ਗ੍ਰਹਿ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਭਾਸ਼ਾ ਡਾਇਮੰਡ ਜੁਬਲੀ ਸਮਾਰੋਹ ਅਤੇ ਚੌਥੇ ਅਖਿਲ ਭਾਰਤੀ ਰਾਜਭਾਸ਼ਾ ਸੰਮੇਲਨ ਨੂੰ ਸੰਬੋਧਨ ਕੀਤਾ


ਹਿੰਦੀ ਦਿਵਸ ਦਾ ਉਦੇਸ਼ ਰਾਜਭਾਸ਼ਾ ਨੂੰ ਸੰਚਾਰ, ਲੋਕਾਂ, ਟੈਕਨੋਲੋਜੀ ਦੀ ਭਾਸ਼ਾ ਬਣਾਉਣਾ ਅਤੇ ਇਸ ਨੂੰ ਅੰਤਰਰਾਸ਼ਟਰੀ ਭਾਸ਼ਾ ਵਜੋਂ ਫੈਲਾਉਣਾ ਹੈ

ਨਵੀਂ ਸਿੱਖਿਆ ਨੀਤੀ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਤ ਭਾਸ਼ਾ ਵਿੱਚ ਪ੍ਰਾਇਮਰੀ ਸਿੱਖਿਆ 'ਤੇ ਜ਼ੋਰ ਦਿੱਤਾ ਹੈ

ਭਾਰਤੀ ਭਾਸ਼ਾ ਸੈਕਸ਼ਨ ਆਉਣ ਵਾਲੇ ਸਾਲਾਂ ਵਿੱਚ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਸਾਂਭ-ਸੰਭਾਲ ਦਾ ਕੇਂਦਰ ਬਣ ਜਾਵੇਗਾ

ਸਾਰੀਆਂ ਭਾਸ਼ਾਵਾਂ ਵਿੱਚੋਂ ਭਵਿੱਖ ਭਾਰਤੀ ਭਾਸ਼ਾਵਾਂ ਦਾ ਹੀ ਹੋਵੇਗਾ

ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ​​ਕੀਤੇ ਬਿਨਾਂ ਅਤੇ ਹਿੰਦੀ ਨਾਲ ਉਨ੍ਹਾਂ ਦੀ ਆਪਸੀ ਅਨੁਕੂਲਤਾ ਸਥਾਪਿਤ ਕੀਤੇ ਬਿਨਾਂ ਰਾਜਭਾਸ਼ਾ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ

ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਕਦੇ ਵੀ ਮੁਕਾਬਲਾ ਨਹੀਂ ਹੋ ਸਕਦਾ, ਹਿੰਦੀ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਪੂਰਕ ਹੈ

ਹਿੰਦੀ ਸ਼ਬਦ ਸਿੰਧੂ ਡਿਕਸ਼ਨਰੀ ਆਉਣ ਵਾਲੇ ਸਾਲਾਂ ਵਿੱਚ ਸਭ ਤੋਂ ਵੱਡੀ ਡਿਕਸ਼ਨਰੀ ਬਣ ਜਾਵੇਗੀ

ਹਿੰਦੀ ਨੂੰ ਸੰਘਰਸ਼ ਨਾਲ ਨਹੀਂ ਬਲਕਿ ਸਾਹਸ ਨਾਲ ਸਵੀਕਾਰ ਕਰਕੇ ਅੱਗੇ ਵਧਾਉਣਾ ਹੋਵੇਗਾ

ਜਿਹੜੇ ਦੇਸ਼ ਆਪਣੀਆਂ ਭਾਸ਼ਾਵਾਂ ਦੀ ਰਾਖੀ ਨਹੀਂ ਕਰ ਸਕਦੇ ਉਹ ਆਪਣੇ ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਤੋਂ ਟੁੱਟ ਜਾਂਦੇ ਹਨ

ਅੱਜ ਹਿੰਦੀ ਸੰਯੁਕਤ ਰਾਸ਼ਟਰ ਦੀ ਭਾਸ਼ਾ ਬਣ ਗਈ ਹੈ, ਅਤੇ ਹਿੰਦੀ 10 ਤੋਂ ਵੱਧ ਦੇਸ਼ਾਂ ਦੀ ਦੂਸਰੀ ਭਾਸ਼ਾ ਹੈ

ਜਿਸ ਦਿਨ ਅਸ

Posted On: 14 SEP 2024 4:52PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਭਾਸ਼ਾ ਡਾਇਮੰਡ ਜੁਬਲੀ ਸਮਾਰੋਹ ਅਤੇ ਚੌਥੇ ਅਖਿਲ ਭਾਰਤੀ ਰਾਜਭਾਸ਼ਾ ਸੰਮੇਲਨ ਨੂੰ ਸੰਬੋਧਨ ਕੀਤਾ। ਗ੍ਰਹਿ ਮੰਤਰੀ ਨੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ 'ਰਾਜਭਾਸ਼ਾ ਭਾਰਤੀ' ਮੈਗਜ਼ੀਨ ਦਾ ਡਾਇਮੰਡ ਜੁਬਲੀ ਵਿਸ਼ੇਸ਼ ਅੰਕ ਜਾਰੀ ਕੀਤਾ। ਸ਼੍ਰੀ ਅਮਿਤ ਸ਼ਾਹ ਨੇ ਡਾਇਮੰਡ ਜੁਬਲੀ ਦੇ ਮੌਕੇ 'ਤੇ ਇੱਕ ਯਾਦਗਾਰੀ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਸ਼੍ਰੀ ਸ਼ਾਹ ਨੇ ਰਾਜਭਾਸ਼ਾ ਗੌਰਵ ਅਤੇ ਰਾਜਭਾਸ਼ਾ ਕੀਰਤੀ ਪੁਰਸਕਾਰ ਵੀ ਪ੍ਰਦਾਨ ਕੀਤੇ। ਇਸ ਮੌਕੇ ਗ੍ਰਹਿ ਮੰਤਰੀ ਨੇ ਭਾਰਤੀ ਭਾਸ਼ਾ ਅਨੁਭਾਗ (ਭਾਰਤੀ ਭਾਸ਼ਾ ਸੈਕਸ਼ਨ) ਦੀ ਸ਼ੁਰੂਆਤ ਵੀ ਕੀਤੀ। 

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 75 ਸਾਲਾਂ ਦੀ ਯਾਤਰਾ ਹਿੰਦੀ ਨੂੰ ਰਾਜਭਾਸ਼ਾ ਵਜੋਂ ਸਵੀਕਾਰ ਕਰਨ ਅਤੇ ਇਸ ਦੁਆਰਾ ਦੇਸ਼ ਦੀਆਂ ਸਾਰੀਆਂ ਸਥਾਨਕ ਭਾਸ਼ਾਵਾਂ ਨੂੰ ਜੋੜ ਕੇ ਸਾਡੀਆਂ ਪਰੰਪਰਾਵਾਂ, ਸੱਭਿਆਚਾਰ, ਭਾਸ਼ਾਵਾਂ, ਸਾਹਿਤ, ਕਲਾ ਅਤੇ ਵਿਆਕਰਨ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਦੀ ਦੀ 75 ਸਾਲਾਂ ਦੀ ਯਾਤਰਾ ਹੁਣ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਦੇ ਅੰਤਿਮ ਪੜਾਅ 'ਤੇ ਹੈ ਅਤੇ ਅੱਜ ਹਿੰਦੀ ਨੂੰ ਸੰਚਾਰ, ਲੋਕਾਂ, ਟੈਕਨੋਲੋਜੀ ਅਤੇ ਹੁਣ ਅੰਤਰਰਾਸ਼ਟਰੀ ਭਾਸ਼ਾ ਬਣਾਉਣ ਦਾ ਦਿਨ ਹੈ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਭਾਰਤੀ ਭਾਸ਼ਾ ਸੈਕਸ਼ਨ (Indian Languages Section) ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਕ ਨਵੀਂ ਸ਼ੁਰੂਆਤ ਦੇ ਗਵਾਹ ਬਣ ਗਏ ਹਾਂ ਜੋ ਇੱਕ ਛੋਟੇ ਬੀਜ ਦੀ ਬਿਜਾਈ ਦੇ ਸਮਾਨ ਹੈ ਅਤੇ ਜਲਦੀ ਹੀ ਇੱਕ ਵੱਡੇ ਬਰਗਦ ਦੇ ਦਰੱਖਤ ਵਾਂਗ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਾਰਤੀ ਭਾਸ਼ਾ ਸੈਕਸ਼ਨ ਆਉਣ ਵਾਲੇ ਸਾਲਾਂ ਵਿੱਚ ਸਾਡੀਆਂ ਭਾਸ਼ਾਵਾਂ ਦੀ ਸੁਰੱਖਿਆ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਭਾਰਤੀ ਭਾਸ਼ਾ ਸੈਕਸ਼ਨ ਰਾਜਭਾਸ਼ਾ ਵਿਭਾਗ ਦਾ ਪੂਰਕ ਸੈਕਸ਼ਨ ਬਣ ਜਾਵੇਗਾ ਕਿਉਂਕਿ ਰਾਜ ਭਾਸ਼ਾ ਦਾ ਪ੍ਰਚਾਰ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਆਪਣੀਆਂ ਸਾਰੀਆਂ ਸਥਾਨਕ ਭਾਸ਼ਾਵਾਂ ਨੂੰ ਮਜ਼ਬੂਤ ​​ਨਹੀਂ ਕਰਦੇ ਅਤੇ ਰਾਜਭਾਸ਼ਾ ਅਤੇ ਹੋਰ ਭਾਰਤੀ ਭਾਸ਼ਾਵਾਂ ਦਰਮਿਆਨ ਸੰਵਾਦ ਸਥਾਪਿਤ ਨਹੀਂ ਕਰਦੇ। 


ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਿੰਦੀ ਅਤੇ ਸਥਾਨਕ ਭਾਸ਼ਾਵਾਂ ਦਰਮਿਆਨ ਕਦੇ ਵੀ ਮੁਕਾਬਲਾ ਨਹੀਂ ਹੋ ਸਕਦਾ ਕਿਉਂਕਿ ਹਿੰਦੀ ਸਾਰੀਆਂ ਸਥਾਨਕ ਭਾਸ਼ਾਵਾਂ ਦੀ ਮਿੱਤਰ ਹੈ। ਉਨ੍ਹਾਂ ਕਿਹਾ ਕਿ ਹਿੰਦੀ ਅਤੇ ਸਥਾਨਕ ਭਾਸ਼ਾਵਾਂ ਇੱਕ-ਦੂਸਰੇ ਦੀਆਂ ਪੂਰਕ ਹਨ ਅਤੇ ਇਸੇ ਲਈ ਭਾਰਤੀ ਭਾਸ਼ਾ ਸੈਕਸ਼ਨ ਜ਼ਰੀਏ ਹਿੰਦੀ ਅਤੇ ਸਾਰੀਆਂ ਸਥਾਨਕ ਭਾਸ਼ਾਵਾਂ ਦਰਮਿਆਨ ਸਾਂਝ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੇਖ, ਭਾਸ਼ਣ ਜਾਂ ਪੱਤਰ ਹਿੰਦੀ ਵਿੱਚ ਹੈ ਤਾਂ ਭਾਰਤੀ ਭਾਸ਼ਾ ਸੈਕਸ਼ਨ ਉਸ ਦਾ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰੇਗਾ। ਇਸੇ ਤਰ੍ਹਾਂ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੇ ਸਾਹਿਤ, ਲੇਖਾਂ ਅਤੇ ਭਾਸ਼ਣਾਂ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਜਾਵੇਗਾ, ਜੋ ਕਿ ਸਮੇਂ ਦੀ ਜ਼ਰੂਰਤ ਹੈ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਸਵਰਾਜ, ਸਵਧਰਮ ਅਤੇ ਸਵਭਾਸ਼ਾ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾਉਂਦੇ, ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਨਹੀਂ ਕਰਵਾ ਸਕਦੇ। ਉਨ੍ਹਾਂ ਕਿਹਾ ਕਿ ਸਵਰਾਜ ਦੀ ਪਰਿਭਾਸ਼ਾ ਵਿੱਚ ਹੀ ਸਵਭਾਸ਼ਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜੋ ਦੇਸ਼ ਅਤੇ ਲੋਕ ਆਪਣੀਆਂ ਭਾਸ਼ਾਵਾਂ ਦੀ ਰਾਖੀ ਨਹੀਂ ਕਰ ਸਕਦੇ ਉਹ ਆਪਣੇ ਇਤਿਹਾਸ, ਸਾਹਿਤ, ਸੱਭਿਆਚਾਰ ਤੋਂ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਲਾਮ ਮਾਨਸਿਕਤਾ ਨਾਲ ਜਿਉਂਦੀਆਂ ਰਹਿੰਦੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਅਸੀਂ ਸ਼ਿਵਾਜੀ ਮਹਾਰਾਜ ਦੇ ਸਵਰਾਜ, ਸਵਭਾਸ਼ਾ ਅਤੇ ਸਵਧਰਮ ਦੇ ਸਿਧਾਂਤਾਂ 'ਤੇ ਜ਼ੋਰ ਦਿੰਦੇ ਹੋਏ ਕੰਮ ਕਰੀਏ। ਉਨ੍ਹਾਂ ਅੱਗੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੱਢਲੀ ਸਿੱਖਿਆ ਮਾਤ ਭਾਸ਼ਾ ਵਿੱਚ ਦੇਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾਈ ਪ੍ਰਗਟਾਵੇ, ਸੋਚ, ਸਮਝ, ਤਰਕ, ਵਿਸ਼ਲੇਸ਼ਣ ਅਤੇ ਫੈਸਲੇ 'ਤੇ ਪਹੁੰਚਣ ਲਈ ਬੱਚੇ ਲਈ ਸਭ ਤੋਂ ਅਸਾਨ ਭਾਸ਼ਾ ਉਸ ਦੀ ਮਾਤ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਮਾਤ ਭਾਸ਼ਾ ਵਿੱਚ ਸਿੱਖਿਆ ਦੇਣ ’ਤੇ ਬਹੁਤ ਜ਼ੋਰ ਦਿੱਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਮਜ਼ਬੂਤ ​​ਕਰਨ ਅਤੇ ਰਾਜਭਾਸ਼ਾ ਨੂੰ ਦੇਸ਼ ਦੀ ਸੰਪਰਕ ਭਾਸ਼ਾ ਬਣਾਉਣ ਦਾ ਦਿਨ ਹੈ, ਜਿਸ ਦੁਆਰਾ ਅਸੀਂ ਆਪਣੇ ਦੇਸ਼ ਦਾ ਕੰਮ ਆਪਣੀਆਂ ਭਾਸ਼ਾਵਾਂ ਵਿੱਚ ਕਰ ਸਕਦੇ ਹਾਂ।

 ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਆਜ਼ਾਦੀ ਅੰਦੋਲਨ ਵਿੱਚ ਹਿੰਦੀ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ 1857 ਦੀ ਕ੍ਰਾਂਤੀ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਇੱਕ ਸੰਪਰਕ ਭਾਸ਼ਾ ਦੀ ਘਾਟ ਸੀ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਭੂ-ਰਾਜਨੀਤਿਕ ਨਹੀਂ ਬਲਕਿ ਭੂ-ਸੱਭਿਆਚਾਰਕ ਦੇਸ਼ ਹੈ ਅਤੇ ਸਾਡੇ ਦੇਸ਼ ਨੂੰ ਜੋੜਨ ਵਾਲੀ ਕੜੀ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਏਕਤਾ ਸੱਭਿਆਚਾਰ 'ਤੇ ਟਿਕੀ ਹੋਈ ਹੈ, ਸਾਡੀ ਸੰਸਕ੍ਰਿਤੀ ਭਾਸ਼ਾਵਾਂ 'ਤੇ ਜੁੜੀ ਹੋਈ ਹੈ ਅਤੇ ਜਿਸ ਦਿਨ ਅਸੀਂ ਆਪਣੀਆਂ ਭਾਸ਼ਾਵਾਂ ਗੁਆ ਦੇਵਾਂਗੇ, ਉਸ ਦਿਨ ਦੇਸ਼ ਦੀ ਏਕਤਾ ਬਹੁਤ ਖ਼ਤਰੇ ਵਿੱਚ ਪੈ ਜਾਵੇਗੀ।

 ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਵੇਂ ਡਾ. ਭੀਮ ਰਾਓ ਅੰਬੇਦਕਰ, ਸੀ. ਰਾਜਗੋਪਾਲਾਚਾਰੀ, ਮਹਾਤਮਾ ਗਾਂਧੀ, ਸਰਦਾਰ ਵੱਲਭ ਭਾਈ ਪਟੇਲ, ਕੇਐੱਮ ਮੁਨਸ਼ੀ, ਲਾਲਾ ਲਾਜਪਤ ਰਾਏ, ਨੇਤਾਜੀ ਸੁਭਾਸ਼ ਚੰਦਰ ਬੋਸ ਜਾਂ ਆਚਾਰੀਆ ਕ੍ਰਿਪਲਾਨੀ ਹੋਣ, ਹਿੰਦੀ ਨੂੰ ਅੱਗੇ ਵਧਾਉਣ ਵਾਲੇ ਸਾਡੇ ਜ਼ਿਆਦਾਤਰ ਨੇਤਾ ਗੈਰ-ਹਿੰਦੀ ਬੋਲਣ ਵਾਲੇ ਖੇਤਰ ਤੋਂ ਆਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦੀਆਂ ਵੱਖ-ਵੱਖ ਮਾਤ ਭਾਸ਼ਾਵਾਂ ਸਨ ਪਰ ਉਹ ਸਮਝਦੇ ਸਨ ਕਿ ਹਿੰਦੀ ਭਾਸ਼ਾ ਦੇਸ਼ ਨੂੰ ਜੋੜਨ ਦਾ ਮਾਧਿਅਮ ਹੈ, ਇਸ ਲਈ ਉਨ੍ਹਾਂ ਨੇ ਹਿੰਦੀ ਨੂੰ ਰਾਸ਼ਟਰੀ ਏਕਤਾ ਦਾ ਪ੍ਰਤੀਕ ਬਣਾ ਕੇ ਇਸ ਨੂੰ ਰਾਜਭਾਸ਼ਾ ਦਾ ਰੂਪ ਦਿੱਤਾ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੀਆਂ ਭਾਸ਼ਾਵਾਂ ਨੂੰ ਜੇਕਰ ਕੋਈ ਬਚਾ ਸਕਦਾ ਹੈ ਤਾਂ ਉਹ ਸਿਰਫ ਮਾਤਾਵਾਂ ਹਨ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਉਨ੍ਹਾਂ ਦੀ ਮਾਂ ਬੋਲੀ ਵਿੱਚ ਹੀ ਗੱਲ ਕਰਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਡੀਆਂ ਭਾਸ਼ਾਵਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀਆਂ ਭਾਸ਼ਾਵਾਂ ਲੰਬੇ ਸਮੇਂ ਤੱਕ ਦੇਸ਼ ਅਤੇ ਦੁਨੀਆ ਦੀ ਸੇਵਾ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਰਾਜਭਾਸ਼ਾ ਅਤੇ ਹੋਰ ਭਾਰਤੀ ਭਾਸ਼ਾਵਾਂ ਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਦੇਸ਼ ਨੂੰ ਕੋਈ ਵੀ ਕਿਸੇ ਕਿਸਮ ਦੀ ਗੁਲਾਮੀ ਵਿੱਚ ਨਹੀਂ ਰੱਖ ਸਕਦਾ ਅਤੇ ਨਾ ਹੀ ਕਦੇ ਭਾਸ਼ਾ ਦੀ ਗੁਲਾਮੀ ਵਿੱਚ ਰੱਖ ਸਕਦਾ ਹੈ। 

 ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਰਾਜਭਾਸ਼ਾ ਵਿਭਾਗ ਨੇ ਹਿੰਦੀ ਨੂੰ ਅਨੁਕੂਲ ਅਤੇ ਸਵੀਕਾਰਯੋਗ ਬਣਾਉਣ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਨੂੰ ਦੂਸਰੀਆਂ ਭਾਰਤੀ ਭਾਸ਼ਾਵਾਂ ਦੇ ਸ਼ਬਦਾਂ ਦੇ ਮਿਲਾਪ ਨਾਲ ਕਦੇ ਵੀ ਪਲੀਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਿੰਦੀ ਮਾਂ ਗੰਗਾ ਵਾਂਗ ਹੈ ਅਤੇ ਹਮੇਸ਼ਾ ਪਵਿੱਤਰ ਰਹੇਗੀ। ਬਹੁਤ ਸਾਰੇ ਸ਼ਬਦ ਹਿੰਦੀ ਵਿੱਚ ਨਹੀਂ ਬਲਕਿ ਹੋਰ ਸਥਾਨਕ ਭਾਸ਼ਾਵਾਂ ਵਿੱਚ ਹਨ ਅਤੇ ਅਸੀਂ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹਿੰਦੀ ਇਨ੍ਹਾਂ ਸ਼ਬਦਾਂ ਨੂੰ ਸਵੀਕਾਰ ਕਰਦੀ ਹੈ, ਉੱਥੇ ਹਿੰਦੀ ਦੇ ਕਈ ਸ਼ਬਦ ਸਾਡੀਆਂ ਸਥਾਨਕ ਭਾਸ਼ਾਵਾਂ ਦੁਆਰਾ ਵੀ ਸਵੀਕਾਰ ਕੀਤੇ ਜਾਂਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਹਿੰਦੀ ਸ਼ਬਦ ਸਿੰਧੂ ਡਿਕਸ਼ਨਰੀ ਵਿੱਚ ਭਾਰਤ ਦੀ ਹਰ ਭਾਸ਼ਾ ਦੇ ਸ਼ਬਦਾਂ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਿੰਦੀ ਨੂੰ ਸਵੀਕਾਰਯੋਗ, ਲਚੀਲੀ ਅਤੇ ਸੰਵਾਦਸ਼ੀਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਹਿੰਦੀ ਸ਼ਬਦ ਸਿੰਧੂ ਕੋਸ਼ ਅਗਲੇ ਪੰਜ ਸਾਲਾਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕੋਸ਼ ਬਣ ਜਾਵੇਗਾ। 

 ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਸਿੱਖਿਆ, ਟੈਕਨੀਕਲ ਸਿੱਖਿਆ ਅਤੇ ਨਿਆਂਪਾਲਿਕਾ ਵਿੱਚ ਹਿੰਦੀ ਦੀ ਵਰਤੋਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਦੀ ਨੂੰ ਸੰਘਰਸ਼ ਨਾਲ ਨਹੀਂ ਬਲਕਿ ਸਾਹਸ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਕਈ ਫੈਸਲਿਆਂ ਦਾ ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਨੇ ਅੱਜ ਮੈਡੀਕਲ ਸਿੱਖਿਆ ਦਾ ਸਾਰਾ ਪਾਠਕ੍ਰਮ ਹਿੰਦੀ ਵਿੱਚ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਲਗਭਗ 13 ਭਾਸ਼ਾਵਾਂ ਵਿੱਚ ਇੰਜਨੀਅਰਿੰਗ ਪਾਠਕ੍ਰਮ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਖੋਜ ਦੀ ਭਾਸ਼ਾ ਵੀ ਯਕੀਨੀ ਤੌਰ ’ਤੇ ਹਿੰਦੀ ਹੋਵੇਗੀ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹਿੰਦੀ ਦੀ ਸਵੀਕਾਰਤਾ ਵਧਾਉਣ ਦਾ ਸਾਡਾ ਰੋਡਮੈਪ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਭ ਤੋਂ ਵੱਡੇ ਮੰਚ 'ਤੇ ਭਰੋਸੇ ਅਤੇ ਮਾਣ ਨਾਲ ਹਿੰਦੀ 'ਚ ਆਪਣਾ ਭਾਸ਼ਣ ਦੇ ਕੇ ਹਿੰਦੀ ਦੀ ਮਾਨਤਾ ਵਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਹਿੰਦੀ ਵਿੱਚ ਸੰਬੋਧਨ ਕੀਤਾ ਤਾਂ ਪੂਰੀ ਦੁਨੀਆ ਹੈਰਾਨ ਰਹਿ ਗਈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਹਿੰਦੀ ਸੰਯੁਕਤ ਰਾਸ਼ਟਰ ਦੀ ਭਾਸ਼ਾ ਬਣ ਗਈ ਹੈ ਅਤੇ 10 ਤੋਂ ਵੱਧ ਦੇਸ਼ਾਂ ਦੀ ਦੂਸਰੀ ਭਾਸ਼ਾ ਵੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹਿੰਦੀ ਹੁਣ ਅੰਤਰਰਾਸ਼ਟਰੀ ਭਾਸ਼ਾ ਬਣਨ ਵੱਲ ਵਧ ਰਹੀ ਹੈ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੀਆਂ ਭਾਸ਼ਾਵਾਂ ਨੂੰ ਹਿੰਦੀ ਨਾਲ ਮਜ਼ਬੂਤ ​​ਕੀਤਾ ਜਾ ਸਕਦਾ ਹੈ ਅਤੇ ਹਿੰਦੀ ਨੂੰ ਭਾਰਤ ਦੀਆਂ ਭਾਸ਼ਾਵਾਂ ਨਾਲ ਮਜ਼ਬੂਤੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਗ੍ਰਹਿ ਮੰਤਰਾਲੇ ਅਤੇ ਸਹਿਕਾਰਤਾ ਮੰਤਰਾਲੇ ਵਿੱਚ ਫਾਈਲਾਂ ਅਤੇ ਪੱਤਰ-ਵਿਹਾਰ ਹਿੰਦੀ ਵਿੱਚ ਲਿਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਸ਼ਾ ਇੱਕ ਅਭਿਵਿਅਕਤੀ ਹੈ ਅਤੇ ਪ੍ਰਗਟਾਵਾ ਉਦੋਂ ਹੁੰਦਾ ਹੈ ਜਦੋਂ ਉਹ ਆਪਣੀ ਭਾਸ਼ਾ ਵਿੱਚ ਹੋਵੇ।

*******

ਆਰਕੇ/ਵੀਵੀ/ਪੀਆਰ/ਪੀਐੱਸ

 



(Release ID: 2055096) Visitor Counter : 20