ਪ੍ਰਧਾਨ ਮੰਤਰੀ ਦਫਤਰ
ਸੰਤ ਗੁਰੂ ਰਵੀਦਾਸ ਦੀ 647ਵੀਂ ਜਨਮ ਵਰ੍ਹੇਗੰਢ ਦੇ ਸੰਬੋਧਨ ਦਾ ਮੂਲ-ਪਾਠ
Posted On:
23 FEB 2024 2:02PM by PIB Chandigarh
ਜੈ ਗੁਰੂ ਰਵੀਦਾਸ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਪੂਰੇ ਭਾਰਤ ਤੋਂ ਇੱਥੇ ਆਏ ਹੋਏ ਸਨਮਾਨਿਤ ਸੰਤ ਜਨ, ਭਗਤ ਗਣ ਅਤੇ ਮੇਰੇ ਭਾਈਓ ਤੇ ਭੈਣੋਂ,
ਆਪ ਸਭ ਦਾ ਮੈਂ ਗੁਰੂ ਰਵੀਦਾਸ ਜੀ ਜਨਮ ਜਯੰਤੀ ਦੇ ਪਾਵਨ ਅਵਸਰ ‘ਤੇ ਉਨ੍ਹਾਂ ਦੀ ਜਨਮਭੂਮੀ ਵਿੱਚ ਸੁਆਗਤ ਕਰਦਾ ਹਾਂ। ਆਪ ਸਭ ਰਵੀਦਾਸ ਜੀ ਦੀ ਜਯੰਤੀ ਦੇ ਪਰਵ ‘ਤੇ ਇੰਨੀ-ਇੰਨੀ ਦੂਰ ਤੋਂ ਇੱਥੇ ਆਉਂਦੇ ਹੋ। ਖ਼ਾਸ ਤੌਰ ‘ਤੇ, ਮੇਰੇ ਪੰਜਾਬ ਤੋਂ ਇੰਨੇ ਭਾਈ-ਭੈਣ ਆਉਂਦੇ ਹਨ ਕਿ ਬਨਾਰਸ ਖ਼ੁਦ ਵੀ ‘ਮਿੰਨੀ ਪੰਜਾਬ’ ਜਿਹਾ ਲਗਣ ਲਗਦਾ ਹੈ। ਇਹ ਸਭ ਸੰਤ ਰਵੀਦਾਸ ਜੀ ਦੀ ਕਿਰਪਾ ਨਾਲ ਹੀ ਸੰਭਵ ਹੁੰਦਾ ਹੈ। ਮੈਨੂੰ ਵੀ ਰਵੀਦਾਸ ਜੀ ਵਾਰ ਵਾਰ ਆਪਣੀ ਜਨਮਭੂਮੀ ‘ਤੇ ਬੁਲਾਉਂਦੇ ਹਨ। ਮੈਨੂੰ ਉਨ੍ਹਾਂ ਦੇ ਸੰਕਲਪਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਦਾ ਹੈ, ਉਨ੍ਹਾਂ ਦੇ ਲੱਖਾਂ ਅਨੁਯਾਈਆਂ ਦੀ ਸੇਵਾ ਦਾ ਅਵਸਰ ਮਿਲਦਾ ਹੈ। ਗੁਰੂ ਦੇ ਜਨਮਤੀਰਥ ਸਭ ਅਨੁਯਾਈਆਂ ਦੀ ਸੇਵਾ ਕਰਨਾ ਮੇਰੇ ਲਈ ਕਿਸੇ ਸੁਭਾਗ ਤੋਂ ਘੱਟ ਨਹੀਂ।
ਅਤੇ ਭਾਈਓ ਅਤੇ ਭੈਣੋਂ,
ਇੱਥੇ ਦਾ ਸਾਂਸਦ ਹੋਣ ਦੇ ਨਾਤੇ, ਕਾਸ਼ੀ ਦਾ ਜਨ-ਪ੍ਰਤੀਨਿਧੀ ਹੋਣ ਦੇ ਨਾਤੇ ਮੇਰੀ ਵਿਸ਼ੇਸ਼ ਜ਼ਿੰਮੇਦਾਰੀ ਵੀ ਬਣਦੀ ਹੈ। ਮੈਂ ਬਨਾਰਸ ਵਿੱਚ ਆਪ ਸਭ ਦਾ ਸੁਆਗਤ ਵੀ ਕਰਾਂ, ਅਤੇ ਆਪ ਸਭ ਦੀਆਂ ਸੁਵਿਧਾਵਾਂ ਦਾ ਖ਼ਾਸ ਖਿਆਲ ਵੀ ਰੱਖਾਂ, ਇਹ ਮੇਰਾ ਫਰਜ਼ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਇਸ ਪਾਵਨ ਦਿਨ ਮੈਨੂੰ ਆਪਣੇ ਇਨ੍ਹਾਂ ਫਰਜ਼ਾਂ ਨੂੰ ਪੂਰਾ ਕਰਨ ਦਾ ਅਵਸਰ ਮਿਲਿਆ ਹੈ। ਅੱਜ ਬਨਾਰਸ ਦੇ ਵਿਕਾਸ ਦੇ ਲਈ ਸੈਂਕੜੇ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸ ਨਾਲ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਹੋਰ ਸੁਖਦ ਅਤੇ ਸਰਲ ਹੋਵੇਗੀ। ਨਾਲ ਹੀ, ਸੰਤ ਰਵੀਦਾਸ ਜੀ ਦੀ ਜਨਮਸਥਲੀ ਦੇ ਵਿਕਾਸ ਦੇ ਲਈ ਵੀ ਕਈ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਲੋਕਅਰਪਣ ਹੋਇਆ ਹੈ। ਮੰਦਿਰ ਅਤੇ ਮੰਦਿਰ ਖੇਤਰ ਦਾ ਵਿਕਾਸ, ਮੰਦਿਰ ਤੱਕ ਆਉਣ ਵਾਲੀਆਂ ਸੜਕਾਂ ਦਾ ਨਿਰਮਾਣ, ਇੰਟਰਲੌਕਿੰਗ ਅਤੇ ਡ੍ਰੇਨੇਜ ਦਾ ਕੰਮ, ਭਗਤਾਂ ਦੇ ਲਈ ਸਤਿਸੰਗ ਅਤੇ ਸਾਧਨਾ ਕਰਨ ਦੇ ਲਈ, ਪ੍ਰਸਾਦ ਗ੍ਰਹਿਣ ਕਰਨ ਦੇ ਲਈ ਅਲੱਗ-ਅਲੱਗ ਵਿਵਸਥਾਵਾਂ ਦਾ ਨਿਰਮਾਣ, ਇਨ੍ਹਾਂ ਸਭ ਨਾਲ ਆਪ ਸਭ ਲੱਖਾਂ ਭਗਤਾਂ ਨੂੰ ਸੁਵਿਧਾ ਹੋਵੇਗੀ। ਮਾਘੀ ਪੁਰਣਿਮਾ ਦੀ ਯਾਤਰਾ ਵਿੱਚ ਸ਼ਰਧਾਲੂਆਂ ਨੂੰ ਅਧਿਆਤਮਿਕ ਸੁਖ ਤਾਂ ਮਿਲੇਗਾ ਹੀ, ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲੇਗਾ। ਅੱਜ ਮੈਨੂੰ ਸੰਤ ਰਵੀਦਾਸ ਜੀ ਦੀ ਨਵੀਂ ਪ੍ਰਤਿਮਾ ਦੇ ਲੋਕਅਰਪਣ ਦਾ ਸੁਭਾਗ ਵੀ ਮਿਲਿਆ ਹੈ। ਸੰਤ ਰਵੀਦਾਸ ਮਿਊਜ਼ੀਅਮ ਦਾ ਨੀਂਹ ਪੱਥਰ ਵੀ ਅੱਜ ਰੱਖਿਆ ਗਿਆ ਹੈ। ਮੈਂ ਆਪ ਸਭ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਦੇਸ਼ ਅਤੇ ਦੁਨੀਆ ਭਰ ਦੇ ਸਾਰੇ ਸ਼ਰਧਾਲੂਆਂ ਨੂੰ ਸੰਤ ਰਵੀਦਾਸ ਜੀ ਦੀ ਜਨਮ ਜਯੰਤੀ ਅਤੇ ਮਾਘੀ ਪੁਰਣਿਮਾ ਦੀ ਹਾਰਦਿਕ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਮਹਾਨ ਸੰਤ ਅਤੇ ਸਮਾਜ ਸੁਧਾਰਕ ਗਾੜਗੇ ਬਾਬਾ ਦੀ ਜਯੰਤੀ ਵੀ ਹੈ। ਗਾੜਗੇ ਬਾਬਾ ਨੇ ਸੰਤ ਰਵੀਦਾਸ ਦੀ ਹੀ ਤਰ੍ਹਾਂ ਸਮਾਜ ਨੂੰ ਰੂੜ੍ਹੀਆਂ ਤੋਂ ਕੱਢਣ ਦੇ ਲਈ, ਦਲਿਤਾਂ ਵੰਚਿਤਾਂ ਦੀ ਭਲਾਈ ਦੇ ਲਈ ਬਹੁਤ ਕੰਮ ਕੀਤਾ ਸੀ। ਖ਼ੁਦ ਬਾਬਾ ਸਾਹਬ ਅੰਬੇਡਕਰ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਗਾੜਗੇ ਬਾਬਾ ਵੀ ਬਾਬਾ ਸਾਹਬ ਤੋਂ ਬਹੁਤ ਪ੍ਰਭਾਵਿਤ ਰਹਿੰਦੇ ਸਨ। ਅੱਜ ਇਸ ਅਵਸਰ ‘ਤੇ ਮੈਂ ਗਾੜਗੇ ਬਾਬਾ ਦੇ ਚਰਣਾਂ ਵਿੱਚ ਵੀ ਸ਼ਰਧਾਪੂਰਵਕ ਨਮਨ ਕਰਦਾ ਹਾਂ।
ਸਾਥੀਓ,
ਹੁਣ ਮੰਚ ‘ਤੇ ਆਉਣ ਤੋਂ ਪਹਿਲਾਂ ਮੈਂ ਸੰਤ ਰਵੀਦਾਸ ਜੀ ਦੀ ਮੂਰਤੀ ‘ਤੇ ਪੁਸ਼ਪ ਅਰਪਿਤ ਕਰਨ, ਉਨ੍ਹਾਂ ਪ੍ਰਣਾਮ ਕਰਨ ਵੀ ਗਿਆ ਸੀ। ਇਸ ਦੌਰਾਨ ਮੇਰਾ ਮਨ ਜਿੰਨੀ ਸ਼ਰਧਾ ਨਾਲ ਭਰਿਆ ਸੀ, ਓਨੀ ਹੀ ਉਤਸੁਕਤਾ ਵੀ ਅੰਦਰ ਮਹਿਸੂਸ ਕਰ ਰਿਹਾ ਸੀ। ਵਰ੍ਹਿਆਂ ਪਹਿਲਾਂ ਵੀ, ਜਦੋਂ ਮੈਂ ਨਾ ਰਾਜਨੀਤੀ ਵਿੱਚ ਸੀ, ਨਾ ਕਿਸੇ ਅਹੁਦੇ ‘ਤੇ ਸੀ, ਤਦ ਵੀ ਸੰਤ ਰਵੀਦਾਸ ਜੀ ਦੀਆਂ ਸਿੱਖਿਆਵਾਂ ਤੋਂ ਮੈਨੂੰ ਮਾਰਗਦਰਸ਼ਨ ਮਿਲਦਾ ਸੀ। ਮੇਰੇ ਮਨ ਵਿੱਚ ਇਹ ਭਾਵਨਾ ਹੁੰਦੀ ਸੀ ਕਿ ਮੈਨੂੰ ਰਵੀਦਾਸ ਜੀ ਦੀ ਸੇਵਾ ਦਾ ਅਵਸਰ ਮਿਲੇ। ਅਤੇ ਅੱਜ ਕਾਸ਼ੀ ਹੀ ਨਹੀਂ, ਦੇਸ਼ ਦੀਆਂ ਦੂਸਰੀਆਂ ਥਾਵਾਂ ‘ਤੇ ਵੀ ਸੰਤ ਰਵੀਦਾਸ ਜੀ ਨਾਲ ਜੁੜੇ ਸੰਕਲਪਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਰਵੀਦਾਸ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਿਤ-ਪ੍ਰਸਾਰਿਤ ਕਰਨ ਦੇ ਲਈ ਨਵੇਂ ਕੇਂਦਰਾਂ ਦੀ ਸਥਾਪਨਾ ਵੀ ਹੋ ਰਹੀ ਹੈ। ਹੁਣ ਕੁਝ ਮਹੀਨੇ ਪਹਿਲਾਂ ਹੀ ਮੈਨੂੰ ਮੱਧ ਪ੍ਰਦੇਸ਼ ਦੇ ਸਤਨਾ ਵਿੱਚ ਵੀ ਸੰਤ ਰਵੀਦਾਸ ਸਮਾਰਕ ਤੇ ਕਲਾ ਸੰਗ੍ਰਹਾਲਯ ਦੇ ਨੀਂਹ ਪੱਥਰ ਰੱਖਣ ਦਾ ਸੁਭਾਗ ਵੀ ਮਿਲਿਆ ਸੀ। ਕਾਸ਼ੀ ਵਿੱਚ ਤਾਂ ਵਿਕਾਸ ਦੀ ਪੂਰੀ ਗੰਗਾ ਹੀ ਵਹਿ ਰਹੀ ਹੈ।
ਸਾਥੀਓ,
ਭਾਰਤ ਦਾ ਇਤਿਹਾਸ ਰਿਹਾ ਹੈ, ਜਦੋਂ ਵੀ ਦੇਸ਼ ਨੂੰ ਜ਼ਰੂਰਤ ਹੋਈ ਹੈ, ਕੋਈ ਨਾ ਕੋਈ ਸੰਤ, ਰਿਸ਼ੀ, ਮਹਾਨ ਵਿਭੂਤੀ ਭਾਰਤ ਵਿੱਚ ਜਨਮ ਲੈਂਦੇ ਹਨ। ਰਵੀਦਾਸ ਜੀ ਤਾਂ ਉਸ ਭਗਤੀ ਅੰਦੋਲਨ ਦੇ ਮਹਾਨ ਸੰਤ ਸਨ, ਜਿਸ ਨੇ ਕਮਜ਼ੋਰ ਅਤੇ ਵਿਭਾਜਿਤ ਹੋ ਚੁੱਕੇ ਭਾਰਤ ਨੂੰ ਨਵੀਂ ਊਰਜਾ ਦਿੱਤੀ ਸੀ। ਰਵੀਦਾਸ ਜੀ ਨੇ ਸਮਾਜ ਨੂੰ ਆਜ਼ਾਦੀ ਦਾ ਮਹੱਤਵ ਵੀ ਦੱਸਿਆ ਸੀ, ਅਤੇ ਸਮਾਜਿਕ ਵਿਭਾਜਨ ਨੂੰ ਵੀ ਪੱਟਣ ਦਾ ਕੰਮ ਕੀਤਾ ਸੀ। ਊਚ-ਨੀਚ, ਛੂਆਛੂਤ, ਭੇਦਭਾਵ, ਇਸ ਸਭ ਦੇ ਖ਼ਿਲਾਫ਼ ਉਨ੍ਹਾਂ ਨੇ ਇਸ ਦੌਰ ਵਿੱਚ ਆਵਾਜ਼ ਉਠਾਈ ਸੀ। ਸੰਤ ਰਵੀਦਾਸ ਇੱਕ ਅਜਿਹੇ ਸੰਤ ਹਨ, ਜਿਨ੍ਹਾਂ ਨੂੰ ਮਤ ਮਜਹਬ, ਪੰਥ, ਵਿਚਾਰਧਾਰਾ ਦੀਆਂ ਸੀਮਾਵਾਂ ਵਿੱਚ ਨਹੀਂ ਬੰਨਿਆ ਜਾ ਸਕਦਾ। ਰਵੀਦਾਸ ਜੀ ਸਭ ਦੇ ਹਨ, ਅਤੇ ਸਭ ਰਵੀਦਾਸ ਜੀ ਦੇ ਹਨ।
ਜਗਦਗੁਰੂ ਰਾਮਾਨੰਦ ਦੇ ਚੇਲੇ ਦੇ ਰੂਪ ਵਿੱਚ ਉਨ੍ਹਾਂ ਨੂੰ ਵੈਸ਼ਣਵ ਸਮਾਜ ਵੀ ਆਪਣਾ ਗੁਰੂ ਮੰਨਦਾ ਹੈ। ਸਿੱਖ ਭਾਈ-ਭੈਣ ਉਨ੍ਹਾਂ ਨੂੰ ਬਹੁਤ ਆਦਰ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ। ਕਾਸ਼ੀ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ‘ਮਨ ਚੰਗਾ ਤਾਂ ਕਠੌਤੀ ਵਿੱਚ ਗੰਗਾ’ ਦੀ ਸਿੱਖਿਆ ਦਿੱਤੀ ਸੀ। ਇਸ ਲਈ, ਕਾਸ਼ੀ ਨੂੰ ਮੰਨਣ ਵਾਲੇ ਲੋਕ, ਮਾਂ ਗੰਗਾ ਵਿੱਚ ਆਸਥਾ ਰੱਖਣ ਵਾਲੇ ਲੋਕ ਵੀ ਰਵੀਦਾਸ ਜੀ ਤੋਂ ਪ੍ਰੇਰਣਾ ਲੈਂਦੇ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਸਾਡੀ ਸਰਕਾਰ ਰਵੀਦਾਸ ਜੀ ਦੇ ਵਿਚਾਰਾਂ ਨੂੰ ਹੀ ਅੱਗੇ ਵਧਾ ਰਹੀ ਹੈ। ਭਾਜਪਾ ਸਰਕਾਰ ਸਭ ਦੀ ਹੈ। ਭਾਜਪਾ ਸਰਕਾਰ ਦੀਆਂ ਯੋਜਨਾਵਾਂ ਸਭ ਦੇ ਲਈ ਹਨ। ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’, ਇਹ ਮੰਤਰ ਅੱਜ 140 ਕਰੋੜ ਦੇਸ਼ਵਾਸੀਆਂ ਨਾਲ ਜੁੜਨ ਦਾ ਮੰਤਰ ਬਣ ਗਿਆ ਹੈ।
ਸਾਥੀਓ,
ਰਵੀਦਾਸ ਜੀ ਨੇ ਸਮਤਾ ਅਤੇ ਸਮਰਸਤਾ ਦੀ ਸਿੱਖਿਆ ਵੀ ਦਿੱਤੀ, ਅਤੇ ਹਮੇਸ਼ਾ ਦਲਿਤਾਂ, ਵੰਚਿਤਾਂ ਦੀ ਵਿਸ਼ੇਸ਼ ਤੌਰ ‘ਤੇ ਚਿੰਤਾ ਵੀ ਕੀਤੀ। ਸਮਾਨਤਾ ਵੰਚਿਤ ਸਮਾਜ ਨੂੰ ਪ੍ਰਾਥਮਿਕਤਾ ਦੇਣ ਨਾਲ ਹੀ ਆਉਂਦੀ ਹੈ। ਇਸ ਲਈ, ਜੋ ਲੋਕ, ਜੋ ਵਰਗ ਵਿਕਾਸ ਦੀ ਮੁੱਖਧਾਰਾ ਤੋਂ ਜ਼ਿੰਨਾ ਜ਼ਿਆਦਾ ਦੂਰ ਰਹਿ ਗਏ, ਪਿਛਲੇ ਦਸ ਵਰ੍ਹਿਆਂ ਵਿੱਚ ਉਨ੍ਹਾਂ ਨੂੰ ਹੀ ਕੇਂਦਰ ਵਿੱਚ ਰੱਖ ਕੇ ਕੰਮ ਹੋਇਆ ਹੈ। ਪਹਿਲਾਂ ਜਿਸ ਗ਼ਰੀਬ ਨੂੰ ਸਭ ਤੋਂ ਆਖਰੀ ਸਮਝਿਆ ਜਾਂਦਾ ਸੀ, ਸਭ ਤੋਂ ਛੋਟਾ ਕਿਹਾ ਜਾਂਦਾ ਸੀ, ਅੱਜ ਸਭ ਤੋਂ ਵੱਡੀਆਂ ਯੋਜਨਾਵਾਂ ਉਸ ਦੇ ਲਈ ਬਣੀਆਂ ਹਨ। ਇਨ੍ਹਾਂ ਯੋਜਨਾਵਾਂ ਨੂੰ ਅੱਜ ਦੁਨੀਆ ਵਿੱਚ ਸਭ ਤੋਂ ਵੱਡੀ ਸਰਕਾਰੀ ਯੋਜਨਾਵਾਂ ਕਿਹਾ ਜਾ ਰਿਹਾ ਹੈ। ਤੁਸੀਂ ਦੇਖੋ, ਕੋਰੋਨਾ ਦੀ ਇੰਨੀ ਵੱਡੀ ਮੁਸ਼ਕਿਲ ਆਈ। ਅਸੀਂ 80 ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੀ ਯੋਜਨਾ ਚਲਾਈ। ਕੋਰੋਨਾ ਦੇ ਬਾਅਦ ਵੀ ਅਸੀਂ ਮੁਫ਼ਤ ਰਾਸ਼ਨ ਦੇਣਾ ਬੰਦ ਨਹੀਂ ਕੀਤਾ। ਕਿਉਂਕਿ, ਅਸੀਂ ਚਾਹੁੰਦੇ ਹਾਂ ਕਿ ਜੋ ਗ਼ਰੀਬ ਆਪਣੇ ਪੈਰਾਂ ‘ਤੇ ਖੜਿਆ ਹੋਇਆ ਹੈ ਉਹ ਲੰਬੀ ਦੂਰੀ ਤੈਅ ਕਰੇ। ਉਸ ‘ਤੇ ਵਾਧੂ ਬੋਝ ਨਾ ਆਵੇ।
ਅਜਿਹੀ ਯੋਜਨਾ ਇੰਨੇ ਵੱਡੇ ਪੈਮਾਨੇ ‘ਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਹੈ। ਅਸੀਂ ਸਵੱਛ ਭਾਰਤ ਅਭਿਯਾਨ ਚਲਾਇਆ। ਦੇਸ਼ ਦੇ ਹਰ ਪਿੰਡ ਵਿੱਚ ਹਰ ਪਰਿਵਾਰ ਦੇ ਲਈ ਮੁਫ਼ਤ ਸ਼ੌਚਾਲਯ ਬਣਾਇਆ। ਇਸ ਦਾ ਲਾਭ ਸਭ ਤੋਂ ਜ਼ਿਆਦਾ ਦਲਿਤ ਪਿਛੜੇ ਪਰਿਵਾਰਾਂ ਨੂੰ, ਖ਼ਾਸ ਤੌਰ ‘ਤੇ ਸਾਡੀ SC, ST, OBC ਮਾਤਾਵਾਂ ਭੈਣਾਂ ਨੂੰ ਹੀ ਹੋਇਆ। ਇਨ੍ਹਾਂ ਨੂੰ ਹੀ ਸਭ ਤੋਂ ਜ਼ਿਆਦਾ ਖੁੱਲੇ ਵਿੱਚ ਸ਼ੌਚ ਦੇ ਲਈ ਜਾਣਾ ਪੈਂਦਾ ਸੀ, ਪਰੇਸ਼ਾਨੀਆਂ ਉਠਾਉਣੀਆਂ ਪੈਂਦੀਆਂ ਸਨ। ਅੱਜ ਦੇਸ਼ ਵਿੱਚ ਪਿੰਡ-ਪਿੰਡ ਤੱਕ ਸਾਫ਼ ਪਾਣੀ ਪਹੁੰਚਾਉਣ ਦੇ ਲਈ ਜਲ ਜੀਵਨ ਮਿਸ਼ਨ ਚਲ ਰਿਹਾ ਹੈ। 5 ਵਰ੍ਹਿਆਂ ਤੋਂ ਵੀ ਘੱਟ ਸਮੇਂ ਵਿੱਚ 11 ਕਰੋੜ ਤੋਂ ਜ਼ਿਆਦਾ ਘਰਾਂ ਤੱਕ ਪਾਈਪ ਤੋਂ ਪਾਣੀ ਪਹੁੰਚਾਇਆ ਗਿਆ ਹੈ। ਕਰੋੜਾਂ ਗ਼ਰੀਬਾਂ ਨੂੰ ਮੁਫ਼ਤ ਇਲਾਜ ਦੇ ਲਈ ਆਯੁਸ਼ਮਾਨ ਕਾਰਡ ਮਿਲਿਆ ਹੈ।
ਉਨ੍ਹਾਂ ਨੂੰ ਪਹਿਲੀ ਵਾਰ ਇਹ ਹੌਸਲਾ ਮਿਲਿਆ ਹੈ ਕਿ ਅਗਰ ਬਿਮਾਰੀ ਆ ਵੀ ਗਈ, ਤਾਂ ਇਲਾਜ ਦੀ ਕਮੀ ਵਿੱਚ ਜ਼ਿੰਦਗੀ ਖਤਮ ਨਹੀਂ ਹੋਵੇਗਾ। ਇਸੇ ਤਰ੍ਹਾਂ, ਜਨਧਨ ਖਾਤਿਆਂ ਤੋਂ ਗ਼ਰੀਬ ਨੂੰ ਬੈਂਕ ਜਾਣ ਦਾ ਅਧਿਕਾਰ ਮਿਲਿਆ ਹੈ। ਇਨ੍ਹਾਂ ਬੈਂਕ ਖਾਤਿਆਂ ਵਿੱਚ ਸਰਕਾਰ ਸਿੱਧਾ ਪੈਸਾ ਭੇਜਦੀ ਹੈ। ਇਨ੍ਹਾਂ ਖਾਤਿਆਂ ਵਿੱਚ ਕਿਸਾਨਾਂ ਨੂੰ ਕਿਸਾਨ ਸੰਮਾਨ ਨਿਧੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਕਰੀਬ ਡੇਢ ਕਰੋੜ ਲਾਭਾਰਥੀ ਸਾਡੇ ਦਲਿਤ ਕਿਸਾਨ ਹੀ ਹਨ। ਫਸਲ ਬੀਮਾ ਯੋਜਨਾ ਦਾ ਲਾਭ ਉਠਾਉਣ ਵਾਲੇ ਕਿਸਾਨਾਂ ਵਿੱਚ ਵੱਡੀ ਸੰਖਿਆ ਦਲਿਤ ਅਤੇ ਪਿਛੜੇ ਕਿਸਾਨਾਂ ਦੀ ਹੀ ਹੈ। ਨੌਜਵਾਨਾਂ ਦੇ ਲਈ ਵੀ, 2014 ਤੋਂ ਪਹਿਲੀ ਜਿੰਨੀ ਸਕਾਲਰਸ਼ਿਪ ਮਿਲਦੀ ਸੀ, ਅੱਜ ਅਸੀਂ ਉਸ ਤੋਂ ਦੁੱਗਣੀ ਸਕਾਲਰਸ਼ਿਪ ਦਲਿਤ ਨੌਜਵਾਨਾਂ ਨੂੰ ਦੇ ਰਹੇ ਹਾਂ। ਇਸੇ ਤਰ੍ਹਾਂ, 2022-23 ਵਿੱਚ ਪੀਐੱਮ ਆਵਾਸ ਯੋਜਨਾ ਦੇ ਤਹਿਤ ਹਜ਼ਾਰਾਂ ਕਰੋੜ ਰੁਪਏ ਦਲਿਤ ਪਰਿਵਾਰਾਂ ਦੇ ਖਾਤਿਆਂ ਵਿੱਚ ਭੇਜੇ ਗਏ, ਤਾਕਿ ਉਨ੍ਹਾਂ ਦਾ ਵੀ ਆਪਣਾ ਪੱਕਾ ਘਰ ਹੋਵੇ।
ਅਤੇ ਭਾਈਓ ਭੈਣੋਂ,
ਭਾਰਤ ਇੰਨੇ ਵੱਡੇ-ਵੱਡੇ ਕੰਮ ਇਸ ਲਈ ਕਰ ਪਾ ਰਿਹਾ ਹੈ ਕਿਉਂਕਿ ਅੱਜ ਦਲਿਤ, ਵੰਚਿਤ, ਪਿਛੜਾ ਅਤੇ ਗ਼ਰੀਬ ਦੇ ਲਈ ਸਰਕਾਰ ਦੀ ਨੀਅਤ ਸਾਫ਼ ਹੈ। ਭਾਰਤ ਇਹ ਕੰਮ ਇਸ ਲਈ ਕਰ ਪਾ ਰਿਹਾ ਹੈ, ਕਿਉਂਕਿ ਤੁਹਾਡਾ ਸਾਥ ਅਤੇ ਤੁਹਾਡਾ ਵਿਸ਼ਵਾਸ ਸਾਡੇ ਨਾਲ ਹੈ। ਸੰਤਾਂ ਦੀ ਵਾਣੀ ਹਰ ਯੁਗ ਵਿੱਚ ਸਾਨੂੰ ਰਸਤਾ ਵੀ ਦਿਖਾਉਂਦੀ ਹੈ, ਅਤੇ ਸਾਨੂੰ ਸਾਵਧਾਨ ਵੀ ਕਰਦੀ ਹੈ।
ਰਵੀਦਾਸ ਜੀ ਕਹਿੰਦੇ ਸਨ-
ਜਾਤ ਪਾਤ ਕੇ ਫੇਰ ਮਹਿ, ਉਰਝਿ ਰਹਈ ਸਬ ਲੋਗ।
ਮਾਨੁਸ਼ਤਾ ਕੁੰ ਖਾਤ ਹਈ, ਰੈਦਾਸ ਜਾਤ ਕਰ ਰੋਗ।।
(जात पात के फेर महि, उरझि रहई सब लोग।
मानुष्ता कुं खात हई, रैदास जात कर रोग॥)
ਅਰਥਾਤ, ਜ਼ਿਆਦਾਤਰ ਲੋਕ ਜਾਤ-ਪਾਤ ਦੇ ਭੇਦ ਵਿੱਚ ਉਲਝੇ ਰਹਿੰਦੇ ਹਨ, ਉਲਝਾਉਂਦੇ ਰਹਿੰਦੇ ਹਨ। ਜਾਤ-ਪਾਤ ਦਾ ਇਹੀ ਰੋਗ ਮਾਨਵਤਾ ਦਾ ਨੁਕਸਾਨ ਕਰਦਾ ਹੈ। ਯਾਨੀ, ਜਾਤ-ਪਾਤ ਦੇ ਨਾਮ ‘ਤੇ ਜਦੋਂ ਕੋਈ ਕਿਸੇ ਦੇ ਨਾਲ ਭੇਦਭਾਵ ਕਰਦਾ ਹੈ, ਤਾਂ ਉਹ ਮਾਨਵਤਾ ਦਾ ਨੁਕਸਾਨ ਕਰਦਾ ਹੈ। ਅਗਰ ਕੋਈ ਜਾਤ-ਪਾਤ ਦੇ ਨਾਮ ‘ਤੇ ਕਿਸੇ ਨੂੰ ਭੜਕਾਉਂਦਾ ਹੈ ਤਾਂ ਉਹ ਵੀ ਮਾਨਵਤਾ ਦਾ ਨੁਕਸਾਨ ਕਰਦਾ ਹੈ।
ਇਸ ਲਈ ਭਾਈਓ ਭੈਣੋਂ,
ਅੱਜ ਦੇਸ਼ ਦੇ ਹਰ ਦਲਿਤ ਨੂੰ, ਹਰ ਪਿਛੜੇ ਨੂੰ ਇੱਕ ਹੋਰ ਗੱਲ ਧਿਆਨ ਰੱਖਣੀ ਹੈ। ਸਾਡੇ ਦੇਸ਼ ਵਿੱਚ ਜਾਤੀ ਦੇ ਨਾਮ ‘ਤੇ ਉਕਸਾਉਣ ਅਤੇ ਉਨ੍ਹਾਂ ਨੂੰ ਲੜਾਉਣ ਵਿੱਚ ਭਰੋਸਾ ਰੱਖਣ ਵਾਲੇ ਇੰਡੀ ਗਠਬੰਧਨ ਦੇ ਲੋਕ ਦਲਿਤ, ਵੰਚਿਤ ਦੇ ਹਿਤ ਦੀਆਂ ਯੋਜਨਾਵਾਂ ਦਾ ਵਿਰੋਧ ਕਰਦੇ ਹਨ। ਅਤੇ ਸੱਚਾਈ ਇਹ ਹੈ ਕਿ ਇਹ ਲੋਕ ਜਾਤੀ ਦੀ ਭਲਾਈ ਦੇ ਨਾਮ ‘ਤੇ ਆਪਣੇ ਪਰਿਵਾਰ ਦੇ ਸੁਆਰਥ ਦੀ ਰਾਜਨੀਤੀ ਕਰਦੇ ਹਨ। ਤੁਹਾਨੂੰ ਯਾਦ ਹੋਵੇਗਾ, ਗ਼ਰੀਬਾਂ ਦੇ ਲਈ ਸ਼ੌਚਾਲਯ ਬਣਾਉਣ ਦੀ ਸ਼ੁਰੂਆਤ ਹੋਈ ਸੀ ਤਾਂ ਇਨ੍ਹਾਂ ਲੋਕਾਂ ਨੇ ਉਸ ਦਾ ਮਜ਼ਾਕ ਉੜਾਇਆ ਸੀ। ਇਨ੍ਹਾਂ ਨੇ ਜਨਧਨ ਖਾਤਿਆਂ ਦਾ ਮਜ਼ਾਕ ਉੜਾਇਆ ਸੀ। ਇਨ੍ਹਾਂ ਨੇ ਡਿਜੀਟਲ ਇੰਡੀਆ ਦਾ ਵਿਰੋਧ ਕੀਤਾ ਸੀ। ਇੰਨਾ ਹੀ ਨਹੀਂ, ਪਰਿਵਾਰਵਾਦੀ ਪਾਰਟੀਆਂ ਦੀ ਇੱਕ ਹੋਰ ਪਹਿਚਾਣ ਹੈ।
ਇਹ ਆਪਣੇ ਪਰਿਵਾਰ ਤੋਂ ਬਾਹਰ ਕਿਸੇ ਵੀ ਦਲਿਤ, ਆਦਿਵਾਸੀ ਨੂੰ ਅੱਗੇ ਵਧਦੇ ਨਹੀਂ ਦੇਣਾ ਚਾਹੁੰਦੇ ਹਾਂ। ਦਲਿਤਾਂ, ਆਦਿਵਾਸੀਆਂ ਦਾ ਵੱਡੇ ਅਹੁਦਿਆਂ ‘ਤੇ ਬੈਠਣਾ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਹੈ। ਤੁਹਾਨੂੰ ਯਾਦ ਹੋਵੇਗਾ, ਜਦੋਂ ਦੇਸ਼ ਨੇ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣਨ ਦੇ ਲਈ ਮਹਾਮਹਿਮ ਦ੍ਰੌਪਦੀ ਮੁਰਮੂ ਜੀ ਚੋਣਾਂ ਲੜ ਰਹੀ ਸੀ, ਤਾਂ ਕਿਨ੍ਹਾਂ ਕਿਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ? ਕਿਨ੍ਹਾਂ ਕਿਨ੍ਹਾਂ ਪਾਰਟੀਆਂ ਨੇ ਉਨ੍ਹਾਂ ਨੂੰ ਹਰਾਉਣ ਦੇ ਲਈ ਸਿਆਸੀ ਲਾਮਬੰਦੀ ਕੀਤੀ ਸੀ ? ਇਹ ਸਭ ਦੀਆਂ ਸਭ ਇਹੀ ਪਰਿਵਾਰਵਾਦੀ ਪਾਰਟੀਆਂ ਹੀ ਸਨ, ਜਿਨ੍ਹਾਂ ਨੂੰ ਚੋਣਾਂ ਦੇ ਸਮੇਂ ਦਲਿਤ, ਪਿਛੜਾ, ਆਦਿਵਾਸੀ ਆਪਣਾ ਵੋਟ ਬੈਂਕ ਨਜ਼ਰ ਆਉਣ ਲਗਦਾ ਹੈ। ਸਾਨੂੰ ਇਨ੍ਹਾਂ ਲੋਕਾਂ ਤੋਂ, ਇਸ ਤਰ੍ਹਾਂ ਦੀ ਸੋਚ ਤੋਂ ਸਾਵਧਾਨ ਰਹਿਣਾ ਹੈ। ਸਾਨੂੰ ਜਾਤੀਵਾਦ ਦੀ ਨਕਾਰਾਤਮਕ ਮਾਨਸਿਕਤਾ ਤੋਂ ਬਚ ਕੇ ਰਵੀਦਾਸ ਜੀ ਦੀ ਸਕਾਰਾਤਮਕ ਸਿੱਖਿਆਵਾਂ ਦਾ ਪਾਲਨ ਕਰਨਾ ਹੈ।
ਸਾਥੀਓ,
ਰਵੀਦਾਸ ਜੀ ਕਹਿੰਦੇ ਸਨ-
ਸੌ ਬਰਸ ਲੌਂ ਜਗਤ ਮਹਿ ਜੀਵਤ ਰਹਿ ਕਰੁ ਕਾਮ।
ਰੈਦਾਸ ਕਰਮ ਹੀ ਧਰਮ ਹੈ ਕਰਮ ਕਰਹੁ ਨਿਹਕਾਮ।।
(सौ बरस लौं जगत मंहि जीवत रहि करू काम।
रैदास करम ही धरम है करम करहु निहकाम॥)
ਅਰਥਾਤ, ਸੌ ਵਰ੍ਹੇ ਦਾ ਜੀਵਨ ਹੋਵੇ, ਤਾਂ ਵੀ ਪੂਰਾ ਜੀਵਨ ਸਾਨੂੰ ਕੰਮ ਕਰਨਾ ਚਾਹੀਦਾ ਹੈ। ਕਿਉਂਕਿ, ਕਰਮ ਹੀ ਧਰਮ ਹੈ। ਸਾਨੂੰ ਨਿਸ਼ਕਾਮ ਭਾਵ ਨਾਲ ਕੰਮ ਕਰਨਾ ਚਾਹੀਦਾ ਹੈ। ਸੰਤ ਰਵੀਦਾਸ ਜੀ ਦੀ ਇਹ ਸਿੱਖਿਆ ਅੱਜ ਪੂਰੇ ਦੇਸ਼ ਦੇ ਲਈ ਹੈ। ਦੇਸ਼ ਇਸ ਸਮੇਂ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਪਿਛਲੇ ਵਰ੍ਹਿਆਂ ਵਿੱਚ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੀ ਮਜ਼ਬੂਤ ਨੀਂਹ ਰੱਖੀ ਜਾ ਚੁੱਕੀ ਹੈ। ਹੁਣ ਅਗਲੇ 5 ਸਾਲ ਸਾਨੂੰ ਇਸ ਨੀਂਹ ‘ਤੇ ਵਿਕਾਸ ਦੀ ਇਮਾਰਤ ਨੂੰ ਹੋਰ ਉਚਾਈ ਵੀ ਦੇਣੀ ਹੈ। ਗ਼ਰੀਬ ਵੰਚਿਤ ਦੀ ਸੇਵਾ ਦੇ ਲਈ ਜੋ ਅਭਿਯਾਨ 10 ਵਰ੍ਹਿਆਂ ਵਿੱਚ ਚਲੇ ਹਨ, ਅਗਲੇ 5 ਵਰ੍ਹਿਆਂ ਵਿੱਚ ਉਨ੍ਹਾਂ ਨੂੰ ਹੋਰ ਵੀ ਅਧਿਕ ਵਿਸਤਾਰ ਮਿਲਣਾ ਹੈ। ਇਹ ਸਭ 140 ਕਰੋੜ ਦੇਸ਼ਵਾਸੀਆਂ ਦੀ ਭਾਗੀਦਾਰੀ ਨਾਲ ਹੀ ਹੋਵੇਗਾ। ਇਸ ਲਈ, ਇਹ ਜ਼ਰੂਰੀ ਹੈ ਕਿ ਦੇਸ਼ ਦਾ ਹਰ ਨਾਗਰਿਕ ਆਪਣੇ ਕਰਤਵਾਂ ਦਾ ਪਾਲਣ ਕਰੇ। ਸਾਨੂੰ ਦੇਸ਼ ਬਾਰੇ ਸੋਚਣਾ ਹੈ। ਸਾਨੂੰ ਤੋੜਨ ਵਾਲੇ, ਵੰਡਣ ਵਾਲੇ ਵਿਚਾਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨਾ ਹੈ। ਮੈਨੂੰ ਵਿਸ਼ਵਾਸ ਹੈ ਕਿ, ਸੰਤ ਰਵੀਦਾਸ ਜੀ ਦੀ ਕਿਰਪਾ ਨਾਲ ਦੇਸ਼ਵਾਸੀਆਂ ਦੇ ਸੁਪਨੇ ਜ਼ਰੂਰ ਸਾਕਾਰ ਹੋਣਗੇ। ਆਪ ਸਭ ਨੂੰ ਇੱਕ ਵਾਰ ਫਿਰ ਸੰਤ ਰਵੀਦਾਸ ਜਯੰਤੀ ਦੀ ਮੈਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ
***
ਡੀਐੱਸ/ਵੀਜੇ/ਐੱਨਐੱਸ
(Release ID: 2008623)
Visitor Counter : 81
Read this release in:
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Kannada
,
Malayalam