖਿਆ ਅਤੇ ਲਚਕੀਲਾਪਣ, ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਸ ਅਤੇ ਐਨਰਜੀ ਸਟੋਰੇਜ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਮੁਹਾਰਤ ਦਾ ਅਦਾਨ-ਪ੍ਰਦਾਨ ਕਰਨਾ ਅਤੇ ਆਪਣੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਦੋਹਾਂ ਧਿਰਾਂ ਦੀਆਂ ਕੰਪਨੀਆਂ ਦੀ ਭਾਗੀਦਾਰੀ ਵਧਾਉਣਾ ਸ਼ਾਮਲ ਹੈ।
ਦੋਹਾਂ ਧਿਰਾਂ ਨੇ ਗ੍ਰੀਨ/ਸਵੱਛ ਹਾਈਡ੍ਰੋਜਨ ਦੇ ਖੇਤਰ ਵਿੱਚ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਮੰਗ ਨੂੰ ਪ੍ਰੋਤਸਾਹਿਤ ਕਰਨਾ, ਹਾਈਡ੍ਰੋਜਨ ਟ੍ਰਾਂਸਪੋਰਟ ਅਤੇ ਸਟੋਰੇਜ ਟੈਕਨੋਲੋਜੀਆਂ ਦਾ ਵਿਕਾਸ ਕਰਨਾ, ਸਰਵੋਤਮ ਪ੍ਰਥਾਵਾਂ ਨੂੰ ਲਾਗੂ ਕਰਨ ਲਈ ਮੁਹਾਰਤ ਅਤੇ ਅਨੁਭਵਾਂ ਦਾ ਅਦਾਨ-ਪ੍ਰਦਾਨ ਕਰਨਾ ਸ਼ਾਮਲ ਹੈ। ਦੋਵਾਂ ਧਿਰਾਂ ਨੇ ਊਰਜਾ ਖੇਤਰ ਨਾਲ ਜੁੜੀਆਂ ਸਪਲਾਈ ਚੇਨਸ ਅਤੇ ਪ੍ਰੋਜੈਕਟਾਂ ਨੂੰ ਵਿਕਸਿਤ ਕਰਨ, ਕੰਪਨੀਆਂ ਦਰਮਿਆਨ ਸਹਿਯੋਗ ਨੂੰ ਸਮਰੱਥ ਬਣਾਉਣ, ਊਰਜਾ ਕੁਸ਼ਲਤਾ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਅਤੇ ਇਮਾਰਤਾਂ, ਉਦਯੋਗ ਅਤੇ ਟ੍ਰਾਂਸਪੋਰਟ ਖੇਤਰਾਂ ਵਿੱਚ ਊਰਜਾ ਦੀ ਖਪਤ ਨੂੰ ਤਰਕਸੰਗਤ ਬਣਾਉਣ ਅਤੇ ਇਸ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ‘ਤੇ ਕੰਮ ਕਰਨ ਦੀ ਜ਼ਰੂਰਤ ਨੂੰ ਵੀ ਸਵੀਕਾਰ ਕੀਤਾ।
ਜਲਵਾਯੂ ਪਰਿਵਰਤਨ ਦੇ ਸਬੰਧ ਵਿੱਚ, ਦੋਹਾਂ ਧਿਰਾਂ ਨੇ ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਰਾਸ਼ਟਰ ਫ੍ਰੇਮਵਰਕ ਕਨਵੈਂਸ਼ਨ ਅਤੇ ਪੈਰਿਸ ਸਮਝੌਤੇ ਦੇ ਸਿਧਾਂਤਾ ਦਾ ਪਾਲਣ ਕਰਨ ਦੇ ਮਹੱਤਵ ਦੀ ਪੁਸ਼ਟੀ ਕੀਤੀ ਅਤੇ ਸਰੋਤਾਂ ਦੀ ਬਜਾਏ ਨਿਕਾਸੀ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਜਲਵਾਯੂ ਸਮਝੌਤਿਆਂ ਨੂੰ ਵਿਕਸਿਤ ਅਤੇ ਲਾਗੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਭਾਰਤੀ ਧਿਰ ਨੇ ਸਊਦੀ ਅਰਬ ਦੁਆਰਾ “ਸਊਦੀ ਗ੍ਰੀਨ ਇਨੀਸ਼ੀਏਟਿਵ” ਅਤੇ “ਮਿਡਲ ਈਸਟ ਗ੍ਰੀਨ ਇਨੀਸ਼ੀਏਟਿਵ” ਦੀ ਸ਼ੁਰੂਆਤ ਦੀ ਸ਼ਲਾਘਾ ਕੀਤੀਅਤੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਉਨ੍ਹਾਂ ਦੇ ਯਤਨਾਂ ਲਈ ਆਪਣਾ ਸਮਰਥਨ ਵਿਅਕਤ ਕੀਤਾ। ਦੋਵਾਂ ਧਿਰਾਂ ਨੇ ਨਿਕਾਸੀ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇੱਕ ਉਪਕਰਣ ਦੇ ਰੂਪ ਵਿੱਚ ਸਰਕੂਲਰ ਕਾਰਬਨ ਅਰਥਵਿਵਸਥਾ ਦਾ ਉਪਯੋਗ ਕਰਨ ਵਾਲੀਆਂ ਨੀਤੀਆਂ ਨੂੰ ਹੁਲਾਰਾ ਦੇ ਕੇ ਸਰਕੂਲਰ ਕਾਰਬਨ ਅਰਥਵਿਵਸਥਾ ਦੀ ਐਪਲੀਕੇਸ਼ਨਸ ਨੂੰ ਵਿਕਸਿਤ ਕਰਨ ਲਈ ਸੰਯੁਕਤ ਸਹਿਯੋਗ ਦੇ ਮਹੱਤਵ ‘ਤੇ ਬਲ ਦਿੱਤਾ। ਸਊਦੀ ਅਰਬ ਸਾਮਰਾਜ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ,ਵਨ ਸਨ-ਵਨ ਵਰਲਡ-ਵਨ ਗ੍ਰਿਡ, ਆਪਦਾ ਵਿਰੋਧੀ ਬੁਨਿਆਦੀ ਢਾਂਚਾ ਗਠਬੰਧਨ (ਸੀਡੀਆਰਆਈ) ਅਤੇ ਵਾਤਾਵਰਣ ਲਈ ਮਿਸ਼ਨ ਲਾਈਫਸਟਾਈਲ (ਐੱਲਆਈਐੱਫਈ) ਅਤੇ ਗਲੋਬਲ ਗ੍ਰੀਨ ਕ੍ਰੈਡਿਟ ਇਨੀਸ਼ੀਏਟਿਵ ਜਿਹੀਆਂ ਮੋਹਰੀ ਪਹਿਲਕਦਮੀਆਂ ਦੇ ਮਾਧਿਅਮ ਨਾਲ ਗਲੋਬਲ ਜਲਵਾਯੂ ਕਾਰਵਾਈ ਵਿੱਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਦੋਹਾਂ ਧਿਰਾਂ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਦੁਵੱਲੇ ਵਪਾਰ ਵਿੱਚ ਲਗਾਤਾਰ ਵਾਧੇ ‘ਤੇ ਸੰਤੋਸ਼ ਵਿਅਕਤ ਕੀਤਾ, ਜਿਸ ਵਿੱਚ ਭਾਰਤ ਸਊਦੀ ਅਰਬ ਦਾ ਦੂਸਰਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ: ਅਤੇ ਸਊਦੀ ਅਰਬ 2023-24 ਵਿੱਚ ਭਾਰਤ ਦਾ ਪੰਜਵਾਂ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੋਵੇਗਾ। ਦੋਵਾਂ ਧਿਰਾਂ ਨੇ ਆਪਣੇ ਦੁਵੱਲੇ ਵਪਾਰ ਵਿੱਚ ਵਿਭਿੰਨਤਾ ਲਿਆਉਣ ਲਈ ਸਹਿਯੋਗ ਨੂੰ ਹੋਰ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ।
ਇਸ ਸਬੰਧ ਵਿੱਚ, ਦੋਵੇਂ ਧਿਰਾਂ ਵਪਾਰ ਅਤੇ ਵਪਾਰ ਵਫ਼ਦਾਂ ਦੀਆਂ ਯਾਤਰਾਵਾਂ ਨੂੰ ਵਧਾਉਣ ਅਤੇ ਵਪਾਰ ਅਤੇ ਨਿਵੇਸ਼ ਪ੍ਰੋਗਰਾਮ ਆਯੋਜਿਤ ਕਰਨ ਦੇ ਮਹੱਤਵ ‘ਤੇ ਸਹਿਮਤ ਹੋਏ। ਦੋਵਾਂ ਧਿਰਾਂ ਨੇ ਭਾਰਤ-ਜੀਸੀਸੀ ਐੱਫਟੀਏ ‘ਗੱਲਬਾਤ ਸ਼ੁਰੂ ਕਰਨ ਦੀ ਆਪਣੀ ਇੱਛਾ ਦੁਹਰਾਈ।
ਦੋਵਾਂ ਧਿਰਾਂ ਨੇ ਰਣਨੀਤਕ ਭਾਗੀਦਾਰੀ ਦੇ ਇੱਕ ਪ੍ਰਮੁੱਖ ਥੰਮ੍ਹ ਦੇ ਰੂਪ ਵਿੱਚ ਰੱਖਿਆ ਸਬੰਧਾਂ ਨੂੰ ਗਹਿਰਾ ਕਰਨ ਦੀ ਸ਼ਲਾਘਾ ਕੀਤੀ, ਅਤੇ ਰਣਨੀਤਕ ਭਾਗੀਦਾਰੀ ਪ੍ਰੀਸ਼ਦ ਦੇ ਤਹਿਤ ਰੱਖਿਆ ਸਹਿਯੋਗ ‘ਤੇ ਇੱਕ ਮੰਤਰੀ ਪੱਧਰੀ ਕਮੇਟੀ ਦੇ ਗਠਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਪਹਿਲੀ ਵਾਰ ਭੂਮੀ ਸੈਨਾ ਅਭਿਆਸ ਸਦਾ ਤਨਸੀਕ, ਜਲ ਸੈਨਾ ਅਭਿਯਾਸ ਅਲ ਮੋਹੰਮਦ ਅਲ ਹਿੰਦੀ ਦੇ ਦੋ ਦੌਰ,
ਕਈ ਉੱਚ ਪੱਧਰੀ ਯਾਤਰਾਵਾਂ ਅਤੇ ਟ੍ਰੇਨਿੰਗ ਅਦਾਨ-ਪ੍ਰਦਾਨ ਜਿਵੇਂ ਕਈ ‘ਪਹਿਲੀ ਵਾਰ’ ਸਹਿਤ ਆਪਣੇ ਸੰਯੁਕਤ ਰੱਖਿਆ ਸਹਿਯੋਗ ਦੇ ਵਾਧੇ ‘ਤੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਸਤੰਬਰ 2024 ਵਿੱਚ ਰਿਯਾਧ ਵਿੱਚ ਆਯੋਜਿਤ ਰੱਖਿਆ ਸਹਿਯੋਗ ‘ਤੇ ਸੰਯੁਕਤ ਕਮੇਟੀ ਦੀ ਛੇਵੀਂ ਮੀਟਿੰਗ ਦੇ ਨਤੀਜਿਆਂ ਦਾ ਸੁਆਗਤ ਕੀਤਾ, ਜਿਸ ਵਿਚ ਤਿੰਨ ਸੈਨਾਵਾਂ ਦਰਮਿਆਨ ਸਟਾਫ-ਪੱਧਰੀ ਗੱਲਬਾਤ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ ਗਿਆ। ਦੋਵਾਂ ਧਿਰਾਂ ਨੇ ਰੱਖਿਆ ਉਦਯੋਗ ਸਹਿਯੋਗ ਵਧਾਉਣ ‘ਤੇ ਵੀ ਸਹਿਮਤੀ ਵਿਅਕਤ ਕੀਤੀ।
ਸੁਰੱਖਿਆ ਖੇਤਰਾਂ ਵਿੱਚ ਪ੍ਰਾਪਤ ਨਿਰੰਤਰ ਸਹਿਯੋਗ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਵਾਂ ਧਿਰਾਂ ਨੇ ਬਿਹਤਰ ਸੁਰੱਖਿਆ ਅਤੇ ਸਥਿਰਤਾ ਦੇ ਲਈ ਇਸ ਸਹਿਯੋਗ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਾਇਬਰ ਸੁਰੱਖਿਆ, ਸਮੁੰਦਰੀ ਸੀਮਾ ਸੁਰੱਖਿਆ, ਅੰਤਰਰਾਸ਼ਟਰੀ ਅਪਰਾਧ, ਨਸ਼ੀਲੇ ਪਦਾਰਥਾਂ ਅਤੇ ਨਸ਼ੀਲੀ ਦਵਾਈਆਂ ਦੀ ਤਸਕਰੀ ਨਾਲ ਨਜਿੱਠਣ ਦੇ ਖੇਤਰਾਂ ਵਿੱਚ ਦੋਹਾਂ ਧਿਰਾਂ ਦਰਮਿਆਨ ਸਹਿਯੋਗ ਨੂੰ ਅੱਗੇ ਵਧਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
ਦੋਨੋਂ ਧਿਰਾਂ ਨੇ 22 ਅਪ੍ਰੈਲ 2025 ਨੂੰ ਜੰਮੂ ਅਤੇ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਕੜੀ ਨਿੰਦਾ ਕੀਤੀ, ਜਿਸ ਵਿੱਚ ਨਿਰਦੋਸ਼ ਨਾਗਰਿਕਾਂ ਦੀ ਜਾਣ ਚਲੀ ਗਈ। ਇਸ ਸੰਦਰਭ ਵਿੱਚ, ਦੋਨੋਂ ਧਿਰਾਂ ਨੇ ਅੱਤਵਾਦ ਅਤੇ ਹਿੰਸਕ ਉਗ੍ਰਵਾਦ ਦੀ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਨਿੰਦਾ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਮਨੁੱਖਤਾ ਦੇ ਲਈ ਸਭ ਤੋਂ ਗੰਭੀਰ ਖਤਰਿਆਂ ਵਿੱਚੋਂ ਇੱਕ ਹੈ। ਉਹ ਇਸ ਗੱਲ ‘ਤੇ ਸਹਿਮਤ ਹੋਏ ਕਿ ਕਿਸੇ ਵੀ ਕਾਰਨ ਨਾਲ ਕਿਸੇ ਵੀ ਅੱਤਵਾਦੀ ਹਮਲੇ ਨੂੰ ਕਿਸੇ ਵੀ ਕਾਰਨ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਨੇ ਅੱਤਵਾਦ ਨੂੰ ਕਿਸੇ ਵਿਸ਼ੇਸ਼ ਜਾਤੀ, ਧਰਮ ਜਾਂ ਸੱਭਿਆਚਾਰ ਨਾਲ ਜੋੜਨ ਦੇ ਕਿਸੇ ਵੀ ਯਤਨ ਨੂੰ ਖਾਰਜ ਕਰ ਦਿੱਤਾ। ਉਨਾਂ ਨੇ ਅੱਤਵਾਦ ਦੇ ਖਿਲਾਫ ਲੜਾਈ ਅਤੇ ਅੱਤਵਾਦ ਦੇ ਵਿੱਤਪੋਸ਼ਣ ਵਿੱਚ ਦੋਨੋਂ ਧਿਰਾਂ ਦਰਮਿਆਨ ਉਤਕ੍ਰਿਸ਼ਟ ਸਹਿਯੋਗ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸੀਮਾ ਪਾਰ ਅੱਤਵਾਦ ਦੀ ਨਿੰਦਾ ਕੀਤੀ ਅਤੇ ਸਾਰੇ ਦੇਸ਼ਾਂ ਨੂੰ ਦੂਸਰੇ ਦੇਸ਼ਾਂ ਦੇ ਖਿਲਾਫ ਅੱਤਵਾਦ ਦੇ ਇਸਤੇਮਾਲ ਨੂੰ ਅਸਵੀਕਾਰ ਕਰਨ, ਜਿੱਥੇ ਵੀ ਅੱਤਵਾਦ ਦਾ ਬੁਨਿਆਦੀ ਢਾਂਚਾ ਮੌਜੂਦ ਹੈ, ਉਸ ਨੂੰ ਨਸ਼ਟ ਕਰਨ ਅਤੇ ਅੱਤਵਾਦ ਦੇ ਅਪਰਾਧੀਆਂ ਨੂੰ ਤੁਰੰਤ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਤਾਕੀਦ ਕੀਤੀ। ਦੋਨੋਂ ਧਿਰਾਂ ਨੇ ਦੂਸਰੇ ਦੇਸ਼ਾਂ ਦੇ ਖਿਲਾਫ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਮਿਸਾਈਲਾਂ ਅਤੇ ਡ੍ਰੋਨ ਸਹਿਤ ਹਥਿਆਰਾਂ ਤੱਕ ਪਹੁੰਚ ਨੂੰ ਰੋਕਣ ਦੀ ਜ਼ਰੂਰਤ ‘ਤੇ ਬਲ ਦਿੱਤਾ।
ਦੋਨੋਂ ਧਿਰਾਂ ਨੇ ਸਿਹਤ ਦੇ ਖੇਤਰ ਵਿੱਚ ਚਲ ਰਹੇ ਸਹਿਯੋਗ ਅਤੇ ਵਰਤਮਾਨ ਅਤੇ ਭਵਿੱਖ ਦੇ ਸਿਹਤ ਜੋਖਮਾਂ ਅਤੇ ਸਿਹਤ ਚੁਣੌਤੀਆਂ ਨਾਲ ਨਿਪਟਣ ਦੇ ਯਤਨ ‘ਤੇ ਚਰਚਾ ਕੀਤੀ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਦੋਨੋਂ ਦੇਸ਼ਾਂ ਦਰਮਿਆਨ ਸਿਹਤ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ। ਭਾਰਤੀ ਧਿਰ ਨੇ ਨਵੰਬਰ 2024 ਵਿੱਚ ਜੇਦਾਹ ਵਿੱਚ ਐਂਟੀਮਾਇਕ੍ਰੋਬਿਅਲ ਰੈਜ਼ਿਸਟੈਂਸ ‘ਤੇ ਚੌਥੀ ਮੰਤਰੀ ਪੱਧਰੀ ਕਾਨਫਰੰਸ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਨ ਦੇ ਲਈ ਸਊਦੀ ਅਰਬ ਸਾਮਰਾਜ ਨੂੰ ਵਧਾਈ ਦਿੱਤੀ। ਭਾਰਤੀ ਧਿਰ ਨੇ ਸਊਦੀ ਅਰਬ ਵਿੱਚ ਭਾਰਤੀ ਦਵਾਈਆਂ ਦੇ ਸੰਦਰਭ ਮੂਲ ਨਿਰਧਾਰਣ ਅਤੇ ਫਾਸਟ ਟ੍ਰੈਕ ਰਜਿਸਟ੍ਰੇਸ਼ਨ ਨਾਲ ਸਬੰਧਿਤ ਮੁੱਦਿਆਂ ਦੇ ਸਮਾਧਾਨ ਦੇ ਲਈ ਸਊਦੀ ਖੁਰਾਕ ਅਤੇ ਔਸ਼ਧੀ ਅਥਾਰਿਟੀ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਸੁਆਗਤ ਕੀਤਾ। ਦੋਨਾਂ ਧਿਰਾਂ ਨੇ ਸਊਦੀ ਖੁਰਾਕ ਅਤੇ ਔਸ਼ਧੀ ਅਥਾਰਿਟੀ ਅਤੇ ਕੇਂਦਰੀ ਔਸ਼ਧੀ ਮਿਆਰ ਨਿਯੰਤ੍ਰਣ ਸੰਗਠਨ (ਸੀਡੀਐੱਸਸੀਓ) ਦਰਮਿਆਨ ਮੈਡੀਕਲ ਉਤਪਾਦ ਰੈਗੁਲੇਸ਼ਨ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ ਨੂੰ ਹੋਰ ਪੰਜ ਸਾਲ ਦੀ ਮਿਆਦ ਦੇ ਲਈ ਵਧਾਏ ਜਾਣ ਦਾ ਵੀ ਸੁਆਗਤ ਕੀਤਾ।
ਦੋਨੋਂ ਧਿਰਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਇਬਰ ਸੁਰੱਖਿਆ, ਸੈਮੀ-ਕੰਡਕਟਰ ਆਦਿ ਜਿਹੇ ਨਵੇਂ ਅਤੇ ਉਭਰਦੇ ਖੇਤਰਾਂ ਸਹਿਤ ਟੈਕਨੋਲੋਜੀ ਵਿੱਚ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਡਿਜੀਟਲ ਸ਼ਾਸਨ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ, ਦੋਨੋਂ ਧਿਰ ਇਸ ਖੇਤਰ ਵਿੱਚ ਸਹਿਯੋਗ ਦੀ ਸੰਭਾਵਨਾ ਤਲਾਸ਼ਣ ‘ਤੇ ਸਹਿਮਤ ਹੋਏ। ਉਨ੍ਹਾਂ ਨੇ ਰੈਗੂਲੇਟਰੀ ਅਤੇ ਡਿਜੀਟਲ ਖੇਤਰਾਂ ਵਿੱਚ ਸਹਿਯੋਗ ਦੇ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਅਤੇ ਸਊਦੀ ਅਰਬ ਸਾਮਰਾਜ ਦੇ ਸੰਚਾਰ, ਪੁਲਾੜ ਅਤੇ ਟੈਕਨੋਲੋਜੀ ਆਯੋਗ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ‘ਤੇ ਵੀ ਸੰਤੋਸ਼ ਵਿਅਕਤ ਕੀਤਾ।
ਦੋਨੋਂ ਧਿਰਾਂ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਪੁਲਾੜ ਸਹਿਯੋਗ ‘ਤੇ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਪੁਲਾੜ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦਾ ਰਾਹ ਪੱਧਰਾ ਕਰੇਗਾ, ਜਿਸ ਵਿੱਚ ਲਾਂਚ ਵਾਹਨਾਂ, ਸਪੇਸਕ੍ਰਾਫਟ, ਗ੍ਰਾਉਂਡ ਸਿਸਟਮ; ਪੁਲਾੜ ਟੈਕਨੋਲੋਜੀ ਦੇ ਅਨੁਪ੍ਰਯੋਗ; ਖੋਜ ਅਤੇ ਵਿਕਾਸ; ਅਕਾਦਮਿਕ ਜੁੜਾਅ ਅਤੇ ਉੱਦਮਤਾ ਸ਼ਾਮਲ ਹਨ।
ਦੋਨੋਂ ਧਿਰਾਂ ਨੇ ਵਿਰਾਸਤ, ਫਿਲਮ, ਸਾਹਿਤ ਅਤੇ ਪ੍ਰਦਰਸਨ ਅਤੇ ਦ੍ਰਿਸ਼ ਕਲਾ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਸਰਗਰਮ ਜੁੜਾਅ ਦੇ ਮਾਧਿਅਮ ਨਾਲ ਸਊਦੀ ਅਰਬ ਸਾਮਰਾਜ ਅਤੇ ਭਾਰਤ ਗਣਰਾਜ ਦਰਮਿਆਨ ਸੱਭਿਆਚਾਰ ਸਹਿਯੋਗ ਦੇ ਵਿਕਾਸ ‘ਤੇ ਧਿਆਨ ਦਿੱਤਾ। ਸਾਮਰਿਕ ਭਾਗੀਦਾਰੀ ਪਰਿਸ਼ਦ ਦੇ ਤਹਿਤ ਟੂਰਿਜ਼ਮ ਅਤੇ ਸੱਭਿਆਚਾਰਕ ਸਹਿਯੋਗ ‘ਤੇ ਇੱਕ ਮੰਤਰੀ ਪੱਧਰੀ ਕਮੇਟੀ ਦਾ ਨਿਰਮਾਣ ਇਸ ਸਾਂਝੇਦਾਰੀ ਨੂੰ ਗਹਿਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਦੋਨੋਂ ਧਿਰ ਸਮਰੱਥਾ ਨਿਰਮਾਣ ਅਤੇ ਟਿਕਾਊ ਟੂਰਿਜ਼ਮ ਦੇ ਮਾਧਿਅਮ ਨਾਲ ਟੂਰਿਜ਼ਮ ਵਿੱਚ ਸਹਿਯੋਗ ਵਧਾਉਣ ‘ਤੇ ਵੀ ਸਹਿਮਤ ਹੋਈਆਂ। ਉਨ੍ਹਾਂ ਨੇ ਮੀਡੀਆ, ਮਨੋਰੰਜਨ ਅਤੇ ਖੇਡ ਵਿੱਚ ਵਿਭਿੰਨ ਅਵਸਰਾਂ ਦੇ ਵਿਸਤਾਰ ‘ਤੇ ਵੀ ਧਿਆਨ ਦਿੱਤਾ, ਜਿਸ ਨੂੰ ਦੋਨਾਂ ਦੇਸ਼ਾਂ ਦਰਮਿਆਨ ਲੋਕਾਂ ਦੇ ਵਿੱਚ ਮਜ਼ਬੂਤ ਸਬੰਧਾਂ ਦੁਆਰਾ ਸਮਰਥਿਤ ਕੀਤਾ ਗਿਆ।
ਦੋਨੋਂ ਧਿਰਾਂ ਨੇ ਫਰਟੀਲਾਈਜ਼ਰਾਂ ਦੇ ਵਪਾਰ ਸਹਿਤ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਦੇ ਖੇਤਰਾਂ ਵਿੱਚ ਦੋਨੋਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚਲ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਖੇਤਰ ਵਿੱਚ ਦੀਰਘਕਾਲੀ ਰਣਨੀਤਕ ਸਹਿਯੋਗ ਦੇ ਨਿਰਮਾਣ ਲਈ ਸਪਲਾਈ ਦੀ ਸੁਰੱਖਿਆ, ਆਪਸੀ ਨਿਵੇਸ਼ ਅਤੇ ਸੰਯੁਕਤ ਪ੍ਰੋਜੈਕਟਾਂ ਦੇ ਲਈ ਦੀਰਘਕਾਲੀ ਸਮਝੌਤਿਆਂ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ।
ਦੋਨੋਂ ਧਿਰਾਂ ਨੇ ਦੋਨੋਂ ਦੇਸ਼ਾਂ ਦਰਮਿਆਨ ਅਕਾਦਮਿਕ ਅਤੇ ਵਿਗਿਆਨੀ ਸਹਿਯੋਗ ਵਿੱਚ ਵਧਦੀ ਗਤੀ ਦੀ ਸ਼ਲਾਘਾ ਕੀਤੀ, ਇਨੋਵੇਸ਼ਨ, ਸਮਰੱਥਾ ਨਿਰਮਾਣ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਇਸ ਦੇ ਰਣਨੀਤਕ ਮਹੱਤਵ ਨੂੰ ਰੇਖਾਂਕਿਤ ਕੀਤਾ। ਸਊਦੀ ਧਿਰ ਨੇ ਸਊਦੀ ਅਰਬ ਵਿੱਚ ਮੋਹਰੀ ਭਾਰਤੀ ਯੂਨੀਵਰਸਿਟੀਆਂ ਦੀ ਮੌਜੂਦਗੀ ਦੇ ਅਵਸਰਾਂ ਦਾ ਸੁਆਗਤ ਕੀਤਾ। ਦੋਨੋਂ ਧਿਰਾਂ ਨੇ ਕਿਰਤ ਅਤੇ ਮਾਨਵ ਸੰਸਾਧਨਾਂ ਵਿੱਚ ਸਹਿਯੋਗ ਵਧਾਉਣ ਅਤੇ ਸਹਿਯੋਗ ਦੇ ਅਵਸਰਾਂ ਦੀ ਪਹਿਚਾਣ ਕਰਨ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
ਦੋਨੋਂ ਧਿਰਾਂ ਨੇ ਸਤੰਬਰ 2023 ਵਿੱਚ ਸਊਦੀ ਅਰਬ ਦੇ ਕ੍ਰਾਉਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਐੱਚਆਰਐੱਚ ਪ੍ਰਿੰਸ ਮੋਹੰਮਦ ਬਿਨ ਸਲਮਾਨ ਬਿਨ ਅਬੁਦਲਾਜ਼ੀਜ਼ ਅਲ ਸਊਦ ਦੀ ਭਾਰਤ ਦੀ ਸਰਕਾਰੀ ਯਾਤਰਾ ਦੌਰਾਨ ਹੋਰ ਦੇਸ਼ਾਂ ਦੇ ਨਾਲ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ ਦੇ ਸਿਧਾਂਤਾਂ ‘ਤੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਨੂੰ ਯਾਦ ਕੀਤਾ ਅਤੇ ਗਲਿਆਰੇ ਵਿੱਚ ਪਰਿਕਲਪਿਤ ਕਨੈਕਟੀਵਿਟੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਲਈ ਮਿਲ ਕੇ ਕੰਮ ਕਰਨ ਦੀ ਆਪਸੀ ਪ੍ਰਤੀਬੱਧਤਾ ਵਿਅਕਤ ਕੀਤੀ, ਜਿਸ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ ਜਿਸ ਵਿੱਚ ਮਾਲ ਅਤੇ ਸੇਵਾਵਾਂ ਦੇ ਰਾਹ ਨੂੰ ਵਧਾਉਣ ਅਤੇ ਹਿਤਧਾਰਕਾਂ ਦਰਮਿਆਨ ਵਪਾਰ ਨੂੰ ਹੁਲਾਰਾ ਦੇਣ ਅਤੇ ਡੇਟਾ ਕਨੈਕਟੀਵਿਟੀ ਅਤੇ ਇਲੈਕਟ੍ਰੀਕਲ ਗ੍ਰਿਡ ਇੰਟਰਕਨੈਕਟੀਵਿਟੀ ਨੂੰ ਵਧਾਉਣ ਦੇ ਲਈ ਰੇਲਵੇ ਅਤੇ ਬੰਦਰਗਾਹ ਸੰਪਰਕ ਸ਼ਾਮਲ ਹਨ। ਇਸ ਸਬੰਧ ਵਿੱਚ, ਦੋਨੋਂ ਧਿਰਾਂ ਨੇ ਅਕਤੂਬਰ 2023 ਵਿੱਚ ਹਸਤਾਖਰ ਕੀਤੇ ਇਲੈਕਟ੍ਰੀਕਲ ਇੰਟਰਕਨੈਕਸ਼ਨਸ, ਸਵੱਛ/ਗ੍ਰੀਨ ਹਾਈਡ੍ਰੋਜਨ ਅਤੇ ਸਪਲਾਈ ਚੇਨਾਂ ‘ਤੇ ਸਹਿਮਤੀ ਪੱਤਰ ਦੇ ਤਹਿਤ ਪ੍ਰਗਤੀ ਦਾ ਸੁਆਗਤ ਕੀਤਾ। ਦੋਨੋਂ ਧਿਰਾਂ ਨੇ ਦੋਨੋਂ ਦੇਸ਼ਾਂ ਦਰਮਿਆਨ ਸ਼ਿਪਿੰਗ ਲਾਈਨਾਂ ਵਿੱਚ ਵਾਧੇ ‘ਤੇ ਵੀ ਸੰਤੋਸ਼ ਵਿਅਕਤ ਕੀਤਾ।
ਦੋਨੋਂ ਧਿਰਾਂ ਨੇ ਆਲਮੀ ਅਰਥਵਿਵਸਥਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਯਤਨਾਂ ਨੂੰ ਹੁਲਾਰਾ ਦੇਣ ਦੇ ਲਈ ਜੀ20, ਅੰਤਰਰਾਸ਼ਟਰੀ ਮੁਦ੍ਰਾ ਕੋਸ਼ ਅਤੇ ਵਿਸ਼ਵ ਬੈਂਕ ਸਹਿਤ ਅੰਤਰਰਾਸ਼ਟਰੀ ਸੰਗਠਨਾਂ ਅਤੇ ਮੰਚਾਂ ਵਿੱਚ ਦੋਨੋਂ ਦੇਸ਼ਾਂ ਦਰਮਿਆਨ ਸਹਿਯੋਗ ਅਤੇ ਤਾਲਮੇਲ ਵਧਾਉਣ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਲੋਨ ਸੇਵਾ ਨਿਲੰਬਨ ਪਹਿਲ (ਡੀਐੱਸਐੱਸਆਈ) ਤੋਂ ਪਰੇ ਲੋਨ ਉਪਚਾਰ ਦੇ ਲਈ ਸਧਾਰਣ ਢਾਂਚੇ ਦੇ ਅੰਦਰ ਉਨ੍ਹਾਂ ਦਰਮਿਆਨ ਮੌਜੂਦਾ ਸਹਿਯੋਗ ਦੀ ਸ਼ਲਾਘਾ ਕੀਤੀ, ਜਿਸ ਦਾ ਸਮਰਥਨ ਰਿਯਾਧ ਸਮਿਟ 2020 ਵਿੱਚ ਜੀ20 ਨੇਤਾਵਾਂ ਦੁਆਰਾ ਕੀਤਾ ਗਿਆ ਸੀ। ਉਨ੍ਹਾਂ ਨੇ ਯੋਗ ਦੇਸ਼ਾਂ ਦੇ ਲੋਨ ਨੂੰ ਸੰਬੋਧਨ ਕਰਨ ਦੇ ਲਈ ਅਧਿਕਾਰਿਕ ਲੋਨਦਾਤਾਵਾਂ (ਵਿਕਾਸਸ਼ੀਲ ਦੇਸ਼ ਲੋਨਦਾਤਾਵਾਂ ਅਤੇ ਪੈਰਿਸ ਕਲੱਬ ਲੋਨਦਾਤਾਵਾਂ) ਅਤੇ ਨਿਜੀ ਖੇਤਰ ਦਰਮਿਆਨ ਤਾਲਮੇਲ ਦੇ ਲਈ ਮੁੱਖ ਅਤੇ ਸਭ ਤੋਂ ਵਿਆਪਕ ਮੰਚ ਦੇ ਰੂਪ ਵਿੱਚ ਸਧਾਰਣ ਢਾਂਚੇ ਦੇ ਲਾਗੂਕਰਨ ਨੂੰ ਵਧਾਉਣ ਦੇ ਮਹੱਤਵ ‘ਤੇ ਬਲ ਦਿੱਤਾ।
ਦੋਨੋਂ ਧਿਰਾਂ ਨੇ ਯਮਨ ਵਿੱਚ ਸੰਕਟ ਦੇ ਵਿਆਪਕ ਰਾਜਨੀਤਕ ਸਮਾਧਾਨ ਤੱਕ ਪਹੁੰਚਣ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਅਤੇ ਖੇਤਰੀ ਯਤਨਾਂ ਦੇ ਲਈ ਆਪਣੇ ਪੂਰਣ ਸਮਰਥਨ ਦੀ ਪੁਸ਼ਟੀ ਕੀਤੀ। ਭਾਰਤੀ ਧਿਰ ਨੇ ਯਮਨ ਦੇ ਧਿਰਾਂ ਦਰਮਿਆਨ ਸੰਵਾਦ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਸਊਦੀ ਅਰਬ ਦੁਆਰਾ ਕੀਤੀਆਂ ਗਈਆਂ ਪਹਿਲਾਂ ਦੀ ਸ਼ਲਾਘਾ ਕੀਤੀ, ਅਤੇ ਯਮਨ ਦੇ ਸਾਰੇ ਖੇਤਰਾਂ ਵਿੱਚ ਮਨੁੱਖੀ ਸਹਾਇਤਾ ਦੀ ਪਹੁੰਚ ਪ੍ਰਦਾਨ ਕਰਨ ਅਤੇ ਉਸ ਨੂੰ ਸੁਗਮ ਬਣਾਉਣ ਵਿੱਚ ਇਸ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਸਊਦੀ ਧਿਰ ਨੇ ਯਮਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਵਿੱਚ ਭਾਰਤੀ ਯਤਨ ਦੀ ਵੀ ਸ਼ਲਾਘਾ ਕੀਤੀ। ਦੋਨੋਂ ਧਿਰਾਂ ਨੇ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਮੇਲਨ (ਯੂਐੱਨਸੀਐੱਲਓਐੱਸ) ਦੇ ਅਨੁਰੂਪ ਜਲਮਾਰਗਾਂ ਦੀ ਸੁਰੱਖਿਆ ਅਤੇ ਸੰਭਾਲ ਅਤੇ ਸ਼ਿਪਿੰਗ ਦੀ ਸੁਤੰਤਰਤਾ ਯਕੀਨੀ ਬਣਾਉਣ ਦੇ ਤਰੀਕਿਆਂ ਨੂੰ ਹੁਲਾਰਾ ਦੇਣ ਦੇ ਲਈ ਸਹਿਯੋਗ ਦੇ ਮਹੱਤਵ ‘ਤੇ ਸਹਿਮਤੀ ਵਿਅਕਤ ਕੀਤੀ।
ਯਾਤਰਾ ਦੌਰਾਨ ਨਿਮਨਲਿਖਿਤ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਗਏ:
• ਪੁਲਾੜ ਵਿਭਾਗ, ਭਾਰਤ ਅਤੇ ਸਊਦੀ ਪੁਲਾੜ ਏਜੰਸੀ ਦਰਮਿਆਨ ਸ਼ਾਂਤੀਪੂਰਣ ਉਦੇਸ਼ਾਂ ਦੇ ਲਈ ਪੁਲਾੜ ਗਤੀਵਿਧੀਆਂ ਦੇ ਖੇਤਰ ਵਿੱਚ ਸਹਿਮਤੀ ਪੱਤਰ।
• ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਗਣਰਾਜ ਅਤੇ ਸਿਹਤ ਮੰਤਰਾਲਾ, ਸਊਦੀ ਅਰਬ ਸਾਮਰਾਜ ਦਰਮਿਆਨ ਸਿਹਤ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ।
• ਡਾਕ ਵਿਭਾਗ, ਭਾਰਤ ਅਤੇ ਸਊਦੀ ਪੋਸਟ ਕਾਰਪੋਰੇਸ਼ਨ (ਐੱਸਪੀਐੱਲ) ਦਰਮਿਆਨ ਅੰਦਰੂਨੀ ਵਿਦੇਸ਼ੀ ਸਤਹ ਪਾਰਸਲ ਦੇ ਲਈ ਦੁਵੱਲਾ ਸਮਝੌਤਾ।
•ਭਾਰਤ ਦੀ ਰਾਸ਼ਟਰੀ ਐਂਟੀ-ਡੋਪਿੰਗ ਏਜੰਸੀ (ਐੱਨਏਡੀਏ), ਭਾਰਤ ਅਤੇ ਸਊਦੀ ਅਰਬ ਐਂਟੀ-ਡੋਪਿੰਗ ਕਮੇਟੀ (ਐੱਸਏਏਡੀਸੀ) ਦਰਮਿਆਨ ਐਂਟੀ-ਡੋਪਿੰਗ ਅਤੇ ਰੋਕਥਾਮ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਸਹਿਮਤੀ ਪੱਤਰ।
ਦੋਨੋਂ ਧਿਰਾਂ ਨੇ ਰਣਨੀਤਕ ਭਾਗੀਦਾਰੀ ਪਰਿਸ਼ਦ ਦੀ ਅਗਲੀ ਮੀਟਿੰਗ ਆਪਸੀ ਸਹਿਮਤੀ ਨਾਲ ਤੈਅ ਮਿਤੀ ‘ਤੇ ਆਯੋਜਿਤ ਕਰਨ ‘ਤੇ ਸਹਿਮਤੀ ਜਤਾਈ। ਦੋਨੋਂ ਦੇਸ਼ ਆਪਣੇ-ਆਪਣੇ ਦੇਸਾਂ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਨਾਲ ਅੱਗੇ ਵਧ ਰਹੇ ਹਨ। ਇਸ ਲਈ ਉਨ੍ਹਾਂ ਨੇ ਇਹ ਵੀ ਫੈਸਲਾ ਲਿਆ ਕਿ ਉਹ ਵਿਭਿੰਨ ਖੇਤਰਾਂ ਵਿੱਚ ਸੰਚਾਰ, ਤਾਲਮੇਲ ਅਤੇ ਸਹਿਯੋਗ ਜਾਰੀ ਰੱਖਣਗੇ।
ਯਾਤਰਾ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਅਤੇ ਆਪਣੇ ਨਾਲ ਆਏ ਵਫਦ ਦੇ ਗਰਮਜੋਸ਼ੀ ਭਰੇ ਸੁਆਗਤ ਅਤੇ ਉਦਾਰ ਪਰਾਹੁਣਚਾਰੀ ਦੇ ਲਈ ਕ੍ਰਾਉਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਿੰਸ ਮੋਹਮੰਦ ਬਿਨ ਸਲਮਾਨ ਬਿਨ ਅਬਦੁਲਾਜ਼ੀਜ਼ ਅਲ ਸਊਦ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਨੇ ਸਊਦੀ ਅਰਬ ਦੇ ਦੋਸਤਾਨਾ ਲੋਕਾਂ ਦੀ ਨਿਰੰਤਰ ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਵਿਅਕਤ ਕੀਤੀਆਂ। ਮਹਾਮਹਿਮ ਨੇ ਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਦੇ ਦੋਸਤਾਨਾ ਲੋਕਾਂ ਦੀ ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
***************
ਐੱਮਜੇਪੀਐੱਸ/ਵੀਜੇ
(Release ID: 2123986)
Visitor Counter : 11
Read this release in:
English
,
Urdu
,
Hindi
,
Nepali
,
Assamese
,
Manipuri
,
Bengali
,
Gujarati
,
Odia
,
Tamil
,
Kannada
,
Malayalam