ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਰਾਜਕੋਟ ਵਿੱਚ ਲਗਭਗ 5860 ਕਰੋੜ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ



ਲਾਈਟ ਹਾਊਸ ਪ੍ਰੋਜੈਕਟ ਤਹਿਤ ਬਣਾਏ ਗਏ 1100 ਤੋਂ ਵੱਧ ਘਰ ਸਮਰਪਿਤ ਕੀਤੇ



ਇੰਡੀਆ ਅਰਬਨ ਹਾਊਸਿੰਗ ਕਨਕਲੇਵ 2022 ਦਾ ਉਦਘਾਟਨ ਕੀਤਾ



“ਅਸੀਂ ਵਿਕਸਿਤ ਭਾਰਤ ਲਈ ਵਿਕਸਿਤ ਗੁਜਰਾਤ ਦੇ ਮੰਤਰ ਨਾਲ ਅੱਗੇ ਵਧ ਰਹੇ ਹਾਂ”



“ਰਾਜਕੋਟ ਮੈਨੂੰ ਸਿਖਾਉਂਦਾ ਰਿਹਾ ਅਤੇ ਮੈਂ ਸਿੱਖਦਾ ਰਿਹਾ। ਰਾਜਕੋਟ ਮੇਰਾ ਪਹਿਲਾ ਸਕੂਲ ਸੀ।



“ਬੁਨਿਆਦੀ ਸੁਵਿਧਾਵਾਂ ਅਤੇ ਇੱਜ਼ਤ ਦੀ ਜ਼ਿੰਦਗੀ ਤੋਂ ਬਿਨਾ, ਗ਼ਰੀਬੀ ਤੋਂ ਬਾਹਰ ਨਿੱਕਲਣਾ ਅਸੰਭਵ ਹੈ”



“ਗ਼ਰੀਬੀ ਹਟਾਓ, ਰੋਟੀ-ਕੱਪੜਾ-ਮਕਾਨ” ਦੇ ਨਾਅਰੇ ਜੋ ਦਹਾਕਿਆਂ ਪਹਿਲਾਂ ਦਿੱਤੇ ਜਾਂਦੇ ਸਨ, ਸਿਰਫ਼ ਨਾਅਰੇ ਹੀ ਰਹਿ ਗਏ’’



“ਪਿਛਲੀਆਂ ਸਰਕਾਰਾਂ ਨੇ ਗ਼ਰੀਬਾਂ ਲਈ ਘਰ ਇੱਕ ਜ਼ਿੰਮੇਵਾਰੀ ਵਜੋਂ ਨਹੀਂ, ਬਲਕਿ ਅਹਿਸਾਨ ਕਰ ਕੇ ਬਣਾਏ ਸਨ। ਗ਼ਰੀਬਾਂ ਦੇ ਘਰ ਨੂੰ ਬਿਹਤਰ ਬਣਾਉਣ ਦੀ ਸਾਡੀ ਲਗਾਤਾਰ ਕੋਸ਼ਿਸ਼ ਹੈ।”



“ਪਿਛਲੇ ਦੋ ਦਹਾਕਿਆਂ ’ਚ ਰਾਜਕੋਟ ਤੋਂ ਇੰਜੀਨੀਅਰਿੰਗ ਨਾਲ ਸਬੰਧਿਤ ਚੀਜ਼ਾਂ ਦੀ ਬਰਾਮਦ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਗਈ ਹੈ”



“ਦੁਨੀਆ ਦੇ 13 ਪ੍ਰਤੀਸ਼ਤ ਤੋਂ ਵੱਧ ਸੈਰਾਮਿਕਕਸ ਇਕੱਲੇ ਮੋਰਬੀ ਵਿੱਚ ਪੈਦਾ ਹੁੰਦੇ ਹਨ”

Posted On: 19 OCT 2022 8:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਰਾਜਕੋਟ ਵਿੱਚ 5860 ਕਰੋੜ ਰੁਪਏ ਕੀਮਤ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਇੰਡੀਆ ਅਰਬਨ ਹਾਊਸਿੰਗ ਕਨਕਲੇਵ 2022 ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਲਾਈਟ ਹਾਊਸ ਪ੍ਰੋਜੈਕਟ ਤਹਿਤ ਬਣਾਏ ਗਏ 1100 ਤੋਂ ਵੱਧ ਘਰਾਂ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਵੱਲੋਂ ਸਮਰਪਿਤ ਕੀਤੇ ਜਾ ਰਹੇ ਹੋਰ ਪ੍ਰੋਜੈਕਟਾਂ ਵਿੱਚ ਜਲ ਸਪਲਾਈ ਪ੍ਰੋਜੈਕਟ ਸ਼ਾਮਲ ਹਨ: ਬ੍ਰਾਹਮਣੀ-2 ਡੈਮ ਤੋਂ ਨਰਮਦਾ ਕੈਨਾਲ ਪੰਪਿੰਗ ਸਟੇਸ਼ਨ ਤੱਕ ਮੋਰਬੀ-ਬਲਕ ਪਾਈਪਲਾਈਨ ਪ੍ਰੋਜੈਕਟ, ਇੱਕ ਖੇਤਰੀ ਵਿਗਿਆਨ ਕੇਂਦਰ, ਫਲਾਈਓਵਰ ਬ੍ਰਿਜ ਅਤੇ ਸੜਕ ਸੰਪਰਕ ਨਾਲ ਸਬੰਧਿਤ ਹੋਰ ਪ੍ਰੋਜੈਕਟ।

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ NH27 ਦੇ ਰਾਜਕੋਟ-ਗੋਂਡਲ-ਜੇਤਪੁਰ ਸੈਕਸ਼ਨ ਦੇ ਮੌਜੂਦਾ ਚਾਰ–ਮਾਰਗੀ ਨੂੰ ਛੇ–ਮਾਰਗੀ ਬਣਾਉਣ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਮੋਰਬੀ, ਰਾਜਕੋਟ, ਬੋਟਾਦ, ਜਾਮਨਗਰ ਅਤੇ ਕੱਛ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਭਗ 2,950 ਕਰੋੜ ਰੁਪਏ ਦੀ ਲਾਗਤ ਵਾਲੇ ਜੀਆਈਡੀਸੀ ਉਦਯੋਗਿਕ ਇਸਟੇਟ ਦਾ ਨੀਂਹ ਪੱਥਰ ਵੀ ਰੱਖਿਆ। ਹੋਰ ਪ੍ਰੋਜੈਕਟ ਜਿਨ੍ਹਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ, ਉਨ੍ਹਾਂ ਵਿੱਚ ਗੜ੍ਹਕਾ ਵਿਖੇ AMUL ਦੁਆਰਾ ਚਲਾਈ ਜਾਣ ਵਾਲਾ ਡੇਅਰੀ ਪਲਾਂਟ, ਰਾਜਕੋਟ ਵਿੱਚ ਇੱਕ ਇਨਡੋਰ ਸਪੋਰਟਸ ਕੰਪਲੈਕਸ ਦਾ ਨਿਰਮਾਣ, ਦੋ ਜਲ ਸਪਲਾਈ ਪ੍ਰੋਜੈਕਟ ਅਤੇ ਸੜਕਾਂ ਅਤੇ ਰੇਲਵੇ ਖੇਤਰ ਵਿੱਚ ਹੋਰ ਪ੍ਰੋਜੈਕਟ ਸ਼ਾਮਲ ਹਨ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਇਹ ਸਾਲ ਦਾ ਉਹ ਸਮਾਂ ਹੈ ਜਦੋਂ ਨਵੇਂ ਸੰਕਲਪ ਲਏ ਜਾਂਦੇ ਹਨ ਅਤੇ ਨਵੀਂ ਸ਼ੁਰੂਆਤ ਕੀਤੀ ਜਾਂਦੀ ਹੈ। ਇਕ ਸਮੇਂ ਰਾਜਕੋਟ ਸਮੇਤ ਕਾਠੀਆਵਾੜ ਦੇ ਵਿਕਾਸ ਨਾਲ ਜੁੜੇ ਕੁਝ ਪ੍ਰੋਜੈਕਟ ਅੱਜ ਪੂਰੇ ਹੋ ਗਏ ਹਨ ਅਤੇ ਕੁਝ ਨਵੇਂ ਪ੍ਰੋਜੈਕਟ ਸ਼ੁਰੂ ਹੋ ਗਏ ਹਨ। ਕਨੈਕਟੀਵਿਟੀ, ਉਦਯੋਗ, ਪਾਣੀ ਅਤੇ ਜਨਤਕ ਸੁਵਿਧਾਵਾਂ ਨਾਲ ਸਬੰਧਿਤ ਇਹ ਪ੍ਰੋਜੈਕਟ ਇੱਥੇ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਦੇਸ਼ ਦੇ 6 ਸਥਾਨਾਂ ’ਤੇ ਲਾਈਟ ਹਾਊਸ ਪ੍ਰੋਜੈਕਟ ਸਥਾਪਿਤ ਕੀਤੇ ਜਾ ਰਹੇ ਹਨ ਤੇ ਰਾਜਕੋਟ ਉਨ੍ਹਾਂ ਸਥਾਨਾਂ ਵਿੱਚੋਂ ਇੱਕ ਹੈ ਅਤੇ ਅੱਜ ਨਵੀਨਤਮ ਤਕਨੀਕ ਨਾਲ ਬਣਾਏ ਗਏ 1,144 ਮਕਾਨਾਂ ਨੂੰ ਸਮਰਪਿਤ ਕੀਤਾ ਗਿਆ। ਦੀਵਾਲੀ ਤੋਂ ਪਹਿਲਾਂ ਰਾਜਕੋਟ ਦੇ ਸੈਂਕੜੇ ਗ਼ਰੀਬ ਪਰਿਵਾਰਾਂ ਨੂੰ ਆਧੁਨਿਕ ਤਕਨੀਕ ਨਾਲ ਬਣੇ ਬਿਹਤਰੀਨ ਘਰ ਸੌਂਪਣ ਦੀ ਖੁਸ਼ੀ ਹੀ ਕੁਝ ਹੋਰ ਹੈ। ਉਨ੍ਹਾਂ ਕਿਹਾ, “ਮੈਂ ਖਾਸ ਤੌਰ ‘ਤੇ ਉਨ੍ਹਾਂ ਭੈਣਾਂ ਨੂੰ ਵਧਾਈ ਦਿੰਦਾ ਹਾਂ ਜੋ ਇਨ੍ਹਾਂ ਘਰਾਂ ਦੀਆਂ ਮਾਲਕਣਾਂ ਬਣੀਆਂ ਹਨ ਅਤੇ ਕਾਮਨਾ ਕਰਦਾ ਹਾਂ ਕਿ ਇਹ ਦੀਵਾਲੀ ਤੁਹਾਡੇ ਇਸ ਨਵੇਂ ਘਰ ‘ਚ ਲਕਸ਼ਮੀ ਦਾ ਵਾਸ ਹੋਵੇ।

ਪਿਛਲੇ 21 ਸਾਲਾਂ ਵਿੱਚ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਅਸੀਂ ਇਕੱਠਿਆਂ ਸੁਪਨੇ ਵੇਖੇ ਹਨ, ਬਹੁਤ ਸਾਰੇ ਕਦਮ ਚੁੱਕੇ ਹਨ ਅਤੇ ਬਹੁਤ ਸਾਰੀਆਂ ਸਫ਼ਲਤਾਵਾਂ ਵੀ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ,“ਰਾਜਕੋਟ ਮੈਨੂੰ ਸਿਖਾਉਂਦਾ ਰਿਹਾ ਅਤੇ ਮੈਂ ਸਿੱਖਦਾ ਰਿਹਾ। ਰਾਜਕੋਟ ਮੇਰਾ ਪਹਿਲਾ ਸਕੂਲ ਸੀ।” ਉਨ੍ਹਾਂ ਯਾਦ ਕੀਤਾ ਕਿ ਰਾਜਕੋਟ ਵੀ ਇੱਕ ਅਜਿਹੀ ਜਗ੍ਹਾ ਸੀ ਜਿੱਥੇ ਮਹਾਤਮਾ ਗਾਂਧੀ ਵੀ ਸਿੱਖਣ ਲਈ ਆਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਤੁਹਾਡਾ ਕਰਜ਼ ਕਦੇ ਨਹੀਂ ਚੁਕਾ ਸਕਦਾ। ਇੱਕ ਵਿਦਿਆਰਥੀ ਵਜੋਂ ਸਾਡੀ ਸਫ਼ਲਤਾ ਦਾ ਸਭ ਤੋਂ ਵੱਡਾ ਸਬੂਤ ਉਹ ਸਾਥੀ ਹਨ ਜੋ ਅੱਜ ਦੇ ਸਕੂਲ-ਕਾਲਜ ਵਿੱਚ ਪੜ੍ਹ ਰਹੇ ਹਨ, ਜਾਂ ਜੋ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹਨ।

ਪ੍ਰਧਾਨ ਮੰਤਰੀ ਨੇ ਰਾਜਕੋਟ ਅਤੇ ਪੂਰੇ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਬਾਰੇ ਗੱਲ ਕੀਤੀ। “ਜਦੋਂ ਮੈਂ ਨੌਜਵਾਨ ਦੋਸਤਾਂ ਨੂੰ ਦੇਰ ਰਾਤ ਤੱਕ ਬਿਨਾ ਕਿਸੇ ਡਰ ਦੇ ਬਾਹਰ ਘੁੰਮਦੇ ਵੇਖਦਾ ਹਾਂ, ਆਪਣੀ ਜ਼ਿੰਦਗੀ ਦਾ ਮਹੱਤਵਪੂਰਣ ਕੰਮ ਕਰਦੇ ਹਾਂ, ਤਾਂ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ। ਸੰਤੁਸ਼ਟੀ ਇਸ ਗੱਲ ਤੋਂ ਮਿਲਦੀ ਹੈ ਕਿ ਅਸੀਂ ਅਪਰਾਧੀਆਂ, ਮਾਫੀਆ, ਦੰਗਾਕਾਰੀਆਂ, ਆਤੰਕਵਾਦੀਆਂ ਅਤੇ ਕਬਜ਼ਾਧਾਰੀ ਗਰੋਹਾਂ ਤੋਂ ਛੁਟਕਾਰਾ ਪਾਉਣ ਲਈ ਦਿਨ-ਰਾਤ ਲਗਾ ਦਿੱਤੇ ਅਤੇ ਸਾਡੀਆਂ ਕੋਸ਼ਿਸ਼ਾਂ ਵਿਅਰਥ ਨਹੀਂ ਗਈਆਂ। ਉਨ੍ਹਾਂ ਕਿਹਾ ਕਿ ਉਸ ਸ਼ਾਂਤੀ ਅਤੇ ਸਦਭਾਵਨਾ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਜਿਸ ਨਾਲ ਹਰ ਮਾਪੇ ਇੱਥੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਸਖ਼ਤ ਮਿਹਨਤ ਕਰ ਰਹੇ ਹਨ।”

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,“ਪਿਛਲੇ ਦਹਾਕਿਆਂ ਵਿੱਚ, ਸਾਡੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਹਰ ਗੁਜਰਾਤੀ ਜਿੰਨਾ ਸੰਭਵ ਹੋ ਸਕੇ, ਯੋਗ ਅਤੇ ਸਮਰੱਥ ਹੋਵੇ। ਇਸ ਲਈ ਜੋ ਵੀ ਮਾਹੌਲ ਚਾਹੀਦਾ ਹੈ, ਜਿੱਥੇ ਵੀ ਇਸ ਨੂੰ ਉਤਸ਼ਾਹਿਤ ਕਰਨਾ ਹੈ, ਉਹੀ ਸਰਕਾਰ ਕਰ ਰਹੀ ਹੈ। ਅਸੀਂ ‘ਵਿਕਸਿਤ ਭਾਰਤ ਲਈ ਵਿਕਸਿਤ ਗੁਜਰਾਤ’ ਦੇ ਮੰਤਰ ਨਾਲ ਅੱਗੇ ਵਧ ਰਹੇ ਹਾਂ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਅਸੀਂ ਵਾਇਬ੍ਰੈਂਟ (ਗੁੰਜਾਇਮਾਨ) ਗੁਜਰਾਤ ਮੁਹਿੰਮ ਰਾਹੀਂ ਉਦਯੋਗਾਂ ਅਤੇ ਨਿਵੇਸ਼ਾਂ ਨੂੰ ਜ਼ੋਰ ਦਿੱਤਾ ਹੈ, ਉੱਥੇ ਦੂਜੇ ਪਾਸੇ ਅਸੀਂ ਕ੍ਰਿਸ਼ੀ ਮਹੋਤਸਵ ਅਤੇ ਗ਼ਰੀਬ ਕਲਿਆਣ ਮੇਲਿਆਂ ਰਾਹੀਂ ਪਿੰਡਾਂ ਅਤੇ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਦੀ ਪਹਿਲ ਕੀਤੀ ਹੈ। ਅਤੇ ਅਸੀਂ ਦੇਖਿਆ ਹੈ, ਜਦੋਂ ਗ਼ਰੀਬਾਂ ਨੂੰ ਤਾਕਤ ਮਿਲਦੀ ਹੈ, ਤਾਂ ਉਹ ਗ਼ਰੀਬੀ ਤੋਂ ਬਾਹਰ ਨਿਕਲਣ ਦੇ ਤੇਜ਼ ਤਰੀਕੇ ਕੱਢਣ ਲੱਗਦੇ ਹਨ।“

ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਬੁਨਿਆਦੀ ਸੁਵਿਧਾਵਾਂ ਅਤੇ ਸਨਮਾਨਜਨਕ ਜੀਵਨ ਤੋਂ ਬਿਨਾ ਗ਼ਰੀਬੀ ਤੋਂ ਬਾਹਰ ਆਉਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਲਈ ਪਖਾਨੇ, ਬਿਜਲੀ, ਪਾਈਪ ਵਾਲਾ ਪਾਣੀ, ਰਸੋਈ ਗੈਸ ਅਤੇ ਇੰਟਰਨੈੱਟ ਕੁਨੈਕਟੀਵਿਟੀ ਨਾਲ ਲੈਸ ਘਰ ਅਜਿਹੀ ਚੀਜ਼ ਹੈ ਜਿਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ, ਬਿਮਾਰੀ ਦਾ ਮੁਕਾਬਲਾ ਕਰਨਾ ਹੀ ਪਰਿਵਾਰਾਂ ਨੂੰ ਤੰਗੀ ਵੱਲ ਧੱਕਣ ਲਈ ਕਾਫੀ ਹੈ। ਇਸੇ ਲਈ ਆਯੁਸ਼ਮਾਨ ਭਾਰਤ ਅਤੇ PMJAY-MA ਜਿਹੀਆਂ ਸਕੀਮਾਂ ਗ਼ਰੀਬ ਪਰਿਵਾਰਾਂ ਲਈ ਮੁਫਤ ਗੁਣਵੱਤਾ ਇਲਾਜ ਯਕੀਨੀ ਬਣਾਉਣ ਲਈ ਲਿਆਂਦੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਪਹਿਲਾਂ ਦੀਆਂ ਸਰਕਾਰਾਂ ਗ਼ਰੀਬਾਂ ਦੀ ਇਸ ਹਾਲਤ, ਗ਼ਰੀਬਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੀਆਂ ਸਨ। ਇਹੀ ਕਾਰਨ ਹੈ ਕਿ ਦਹਾਕਿਆਂ ਪਹਿਲਾਂ ਦਿੱਤਾ ਗਿਆ ਗ਼ਰੀਬੀ ਹਟਾਓ, ਰੋਟੀ-ਕੱਪੜਾ-ਮਕਾਨ ਦਾ ਨਾਅਰਾ ਮਹਿਜ਼ ਇੱਕ ਨਾਅਰਾ ਹੀ ਰਹਿ ਗਿਆ। ਨਾਅਰੇ ਲਗਾਏ ਗਏ ਅਤੇ ਵੋਟਾਂ ਹਾਸਲ ਕੀਤੀਆਂ ਗਈਆਂ ਅਤੇ ਸੁਆਰਥੀ ਹਿਤ ਪੂਰੇ ਕੀਤੇ ਗਏ।”

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਦੇਸ਼ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗ਼ਰੀਬਾਂ ਨੂੰ 3 ਕਰੋੜ ਤੋਂ ਵੱਧ ਪੱਕੇ ਘਰ ਦਿੱਤੇ ਗਏ ਹਨ। ਇਸ ਦੌਰਾਨ ਗੁਜਰਾਤ ਦੇ ਸ਼ਹਿਰਾਂ ਵਿੱਚ ਗ਼ਰੀਬਾਂ ਲਈ 10 ਲੱਖ ਪੱਕੇ ਮਕਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 7 ਲੱਖ ਪਹਿਲਾਂ ਹੀ ਬਣ ਚੁੱਕੇ ਹਨ। ਉਨ੍ਹਾਂ ਕਿਹਾ,“ਭੁਪੇਂਦਰ ਭਾਈ ਅਤੇ ਉਨ੍ਹਾਂ ਦੀ ਟੀਮ ਗ਼ਰੀਬਾਂ ਲਈ ਘਰ ਬਣਾਉਣ ਵਿੱਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਨਾ ਸਿਰਫ ਗ਼ਰੀਬ, ਬਲਕਿ ਅਸੀਂ ਮੱਧ ਵਰਗ ਦੇ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਵੀ ਪਹਿਲਾ ਕਦਮ ਚੁੱਕੇ ਹਨ।” ਕੇਂਦਰ ਸਰਕਾਰ ਨੇ ਗੁਜਰਾਤ ਦੇ ਮੱਧਵਰਗ ਦੇ ਲੱਖਾਂ ਪਰਿਵਾਰਾਂ ਨੂੰ ਆਪਣੇ ਘਰ ਬਣਾਉਣ ਲਈ ਲਗਭਗ 11 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਇੰਨਾ ਹੀ ਨਹੀਂ ਸਾਥੀ ਸ਼ਹਿਰਾਂ ‘ਚ ਕੰਮ ਲਈ ਆਉਣ ਵਾਲੇ ਮਜ਼ਦੂਰਾਂ ਨੂੰ ਵੀ ਘੱਟ ਕਿਰਾਏ ‘ਤੇ ਵਧੀਆ ਮਕਾਨ ਮਿਲਣੇ ਚਾਹੀਦੇ ਹਨ। ਇਸ ਸਕੀਮ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।“

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ,“ਪਿਛਲੀਆਂ ਸਰਕਾਰਾਂ ਨੇ ਗ਼ਰੀਬਾਂ ਲਈ ਘਰ ਇੱਕ ਜ਼ਿੰਮੇਵਾਰੀ ਵਜੋਂ ਨਹੀਂ, ਬਲਕਿ ਇੱਕ ਅਹਿਸਾਨ ਵਜੋਂ ਬਣਾਏ ਸਨ। ਅਸੀਂ ਤਰੀਕੇ ਬਦਲ ਦਿੱਤੇ ਹਨ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਕਾਨਾਂ ‘ਤੇ ਰਹਿਣ ਵਾਲਿਆਂ ਨੂੰ ਆਪਣਾ ਘਰ ਬਣਾਉਣ ਅਤੇ ਇਸ ਨੂੰ ਜਿਸ ਤਰ੍ਹਾਂ ਉਹ ਚਾਹੁੰਦੇ ਹਨ ਸਜਾਉਣ ‘ਤੇ ਪੂਰਾ ਕੰਟਰੋਲ ਅਤੇ ਆਜ਼ਾਦੀ ਦਿੱਤੀ ਗਈ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਗ਼ਰੀਬਾਂ ਦੇ ਘਰ ਨੂੰ ਬਿਹਤਰ ਬਣਾਉਣ ਲਈ ਸਾਡੀ ਲਗਾਤਾਰ ਕੋਸ਼ਿਸ਼ ਹੈ।“ ਉਨ੍ਹਾਂ ਕਿਹਾ ਕਿ ਰਾਜਕੋਟ ਦਾ ਲਾਈਟ ਹਾਊਸ ਪ੍ਰੋਜੈਕਟ ਅਜਿਹਾ ਹੀ ਇੱਕ ਉਪਰਾਲਾ ਹੈ। ਇਸ ਦੀ ਸਫ਼ਲਤਾ ‘ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਹੁਤ ਸਾਰੇ ਲੋਕ ਰਾਜਕੋਟ ਵਿੱਚ ਇਸ ਮਾਡਲ ਨੂੰ ਦੇਖਣ ਲਈ ਆਏ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਗੁਜਰਾਤ ਵਿੱਚ ਨਾ ਸਿਰਫ਼ ਆਧੁਨਿਕ ਤਕਨੀਕ ਨਾਲ ਬਣੇ 11 ਸੌ ਤੋਂ ਵੱਧ ਘਰ ਹਨ, ਬਲਕਿ ਇਹ ਉਨ੍ਹਾਂ ਲੱਖਾਂ ਗ਼ਰੀਬ ਪਰਿਵਾਰਾਂ ਲਈ ਵੀ ਵੱਡੀ ਖ਼ਬਰ ਹੈ ਜੋ ਭਵਿੱਖ ਵਿੱਚ ਪੱਕੇ ਘਰ ਲੈਣ ਜਾ ਰਹੇ ਹਨ।” ਲਾਭਾਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਕੋਟ ਵਿੱਚ ਇਹ ਆਧੁਨਿਕ ਘਰ ਦੇਸ਼ ਵਿੱਚ ਤੇਜ਼ੀ ਨਾਲ ਸਸਤੇ ਘਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਉਨ੍ਹਾਂ ਇਹ ਵੀ ਕਿਹਾ, “ਇਹ ਹਾਊਸਿੰਗ ਸੈਕਟਰ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਉਣ ਜਾ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਹਜ਼ਾਰਾਂ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਅਤੇ ਦੇਸ਼ ਵਿੱਚ ਨਵੇਂ ਸਟਾਰਟ-ਅਪਸ ਨੂੰ ਉਤਸ਼ਾਹਿਤ ਕਰ ਕੇ ਇਸ ਕਿਸਮ ਦੀ ਟੈਕਨੋਲੋਜੀ ਵਿੱਚ ਆਤਮਨਿਰਭਰਤਾ ਲਈ ਸਾਡੇ ਆਪਣੇ ਨੌਜਵਾਨਾਂ ਨੂੰ ਤਿਆਰ ਕਰਨ ਲਈ ਵੀ ਪਹਿਲ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੜਕਾਂ, ਬਜ਼ਾਰਾਂ, ਮਾੱਲਾਂ ਅਤੇ ਪਲਾਜ਼ਿਆਂ ਤੋਂ ਇਲਾਵਾ ਸ਼ਹਿਰੀ ਜੀਵਨ ਦੀ ਵੀ ਇੱਕ ਹੋਰ ਜ਼ਿੰਮੇਵਾਰੀ ਹੈ। “ਪਹਿਲੀ ਵਾਰ, ਸਾਡੀ ਸਰਕਾਰ ਨੇ ਸੜਕ ਵਿਕਰੇਤਾਵਾਂ ਦੀ ਜ਼ਿੰਮੇਵਾਰੀ ਸਮਝੀ ਹੈ। ਪਹਿਲੀ ਵਾਰ ਅਸੀਂ ਉਨ੍ਹਾਂ ਨੂੰ ਬੈਂਕ ਨਾਲ ਜੋੜਿਆ ਹੈ। ਅੱਜ ਇਨ੍ਹਾਂ ਸਾਥੀਆਂ ਨੂੰ ਸਵ–ਨਿਧੀ ਸਕੀਮ ਰਾਹੀਂ ਆਸਾਨੀ ਨਾਲ ਲੋਨ ਵੀ ਮਿਲ ਰਿਹਾ ਹੈ ਅਤੇ ਉਹ ਆਪਣਾ ਕਾਰੋਬਾਰ ਵਧਾਉਣ ਬਾਰੇ ਸੋਚ ਸਕਦੇ ਹਨ। ਅੱਜ ਤੁਸੀਂ ਦੇਖੋ, ਇਹ ਵਿਕਰੇਤਾ ਡਿਜੀਟਲ ਲੈਣ-ਦੇਣ ਰਾਹੀਂ ਡਿਜੀਟਲ ਇੰਡੀਆ ਨੂੰ ਤਾਕਤ ਦੇ ਰਹੇ ਹਨ।

ਰਾਜਕੋਟ ਵਿੱਚ MSMEs ਦੀ ਸੰਖਿਆ ਨੂੰ ਨੋਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰ ਇੱਕ ਉਦਯੋਗਿਕ ਸ਼ਹਿਰ ਅਤੇ MSMEs ਦੇ ਹੌਟ–ਬੈੱਡ ਦੇ ਰੂਪ ਵਿੱਚ ਬਹੁਤ ਮਸ਼ਹੂਰ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦਾ ਸ਼ਾਇਦ ਹੀ ਕੋਈ ਅਜਿਹਾ ਹਿੱਸਾ ਹੋਵੇ ਜੋ ਰਾਜਕੋਟ ਵਿੱਚ ਬਣੇ ਪੰਪ, ਮਸ਼ੀਨਾਂ ਅਤੇ ਟੂਲ ਵਰਗੀ ਸਮੱਗਰੀ ਦੀ ਵਰਤੋਂ ਨਾ ਕਰਦਾ ਹੋਵੇ। ਫਾਲਕਨ ਪੰਪ, ਫੀਲਡਮਾਰਸ਼ਲ, ਏਂਜਲ ਪੰਪ, ਫਲੋਟੈਕ ਇੰਜੀਨੀਅਰਿੰਗ, ਜਲਗੰਗਾ ਪੰਪ, ਸਿਲਵਰ ਪੰਪ, ਰੋਟੇਕ ਪੰਪ, ਸਿੱਧੀ ਇੰਜੀਨੀਅਰਜ਼, ਗੁਜਰਾਤ ਫੋਰਜਿੰਗ ਅਤੇ ਟੌਪਲੈਂਡ ਜਿਹੀਆਂ ਉਦਾਹਰਣਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਕੋਟ ਦੇ ਇਹ ਉਤਪਾਦ ਦੇਸ਼ ਅਤੇ ਦੁਨੀਆ ਵਿੱਚ ਆਪਣੀ ਪਛਾਣ ਬਣਾ ਰਹੇ ਹਨ।

ਉਨ੍ਹਾਂ ਕਿਹਾ,“ਪਿਛਲੇ ਦੋ ਦਹਾਕਿਆਂ ਵਿੱਚ ਰਾਜਕੋਟ ਤੋਂ ਇੰਜੀਨੀਅਰਿੰਗ ਨਾਲ ਸਬੰਧਿਤ ਚੀਜ਼ਾਂ ਦੀ ਬਰਾਮਦ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਗਈ ਹੈ।” ਉਨ੍ਹਾਂ ਕਿਹਾ ਕਿ ਫੈਕਟਰੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ ਅਤੇ ਮਜ਼ਦੂਰਾਂ ਦੀ ਗਿਣਤੀ ਵੀ ਕਈ ਗੁਣਾ ਵਧ ਗਈ ਹੈ। ਸਮੁੱਚੇ ਮਾਹੌਲ ਕਰਕੇ ਇੱਥੇ ਹਜ਼ਾਰਾਂ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਮਿਲਿਆ ਹੈ। ਇਸੇ ਤਰ੍ਹਾਂ ਮੋਰਬੀ ਨੇ ਵੀ ਸ਼ਾਨਦਾਰ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੋਰਬੀ ਦੀਆਂ ਸੈਰਾਮਿਕ ਟਾਈਲਾਂ ਦੁਨੀਆ ਭਰ ਵਿੱਚ ਮਸ਼ਹੂਰ ਹਨ। ਉਨ੍ਹਾਂ ਕਿਹਾ,“ਦੁਨੀਆ ਦੇ 13 ਪ੍ਰਤੀਸ਼ਤ ਤੋਂ ਵੱਧ ਸੈਰਾਮਿਕਸ ਇਕੱਲੇ ਮੋਰਬੀ ਵਿੱਚ ਪੈਦਾ ਹੁੰਦੇ ਹਨ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੋਰਬੀ ਨੂੰ ਐਕਸਪੋਰਟ ਐਕਸੀਲੈਂਸ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਕੰਧਾਂ, ਫਰਸ਼, ਬਾਥਰੂਮ ਅਤੇ ਪਖਾਨੇ ਮੋਰਬੀ ਤੋਂ ਬਿਨਾ ਅਧੂਰੇ ਹਨ। ਉਨ੍ਹਾਂ ਦੱਸਿਆ ਕਿ ਮੋਰਬੀ ਵਿੱਚ 15 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਸੈਰਾਮਿਕਸ ਪਾਰਕ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਰਾਜ ਸਰਕਾਰ ਦੀ ਪ੍ਰਗਤੀਸ਼ੀਲ ਉਦਯੋਗਿਕ ਨੀਤੀ ਦੀ ਤਾਰੀਫ਼ ਕਰਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।

ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ, ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ, ਸ਼੍ਰੀ ਕੌਸ਼ਲ ਕਿਸ਼ੋਰ, ਗੁਜਰਾਤ ਦੇ ਸਾਬਕਾ ਰਾਜਪਾਲ, ਸ਼੍ਰੀ ਵਜੂਭਾਈ ਵਾਲਾ, ਸਾਬਕਾ ਮੁੱਖ ਮੰਤਰੀ ਇਸ ਮੌਕੇ ‘ਤੇ ਗੁਜਰਾਤ ਦੇ ਸ਼੍ਰੀ ਵਿਜੇ ਰੂਪਾਨੀ ਅਤੇ ਸੰਸਦ ਮੈਂਬਰ ਸ਼੍ਰੀ ਮੋਹਨਭਾਈ ਕੁੰਡਾਰੀਆ ਅਤੇ ਸ਼੍ਰੀ ਰਾਮਾਭਾਈ ਕੋਮਾਰੀਆ ਵੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਰਾਜਕੋਟ, ਗੁਜਰਾਤ ਵਿੱਚ ਲਗਭਗ 5860 ਕਰੋੜ ਦੀ ਲਾਗਤ ਵਾਲੇ ਵੱਖੋ–ਵੱਖਰੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਇੰਡੀਆ ਅਰਬਨ ਹਾਊਸਿੰਗ ਕਨਕਲੇਵ 2022 ਦਾ ਉਦਘਾਟਨ ਵੀ ਕੀਤਾ, ਜਿਸ ਵਿੱਚ ਭਾਰਤ ਵਿੱਚ ਰਿਹਾਇਸ਼ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿਸ ਵਿੱਚ ਯੋਜਨਾਬੰਦੀ, ਡਿਜ਼ਾਈਨ, ਨੀਤੀ, ਨਿਯਮਾਂ, ਲਾਗੂ ਕਰਨਾ, ਹੋਰਾਂ ਵਿੱਚ ਵਧੇਰੇ ਸਥਿਰਤਾ ਅਤੇ ਸਮਾਵੇਸ਼ ਦੀ ਸ਼ੁਰੂਆਤ ਸ਼ਾਮਲ ਹੈ। ਜਨਤਕ ਸਮਾਗਮ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਇਨੋਵੇਟਿਵ ਨਿਰਮਾਣ ਅਭਿਆਸਾਂ ‘ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।

ਜਨਤਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਲਾਈਟ ਹਾਊਸ ਪ੍ਰੋਜੈਕਟ ਤਹਿਤ ਬਣਾਏ ਗਏ 1100 ਤੋਂ ਵੱਧ ਘਰਾਂ ਨੂੰ ਸਮਰਪਿਤ ਕੀਤਾ। ਇਨ੍ਹਾਂ ਮਕਾਨਾਂ ਦੀਆਂ ਚਾਬੀਆਂ ਵੀ ਲਾਭਪਾਤਰੀਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਉਨ੍ਹਾਂ ਇੱਕ ਜਲ ਸਪਲਾਈ ਪ੍ਰੋਜੈਕਟ: ਬ੍ਰਾਹਮਣੀ-2 ਡੈਮ ਤੋਂ ਨਰਮਦਾ ਕੈਨਾਲ ਪੰਪਿੰਗ ਸਟੇਸ਼ਨ ਤੱਕ ਮੋਰਬੀ-ਬਲਕ ਪਾਈਪਲਾਈਨ ਪ੍ਰੋਜੈਕਟ ਨੂੰ ਵੀ ਸਮਰਪਿਤ ਕੀਤਾ। ਉਨ੍ਹਾਂ ਦੁਆਰਾ ਸਮਰਪਿਤ ਕੀਤੇ ਜਾ ਰਹੇ ਹੋਰ ਪ੍ਰੋਜੈਕਟਾਂ ਵਿੱਚ ਖੇਤਰੀ ਵਿਗਿਆਨ ਕੇਂਦਰ, ਫਲਾਈਓਵਰ ਬ੍ਰਿਜ ਅਤੇ ਸੜਕ ਖੇਤਰ ਨਾਲ ਸਬੰਧਿਤ ਹੋਰ ਪ੍ਰੋਜੈਕਟ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ NH27 ਦੇ ਰਾਜਕੋਟ-ਗੋਂਡਲ-ਜੇਤਪੁਰ ਸੈਕਸ਼ਨ ਦੇ ਮੌਜੂਦਾ ਚਾਰ ਮਾਰਗੀ ਦੇ ਛੇ ਮਾਰਗੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਮੋਰਬੀ, ਰਾਜਕੋਟ, ਬੋਟਾਦ, ਜਾਮਨਗਰ ਅਤੇ ਕੱਛ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਭਗ 2950 ਕਰੋੜ ਰੁਪਏ ਦੀ ਲਾਗਤ ਵਾਲੇ ਜੀਆਈਡੀਸੀ ਉਦਯੋਗਿਕ ਇਸਟੇਟ ਦਾ ਨੀਂਹ ਪੱਥਰ ਵੀ ਰੱਖਿਆ। ਹੋਰ ਪ੍ਰੋਜੈਕਟ ਜਿਨ੍ਹਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ, ਉਨ੍ਹਾਂ ਵਿੱਚ ਗੜ੍ਹਕਾ ਵਿਖੇ AMUL-ਪ੍ਰਾਪਤ ਡੇਅਰੀ ਪਲਾਂਟ, ਰਾਜਕੋਟ ਵਿੱਚ ਇੱਕ ਇਨਡੋਰ ਸਪੋਰਟਸ ਕੰਪਲੈਕਸ ਦਾ ਨਿਰਮਾਣ, ਦੋ ਜਲ ਸਪਲਾਈ ਪ੍ਰੋਜੈਕਟ ਅਤੇ ਸੜਕਾਂ ਅਤੇ ਰੇਲਵੇ ਖੇਤਰ ਵਿੱਚ ਹੋਰ ਪ੍ਰੋਜੈਕਟ ਸ਼ਾਮਲ ਹਨ।

Watch LIVE https://t.co/DM1P5TCPZh

— PMO India (@PMOIndia) October 19, 2022

 

 **********

ਡੀਐੱਸ/ਟੀਐੱਸ


(Release ID: 1869500) Visitor Counter : 171