ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ 'ਕੇਂਦਰ-ਰਾਜ ਵਿਗਿਆਨ ਸੰਮੇਲਨ' ਦਾ ਉਦਘਾਟਨ ਕੀਤਾ
"21ਵੀਂ ਸਦੀ ਦੇ ਭਾਰਤ ਦੇ ਵਿਕਾਸ ਵਿੱਚ ਵਿਗਿਆਨ ਇੱਕ ਅਜਿਹੀ ਊਰਜਾ ਹੈ, ਜਿਸ ਵਿੱਚ ਹਰ ਖੇਤਰ, ਹਰ ਰਾਜ ਦੇ ਵਿਕਾਸ ਨੂੰ ਤੇਜ਼ ਕਰਨ ਦੀ ਤਾਕਤ ਹੈ"
"ਅੱਜ ਜਦੋਂ ਭਾਰਤ ਚੌਥੀ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਕਰਨ ਵੱਲ ਵਧ ਰਿਹਾ ਹੈ, ਭਾਰਤ ਦੇ ਵਿਗਿਆਨ ਅਤੇ ਇਸ ਖੇਤਰ ਨਾਲ ਜੁੜੇ ਲੋਕਾਂ ਦੀ ਭੂਮਿਕਾ ਬਹੁਤ ਅਹਿਮ ਹੈ।"
"ਅੱਜ ਦਾ ਨਵਾਂ ਭਾਰਤ, ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦੇ ਨਾਲ-ਨਾਲ ਜੈ ਅਨੁਸੰਧਾਨ ਦੇ ਸੱਦੇ ਨਾਲ ਅੱਗੇ ਵਧ ਰਿਹਾ ਹੈ"
"ਵਿਗਿਆਨ ਹੱਲ ਦਾ, ਸਮਾਧਾਨ ਦਾ, ਇਵੌਲਿਊਸ਼ਨ ਅਤੇ ਇਨੋਵੇਸ਼ਨ ਦਾ ਅਧਾਰ ਹੈ"
"ਜਦੋਂ ਅਸੀਂ ਆਪਣੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ ਤਾਂ ਵਿਗਿਆਨ ਸਾਡੇ ਸਮਾਜ ਦਾ ਹਿੱਸਾ ਬਣ ਜਾਂਦਾ ਹੈ, ਇਹ ਸੱਭਿਆਚਾਰ ਦਾ ਹਿੱਸਾ ਬਣ ਜਾਂਦਾ ਹੈ"
"ਸਾਡੀ ਸਰਕਾਰ ਵਿਗਿਆਨ ਅਧਾਰਿਤ ਵਿਕਾਸ ਦੀ ਦੂਰ–ਦ੍ਰਿਸ਼ਟੀ ਨਾਲ ਕੰਮ ਕਰ ਰਹੀ ਹੈ"
"ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ, ਰਾਜ ਸਰਕਾਰਾਂ ਨੂੰ ਵੱਧ ਤੋਂ ਵੱਧ ਵਿਗਿਆਨਕ ਸੰਸਥਾਵਾਂ ਬਣਾਉਣ ਅਤੇ ਪ੍ਰਕਿਰਿਆਵਾਂ ਸਰਲ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ"
"ਸਰਕਾਰ ਹੋਣ ਦੇ ਨਾਤੇ, ਸਾਨੂੰ ਆਪਣੇ ਵਿਗਿਆਨੀਆਂ ਨਾਲ ਸਹਿਯੋਗ ਅਤੇ ਤਾਲਮੇਲ ਕਰਨਾ ਹੋਵੇਗਾ, ਇਸ ਨਾਲ ਵਿਗਿਆਨਕ ਆਧੁਨਿਕਤਾ ਦਾ ਮਾਹੌਲ ਬਣੇਗਾ
Posted On:
10 SEP 2022 11:57AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਹਿਮਦਾਬਾਦ ਵਿੱਚ ‘ਕੇਂਦਰ-ਰਾਜ ਵਿਗਿਆਨ ਸੰਮੇਲਨ’ ਦਾ ਉਦਘਾਟਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਸ ਕਾਨਫਰੰਸ ਦਾ ਆਯੋਜਨ ਕਰਨਾ ਸਬਕਾ ਪ੍ਰਯਾਸ ਦੀ ਪ੍ਰਤੱਖ ਉਦਾਹਰਣ ਹੈ। ਪ੍ਰਧਾਨ ਮੰਤਰੀ ਨੇ ਕਿਹਾ, “21ਵੀਂ ਸਦੀ ਦੇ ਭਾਰਤ ਦੇ ਵਿਕਾਸ ਵਿੱਚ ਵਿਗਿਆਨ ਉਸ ਊਰਜਾ ਵਾਂਗ ਹੈ, ਜਿਸ ਵਿੱਚ ਹਰ ਖੇਤਰ, ਹਰ ਰਾਜ ਦੇ ਵਿਕਾਸ ਨੂੰ ਤੇਜ਼ ਕਰਨ ਦੀ ਤਾਕਤ ਹੈ। ਇਸ ਵਿੱਚ ਭਾਰਤ ਦੇ ਵਿਗਿਆਨ ਅਤੇ ਇਸ ਖੇਤਰ ਨਾਲ ਜੁੜੇ ਲੋਕਾਂ ਦੀ ਭੂਮਿਕਾ ਬਹੁਤ ਅਹਿਮ ਹੈ, ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਤੇ ਨੀਤੀ ਨਿਰਮਾਣ ਵਿੱਚ ਲੋਕਾਂ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਗਿਆਨ ਸਮਾਧਾਨ ਦਾ, ਸਾਲਿਯੂਸ਼ਨ ਦਾ, ਇਵੌਲਿਊਸ਼ਨ ਦਾ ਅਤੇ ਇਨੋਵੇਸ਼ਨ ਦਾ ਅਧਾਰ ਹੈ। ਇਸੇ ਪ੍ਰੇਰਨਾ ਨਾਲ ਅੱਜ ਦਾ ਨਵਾਂ ਭਾਰਤ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ’ ਦੇ ਨਾਲ-ਨਾਲ ‘ਜੈ ਅਨੁਸੰਧਾਨ’ ਦੇ ਨਾਅਰੇ ਨਾਲ ਅੱਗੇ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਤਿਹਾਸ ਤੋਂ ਸਬਕ ਸਿੱਖ ਸਕਦੇ ਹਾਂ ਅਤੇ ਇਸ ਨਾਲ ਕੇਂਦਰ ਅਤੇ ਰਾਜਾਂ ਦੋਵਾਂ ਦੀ ਮਦਦ ਹੋਵੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਜੇ ਅਸੀਂ ਪਿਛਲੀ ਸਦੀ ਦੇ ਸ਼ੁਰੂਆਤੀ ਦਹਾਕਿਆਂ ਨੂੰ ਯਾਦ ਕਰੀਏ, ਤਾਂ ਅਸੀਂ ਦੇਖ ਸਕਦੇ ਹਾਂ ਕਿ ਦੁਨੀਆ ਕਿਵੇਂ ਤਬਾਹੀ ਅਤੇ ਤ੍ਰਾਸਦੀ ਦੇ ਦੌਰ ਵਿੱਚੋਂ ਲੰਘ ਰਹੀ ਸੀ। ਪਰ ਉਸ ਦੌਰ ਵਿੱਚ ਵੀ ਚਾਹੇ ਪੂਰਬ ਹੋਵੇ ਜਾਂ ਪੱਛਮ, ਹਰ ਪਾਸੇ ਵਿਗਿਆਨੀ ਆਪਣੀ ਮਹਾਨ ਖੋਜ ਵਿੱਚ ਲਗੇ ਹੋਏ ਸਨ। ਪੱਛਮ ਵਿੱਚ ਆਈਨਸਟਾਈਨ, ਫਰਮੀ, ਮੈਕਸ ਪਲੈਂਕ, ਨੀਲਜ਼ ਬੋਹਰ, ਟੇਸਲਾ ਜਿਹੇ ਵਿਗਿਆਨੀ ਆਪਣੇ ਪ੍ਰਯੋਗਾਂ ਨਾਲ ਦੁਨੀਆ ਨੂੰ ਹੈਰਾਨ ਕਰ ਰਹੇ ਸਨ। ਇਸ ਦੇ ਨਾਲ ਹੀ ਸੀਵੀ ਰਮਨ, ਜਗਦੀਸ਼ ਚੰਦਰ ਬੋਸ, ਸਤੇਂਦਰਨਾਥ ਬੋਸ, ਮੇਘਨਾਦ ਸਾਹਾ, ਐੱਸ ਚੰਦਰਸ਼ੇਖਰ ਸਮੇਤ ਕਈ ਵਿਗਿਆਨੀ ਆਪਣੀਆਂ ਨਵੀਆਂ ਖੋਜਾਂ ਨੂੰ ਸਾਹਮਣੇ ਲਿਆ ਰਹੇ ਸਨ। ਪ੍ਰਧਾਨ ਮੰਤਰੀ ਨੇ ਪੂਰਬ ਅਤੇ ਪੱਛਮ ਵਿੱਚ ਅੰਤਰ ਨੂੰ ਉਜਾਗਰ ਕੀਤਾ ਕਿਉਂਕਿ ਅਸੀਂ ਆਪਣੇ ਵਿਗਿਆਨੀਆਂ ਦੇ ਕੰਮ ਨੂੰ ਮਾਨਤਾ ਨਹੀਂ ਦੇ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ ਤਾਂ ਵਿਗਿਆਨ ਸਾਡੇ ਸਮਾਜ ਦਾ ਹਿੱਸਾ ਬਣ ਜਾਂਦਾ ਹੈ, ਸੱਭਿਆਚਾਰ ਦਾ ਹਿੱਸਾ ਬਣ ਜਾਂਦਾ ਹੈ। ਇਸ ਲਈ ਸ਼੍ਰੀ ਮੋਦੀ ਨੇ ਅੱਜ ਪਹਿਲੀ ਬੇਨਤੀ ਕੀਤੀ ਕਿ ਸਾਨੂੰ ਆਪਣੇ ਦੇਸ਼ ਦੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਵਿਗਿਆਨਕ ਉਸ ਨੂੰ ਮਨਾਉਣ ਲਈ ਦੇਸ਼ ਨੂੰ ਕਾਫੀ ਕਾਰਨ ਦੇ ਰਹੇ ਹਨ।" ਉਨ੍ਹਾਂ ਨੇ ਕੋਰੋਨਾ ਵੈਕਸੀਨ ਨੂੰ ਵਿਕਸਿਤ ਕਰਨ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਵੈਕਸੀਨ ਮੁਹਿੰਮ ਵਿੱਚ ਯੋਗਦਾਨ ਪਾਉਣ ਵਿੱਚ ਭਾਰਤੀ ਵਿਗਿਆਨੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸਾਡੀ ਸਰਕਾਰ ਵਿਗਿਆਨ ਅਧਾਰਿਤ ਵਿਕਾਸ ਦੀ ਦੂਰ–ਦ੍ਰਿਸ਼ਟੀ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “2014 ਤੋਂ, ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਨਿਵੇਸ਼ ਵਿੱਚ ਕਾਫੀ ਵਾਧਾ ਹੋਇਆ ਹੈ। ਸਰਕਾਰ ਦੇ ਯਤਨਾਂ ਸਦਕਾ ਅੱਜ ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 46ਵੇਂ ਸਥਾਨ 'ਤੇ ਹੈ, ਜਦਕਿ 2015 ਵਿੱਚ 81ਵੇਂ ਸਥਾਨ 'ਤੇ ਸੀ। ਉਨ੍ਹਾਂ ਦੇਸ਼ ਵਿੱਚ ਰਜਿਸਟਰਡ ਪੇਟੈਂਟਾਂ ਦੀ ਰਿਕਾਰਡ ਗਿਣਤੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਇਨੋਵੇਸ਼ਨ ਮਾਹੌਲ ਅਤੇ ਇੱਕ ਜੀਵੰਤ ਸਟਾਰਟਅੱਪ ਈਕੋਸਿਸਟਮ ਬਾਰੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ "ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਵੱਲ ਝੁਕਾਅ ਸਾਡੀ ਨੌਜਵਾਨ ਪੀੜ੍ਹੀ ਦੇ ਡੀਐਨਏ ਵਿੱਚ ਹੈ। ਸਾਨੂੰ ਇਸ ਨੌਜਵਾਨ ਪੀੜ੍ਹੀ ਨੂੰ ਆਪਣੀ ਪੂਰੀ ਤਾਕਤ ਨਾਲ ਸਮਰਥਨ ਕਰਨ ਦੀ ਲੋੜ ਹੈ।" ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੀ ਇਨੋਵੇਟਿਵ ਭਾਵਨਾ ਨੂੰ ਸਮਰਥਨ ਦੇਣ ਲਈ ਖੋਜ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਨਵੇਂ ਖੇਤਰਾਂ ਅਤੇ ਮਿਸ਼ਨਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਸਪੇਸ ਮਿਸ਼ਨ, ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ, ਸੈਮੀਕੰਡਕਟਰ ਮਿਸ਼ਨ, ਮਿਸ਼ਨ ਹਾਈਡ੍ਰੋਜਨ ਅਤੇ ਡਰੋਨ ਟੈਕਨੋਲੋਜੀ ਦੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ। ਇਸੇ ਤਰ੍ਹਾਂ, ਐੱਨ.ਈ.ਪੀ. ਮਾਤ ਭਾਸ਼ਾ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਸਿੱਖਿਆ ਪ੍ਰਦਾਨ ਕਰਕੇ ਇਸ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਾਨੂੰ ਇਸ ਅੰਮ੍ਰਿਤ ਕਾਲ ਵਿੱਚ ਭਾਰਤ ਨੂੰ ਖੋਜ ਅਤੇ ਇਨੋਵੇਸ਼ਨ ਦਾ ਵਿਸ਼ਵ ਕੇਂਦਰ ਬਣਾਉਣ ਲਈ ਕਈ ਮੋਰਚਿਆਂ 'ਤੇ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਵਿਗਿਆਨ ਅਤੇ ਟੈਕਨੋਲੋਜੀ ਨਾਲ ਸਬੰਧਿਤ ਸਾਡੀ ਖੋਜ ਨੂੰ ਸਥਾਨਕ ਪੱਧਰ ਤੱਕ ਲਿਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਜਾਂ ਨੂੰ ਆਪਣੀਆਂ ਸਥਾਨਕ ਜ਼ਰੂਰਤਾਂ ਅਨੁਸਾਰ ਖੋਜ ਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ, ਰਾਜ ਸਰਕਾਰਾਂ ਨੂੰ ਵੱਧ ਤੋਂ ਵੱਧ ਵਿਗਿਆਨਕ ਸੰਸਥਾਵਾਂ ਬਣਾਉਣ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾਂ ਵਿੱਚ ਉੱਚ ਸਿੱਖਿਆ ਦੇ ਅਦਾਰਿਆਂ ਵਿੱਚ ਵੀ ਇਨੋਵੇਸ਼ਨ ਲੈਬਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਹਰੇਕ ਰਾਜ ਨੂੰ ਵਿਗਿਆਨ, ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਸਬੰਧ ਵਿੱਚ ਇੱਕ ਆਧੁਨਿਕ ਨੀਤੀ ਬਣਾਉਣ ਲਈ ਵੀ ਕਿਹਾ। "ਸਰਕਾਰ ਹੋਣ ਦੇ ਨਾਤੇ, ਸਾਨੂੰ ਆਪਣੇ ਵਿਗਿਆਨੀਆਂ ਨਾਲ ਵਧੇਰੇ ਸਹਿਯੋਗ ਅਤੇ ਤਾਲਮੇਲ ਹੋਣਾ ਚਾਹੀਦਾ ਹੈ, ਇਸ ਨਾਲ ਵਿਗਿਆਨਕ ਆਧੁਨਿਕਤਾ ਦਾ ਮਾਹੌਲ ਪੈਦਾ ਹੋਵੇਗਾ।"
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਨੂੰ ਕਈ ਰਾਸ਼ਟਰੀ ਪੱਧਰ ਦੀਆਂ ਵਿਗਿਆਨਕ ਸੰਸਥਾਵਾਂ ਅਤੇ ਮੌਜੂਦਾ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਦੀ ਸਮਰੱਥਾ ਅਤੇ ਮੁਹਾਰਤ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਵਿਗਿਆਨਕ ਸੰਸਥਾਵਾਂ ਅਤੇ ਮੁਹਾਰਤ ਦੀ ਸਰਬੋਤਮ ਵਰਤੋਂ ਲਈ ਆਪਣੇ ਵਿਗਿਆਨ ਨਾਲ ਸਬੰਧਿਤ ਸੰਸਥਾਵਾਂ ਨੂੰ ਸਾਇਲੋਜ਼ ਤੋਂ ਬਾਹਰ ਕੱਢਣਾ ਹੋਵੇਗਾ। ਉਨ੍ਹਾਂ ਨੇ ਜ਼ਮੀਨੀ ਪੱਧਰ 'ਤੇ ਵਿਗਿਆਨ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮ ਆਯੋਜਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਰਾਜ ਦੇ ਵਿਗਿਆਨ ਮੰਤਰੀਆਂ ਨੂੰ ਉਨ੍ਹਾਂ ਦੇ ਵਿਗਿਆਨ ਪਾਠਕ੍ਰਮ ਦੇ ਚੰਗੇ ਅਭਿਆਸਾਂ ਅਤੇ ਪਹਿਲੂਆਂ ਨੂੰ ਸਾਂਝਾ ਕਰਨ ਦਾ ਸੁਝਾਅ ਦਿੱਤਾ।
ਸੰਬੋਧਨ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ 'ਕੇਂਦਰ-ਰਾਜ ਵਿਗਿਆਨ ਸੰਮੇਲਨ' ਦੇਸ਼ ਵਿੱਚ ਵਿਗਿਆਨ ਦੀ ਤਰੱਕੀ ਵੱਲ ਇੱਕ ਨਵਾਂ ਪਹਿਲੂ ਅਤੇ ਸੰਕਲਪ ਜੋੜੇਗਾ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਕੋਈ ਵੀ ਮੌਕਾ ਨਾ ਗੁਆਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਆਉਣ ਵਾਲੇ 25 ਸਾਲ ਭਾਰਤ ਲਈ ਸਭ ਤੋਂ ਮਹੱਤਵਪੂਰਨ ਸਾਲ ਹਨ, ਕਿਉਂਕਿ ਇਹ ਆਉਣ ਵਾਲੇ ਭਾਰਤ ਦੀ ਨਵੀਂ ਪਹਿਚਾਣ ਅਤੇ ਤਾਕਤ ਨੂੰ ਨਿਰਧਾਰਿਤ ਕਰਨਗੇ।" ਪ੍ਰਧਾਨ ਮੰਤਰੀ ਨੇ ਭਾਗੀਦਾਰਾਂ ਨੂੰ ਇਸ ਸੰਮੇਲਨ ਤੋਂ ਸਿੱਖੇ ਸਬਕ ਨੂੰ ਆਪਣੇ ਰਾਜਾਂ ਤੱਕ ਪਹੁੰਚਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਮੌਜੂਦ ਸਨ।
ਪਿਛੋਕੜ
ਇਹ ਸੰਮੇਲਨ ਦੇਸ਼ ਵਿੱਚ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਦੀ ਸੁਵਿਧਾ ਲਈ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਦੇ ਅਨੁਸਾਰ ਆਯੋਜਿਤ ਕੀਤੀ ਜਾ ਰਹੀ ਹੈ। ਇਹ ਆਪਣੀ ਕਿਸਮ ਦੀ ਪਹਿਲੀ ਕਾਨਫਰੰਸ ਹੈ। ਇਸ ਸੰਮੇਲਨ ਦਾ ਉਦੇਸ਼ ਸਹਿਕਾਰੀ ਸੰਘਵਾਦ ਦੀ ਭਾਵਨਾ ਨਾਲ ਕੇਂਦਰ ਅਤੇ ਰਾਜ ਵਿਚਕਾਰ ਤਾਲਮੇਲ ਅਤੇ ਸਹਿਯੋਗ ਵਿਧੀ ਨੂੰ ਮਜ਼ਬੂਤ ਕਰਨਾ ਅਤੇ ਦੇਸ਼ ਭਰ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਦੇ ਇੱਕ ਮਜ਼ਬੂਤ ਈਕੋਸਿਸਟਮ ਦਾ ਨਿਰਮਾਣ ਕਰਨਾ ਹੈ।
ਇਹ ਦੋ ਦਿਨਾ ਸੰਮੇਲਨ 10-11 ਸਤੰਬਰ, 2022 ਤੱਕ ਸਾਇੰਸ ਸਿਟੀ, ਅਹਿਮਦਾਬਾਦ ਵਿਖੇ ਆਯੋਜਿਤ ਕੀਤਾ ਰਿਹਾ ਹੈ। ਇਸ ਵਿੱਚ STI ਵਿਜ਼ਨ 2047; ਰਾਜਾਂ ਵਿੱਚ STIs ਲਈ ਭਵਿੱਖ ਦੇ ਵਿਕਾਸ ਦੇ ਰਾਹ ਅਤੇ ਦ੍ਰਿਸ਼ਟੀ; ਸਿਹਤ - ਸਾਰਿਆਂ ਲਈ ਡਿਜੀਟਲ ਸਿਹਤ ਦੇਖਭਾਲ਼; 2030 ਤੱਕ ਖੋਜ ਅਤੇ ਵਿਕਾਸ ਵਿੱਚ ਨਿਜੀ ਖੇਤਰ ਦੇ ਨਿਵੇਸ਼ ਨੂੰ ਦੁੱਗਣਾ ਕਰਨਾ; ਖੇਤੀਬਾੜੀ - ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਲਈ ਤਕਨੀਕੀ ਦਖਲਅੰਦਾਜ਼ੀ; ਪਾਣੀ - ਪੀਣ ਯੋਗ ਪੀਣ ਵਾਲੇ ਪਾਣੀ ਦੇ ਉਤਪਾਦਨ ਲਈ ਇਨੋਵੇਸ਼ਨਾਂ; ਊਰਜਾ - ਹਾਈਡ੍ਰੋਜਨ ਮਿਸ਼ਨ ਆਦਿ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਭੂਮਿਕਾ ਦੇ ਨਾਲ ਨਾਲ ਸਭ ਲਈ ਸਾਫ਼ ਊਰਜਾ; ਡੂੰਘੇ ਸਮੁੰਦਰ ਮਿਸ਼ਨ ਅਤੇ ਤਟਵਰਤੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਦੇਸ਼ ਦੀ ਭਵਿੱਖੀ ਅਰਥਵਿਵਸਥਾ ਲਈ ਇਸਦੀ ਪ੍ਰਸੰਗਿਕਤਾ ਵਰਗੇ ਵੱਖ-ਵੱਖ ਵਿਸ਼ਿਆਂ ਦੇ ਖੇਤਰਾਂ 'ਤੇ ਸੈਸ਼ਨ ਹੋਣਗੇ।
ਕਾਨਫਰੰਸ ਵਿੱਚ ਗੁਜਰਾਤ ਦੇ ਮੁੱਖ ਮੰਤਰੀ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ, ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰਾਂ, ਉਦਯੋਗ ਦੇ ਦਿੱਗਜਾਂ, ਉੱਦਮੀਆਂ, ਗ਼ੈਰ ਸਰਕਾਰੀ ਸੰਗਠਨਾਂ, ਨੌਜਵਾਨ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
************
ਡੀਐੱਸ/ਟੀਐੱਸ
(Release ID: 1858621)
Visitor Counter : 237
Read this release in:
Kannada
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam