ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਆਸ਼ਾ ਪਾਰਿਖ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ, 2020 ਨਾਲ ਸਨਮਾਨਿਤ ਕੀਤਾ ਜਾਵੇਗਾ


68ਵੇਂ ਰਾਸ਼ਟਰੀ ਫਿਲਮ ਪੁਰਸਕਾਰ 30 ਸਤੰਬਰ ਨੂੰ ਹੋਣਗੇ

ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਨਗੇ

Posted On: 27 SEP 2022 1:35PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਐਲਾਨ ਕੀਤਾ ਹੈ ਕਿ ਸਾਲ 2020 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਹਾਨ ਅਭਿਨੇਤਰੀ ਸ਼੍ਰੀਮਤੀ ਆਸ਼ਾ ਪਾਰਿਖ ਨੂੰ ਦਿੱਤਾ ਜਾਵੇਗਾ। ਇਹ ਪੁਰਸਕਾਰ ਨਵੀਂ ਦਿੱਲੀ ਵਿੱਚ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਦਿੱਤਾ ਜਾਵੇਗਾ।

ਫੈਸਲੇ ਦੀ ਘੋਸ਼ਣਾ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, "ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਦਾਦਾ ਸਾਹਿਬ ਫਾਲਕੇ ਚੋਣ ਜਿਊਰੀ ਨੇ ਸ਼੍ਰੀਮਤੀ ਆਸ਼ਾ ਪਾਰਿਖ ਜੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਮਿਸਾਲੀ ਜੀਵਨ ਭਰ ਦੇ ਯੋਗਦਾਨ ਲਈ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।" ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ 30 ਸਤੰਬਰ, 2022 ਨੂੰ ਆਯੋਜਿਤ ਕੀਤੇ ਜਾਣਗੇ ਅਤੇ ਇਸ ਦੀ ਪ੍ਰਧਾਨਗੀ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਕਰਨਗੇ।

ਸ਼੍ਰੀਮਤੀ ਆਸ਼ਾ ਪਾਰਿਖ ਇੱਕ ਮਸ਼ਹੂਰ ਫਿਲਮ ਅਭਿਨੇਤਰੀ, ਨਿਰਦੇਸ਼ਕ ਅਤੇ ਨਿਰਮਾਤਾ ਅਤੇ ਇੱਕ ਨਿਪੁੰਨ ਭਾਰਤੀ ਕਲਾਸੀਕਲ ਡਾਂਸਰ ਹੈ। ਇੱਕ ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ‘ਦਿਲ ਦੇ ਕੇ ਦੇਖੋ’ ਵਿੱਚ ਮੁੱਖ ਹੀਰੋਇਨ ਵਜੋਂ ਆਪਣੀ ਸ਼ੁਰੂਆਤ ਕੀਤੀ ਅਤੇ 95 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ‘ਕਟੀ ਪਤੰਗ’, ‘ਤੀਸਰੀ ਮੰਜ਼ਿਲ’, ‘ਲਵ ਇਨ ਟੋਕੀਓ’,‘ਆਯਾ ਸਾਵਨ ਝੂਮ ਕੇ’, ‘ਆ ਮਿਲੋ ਸਜਨਾ’, ‘ਮੇਰਾ ਗਾਓਂ ਮੇਰਾ ਦੇਸ਼’ ਵਰਗੀਆਂ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਹੈ।

ਸ਼੍ਰੀਮਤੀ ਆਸ਼ਾ ਪਾਰਿਖ ਨੂੰ 1992 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ 1998-2001 ਤੱਕ ਫਿਲਮ ਸਰਟੀਫਿਕੇਸ਼ਨ ਲਈ ਕੇਂਦਰੀ ਬੋਰਡ ਦੀ ਮੁਖੀ ਵਜੋਂ ਵੀ ਸੇਵਾ ਕੀਤੀ ਹੈ।

ਸ਼੍ਰੀ ਅਨੁਰਾਗ ਠਾਕੁਰ ਨੇ ਇਹ ਵੀ ਘੋਸ਼ਣਾ ਕੀਤੀ ਕਿ ਸ਼੍ਰੀਮਤੀ ਪਾਰਿਖ ਨੂੰ ਪੁਰਸਕਾਰ ਪ੍ਰਦਾਨ ਕਰਨ ਦਾ ਫੈਸਲਾ ਪੰਜ ਮੈਂਬਰਾਂ ਦੀ ਜਿਊਰੀ ਦੁਆਰਾ ਲਿਆ ਗਿਆ ਸੀ। 52ਵੇਂ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੀ ਚੋਣ ਲਈ ਜਿਊਰੀ ਵਿੱਚ ਫਿਲਮ ਉਦਯੋਗ ਦੇ ਪੰਜ ਮੈਂਬਰ ਸ਼ਾਮਲ ਸਨ:

1. ਸ਼੍ਰੀਮਤੀ ਆਸ਼ਾ ਭੌਂਸਲੇ

2. ਸ਼੍ਰੀਮਤੀ ਹੇਮਾ ਮਾਲਿਨੀ

3. ਸ਼੍ਰੀਮਤੀ ਪੂਨਮ ਢਿੱਲੋਂ

4. ਸ਼੍ਰੀ ਟੀ. ਐੱਸ. ਨਾਗਭਰਨ

5. ਸ਼੍ਰੀ ਉਦਿਤ ਨਾਰਾਇਣ

************

ਸੌਰਭ ਸਿੰਘ



(Release ID: 1863163) Visitor Counter : 120