ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿੱਤ ਮੰਤਰਾਲੇ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਆਈਕੋਨਿਕ ਹਫ਼ਤੇ ਦੇ ਜਸ਼ਨਾਂ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਸਰਕਾਰ ਦੀਆਂ ਕ੍ਰੈਡਿਟ ਲਿੰਕਡ ਸਕੀਮਾਂ ਲਈ ਰਾਸ਼ਟਰੀ ਪੋਰਟਲ - ਜਨ ਸਮਰਥ ਪੋਰਟਲ ਲਾਂਚ ਕੀਤਾ
“ਇਹ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਨਵੀਂ ਊਰਜਾ ਨਾਲ ਭਰਨ ਅਤੇ ਨਵੇਂ ਵਾਅਦਿਆਂ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਪਲ ਹੈ”
“ਵਧੀ ਹੋਈ ਜਨ ਭਾਗੀਦਾਰੀ ਨੇ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ ਅਤੇ ਸਭ ਤੋਂ ਗਰੀਬ ਲੋਕਾਂ ਨੂੰ ਸਸ਼ਕਤ ਕੀਤਾ ਹੈ”
“ਅਸੀਂ ਨਾਗਰਿਕਾਂ ਵਿੱਚ ਗਰੀਬੀ ਦੀ ਮਾਨਸਿਕਤਾ ਤੋਂ ਬਾਹਰ ਆਉਣ ਅਤੇ ਵੱਡੇ ਸੁਪਨੇ ਲੈਣ ਲਈ ਇੱਕ ਨਵਾਂ ਆਤਮ ਵਿਸ਼ਵਾਸ ਦੇਖ ਰਹੇ ਹਾਂ”
“21ਵੀਂ ਸਦੀ ਦਾ ਭਾਰਤ ਜਨ-ਕੇਂਦਰਿਤ ਸ਼ਾਸਨ ਦੇ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ" "ਜਦੋਂ ਅਸੀਂ ਸੁਧਾਰ, ਸਰਲੀਕਰਣ ਅਤੇ ਸਹਿਜਤਾ ਦੀ ਸ਼ਕਤੀ ਨਾਲ ਅੱਗੇ ਵਧਦੇ ਹਾਂ, ਤਾਂ ਅਸੀਂ ਸੁਵਿਧਾ ਦੇ ਇੱਕ ਨਵੇਂ ਪੱਧਰ ਨੂੰ ਪ੍ਰਾਪਤ ਕਰਦੇ ਹਾਂ"
"ਦੁਨੀਆ ਸਾਨੂੰ ਇੱਕ ਸਮਰੱਥ, ਗੇਮ ਚੇਂਜਰ, ਰਚਨਾਤਮਕ, ਇਨੋਵੇਟਿਵ ਈਕੋਸਿਸਟਮ ਦੇ ਰੂਪ ਵਿੱਚ ਉਮੀਦ ਅਤੇ ਵਿਸ਼ਵਾਸ ਨਾਲ ਦੇਖ ਰਹੀ ਹੈ"
"ਅਸੀਂ ਆਮ ਭਾਰਤੀ ਦੀ ਸਿਆਣਪ 'ਤੇ ਭਰੋਸਾ ਕੀਤਾ ਹੈ। ਅਸੀਂ ਜਨਤਾ ਨੂੰ ਵਿਕਾਸ ਵਿੱਚ ਬੁੱਧੀਮਾਨ ਭਾਗੀਦਾਰ ਵਜੋਂ ਉਤਸ਼ਾਹਿਤ ਕੀਤਾ"
Posted On:
06 JUN 2022 12:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿੱਤ ਮੰਤਰਾਲੇ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਆਈਕੋਨਿਕ ਹਫ਼ਤੇ ਦੇ ਜਸ਼ਨਾਂ ਦਾ ਉਦਘਾਟਨ ਕੀਤਾ। ਇਹ ਹਫ਼ਤਾ 6 ਤੋਂ 11 ਜੂਨ 2022 ਤੱਕ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (ਏਕੇਏਐੱਮ) ਦੇ ਹਿੱਸੇ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕ੍ਰੈਡਿਟ ਲਿੰਕਡ ਸਰਕਾਰੀ ਸਕੀਮਾਂ ਲਈ ਰਾਸ਼ਟਰੀ ਪੋਰਟਲ - ਜਨ ਸਮਰਥ ਪੋਰਟਲ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ ਜੋ ਪਿਛਲੇ ਅੱਠ ਵਰ੍ਹਿਆਂ ਵਿੱਚ ਦੋਵਾਂ ਮੰਤਰਾਲਿਆਂ ਦੀ ਯਾਤਰਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਸਿੱਕਿਆਂ ਦੀ ਵਿਸ਼ੇਸ਼ ਲੜੀ ਵੀ ਜਾਰੀ ਕੀਤੀ। ਸਿੱਕਿਆਂ ਦੀ ਇਹ ਵਿਸ਼ੇਸ਼ ਲੜੀ ਏਕੇਏਐੱਮ ਦੇ ਲੋਗੋ ਦੇ ਥੀਮ ਵਾਲੀ ਹੋਵੇਗੀ ਅਤੇ ਦ੍ਰਿਸ਼ਟੀਹੀਣ ਵਿਅਕਤੀ ਵੀ ਇਨ੍ਹਾਂ ਸਿੱਕਿਆਂ ਦੀ ਅਸਾਨੀ ਨਾਲ ਪਹਿਚਾਣ ਕਰ ਸਕਣਗੇ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਆਜ਼ਾਦੀ ਦੇ ਲੰਬੇ ਸੰਘਰਸ਼ ਵਿੱਚ ਹਿੱਸਾ ਲਿਆ, ਇਸ ਅੰਦੋਲਨ ਵਿੱਚ ਇੱਕ ਵੱਖਰਾ ਪਹਿਲੂ ਜੋੜਿਆ ਅਤੇ ਇਸ ਦੀ ਊਰਜਾ ਵਿੱਚ ਵਾਧਾ ਕੀਤਾ। ਕਿਸੇ ਨੇ ਸੱਤਿਆਗ੍ਰਹਿ ਦਾ ਰਾਹ ਅਪਣਾਇਆ, ਕਿਸੇ ਨੇ ਹਥਿਆਰਾਂ ਦਾ ਰਸਤਾ ਚੁਣਿਆ, ਕਿਸੇ ਨੇ ਆਸਥਾ ਅਤੇ ਅਧਿਆਤਮਿਕਤਾ ਅਤੇ ਕੁਝ ਨੇ ਅਜ਼ਾਦੀ ਦੀ ਲਾਟ ਨੂੰ ਬਲਦੀ ਰੱਖਣ ਲਈ ਬੌਧਿਕ ਤੌਰ 'ਤੇ ਮਦਦ ਕੀਤੀ, ਅੱਜ ਉਹ ਦਿਨ ਹੈ ਜਦੋਂ ਅਸੀਂ ਉਨ੍ਹਾਂ ਸਾਰਿਆਂ ਨੂੰ ਸਵੀਕਾਰ ਕਰਦੇ ਹਾਂ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਅੱਜ ਜਦੋਂ ਅਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਹਰੇਕ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਪੱਧਰ 'ਤੇ ਰਾਸ਼ਟਰ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਹ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਨਵੀਂ ਊਰਜਾ ਨਾਲ ਭਰਨ ਅਤੇ ਆਪਣੇ ਆਪ ਨੂੰ ਨਵੇਂ ਵਾਅਦਿਆਂ ਲਈ ਸਮਰਪਿਤ ਕਰਨ ਦਾ ਪਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਅੱਠ ਵਰ੍ਹਿਆਂ ਵਿੱਚ ਵਿਭਿੰਨ ਪਹਿਲੂਆਂ 'ਤੇ ਵੀ ਕੰਮ ਕੀਤਾ ਹੈ। ਇਸ ਸਮੇਂ ਦੌਰਾਨ ਦੇਸ਼ ਵਿੱਚ ਵਧੀ ਜਨ ਭਾਗੀਦਾਰੀ ਨੇ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ ਅਤੇ ਦੇਸ਼ ਦੇ ਸਭ ਤੋਂ ਗਰੀਬ ਨਾਗਰਿਕਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਵੱਛ ਭਾਰਤ ਅਭਿਆਨ ਨੇ ਗਰੀਬਾਂ ਨੂੰ ਇੱਜ਼ਤ ਨਾਲ ਜਿਉਣ ਦਾ ਮੌਕਾ ਦਿੱਤਾ ਹੈ। ਪੱਕੇ ਮਕਾਨ, ਬਿਜਲੀ, ਗੈਸ, ਪਾਣੀ ਅਤੇ ਮੁਫ਼ਤ ਇਲਾਜ ਜਿਹੀਆਂ ਸੁਵਿਧਾਵਾਂ ਨੇ ਗਰੀਬਾਂ ਦਾ ਮਾਣ ਵਧਾਇਆ ਅਤੇ ਸੁਵਿਧਾਵਾਂ ਨੂੰ ਬਿਹਤਰ ਕੀਤਾ। ਕੋਰੋਨਾ ਦੇ ਦੌਰ ਦੌਰਾਨ ਮੁਫ਼ਤ ਰਾਸ਼ਨ ਦੀ ਯੋਜਨਾ ਨੇ 80 ਕਰੋੜ ਤੋਂ ਵੱਧ ਦੇਸ਼ ਵਾਸੀਆਂ ਨੂੰ ਭੁੱਖਮਰੀ ਦੇ ਡਰ ਤੋਂ ਮੁਕਤ ਕੀਤਾ। ਉਨ੍ਹਾਂ ਕਿਹਾ, “ਅਸੀਂ ਨਾਗਰਿਕਾਂ ਵਿੱਚ ਕਮੀ ਦੀ ਮਾਨਸਿਕਤਾ ਤੋਂ ਬਾਹਰ ਆਉਣ ਅਤੇ ਵੱਡੇ ਸੁਪਨੇ ਲੈਣ ਲਈ ਇੱਕ ਨਵਾਂ ਆਤਮ ਵਿਸ਼ਵਾਸ ਦੇਖ ਰਹੇ ਹਾਂ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਅਤੀਤ ਵਿੱਚ ਸਰਕਾਰ-ਕੇਂਦ੍ਰਿਤ ਸ਼ਾਸਨ ਦੀ ਮਾਰ ਝੱਲੀ ਹੈ। ਪਰ ਅੱਜ 21ਵੀਂ ਸਦੀ ਦਾ ਭਾਰਤ ਲੋਕ-ਕੇਂਦ੍ਰਿਤ ਸ਼ਾਸਨ ਦੀ ਪਹੁੰਚ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਸਕੀਮਾਂ ਦਾ ਲਾਭ ਲੈਣ ਲਈ ਸਰਕਾਰ ਤੱਕ ਜਾਣ। ਹੁਣ ਪ੍ਰਸ਼ਾਸਨ ਨੂੰ ਲੋਕਾਂ ਤੱਕ ਲੈ ਕੇ ਜਾਣ ਅਤੇ ਵਿਭਿੰਨ ਮੰਤਰਾਲਿਆਂ ਅਤੇ ਵੈੱਬਸਾਈਟਾਂ ਦੇ ਚੱਕਰ ਲਗਾਉਣ ਦੇ ਚੱਕਰਾਂ ਤੋਂ ਉਨ੍ਹਾਂ ਨੂੰ ਮੁਕਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕ੍ਰੈਡਿਟ ਲਿੰਕਡ ਸਰਕਾਰੀ ਸਕੀਮਾਂ ਲਈ ਰਾਸ਼ਟਰੀ ਪੋਰਟਲ - ਜਨ ਸਮਰਥ ਪੋਰਟਲ ਦੀ ਸ਼ੁਰੂਆਤ, ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਹ ਪੋਰਟਲ ਵਿਦਿਆਰਥੀਆਂ, ਕਿਸਾਨਾਂ, ਕਾਰੋਬਾਰੀਆਂ, ਸੂਖਮ, ਲਘੂ ਅਤੇ ਦਰਮਿਆਨੇ ਉੱਦਮੀਆਂ (ਐੱਮਐੱਸਐੱਮਈ) ਦੇ ਜੀਵਨ ਵਿੱਚ ਸੁਧਾਰ ਕਰੇਗਾ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਸੁਧਾਰ, ਜੇਕਰ ਇਸਦੇ ਉਦੇਸ਼ ਅਤੇ ਲਕਸ਼ ਸਪੱਸ਼ਟ ਹਨ ਅਤੇ ਇਸਦੇ ਲਾਗੂ ਕਰਨ ਵਿੱਚ ਗੰਭੀਰਤਾ ਹੈ ਤਾਂ ਚੰਗੇ ਨਤੀਜੇ ਯਕੀਨੀ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਪਿਛਲੇ ਅੱਠ ਵਰ੍ਹਿਆਂ ਵਿੱਚ ਦੇਸ਼ ਵਿੱਚ ਕੀਤੇ ਗਏ ਸੁਧਾਰਾਂ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਇਹ ਉਨ੍ਹਾਂ ਨੂੰ ਆਪਣੀ ਸਮਰੱਥਾ ਦਿਖਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਅੱਗੇ ਕਿਹਾ “ਸਾਡੇ ਨੌਜਵਾਨ ਆਪਣੀ ਪਸੰਦ ਦੀ ਕੰਪਨੀ ਅਸਾਨੀ ਨਾਲ ਖੋਲ੍ਹ ਸਕਦੇ ਹਨ, ਉਹ ਅਸਾਨੀ ਨਾਲ ਆਪਣੇ ਉਦਯੋਗ ਸ਼ੁਰੂ ਕਰ ਸਕਦੇ ਹਨ, ਅਤੇ ਉਹ ਇਨ੍ਹਾਂ ਨੂੰ ਅਸਾਨੀ ਨਾਲ ਚਲਾ ਸਕਦੇ ਹਨ। ਇਸ ਲਈ 30 ਹਜ਼ਾਰ ਤੋਂ ਵੱਧ ਅਨੁਪਾਲਣਾ ਨੂੰ ਘਟਾ ਕੇ, 1500 ਤੋਂ ਵੱਧ ਕਾਨੂੰਨਾਂ ਨੂੰ ਖ਼ਤਮ ਕਰਕੇ, ਅਤੇ ਕੰਪਨੀ’ਸ ਐਕਟ ਦੇ ਕਈ ਉਪਬੰਧਾਂ ਨੂੰ ਗੈਰ-ਅਪਰਾਧੀ ਬਣਾ ਕੇ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਭਾਰਤੀ ਕੰਪਨੀਆਂ ਨਾ ਸਿਰਫ਼ ਅੱਗੇ ਵਧਣ, ਬਲਕਿ ਨਵੀਆਂ ਉਚਾਈਆਂ ਨੂੰ ਵੀ ਹਾਸਲ ਕਰਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰਾਂ ਵਿੱਚ ਸਰਕਾਰ ਸਰਲੀਕਰਣ 'ਤੇ ਫੋਕਸਡ ਹੈ। ਜੀਐੱਸਟੀ ਨੇ ਕੇਂਦਰ ਅਤੇ ਰਾਜ ਦੇ ਕਈ ਟੈਕਸਾਂ ਦੀ ਥਾਂ ਲੈ ਲਈ ਹੈ। ਇਸ ਸਰਲੀਕਰਣ ਦਾ ਨਤੀਜਾ ਵੀ ਦੇਸ਼ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਮਹੀਨੇ ਜੀਐੱਸਟੀ ਦਾ ਇੱਕ ਲੱਖ ਕਰੋੜ ਰੁਪਏ ਦਾ ਉਗਰਾਹੀ ਹੋਣਾ ਆਮ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੈੱਮ ਪੋਰਟਲ (GeM portal) ਨੇ ਸਰਕਾਰ ਵਿੱਚ ਖਰੀਦ ਲਈ ਨਵੀਂ ਅਸਾਨੀ ਲਿਆਂਦੀ ਹੈ ਅਤੇ ਸਰਕਾਰ ਨੂੰ ਉਤਪਾਦ ਵੇਚੇ ਜਾਣਾ ਬਹੁਤ ਆਸਾਨ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੋਰਟਲ ਲਈ ਖਰੀਦ ਦਾ ਅੰਕੜਾ 1 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਨੇ ਉਨ੍ਹਾਂ ਪੋਰਟਲਾਂ ਬਾਰੇ ਵੀ ਗੱਲ ਕੀਤੀ ਜੋ ਵਪਾਰ ਕਰਨ ਵਿੱਚ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਲਿਆ ਰਹੇ ਹਨ। ਉਨ੍ਹਾਂ ਨਿਵੇਸ਼ ਦੇ ਮੌਕਿਆਂ ਬਾਰੇ ਜਾਣਕਾਰੀ ਲਈ ਇਨਵੈਸਟ ਇੰਡੀਆ ਪੋਰਟਲ, ਬਿਜ਼ਨਸ ਫੌਰਮੈਲਿਟੀਸ ਲਈ ਸਿੰਗਲ ਵਿੰਡੋ ਕਲੀਅਰੈਂਸ ਪੋਰਟਲ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਲੜੀ ਵਿੱਚ ਇਹ ਜਨ ਸਮਰਥ ਪੋਰਟਲ ਦੇਸ਼ ਦੇ ਨੌਜਵਾਨਾਂ ਅਤੇ ਸਟਾਰਟਅੱਪ ਈਕੋਸਿਸਟਮ ਦੀ ਮਦਦ ਕਰਨ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ “ਅੱਜ ਜਦੋਂ ਅਸੀਂ ਸੁਧਾਰ, ਸਰਲਤਾ ਅਤੇ ਅਸਾਨੀ ਦੀ ਸ਼ਕਤੀ ਨਾਲ ਅੱਗੇ ਵਧਦੇ ਹਾਂ, ਅਸੀਂ ਸੁਵਿਧਾ ਦੇ ਇੱਕ ਨਵੇਂ ਪੱਧਰ ਨੂੰ ਪ੍ਰਾਪਤ ਕਰਦੇ ਹਾਂ … ਅਸੀਂ ਪਿਛਲੇ 8 ਵਰ੍ਹਿਆਂ ਵਿੱਚ ਦਿਖਾਇਆ ਹੈ ਕਿ ਜੇਕਰ ਭਾਰਤ ਸਮੂਹਿਕ ਤੌਰ 'ਤੇ ਕੁਝ ਕਰਨ ਦਾ ਫੈਸਲਾ ਕਰਦਾ ਹੈ ਤਾਂ ਭਾਰਤ ਦੁਨੀਆ ਲਈ ਇੱਕ ਨਵੀਂ ਉਮੀਦ ਬਣ ਜਾਂਦਾ ਹੈ। ਅੱਜ ਦੁਨੀਆ ਸਾਨੂੰ ਨਾ ਸਿਰਫ਼ ਇੱਕ ਵੱਡੇ ਖਪਤਕਾਰ ਬਜ਼ਾਰ ਵਜੋਂ ਦੇਖ ਰਹੀ ਹੈ, ਬਲਕਿ ਇੱਕ ਸਮਰੱਥ, ਗੇਮ ਚੇਂਜਰ, ਸਿਰਜਣਾਤਮਕ, ਇਨੋਵੇਟਿਵ ਈਕੋਸਿਸਟਮ ਦੇ ਰੂਪ ਵਿੱਚ ਸਾਨੂੰ ਉਮੀਦ ਅਤੇ ਵਿਸ਼ਵਾਸ ਨਾਲ ਦੇਖ ਰਹੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦਾ ਇੱਕ ਵੱਡਾ ਹਿੱਸਾ ਭਾਰਤ ਤੋਂ ਸਮੱਸਿਆਵਾਂ ਦੇ ਸਮਾਧਾਨ ਦੀ ਉਮੀਦ ਕਰਦਾ ਹੈ। ਇਹ ਇਸ ਲਈ ਸੰਭਵ ਹੈ ਕਿਉਂਕਿ ਪਿਛਲੇ 8 ਵਰ੍ਹਿਆਂ ਵਿੱਚ ਅਸੀਂ ਆਮ ਭਾਰਤੀ ਦੀ ਬੁੱਧੀਮਤਾ 'ਤੇ ਭਰੋਸਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਯੂਪੀਆਈ (UPI) ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ ਕਿਹਾ “ਅਸੀਂ ਜਨਤਾ ਨੂੰ ਵਿਕਾਸ ਵਿੱਚ ਬੁੱਧੀਮਾਨ ਭਾਗੀਦਾਰਾਂ ਵਜੋਂ ਉਤਸ਼ਾਹਿਤ ਕੀਤਾ। ਅਸੀਂ ਹਮੇਸ਼ਾ ਦੇਖਿਆ ਹੈ ਕਿ ਸੁਸ਼ਾਸਨ ਲਈ ਜੋ ਵੀ ਟੈਕਨੋਲੋਜੀ ਲਗਾਈ ਜਾਂਦੀ ਹੈ, ਉਹ ਨਾ ਸਿਰਫ਼ ਲੋਕਾਂ ਦੁਆਰਾ ਅਪਣਾਈ ਜਾਂਦੀ ਹੈ, ਬਲਕਿ ਉਨ੍ਹਾਂ ਦੁਆਰਾ ਪ੍ਰਸ਼ੰਸਾ ਵੀ ਕੀਤੀ ਜਾਂਦੀ ਹੈ।”
***********
ਡੀਐੱਸ/ਏਕੇ
(Release ID: 1831570)
Visitor Counter : 181
Read this release in:
Malayalam
,
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada