ਉਪ ਰਾਸ਼ਟਰਪਤੀ ਸਕੱਤਰੇਤ

ਐੱਸ ਫਾਂਗਨੋਨ ਕੋਨਯਾਕ ਰਾਜ ਸਭਾ ਦੀ ਪ੍ਰਧਾਨਗੀ ਕਰਨ ਵਾਲੀ ਨਾਗਾਲੈਂਡ ਤੋਂ ਪਹਿਲੀ ਮਹਿਲਾ ਮੈਂਬਰ ਬਣੀ


ਚੇਅਰਮੈਨ, ਰਾਜ ਸਭਾ ਨੇ ਉਪ-ਚੇਅਰਪਰਸਨਸ ਦੇ ਪੈਨਲ ਲਈ ਚਾਰ ਮਹਿਲਾ ਸੰਸਦ ਮੈਂਬਰਾਂ ਨੂੰ ਨਾਮਜ਼ਦ ਕੀਤਾ ਸੀ

Posted On: 25 JUL 2023 4:41PM by PIB Chandigarh

ਇਤਿਹਾਸ ਦੇ ਇੱਕ ਮਹੱਤਵਪੂਰਨ ਪਲ ਨੂੰ ਦਰਸਾਉਂਦੇ ਹੋਏ, ਰਾਜ ਸਭਾ ਵਿੱਚ ਨਾਗਾਲੈਂਡ ਦੀ ਪਹਿਲੀ ਮਹਿਲਾ ਮੈਂਬਰ, ਸ਼੍ਰੀਮਤੀ ਫਾਂਗਨੋਨ ਕੋਨਯਾਕ ਨੇ ਅੱਜ ਸਦਨ ਦੀ ਪ੍ਰਧਾਨਗੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ 17 ਜੁਲਾਈ, 2023 ਨੂੰ ਉਪ-ਚੇਅਰਪਰਸਨਸ ਦੇ ਪੈਨਲ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਮੈਂਬਰ ਬਣ ਕੇ ਇਤਿਹਾਸ ਰਚਿਆ ਸੀ। ਲਿੰਗ ਸਮਾਨਤਾ ਲਿਆਉਣ ਲਈ ਇੱਕ ਸ਼ਾਨਦਾਰ ਕਦਮ ਵਿੱਚ, ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਜਗਦੀਪ ਧਨਖੜ ਨੇ ਪਿਛਲੇ ਹਫ਼ਤੇ ਉਪ-ਚੇਅਰਪਰਸਨਸ ਦੇ ਪੈਨਲ ਵਿੱਚ ਚਾਰ ਮਹਿਲਾ (ਕੁੱਲ ਗਿਣਤੀ ਦਾ 50%) ਮੈਂਬਰਾਂ ਨੂੰ ਨਾਮਜ਼ਦ ਕੀਤਾ ਸੀ।

 

 

ਇਹ ਵੀ ਧਿਆਨ ਦੇਣ ਯੋਗ ਹੈ ਕਿ ਪੈਨਲ ਵਿੱਚ ਨਾਮਜ਼ਦ ਸਾਰੀਆਂ ਮਹਿਲਾ ਮੈਂਬਰ ਪਹਿਲੀ ਵਾਰ ਸੰਸਦ ਮੈਂਬਰ ਬਣੀਆਂ ਹਨ। ਮਾਨਸੂਨ ਸੈਸ਼ਨ ਤੋਂ ਪਹਿਲਾਂ ਪੁਨਰ ਗਠਿਤ ਕੀਤੇ ਗਏ ਪੈਨਲ ਵਿੱਚ ਕੁੱਲ ਅੱਠ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਅੱਧੇ ਨਾਮ ਮਹਿਲਾਵਾਂ ਦੇ ਹਨ। ਉਪਰਲੇ ਸਦਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਪ-ਚੇਅਰਪਰਸਨਾਂ ਦੇ ਪੈਨਲ ਵਿੱਚ ਮਹਿਲਾ ਮੈਂਬਰਾਂ ਨੂੰ ਬਰਾਬਰ ਪ੍ਰਤੀਨਿਧਤਾ ਦਿੱਤੀ ਗਈ ਹੈ।

 

ਵਾਈਸ-ਚੇਅਰਪਰਸਨਸ ਦੇ ਪੈਨਲ ਲਈ ਪਿਛਲੇ ਹਫ਼ਤੇ ਨਾਮਜ਼ਦ ਕੀਤੀਆਂ ਗਈਆਂ ਮਹਿਲਾ ਮੈਂਬਰਾਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ -

 

ਸ਼੍ਰੀਮਤੀ ਪੀ.ਟੀ. ਊਸ਼ਾ:

 

  • ਉਹ ਪਦਮਸ਼੍ਰੀ ਐਵਾਰਡੀ ਅਤੇ ਮਸ਼ਹੂਰ ਐਥਲੀਟ ਹਨ। ਉਨ੍ਹਾਂ ਨੂੰ ਜੁਲਾਈ, 2022 ਵਿੱਚ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ।

  • ਉਹ ਰੱਖਿਆ ਕਮੇਟੀ, ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰਾਲੇ ਦੀ ਸਲਾਹਕਾਰ ਕਮੇਟੀ ਅਤੇ ਨੈਤਿਕਤਾ ਕਮੇਟੀ ਦੀ ਮੈਂਬਰ ਹਨ।

 

 

ਸ਼੍ਰੀਮਤੀ ਐੱਸ. ਫਾਂਗਨੋਨ ਕੋਨਯਾਕ:

 

  • ਉਹ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਹਨ। ਉਹ ਅਪ੍ਰੈਲ, 2022 ਵਿੱਚ ਨਾਗਾਲੈਂਡ ਤੋਂ ਰਾਜ ਸਭਾ ਦੀ ਮੈਂਬਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਹਨ ਅਤੇ ਸੰਸਦ ਜਾਂ ਰਾਜ ਵਿਧਾਨ ਸਭਾ ਦੇ ਕਿਸੇ ਵੀ ਸਦਨ ਲਈ ਚੁਣੀ ਜਾਣ ਵਾਲੀ ਰਾਜ ਦੀ ਦੂਜੀ ਮਹਿਲਾ ਹਨ।

  • ਉਹ ਟਰਾਂਸਪੋਰਟ, ਟੂਰਿਜ਼ਮ ਅਤੇ ਸੱਭਿਆਚਾਰ ਬਾਰੇ ਕਮੇਟੀ, ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੀ ਸਲਾਹਕਾਰ ਕਮੇਟੀ, ਮਹਿਲਾ ਸਸ਼ਕਤੀਕਰਨ ਕਮੇਟੀ, ਸਦਨ ਕਮੇਟੀ ਅਤੇ ਉੱਤਰ ਪੂਰਬੀ ਇੰਦਰਾ ਗਾਂਧੀ ਖੇਤਰੀ ਸਿਹਤ ਅਤੇ ਮੈਡੀਕਲ ਵਿਗਿਆਨ ਸੰਸਥਾਨ, ਸ਼ਿਲੌਂਗ ਦੀ ਗਵਰਨਿੰਗ ਕੌਂਸਲ ਦੀ ਮੈਂਬਰ ਹਨ।

 

      ਡਾ. ਫੌਜ਼ੀਆ ਖਾਨ:

 

  • ਉਹ ਨੈਸ਼ਨਲਿਸਟ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ। ਉਹ ਅਪ੍ਰੈਲ, 2020 ਵਿੱਚ ਰਾਜ ਸਭਾ ਲਈ ਚੁਣੇ ਗਏ ਸਨ।

  • ਉਹ ਮਹਿਲਾ ਸਸ਼ਕਤੀਕਰਨ ਬਾਰੇ ਕਮੇਟੀ, ਖਪਤਕਾਰ ਮਾਮਲਿਆਂ ਬਾਰੇ ਕਮੇਟੀ, ਖੁਰਾਕ ਅਤੇ ਜਨਤਕ ਵੰਡ, ਕਾਨੂੰਨ ਅਤੇ ਨਿਆਂ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਮੈਂਬਰ ਹਨ।

 

ਸ਼੍ਰੀਮਤੀ ਸੁਲਤਾ ਦੇਵ:

 

  • ਉਹ ਬੀਜੂ ਜਨਤਾ ਦਲ ਨਾਲ ਸਬੰਧਿਤ ਹਨ। ਉਹ ਜੁਲਾਈ, 2022 ਵਿੱਚ ਰਾਜ ਸਭਾ ਲਈ ਚੁਣੇ ਗਏ ਸਨ।

  • ਉਹ ਉਦਯੋਗਾਂ ਬਾਰੇ ਕਮੇਟੀ, ਮਹਿਲਾ ਸਸ਼ਕਤੀਕਰਨ ਕਮੇਟੀ, ਲਾਭ ਵਾਲੇ ਅਹੁਦੇ ਬਾਰੇ ਸੰਯੁਕਤ ਕਮੇਟੀ, ਸੰਸਦ ਮੈਂਬਰਾਂ ਦੀ ਸਥਾਨਕ ਖੇਤਰ ਵਿਕਾਸ ਯੋਜਨਾ (ਐੱਮਪੀਐੱਲਏਡੀਐੱਸ) ਕਮੇਟੀ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਮੈਂਬਰ ਹਨ।


 

 *********


ਐੱਮਐੱਸ/ਜੇਕੇ/ਆਰਸੀ



(Release ID: 1942685) Visitor Counter : 89