ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਜੰਗਲੀ ਚੀਤਿਆਂ ਨੂੰ ਛੱਡਣ ਸਮੇਂ ਰਾਸ਼ਟਰ ਨੂੰ ਸੰਬੋਧਨ ਕੀਤਾ
"ਚੀਤਾ ਅੱਜ ਭਾਰਤ ਦੀ ਧਰਤੀ 'ਤੇ ਪਰਤਿਆ ਹੈ"
"ਜਦੋਂ ਅਸੀਂ ਆਪਣੀਆਂ ਜੜ੍ਹਾਂ ਤੋਂ ਦੂਰ ਹੁੰਦੇ ਹਾਂ, ਤਾਂ ਬਹੁਤ ਕੁਝ ਗੁਆ ਲੈਂਦੇ ਹਾਂ"
"ਅੰਮ੍ਰਿਤ ਵਿੱਚ ਮੁਰਦਿਆਂ ਨੂੰ ਵੀ ਜੀਉਂਦਾ ਕਰਨ ਦੀ ਸ਼ਕਤੀ ਹੁੰਦੀ ਹੈ"
"ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਭਾਰਤ ਇਨ੍ਹਾਂ ਚੀਤਿਆਂ ਦੇ ਵਸੇਬੇ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ"
"ਵਧ ਰਹੇ ਈਕੋ-ਟੂਰਿਜ਼ਮ ਦੇ ਨਤੀਜੇ ਵਜੋਂ ਰੋਜ਼ਗਾਰ ਦੇ ਮੌਕੇ ਵਧਣਗੇ"
"ਕੁਦਰਤ ਅਤੇ ਵਾਤਾਵਰਣ, ਇਸ ਵਿਚਲੇ ਪਸ਼ੂ-ਪੰਛੀ ਭਾਰਤ ਲਈ ਸਿਰਫ ਟਿਕਾਊਪਣ ਅਤੇ ਸੁਰੱਖਿਆ ਲਈ ਨਹੀਂ, ਬਲਕਿ ਭਾਰਤ ਦੀ ਸੰਵੇਦਨਸ਼ੀਲਤਾ ਅਤੇ ਅਧਿਆਤਮਿਕਤਾ ਦੀ ਬੁਨਿਆਦ ਹਨ"
"ਅੱਜ ਸਾਡੇ ਜੰਗਲ ਅਤੇ ਜੀਵਨ ਵਿੱਚ ਇੱਕ ਵੱਡਾ ਖਲਾਅ ਚੀਤੇ ਨਾਲ ਭਰਿਆ ਜਾ ਰਿਹਾ ਹੈ"
"ਇੱਕ ਪਾਸੇ ਜਿੱਥੇ ਅਸੀਂ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹਾਂ, ਉੱਥੇ ਹੀ ਦੇਸ਼ ਦੇ ਜੰਗਲੀ ਖੇਤਰ ਵੀ ਤੇਜ਼ੀ ਨਾਲ ਫੈਲ ਰਹੇ ਹਨ"
"2014 ਤੋਂ, ਦੇਸ਼ ਵਿੱਚ ਲਗਭਗ 250 ਨਵੇਂ ਸੁਰੱਖਿਅਤ ਖੇਤਰ ਬਣਾਏ ਗਏ ਹਨ"
"ਅਸੀਂ ਸਮੇਂ ਤੋਂ ਪਹਿਲਾਂ ਬਾਘਾਂ ਦੀ ਗਿਣਤੀ ਦੁੱਗਣੀ ਕਰਨ ਦਾ ਲਕਸ਼ ਪ੍ਰਾਪਤ ਕੀਤਾ ਹੈ"
प्रविष्टि तिथि:
17 SEP 2022 12:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿਚੋਂ ਅਲੋਪ ਹੋ ਚੁੱਕੇ ਜੰਗਲੀ ਚੀਤੇ ਅੱਜ ਕੂਨੋ ਨੈਸ਼ਨਲ ਪਾਰਕ ਵਿੱਚ ਛੱਡੇ। ਇਹ ਚੀਤੇ ਨਾਮੀਬੀਆ ਤੋਂ ਭਾਰਤ ਵਿੱਚ ਸ਼ੁਰੂ ਕੀਤੇ ਗਏ ਪ੍ਰੋਜੈਕਟ ਚੀਤਾ ਦੇ ਤਹਿਤ ਲਿਆਂਦੇ ਗਏ, ਜੋ ਦੁਨੀਆ ਦਾ ਪਹਿਲਾ ਅੰਤਰ-ਮਹਾਦੀਪੀ ਵਿਸ਼ਾਲ ਜੰਗਲੀ ਮਾਸਾਹਾਰੀ ਜੀਵ ਦਾ ਵਸੇਬਾ ਬਦਲੀ ਪ੍ਰੋਜੈਕਟ ਹੈ।
ਪ੍ਰਧਾਨ ਮੰਤਰੀ ਨੇ ਕੂਨੋ ਨੈਸ਼ਨਲ ਪਾਰਕ ਵਿੱਚ ਦੋ ਰੀਲੀਜ਼ ਬਿੰਦੂਆਂ ਤੋਂ ਚੀਤਿਆਂ ਨੂੰ ਛੱਡਿਆ। ਪ੍ਰਧਾਨ ਮੰਤਰੀ ਨੇ ਇਸ ਸਥਾਨ 'ਤੇ ਚੀਤਾ ਮਿੱਤਰਾਂ, ਚੀਤਾ ਮੁੜ ਵਸੇਬਾ ਪ੍ਰਬੰਧਨ ਸਮੂਹ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਇਤਿਹਾਸਿਕ ਮੌਕੇ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ।
ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਚੋਣਵੇਂ ਮੌਕਿਆਂ 'ਤੇ ਚਾਨਣਾ ਪਾਉਂਦਿਆਂ ਧੰਨਵਾਦ ਪ੍ਰਗਟਾਇਆ, ਜੋ ਮਨੁੱਖਤਾ ਨੂੰ ਅਤੀਤ ਨੂੰ ਸੁਧਾਰਨ ਅਤੇ ਇੱਕ ਨਵੇਂ ਭਵਿੱਖ ਦਾ ਨਿਰਮਾਣ ਕਰਨ ਦਾ ਮੌਕਾ ਦਿੰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਅਜਿਹਾ ਹੀ ਇੱਕ ਪਲ ਹੈ। ਉਨ੍ਹਾਂ ਕਿਹਾ, "ਦਹਾਕੇ ਪਹਿਲਾਂ, ਜੈਵ ਵਿਵਿਧਤਾ ਦੀ ਪੁਰਾਣੀ ਕੜੀ ਜੋ ਟੁੱਟ ਗਈ ਸੀ ਅਤੇ ਅਲੋਪ ਹੋ ਗਈ ਸੀ, ਅੱਜ ਸਾਡੇ ਕੋਲ ਇਸ ਨੂੰ ਜੋੜਨ ਦਾ ਮੌਕਾ ਹੈ।" ਉਨ੍ਹਾਂ ਕਿਹਾ, "ਅੱਜ ਚੀਤਾ ਭਾਰਤ ਦੀ ਧਰਤੀ 'ਤੇ ਵਾਪਸ ਆ ਗਿਆ ਹੈ।" ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਯਾਦਗਾਰੀ ਮੌਕੇ ਨੇ ਭਾਰਤ ਦੀ ਕੁਦਰਤ-ਪ੍ਰੇਮੀ ਚੇਤਨਾ ਨੂੰ ਪੂਰੀ ਤਾਕਤ ਨਾਲ ਜਗਾਇਆ ਹੈ। ਸ਼੍ਰੀ ਮੋਦੀ ਨੇ ਨਾਮੀਬੀਆ ਅਤੇ ਉਥੋਂ ਦੀ ਸਰਕਾਰ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ, ਜਿਨ੍ਹਾਂ ਦੇ ਸਹਿਯੋਗ ਨਾਲ ਚੀਤੇ ਦਹਾਕਿਆਂ ਬਾਅਦ ਭਾਰਤ ਦੀ ਧਰਤੀ 'ਤੇ ਵਾਪਸ ਆਏ ਹਨ, ਇਸ ਇਤਿਹਾਸਿਕ ਮੌਕੇ 'ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਮੈਨੂੰ ਯਕੀਨ ਹੈ ਕਿ ਇਹ ਚੀਤੇ ਨਾ ਸਿਰਫ਼ ਸਾਨੂੰ ਕੁਦਰਤ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣਗੇ, ਬਲਕਿ ਸਾਡੀਆਂ ਮਨੁੱਖੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਤੋਂ ਵੀ ਜਾਣੂ ਕਰਵਾਉਣਗੇ।”
ਆਜ਼ਾਦੀ ਦੇ ਅੰਮ੍ਰਿਤਕਾਲ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 'ਪੰਚ ਪ੍ਰਣ' ਨੂੰ ਯਾਦ ਕੀਤਾ ਅਤੇ 'ਆਪਣੀ ਵਿਰਾਸਤ 'ਤੇ ਮਾਣ ਕਰਨ' ਅਤੇ 'ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ' ਦੇ ਮਹੱਤਵ 'ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਜਦੋਂ ਅਸੀਂ ਆਪਣੀਆਂ ਜੜ੍ਹਾਂ ਤੋਂ ਦੂਰ ਹੁੰਦੇ ਹਾਂ, ਤਾਂ ਅਸੀਂ ਬਹੁਤ ਕੁਝ ਗੁਆ ਲੈਂਦੇ ਹਾਂ।" ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਦੀਆਂ ਵਿੱਚ ਕੁਦਰਤ ਦਾ ਸ਼ੋਸ਼ਣ ਸ਼ਕਤੀ ਅਤੇ ਆਧੁਨਿਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ, “1947 ਵਿੱਚ, ਜਦੋਂ ਦੇਸ਼ ਵਿੱਚ ਸਿਰਫ ਆਖਰੀ ਤਿੰਨ ਚੀਤੇ ਬਚੇ ਸਨ, ਉਨ੍ਹਾਂ ਦਾ ਵੀ ਸਾਲ (Sal) ਦੇ ਜੰਗਲਾਂ ਵਿੱਚ ਬੇਰਹਿਮੀ ਅਤੇ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਸ਼ਿਕਾਰ ਕੀਤਾ ਗਿਆ ਸੀ।"
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਵੇਂ ਚੀਤੇ 1952 ਵਿੱਚ ਭਾਰਤ ਵਿੱਚੋਂ ਅਲੋਪ ਹੋ ਗਏ ਸਨ, ਪਰ ਪਿਛਲੇ ਸੱਤ ਦਹਾਕਿਆਂ ਤੋਂ ਉਨ੍ਹਾਂ ਦੇ ਮੁੜ ਵਸੇਬੇ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ ਗਏ। ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਨਵੀਂ ਊਰਜਾ ਨਾਲ ਚੀਤਿਆਂ ਦਾ ਪੁਨਰਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਅੰਮ੍ਰਿਤ ਵਿੱਚ ਮੁਰਦਿਆਂ ਨੂੰ ਵੀ ਜੀਉਂਦਾ ਕਰਨ ਦੀ ਸ਼ਕਤੀ ਹੁੰਦੀ ਹੈ”। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਕਰਤੱਵ ਅਤੇ ਵਿਸ਼ਵਾਸ ਦਾ ਇਹ ਅੰਮ੍ਰਿਤ ਨਾ ਸਿਰਫ਼ ਸਾਡੀ ਵਿਰਾਸਤ ਨੂੰ ਸੁਰਜੀਤ ਕਰ ਰਿਹਾ ਹੈ, ਸਗੋਂ ਹੁਣ ਚੀਤਿਆਂ ਨੇ ਵੀ ਭਾਰਤ ਦੀ ਧਰਤੀ 'ਤੇ ਪੈਰ ਰੱਖੇ ਹਨ।
ਇਸ ਪੁਨਰਵਾਸ ਨੂੰ ਸਫ਼ਲ ਬਣਾਉਣ ਲਈ ਸਾਲਾਂ ਦੀ ਸਖ਼ਤ ਮਿਹਨਤ ਵੱਲ ਸਾਰਿਆਂ ਦਾ ਧਿਆਨ ਖਿੱਚਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਖੇਤਰ ਲਈ ਪੂਰੀ ਊਰਜਾ ਲਗਾਈ ਗਈ ਸੀ, ਜਿਸ ਨੂੰ ਬਹੁਤ ਜ਼ਿਆਦਾ ਰਾਜਨੀਤਿਕ ਮਹੱਤਵ ਨਹੀਂ ਦਿੱਤਾ ਜਾਂਦਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਇੱਕ ਵਿਸਤ੍ਰਿਤ 'ਚੀਤਾ ਐਕਸ਼ਨ ਪਲਾਨ' ਤਿਆਰ ਕਰਦਿਆਂ ਸਾਡੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਨੇ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਦੇ ਮਾਹਿਰਾਂ ਨਾਲ ਮਿਲ ਕੇ ਕੰਮ ਕਰਦੇ ਹੋਏ ਵਿਆਪਕ ਅਧਿਐਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਚੀਤਿਆਂ ਲਈ ਸਭ ਤੋਂ ਢੁਕਵੇਂ ਖੇਤਰ ਦਾ ਪਤਾ ਲਗਾਉਣ ਲਈ ਦੇਸ਼ ਭਰ ਵਿੱਚ ਵਿਗਿਆਨਕ ਸਰਵੇਖਣ ਕਰਵਾਏ ਗਏ ਸਨ ਅਤੇ ਫਿਰ ਇਸ ਸ਼ੁਭ ਸ਼ੁਰੂਆਤ ਲਈ ਕੂਨੋ ਨੈਸ਼ਨਲ ਪਾਰਕ ਦੀ ਚੋਣ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ, “ਅੱਜ, ਸਾਡੀ ਮਿਹਨਤ ਦਾ ਨਤੀਜਾ ਸਾਡੇ ਸਾਹਮਣੇ ਹੈ।"
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਜਦੋਂ ਕੁਦਰਤ ਅਤੇ ਵਾਤਾਵਰਣ ਸੁਰੱਖਿਅਤ ਹੁੰਦੇ ਹਨ, ਤਾਂ ਸਾਡਾ ਭਵਿੱਖ ਸੁਰੱਖਿਅਤ ਹੋ ਜਾਂਦਾ ਹੈ ਅਤੇ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਖੁੱਲ੍ਹਦੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਜਦੋਂ ਕੂਨੋ ਨੈਸ਼ਨਲ ਪਾਰਕ ਵਿੱਚ ਚੀਤੇ ਦੌੜਨਗੇ, ਤਾਂ ਘਾਹ ਦੇ ਮੈਦਾਨਾਂ ਦਾ ਈਕੋਸਿਸਟਮ ਬਹਾਲ ਹੋਵੇਗਾ ਅਤੇ ਇਹ ਜੈਵ ਵਿਵਿਧਤਾ ਵਿੱਚ ਵੀ ਵਾਧਾ ਹੋਵੇਗਾ। ਸ਼੍ਰੀ ਮੋਦੀ ਨੇ ਚਾਨਣਾ ਪਾਇਆ ਕਿ ਖੇਤਰ ਵਿੱਚ ਵਧ ਰਹੇ ਈਕੋ-ਟੂਰਿਜ਼ਮ ਦੇ ਨਤੀਜੇ ਵਜੋਂ ਰੋਜ਼ਗਾਰ ਦੇ ਮੌਕੇ ਵਧਣਗੇ, ਜਿਸ ਨਾਲ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।
ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਸਬਰ ਤੋਂ ਕੰਮ ਲੈਣ ਅਤੇ ਕੂਨੋ ਨੈਸ਼ਨਲ ਪਾਰਕ ਵਿੱਚ ਛੱਡੇ ਗਏ ਚੀਤਿਆਂ ਨੂੰ ਦੇਖਣ ਲਈ ਕੁਝ ਮਹੀਨੇ ਉਡੀਕ ਕਰਨ। ਉਨ੍ਹਾਂ ਟਿੱਪਣੀ ਕੀਤੀ, “ਅੱਜ ਇਹ ਚੀਤੇ ਮਹਿਮਾਨ ਵਜੋਂ ਆਏ ਹਨ ਅਤੇ ਇਸ ਖੇਤਰ ਤੋਂ ਅਣਜਾਣ ਹਨ ਅਤੇ ਇਨ੍ਹਾਂ ਚੀਤਿਆਂ ਨੂੰ ਕੂਨੋ ਨੈਸ਼ਨਲ ਪਾਰਕ ਨੂੰ ਆਪਣਾ ਬਸੇਰਾ ਬਣਾਉਣ ਦੇ ਯੋਗ ਹੋਣ ਲਈ, ਸਾਨੂੰ ਉਨ੍ਹਾਂ ਨੂੰ ਕੁਝ ਮਹੀਨਿਆਂ ਦਾ ਸਮਾਂ ਦੇਣਾ ਪਏਗਾ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਭਾਰਤ ਇਨ੍ਹਾਂ ਚੀਤਿਆਂ ਦੇ ਵਸੇਬੇ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਨਹੀਂ ਹੋਣ ਦੇਣਾ ਚਾਹੀਦਾ।"
ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਅੱਜ ਜਦੋਂ ਦੁਨੀਆ ਕੁਦਰਤ ਅਤੇ ਵਾਤਾਵਰਣ ਨੂੰ ਦੇਖਦੀ ਹੈ, ਤਾਂ ਇਹ ਟਿਕਾਊ ਵਿਕਾਸ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ, "ਭਾਰਤ ਲਈ, ਕੁਦਰਤ ਅਤੇ ਵਾਤਾਵਰਣ, ਇਸ ਦੇ ਪਸ਼ੂ-ਪੰਛੀ, ਸਿਰਫ ਟਿਕਾਊਪਣ ਅਤੇ ਸੁਰੱਖਿਆ ਬਾਰੇ ਲਈ ਹਨ, ਬਲਕਿ ਭਾਰਤ ਦੀ ਸੰਵੇਦਨਸ਼ੀਲਤਾ ਅਤੇ ਅਧਿਆਤਮਿਕਤਾ ਦੀ ਬੁਨਿਆਦ ਹਨ।" ਉਨ੍ਹਾਂ ਅੱਗੇ ਕਿਹਾ, “ਸਾਨੂੰ ਆਪਣੇ ਆਲੇ-ਦੁਆਲੇ ਰਹਿਣ ਵਾਲੇ ਸਭ ਤੋਂ ਛੋਟੇ ਜੀਵ-ਜੰਤੂਆਂ ਦੀ ਵੀ ਦੇਖਭਾਲ ਕਰਨਾ ਸਿਖਾਇਆ ਜਾਂਦਾ ਹੈ। ਸਾਡੀਆਂ ਪਰੰਪਰਾਵਾਂ ਇਹੋ ਜਿਹੀਆਂ ਹਨ ਕਿ ਜੇਕਰ ਕਿਸੇ ਜੀਵ ਦਾ ਜੀਵਨ ਬਿਨਾਂ ਕਿਸੇ ਕਾਰਨ ਚਲਿਆ ਜਾਵੇ ਤਾਂ ਅਸੀਂ ਦੋਸ਼ੀ ਮਹਿਸੂਸ ਕਰਦੇ ਹਾਂ। ਫਿਰ ਅਸੀਂ ਇਹ ਕਿਵੇਂ ਸਵੀਕਾਰ ਕਰ ਸਕਦੇ ਹਾਂ ਕਿ ਸਾਡੇ ਕਾਰਨ ਇੱਕ ਪੂਰੀ ਪ੍ਰਜਾਤੀ ਦੀ ਹੋਂਦ ਖ਼ਤਮ ਹੋ ਗਈ?
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਅਫ਼ਰੀਕਾ ਦੇ ਕੁਝ ਦੇਸ਼ਾਂ ਅਤੇ ਇਰਾਨ ਵਿੱਚ ਚੀਤੇ ਪਾਏ ਜਾਂਦੇ ਹਨ, ਜਦਕਿ ਭਾਰਤ ਦਾ ਨਾਮ ਇਸ ਸੂਚੀ ਵਿੱਚੋਂ ਬਹੁਤ ਪਹਿਲਾਂ ਹਟਾ ਦਿੱਤਾ ਗਿਆ ਸੀ। ਸ਼੍ਰੀ ਮੋਦੀ ਨੇ ਕਿਹਾ, “ਬੱਚਿਆਂ ਨੂੰ ਆਉਣ ਵਾਲੇ ਸਾਲਾਂ ਵਿੱਚ ਇਹ ਤਾਅਨਾ ਨਹੀਂ ਸੁਣਨਾ ਪਵੇਗਾ। ਮੈਨੂੰ ਯਕੀਨ ਹੈ, ਉਹ ਆਪਣੇ ਹੀ ਦੇਸ਼ ਵਿੱਚ ਕੂਨੋ ਨੈਸ਼ਨਲ ਪਾਰਕ ਵਿੱਚ ਚੀਤੇ ਨੂੰ ਦੌੜਦਿਆਂ ਦੇਖ ਸਕਣਗੇ। ਅੱਜ ਸਾਡੇ ਜੰਗਲ ਅਤੇ ਜੀਵਨ ਵਿੱਚ ਇੱਕ ਵੱਡਾ ਖਲਾਅ ਚੀਤੇ ਨਾਲ ਭਰਿਆ ਜਾ ਰਿਹਾ ਹੈ।"
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ 21ਵੀਂ ਸਦੀ ਦਾ ਭਾਰਤ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦੇ ਰਿਹਾ ਹੈ ਕਿ ਅਰਥਵਿਵਸਥਾ ਅਤੇ ਵਾਤਾਵਰਣ ਆਪਸ ਵਿੱਚ ਭਿੜਨ ਵਾਲੇ ਖੇਤਰ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤ ਇੱਕ ਜਿਉਂਦੀ-ਜਾਗਦੀ ਮਿਸਾਲ ਹੈ ਕਿ ਵਾਤਾਵਰਨ ਦੀ ਸੁਰੱਖਿਆ ਦੇ ਨਾਲ-ਨਾਲ ਦੇਸ਼ ਦੀ ਆਰਥਿਕ ਤਰੱਕੀ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਇੱਕ ਪਾਸੇ, ਅਸੀਂ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹਾਂ, ਉੱਥੇ ਹੀ ਦੇਸ਼ ਦੇ ਜੰਗਲੀ ਖੇਤਰ ਵੀ ਤੇਜ਼ੀ ਨਾਲ ਫੈਲ ਰਹੇ ਹਨ।"
ਸਰਕਾਰ ਦੁਆਰਾ ਕੀਤੇ ਗਏ ਕੰਮਾਂ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ ਸਾਡੀ ਸਰਕਾਰ ਦੇ ਗਠਨ ਤੋਂ ਬਾਅਦ ਦੇਸ਼ ਵਿੱਚ ਲਗਭਗ 250 ਨਵੇਂ ਸੁਰੱਖਿਅਤ ਖੇਤਰ ਜੋੜੇ ਕੀਤੇ ਗਏ ਹਨ। ਇੱਥੇ ਏਸ਼ਿਆਈ ਸ਼ੇਰਾਂ ਦੀ ਗਿਣਤੀ ਵਿੱਚ ਵੀ ਵੱਡਾ ਵਾਧਾ ਹੋਇਆ ਹੈ ਅਤੇ ਗੁਜਰਾਤ ਦੇਸ਼ ਵਿੱਚ ਏਸ਼ਿਆਈ ਸ਼ੇਰਾਂ ਦੇ ਦਬਦਬੇ ਵਾਲੇ ਖੇਤਰ ਵਜੋਂ ਉੱਭਰਿਆ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਇਸ ਪਿੱਛੇ ਦਹਾਕਿਆਂ ਦੀ ਸਖ਼ਤ ਮਿਹਨਤ, ਖੋਜ-ਅਧਾਰਿਤ ਨੀਤੀਆਂ ਅਤੇ ਜਨ ਭਾਗੀਦਾਰੀ ਦੀ ਇੱਕ ਵੱਡੀ ਭੂਮਿਕਾ ਹੈ।" ਉਨ੍ਹਾਂ ਕਿਹਾ, “ਮੈਨੂੰ ਯਾਦ ਹੈ, ਅਸੀਂ ਗੁਜਰਾਤ ਵਿੱਚ ਇੱਕ ਸੰਕਲਪ ਲਿਆ ਸੀ ਕਿ ਅਸੀਂ ਜੰਗਲੀ ਜਾਨਵਰਾਂ ਲਈ ਸਨਮਾਨ ਵਧਾਵਾਂਗੇ ਅਤੇ ਸੰਘਰਸ਼ ਨੂੰ ਘਟਾਵਾਂਗੇ। ਅੱਜ ਉਸ ਸੋਚ ਦਾ ਅਸਰ ਸਾਡੇ ਸਾਹਮਣੇ ਹੈ।'' ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਅਸੀਂ ਸਮੇਂ ਤੋਂ ਪਹਿਲਾਂ ਬਾਘਾਂ ਦੀ ਗਿਣਤੀ ਦੁੱਗਣੀ ਕਰਨ ਦਾ ਲਕਸ਼ ਹਾਸਲ ਕਰ ਲਿਆ ਹੈ। ਉਨ੍ਹਾਂ ਯਾਦ ਕੀਤਾ ਜਦੋਂ ਅਸਾਮ ਵਿੱਚ ਇੱਕ ਸਿੰਙ ਵਾਲੇ ਗੈਂਡੇ ਦੀ ਹੋਂਦ ਖ਼ਤਰੇ ਵਿੱਚ ਸੀ, ਪਰ ਅੱਜ ਉਨ੍ਹਾਂ ਦੀ ਗਿਣਤੀ ਵੀ ਵੱਧ ਗਈ ਹੈ। ਪਿਛਲੇ ਕੁਝ ਸਾਲਾਂ ਵਿੱਚ ਹਾਥੀਆਂ ਦੀ ਗਿਣਤੀ ਵੀ 30 ਹਜ਼ਾਰ ਤੋਂ ਵੱਧ ਹੋ ਗਈ ਹੈ। ਸ਼੍ਰੀ ਮੋਦੀ ਨੇ ਵੈੱਟਲੈਂਡਸ ਦੇ ਵਿਸਤਾਰ ਵਿੱਚ ਭਾਰਤ ਦੀ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਕਰੋੜਾਂ ਲੋਕਾਂ ਦਾ ਜੀਵਨ ਅਤੇ ਲੋੜਾਂ ਜਲਗਾਹ ਈਕੋਲੋਜੀ 'ਤੇ ਨਿਰਭਰ ਹਨ। “ਅੱਜ ਦੇਸ਼ ਵਿੱਚ 75 ਵੈੱਟਲੈਂਡਸ ਨੂੰ ਰਾਮਸਰ ਸਥਲ ਐਲਾਨਿਆ ਗਿਆ ਹੈ, ਜਿਨ੍ਹਾਂ ਵਿੱਚੋਂ 26 ਸਥਲਾਂ ਨੂੰ ਪਿਛਲੇ 4 ਸਾਲਾਂ ਵਿੱਚ ਜੋੜਿਆ ਗਿਆ ਹੈ।" ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਦੇਸ਼ ਦੇ ਇਨ੍ਹਾਂ ਯਤਨਾਂ ਦਾ ਪ੍ਰਭਾਵ ਆਉਣ ਵਾਲੀਆਂ ਸਦੀਆਂ ਤੱਕ ਦਿਖਾਈ ਦੇਵੇਗਾ ਅਤੇ ਤਰੱਕੀ ਲਈ ਨਵੇਂ ਰਾਹ ਤਿਆਰ ਕਰੇਗਾ।"
ਪ੍ਰਧਾਨ ਮੰਤਰੀ ਨੇ ਉਨ੍ਹਾਂ ਵਿਸ਼ਵਵਿਆਪੀ ਮੁੱਦਿਆਂ ਵੱਲ ਵੀ ਸਾਰਿਆਂ ਦਾ ਧਿਆਨ ਖਿੱਚਿਆ, ਜਿਨ੍ਹਾਂ ਨਾਲ ਭਾਰਤ ਅੱਜ ਨਜਿੱਠ ਰਿਹਾ ਹੈ। ਉਨ੍ਹਾਂ ਵਿਸ਼ਵਵਿਆਪੀ ਸਮੱਸਿਆਵਾਂ, ਉਨ੍ਹਾਂ ਦੇ ਹੱਲਾਂ ਅਤੇ ਇੱਥੋਂ ਤੱਕ ਕਿ ਸਾਡੇ ਜੀਵਨ ਦਾ ਇੱਕ ਸੰਪੂਰਨ ਢੰਗ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ ਨੂੰ ਦੁਹਰਾਇਆ। ਲਾਈਫ (LiFE) ਦੇ ਮੰਤਰ ਅਰਥਾਤ, ਵਿਸ਼ਵ ਲਈ ਵਾਤਾਵਰਣ ਲਈ ਜੀਵਨ ਸ਼ੈਲੀ ਅਤੇ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਯਤਨਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਨੂੰ ਇੱਕ ਮੰਚ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਯਤਨਾਂ ਦੀ ਸਫ਼ਲਤਾ ਹੀ ਦੁਨੀਆ ਦੀ ਦਿਸ਼ਾ ਅਤੇ ਭਵਿੱਖ ਤੈਅ ਕਰੇਗੀ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਮਾਂ ਆ ਗਿਆ ਹੈ ਜਦੋਂ ਸਾਨੂੰ ਆਪਣੀਆਂ ਵਿਅਕਤੀਗਤ ਚੁਣੌਤੀਆਂ ਦੇ ਰੂਪ ਵਿੱਚ ਆਲਮੀ ਚੁਣੌਤੀਆਂ ਦਾ ਮੁੱਲਾਂਕਣ ਕਰਨ ਦੀ ਜ਼ਰੂਰਤ ਹੈ ਅਤੇ ਸਾਡੇ ਜੀਵਨ ਵਿੱਚ ਇੱਕ ਛੋਟਾ ਜਿਹਾ ਬਦਲਾਅ ਪੂਰੀ ਧਰਤੀ ਦੇ ਭਵਿੱਖ ਦੀ ਬੁਨਿਆਦ ਬਣ ਸਕਦਾ ਹੈ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, "ਮੈਨੂੰ ਯਕੀਨ ਹੈ ਕਿ ਭਾਰਤ ਦੀਆਂ ਕੋਸ਼ਿਸ਼ਾਂ ਅਤੇ ਪਰੰਪਰਾਵਾਂ ਇਸ ਦਿਸ਼ਾ ਵਿੱਚ ਸਮੁੱਚੀ ਮਨੁੱਖਤਾ ਦਾ ਮਾਰਗਦਰਸ਼ਨ ਕਰਨਗੀਆਂ ਅਤੇ ਇੱਕ ਬਿਹਤਰ ਵਿਸ਼ਵ ਦੇ ਸੁਪਨੇ ਨੂੰ ਤਾਕਤ ਪ੍ਰਦਾਨ ਕਰਨਗੀਆਂ।"
ਪਿਛੋਕੜ
ਕੂਨੋ ਨੈਸ਼ਨਲ ਪਾਰਕ ਵਿੱਚ ਪ੍ਰਧਾਨ ਮੰਤਰੀ ਦੁਆਰਾ ਜੰਗਲੀ ਚੀਤਿਆਂ ਨੂੰ ਛੱਡਣਾ ਭਾਰਤ ਦੇ ਜੰਗਲੀ ਜੀਵਨ ਅਤੇ ਇਸ ਦਾ ਮੁੜ ਵਸੇਬਾ ਕਰਨ ਅਤੇ ਵਿਵਿਧਤਾ ਲਿਆਉਣ ਦੇ ਯਤਨਾਂ ਦਾ ਹਿੱਸਾ ਹੈ। ਚੀਤੇ ਨੂੰ 1952 ਵਿੱਚ ਭਾਰਤ ਵਿੱਚੋਂ ਅਲੋਪ ਹੋਣ ਦਾ ਐਲਾਨ ਕੀਤਾ ਗਿਆ ਸੀ। ਜੋ ਚੀਤੇ ਛੱਡੇ ਜਾਣਗੇ, ਉਹ ਨਾਮੀਬੀਆ ਤੋਂ ਲਿਆਂਦੇ ਗਏ ਹਨ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਹਸਤਾਖ਼ਰ ਕੀਤੇ ਗਏ ਇੱਕ ਸਮਝੌਤੇ ਤਹਿਤ ਲਿਆਂਦੇ ਗਏ ਹਨ। ਭਾਰਤ ਵਿੱਚ ਚੀਤਿਆਂ ਨੂੰ ਲਿਆਉਣ ਦੀ ਸ਼ੁਰੂਆਤ 'ਪ੍ਰੋਜੈਕਟ ਚੀਤਾ' ਦੇ ਤਹਿਤ ਕੀਤੀ ਜਾ ਰਹੀ ਹੈ, ਜੋ ਦੁਨੀਆ ਦਾ ਪਹਿਲਾ ਅੰਤਰ-ਮਹਾਦੀਪੀ ਵਿਸ਼ਾਲ ਜੰਗਲੀ ਮਾਸਾਹਾਰੀ ਵਸੇਬਾ ਬਦਲੀ ਪ੍ਰੋਜੈਕਟ ਹੈ।
ਚੀਤੇ ਭਾਰਤ ਵਿੱਚ ਖੁੱਲੇ ਜੰਗਲ ਅਤੇ ਘਾਹ ਦੇ ਮੈਦਾਨਾਂ ਦੀ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਮਦਦ ਕਰਨਗੇ। ਇਹ ਜੈਵ ਵਿਵਿਧਤਾ ਨੂੰ ਸੁਰੱਖਿਅਤ ਰੱਖਣ ਅਤੇ ਜਲ ਸੁਰੱਖਿਆ, ਕਾਰਬਨ ਭੰਡਾਰਨ ਅਤੇ ਮਿੱਟੀ ਵਿੱਚ ਨਮੀ ਦੀ ਸੰਭਾਲ਼ ਜਿਹੀਆਂ ਈਕੋਸਿਸਟਮ ਸੇਵਾਵਾਂ ਨੂੰ ਵਧਾਉਣ ਵਿੱਚ ਮਦਦ ਕਰੇਗਾ, ਜਿਸ ਨਾਲ ਸਮਾਜ ਨੂੰ ਵੱਡੇ ਪੱਧਰ 'ਤੇ ਲਾਭ ਹੋਵੇਗਾ। ਵਾਤਾਵਰਣ ਸੁਰੱਖਿਆ ਅਤੇ ਜੰਗਲੀ ਜੀਵਾਂ ਦੀ ਸੰਭਾਲ਼ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੇ ਅਨੁਸਾਰ, ਇਹ ਯਤਨ ਵਾਤਾਵਰਣ-ਵਿਕਾਸ ਅਤੇ ਵਾਤਾਵਰਣ ਟੂਰਿਜ਼ਮ ਗਤੀਵਿਧੀਆਂ ਰਾਹੀਂ ਸਥਾਨਕ ਭਾਈਚਾਰੇ ਨੂੰ ਆਜੀਵਿਕਾ ਦੇ ਵਧੇਰੇ ਮੌਕੇ ਦੇਵੇਗਾ।
https://twitter.com/narendramodi/status/1571020042346831872
https://twitter.com/PMOIndia/status/1571020550017003523
https://twitter.com/PMOIndia/status/1571020696503062529
https://twitter.com/PMOIndia/status/1571021356833316864
https://twitter.com/PMOIndia/status/1571021715303727104
https://twitter.com/PMOIndia/status/1571022087858585602
https://twitter.com/PMOIndia/status/1571022090316419077
https://twitter.com/PMOIndia/status/1571022326053076992
https://twitter.com/PMOIndia/status/1571023030742323201
https://twitter.com/PMOIndia/status/1571024161782497280
https://twitter.com/PMOIndia/status/1571024164227788805
https://youtu.be/F627FwfsXaw
******
ਡੀਐੱਸ/ਟੀਐੱਸ
(रिलीज़ आईडी: 1860279)
आगंतुक पटल : 200
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam