ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਰਲ ਦੇ ਤਿਰੂਵਨੰਤਪੁਰਮ ਦੇ ਸੈਂਟ੍ਰਲ ਸਟੇਡੀਅਮ ਵਿੱਚ 3200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ


ਕੋਚੀ ਵਾਟਰ ਮੈਟਰੋ ਨੂੰ ਸਮਰਪਿਤ ਕੀਤਾ

ਤਿਰੂਵਨੰਤਪੁਰਮ ਵਿੱਚ ਵਿਭਿੰਨ ਰੇਲ ਪ੍ਰੋਜੈਕਟਾਂ ਅਤੇ ਡਿਜੀਟਲ ਸਾਇੰਸ ਪਾਰਕ ਦਾ ਨੀਂਹ ਪੱਥਰ ਰੱਖਿਆ

“ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ, ਕੋਚੀ ਵਿੱਚ ਵਾਟਰ ਮੈਟਰੋ ਅਤੇ ਅੱਜ ਸ਼ੁਰੂ ਕੀਤੀਆਂ ਗਈਆਂ ਹੋਰ ਪਹਿਲਾਂ ਰਾਜ ਦੀ ਵਿਕਾਸ ਯਾਤਰਾ ਨੂੰ ਅੱਗੇ ਵਧਾਉਣਗੀਆਂ”

"ਕੇਰਲ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਨਿਮਰਤਾ ਉਨ੍ਹਾਂ ਨੂੰ ਇੱਕ ਵਿਲੱਖਣ ਪਹਿਚਾਣ ਦਿੰਦੀ ਹੈ"

"ਭਾਰਤ ਗਲੋਬਲ ਨਕਸ਼ੇ 'ਤੇ ਇੱਕ ਉੱਜਵਲ ਸਥਾਨ ਹੈ"

"ਸਰਕਾਰ ਸਹਿਕਾਰੀ ਸੰਘਵਾਦ 'ਤੇ ਧਿਆਨ ਕੇਂਦਰਤ ਕਰਦੀ ਹੈ ਅਤੇ ਰਾਜਾਂ ਦੇ ਵਿਕਾਸ ਨੂੰ ਦੇਸ਼ ਦੇ ਵਿਕਾਸ ਦਾ ਸਰੋਤ ਮੰਨਦੀ ਹੈ"

"ਭਾਰਤ ਬੇਮਿਸਾਲ ਗਤੀ ਅਤੇ ਸਕੇਲ ਨਾਲ ਪ੍ਰਗਤੀ ਕਰ ਰਿਹਾ ਹੈ"

"ਕਨੈਕਟੀਵਿਟੀ ਲਈ ਕੀਤੇ ਗਏ ਨਿਵੇਸ਼ ਨਾ ਸਿਰਫ਼ ਸੇਵਾਵਾਂ ਦੇ ਦਾਇਰੇ ਦਾ ਵਿਸਤਾਰ ਕਰਦੇ ਹਨ, ਬਲਕਿ ਦੂਰੀ ਨੂੰ ਵੀ ਘਟਾਉਂਦੇ ਹਨ ਅਤੇ ਜਾਤ-ਪਾਤ ਤੇ ਧਰਮ ਅਤੇ ਅਮੀਰ ਤੇ ਗ਼ਰੀਬ ਦਰਮਿਆਨ ਭੇਦਭਾਵ ਕੀਤੇ ਬਿਨਾਂ ਵੱਖ-ਵੱਖ ਸਭਿਆਚਾਰਾਂ ਨੂੰ ਜੋੜਦੇ ਹਨ"

“ਜੀ20 ਬੈਠਕਾਂ ਅਤੇ ਸਮਾਗਮ ਕੇਰਲ ਨੂੰ ਵਧੇਰੇ ਗਲੋਬਲ ਐਕਸਪੋਜ਼ਰ ਦੇ ਰਹੇ ਹਨ”

"ਕੇਰਲ ਵਿੱਚ ਸੱਭਿਆਚਾਰ, ਪਕਵਾਨ ਅਤੇ ਜਲਵਾਯੂ ਹੈ ਜਿਸ ਵਿੱਚ ਸਮ੍ਰਿੱਧੀ ਨਿਹਿਤ ਹੈ"

"ਮਨ ਕੀ ਬਾਤ ਦੀ ਸ਼ਤਾਬਦੀ ਰਾਸ਼ਟਰ ਨਿਰਮਾਣ ਲਈ ਦੇਸ਼ਵਾਸੀਆਂ

Posted On: 25 APR 2023 1:22PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਰਲ ਦੇ ਤਿਰੂਵਨੰਤਪੁਰਮ ਦੇ ਸੈਂਟ੍ਰਲ ਸਟੇਡੀਅਮ ਵਿੱਚ 3200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕੋਚੀ ਵਾਟਰ ਮੈਟਰੋ ਦਾ ਰਾਸ਼ਟਰ ਨੂੰ ਸਮਰਪਣ, ਵਿਭਿੰਨ ਰੇਲ ਪ੍ਰੋਜੈਕਟਾਂ ਅਤੇ ਤਿਰੂਵਨੰਤਪੁਰਮ ਵਿੱਚ ਡਿਜੀਟਲ ਸਾਇੰਸ ਪਾਰਕ ਦਾ ਨੀਂਹ ਪੱਥਰ ਸ਼ਾਮਲ ਹਨ। ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਨੇ ਤਿਰੂਵਨੰਤਪੁਰਮ ਅਤੇ ਕਾਸਰਗੋਡ ਦਰਮਿਆਨ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸ਼ੂ ਲਈ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।  ਅੱਜ ਦੇ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਕੇਰਲ ਦੇ ਵਿਕਾਸ ਅਤੇ ਕਨੈਕਟੀਵਿਟੀ ਨਾਲ ਸਬੰਧਤ ਵਿਭਿੰਨ ਪ੍ਰੋਜੈਕਟਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਰਾਜ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ, ਕੋਚੀ ਦੀ ਪਹਿਲੀ ਵਾਟਰ ਮੈਟਰੋ ਅਤੇ ਕਈ ਰੇਲਵੇ ਵਿਕਾਸ ਕੰਮ ਸ਼ਾਮਲ ਹਨ। ਉਨ੍ਹਾਂ ਨੇ ਕੇਰਲ ਦੇ ਨਾਗਰਿਕਾਂ ਨੂੰ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਲਈ ਵਧਾਈਆਂ ਦਿੱਤੀਆਂ।

 

ਕੇਰਲ ਦੀ ਸਿੱਖਿਆ ਅਤੇ ਜਾਗਰੂਕਤਾ ਦੇ ਪੱਧਰ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਰਲ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਸ਼ਿਸ਼ਟਾਚਾਰ ਉਨ੍ਹਾਂ ਨੂੰ ਇੱਕ ਵਿਲੱਖਣ ਪਹਿਚਾਣ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਰਲ ਦੇ ਲੋਕ ਆਲਮੀ ਪਰਿਪੇਖ ਨੂੰ ਸਮਝਣ ਦੇ ਸਮਰੱਥ ਹਨ ਅਤੇ ਉਹ ਇਸ ਗੱਲ ਦੀ ਕਦਰ ਕਰ ਸਕਦੇ ਹਨ ਕਿ ਕਿਵੇਂ ਕਠਿਨ ਸਮੇਂ ਦੌਰਾਨ ਭਾਰਤ ਨੂੰ ਵਿਕਾਸ ਦਾ ਇੱਕ ਜੀਵੰਤ ਸਥਾਨ ਮੰਨਿਆ ਜਾ ਰਿਹਾ ਹੈ ਅਤੇ ਭਾਰਤ ਦੇ ਵਿਕਾਸ ਦੇ ਵਾਅਦੇ ਨੂੰ ਗਲੋਬਲ ਪੱਧਰ 'ਤੇ ਸਵੀਕਾਰ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਦੁਨੀਆ ਦੁਆਰਾ ਭਾਰਤ ਪ੍ਰਤੀ ਦਿਖਾਏ ਗਏ ਭਰੋਸੇ ਦਾ ਕ੍ਰੈਡਿਟ ਕੇਂਦਰ ਦੀ ਇੱਕ ਨਿਰਣਾਇਕ ਸਰਕਾਰ ਨੂੰ ਦਿੱਤਾ ਜੋ ਦੇਸ਼ ਦੀ ਭਲਾਈ ਲਈ ਤੇਜ਼ ਅਤੇ ਦ੍ਰਿੜ ਫੈਸਲੇ ਲੈਂਦੀ ਹੈ, ਜਿਨ੍ਹਾਂ ਵਿੱਚ ਭਾਰਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਅਤੇ ਆਧੁਨਿਕ ਬਣਾਉਣ ਲਈ ਕੀਤੇ ਗਏ ਬੇਮਿਸਾਲ ਨਿਵੇਸ਼, ਨੌਜਵਾਨਾਂ ਦੇ ਸਕਿੱਲ ਸੈੱਟ ਨੂੰ ਵਧਾਉਣ ਲਈ ਕੀਤੇ ਨਿਵੇਸ਼ ਅਤੇ ਇਸ ਤੋਂ ਇਲਾਵਾ ਈਜ਼ ਆਵੑ ਲਿਵਿੰਗ ਅਤੇ ਈਜ਼ ਆਵੑ ਡੂਇੰਗ ਬਿਜ਼ਨਸ ਪ੍ਰਤੀ ਕੇਂਦਰ ਸਰਕਾਰ ਦੀ ਵਚਨਬੱਧਤਾ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਸਹਿਕਾਰੀ ਸੰਘਵਾਦ 'ਤੇ ਧਿਆਨ ਕੇਂਦਰਤ ਕਰਦੀ ਹੈ ਅਤੇ ਰਾਜਾਂ ਦੇ ਵਿਕਾਸ ਨੂੰ ਦੇਸ਼ ਦਾ ਵਿਕਾਸ ਮੰਨਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਅਸੀਂ ਸੇਵਾ-ਅਧਾਰਿਤ ਪਹੁੰਚ ਨਾਲ ਕੰਮ ਕਰ ਰਹੇ ਹਾਂ। ਦੇਸ਼ ਤਾਂ ਹੀ ਤੇਜ਼ੀ ਨਾਲ ਤਰੱਕੀ ਕਰ ਸਕਦਾ ਹੈ ਜੇਕਰ ਕੇਰਲ ਪ੍ਰਗਤੀ ਕਰਦਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਧਦੇ ਕੱਦ ਦਾ ਇੱਕ ਕਾਰਨ ਕੇਂਦਰ ਸਰਕਾਰ ਦੇ ਆਊਟਰੀਚ ਪ੍ਰਯਾਸਾਂ ਕਰਕੇ ਹੈ ਜਿਸ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਕੇਰਲ ਵਾਸੀਆਂ ਨੂੰ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਧ ਰਹੀ ਤਾਕਤ ਭਾਰਤੀ ਪ੍ਰਵਾਸੀਆਂ ਦੀ ਬਹੁਤ ਮਦਦ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਕਨੈਕਟੀਵਿਟੀ ਬੁਨਿਆਦੀ ਢਾਂਚੇ 'ਤੇ ਕੰਮ ਬੇਮਿਸਾਲ ਗਤੀ ਅਤੇ ਸਕੇਲ 'ਤੇ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ ਵੀ ਬੁਨਿਆਦੀ ਢਾਂਚੇ ’ਤੇ 10 ਲੱਖ ਕਰੋੜ ਤੋਂ ਵੱਧ ਖਰਚ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ “ਦੇਸ਼ ਵਿੱਚ ਪਬਲਿਕ ਟਰਾਂਸਪੋਰਟ ਅਤੇ ਲੌਜਿਸਟਿਕ ਸੈਕਟਰ ਨੂੰ ਪੂਰੀ ਤਰ੍ਹਾਂ ਬਦਲਿਆ ਜਾ ਰਿਹਾ ਹੈ। ਅਸੀਂ ਭਾਰਤੀ ਰੇਲਵੇ ਦੇ ਸੁਨਹਿਰੀ ਯੁੱਗ ਵੱਲ ਵਧ ਰਹੇ ਹਾਂ।”  ਉਨ੍ਹਾਂ ਅੱਗੇ ਕਿਹਾ ਕਿ 2014 ਤੋਂ ਪਹਿਲਾਂ ਦਾ ਔਸਤ ਰੇਲ ਬਜਟ ਹੁਣ ਪੰਜ ਗੁਣਾ ਵੱਧ ਗਿਆ ਹੈ।

 

ਪਿਛਲੇ 9 ਵਰ੍ਹਿਆਂ ਵਿੱਚ ਕੇਰਲ ਵਿੱਚ ਹੋਏ ਰੇਲਵੇ ਦੇ ਵਿਕਾਸ 'ਤੇ ਰੌਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਗੇਜ ਪਰਿਵਰਤਨ, ਡਬਲਿੰਗ ਅਤੇ ਰੇਲਵੇ ਪਟੜੀਆਂ ਦੇ ਬਿਜਲੀਕਰਣ ਦੇ ਸਬੰਧ ਵਿੱਚ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕੇਰਲ ਦੇ ਤਿੰਨ ਵੱਡੇ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਕੰਮ ਅੱਜ ਇਸ ਨੂੰ ਇੱਕ ਬਹੁ-ਪੱਖੀ ਟ੍ਰਾਂਸਪੋਰਟ ਹੱਬ ਬਣਾਉਣ ਦੇ ਵਿਜ਼ਨ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ “ਵੰਦੇ ਭਾਰਤ ਐਕਸਪ੍ਰੈੱਸ ਖਾਹਿਸ਼ੀ ਭਾਰਤ ਦੀ ਪਹਿਚਾਣ ਹੈ।” ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਬਦਲ ਰਹੇ ਰੇਲ ਨੈੱਟਵਰਕ ‘ਤੇ ਚਾਨਣਾ ਪਾਇਆ ਜੋ ਅਜਿਹੀਆਂ ਸੈਮੀ-ਹਾਈ ਸਪੀਡ ਟਰੇਨਾਂ ਨੂੰ ਅਸਾਨੀ ਨਾਲ ਚਲਾਉਣਾ ਸੰਭਵ ਬਣਾਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ ਦੀਆਂ ਸਾਰੀਆਂ ਵੰਦੇ ਭਾਰਤ ਟ੍ਰੇਨਾਂ ਸੱਭਿਆਚਾਰਕ, ਅਧਿਆਤਮਿਕ ਅਤੇ ਟੂਰਿਜ਼ਮ ਮਹੱਤਵ ਵਾਲੇ ਸਥਾਨਾਂ ਨੂੰ ਜੋੜ ਰਹੀਆਂ ਹਨ। ਉਨ੍ਹਾਂ ਕਿਹਾ “ਕੇਰਲ ਦੀ ਪਹਿਲੀ ਵੰਦੇ ਭਾਰਤ ਟ੍ਰੇਨ ਉੱਤਰੀ ਕੇਰਲ ਨੂੰ ਦੱਖਣੀ ਕੇਰਲ ਨਾਲ ਜੋੜੇਗੀ। ਇਹ ਟ੍ਰੇਨ ਕੋਲਮ, ਕੋਟਾਯਮ, ਏਰਨਾਕੁਲਮ, ਤ੍ਰਿਸੂਰ ਅਤੇ ਕੰਨੂਰ ਜਿਹੇ ਤੀਰਥ ਅਸਥਾਨਾਂ ਦੀ ਯਾਤਰਾ ਨੂੰ ਅਸਾਨ ਬਣਾਵੇਗੀ।“ ਉਨ੍ਹਾਂ ਆਧੁਨਿਕ ਟ੍ਰੇਨ ਦੇ ਵਾਤਾਵਰਣ ਸਬੰਧੀ ਫਾਇਦਿਆਂ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੈਮੀ-ਹਾਈ ਸਪੀਡ ਟ੍ਰੇਨਾਂ ਲਈ ਤਿਰੂਵਨੰਤਪੁਰਮ-ਸ਼ੋਰਾਨੂਰ ਸੈਕਸ਼ਨ ਨੂੰ ਤਿਆਰ ਕਰਨ ਲਈ ਅੱਜ ਕੰਮ ਸ਼ੁਰੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਗੱਲ ਜਾਰੀ ਰੱਖਦਿਆਂ ਕਿਹਾ ਕਿ ਇਹ ਕੰਮ ਪੂਰਾ ਹੋਣ 'ਤੇ, ਤਿਰੂਵਨੰਤਪੁਰਮ ਤੋਂ ਮੰਗਲੁਰੂ ਤੱਕ ਸੈਮੀ-ਹਾਈ ਸਪੀਡ ਟ੍ਰੇਨਾਂ ਚਲਾਉਣਾ ਸੰਭਵ ਹੋ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਬੁਨਿਆਦੀ ਢਾਂਚੇ ਦੇ ਸਬੰਧ ਵਿੱਚ ਸਥਾਨਕ ਜ਼ਰੂਰਤਾਂ ਅਨੁਸਾਰ ਮੇਡ ਇਨ ਇੰਡੀਆ ਸਮਾਧਾਨ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਨੈਕਟੀਵਿਟੀ ਲਈ ਸਥਿਤੀ-ਵਿਸ਼ੇਸ਼ ਸਮਾਧਾਨਾਂ ਨੂੰ ਦਰਸਾਉਣ ਲਈ ਸੈਮੀ-ਹਾਈਬ੍ਰਿਡ ਟ੍ਰੇਨ, ਖੇਤਰੀ ਰੈਪਿਡ ਟ੍ਰਾਂਸਪੋਰਟ ਸਿਸਟਮ, ਰੋਅ-ਰੋਅ ਫੈਰੀ, ਅਤੇ ਰੋਪਵੇ ਜਿਹੇ ਸਮਾਧਾਨ ਸੂਚੀਬੱਧ ਕੀਤੇ। ਉਨ੍ਹਾਂ ਮੇਡ ਇਨ ਇੰਡੀਆ ਵੰਦੇ ਭਾਰਤ ਅਤੇ ਮੈਟਰੋ ਕੋਚਾਂ ਦੇ ਸਵਦੇਸ਼ੀ ਮੂਲ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਛੋਟੇ ਸ਼ਹਿਰਾਂ ਵਿੱਚ ਮੈਟਰੋ-ਲਾਈਟ ਅਤੇ ਸ਼ਹਿਰੀ ਰੋਪਵੇਅ ਜਿਹੇ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਕੋਚੀ ਵਾਟਰ ਮੈਟਰੋ ਇੱਕ ਮੇਡ ਇਨ ਇੰਡੀਆ ਪ੍ਰੋਜੈਕਟ ਹੈ ਅਤੇ ਇਸਦੇ ਲਈ ਬੰਦਰਗਾਹਾਂ ਦੇ ਵਿਕਾਸ ਲਈ ਕੋਚੀ ਸ਼ਿਪਯਾਰਡ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੋਚੀ ਵਾਟਰ ਮੈਟਰੋ ਕੋਚੀ ਦੇ ਨਜ਼ਦੀਕੀ ਟਾਪੂਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਆਵਾਜਾਈ ਦੇ ਆਧੁਨਿਕ ਅਤੇ ਕਿਫਾਇਤੀ ਸਾਧਨਾਂ ਨੂੰ ਪਹੁੰਚਯੋਗ ਬਣਾਵੇਗੀ ਅਤੇ ਬੱਸ ਟਰਮੀਨਲ ਅਤੇ ਮੈਟਰੋ ਨੈੱਟਵਰਕ ਦੇ ਦਰਮਿਆਨ ਅੰਤਰ-ਮੌਡਲ ਕਨੈਕਟੀਵਿਟੀ ਵੀ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਬੈਕਵਾਟਰ ਟੂਰਿਜ਼ਮ ਨੂੰ ਫਾਇਦਾ ਹੋਵੇਗਾ ਅਤੇ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੋਚੀ ਵਾਟਰ ਮੈਟਰੋ ਦੇਸ਼ ਦੇ ਬਾਕੀ ਸੂਬਿਆਂ ਲਈ ਮੋਡਲ ਬਣੇਗੀ।

 

ਸ਼੍ਰੀ ਮੋਦੀ ਨੇ ਦੁਹਰਾਇਆ ਕਿ ਭੌਤਿਕ ਕਨੈਕਟੀਵਿਟੀ ਦੇ ਨਾਲ-ਨਾਲ ਡਿਜੀਟਲ ਕਨੈਕਟੀਵਿਟੀ ਵੀ ਦੇਸ਼ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਤਿਰੂਵਨੰਤਪੁਰਮ ਵਿੱਚ ਡਿਜੀਟਲ ਸਾਇੰਸ ਪਾਰਕ ਜਿਹੇ ਪ੍ਰੋਜੈਕਟ ਡਿਜੀਟਲ ਇੰਡੀਆ ਨੂੰ ਹੁਲਾਰਾ ਦੇਣਗੇ। ਉਨ੍ਹਾਂ ਭਾਰਤ ਦੀ ਡਿਜੀਟਲ ਪ੍ਰਣਾਲੀ ਲਈ ਗਲੋਬਲ ਪ੍ਰਸ਼ੰਸਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ "ਸਵਦੇਸ਼ੀ ਤੌਰ 'ਤੇ ਵਿਕਸਿਤ 5ਜੀ ਇਸ ਸੈਕਟਰ ਵਿੱਚ ਨਵੇਂ ਮੌਕੇ ਪੈਦਾ ਕਰੇਗਾ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਨੈਕਟੀਵਿਟੀ ਲਈ ਕੀਤੇ ਗਏ ਨਿਵੇਸ਼ ਨਾ ਸਿਰਫ਼ ਸੇਵਾਵਾਂ ਦੇ ਦਾਇਰੇ ਦਾ ਵਿਸਤਾਰ ਕਰਦੇ ਹਨ ਬਲਕਿ ਦੂਰੀਆਂ ਨੂੰ ਵੀ ਘਟਾਉਂਦੇ ਹਨ ਅਤੇ ਜਾਤ-ਪਾਤ ਅਤੇ ਅਮੀਰ-ਗ਼ਰੀਬ ਦਰਮਿਆਨ ਭੇਦਭਾਵ ਕੀਤੇ ਬਿਨਾਂ ਵਿਭਿੰਨ ਸੱਭਿਆਚਾਰਾਂ ਨੂੰ ਜੋੜਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਵਿਕਾਸ ਦਾ ਸਹੀ ਮੋਡਲ ਹੈ ਜਿਸ ਨੂੰ ਪੂਰੇ ਭਾਰਤ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਇਹ ‘ਏਕ ਭਾਰਤ ਸ਼ੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ​​ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਰਲ ਕੋਲ ਦੇਸ਼ ਅਤੇ ਦੁਨੀਆ ਨੂੰ ਦੇਣ ਲਈ ਬਹੁਤ ਕੁਝ ਹੈ।  ਪ੍ਰਧਾਨ ਮੰਤਰੀ ਨੇ ਕਿਹਾ, “ਕੇਰਲ ਵਿੱਚ ਸੱਭਿਆਚਾਰ, ਪਕਵਾਨ ਅਤੇ ਜਲਵਾਯੂ ਹੈ ਜਿਸ ਵਿੱਚ ਸਮ੍ਰਿੱਧੀ ਦਾ ਸਰੋਤ ਹੈ। ਕੁਮਾਰਕੋਮ ਵਿੱਚ ਹਾਲ ਹੀ ਵਿੱਚ ਹੋਈ ਜੀ20 ਬੈਠਕ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮਾਗਮ ਕੇਰਲ ਨੂੰ ਵਧੇਰੇ ਗਲੋਬਲ ਐਕਸਪੋਜ਼ਰ ਪ੍ਰਦਾਨ ਕਰਦੇ ਹਨ।

 

ਪ੍ਰਧਾਨ ਮੰਤਰੀ ਨੇ ਕੇਰਲ ਦੇ ਪ੍ਰਸਿੱਧ ਸ਼੍ਰੀ-ਅੰਨ (ਮਿਲਟਸ) ਜਿਵੇਂ ਕਿ ਰਾਗੀ ਪੱਟੂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਸਥਾਨਕ ਉਤਪਾਦਾਂ ਅਤੇ ਉਪਜਾਂ ਲਈ ਪ੍ਰਚਾਰਕ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ “ਜਦੋਂ ਸਾਡੇ ਉਤਪਾਦ ਗਲੋਬਲ ਬਜ਼ਾਰਾਂ ਤੱਕ ਪਹੁੰਚਣਗੇ, ਤਾਂ ਵਿਕਸਿਤ ਭਾਰਤ ਦਾ ਰਾਹ ਹੋਰ ਮਜ਼ਬੂਤ ​​ਹੋਵੇਗਾ।”

 

ਮਨ ਕੀ ਬਾਤ ਪ੍ਰੋਗਰਾਮ ਵਿੱਚ ਨਾਗਰਿਕਾਂ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 'ਵੋਕਲ ਫਾਰ ਲੋਕਲ' ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੇਰਲ ਦੇ ਸਵੈ-ਸਹਾਇਤਾ ਸਮੂਹਾਂ ਦੁਆਰਾ ਬਣਾਏ ਗਏ ਉਤਪਾਦਾਂ ਦਾ ਅਕਸਰ ਜ਼ਿਕਰ ਕਰਦੇ ਹਨ। ਉਨ੍ਹਾਂ ਦੱਸਿਆ ਕਿ 'ਮਨ ਕੀ ਬਾਤ' ਇਸ ਐਤਵਾਰ ਨੂੰ ਐਪੀਸੋਡਾਂ ਦੀ ਇੱਕ ਸ਼ਤਾਬਦੀ ਪੂਰੀ ਕਰ ਰਹੀ ਹੈ ਅਤੇ ਇਹ ਉਨ੍ਹਾਂ ਸਾਰੇ ਨਾਗਰਿਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਰਾਸ਼ਟਰ ਵਿਕਾਸ ਦੇ ਨਾਲ-ਨਾਲ 'ਏਕ ਭਾਰਤ ਸ਼ੇਸ਼ਠ ਭਾਰਤ' ਦੀ ਭਾਵਨਾ ਨਾਲ ਆਪਣਾ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਾਰਿਆਂ ਨੂੰ ਆਪਣੇ ਆਪ ਨੂੰ ਸਮਰਪਿਤ ਕਰਨਾ ਹੋਵੇਗਾ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੇਰਲ ਦੇ ਰਾਜਪਾਲ, ਸ਼੍ਰੀ ਆਰਿਫ ਮੁਹੰਮਦ ਖਾਨ, ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ, ਕੇਂਦਰੀ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ, ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ, ਡਾ. ਸ਼ਸ਼ੀ ਥਰੂਰ ਅਤੇ ਕੇਰਲ ਸਰਕਾਰ ਦੇ ਮੰਤਰੀ ਵੀ ਇਸ ਮੌਕੇ 'ਤੇ ਮੌਜੂਦ ਸਨ।

 

ਪਿਛੋਕੜ

 

ਪ੍ਰਧਾਨ ਮੰਤਰੀ ਨੇ ਅੱਜ 3200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕੋਚੀ ਵਾਟਰ ਮੈਟਰੋ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਆਪਣੀ ਕਿਸਮ ਦਾ ਨਿਵੇਕਲਾ ਪ੍ਰੋਜੈਕਟ ਕੋਚੀ ਸ਼ਹਿਰ ਨਾਲ ਸਹਿਜ ਕਨੈਕਟੀਵਿਟੀ ਲਈ ਬੈਟਰੀ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਹਾਈਬ੍ਰਿਡ ਕਿਸ਼ਤੀਆਂ ਰਾਹੀਂ ਕੋਚੀ ਦੇ ਆਸ-ਪਾਸ ਦੇ 10 ਟਾਪੂਆਂ ਨੂੰ ਜੋੜਦਾ ਹੈ।

 

ਕੋਚੀ ਵਾਟਰ ਮੈਟਰੋ ਤੋਂ ਇਲਾਵਾ, ਡਿੰਡੀਗੁਲ-ਪਲਾਨੀ-ਪਲੱਕੜ ਸੈਕਸ਼ਨ ਦੇ ਰੇਲ ਬਿਜਲੀਕਰਣ ਨੂੰ ਵੀ ਪ੍ਰਧਾਨ ਮੰਤਰੀ ਨੇ ਸਮਰਪਿਤ ਕੀਤਾ।  ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨੇ ਤਿਰੂਵਨੰਤਪੁਰਮ, ਕੋਝੀਕੋਡ, ਅਤੇ ਵਰਕਲਾ ਸ਼ਿਵਗਿਰੀ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਸਮੇਤ ਵਿਭਿੰਨ ਰੇਲ ਪ੍ਰਾਜੈਕਟਾਂ;  ਨੇਮੋਨ ਅਤੇ ਕੋਚੂਵੇਲੀ ਸਮੇਤ ਤਿਰੂਵਨੰਤਪੁਰਮ ਖੇਤਰ ਦਾ ਵਿਆਪਕ ਵਿਕਾਸ ਅਤੇ ਤਿਰੂਵਨੰਤਪੁਰਮ-ਸ਼ੋਰਾਨੂਰ ਸੈਕਸ਼ਨ ਦੀ ਸੈਕਸ਼ਨਲ ਗਤੀ ਵਿੱਚ ਵਾਧੇ ਸਮੇਤ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

 

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਤਿਰੂਵਨੰਤਪੁਰਮ ਵਿੱਚ ਡਿਜੀਟਲ ਸਾਇੰਸ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ। ਅਕਾਦਮਿਕ ਜਗਤ ਦੇ ਸਹਿਯੋਗ ਨਾਲ ਉਦਯੋਗ ਅਤੇ ਵਪਾਰਕ ਇਕਾਈਆਂ ਦੁਆਰਾ ਡਿਜੀਟਲ ਉਤਪਾਦਾਂ ਅਤੇ ਸੇਵਾਵਾਂ ਨੂੰ ਵਿਕਸਿਤ ਕਰਨ ਲਈ ਡਿਜੀਟਲ ਸਾਇੰਸ ਪਾਰਕ ਦੀ ਇੱਕ ਪ੍ਰਮੁੱਖ ਖੋਜ ਸੁਵਿਧਾ ਵਜੋਂ ਕਲਪਨਾ ਕੀਤੀ ਗਈ ਹੈ। ਤੀਸਰੀ ਪੀੜ੍ਹੀ ਦੇ ਸਾਇੰਸ ਪਾਰਕ ਦੇ ਰੂਪ ਵਿੱਚ, ਡਿਜੀਟਲ ਸਾਇੰਸ ਪਾਰਕ ਉਦਯੋਗ 4.0 ਟੈਕਨੋਲੋਜੀ ਦੇ ਖੇਤਰ ਵਿੱਚ ਉਤਪਾਦਾਂ ਦੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਸਾਂਝੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ ਜਿਵੇਂ ਕਿ ਏਆਈ, ਡੇਟਾ ਵਿਸ਼ਲੇਸ਼ਣ, ਸਾਈਬਰ ਸੁਰੱਖਿਆ, ਸਮਾਰਟ ਮਟੀਰੀਅਲ ਆਦਿ। ਅਤਿ-ਆਧੁਨਿਕ ਬੁਨਿਆਦੀ ਢਾਂਚਾ ਉਦਯੋਗਾਂ ਦੁਆਰਾ ਉੱਚ ਪੱਧਰੀ ਲਾਗੂ ਖੋਜ ਅਤੇ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਉਤਪਾਦਾਂ ਦੇ ਸਹਿ-ਵਿਕਾਸ ਦਾ ਸਮਰਥਨ ਕਰੇਗਾ। ਪ੍ਰੋਜੈਕਟ ਦੇ ਫੇਜ਼-1 ਲਈ ਸ਼ੁਰੂਆਤੀ ਨਿਵੇਸ਼ ਲਗਭਗ 200 ਕਰੋੜ ਰੁਪਏ ਹੈ ਜਦੋਂ ਕਿ ਕੁੱਲ ਪ੍ਰੋਜੈਕਟ ਦੀ ਲਾਗਤ ਲਗਭਗ 1515 ਕਰੋੜ ਰੁਪਏ ਹੈ।

 

 

 

 

 

 

 

 

 

 *********

 

ਡੀਐੱਸ/ਟੀਐੱਸ


(Release ID: 1919740) Visitor Counter : 146