ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਸ਼ਿਵਮੋਗਾ ਵਿੱਚ 3,600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਸ਼ਿਵਮੋਗਾ ਹਵਾਈ ਅੱਡੇ ਦਾ ਉਦਘਾਟਨ ਕੀਤਾ

ਦੋ ਰੇਲਵੇ ਪ੍ਰੋਜੈਕਟਾਂ ਅਤੇ ਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਮਲਟੀ—ਵਿਲੇਜ਼ ਸਕੀਮਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

44 ਸਮਾਰਟ ਸਿਟੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

"ਇਹ ਕੇਵਲ ਇੱਕ ਹਵਾਈ ਅੱਡਾ ਨਹੀਂ, ਬਲਕਿ ਇੱਕ ਮੁਹਿੰਮ ਹੈ, ਜਿੱਥੇ ਨੌਜਵਾਨ ਪੀੜ੍ਹੀ ਦੇ ਸੁਪਨੇ ਸਾਕਾਰ ਹੋ ਸਕਦੇ ਹਨ"

"ਕਰਨਾਟਕ ਦੀ ਪ੍ਰਗਤੀ ਦਾ ਰਾਹ ਰੇਲਵੇਜ਼, ਰੋਡਵੇਜ਼, ਏਅਰਵੇਜ਼ ਅਤੇ ਆਈਵੇਜ਼ ਵਿੱਚ ਤਰੱਕੀ ਨਾਲ ਤਿਆਰ ਕੀਤਾ ਗਿਆ ਹੈ"

"ਸ਼ਿਵਮੋਗਾ ਵਿੱਚ ਹਵਾਈ ਅੱਡੇ ਦਾ ਉਦਘਾਟਨ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਭਾਰਤ ਵਿੱਚ ਹਵਾਈ ਯਾਤਰਾ ਲਈ ਉਤਸ਼ਾਹ ਸਭ ਤੋਂ ਉੱਚੇ ਪੱਧਰ 'ਤੇ ਹੈ"

“ਅੱਜ ਦਾ ਏਅਰ ਇੰਡੀਆ ਨਿਊ ਇੰਡੀਆ ਦੀ ਸਮਰੱਥਾ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਇਹ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ”

"ਚੰਗੀ ਕਨੈਕਟੀਵਿਟੀ ਵਾਲਾ ਬੁਨਿਆਦੀ ਢਾਂਚਾ ਪੂਰੇ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਜਾ ਰਿਹਾ ਹੈ"

"ਡਬਲ ਇੰਜਣ ਵਾਲੀ ਸਰਕਾਰ ਪਿੰਡਾਂ, ਗ਼ਰੀਬਾਂ, ਸਾਡੀਆਂ ਮਾਤਾਵਾਂ ਅਤੇ ਭੈਣਾਂ ਦੀ ਹੈ"

Posted On: 27 FEB 2023 1:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਸ਼ਿਵਮੋਗਾ ਵਿਖੇ 3,600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਉਨ੍ਹਾਂ ਸ਼ਿਵਮੋਗਾ ਹਵਾਈ ਅੱਡੇ ਦਾ ਉਦਘਾਟਨ ਵੀ ਕੀਤਾ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਸ਼ਿਵਮੋਗਾ ਵਿੱਚ ਦੋ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਵਿੱਚ ਸ਼ਿਵਮੋਗਾ - ਸ਼ਿਕਾਰੀਪੁਰਾ – ਰਾਨੇਬੇਨੂਰ ਨਵੀਂ ਰੇਲਵੇ ਲਾਈਨ ਅਤੇ ਕੋਟੇਗੰਗੁਰੂ ਰੇਲਵੇ ਕੋਚਿੰਗ ਡਿਪੂ ਸ਼ਾਮਲ ਹਨ। ਉਨ੍ਹਾਂ ਨੇ 215 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਵਿਕਸਤ ਕੀਤੇ ਜਾਣ ਵਾਲੇ ਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਜਲ ਜੀਵਨ ਮਿਸ਼ਨ ਤਹਿਤ 950 ਕਰੋੜ ਰੁਪਏ ਤੋਂ ਵੱਧ ਦੀਆਂ ਮਲਟੀ—ਵਿਲੇਜ਼ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਸ਼ਿਵਮੋਗਾ ਸ਼ਹਿਰ ਵਿੱਚ 895 ਕਰੋੜ ਰੁਪਏ ਤੋਂ ਵੱਧ ਦੇ 44 ਸਮਾਰਟ ਸਿਟੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਕਵੀ ਕੁਵੈਂਪੂ ਦੀ ਧਰਤੀ ਨੂੰ ਨਮਨ ਕੀਤਾ, ਜਿਨ੍ਹਾਂ ਦੀ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰਤੀ ਸਮਰਪਣ ਦੀ ਭਾਵਨਾ ਅੱਜ ਵੀ ਬਰਕਰਾਰ ਹੈ। ਸ਼ਿਵਮੋਗਾ ਵਿੱਚ ਉਦਘਾਟਨ ਕੀਤੇ ਗਏ ਨਵੇਂ ਹਵਾਈ ਅੱਡੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਅੱਜ ਨਾਗਰਿਕਾਂ ਦੀਆਂ ਜ਼ਰੂਰਤਾਂ  ਪੂਰੀਆਂ ਹੋਈਆਂ ਹਨ। ਹਵਾਈ ਅੱਡੇ ਦੀ ਗੌਰਵਮਈ  ਸੁੰਦਰਤਾ ਅਤੇ ਨਿਰਮਾਣ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਰਨਾਟਕ ਦੀਆਂ ਪ੍ਰੰਪਰਾਵਾਂ ਅਤੇ ਤਕਨੀਕ ਦੇ ਸੁਮੇਲ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਹਵਾਈ ਅੱਡਾ ਨਹੀਂ, ਬਲਕਿ ਇੱਕ ਮੁਹਿੰਮ ਹੈ, ਜਿੱਥੇ ਨੌਜਵਾਨ ਪੀੜ੍ਹੀ ਦੇ ਸੁਪਨੇ ਸਾਕਾਰ ਹੋ ਸਕਦੇ ਹਨ। ਉਨ੍ਹਾਂ ‘ਹਰ ਘਰ ਨਲ ਸੇ ਜਲ’ ਪ੍ਰਾਜੈਕਟਾਂ ਦੇ ਨਾਲ-ਨਾਲ ਸੜਕ ਅਤੇ ਰੇਲ ਪ੍ਰਾਜੈਕਟਾਂ ਦੀ ਵੀ ਗੱਲ ਕੀਤੀ, ਜਿਨ੍ਹਾਂ ਦੇ ਅੱਜ ਨੀਂਹ ਪੱਥਰ ਰੱਖੇ ਜਾ ਰਹੇ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਅੱਜ ਸ਼੍ਰੀ ਬੀ ਐੱਸ ਯੇਦੀਯੁਰੱਪਾ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਦਾ ਹਾਲੀਆ ਭਾਸ਼ਣ ਜਨਤਕ ਜੀਵਨ ਵਿੱਚ ਹਰ ਕਿਸੇ ਲਈ ਪ੍ਰੇਰਨਾ ਸ੍ਰੋਤ ਹੈ। ਮੋਬਾਈਲਾਂ ਦੀਆਂ ਫਲੈਸ਼ ਲਾਈਟਾਂ ਜਗਾ ਕੇ ਸ਼੍ਰੀ ਬੀ ਐੱਸ ਯੇਦੀਯੁਰੱਪਾ ਦਾ ਸਨਮਾਨ ਕਰਨ ਦੀ ਪ੍ਰਧਾਨ ਮੰਤਰੀ ਦੀ ਬੇਨਤੀ ਦਾ ਇਕੱਠ ਨੇ ਭਰਪੂਰ ਹੁੰਗਾਰਾ ਦਿੱਤਾ ਅਤੇ ਲੋਕਾਂ ਨੇ ਸੀਨੀਅਰ ਨੇਤਾ ਲਈ ਆਪਣੇ ਪ੍ਰੇਮ ਦਾ ਇਜ਼ਹਾਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਗਤੀ ਦਾ ਇਹ ਰਾਹ ਰੋਡਵੇਜ਼, ਏਅਰਵੇਜ਼ ਅਤੇ ਆਈਵੇਜ਼ (ਡਿਜੀਟਲ ਕਨੈਕਟੀਵਿਟੀ) ਵਿੱਚ ਕਦਮ ਉਠਾ ਕੇ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਦੀ ਡਬਲ ਇੰਜਣ ਵਾਲੀ ਸਰਕਾਰ ਕਰਨਾਟਕ ਦੀ ਪ੍ਰਗਤੀ ਦੇ ਰੱਥ ਨੂੰ ਤਾਕਤ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਪਹਿਲੇ ਸਮਿਆਂ ਦੇ ਵੱਡੇ ਸ਼ਹਿਰ-ਕੇਂਦ੍ਰਿਤ ਵਿਕਾਸ ਦੇ ਉਲਟ ਕਰਨਾਟਕ ਵਿੱਚ ਡਬਲ- ਇੰਜਣ ਸਰਕਾਰ ਦੇ ਅਧੀਨ ਪਿੰਡਾਂ ਅਤੇ ਟੀਅਰ 2-3 ਸ਼ਹਿਰਾਂ ਵਿੱਚ ਵਿਕਾਸ ਦੇ ਵਿਆਪਕ ਫੈਲਾਅ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, "ਸ਼ਿਵਮੋਗਾ ਦਾ ਵਿਕਾਸ ਇਸੇ  ਸੋਚ ਪ੍ਰਕਿਰਿਆ ਦਾ ਨਤੀਜਾ ਹੈ।"

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸ਼ਿਵਮੋਗਾ ਵਿੱਚ ਹਵਾਈ ਅੱਡੇ ਦਾ ਉਦਘਾਟਨ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਭਾਰਤ ਵਿੱਚ ਹਵਾਈ ਯਾਤਰਾ ਲਈ ਉਤਸ਼ਾਹ ਸਭ ਤੋਂ ਉੱਚੇ ਪੱਧਰ 'ਤੇ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ 'ਚ ਏਅਰ ਇੰਡੀਆ ਨੇ ਦੁਨੀਆ ਦੇ ਸਭ ਤੋਂ ਵੱਡੇ ਯਾਤਰੀ ਜਹਾਜ਼ ਖਰੀਦਣ ਦਾ ਸੌਦਾ ਪੂਰਾ ਕੀਤਾ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ 2014 ਤੋਂ ਪਹਿਲਾਂ ਕਾਂਗਰਸ ਦੇ ਸ਼ਾਸਨ ਦੌਰਾਨ, ਏਅਰ ਇੰਡੀਆ ਦੀ ਆਮ ਤੌਰ 'ਤੇ ਨਕਾਰਾਤਮਕ ਪੱਖ ਤੋਂ ਚਰਚਾ ਕੀਤੀ ਜਾਂਦੀ ਸੀ ਅਤੇ ਇਸਦੀ ਪਛਾਣ ਹਮੇਸ਼ਾ ਘੁਟਾਲਿਆਂ ਨਾਲ ਜੁੜੀ ਹੋਈ ਸੀ, ਜਿੱਥੇ ਇਸ ਨੂੰ ਘਾਟੇ ਵਿੱਚ ਚਲਣ ਵਾਲਾ ਕਾਰੋਬਾਰੀ ਮਾਡਲ ਮੰਨਿਆ ਜਾਂਦਾ ਸੀ। ਅੱਜ ਦੇ ਏਅਰ ਇੰਡੀਆ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਨਵੇਂ ਭਾਰਤ ਦੀ ਸਮਰੱਥਾ ਵਜੋਂ ਮਾਨਤਾ ਦਿੱਤੀ ਜਾਂਦੀ ਹੈ, ਜਿੱਥੇ ਇਹ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਨੇ ਭਾਰਤ ਦੇ ਵਿਸਤ੍ਰਿਤ ਹਵਾਬਾਜ਼ੀ ਬਾਜ਼ਾਰ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਦੇਸ਼ ਨੂੰ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਹਵਾਈ ਜਹਾਜ਼ਾਂ ਦੀ ਲੋੜ ਪਵੇਗੀ, ਜਿੱਥੇ ਹਜ਼ਾਰਾਂ ਨੌਜਵਾਨ ਨਾਗਰਿਕਾਂ ਦੀ ਵਰਕ ਫੋਰਸ ਵਜੋਂ ਲੋੜ ਹੋਵੇਗੀ। ਭਾਵੇਂ ਅਸੀਂ ਅੱਜ ਇਨ੍ਹਾਂ ਜਹਾਜ਼ਾਂ ਨੂੰ ਆਯਾਤ ਕਰ ਰਹੇ ਹਾਂ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੇ ਨਾਗਰਿਕ 'ਮੇਡ ਇਨ ਇੰਡੀਆ' ਯਾਤਰੀ ਹਵਾਈ ਜਹਾਜ਼ਾਂ ਵਿੱਚ ਉਡਾਣ ਭਰਨਗੇ।

ਪ੍ਰਧਾਨ ਮੰਤਰੀ ਨੇ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਿਆ, ਜਿਨ੍ਹਾਂ ਸਦਕਾ ਹਵਾਬਾਜ਼ੀ ਖੇਤਰ ਦਾ ਬੇਮਿਸਾਲ ਵਿਸਤਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀ ਪਹੁੰਚ ਦੇ ਉਲਟ ਮੌਜੂਦਾ ਸਰਕਾਰ ਨੇ ਛੋਟੇ ਸ਼ਹਿਰਾਂ ਵਿੱਚ ਹਵਾਈ ਅੱਡਿਆਂ ਦੀ ਉਸਾਰੀ ਲਈ ਜ਼ੋਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ 2014 ਤੱਕ ਦੇਸ਼ ਵਿੱਚ ਆਜ਼ਾਦੀ ਦੇ ਪਹਿਲੇ 7 ਦਹਾਕਿਆਂ ਵਿੱਚ 74 ਹਵਾਈ ਅੱਡੇ ਸਨ, ਜਦਕਿ ਪਿਛਲੇ 9 ਸਾਲਾਂ ਵਿੱਚ 74 ਹੋਰ ਹਵਾਈ ਅੱਡੇ ਬਣਾਏ ਗਏ ਹਨ, ਜੋ ਕਈ ਛੋਟੇ ਸ਼ਹਿਰਾਂ ਨੂੰ ਜੋੜਦੇ ਹਨ। ਪ੍ਰਧਾਨ ਮੰਤਰੀ ਨੇ ਵਿਜ਼ਨ ਨੂੰ ਸਾਕਾਰ ਕਰਨ ਲਈ ਕਿਫਾਇਤੀ ਹਵਾਈ ਯਾਤਰਾ ਲਈ ਉਡਾਨ ਯੋਜਨਾ ਦਾ ਵੀ ਜ਼ਿਕਰ ਕੀਤਾ ਕਿ ਹਵਾਈ ਚੱਪਲ ਪਹਿਨਣ ਵਾਲੇ ਆਮ ਨਾਗਰਿਕ ਹਵਾਈ ਜਹਾਜ ਵਿੱਚ ਯਾਤਰਾ ਕਰਨ ਦੇ ਯੋਗ ਹੋਣੇ ਚਾਹੀਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਨਵਾਂ ਹਵਾਈ ਅੱਡਾ ਪ੍ਰਕ੍ਰਿਤੀ, ਸੰਸਕ੍ਰਿਤੀ ਅਤੇ ਖੇਤੀ ਦੀ ਭੂਮੀ, ਸ਼ਿਵਮੋਗਾ, ਲਈ ਵਿਕਾਸ ਦੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਵਮੋਗਾ ਮਾਲੇਨਾਡੂ ਖੇਤਰ ਦਾ ਇੱਕ ਪ੍ਰਵੇਸ਼ ਦੁਆਰ ਹੈ, ਜੋ ਪੱਛਮੀ ਘਾਟ ਅਤੇ ਹਰਿਆਲੀ, ਵਣ ਜੀਵ ਅਸਥਾਨਾਂ, ਨਦੀਆਂ, ਮਸ਼ਹੂਰ ਜੋਗ ਝਰਨਿਆਂ ਅਤੇ ਐਲੀਫੈਂਟ ਕੈਂਪ, ਸਿਮਹਾ ਧਾਮ ਵਿੱਚ ਸ਼ੇਰ ਦੀ ਸਫਾਰੀ ਅਤੇ ਅਗੁੰਬੇ ਦੀਆਂ ਪਹਾੜੀ ਸ਼੍ਰੇਣੀਆਂ ਲਈ ਪ੍ਰਸਿੱਧ ਹੈ। ਇੱਕ ਕਹਾਵਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਗੰਗਾ ਵਿੱਚ ਇਸ਼ਨਾਨ ਨਹੀਂ ਕੀਤਾ ਅਤੇ ਤੁੰਗਭਦਰਾ ਨਦੀ ਦਾ ਪਾਣੀ ਨਹੀਂ ਪੀਤਾ, ਉਨ੍ਹਾਂ ਲਈ ਜੀਵਨ ਅਧੂਰਾ ਹੈ।

ਸ਼ਿਵਮੋਗਾ ਦੀ ਸੱਭਿਆਚਾਰਕ ਸਮ੍ਰਿੱਧੀ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰ ਕਵੀ ਕੁਵੈਂਪੂ ਅਤੇ ਵਿਸ਼ਵ ਦੇ ਇੱਕੋ-ਇੱਕ ਸੰਸਕ੍ਰਿਤ ਪਿੰਡ ਮੱਟੂਰ ਅਤੇ ਸ਼ਿਵਮੋਗਾ ਵਿੱਚ ਆਸਥਾ ਦੇ ਕਈ ਕੇਂਦਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਪਿੰਡ ਇੱਸੁਰੂ ਦੇ ਆਜ਼ਾਦੀ ਸੰਘਰਸ਼ ਦਾ ਵੀ ਜ਼ਿਕਰ ਕੀਤਾ।

ਸ਼ਿਵਮੋਗਾ ਦੀ ਖੇਤੀ ਦੀ ਵਿਲੱਖਣਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੇ ਸਭ ਤੋਂ ਉਪਜਾਊ ਖੇਤਰਾਂ ਵਿੱਚੋਂ ਇੱਕ ਹੈ। ਉਨ੍ਹਾਂ ਖੇਤਰ ਦੀਆਂ ਫਸਲਾਂ ਦੀਆਂ ਪ੍ਰਭਾਵਸ਼ਾਲੀ ਕਿਸਮਾਂ ਬਾਰੇ ਵੀ ਗੱਲ ਕੀਤੀ। ਇਸ ਖੇਤੀ ਪੂੰਜੀ ਨੂੰ ਡਬਲ-ਇੰਜਣ ਵਾਲੀ ਸਰਕਾਰ ਵਲੋਂ ਕੀਤੇ ਜਾ ਰਹੇ ਮਜ਼ਬੂਤ ​​ਕਨੈਕਟੀਵਿਟੀ ਉਪਾਵਾਂ ਨਾਲ ਇੱਕ ਹੁਲਾਰਾ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਹਵਾਈ ਅੱਡਾ ਸੈਰ-ਸਪਾਟੇ ਨੂੰ ਵਧਾਉਣ ਵਿੱਚ ਮਦਦ ਕਰੇਗਾ ਅਤੇ ਨਤੀਜੇ ਵਜੋਂ ਆਰਥਿਕ ਗਤੀਵਿਧੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਰੇਲ ਸੰਪਰਕ ਕਿਸਾਨਾਂ ਲਈ ਨਵੀਆਂ ਮੰਡੀਆਂ ਨੂੰ ਯਕੀਨੀ ਬਣਾਏਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਿਵਮੋਗਾ - ਸ਼ਿਕਾਰੀਪੁਰਾ - ਰਾਨੀਬੇਨੂਰ  ਨਵੀਂ ਲਾਈਨ ਦੇ ਮੁਕੰਮਲ ਹੋਣ 'ਤੇ ਹਾਵੇਰੀ ਅਤੇ ਦਾਵਾਂਗੇਰੇ ਜ਼ਿਲ੍ਹਿਆਂ ਨੂੰ ਵੀ ਲਾਭ ਹੋਵੇਗਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਲਾਈਨ ਵਿੱਚ ਕੋਈ ਲੈਵਲ ਕਰਾਸਿੰਗ ਨਹੀਂ ਹੋਵੇਗੀ, ਜਿਸ ਨਾਲ ਇਸ ਨੂੰ ਸੁਰੱਖਿਅਤ ਰੇਲ ਲਾਈਨ ਬਣਾਇਆ ਜਾਵੇਗਾ, ਜਿੱਥੇ ਤੇਜ਼ ਰੇਲ ਗੱਡੀਆਂ ਸੁਚਾਰੂ ਢੰਗ ਨਾਲ ਚਲ ਸਕਣਗੀਆਂ। ਉਨ੍ਹਾਂ ਕਿਹਾ ਕਿ ਕੋਟਗਨੌਰ ਸਟੇਸ਼ਨ, ਜੋ ਕਿ ਪਹਿਲਾਂ ਇੱਕ ਛੋਟਾ ਹਾਲਟ ਸਟੇਸ਼ਨ ਹੁੰਦਾ ਸੀ, ਦੀ ਸਮਰੱਥਾ ਨੂੰ ਨਵੇਂ ਕੋਚਿੰਗ ਟਰਮੀਨਲ ਦੇ ਨਿਰਮਾਣ ਤੋਂ ਬਾਅਦ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਹੁਣ ਇਸ ਨੂੰ 4 ਰੇਲਵੇ ਲਾਈਨਾਂ, 3 ਪਲੇਟਫਾਰਮਾਂ ਅਤੇ ਇੱਕ ਰੇਲਵੇ ਕੋਚਿੰਗ ਡਿਪੂ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਇਹ ਦੇਖਦੇ ਹੋਏ ਕਿ ਸ਼ਿਵਮੋਗਾ ਖੇਤਰ ਦਾ ਇੱਕ ਵਿਦਿਅਕ ਕੇਂਦਰ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਧੀ ਹੋਈ ਕਨੈਕਟੀਵਿਟੀ ਨੇੜੇ ਦੇ ਖੇਤਰਾਂ ਦੇ ਵਿਦਿਆਰਥੀਆਂ ਲਈ ਸ਼ਿਵਮੋਗਾ ਦਾ ਆਉਣ-ਜਾਣ ਅਸਾਨ ਬਣਾਵੇਗੀ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਖੇਤਰ ਵਿੱਚ ਕਾਰੋਬਾਰਾਂ ਅਤੇ ਉਦਯੋਗਾਂ ਲਈ ਨਵੇਂ ਦੁਆਰ ਖੋਲ੍ਹੇਗਾ। ਪ੍ਰਧਾਨ ਮੰਤਰੀ ਨੇ ਕਿਹਾ, "ਚੰਗੀ ਕਨੈਕਟੀਵਿਟੀ ਵਾਲਾ ਬੁਨਿਆਦੀ ਢਾਂਚਾ ਪੂਰੇ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਜਾ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਜਲ ਜੀਵਨ ਮਿਸ਼ਨ ਨੂੰ ਸ਼ਿਵਮੋਗਾ ਦੀਆਂ ਮਹਿਲਾਵਾਂ ਨੂੰ ਸੁਖਾਲਾ ਜੀਵਨ ਪ੍ਰਦਾਨ ਕਰਨ ਲਈ ਇੱਕ ਵੱਡੀ ਮੁਹਿੰਮ ਦੱਸਿਆ। ਉਨ੍ਹਾਂ ਕਿਹਾ ਕਿ ਸ਼ਿਵਮੋਗਾ ਵਿੱਚ 3 ਲੱਖ ਪਰਿਵਾਰਾਂ ਵਿੱਚੋਂ ਸਿਰਫ਼ 90 ਹਜ਼ਾਰ ਪਰਿਵਾਰਾਂ ਕੋਲ ਹੀ ਜਲ ਜੀਵਨ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਟੂਟੀਆਂ ਦੇ  ਕਨੈਕਸ਼ਨ ਸਨ। ਹੁਣ, ਡਬਲ ਇੰਜਣ ਵਾਲੀ ਸਰਕਾਰ ਨੇ 1.5 ਲੱਖ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਹਨ ਅਤੇ ਸੰਤ੍ਰਿਪਤਤਾ ਨੂੰ ਯਕੀਨੀ ਬਣਾਉਣ ਲਈ ਕੰਮ ਚਲ ਰਿਹਾ ਹੈ। ਪਿਛਲੇ 3.5 ਸਾਲਾਂ ਵਿੱਚ 40 ਲੱਖ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਕਨੈਕਸ਼ਨ ਮਿਲੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ''ਡਬਲ ਇੰਜਣ ਵਾਲੀ ਸਰਕਾਰ ਪਿੰਡਾਂ, ਗਰੀਬਾਂ, ਸਾਡੀਆਂ ਮਾਵਾਂ ਅਤੇ ਭੈਣਾਂ ਦੀ ਹੈ। ਪਖਾਨੇ, ਗੈਸ ਕਨੈਕਸ਼ਨ ਅਤੇ ਟੂਟੀ ਵਾਲੇ ਪਾਣੀ ਦੀ ਸਪਲਾਈ ਦੀਆਂ ਉਦਾਹਰਣਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮਾਵਾਂ ਅਤੇ ਭੈਣਾਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਯਤਨਸ਼ੀਲ ਹੈ। ਉਨ੍ਹਾਂ ਦੁਹਰਾਇਆ ਕਿ ਡਬਲ ਇੰਜਣ ਵਾਲੀ ਸਰਕਾਰ ਪੂਰੀ ਇਮਾਨਦਾਰੀ ਨਾਲ ਹਰ ਘਰ ਵਿੱਚ ਪਾਈਪ ਰਾਹੀਂ ਪਾਣੀ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਕਰਨਾਟਕ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਭਾਰਤ ਦਾ ਅੰਮ੍ਰਿਤ ਕਾਲ ਹੈ, ਇੱਕ ਵਿਕਸਤ ਭਾਰਤ ਬਣਾਉਣ ਦਾ ਸਮਾਂ ਹੈ।" ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਅਜਿਹਾ ਮੌਕਾ ਦਸਤਕ ਦੇਣ ਲਈ ਆਇਆ ਹੈ ਅਤੇ ਭਾਰਤ ਦੀ ਆਵਾਜ਼ ਵਿਸ਼ਵ ਪੱਧਰ 'ਤੇ ਸੁਣਾਈ ਦੇ ਰਹੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਦੁਨੀਆ ਭਰ ਦੇ ਨਿਵੇਸ਼ਕ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਅਤੇ ਇਸ ਨਾਲ ਕਰਨਾਟਕ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਫਾਇਦਾ ਹੋਵੇਗਾ। ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਕਰਨਾਟਕ ਦੇ ਵਿਕਾਸ ਲਈ ਇਹ ਮੁਹਿੰਮ ਹੋਰ ਤੇਜ਼ ਹੋਵੇਗੀ। ਉਨ੍ਹਾਂ ਅੰਤ ਵਿੱਚ ਕਿਹਾ, “ਸਾਨੂੰ ਇਕੱਠੇ ਚਲਣਾ ਪਵੇਗਾ, ਅਸੀਂ ਮਿਲ ਕੇ ਅੱਗੇ ਵਧਣਾ ਹੈ।"

ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਬੀ ਐੱਸ ਯੇਦੀਯੁਰੱਪਾ, ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਅਤੇ ਕਰਨਾਟਕ ਸਰਕਾਰ ਦੇ ਮੰਤਰੀ ਵੀ ਮੌਜੂਦ ਸਨ।

ਪਿਛੋਕੜ

ਸ਼ਿਵਮੋਗਾ ਹਵਾਈ ਅੱਡੇ ਦੇ ਉਦਘਾਟਨ ਨਾਲ ਪੂਰੇ ਦੇਸ਼ ਵਿੱਚ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ 'ਤੇ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਇੱਕ ਹੋਰ ਹੁਲਾਰਾ ਮਿਲੇਗਾ। ਨਵਾਂ ਹਵਾਈ ਅੱਡਾ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਹਵਾਈ ਅੱਡੇ ਦੀ ਯਾਤਰੀ ਟਰਮੀਨਲ ਇਮਾਰਤ ਪ੍ਰਤੀ ਘੰਟਾ 300 ਯਾਤਰੀਆਂ ਨੂੰ ਸੰਭਾਲ ਸਕਦੀ ਹੈ ਅਤੇ ਮਲਨਾਡ ਖੇਤਰ ਵਿੱਚ ਸ਼ਿਵਮੋਗਾ ਅਤੇ ਹੋਰ ਗੁਆਂਢੀ ਖੇਤਰਾਂ ਦੀ ਸੰਪਰਕ ਅਤੇ ਪਹੁੰਚ ਵਿੱਚ ਸੁਧਾਰ ਕਰੇਗੀ। ਪ੍ਰਧਾਨ ਮੰਤਰੀ ਨੇ ਸ਼ਿਵਮੋਗਾ ਵਿੱਚ ਦੋ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਵਿੱਚ ਸ਼ਿਵਮੋਗਾ - ਸ਼ਿਕਾਰੀਪੁਰਾ - ਰਾਨੇਬੇਨੂਰ ਨਵੀਂ ਰੇਲਵੇ ਲਾਈਨ ਅਤੇ ਕੋਟੇਗੰਗੁਰੂ ਰੇਲਵੇ ਕੋਚਿੰਗ ਡਿਪੂ ਸ਼ਾਮਲ ਹਨ। ਸ਼ਿਵਮੋਗਾ - ਸ਼ਿਕਾਰੀਪੁਰਾ - ਰਾਨੇਬੇਨੂਰ ਨਵੀਂ ਰੇਲਵੇ ਲਾਈਨ, 990 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾਵੇਗੀ ਅਤੇ ਬੰਗਲੁਰੂ-ਮੁੰਬਈ ਮੁੱਖ ਲਾਈਨ ਦੇ ਨਾਲ ਮਲਨਾਡ ਖੇਤਰ ਦੀ ਵਧੀ ਹੋਈ ਸੰਪਰਕ ਪ੍ਰਦਾਨ ਕਰੇਗੀ। ਸ਼ਿਵਮੋਗਾ ਸ਼ਹਿਰ ਵਿੱਚ ਕੋਟੇਗੰਗੁਰੂ ਰੇਲਵੇ ਕੋਚਿੰਗ ਡਿਪੂ ਨੂੰ ਸ਼ਿਵਮੋਗਾ ਤੋਂ ਨਵੀਆਂ ਟ੍ਰੇਨਾਂ ਸ਼ੁਰੂ ਕਰਨ ਅਤੇ ਬੰਗਲੁਰੂ ਅਤੇ ਮੈਸੂਰ ਵਿੱਚ ਰੱਖ-ਰਖਾਅ ਦੀਆਂ ਸਹੂਲਤਾਂ ਨੂੰ ਘੱਟ ਕਰਨ ਵਿੱਚ ਮਦਦ ਲਈ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। 215 ਕਰੋੜ ਰੁਪਏ ਤੋਂ ਵੱਧ ਦੀ ਸੰਚਿਤ ਲਾਗਤ ਨਾਲ ਜੋ ਪ੍ਰੋਜੈਕਟ ਵਿਕਸਿਤ ਕੀਤੇ ਜਾਣਗੇ, ਉਨ੍ਹਾਂ ਵਿੱਚ ਬਾਇੰਦੂਰ - ਰਾਨੀਬੇਨੂਰ  ਨੂੰ ਜੋੜਨ ਵਾਲੇ ਐੱਨਐੱਚ 766ਸੀ 'ਤੇ ਸ਼ਿਕਾਰੀਪੁਰਾ ਕਸਬੇ ਲਈ ਇੱਕ ਨਵੀਂ ਬਾਈਪਾਸ ਸੜਕ ਦਾ ਨਿਰਮਾਣ; ਮੇਗਰਾਵੱਲੀ ਤੋਂ ਅਗੁੰਬੇ ਤੱਕ ਐੱਨਐੱਚ-169ਏ ਨੂੰ ਚੌੜਾ ਕਰਨਾ; ਅਤੇ ਐੱਨਐੱਚ 169 'ਤੇ ਤੀਰਥਹਾਲੀ ਤਾਲੁਕਾ ਦੇ ਭਰਥੀਪੁਰਾ ਵਿਖੇ ਇੱਕ ਨਵੇਂ ਪੁਲ ਦਾ ਨਿਰਮਾਣ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੌਰਾਨ ਜਲ ਜੀਵਨ ਮਿਸ਼ਨ ਤਹਿਤ 950 ਕਰੋੜ ਰੁਪਏ ਤੋਂ ਵੱਧ ਦੀਆਂ ਮਲਟੀ—ਵਿਲੇਜ਼ ਸਕੀਮਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਇਸ ਵਿੱਚ ਗੌਥਮਾਪੁਰਾ ਅਤੇ 127 ਹੋਰ ਪਿੰਡਾਂ ਲਈ ਇੱਕ ਮਲਟੀ—ਵਿਲੇਜ਼ ਯੋਜਨਾ ਦਾ ਉਦਘਾਟਨ ਅਤੇ ਕੁੱਲ 860 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤੀਆਂ ਜਾਣ ਵਾਲੀਆਂ ਤਿੰਨ ਹੋਰ ਮਲਟੀ—ਵਿਲੇਜ਼ ਸਕੀਮਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਚਾਰ ਸਕੀਮਾਂ ਕਾਰਜਸ਼ੀਲ ਘਰੇਲੂ ਪਾਈਪ ਵਾਲੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕਰਨਗੀਆਂ ਅਤੇ ਕੁੱਲ 4.4 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨੇ ਸ਼ਿਵਮੋਗਾ ਸ਼ਹਿਰ ਵਿੱਚ 895 ਕਰੋੜ ਰੁਪਏ ਤੋਂ ਵੱਧ ਦੇ 44 ਸਮਾਰਟ ਸਿਟੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਪ੍ਰੋਜੈਕਟਾਂ ਵਿੱਚ 110 ਕਿਲੋਮੀਟਰ ਲੰਬਾਈ ਦੇ 8 ਸਮਾਰਟ ਰੋਡ ਪੈਕੇਜ; ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਕੇਂਦਰ ਅਤੇ ਬਹੁ-ਪੱਧਰੀ ਕਾਰ ਪਾਰਕਿੰਗ; ਸਮਾਰਟ ਬੱਸ ਸ਼ੈਲਟਰ ਪ੍ਰੋਜੈਕਟ; ਇੱਕ ਬਿਹਤਰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ; ਵਿਰਾਸਤੀ ਪ੍ਰੋਜੈਕਟਾਂ ਜਿਵੇਂ ਕਿ ਸ਼ਿਵੱਪਾ ਨਾਇਕ ਪੈਲੇਸ ਨੂੰ ਇੰਟਰਐਕਟਿਵ ਮਿਊਜ਼ੀਅਮ, 90 ਸੰਭਾਲ਼ ਲੇਨਾਂ (Conservancy Lanes), ਪਾਰਕਾਂ ਦੀ ਸਿਰਜਣਾ ਅਤੇ ਰਿਵਰਫ੍ਰੰਟ ਵਿਕਾਸ ਪ੍ਰੋਜੈਕਟਾਂ ਦਾ ਵਿਕਾਸ ਕਰਨਾ ਸ਼ਾਮਲ ਹਨ।

***

ਡੀਐੱਸ/ਟੀਐੱਸ 


(Release ID: 1903065) Visitor Counter : 106