ਮੰਤਰੀ ਮੰਡਲ ਸਕੱਤਰੇਤ
azadi ka amrit mahotsav

ਬੰਗਾਲ ਦੀ ਖਾੜੀ ਵਿੱਚ ਆਉਣ ਵਾਲੇ ਚੱਕਰਵਾਤ ਲਈ ਤਿਆਰੀਆਂ ਦੀ ਸਮੀਖਿਆ ਕਰਨ ਵਾਸਤੇ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ ਦੀ ਬੈਠਕ ਹੋਈ

Posted On: 21 OCT 2024 5:44PM by PIB Chandigarh

ਕੈਬਨਿਟ ਸਕੱਤਰ ਡਾ. ਟੀ ਵੀ ਸੋਮਨਾਥਨ ਨੇ ਬੰਗਾਲ ਦੀ ਖਾੜੀ ਵਿੱਚ ਆਉਣ ਵਾਲੇ ਚੱਕਰਵਾਤ ਲਈ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਦੀ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ।

ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਡਾਇਰੈਕਟਰ ਜਨਰਲ ਨੇ ਕਮੇਟੀ ਨੂੰ ਪੂਰਬੀ ਮੱਧ ਬੰਗਾਲ ਦੀ ਖਾੜੀ 'ਤੇ ਘੱਟ ਦਬਾਅ ਵਾਲੇ ਖੇਤਰ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਹ ਪੱਛਮ-ਉੱਤਰ-ਪੱਛਮ ਵੱਲ ਵਧਣ ਅਤੇ 22 ਅਕਤੂਬਰ ਦੀ ਸਵੇਰ ਤੱਕ ਦਬਾਅ ਵਿੱਚ ਅਤੇ ਪੂਰਬੀ ਮੱਧ ਬੰਗਾਲ ਦੀ ਖਾੜੀ 'ਤੇ 23 ਅਕਤੂਬਰ, 2024 ਤੱਕ ਇੱਕ ਚੱਕਰਵਾਤੀ ਤੁਫਾਨ ਵਿੱਚ ਤੀਬਰ ਹੋਣ ਦੀ ਬਹੁਤ ਸੰਭਾਵਨਾ ਹੈ। ਇਸ ਤੋਂ ਬਾਅਦ, ਇਹ ਉੱਤਰ-ਪੱਛਮ ਵੱਲ ਵਧਣ ਅਤੇ 24 ਅਕਤੂਬਰ ਦੀ ਸਵੇਰ ਤੱਕ ਓਡੀਸ਼ਾ-ਪੱਛਮ ਬੰਗਾਲ ਤਟਾਂ ਤੋਂ ਉੱਤਰ-ਪੱਛਮ ਬੰਗਾਲ ਦੀ ਖਾੜੀ ਤੱਕ ਪਹੁੰਚਣ ਦੀ ਬਹੁਤ ਸੰਭਾਵਨਾ ਹੈ। ਉੱਤਰ-ਪੱਛਮ ਵੱਲ ਵਧਣਾ ਜਾਰੀ ਰੱਖਦੇ ਹੋਏ, ਇਸ ਤੀਬਰ ਚੱਕਰਵਾਤੀ ਤੁਫਾਨ ਦੇ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜੋ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧ ਸਕਦੀ ਹੈ, 24 ਦੀ ਰਾਤ ਅਤੇ 25 ਅਕਤੂਬਰ, 2024 ਦੀ ਸਵੇਰ ਦੇ ਦੌਰਾਨ ਪੁਰੀ ਅਤੇ ਸਾਗਰ ਟਾਪੂ ਦੇ ਵਿਚਕਾਰ ਉੱਤਰੀ ਓਡੀਸ਼ਾ ਅਤੇ ਪੱਛਮ ਬੰਗਾਲ ਦੇ ਤਟਾਂ ਨੂੰ ਪਾਰ ਕਰਨ ਦੀ ਬਹੁਤ ਸੰਭਾਵਨਾ ਹੈ। 

ਓਡੀਸ਼ਾ ਅਤੇ ਪੱਛਮ ਬੰਗਾਲ ਦੇ ਮੁੱਖ ਸਕੱਤਰਾਂ ਨੇ ਕਮੇਟੀ ਨੂੰ ਚੱਕਰਵਾਤੀ ਤੂਫਾਨ ਦੇ ਸੰਭਾਵਿਤ ਮਾਰਗ ਵਿੱਚ ਲੋਕਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਤਿਆਰੀ ਉਪਾਵਾਂ ਅਤੇ ਸਥਾਨਕ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣੂ ਕਰਵਾਇਆ। ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਲਈ ਕਿਹਾ ਗਿਆ ਹੈ ਅਤੇ ਜੋ ਲੋਕ ਸਮੁੰਦਰ 'ਚ ਹਨ, ਉਨ੍ਹਾਂ ਨੂੰ ਸੁਰੱਖਿਅਤ ਟਿਕਾਣੇ 'ਤੇ ਬੁਲਾਇਆ ਗਿਆ ਹੈ। ਕੰਟਰੋਲ ਰੂਮ ਵੀ ਚਾਲੂ ਕਰ ਦਿੱਤੇ ਗਏ ਹਨ ਅਤੇ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਲੋੜੀਂਦੀਆਂ ਆਸਰਾ, ਬਿਜਲੀ ਸਪਲਾਈ, ਦਵਾਈ ਅਤੇ ਐਮਰਜੈਂਸੀ ਸੇਵਾਵਾਂ ਨੂੰ ਤਿਆਰ ਰੱਖਿਆ ਗਿਆ ਹੈ। ਅਸੁਰੱਖਿਅਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਨਿਕਾਸੀ ਲਈ ਪਹਿਚਾਣ ਕੀਤੀ ਗਈ ਹੈ।

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਨੇ ਪੱਛਮ ਬੰਗਾਲ ਵਿੱਚ 14 ਟੀਮਾਂ ਅਤੇ ਓਡੀਸ਼ਾ ਵਿੱਚ 11 ਟੀਮਾਂ ਨੂੰ ਤੈਨਾਤੀ ਲਈ ਸਟੈਂਡਬਾਏ 'ਤੇ ਰੱਖਿਆ ਹੈ। ਫ਼ੌਜ, ਜਲ ਸੈਨਾ ਅਤੇ ਤਟ ਰੱਖਿਅਕ ਦਲ ਦੇ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੇ ਬਚਾਅ ਅਤੇ ਰਾਹਤ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਪਾਰਾਦੀਪ ਅਤੇ ਹਲਦੀਆ ਦੀਆਂ ਬੰਦਰਗਾਹਾਂ ਨੂੰ ਨਿਯਮਿਤ ਅਲਰਟ ਅਤੇ ਅਡਵਾਈਜ਼ਰੀ ਭੇਜੀ ਜਾ ਰਹੀ ਹੈ। ਤੁਰੰਤ ਬਹਾਲੀ ਲਈ ਐੱਮ/ਓ ਪਾਵਰ ਅਤੇ ਡੀ/ਓ ਟੈਲੀਕਮਿਊਨੀਕੇਸ਼ਨ ਦੁਆਰਾ ਐਮਰਜੈਂਸੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਕੇਂਦਰੀ ਏਜੰਸੀਆਂ ਅਤੇ ਓਡੀਸ਼ਾ ਅਤੇ ਪੱਛਮ ਬੰਗਾਲ ਸਰਕਾਰ ਦੇ ਤਿਆਰੀ ਉਪਾਵਾਂ ਦੀ ਸਮੀਖਿਆ ਕਰਦੇ ਹੋਏ, ਕੈਬਨਿਟ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਸਰਕਾਰਾਂ ਅਤੇ ਕੇਂਦਰੀ ਏਜੰਸੀਆਂ ਦੁਆਰਾ ਸਾਰੇ ਲੋੜੀਂਦੇ ਰੋਕਥਾਮ ਅਤੇ ਸਾਵਧਾਨੀ ਦੇ ਉਪਾਅ ਕੀਤੇ ਜਾ ਸਕਦੇ ਹਨ। ਇਸ ਦਾ ਉਦੇਸ਼ ਜਾਨਾਂ ਦੇ ਨੁਕਸਾਨ ਨੂੰ ਸਿਫ਼ਰ 'ਤੇ ਰੱਖਣਾ ਅਤੇ ਸੰਪਤੀ ਅਤੇ ਬੁਨਿਆਦੀ ਢਾਂਚੇ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਹੈ। ਨੁਕਸਾਨ ਦੀ ਸਥਿਤੀ ਵਿੱਚ, ਜ਼ਰੂਰੀ ਸੇਵਾਵਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਬਹਾਲ ਕੀਤਾ ਜਾਣਾ ਚਾਹੀਦਾ ਹੈ।

ਕੈਬਨਿਟ ਸਕੱਤਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸਮੁੰਦਰ ਵਿਚੋਂ ਮਛੇਰਿਆਂ ਨੂੰ ਵਾਪਸ ਬੁਲਾਇਆ ਜਾਵੇ ਅਤੇ ਸੰਭਾਵਿਤ ਖੇਤਰਾਂ ਦੇ ਲੋਕਾਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਉਨ੍ਹਾਂ ਓਡੀਸ਼ਾ ਅਤੇ ਪੱਛਮ ਬੰਗਾਲ ਸਰਕਾਰ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਕੇਂਦਰੀ ਏਜੰਸੀਆਂ ਪੂਰੀ ਤਰ੍ਹਾਂ ਅਲਰਟ 'ਤੇ ਹਨ ਅਤੇ ਸਹਾਇਤਾ ਲਈ ਉਪਲਬਧ ਰਹਿਣਗੀਆਂ। ਉਨ੍ਹਾਂ ਨੇ ਆਂਧਰ ਪ੍ਰਦੇਸ਼, ਛੱਤੀਸਗੜ੍ਹ ਅਤੇ ਝਾਰਖੰਡ ਰਾਜਾਂ ਨੂੰ ਵੀ ਭਾਰੀ ਬਾਰਿਸ਼ ਕਾਰਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ। ਕੈਬਨਿਟ ਸਕੱਤਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸੰਭਾਵਿਤ ਪ੍ਰਭਾਵਿਤ ਖੇਤਰ ਵਿੱਚ ਡੈਮ ਸਾਈਟਾਂ ਤੋਂ ਪਾਣੀ ਛੱਡਣ ਨੂੰ ਕਿਸੇ ਵੀ ਹੜ੍ਹ ਤੋਂ ਬਚਣ ਲਈ ਮਿਣਿਆ ਜਾਣਾ ਚਾਹੀਦਾ ਹੈ।

ਬੈਠਕ ਵਿੱਚ ਓਡੀਸ਼ਾ ਅਤੇ ਪੱਛਮ ਬੰਗਾਲ ਦੇ ਮੁੱਖ ਸਕੱਤਰ, ਕੇਂਦਰੀ ਗ੍ਰਹਿ ਸਕੱਤਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਿਆਂ ਦੇ ਸਕੱਤਰ, ਮੱਛੀ ਪਾਲਣ, ਬਿਜਲੀ, ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਵਿਭਾਗ, ਆਂਧਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ, ਮੈਂਬਰ (ਤਕਨੀਕੀ), ਦੂਰਸੰਚਾਰ ਵਿਭਾਗ ਤੋਂ ਇਲਾਵਾ ਏਕੀਕ੍ਰਿਤ ਰੱਖਿਆ ਸਟਾਫ਼ ਦੇ ਮੁਖੀ ਤੋਂ ਲੈ ਕੇ ਚੇਅਰਮੈਨ ਚੀਫ਼ਸ ਆਵ੍ ਸਟਾਫ਼ ਕਮੇਟੀ (ਸੀਆਈਐੱਸਸੀ), ਮੈਂਬਰ ਸਕੱਤਰ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ, ਡਾਇਰੈਕਟਰ ਜਨਰਲ ਭਾਰਤ ਮੌਸਮ ਵਿਭਾਗ, ਡਾਇਰੈਕਟਰ ਜਨਰਲ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਡਾਇਰੈਕਟਰ ਜਨਰਲ ਭਾਰਤੀ ਤਟ ਰੱਖਿਅਕ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। 

 

*****

 

ਆਰਕੇ/ਵੀਵੀ/ਏਐੱਸਐੱਚ/ਪੀਐੱਸ 




(Release ID: 2066995) Visitor Counter : 13