ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਪਹਿਲੀ ਏਸ਼ੀਅਨ ਬੁੱਧ ਸਮਿਟ ਵਿੱਚ ਹਿੱਸਾ ਲਿਆ

Posted On: 05 NOV 2024 12:40PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਨਵੰਬਰ, 2024) ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ (IBC) ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੁਆਰਾ ਆਯੋਜਿਤ ਪਹਿਲੀ ਏਸ਼ੀਅਨ ਬੁੱਧ ਸਮਿਟ ਵਿੱਚ ਹਿੱਸਾ ਲਿਆ। 

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਭਾਰਤ ਧਰਮ ਦੀ ਪਵਿੱਤਰ ਧਰਤੀ ਹੈ। ਹਰ ਯੁਗ ਵਿੱਚ ਭਾਰਤ ਵਿੱਚ ਮਹਾਨ ਗੁਰੂ ਅਤੇ ਰਹੱਸਵਾਦੀ, ਦ੍ਰਿਸ਼ਟਾ ਅਤੇ ਸਾਧਕ ਹੋਏ ਹਨ, ਜਿਨ੍ਹਾਂ ਨੇ ਮਾਨਵਤਾ ਨੂੰ ਆਪਣੇ ਅੰਦਰ ਦੀ ਸ਼ਾਂਤੀ ਅਤੇ ਬਾਹਰ ਸਦਭਾਵਨਾ ਲੱਭਣ ਦਾ ਮਾਰਗ ਦਿਖਾਇਆ ਹੈ। ਇਨ੍ਹਾਂ ਪਥਪ੍ਰਦਰਸ਼ਕਾਂ ਵਿੱਚ ਬੁੱਧ ਦਾ ਅਦੁੱਤੀ ਸਥਾਨ ਹੈ। ਬੋਧਗਯਾ ਵਿੱਚ ਬੋਧੀ ਟ੍ਰੀ ਦੇ ਹੇਠਾਂ ਸਿਧਾਰਥ ਗੌਤਮ (Siddhartha Gautama) ਦਾ ਗਿਆਨ ਪ੍ਰਾਪਤ ਕਰਨਾ ਇਤਿਹਾਸ ਦੀ ਇੱਕ ਅਨੁਪਮ ਘਟਨਾ ਹੈ। ਉਨ੍ਹਾਂ ਨੇ ਨਾ ਕੇਵਲ ਮਾਨਵ ਮਨ ਦੀ ਕਾਰਜਪ੍ਰਣਾਲੀ ਬਾਰੇ ਬੇਮਿਸਾਲ ਸਮ੍ਰਿੱਧ ਗਿਆਨ ਪ੍ਰਾਪਤ ਕੀਤਾ, ਬਲਕਿ ਉਨ੍ਹਾਂ ਨੇ ਇਸ ਨੂੰ “ਬਹੁਜਨ ਸੁਖਾਏ ਬਹੁਜਨ ਹਿਤਾਏ ਚ” (“Bahujana sukhaya bahujana hitaya cha”)- ਜਨਤਕ ਭਲਾਈ ਦੇ ਲਈ – ਦੀ ਭਾਵਨਾ ਨਾਲ ਸਾਰੇ ਲੋਕਾਂ ਨਾਲ ਸਾਂਝਾ ਕਰਨ ਦੀ ਵੀ ਚੋਣ ਕੀਤੀ। 

ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਸਦੀਆਂ ਤੋਂ ਇਹ ਸੁਭਾਵਿਕ ਹੀ ਰਿਹਾ ਕਿ ਅਲੱਗ-ਅਲੱਗ ਸਾਧਕਾਂ ਨੇ ਬੁੱਧ ਦੇ ਪ੍ਰਵਚਨਾਂ ਤੋਂ ਵੱਖ-ਵੱਖ ਅਰਥ ਗ੍ਰਹਿਣ ਕੀਤੇ ਅਤੇ ਇਸ ਤਰ੍ਹਾਂ ਕਈ ਸੰਪ੍ਰਦਾਇ ਉੱਭਰੇ। ਵਿਆਪਕ ਵਰਗੀਕਰਣ ਵਿੱਚ, ਅੱਜ ਸਾਡੇ ਪਾਸ ਥੇਰਵਾਦ (Theravada), ਮਹਾਯਾਨਾ (Mahayana) ਅਤੇ ਵਜ਼੍ਰਯਾਨਾ ਪਰੰਪਰਾਵਾਂ (Vajrayana traditions) ਹਨ, ਜਿਨ੍ਹਾਂ ਵਿੱਚੋਂ ਹਰੇਕ ਵਿੱਚ ਕਈ ਸਕੂਲ ਅਤੇ ਸੰਪ੍ਰਦਾਇ  ਹਨ। ਇਸ ਤੋਂ ਇਲਾਵਾ, ਬੁੱਧ ਧਰਮ ਦਾ ਅਜਿਹਾ ਵਿਕਾਸ ਇਤਿਹਾਸ ਦੇ ਵਿਭਿੰਨ ਕਾਲਖੰਡਾਂ ਵਿੱਚ ਕਈ ਦਿਸ਼ਾਵਾਂ ਵਿੱਚ ਹੋਇਆ। ਵਿਸਤ੍ਰਿਤ ਭੂਗੋਲਿਕ ਖੇਤਰ ਵਿੱਚ ਧੰਮ ਦੇ ਇਸ ਪ੍ਰਸਾਰ ਨੇ ਇੱਕ ਸਮੁਦਾਇ, ਇੱਕ ਵਿਸ਼ਾਲ ਸੰਘ ਨਿਰਮਿਤ ਕੀਤਾ। ਇੱਕ ਤਰ੍ਹਾਂ ਨਾਲ, ਬੁੱਧ ਦੇ ਗਿਆਨ ਦੀ ਭੂਮੀ ਭਾਰਤ ਇਸ ਦੇ ਕੇਂਦਰ ਵਿੱਚ ਹੈ। ਲੇਕਿਨ, ਈਸ਼ਵਰ ਬਾਰੇ ਜੋ ਕਿਹਾ ਜਾਂਦਾ ਹੈ, ਉਹੀ ਇਸ ਵਿਸ਼ਾਲ ਬੁੱਧ ਸੰਘ ਬਾਰੇ ਵਿੱਚ ਵੀ ਸੱਚ ਹੈ: ਇਸ ਦਾ ਕੇਂਦਰ ਹਰ ਜਗ੍ਹਾ ਹੈ ਅਤੇ ਸੀਮਾ ਕਿਤੇ ਨਹੀਂ ਹੈ। 

ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਜਦੋਂ ਦੁਨੀਆ ਕਈ ਮੋਰਚਿਆਂ ‘ਤੇ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ, ਉਸ ਦੇ ਸਾਹਮਣੇ ਕੇਵਲ ਸੰਘਰਸ਼ ਹੀ ਨਹੀਂ, ਬਲਕਿ ਜਲਵਾਯੂ ਸੰਕਟ ਵੀ ਹੈ, ਤਾਂ ਅਜਿਹੇ ਵਿੱਚ ਇਸ ਵਿਸ਼ਾਲ ਬੁੱਧ ਸਮੁਦਾਇ ਦੇ ਪਾਸ ਮਾਨਵਤਾ ਨੂੰ ਦੇਣ ਲਈ ਬਹੁਤ ਕੁਝ ਹੈ। ਬੁੱਧ ਧਰਮ ਦੇ ਵਿਭਿੰਨ ਸੰਪ੍ਰਦਾਇ ਦੁਨੀਆ ਨੂੰ ਦਰਸਾਉਂਦੇ ਹਨ ਕਿ ਤੰਗ ਸੰਪ੍ਰਦਾਇਕਤਾ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ। ਉਨ੍ਹਾਂ ਦਾ ਮੁੱਖ ਸੰਦੇਸ਼ ਸ਼ਾਂਤੀ ਅਤੇ ਅਹਿੰਸਾ ‘ਤੇ ਕੇਂਦ੍ਰਿਤ ਹੈ। ਜੇਕਰ ਕੋਈ ਇੱਕ ਸ਼ਬਦ ਬੁੱਧ ਧੰਮਾ ਨੂੰ ਵਿਅਕਤ ਕਰ ਸਕਦਾ ਹੈ, ਤਾਂ ਉਹ ਹੈ ‘ਕਰੂਣਾ’ ਜਾਂ ਦਇਆ, ਜਿਸ ਦੀ ਅੱਜ ਦੁਨੀਆ ਨੂੰ ਜ਼ਰੂਰਤ ਹੈ। 

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਬੁੱਧ ਦੀਆਂ ਸਿੱਖਿਆਵਾਂ ਦੀ ਸੰਭਾਲ਼ ਸਾਡੇ ਸਾਰਿਆਂ ਲਈ ਇੱਕ ਮਹਾਨ ਸਮੂਹਿਕ ਪ੍ਰਯਾਸ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਭਾਰਤ ਸਰਕਾਰ ਨੇ ਹੋਰ ਭਾਸ਼ਾਵਾਂ ਦੇ ਨਾਲ-ਨਾਲ ਪਾਲੀ ਅਤੇ ਪ੍ਰਾਕ੍ਰਿਤ (Pali and Prakrit) ਨੂੰ ਵੀ ‘ਸ਼ਾਸਤਰੀ ਭਾਸ਼ਾ’ (‘classical language’) ਦਾ ਦਰਜਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਲੀ ਅਤੇ ਪ੍ਰਾਕ੍ਰਿਤ ਨੂੰ ਹੁਣ ਵਿੱਤੀ ਸਹਾਇਤਾ ਮਿਲੇਗੀ, ਜੋ ਉਨ੍ਹਾਂ ਦੇ ਸਾਹਿਤਕ ਖਜ਼ਾਨੇ ਦੀ ਸੰਭਾਲ਼ ਅਤੇ ਉਨ੍ਹਾਂ ਦੇ ਪੁਨਰ ਉਥਾਰ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ। 

 

ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਏਸ਼ੀਆ ਨੂੰ ਮਜ਼ਬੂਤ ਬਣਾਉਣ ਵਿੱਚ ਬੁੱਧ ਧਰਮ ਦੀ ਭੂਮਿਕਾ ਬਾਰੇ ਚਰਚਾ ਕਰਨ ਦੀ ਜ਼ਰੂਰਤ ਹੈ। ਅਸਲ ਵਿੱਚ, ਸਾਨੂੰ ਇਸ ਬਾਰੇ ਵਿਸਤਾਰ ਨਾਲ ਚਰਚਾ ਕਰਨੀ ਹੋਵੇਗੀ ਕਿ ਬੁੱਧ ਧਰਮ ਏਸ਼ੀਆ ਅਤੇ ਦੁਨੀਆ ਵਿੱਚ ਸ਼ਾਂਤੀ, ਅਸਲ ਸ਼ਾਂਤੀ ਕਿਵੇ ਲਿਆ ਸਕਦਾ ਹੈ – ਅਜਿਹੀ ਸ਼ਾਂਤੀ, ਜੋ ਨਾ ਕੇਵਲ ਸਰੀਰਕ ਹਿੰਸਾ ਤੋਂ ਬਲਕਿ ਹਰ ਤਰ੍ਹਾਂ ਦੇ ਲਾਲਚ ਅਤੇ ਨਫ਼ਰਤ ਤੋਂ ਵੀ ਮੁਕਤ ਹੋਵੇ –ਬੁੱਧ ਦੇ ਅਨੁਸਾਰ, ਇਹ ਦੋ ਮਾਨਸਿਕ ਸ਼ਕਤੀਆਂ ਸਾਡੇ ਸਾਰੇ ਦੁਖਾਂ ਦਾ ਮੂਲ ਕਾਰਨ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸਮਿਟ ਬੁੱਧ ਦੀਆਂ ਸਿੱਖਿਆਵਾਂ ਦੀ ਸਾਡੀ ਸਾਂਝੀ ਵਿਰਾਸਤ ਦੇ ਅਧਾਰ ‘ਤੇ ਸਾਡੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਲੰਬਾ ਰਸਤਾ ਤੈਅ ਕਰੇਗਾ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

 

************

ਐੱਮਜੇਪੀਐੱਸ/ਐੱਸਆਰ


(Release ID: 2070914) Visitor Counter : 21