ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ 78ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਦੇ ਨਾਮ ਸੰਦੇਸ਼

Posted On: 14 AUG 2024 7:37PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ,

ਮੈਂ ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦਿਹਾੜੇ (ਸੁਤੰਤਰਤਾ ਦਿਵਸ) ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹਾਂ।

ਸਾਰੇ ਦੇਸ਼ਵਾਸੀ 78ਵੇਂ ਆਜ਼ਾਦੀ ਦਿਹਾੜੇ (ਸੁਤੰਤਰਤਾ ਦਿਵਸ) ਦਾ ਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਆਜ਼ਾਦੀ ਦਿਹਾੜੇ (ਸੁਤੰਤਰਤਾ ਦਿਵਸ) ਦੇ ਮੌਕੇ ‘ਤੇ ਲਹਿਰਾਉਂਦੇ ਹੋਏ ਤਿਰੰਗੇ ਨੂੰ ਦੇਖਣਾ-ਭਾਵੇਂ ਉਹ ਲਾਲ ਕਿਲੇ ‘ਤੇ ਹੋਵੇ, ਰਾਜਾਂ ਦੀਆਂ ਰਾਜਧਾਨੀਆਂ ਵਿੱਚ ਹੋਣ ਜਾਂ ਸਾਡੇ ਆਲ਼ੇ-ਦੁਆਲ਼ੇ (ਆਸਪਾਸ) ਹੋਣ-ਸਾਡੇ ਦਿਲਾਂ ਨੂੰ ਉਤਸ਼ਾਹ ਨਾਲ ਭਰ ਦਿੰਦਾ ਹੈ। ਇਹ ਪੁਰਬ, 140 ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਦੇ ਨਾਲ ਆਪਣੇ ਇਸ ਮਹਾਨ ਦੇਸ਼ ਦਾ ਹਿੱਸਾ ਹੋਣ ਦੀ ਸਾਡੀ ਖੁਸ਼ੀ ਨੂੰ ਜ਼ਾਹਰ ਕਰਦਾ ਹੈ। ਜਿਸ ਤਰ੍ਹਾਂ ਅਸੀਂ ਆਪਣੇ ਪਰਿਵਾਰ ਦੇ ਨਾਲ ਵੱਖ-ਵੱਖ ਤਿਉਹਾਰ ਮਨਾਉਂਦੇ ਹਾਂ, ਉਸੇ ਤਰ੍ਹਾਂ ਅਸੀਂ ਆਪਣੇ ਆਜ਼ਾਦੀ ਦਿਹਾੜੇ (ਸੁਤੰਤਰਤਾ ਦਿਵਸ) ਅਤੇ ਗਣਤੰਤਰ ਦਿਹਾੜੇ (ਗਣਤੰਤਰ ਦਿਵਸ) ਨੂੰ ਵੀ ਆਪਣੇ ਉਸ ਪਰਿਵਾਰ ਦੇ ਨਾਲ ਮਨਾਉਂਦੇ ਹਾਂ, ਜਿਹਦੇ ਮੈਂਬਰ ਸਾਡੇ ਸਾਰੇ ਦੇਸ਼ਵਾਸੀ ਹਨ। 

ਪੰਦਰਾਂ (15) ਅਗਸਤ ਦੇ ਦਿਨ, ਦੇਸ਼ ਵਿਦੇਸ਼ ਵਿੱਚ ਸਾਰੇ ਭਾਰਤੀ, ਝੰਡਾ ਲਹਿਰਾਉਣ ਦੇ ਸਮਾਗਮਾਂ ’ਚ ਹਿੱਸਾ ਲੈਂਦੇ ਹਨ, ਦੇਸ਼ ਭਗਤੀ ਦੇ ਗੀਤ ਗਾਉਂਦੇ ਹਨ ਅਤੇ ਮਠਿਆਈਆਂ ਵੰਡਦੇ ਹਨ। ਬੱਚੇ ਸੱਭਿਆਚਾਰਕ ਪ੍ਰੋਗਰਾਮਾਂ ’ਚ ਹਿੱਸਾ ਲੈਂਦੇ ਹਨ। ਜਦੋਂ ਅਸੀਂ ਬੱਚਿਆਂ ਨੂੰ ਆਪਣੇ ਮਹਾਨ ਰਾਸ਼ਟਰ ਅਤੇ ਭਾਰਤੀ ਹੋਣ ਦੇ ਮਾਣ ਬਾਰੇ ਗੱਲਾਂ ਕਰਦੇ ਹੋਏ ਸੁਣਦੇ ਹਾਂ ਤਾਂ ਉਨ੍ਹਾਂ ਦੇ ਖਿਆਲਾਂ ’ਚ ਸਾਨੂੰ ਮਹਾਨ ਆਜ਼ਾਦੀ ਘੁਲਾਟੀਆਂ (ਸੁਤੰਤਰਤਾ ਸੈਨਾਨੀਆਂ) ਦੀਆਂ ਭਾਵਨਾਵਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਅਸੀਂ ਉਸ ਪਰੰਪਰਾ ਦਾ ਹਿੱਸਾ ਹਾਂ ਜਿਹੜੀ ਆਜ਼ਾਦੀ ਘੁਲਾਟੀਆਂ (ਸੁਤੰਤਰਤਾ ਸੈਨਾਨੀਆਂ) ਦੇ ਸੁਪਨਿਆਂ ਅਤੇ ਉਨ੍ਹਾਂ ਆਉਣ ਵਾਲੀਂ ਪੀੜ੍ਹੀਆਂ ਦੀਆਂ ਇੱਛਾਵਾਂ ਨੂੰ ਇੱਕ ਕੜੀ ’ਚ ਪਿਰੋਂਦੀ ਹੈ, ਜੋ ਆਉਣ ਵਾਲੇ ਸਾਲਾਂ ’ਚ ਸਾਡੇ ਰਾਸ਼ਟਰ ਨੂੰ ਆਪਣਾ ਪੂਰਾ ਸਨਮਾਨ ਦੁਬਾਰਾ ਮਿਲਦੇ ਹੋਏ ਦੇਖੇਗੀ।

ਇਤਿਹਾਸ ਦੀ ਇਸ ਲੜੀ ਦੀ ਇੱਕ ਕੜੀ ਹੋਣ ਦਾ ਅਹਿਸਾਸ ਸਾਡੇ ਅੰਦਰ ਨਿਮਰਤਾ ਦਾ ਸੰਚਾਰ ਕਰਦਾ ਹੈ। ਇਹ ਅਹਿਸਾਸ ਸਾਨੂੰ ਉਨ੍ਹਾਂ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਸਾਡਾ ਦੇਸ਼, ਵਿਦੇਸ਼ੀ ਸ਼ਾਸਨ ਦੇ ਅਧੀਨ ਸੀ। ਰਾਸ਼ਟਰ ਭਗਤੀ ਅਤੇ ਵੀਰਤਾ ਨਾਲ ਭਰੇ ਦੇਸ਼ ਪ੍ਰੇਮੀਆਂ ਨੇ ਅਨੇਕਾਂ ਖ਼ਤਰੇ ਸਹੇੜੇ ਅਤੇ ਵੱਡੇ ਤੋਂ ਵੱਡੇ ਬਲੀਦਾਨ ਦਿੱਤੇ। ਅਸੀਂ ਉਨ੍ਹਾਂ ਦੀ ਪਵਿੱਤਰ ਯਾਦ ਨੂੰ ਨਮਨ ਕਰਦੇ ਹਾਂ। ਉਨ੍ਹਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਦੇ ਬਲਬੂਤੇ ਭਾਰਤ ਦੀ ਆਤਮਾ ਸਦੀਆਂ ਦੀ ਨੀਂਦ ਤੋਂ ਜਾਗ ਉੱਠੀ। ਅੰਦਰੂਨੀ ਪ੍ਰਵਾਹ ਦੇ ਰੂਪ ’ਚ ਹਮੇਸ਼ਾ ਰਚੀਆਂ ਸਾਡੀਆਂ ਵੱਖ-ਵੱਖ ਪਰੰਪਰਾਵਾਂ ਅਤੇ ਮੁੱਲਾਂ ਨੂੰ, ਪੀੜ੍ਹੀ-ਦਰ-ਪੀੜ੍ਹੀ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ (ਸੁਤੰਤਰਤਾ ਸੈਨਾਨੀਆਂ) ਨੇ ਨਵੇਂ ਸਮੀਕਰਨ ਪ੍ਰਦਾਨ ਕੀਤੇ। ਰਾਹ ਦਸੇਰੇ (ਤਾਰੇ) ਨਛੱਤਰ ਵਾਂਗ, ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਆਜ਼ਾਦੀ ਸੰਗ੍ਰਾਮ ਦੀਆਂ ਵੱਖ-ਵੱਖ ਪਰੰਪਰਾਵਾਂ ਅਤੇ ਉਨ੍ਹਾਂ ਦੀਆਂ ਵੱਖਰੀਆਂ ਸਮੀਕਰਨਾਂ ਨੂੰ ਇਕਜੁੱਟ ਕੀਤਾ।

ਨਾਲ ਹੀ, ਸਰਦਾਰ ਪਟੇਲ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਬਾਬਾਸਾਹਬ ਅੰਬੇਡਕਰ, ਭਗਤ ਸਿੰਘ ਅਤੇ ਚੰਦਰ ਸ਼ੇਖਰ ਆਜ਼ਾਦ ਜਿਹੇ ਅਨੇਕਾਂ ਮਹਾਨ ਲੋਕ ਨਾਇਕ ਵੀ ਕਿਰਿਆਸ਼ੀਲ ਸਨ। ਇਹ ਇੱਕ ਰਾਸ਼ਟਰਵਿਆਪੀ ਅੰਦੋਲਨ ਸੀ, ਜਿਸ ਹਦੇ ’ਚ ਸਾਰੇ ਵਰਗਾਂ ਦੇ ਲੋਕਾਂ ਨੇ ਯੋਗਦਾਨ ਦਿੱਤਾ। ਆਦਿਵਾਸੀਆਂ ’ਚ ਤਿਲਕਾ ਮਾਂਝੀ, ਬਿਰਸਾ ਮੁੰਡਾ, ਲਕਸ਼ਮਣ ਨਾਇਕ ਅਤੇ ਫੂਲੋ ਝਾਨੋ ਜਿਹੇ ਅਨੇਕਾਂ ਹੋਰ ਲੋਕ ਸਨ, ਜਿਨ੍ਹਾਂ ਦੇ ਬਲੀਦਾਨ ਦੀ ਹੁਣ ਪ੍ਰਸ਼ੰਸਾ ਹੋ ਰਹੀ ਹੈ। ਅਸੀਂ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ਜਨਜਾਤੀ ਸਨਮਾਨ ਦਿਹਾੜੇ (ਜਨਜਾਤੀਯ ਗੌਰਵ ਦਿਵਸ-Janjatiya Gaurav Divas) ਦੇ ਰੂਪ ’ਚ ਮਨਾਉਣਾ ਸ਼ੁਰੂ ਕੀਤਾ ਹੈ। ਅਗਲੇ ਸਾਲ ਉਨ੍ਹਾਂ ਦੀ 150ਵੀਂ ਜਯੰਤੀ ਦਾ ਪੁਰਬ ਰਾਸ਼ਟਰੀ ਪੁਨਰਜਾਗਰਣ ’ਚ ਉਨ੍ਹਾਂ ਦੇ ਯੋਗਦਾਨ ਨੂੰ ਹੋਰ ਜ਼ਿਆਦਾ ਗਹਿਰਾਈ ਨਾਲ ਸਨਮਾਨ ਦੇਣ ਦਾ ਮੌਕਾ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, 

ਅੱਜ, 14 ਅਗਸਤ ਨੂੰ, ਸਾਂਝਾ ਦੇਸ਼ ਵੰਡ ਦੇ ਦਰਦਨਾਕ ਦਿਨ (ਵਿਭਾਜਨ ਵਿਭੀਸ਼ਿਕਾ ਸਿਮ੍ਰਿਤੀ ਦਿਵਸ - Vibhajan Vibhishika Smriti Diwas) ਨੂੰ ਯਾਦ ਕਰ ਰਿਹਾ ਹੈ। ਇਹ ਵੰਡ ਦੀ ਦਹਿਸ਼ਤ ਨੂੰ ਯਾਦ ਕਰਨ ਦਾ ਦਿਨ ਹੈ। ਜਦੋਂ ਸਾਡੇ ਮਹਾਨ ਰਾਸ਼ਟਰ ਦੀ ਵੰਡ ਹੋਈ, ਉਸ ਵੇਲੇ ਲੱਖਾਂ ਲੋਕਾਂ ਨੂੰ ਮਜਬੂਰਨ ਦੇਸ਼ ਛੱਡਣਾ ਪਿਆ। ਲੱਖਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਆਜ਼ਾਦੀ ਦਿਹਾੜਾ (ਸੁਤੰਤਰਤਾ ਦਿਵਸ) ਮਨਾਉਣ ਤੋਂ ਇੱਕ ਦਿਨ ਪਹਿਲਾਂ, ਅਸੀਂ ਉਸ ਬੇਮਿਸਾਲ ਮਨੁੱਖੀ ਤਰਾਸਦੀ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਪਰਿਵਾਰਾਂ ਦੇ ਨਾਲ ਇਕਜੁੱਟ ਹੋ ਕੇ ਖੜ੍ਹੇ ਹੁੰਦੇ ਹਾਂ ਜੋ ਵੱਖ-ਵੱਖ ਕਰ ਦਿੱਤੇ ਗਏ ਸਨ।

ਅਸੀਂ ਆਪਣੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਸਾਡੇ ਨਵੇਂ ਆਜ਼ਾਦ ਰਾਸ਼ਟਰ ਦੀ ਯਾਤਰਾ ’ਚ ਗੰਭੀਰ ਚੁਣੌਤੀਆਂ ਆਈਆਂ। ਨਿਆਂ, ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੇ ਸੰਵਿਧਾਨਕ ਆਦਰਸ਼ਾਂ ਤੇ ਦ੍ਰਿੜ੍ਹ ਰਹਿੰਦੇ ਹੋਏ, ਅਸੀਂ ਇਸ ਅਭਿਯਾਨ ਨਾਲ ਅੱਗੇ ਵਧ ਰਹੇ ਹਾਂ ਕਿ ਭਾਰਤ, ਵਿਸ਼ਵ ਪੱਧਰ ਤੇ ਆਪਣਾ ਮਾਣਮੱਤਾ ਸਥਾਨ ਦੁਬਾਰਾ ਹਾਸਲ ਕਰੇ।

ਇਸ ਸਾਲ, ਸਾਡੇ ਦੇਸ਼ ’ਚ ਆਮ ਚੋਣਾਂ ਹੋਈਆਂ। ਕੁੱਲ ਵੋਟਰਾਂ ਦੀ ਗਿਣਤੀ ਲਗਭਗ 97 ਕਰੋੜ ਸੀ, ਜੋ ਇੱਕ ਇਤਿਹਾਸਿਕ ਉਪਲਬਧੀ ਹੈ। ਮਨੁੱਖੀ ਸਮਾਜ, ਇਤਿਹਾਸ ਦੀ ਸਭ ਤੋਂ ਵੱਡੀ ਚੋਣ ਪ੍ਰਕ੍ਰਿਆ ਦਾ ਗਵਾਹ ਬਣਿਆ। ਇਸ ਤਰ੍ਹਾਂ ਦੇ ਵਿਸ਼ਾਲ ਆਯੋਜਨ ਦੇ ਸੁਚਾਰੂ ਅਤੇ ਨਿਰਵਿਘਨ ਸੰਚਾਲਨ ਦੇ ਲਈ ਭਾਰਤ ਦਾ ਚੋਣ ਆਯੋਗ ਵਧਾਈ ਦਾ ਪਾਤਰ ਹੈ। ਮੈਂ ਉਨ੍ਹਾਂ ਸਾਰੇ ਕਰਮਚਾਰੀਆਂ ਅਤੇ ਸੁਰੱਖਿਆ ਕਰਮੀਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਭਿਆਨਕ ਗਰਮੀ ਦਾ ਸਾਹਮਣਾ ਕਰਦੇ ਹੋਏ, ਵੋਟਰਾਂ ਦੀ ਮਦਦ ਕੀਤੀ। ਇੰਨੀ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਚੋਣ ਅਧਿਕਾਰ ਦੀ ਵਰਤੋਂ ਕਰਨਾ ਅਸਲ ’ਚ ਲੋਕਤੰਤਰ ਦੀ ਵਿਚਾਰਧਾਰਾ ਦਾ ਭਰਪੂਰ ਸਮਰਥਨ ਹੈ। ਭਾਰਤ ਦੁਆਰਾ ਸਫ਼ਲਤਾਪੂਰਵਕ ਚੋਣਾਂ ਕਰਵਾਉਣ ਨਾਲ ਪੂਰੇ ਸੰਸਾਰ ਦੀਆਂ ਲੋਕਤਾਂਤਰਿਕ ਸ਼ਕਤੀਆਂ ਨੂੰ ਤਾਕਤ ਮਿਲਦੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਸਾਲ 2021 ਤੋਂ ਸਾਲ 2024 ਦੇ ਦਰਮਿਆਨ 8 ਪ੍ਰਤੀਸ਼ਤ ਦੀ ਔਸਤ ਸਲਾਨਾ ਵਾਧੇ ਦੀ ਦਰ ਹਾਸਲ ਕਰਕੇ, ਭਾਰਤ ਸਭ ਤੋਂ ਤੇਜ਼ ਗਤੀ ਨਾਲ ਵਧਣ ਵਾਲੀਆਂ ਵੱਡੀਆਂ ਅਰਥਵਿਵਸਥਾਵਾਂ ’ਚ ਸ਼ਾਮਲ ਹੈ। ਇਸ ਦੇ ਨਾਲ ਨਾ ਸਿਰਫ਼ ਦੇਸ਼ਵਾਸੀਆਂ ਦੇ ਹੱਥਾਂ ’ਚ ਜ਼ਿਆਦਾ ਪੈਸਾ ਆਇਆ ਹੈ, ਬਲਕਿ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ’ਚ ਵੀ ਭਾਰੀ ਕਮੀ ਆਈ ਹੈ, ਜਿਹੜੇ ਲੋਕ ਜੋ ਵੀ ਗ਼ਰੀਬੀ ਨਾਲ ਪੀੜਿਤ ਹਨ, ਉਨ੍ਹਾਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਲਈ ਵੀ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਦਾਹਰਣ ਲਈ, ਕੋਵਿਡ-19 ਦੇ ਸ਼ੁਰੂਆਤੀ ਦੌਰ ’ਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਲਗਭਗ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਣ ਦਿੱਤਾ ਜਾ ਰਿਹਾ ਹੈ, ਜੋ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਜਿਹੜੇ ਲੋਕ ਹਾਲ ਹੀ ’ਚ ਗ਼ਰੀਬੀ ਤੋਂ ਬਾਹਰ ਆਏ ਹਨ, ਉਨ੍ਹਾਂ ਨੂੰ ਦੁਬਾਰਾ ਗ਼ਰੀਬੀ ’ਚ ਜਾਣ ਤੋਂ ਰੋਕਿਆ ਜਾ ਸਕੇ।

ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਵਸਥਾ ਬਣ ਗਿਆ ਹੈ, ਅਤੇ ਅਸੀਂ ਜਲਦੀ ਹੀ ਦੁਨੀਆ ਦੀਆਂ ਤਿੰਨ ਚੋਟੀ ਦੀਆਂ ਅਰਥਵਿਵਸਥਾਵਾਂ ’ਚ ਸਥਾਨ ਹਾਸਲ ਕਰਨ ਲਈ ਤਿਆਰ ਹਾਂ। ਇਹ ਸਫ਼ਲਤਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਅਣਥੱਕ ਮਿਹਨਤ, ਨੀਤੀ ਨਿਰਮਾਤਾਵਾਂ ਅਤੇ ਉਦਯੋਗਪਤੀਆਂ ਦੀ ਦੂਰ-ਅੰਦੇਸ਼ੀ ਸੋਚ ਅਤੇ ਦੇਸ਼ ਦੀ ਦੂਰਦਰਸ਼ੀ ਅਗਵਾਈ ਦੇ ਬਲਬੂਤੇ ਨਾਲ ਹੀ ਸੰਭਵ ਹੋ ਸਕੀ ਹੈ।

ਸਾਡੇ ਅੰਨਦਾਤਾ ਕਿਸਾਨਾਂ ਨੇ ਉਮੀਦਾਂ ਤੋਂ ਬਿਹਤਰ ਖੇਤੀਬਾੜੀ ਉਤਪਾਦਨ ਯਕੀਨੀ ਬਣਾਇਆ ਹੈ। ਅਜਿਹਾ ਕਰਕੇ, ਉਨ੍ਹਾਂ ਨੇ ਭਾਰਤ ਨੂੰ ਖੇਤੀ ਖੇਤਰ ’ਚ ਆਤਮਨਿਰਭਰ ਬਣਾਉਣ ਅਤੇ ਸਾਡੇ ਦੇਸ਼ਵਾਸੀਆਂ ਨੂੰ ਭੋਜਨ ਉਪਲਬਧ ਕਰਵਾਉਣ ’ਚ ਵੱਡਮੁੱਲਾ ਯੋਗਦਾਨ ਦਿੱਤਾ ਹੈ। ਹਾਲ ਹੀ ਦੇ ਸਾਲਾਂ ’ਚ ਬੁਨਿਆਦੀ ਢਾਂਚੇ ਨੂੰ ਕਾਫੀ ਵਧਾਵਾ ਮਿਲਿਆ ਹੈ। ਸੁਚਾਰੂ ਯੋਜਨਾਵਾਂ ਅਤੇ ਪ੍ਰਭਾਵੀ ਤਾਲਮੇਲ ਨੇ ਸੜਕਾਂ ਅਤੇ ਰਾਜਮਾਰਗਾਂ, ਰੇਲਵੇ ਅਤੇ ਬੰਦਰਗਾਹਾਂ ਦਾ ਜਾਲ ਵਿਛਾਉਣ ’ਚ ਮਦਦ ਕੀਤੀ ਹੈ। ਸੰਭਾਵੀ ਉਦਯੋਗੀਕਰਨ ਦੀ ਬੇਮਿਸਾਲ ਸਮਰੱਥਾ ਨੂੰ ਧਿਆਨ ’ਚ ਰਖਦਿਆਂ ਹੋਇਆਂ, ਸਰਕਾਰ ਨੇ ਸੈਮੀ-ਕੰਡਕਟਰ ਅਤੇ ਆਰਟੀਫਿਸ਼ਲ  ਇੰਟੈਲੀਜੈਂਸ ਜਿਹੇ ਕਈ ਖੇਤਰਾਂ ਨੂੰ ਵਧਾਵਾ ਦੇਣ ‘ਤੇ ਵਿਸ਼ੇਸ਼ ਜ਼ੋਰ ਦਿਤਾ ਹੈ। ਨਾਲ ਹੀ ਸਟਾਰਟਅਪਸ ਦੇ ਲਈ ਇੱਕ ਆਦਰਸ਼ ਈਕੋਸਿਸਟਮ ਵੀ ਬਣਾਇਆ ਹੈ, ਜਿਸ ਦੇ ਨਾਲ ਉਨ੍ਹਾਂ ਦੇ ਵਿਕਾਸ ਨੂੰ ਰਫ਼ਤਾਰ ਮਿਲੇਗੀ। ਇਸ ਨਾਲ, ਨਿਵੇਸ਼ਕਾਂ ਵਿੱਚ ਭਾਰਤ ਪ੍ਰਤੀ ਖਿੱਚ ਹੋਰ ਜ਼ਿਆਦਾ ਵਧ ਗਈ ਹੈ। ਵਧਦੀ ਹੋਈ ਪਾਰਦਰਸ਼ਤਾ ਨਾਲ,  ਬੈਂਕਿੰਗ ਅਤੇ ਵਿੱਤੀ ਖੇਤਰਾਂ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਸਾਰੀਆਂ ਤਬਦੀਲੀਆਂ ਨੇ ਅਗਲੇ ਦੌਰ ਦੇ ਆਰਥਿਕ ਸੁਧਾਰਾਂ ਅਤੇ ਆਰਥਿਕ ਵਿਕਾਸ ਦੇ ਲਈ ਮੰਚ ਤਿਆਰ ਕਰ ਦਿਤਾ ਹੈ। ਜਿੱਥੋਂ ਭਾਰਤ ਵਿਕਸਿਤ ਦੇਸ਼ਾਂ ਦੀ ਕਤਾਰ ’ਚ ਸ਼ਾਮਲ ਹੋ ਜਾਵੇਗਾ।

ਤੇਜ਼ ਗਤੀ ਨਾਲ ਹੋ ਰਹੀ ਨਿਆਂਪੂਰਕ ਤਰੱਕੀ ਦੇ ਜ਼ੋਰ ਨਾਲ ਵਿਸ਼ਵ ਦ੍ਰਿਸ਼ਟੀਕੋਣ ’ਚ ਭਾਰਤ ਦਾ ਕੱਦ ਉੱਚਾ ਹੋਇਆ ਹੈ। ਜੀ-20 ਦੀ ਆਪਣੀ ਅਗਵਾਈ ਦੀ ਸਫ਼ਲਤਾਪੂਰਵਕ ਸਮਾਪਤੀ ਹੋਣ ਤੋਂ ਬਾਅਦ, ਭਾਰਤ ਨੇ ਗਲੋਬਲ ਸਾਊਥ ਨੂੰ ਮੋਹਰੀ ਸਮੀਕਰਨ ਦੇਣ ਵਾਲੇ ਦੇਸ਼ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਮਜ਼ਬੂਤ ਬਣਾਇਆ ਹੈ। ਭਾਰਤ ਆਪਣੀ ਪ੍ਰਭਾਵਸ਼ਾਲੀ ਸਥਿਤੀ ਦਾ ਉਪਯੋਗ ਵਿਸ਼ਵ ਸ਼ਾਂਤੀ ਅਤੇ ਵਿਕਾਸ ਦੇ ਵਿਸਤਾਰ ਹਿਤ ਕਰਨਾ ਚਾਹੁੰਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਸਾਨੂੰ ਸੰਵਿਧਾਨ ਨਿਰਮਾਤਾ ਡਾਕਟਰ ਬੀ. ਆਰ. ਅੰਬੇਡਕਰ ਦੇ ਸ਼ਬਦਾਂ ਨੂੰ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਠੀਕ ਹੀ ਕਿਹਾ ਸੀ, ਤੇ ਮੈਂ ਉਨ੍ਹਾਂ ਨੂੰ ਦੁਹਰਾਉਂਦੀ ਹਾਂ, ਸਾਨੂੰ ਆਪਣੇ ਰਾਜਨੀਤਕ ਲੋਕਤੰਤਰ ਨੂੰ ਸਮਾਜਿਕ ਲੋਕਤੰਤਰ ਵੀ ਬਣਾਉਣਾ ਚਾਹੀਦਾ ਹੈ। ਰਾਜਨੀਤਕ ਲੋਕਤੰਤਰ ਉਦੋਂ ਤੱਕ ਨਹੀਂ ਟਿਕ ਸਕਦਾ ਜਦ ਤੱਕ ਕਿ ਉਸ ਦੇ ਅਧਾਰ ’ਚ ਸਮਾਜਿਕ ਲੋਕਤੰਤਰ ਨਾ ਹੋਵੇ।

ਰਾਜਨੀਤਕ ਲੋਕਤੰਤਰ ਦੀ ਨਿਰੰਤਰ ਤਰੱਕੀ ਨਾਲ ਸਮਾਜਿਕ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਕੀਤੇ ਗਏ ਵਿਕਾਸ ਦੀ ਪੁਸ਼ਟੀ ਹੁੰਦੀ ਹੈ। ਸੰਮਲਿਤ (ਸਮਾਵੇਸ਼ੀ) ਭਾਵਨਾ, ਸਾਡੇ ਸਮਾਜਿਕ ਜੀਵਨ ਦੇ ਹਰ ਪਹਿਲੂ ’ਚ ਦਿਖਾਈ ਦਿੰਦੀ ਹੈ। ਆਪਣੀਆਂ ਵਿਭਿੰਨਤਾਵਾਂ ਅਤੇ ਵਖਰੇਵਿਆਂ ਨਾਲ, ਅਸੀਂ ਇੱਕ ਰਾਸ਼ਟਰ ਦੇ ਰੂਪ ’ਚ, ਇਕਜੁੱਟ ਹੋ ਕੇ, ਇਕੱਠੇ, ਅੱਗੇ ਵੱਧ ਰਹੇ ਹਾਂ।

ਸੰਮਲਿਤ ਸਾਧਨਾਂ ਦੇ ਰੂਪ ’ਚ, ਅਫਰਮੇਟਿਵ ਐਕਸ਼ਨ (affirmative action) ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਮੈਂ ਦ੍ਰਿੜ੍ਹਤਾ ਨਾਲ ਇਹ ਮੰਨਦੀ ਹਾਂ ਕਿ ਭਾਰਤ ਜਿਹੇ ਵਿਸ਼ਾਲ ਦੇਸ਼ ’ਚ, ਕਥਿਤ ਸਮਾਜਿਕ ਪੱਧਰਾਂ ਦੇ ਅਧਾਰ ‘ਤੇ ਕਲੇਸ਼ ਨੂੰ ਵਧਾਵਾ ਦੇਣ ਵਾਲੀ ਪ੍ਰਵਿਰਤੀਆਂ ਨੂੰ ਖਾਰਿਜ਼ ਕਰਨਾ ਹੋਵੇਗਾ।

ਸਮਾਜਿਕ ਨਿਆਂ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ। ਸਰਕਾਰ ਨੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਸਮਾਜ ਦੇ ਹੋਰ ਹਾਸ਼ੀਏ ਦੇ ਵਰਗਾਂ ਦੇ ਕਲਿਆਣ ਲਈ ਅਨੇਕਾਂ ਬੇਮਿਸਾਲ ਕਦਮ ਚੁੱਕੇ ਹਨ। ਉਦਾਹਰਣ ਲਈ, ਪ੍ਰਧਾਨ ਮੰਤਰੀ ਸਮਾਜਿਕ ਉਥਾਨ (Pradhan Mantri Samajik Utthan) ਅਤੇ ਰੋਜ਼ਗਾਰ ਅਧਾਰਿਤ ਜਨਕਲਿਆਣ (Rozgar Adharit Jankalyan), ਯਾਨੀ ਪੀਐੱਮ-ਸੂਰਜ (PM-SURAJ) ਦਾ ਉਦੇਸ਼-ਹਾਸ਼ੀਏ ਦੇ ਲੋਕਾਂ ਨੂੰ ਸਿੱਧੇ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਯਾਯ ਮਹਾ ਅਭਿਯਾਨ (Pradhan Mantri Janjati Adivasi Nyaya Maha Abhiyan) ਯਾਨੀ  ਪੀਐੱਮ-ਜਨਮਨ (PM-JANMAN) ਨੇ ਇੱਕ ਜਨ ਅਭਿਯਾਨ ਦਾ ਰੂਪ ਲੈ ਲਿਆ ਹੈ। ਇਸ ਦੇ ਤਹਿਤ ਵਿਸ਼ੇਸ਼ ਰੂਪ ਨਾਲ ਕਮਜ਼ੋਰ ਜਨਜਾਤੀ ਸਮੂਹਾਂ, ਯਾਨੀ ਪੀਵੀਟੀਜੀ ਦੀ ਸਮਾਜਿਕ ਆਰਥਿਕ ਸਥਿਤੀਆਂ ’ਚ ਸੁਧਾਰ ਵਾਸਤੇ ਫੈਸਲਾਕੁੰਨ ਕਦਮ ਚੁੱਕੇ ਜਾ ਰਹੇ ਹਨ। ਨੈਸ਼ਨਲ ਐਕਸ਼ਨ ਫੌਰ ਮੈਕੇਨਾਈਜ਼ਡ ਸੈਨੀਟੇਸ਼ਨ ਈਕੋਸਿਸਟਮ ਯਾਨੀ ਨਮਸਤੇ ਯੋਜਨਾ ਦੇ ਤਹਿਤ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਿਸੇ ਵੀ ਸਫਾਈ ਕਰਮਚਾਰੀ ਨੂੰ ਸੀਵਰ ਅਤੇ ਸੈਪਟਿਕ ਟੈਂਕ ਦੀ ਸਫਾਈ ਦੇ ਜੋਖਮ ਭਰੇ ਕੰਮ ਨੂੰ ਹੱਥਾਂ ਨਾਲ ਨਹੀਂ ਕਰਨਾ ਪਵੇਗਾ।

‘ਨਿਆਂ’ ਸ਼ਬਦ ਦੇ ਸਭ ਤੋਂ ਵਿਆਪਕ ਅਰਥਾਂ ’ਚ ਅਨੇਕਾਂ ਸਮਾਜਿਕ ਮਾਪ ਸਮਾਏ ਹਨ। ਉਨ੍ਹਾਂ ’ਚ ਦੋ ਮਾਪਾਂ ਤੇ ਮੈਂ ਵਿਸ਼ੇਸ਼ ਰੂਪ ਨਾਲ ਜ਼ੋਰ ਦੇਣਾ ਚਾਹਾਂਗੀ। ਉਹ ਮਾਪ ਹਨ-ਔਰਤ-ਮਰਦ ਦੇ ਵਿੱਚ ਨਿਆਂਪੂਰਕ ਸਮਾਨਤਾ ਅਤੇ ਕਲਾਇਮੇਟ ਜਸਟਿਸ।

ਸਾਡੇ ਸਮਾਜ ਵਿੱਚ ਔਰਤਾਂ ਨੂੰ ਸਿਰਫ਼ ਸਮਾਨਤਾ ਦਾ ਹੀ ਨਹੀਂ ਬਲਿਕ ਸਮਾਨਤਾ ਤੋਂ ਵੀ ਉੱਪਰ ਦਾ ਦਰਜਾ ਦਿੱਤਾ ਜਾਂਦਾ ਹੈ। ਹਾਲਾਂਕਿ, ਉਨ੍ਹਾਂ ਨੂੰ ਪਰੰਪਰਾਗਤ ਪੱਖਪਾਤਾਂ ਦਾ ਦੁਖ ਵੀ ਝੱਲਣਾ ਪੈਂਦਾ ਹੈ। ਪਰ, ਮੈਨੂੰ ਇਹ ਜਾਣਕੇ ਖੁਸ਼ੀ ਹੁੰਦੀ ਹੈ ਕਿ ਸਰਕਾਰ ਨੇ ਮਹਿਲਾ ਕਲਿਆਣ ਅਤੇ ਮਿਹਲਾ ਸਸ਼ਕਤੀਕਰਣ ਨੂੰ ਬਰਾਬਰ ਮਹੱਤਵ ਦਿੱਤਾ ਹੈ। ਪਿਛਲੇ ਦਹਾਕੇ ’ਚ ਇਸ ਉਦੇਸ਼ ਲਈ ਬਜਟ ਵਿੱਚ ਵੀ ਤਿੰਨ ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਮਿਹਨਤ ਮਜ਼ਦੂਰੀ ਵਿੱਚ ਵੀ ਉਨ੍ਹਾਂ ਦੀ ਹਿੱਸੇਦਾਰੀ ਵਧੀ ਹੈ। ਇਸ ਵਿਸ਼ੇ ’ਚ  ਜਨਮ ਵੇਲੇ ਕੁੜੀਆਂ ਦੇ ਅਨੁਪਾਤ ਵਿੱਚ ਹੋਏ ਜ਼ਿਕਰਯੋਗ ਸੁਧਾਰ ਨੂੰ ਸਭ ਤੋਂ ਉਤਸ਼ਾਹਜਨਕ ਵਿਕਾਸ ਕਿਹਾ ਜਾ ਸਕਦਾ ਹੈ। ਔਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੁਆਰਾ ਅਨੇਕਾਂ ਵਿਸ਼ੇਸ਼ ਯੋਜਨਾਵਾਂ ਵੀ ਲਾਗੂ ਕੀਤੀਆਂ ਗਈਆਂ ਹਨ। ਨਾਰੀ ਸ਼ਕਤੀ ਵੰਦਨ ਅਧਿਨਿਯਮ ਦਾ ਉਦੇਸ਼ ਔਰਤਾਂ ਦਾ ਅਸਲ ’ਚ ਸਸ਼ਕਤੀਕਰਣ ਯਕੀਨੀ ਕਰਨਾ ਹੈ। 

ਜਲਵਾਯੂ ਪਰਿਵਰਤਨ ਇੱਕ ਯਥਾਰਥ ਦਾ ਰੂਪ ਲੈ ਚੁਕਿਆ ਹੈ। ਵਿਕਾਸਸ਼ੀਲ ਦੇਸ਼ਾਂ ਲਈ ਆਪਣੇ ਆਰਥਿਕ ਪ੍ਰਤੀਮਾਨਾਂ ਨੂੰ ਬਦਲਣਾ ਹੋਰ ਵੀ ਜ਼ਿਆਦਾ ਚੁਣੌਤੀਪੂਰਣ ਹੈ। ਫਿਰ ਵੀ, ਅਸੀਂ ਉਸ ਦਿਸ਼ਾ ’ਚ ਉਮੀਦ ਨਾਲੋਂ ਜ਼ਿਆਦਾ ਤਰੱਕੀ ਕੀਤੀ ਹੈ। ਗਲੋਬਲ ਵਾਰਮਿੰਗ ਦੇ ਸਭ ਤੋਂ ਮਾੜੇ ਪ੍ਰਭਾਵਾਂ ਤੋਂ ਧਰਤੀ ਨੂੰ ਬਚਾਉਣ ਲਈ ਮਨੁੱਖੀ ਸਮਾਜ ਦੁਆਰਾ ਕੀਤੇ ਜਾ ਰਹੇ ਸੰਘਰਸ਼ ਵਿੱਚ ਮੂਹਰੀ ਭੂਮਿਕਾ ਨਿਭਾਉਣ ’ਤੇ ਭਾਰਤ ਨੂੰ ਮਾਣ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਛੋਟੇ-ਛੋਟੇ ਪਰ ਪ੍ਰਭਾਵੀ ਬਦਲਾਅ ਕਰੋ ਅਤੇ ਜਲਵਾਯੂ ਪਰਿਵਰਤਰਨ ਦੀ ਚੁਣੌਤੀ ਦਾ ਸਾਹਮਣਾ ਕਰਨ ’ਚ ਆਪਣਾ ਮਹਤਵਪੂਰਨ ਯੋਗਦਾਨ ਦਿਓ। 

ਨਿਆਂ ਦੇ ਵਿਸ਼ੇ ’ਚ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਇਸ ਸਾਲ ਜੁਲਾਈ ਤੋਂ ਭਾਰਤੀ ਨਿਆ ਸੰਹਿਤਾ ਨੂੰ ਲਾਗੂ ਕਰਨ ’ਚ, ਅਸੀਂ ਉਪਨਿਵੇਸ਼ਕ ਯੁਗ ਦੇ ਇੱਕ ਹੋਰ ਹਿੱਸੇ ਨੂੰ ਹਟਾ ਦਿਤਾ ਹੈ। ਨਵੀਂ ਸੰਹਿਤਾ ਦਾ ਉਦੇਸ਼, ਸਿਰਫ਼ ਸਜ਼ਾ ਦੇਣ ਦੀ ਬਜਾਏ, ਅਪਰਾਧ ਪੀੜਿਤਾਂ ਦੇ ਲਈ ਨਿਆਂ ਯਕੀਨੀ ਬਣਾਉਣਾ ਹੈ। ਮੈਂ ਇਸ ਬਦਲਾਅ ਨੂੰ ਆਜ਼ਾਦੀ ਘੁਲਾਟੀਆਂ (ਸੁਤੰਤਰਤਾ ਸੈਨਾਨੀਆਂ) ਦੇ ਪ੍ਰਤੀ ਸ਼ਰਧਾਂਜ਼ਲੀ ਦੇ ਰੂਪ ’ਚ ਦੇਖਦੀ ਹਾਂ। 

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਦੇ ਨੌਜਵਾਨ (ਯੁਵਾ) ਸਾਡੀ ਆਜ਼ਾਦੀ (ਸੁਤੰਤਰਤਾ) ਦੀ ਸ਼ਤਾਬਦੀ ਤੱਕ ਦੇ ‘ਅੰਮ੍ਰਿਤ ਕਾਲ’ ਨੂੰ ਯਾਨੀ ਅੱਜ ਤੋ ਲਗਭਗ ਇੱਕ ਚੌਥਾਈ ਸਦੀ ਦੇ ਕਾਲਖੰਡ ਨੂੰ ਰੂਪ ਪ੍ਰਦਾਨ ਕਰਨਗੇ। ਉਨ੍ਹਾਂ ਦੀ ਊਰਜਾ ਅਤੇ ਉਤਸ਼ਾਹ ਦੇ ਬਲਬੂਤੇ ਹੀ ਸਾਡਾ ਦੇਸ਼ ਨਵੀਆਂ ਉਚਾਈਆਂ ਤੱਕ ਪਹੁੰਚੇਗਾ। ਨੌਜਵਾਨਾਂ ਦੇ ਦਿਲ ਦਿਮਾਗ ਨੂੰ ਵਿਕਸਿਤ ਕਰਨਾ, ਪਰੰਪਰਾ ਅਤੇ ਸਮਕਾਲੀ ਗਿਆਨ ਦੇ ਸਰਵਉੱਚ ਮਾਪਾਂ ਨੂੰ ਗ੍ਰਹਿਣ ਕਰਨ ਵਾਲੀ ਨਵੀਂ ਮਾਨਸਿਕਤਾ ਦਾ ਨਿਰਮਾਣ ਕਰਨਾ ਸਾਡੀ ਪਹਿਲ ਹੈ। ਇਸ ਵਿਸ਼ੇ ’ਚ ਸਾਲ 2020 ਤੋਂ ਲਾਗੂ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ ਦੇ ਨਤੀਜੇ ਸਾਹਮਣੇ ਆ ਰਹੇ ਹਨ। 

ਨੌਜਵਾਨਾਂ ਦੀ ਯੋਗਤਾ ਦਾ ਸੰਪੂਰਨ ਉਪਯੋਗ ਕਰਨ ਲਈ ਸਰਕਾਰ ਨੇ ਕੌਸ਼ਲ ਰੋਜ਼ਗਾਰ ਅਤੇ ਹੋਰ ਮੌਕਿਆਂ ਨੂੰ ਅਸਾਨ ਬਣਾਉਣ ਲਈ ਪਹਿਲ ਕੀਤੀ ਹੈ। ਰੋਜ਼ਗਾਰ ਅਤੇ ਕੌਸ਼ਲ ਦੇ ਲਈ ਪ੍ਰਧਾਨ ਮੰਤਰੀ ਦੀਆਂ ਪੰਜ ਯੋਜਨਾਵਾਂ ਦੇ ਮਾਧਿਅਮ ਨਾਲ ਪੰਜ ਸਾਲਾਂ ਵਿੱਚ ਚਾਰ ਕਰੋੜ ਦਸ ਲੱਖ ਨੌਜਵਾਨਾਂ ਨੂੰ ਫਾਇਦਾ ਮਿਲੇਗਾ। ਸਰਕਾਰ ਦੀ ਇੱਕ ਨਵੀਂ ਪਹਿਲ ਨਾਲ ਪੰਜ ਸਾਲਾਂ ਵਿੱਚ ਇੱਕ ਕਰੋੜ ਨੌਜਵਾਨ ਪ੍ਰਮੁਖ ਕੰਪਨੀਆਂ ਵਿੱਚ ਇੰਨਟਰਨਸ਼ਿਪ ਕਰਨਗੇ। ਇਹ ਸਾਰੇ ਕਦਮ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਹਤਵਪੂਰਨ ਯੋਗਦਾਨ ਦੇਣਗੇ। 

ਭਾਰਤ ਵਿੱਚ, ਅਸੀਂ ਵਿਗਿਆਨ ਅਤੇ ਤਕਨੀਕ ਨੂੰ ਗਿਆਨ ਦੀ ਖੋਜ ਦੇ ਨਾਲ-ਨਾਲ ਮਾਨਵਤਾਪੂਰਨ ਤਰੱਕੀ ਦੇ ਸਾਧਨ ਦੇ ਰੂਪ ਵਿੱਚ ਦੇਖਦੇ ਹਾਂ। ਉਦਾਹਰਣ ਲਈ ਡਿਜੀਟਲ ਐਪਲੀਕੇਸ਼ਨਸ ਦੇ ਖੇਤਰ ਵਿੱਚ ਸਾਡੀਆਂ ਪ੍ਰਾਪਤੀਆਂ ਦਾ ਉਪਯੋਗ ਹੋਰ ਦੇਸ਼ਾਂ ਵਿੱਚ ਟੈਮਪਲੇਟ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿੱਚ ਭਾਰਤ ਨੇ ਪੁਲਾੜ ਖੋਜ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਤੁਹਾਡੇ ਸਾਰਿਆਂ ਦੇ ਨਾਲ ਮੈਂ ਵੀ ਅਗਲੇ ਸਾਲ ਹੋਣ ਵਾਲੇ ਗਗਨਯਾਨ ਮਿਸ਼ਨ ਦੇ ਸ਼ੁਭ ਸ਼ੁਰੂਆਤ ਦੀ ਬੇਸਬਰੀ ਨਾਲ ਉੜੀਕ ਕਰ ਰਹੀ ਹਾਂ। ਇਸ ਮਿਸ਼ਨ ਦੇ ਤਹਿਤ ਭਾਰਤ ਦੇ ਪਹਿਲੇ ਮਨੁੱਖੀ ਪੁਲਾੜਯਾਨ ’ਚ ਭਾਰਤੀ ਟੀਮ ਨੂੰ ਪੁਲਾੜ ਵਿੱਚ ਲਿਜਾਇਆ ਜਾਵੇਗਾ। 

ਖੇਡ ਜਗਤ ਵੀ ਇੱਕ ਅਜਿਹਾ ਖੇਤਰ ਹੈ ਜਿਹਦੇ ’ਚ ਸਾਡੇ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ। ਸਰਕਾਰ ਨੇ ਖੇਡ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਚਿਤ ਪਹਿਲ ਦਿਤੀ ਹੈ ਅਤੇ ਇਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਖਤਮ ਹੋਈਆਂ ਪੈਰਿਸ ਉਲੰਪਿਕ ਖੇਡਾਂ ਵਿੱਚ ਭਾਰਤੀ ਦਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਂ ਖਿਡਾਰੀਆਂ ਦੇ ਸਮਰਪਣ ਅਤੇ ਮਿਹਨਤ ਦੀ ਪ੍ਰਸ਼ੰਸਾ ਕਰਦੀ ਹਾਂ। ਉਨ੍ਹਾਂ ਨੇ ਨੌਜਵਾਨਾਂ ਵਿੱਚ ਪ੍ਰੇਰਨਾ ਦਾ ਸੰਚਾਰ ਕੀਤਾ ਹੈ। ਕ੍ਰਿਕਟ ਵਿੱਚ ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਿਆ ਜਿਸ ਨਾਲ ਵੱਡੀ ਸੰਖਿਆ ਵਿੱਚ ਕ੍ਰਿਕਟ ਪ੍ਰੇਮੀ ਪ੍ਰਸੰਨ ਹੋਏ। ਸ਼ਤਰੰਜ ਵਿੱਚ ਵਿਲੱਖਣ ਪ੍ਰਤਿਭਾ ਵਾਲੇ ਨੌਜਵਾਨ ਖਿਡਾਰੀਆਂ ਨੇ ਦੇਸ਼ ਨੂੰ ਮਾਣ ਹਾਸਲ ਕਰਵਾਇਆ। ਇਸੇ ਸ਼ਤਰੰਜ ਵਿੱਚ ਭਾਰਤੀ ਯੁਗ ਦਾ ਅਰੰਭ ਮੰਨਿਆ ਜਾ ਰਿਹਾ ਹੈ। ਬੈਡਮਿੰਟਨ, ਟੈਨਿਸ ਅਤੇ ਹੋਰ ਖੇਡਾਂ ਵਿੱਚ ਸਾਡੇ ਖਿਡਾਰੀ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾ ਰਹੇ ਹਨ। ਉਨ੍ਹਾਂ ਦੀ ਪ੍ਰਾਪਤੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕੀਤਾ ਹੈ। 

ਮੇਰੇ ਪਿਆਰੇ ਦੇਸ਼ਵਾਸੀਓ,

ਪੂਰਾ ਦੇਸ਼ ਆਜ਼ਾਦੀ ਦਿਹਾੜਾ (ਸੁਤੰਤਰਤਾ ਦਿਵਸ) ਮਨਾਉਣ ਲਈ ਤਤਪਰ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਮੈਂ ਤੁਹਾਨੂੰ ਸਭ ਨੂੰ ਇੱਕ ਵਾਰੀ ਫੇਰ ਵਧਾਈ ਦਿੰਦੀ ਹਾਂ। ਮੈਂ ਫ਼ੌਜ ਦੇ ਉਨ੍ਹਾਂ ਬਹਾਦੁਰ ਜਵਾਨਾਂ ਨੂੰ ਵਿਸ਼ੇਸ਼ ਵਧਾਈ ਦਿੰਦੀ ਹਾਂ ਜੋ ਆਪਣੀ ਜਾਨ ਦਾ ਖ਼ਤਰਾ ਚੁਕਦੇ ਹੋਏ ਵੀ ਸਾਡੀ ਆਜ਼ਾਦੀ ਦੀ ਰੱਖਿਆ ਕਰਦੇ ਹਨ। ਮੈਂ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਨੂੰ ਵੀ ਵਧਾਈ ਦਿੰਦੀ ਹਾਂ। ਜੋ ਪੂਰੇ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਦੇ ਹਨ। ਮੈਂ ਨਿਆਂਪਾਲਿਕਾ ਅਤੇ ਸਿਵਲ ਸੇਵਾਵਾਂ ਦੇ ਮੈਂਬਰਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਨਿਯੁਕਤ ਸਾਡੇ ਦੂਤਾਵਾਸਾਂ ਦੇ ਕਰਮੀਆਂ ਨੂੰ ਵੀ ਆਪਣੀਆਂ ਸ਼ੁਭਇੱਛਾਵਾਂ ਦਿੰਦੀ ਹਾਂ। ਸਾਡੇ ਪ੍ਰਵਾਸੀ ਭਾਈਚਾਰੇ ਨੂੰ ਵੀ ਮੇਰੀਆਂ ਸ਼ੁਭਕਾਮਨਾਵਾਂ। ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ। ਤੁਸੀਂ ਆਪਣੀਆਂ ਪ੍ਰਾਪਤੀਆਂ ਨਾਲ ਸਾਨੂੰ ਮਾਣ ਹਾਸਲ ਕਰਵਾਇਆ ਹੈ। ਤੁਸੀਂ ਸਭ ਵਿਦੇਸ਼ਾਂ ਵਿੱਚ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਮਾਣ ਨਾਲ ਪ੍ਰਤੀਨਿਧ ਕਰਦੇ ਹੋ। ਇੱਕ ਵਾਰ ਫੇਰ ਮੇਰੇ ਵੱਲੋਂ ਸਾਰਿਆਂ ਨੂੰ ਆਜ਼ਾਦੀ ਦਿਹਾੜੇ (ਸੁਤੰਤਰਤਾ ਦਿਵਸ) ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਧੰਨਵਾਦ!

ਜੈ ਹਿੰਦ!

ਜੈ ਭਾਰਤ!

 

****************

 

ਐੱਮਜੇਪੀਐੱਸ/ਵੀਜੇ/ਬੀਐੱਮ/ਐੱਸਕੇਐੱਸ


(Release ID: 2045451) Visitor Counter : 106